You are here

ਪੰਜਾਬ

ਮੈਡੀਕਲ ਲੈਬਾਰਟਰੀਆਂ ਰੋਜ਼ਾਨਾ ਸਵੇਰੇ 5 ਤੋਂ ਸਵੇਰੇ 8 ਵਜੇ ਤੱਕ ਖੋਲਣ ਦੀ ਆਗਿਆ

ਕਪੂਰਥਲਾ ,ਅਪ੍ਰੈਲ  2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਲਗਾਏ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕਰਦਿਆਂ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਮੈਡੀਕਲ ਲੈਬਾਰਟਰੀਆਂ ਰੋਜ਼ਾਨਾ ਸਵੇਰੇ 5 ਤੋਂ ਸਵੇਰੇ 8 ਵਜੇ (3 ਘੰਟੇ) ਤੱਕ ਖੁੱਲੇ ਰੱਖਣ ਦੀ ਆਗਿਆ ਦਿੱਤੀ ਹੈ। ਲੈਬਾਰਟਰੀ ਮਾਲਕ ਕਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਭਾਰਤ ਸਰਕਾਰ/ਪੰਜਾਬ ਸਰਕਾਰ/ਵੱਖ-ਵੱਖ ਸਿਹਤ ਅਥਾਰਟੀਆਂ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਕੋਵਿਡ-19 ਦੀ ਰੋਕਥਾਮ ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਦੀ ਪਾਲਣਾ ਕੀਤੇ ਜਾਣ ਨੂੰ ਯਕੀਨੀ ਬਣਾਉਣਗੇ। ਲੈਬਾਰਟਰੀ ਮਾਲਕ ਆਪਣੀ ਲੈਬਾਰਟਰੀ ਨੂੰ ਸਾਫ਼-ਸੁਥਰਾ ਰੱਖਣਗੇ, ਲੈਬਾਰਟਰੀ ਮਾਲਕ ਅਤੇ ਲੈਬਾਰਟਰੀ ਸਟਾਫ ਨੂੰ ਫੇਸ ਮਾਸਕ, ਹੱਥ ਦਸਤਾਨੇ ਪਹਿਨਣੇ ਜ਼ਰੂਰੀ ਹੋਣਗੇ ਅਤੇ ਸਮੇਂ-ਸਮੇਂ ’ਤੇ ਲੈਬਾਰਟਰੀ ਨੂੰ ਸੈਨੀਟਾਈਜ਼ ਕਰਨਗੇ। ਲੈਬਾਰਟਰੀ ਵਿਚ ਆਉਣ ਵਾਲੇ ਗਾਹਕ ਨੂੰ ਲੈਬਾਰਟਰੀ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਸ ਦੇ ਹੱਥ ਨੂੰ ਹੈਂਡ ਸੈਨੀਟਾਈਜ਼ਰ ਨਾਲ ਸੈਨੀਟਾਈਜ਼ ਕਰਨਗੇ। ਸਮਾਜਿਕ ਦੂਰੀ (ਘੱਟੋ-ਘੱਟ 2 ਮੀਟਰ) ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ ਅਤੇ ਲੈਬਾਰਟਰੀ ਦੇ ਅੰਦਰ ਤੇ ਬਾਹਰ ਲਾਈਨ ਲਗਾਉਣ ਲਈ 2 ਮੀਟਰ ਦੇ ਫ਼ਾਸਲੇ ਨਾਲ ਘੇਰਾ ਲਗਾਉਣ ਨੂੰ ਯਕੀਨੀ ਬਣਾਉਣਗੇ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਰਾਈਸ ਸ਼ੈਲਰ ਪਹਿਲਾਂ ਵਾਂਗ ਖੁੱਲੇ ਰੱਖਣ ਦੇ ਆਦੇਸ਼ 

ਕਪੂਰਥਲਾ , ਅਪ੍ਰੈਲ  2020-(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਲਗਾਏ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕਰਦਿਆਂ ਰਾਈਸ ਸ਼ੈਲਰ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਰਾਈਸ ਸ਼ੈਲਰ ਪਹਿਲਾਂ ਵਾਂਗ ਖੁੱਲੇ ਰੱਖਣਗੇ। ਕਰਫਿੳੂ ਦੌਰਾਨ ਰਾਈਸ ਸ਼ੈਲਰ ’ਤੇ ਆਉਣ-ਜਾਣ ਲਈ ਹਰੇਕ ਰਾਈਸ ਸ਼ੈਲਰ ਮਾਲਕ ਆਪਣਾ ਅਤੇ ਆਪਣੇ ਮੁਨਸ਼ੀ ਦਾ ਮੂਵਮੈਂਟ ਜਾ ਕਰਫਿੳੂ ਪਾਸ ਆਨਲਾਈਨ ਲਿੰਕ  https://epasscovid19.pais.net.in/  ਤੋਂ ਬਣਵਾ ਸਕਦੇ ਹਨ। ਰਾਈਸ ਸ਼ੈਲਰ ਦੀ ਲੇਬਰ ਸ਼ੈਲਰ ਵਿਚ ਹੀ ਰਹੇਗੀ ਅਤੇ ਰਾਈਸ ਸ਼ੈਲਰ ਦੇ ਮਾਲਕ ਦੀ ਇਹ ਜਿੰਮੇਵਾਰੀ ਹੋਵੇਗੀ ਕਿ ਲੇਬਰ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕਰੇ। ਲੇਰ ਦੀ ਰਿਹਾਇਸ਼ ਦੇ ਪ੍ਰਬੰਧ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਰੋਕਥਾਮ ਲਈ ਭਾਰਤ ਸਰਕਾਰ/ਪੰਜਾਬ ਸਰਕਾਰ/ਜ਼ਿਲਾ ਪ੍ਰਸ਼ਾਸਨ ਅਤੇ ਵੱਖ-ਵੱਖ ਸਿਹਤ ਅਥਾਰਟੀਆਂ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਉਹ ਸਾਫ਼-ਸਫ਼ਾਈ ਤੇ ਸਮਾਜਿਕ ਦੂਰੀ (ਘੱਟੋ-ਘੱਟ 2 ਮੀਟਰ) ਦੀ ਪਾਲਣਾ ਯਕੀਨੀ ਬਣਾਉਣਗੇ। 

ਫੋਟੋ :

-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਹੁਣ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਉਣ ’ਚ ‘ਕੋਵਾ ਪੰਜਾਬ’ ਐਪ ਬਣੇਗੀ ਮਦਦਗਾਰ

ਐਪ ਰਾਹੀਂ ਕਰਫਿਊ ਦੌਰਾਨ ਡਾਕਟਰ ਤੋਂ ਵੀ ਲਈ ਜਾ ਸਕੇਗੀ ਸਲਾਹ

ਪੰਜਾਬ ਸਰਕਾਰ ਨੇ ‘ਕੋਵਾ ਪੰਜਾਬ’ ਐਪ ਦਾ ਕੀਤਾ ਵਿਸਥਾਰ 

ਕਪੂਰਥਲਾ ,ਅਪ੍ਰੈਲ 2020-(ਹਰਜੀਤ ਸਿੰਘ ਵਿਰਕ)-

  ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਣਕਾਰੀ ਦੇਣ ਲਈ ਸ਼ੁਰੂ ਕੀਤੀ ਗਈ ਐਂਡਰਾਇਡ ਅਤੇ ਆਈ ਫ਼ੋਨ ਮੋਬਾਇਲਾਂ ’ਤੇ ਡਾਊਨਲੋਡ ਹੋ ਸਕਣ ਵਾਲੀ ‘ਕੋਵਾ ਪੰਜਾਬ’ ਐਪ ਹੁਣ ਕਰਫ਼ਿਊ ਦੌਰਾਨ ਘਰਾਂ ’ਚ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਅਤੇ ਡਾਕਟਰੀ ਸਲਾਹ ਵੀ ਮੁੱਹਈਆ ਕਰਵਾਏਗੀ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ  ਕਿ ਪੰਜਾਬ ਸਰਕਾਰ ਵਲੋ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ  ‘ਕੋਵਾ ਪੰਜਾਬ’  ਐਪ ਦਾ ਵਿਸਥਾਰ ਕਰਦਿਆਂ ਇਸ ਵਿਚ ਇਕ ਨਵਾਂ ਮੋਡਿਊਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਸਾਰੇ ਦੁਕਾਨਦਾਰ ਅਤੇ ਜ਼ਿਲਾ ਪ੍ਰਸ਼ਾਸਨ ਆਪਣੇ ਨਾਲ ਸਬੰਧਿਤ ਕੰਮ ਲਈ ਵਰਤ ਸਕਦੇ ਹਨ। ਉਨਾਂ ਦੱਸਿਆਂ ਕਿ ਇਸ ਮੋਡਿਊਲ ਨੂੰ ਵਰਤਣ ਲਈ ‘ਕੋਵਾ ਪੰਜਾਬ’ ਐਪ ਡਾਊਨਲੋਡ ਕਰਨੀ ਲਾਜ਼ਮੀ ਹੋਵੇਗੀ। ਉਨਾਂ ਅੱਗੇ ਦੱਸਿਆ ਕਿ ਕੋਈ ਵੀ ਦੁਕਾਨਦਾਰ ਵਸਤੂ ਐਮ.ਆਰ.ਪੀ ਤੋਂ ਵੱਧ ਨਹੀਂ ਵੇਚੇਗਾ।

ਉਨਾਂ ਦੱਸਿਆਂ ਕਿ ਇਹ ਐਪ ਕੇਵਲ ਉਨਾਂ ਦੁਕਾਨਦਾਰਾਂ ਦੀ ਲੋਕੇਸ਼ਨ ਦੱਸੇਗੀ, ਜਿਨਾਂ ਨੇ ਇਸ ਐਪ ਰਾਹੀਂ ਰਜਿਸਟਰੇਸ਼ਨ ਕਰਵਾਈ ਹੋਵੇਗੀ ਅਤੇ ਉਨਾਂ ਦੁਕਾਨਦਾਰਾਂ ਨੂੰ ਹੀ ਸਾਮਾਨ ਵੇਚਣ ਦੀ  ਮਨਜ਼ੂਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਉਪਭੋਗਤਾ ਇਸ ਐਪ ਦੀ ਵਰਤੋਂ ਨਾਲ  ਨੇੜੇ  ਦੇ ਦੁਕਾਨਦਾਰ ਪਾਸ  ਜ਼ਰੂਰੀ ਵਸਤਾਂ ਲਈ ਆਰਡਰ ਦੇ ਸਕਦਾ ਹੈ ਅਤੇ ਰੋਜ਼ਾਨਾ ਵਰਤੋਂ ਦਾ ਸਾਮਾਨ ਉਸਦੇ ਘਰ ਪਹੁੰਚਦਾ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਸਾਮਾਨ ਦਾ ਬਿੱਲ ਅਦਾ ਕੀਤਾ ਜਾਵੇਗਾ ਅਤੇ ਇਹ  ਐਪ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ਵਿਚੋਂ ਮੁਫ਼ਤ ਡਾਊਨਲੋਡ ਕੀਤੀ ਜਾ ਸਕਦੀ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਾ ਪੰਜਾਬ ਐਪ ਵਿਚ ਇਕ ਹੋਰ ਸੁਵਿਧਾ ‘ਡਾਕਟਰ ਨਾਲ ਜੁੜੋ’ (ਕੁਨੈਕਟ ਟੂ ਡਾਕਟਰ) ਸ਼ਾਮਿਲ ਕੀਤੀ ਗਈ ਹੈ। ਇਸ ਦੇ ਨਾਲ ਹੀ ਸਪੈਸ਼ਲ ਪੰਜਾਬ ਟੈਲੀ-ਕੰਸਲਟੇਸ਼ਨ ਹੈਲਪਲਾਈਨ ਨੰਬਰ 1800-180-4104 ਵੀ ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕਰਫ਼ਿਊ ਦੌਰਾਨ ਘਰ ਬੈਠੈ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਸਿਹਤ ਸਮੱਸਿਆ ਦੇ ਹੱਲ ਲਈ ਕੋਵਾ ਪੰਜਾਬ ਐਪ ਵਿਚ ‘ਡਾਕਟਰ ਨਾਲ ਜੁੜੋ’ ਐਪ ਅਤੇ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਨਾਲ ਲੋਕ ਦੇਸ਼ ਭਰ ਦੇ ਕਰੀਬ 1800 ਸੀਨੀਅਰ ਡਾਕਟਰਾਂ ਤੋਂ ਕਰਫ਼ਿਊ ਦੌਰਾਨ ਕੋਵਿਡ-19 ਅਤੇ ਹੋਰ ਸਬੰਧਤ ਬਿਮਾਰੀਆਂ ਤੋਂ ਬਚਾਅ ਸਬੰਧੀ ਸਲਾਹ ਲੈ ਸਕਣਗੇ। ਇਸ ਤੋਂ ਇਲਾਵਾ ਇਸ ਐਪ ’ਤੇ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕਤਾ, ਕਰਫ਼ਿਊ ਪਾਸ ਬਣਾਉਣ ਅਤੇ ਵਲੰਟੀਅਰ ਬਣਨ ਆਦਿ ਦੀ ਜਾਣਕਾਰੀ ਵੀ ਉਪਲਬਧ ਹੈ।

ਉਨਾਂ ਕਿਹਾ ਕਿ ਸਰਕਾਰ ਨੇ ਲੋੜੀਂਦੀਆਂ ਵਸਤਾਂ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਕੋਵਾ ਐਪ ਦਾ ਵਿਸਥਾਰ ਕੀਤਾ ਹੈ ਤਾਂ ਜੋ ਇਨਾਂ ਚੀਜਾਂ ਦੀ ਲੋਕਾਂ ਤੱਕ ਵਧੇਰੇ ਪ੍ਰਭਾਵਸ਼ਾਲੀ  ਢੰਗ ਨਾਲ ਪਹੁੰਚ ਬਣਾਈ ਜਾ ਸਕੇ। ਇਨੀਂ ਦਿਨੀਂ ਲੋਕਾਂ ਦੀਆਂ ਸਿਕਾਇਤਾਂ  ਸਨ ਕਿ ਡਿਲਿਵਰੀ ਸੰਪਰਕ ਨੰਬਰ ਅਣਉਪਲਬਧ, ਵਿਅਸਤ ਜਾਂ ਅਵੈਧ ਪਾਏ ਜਾ ਰਹੇ ਹਨ। ਵਿਕਰੇਤਾਵਾਂ ਨੂੰ ਵੱਡੀ ਗਿਣਤੀ ਵਿੱਚ ਆਉਣ ਵਾਲੇ ਆਰਡਰਾਂ ਨਾਲ ਨਜਿੱਠਣਾ ਅਤੇ ਸਹੀ ਪਤਿਆਂ ’ਤੇ ਡਿਲੀਵਰੀ ਕਰਨਾ ਮੁਸ਼ਕਲ ਹੋ ਰਿਹਾ ਸੀ। ਉਨਾਂ ਕਿਹਾ ਕਿ ਕਰਫਿੳੂ ਦੌਰਾਨ ਇਸ ਉਪਰਾਲੇ ਦਾ ਉਦੇਸ਼ ਨਾ ਕੇਵਲ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਅਤੇ ਲੋੜੀਦੀਆਂ ਵਸਤਾਂ ਦੀ ਅਸਾਨ ਪਹੁੰਚ ਬਣਾਉਣ ਵਿਚ ਸਹਾਇਤਾ ਕਰਨਾ ਹੈ ਸਗੋਂ ਦੁਕਾਨਦਾਰਾਂ ਨੂੰ ਲੋਕਾਂ ਦੇ ਘਰਾਂ ਵਿਚ ਅਜਿਹੀਆਂ ਚੀਜ਼ਾਂ ਦੀ ਸੁਚੱਜੀ ਸਪਲਾਈ ਕਰਨ ਵਿਚ ਸਮਰੱਥ ਬਣਾਉਣਾ ਵੀ ਹੈ। 

ਫੋਟੋ :

-‘ਕੋਵਾ ਪੰਜਾਬ’ ਐਪ, ਜੋ ਕਿ ਹੁਣ ਘਰੇਲੂ ਸਾਮਾਨ ਅਤੇ ਡਾਕਟਰੀ ਸਲਾਹ ਆਦਿ ਵੀ ਉਪਲਬਧ ਕਰਵਾਏਗੀ।

ਕ੍ਰਿਕਟਰ ਯੁਵਰਾਜ ਸਿੰਘ ਨੇ ਕੋਰੋਨਾ ਲਈ ਦਿੱਤੇ 50 ਲੱਖ

ਚੰਡੀਗੜ,ਅਪ੍ਰੈਲ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 ਕ੍ਰਿਕਟਰ ਯੁਵਰਾਜ ਸਿੰਘ ਨੇ ਕੋਰੋਨਾ ਵਾਇਰਸ ਲਈ ਆਪਣੇ ਵੱਲੋਂ 50 ਲੱਖ ਰੁਪਏ ਪੀ.ਐਮ ਕੇਅਰਸ ਨੂੰ ਦਾਨ ਵਜੋਂ ਦਿੱਤੇ ਹਨ। 

ਹਰਸਿਮਰਤ ਬਾਦਲ ਤੇ ਗੁਰਜੀਤ ਔਜਲਾ ਨੇ ਵੀ ਜਗਾਏ ਦੀਵੇ

ਅੰਮ੍ਰਿਤਸਰ,ਅਪ੍ਰੈਲ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਕੇਂਦਰ ਮੰਤਰੀ ਹਰਸਿਮਰਤ ਕੋਰ ਬਾਦਲ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਵੀ ਦੀਵੇ ਜਗਾ ਕੇ ਕੋਰੋਨਾ ਖ਼ਿਲਾਫ਼ ਲੜਾਈ 'ਚ ਇੱਕਜੁੱਟਤਾ ਦਾ ਸਬੂਤ ਦਿੱਤਾ।ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਾਰੇ ਦੇਸ਼ਵਾਸੀਆਂ ਨਾਲ 9 ਮਿੰਟ ਦੀਵੇ ਜਗਾ ਕੇ, 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਜਿਵੇਂ ਇਨ੍ਹਾਂ ਦੀਵਿਆਂ ਨੇ ਹਨੇਰੇ 'ਚੋਂ ਪ੍ਰਕਾਸ਼ ਦਾ ਸੁਨੇਹਾ ਦਿੱਤਾ ਹੈ, ਉਸੇ ਤਰ੍ਹਾਂ ਗੁਰੂ ਸਾਹਿਬ ਸਮੁੱਚੀ ਮਨੁੱਖਤਾ 'ਤੇ ਛਾਏ ਕਰੋਨਾ ਵਾਇਰਸ ਮਹਾਂਮਾਰੀ ਰੂਪੀ ਹਨੇਰੇ ਨੂੰ ਦੂਰ ਕਰਨ ਅਤੇ ਨਿਰੋਗਤਾ ਦੇ ਪ੍ਰਕਾਸ਼ ਰਾਹੀਂ ਸਭ ਨੂੰ ਪਿਆਰ ਤੇ ਖ਼ੁਸ਼ਹਾਲੀ ਦੀ ਦਾਤ ਬਖ਼ਸ਼ਣ। 

ਪੰਜਾਬ ਚ ਕਰੋਨਾ ਨਾਲ 8ਵੀਂ ਮੌਤ -2 ਹੋਰ ਤਬਲੀਗੀ ਜਮਾਤ ਦੇ ਵਿਅਕਤੀ ਆਏ ਪਾਜਟਿਵ

ਅੰਮ੍ਰਿਤਸਰ -ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਕਰੋਨਾ ਵਾਇਰਸ ਦੇ ਪਾਜ਼ਟਿਵ ਮਰੀਜ਼ ਦੀ ਅੱਜ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਚ ਮੌਤ ਹੋ ਗਈ । ਮ੍ਰਿਤਕ ਨਗਰ ਨਿਗਮ ਦੇ ਸਾਬਕਾ ਵਧੀਕ ਕਮਿਸ਼ਨਰ ਸਨ।

ਅੰਮ੍ਰਿਤਸਰ ਜ਼ਿਲ੍ਹੇ ਚ ਇਹ ਕਰੋਨਾ ਵਾਇਰਸ ਨਾਲ ਦੂਜੀ ਮੌਤ ਹੈ ਅਤੇ ਪੰਜਾਬ ਚ ਅੱਠਵੀਂ ਮੌਤ ।

ਦੱਸਣਯੋਗ ਹੈ ਕਿ ਉਹ 29 ਮਾਰਚ ਨੂੰ ਖੰਘ ਤੇ ਜ਼ੁਕਾਮ ਕਾਰਨ ਗੁਰੂ ਨਾਨਕ ਮੈਡੀਕਲ ਹਸਪਤਾਲ ਚ ਦਾਖਲ ਹੋਏ ਸਨ। ਪਰ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਗਲੇ ਦੇ ਟੈਸਟ ਲਏ ਸਨ, ਜੋ ਕਿ ਕਰੋਨਾ ਵਾਇਰਸ ਦੀ ਰਿਪੋਰਟ  ਨਿਗਟਿਵ ਆਈ ਸੀ । ਪਰ ਉਹ ਡਰੇ ਹੋਏ ਸਨ ਇਸ ਲਈ ਉਨ੍ਹਾਂ ਨੇ ਇਸ  ਹਸਪਤਾਲ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ । ਬਾਅਦ ਵਿੱਚ ਉਹ ਖੁਦ ਘਰ ਤੋਂ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਚ ਦਾਖਲ ਹੋ ਗਏ ਸਨ । ਦਵਾਈ ਵੱਲੋਂ ਅਸਰ ਨਾ ਕਰਨ ਤੇ ਜਦੋਂ ਉੱਥੋਂ ਦੇ ਡਾਕਟਰਾਂ ਨੇ ਉਨ੍ਹਾਂ ਦਾ ਫੇਰ ਕਰੋਨਾ ਵਾਇਰਸ ਟੈਸਟ ਕਰਵਾਇਆ ਤਾਂ ਰਿਪੋਰਟ ਪਾਜਟਿਵ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਬੇਟੀ ਨੂੰ ਵੀ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ।

ਇਸੇ ਦੌਰਾਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਵੀ 2 ਕਰੋਨਾ ਵਾਇਰਸ ਦੇ ਪਾਜ਼ੀਟਿਵ  ਮਰੀਜ਼ਾਂ ਦੀ ਰਿਪੋਰਟ ਆਈ ਹੈ । ਇਹ ਦੋਵੇਂ ਮਰੀਜ਼ ਤਬਲੀਗੀ ਏ ਜਮਾਤ ਸਮਾਗਮ ਨਾਲ ਸਬੰਧ ਰੱਖਦੇ ਹਨ । ਇਨ੍ਹਾਂ ਦੀ ਰਿਪੋਰਟ ਪੁੱਜਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਗੁਰ ਸਾਗਰ ਹਸਪਤਾਲ ਬਨੂੜ ਵਿਖੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ ।

ਚੰਗੀ ਖਬਰ! ਸੁਖਦੇਵ ਸਿੰਘ ਸ਼ੇਰਪੁਰੀ

ਚੰਡੀਗੜ੍ਹ ’ਚ ਤਿੰਨ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ ਠੀਕ ਹੋਏ ਹਨ। ਚੰਡੀਗੜ੍ਹ ’ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 18 ਤੋਂ ਘੱਟ ਕੇ 15 ਹੋ ਗਈ ਹੈ।

ਐਸ,ਜੀ,ਐਨ, ਇੰਟਰਨੈਸ਼ਨਲ ਸਕੂਲ ਵੱਲੋਂ ਆਨਲਾਈਨ ਸਿੱਖਿਆ ਪ੍ਰਣਾਲੀ ਦੇ ਰਾਹੀਂ ਪੜ੍ਹਾਈ ਦੀ ਸ਼ੁਰੂਆਤ ।

ਮਹਿਲ ਕਲਾਂ/ਬਰਨਾਲਾ, ਅਪ੍ਰੈਲ 2020- (ਗੁਰਸੇਵਕ ਸਿੰਘ ਸੋਹੀ) -

ਕਰੋਨਾ ਮਹਾਂਮਾਰੀ ਦੇ ਕਰਕੇ ਸਕੂਲਾਂ ਦੇ ਬੰਦ ਹੋਣ ਕਾਰਨ ਨਵੇਂ ਸੈਸ਼ਨ ਦੀ ਸੁਰੂਆਤ ਨਹੀਂ ਹੋ ਸਕੀ।ਬੱਚਿਆਂ ਦੇ ਹੋ ਰਹੇ ਪੜ੍ਹਾਈ ਦੇ ਨੁਕਸਾ਼ਨ ਨੂੰ ਪੂਰਾ ਕਰਨ ਦੇ ਮੰਤਵ ਨਾਲ ਐਸ,ਜੀ,ਐਨ ਇੰਟਰਨੈਸ਼ਨਲ ਸਕੂਲ ਦੀਵਾਨਾ ਵੱਲੋਂ ਆਨਲਾਈਨ ਸਿੱਖਿਆ ਪ੍ਰਣਾਲੀ ਦੇ ਨਾਲ ਨਵੇਂ ਸੈਸਨ ਦੀ ਪੜ੍ਹਾਈ ਦੀ ਸੁਰੂਆਤ ਕੀਤੀ ਗਈ ਹੈ।ਇਸ ਦਾ ਮੁੱਖ ਮੰਤਵ ਕੀਮਤੀ ਸਮੇਂ ਦੀ ਬੱਚਤ ਅਤੇ ਪੜ੍ਹਾਈ ਵੱਲ ਬੱਚਿਆਂ ਦਾ ਧਿਆਨ ਕੈਦਰਿਤ ਕਰਨਾ ਹੈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਮੱਖਣ ਸਿੰਘ ਦੀਵਾਨਾ ਨੇ ਦੱਸਿਆ ਕਿ ਬੱਚਿਆਂ ਨੂੰ ਆਨਲਾਈਨ ਹਰ ਵਿਸ਼ੇ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਬੱਚਿਆਂ ਦੀ ਪੜ੍ਹਾਈ ਸਬੰਧੀ ਹਰ ਸਮੱਸਿਆ ਨੂੰ ਕਲਾਸ ਟੀਚਰ ਵੱਲੋਂ ਹੱਲ ਕੀਤਾ ਜਾਂਦਾ ਹੈ।

ਲਾਕ ਡਾਊਨ ਦੌਰਾਨ ਪੰਜਾਬ ਸਰਕਲ ਅਤੇ ਪੰਜ ਮੈਟਰੋ ਸ਼ਹਿਰਾਂ ਲਈ ਡਾਕ ਕਰਵਾਈ ਜਾ ਸਕਦੀ ਹੈ ਬੁੱਕ

ਸੇਵਿੰਗ ਬੈਂਕ ਸੇਵਾਵਾਂ ਅਤੇ ਏ. ਟੀ. ਐਮ ਸੁਵਿਧਾ ਵੀ ਕਰਵਾਈ ਜਾ ਰਹੀ ਹੈ ਮੁਹੱਈਆ

ਕਪੂਰਥਲਾ , ਅਪ੍ਰੈਲ 2020- (ਹਰਜੀਤ ਸਿੰਘ ਵਿਰਕ)-

ਐਨ. ਡੀ. ਐਮ. ਏ, ਗ੍ਰਹਿ ਮੰਤਰਾਲਾ ਭਾਰਤ ਸਰਕਾਰ ਵੱਲੋਂ ਡਾਕ ਘਰਾਂ ਨੂੰ ਲਾਕ ਡਾਊਨ  ਦੌਰਾਨ ਲੋਕਾਂ ਨੂੰ ਜ਼ਰੂਰੀ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਖੋਲਣ ਦੇ ਦਿੱਤੇ ਆਦੇਸ਼ਾਂ ਤਹਿਤ ਕਪੂਰਥਲਾ ਵਿਖੇ ਵੀ ਡਾਕ ਘਰਾਂ ਵੱਲੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਦੌਰਾਨ ਡਾਕ ਘਰਾਂ ਵਿਚ ਕੋਵਿਡ-19 ਦੇ ਮੱਦੇਨਜ਼ਰ ਕਰਮਚਾਰੀਆਂ ਅਤੇ ਗਾਹਕਾਂ ਲਈ  ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਤੇ ਦਸਤਾਨੇ ਪਹਿਨਣ, ਸਾਬਣ ਨਾਲ ਹੱਥ ਧੋਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਆਦਿ ਜਿਹੀਆਂ ਸਾਵਧਾਨੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਕਪੂਰਥਲਾ ਡਵੀਜ਼ਨ ਦੇ ਸੁਪਰਡੈਂਟ ਪੋਸਟ ਆਫਿਸਿਜ਼ ਸ੍ਰੀ ਦੇਸੂ ਰਾਮ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਵੀ ਜ਼ਿਲੇ ਦੇ ਡਾਕ ਘਰਾਂ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਨਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਮੂਹ ਡਾਕ ਘਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਉਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਡਾਕ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਡਿਜੀਟਲ ਭੁਗਤਾਨ ਦੀ ਸੁਵਿਧਾ ਬਾਰੇ ਜਾਣੂ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਲਾਕ ਡਾਊਨ ਦੇ ਸਮੇਂ ਦੌਰਾਨ ਲੋਕ ਪੰਜਾਬ ਸਰਕਲ ਅਤੇ ਪੰਜ ਮੈਟਰੋ ਸ਼ਹਿਰਾਂ ਜਿਵੇਂ ਦਿੱਲੀ, ਕੋਲਕਾਤਾ, ਮੁੰਬਈ, ਚੇਨਈ ਅਤੇ ਬੰਗਲੌਰ ਲਈ ਡਾਕ ਬੁੱਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਸੇਵਿੰਗ ਬੈਂਕ ਸੇਵਾਵਾਂ ਆਮ ਜਨਤਾ ਲਈ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਅਤੇ ਏ. ਟੀ. ਐਮ ਸੁਵਿਧਾ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਉਪਲਬੱਧ ਹੋਵੇਗੀ। ਉਨਾਂ ਦੱਸਿਆ ਕਿ ਡਾਕ ਕਰਮਚਾਰੀ ਮੇਲ ਦੀ ਡਿਲੀਵਰੀ, ਮਨੀ ਆਰਡਰ (ਐਮ. ਓ/ਈ. ਐਮ. ਓ) ਦਾ ਭੁਗਤਾਨ ਕਰਨਗੇ ਅਤੇ ਆਮ ਲੋਕਾਂ ਨੂੰ ਏ. ਈ. ਪੀ. ਐਸ (ਆਧਾਰ ਇਨਏਬਲਡ ਭੁਗਤਾਨ ਸੇਵਾ) ਵੀ ਪ੍ਰਦਾਨ ਕਰਨਗੇ। ਉਨਾਂ ਕਿਹਾ ਕਿ ਲੋਕ ਆਪਣੇ ਆਧਾਰ ਲਿੰਕਡ ਖਾਤੇ ਤੋਂ ਪੇਮੈਂਟ ਕਿਸੇ ਵੀ ਨਜ਼ਦੀਕੀ ਬੈਂਕ, ਡਾਕ ਘਰ ਅਤੇ ਇਥੋਂ ਤੱਕ ਕਿ ਪਿੰਡਾਂ ਵਿਚ ਪੋਸਟਮੈਨ/ਡਿਲੀਵਰੀ ਸਟਾਫ ਤੋਂ ਲੈ ਸਕਦੇ ਹਨ। ਇਸੇ ਤਰਾਂ ਡੀ. ਬੀ. ਟੀ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਆਦਿ ਦੀ ਪੇਮੈਂਟ ਪੋਸਟਲ ਐਪ ਸੇਵਾ ਜ਼ਰੀਏ ਲਈ ਜਾ ਸਕਦੀ ਹੈ। ਉਨਾਂ ਕਿਹਾ ਕਿ ਕਪੂਰਥਲਾ ਪੋਸਟਲ ਡਵੀਜ਼ਨ ਨਾ ਕੇਵਲ ਲੋਕਾਂ ਨੂੰ ਮੁੱਲਵਾਨ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ, ਬਲਕਿ ਸਮਾਜ ਭਲਾਈ ਦੇ ਕੰਮਾਂ ਲਈ ਤਿਆਰ ਹੈ।

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਦੁਕਾਨਾਂ ਦੀ ਚੈਕਿੰਗ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਵਿਡ-19 ਤੋਂ ਬਚਾਅ ਲਈ ਜ਼ਿਲੇ ਵਿਚ ਲਗਾਏ ਗਏ ਕਰਫਿੳੂ ਦੌਰਾਨ ਲੋਕਾਂ ਨੂੰ ਸਹੀ ਕੀਮਤ ’ਤੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਰੂਰੀ ਵਸਤਾਂ ਦੇ ਰੇਟ ਨਿਰਧਾਰਤ ਕਰਦੇ ਹੋਏ ਸਮੂਹ ਦੁਕਾਨਦਾਰਾਂ ਨੂੰ ਜ਼ਰੂਰੀ ਵਸਤਾਂ ਨਿਰਧਾਰਤ ਕੀਮਤਾਂ ’ਤੇ ਵੇਚਣ ਲਈ ਕਿਹਾ ਗਿਆ ਸੀ। ਇਸ ਸਬੰਧ ਵਿਚ ਲੋਕਾਂ ਵੱਲੋਂ ਆ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਲਈ ਜ਼ਿਲਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਕਪੂਰਥਲਾ ਸ. ਸਰਤਾਜ ਸਿੰਘ ਚੀਮਾ ਵੱਲੋਂ ਵਿਭਾਗੀ ਟੀਮਾਂ ਦਾ ਗਠਨ ਕੀਤਾ ਗਿਆ। ਇਸ ਤਹਿਤ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਫਗਵਾੜਾ ਸ੍ਰੀ ਅਸ਼ੋਕ ਕੁਮਾਰ ਅਤੇ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਕਪੂਰਥਲਾ ਸ. ਪ੍ਰੀਤਕਮਲ ਸਿੰਘ ਅਧੀਨ ਗਠਿਤ ਟੀਮਾਂ ਵੱਲੋਂ ਨਾਪ ਤੋਲ ਵਿਭਾਗ ਨੂੰ ਨਾਲ ਲੈ ਕੇ ਜ਼ਿਲੇ ਦੀਆਂ ਵੱਖ-ਵੱਖ ਕਰਿਆਨਾ ਦੁਕਾਨਾਂ ਦੀ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਕੁਝ ਦੁਕਾਨਦਾਰ ਨਿਰਧਾਰਤ ਰੇਟਾਂ ਤੋੀ ਵੱਧ ਕੀਮਤ ’ਤੇ ਜ਼ਰੂਰੀ ਵਸਤਾਂ ਵੇਚਦੇ ਪਾਏ ਗਏ, ਜਿਸ ਕਾਰਨ ਉਨਾਂ ’ਤੇ ਜ਼ਰੂਰੀ ਵਸਤਾਂ ਦੇ ਐਕਟ 1955 ਅਧੀਨ ਕਾਰਵਾਈ ਕਰਦੇ ਹੋਏ ਉਨਾਂ ਨੂੰ ਬਣਦੇ ਜ਼ੁਰਮਾਨੇ ਕੀਤੇ ਗਏ ਅਤੇ ਭਵਿੱਖ ਵਿਚ ਜ਼ਰੂਰੀ ਵਸਤਾਂ ਸਹੀ ਰੇਟਾਂ ’ਤੇ ਹੀ ਵੇਚਣ ਦੀ ਤਾੜਨਾ ਕੀਤੀ ਗਈ। 

ਫੋਟੋ :-ਕਪੂਰਥਲਾ ਵਿਖੇ ਇਕ ਦੁਕਾਨ ਦੀ ਚੈਕਿੰਗ ਕਰਦੇ ਹੋਏ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ।

ਬਿਜਲੀ ਬੰਦ ਕਰਕੇ ਦੀਵੇ, ਮੋਮਬੱਤੀਆਂ ਜਗਾਉਣ ਦਾ ਮੋਦੀ ਦਾ ਬਿਆਨ ਬੇਲੋੜਾ

ਚੰਡੀਗੜ, ਅਪ੍ਰੈਲ 2020- ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਕਰੋਨਾ ਵਾਇਰਸ ਦੇ ਟਾਕਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ 5 ਅਪ੍ਰੈਲ ਨੂੰ ਰਾਤ 9 ਵਜੇ ਬਿਜਲੀ ਬੰਦ ਕਰਕੇ ਦੀਵੇ, ਮੋਮਬੱਤੀਆਂ ਜਗਾਉਣ ਸਬੰਧੀ ਕੌਮ ਨੂੰ ਦਿੱਤੇ ਸੱਦੇ ਨੂੰ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਤੇ ਬਿਜਲੀ ਕਾਮਿਆਂ, ਠੇਕਾ ਮੁਲਾਜ਼ਮਾਂ ਅਤੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ 16 ਜਨਤਕ ਜਥੇਬੰਦੀਆਂ ਨੇ ਬੇਤੁਕਾ ਤੇ ਬੇਲੋੜਾ ਕਰਾਰ ਦਿੱਤਾ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਕੰਵਲਪ੍ਰੀਤ ਸਿੰਘ ਪੰਨੂੰ ਤੇ ਮਜ਼ਦੂਰ ਆਗੂ ਰਾਵਿੰਦਰ ਸਿੰਘ ਨੇ ਜਾਰੀ ਬਿਆਨ 'ਚ ਆਖਿਆ ਕਿ ਜਦੋਂ ਸੰਸਾਰ ਭਰ 'ਚ ਫੈਲੀ ਇਸ ਬਿਮਾਰੀ ਦੇ ਇਲਾਜ ਲਈ ਕਈ ਦੇਸ਼ਾਂ ਵੱਲੋਂ ਵਿਗਿਆਨਕ ਢੰਗਾਂ ਤੇ ਜ਼ੋਰ ਦਿੰਦੇ ਹੋਏ ਇਸ ਦੀ ਰੋਕਥਾਮ ਦੇ ਸਫ਼ਲ ਤਜਰਬੇ ਵੀ ਸਾਹਮਣੇ ਲਿਆਂਦੇ ਗਏ ਹਨ ਤਾਂ ਸਾਡੇ ਪ੍ਰਧਾਨ ਮੰਤਰੀ ਵੱਲੋਂ ਸਿਹਤ ਸੇਵਾਵਾਂ ਲਈ ਲੋੜੀਂਦੇ ਢਾਂਚੇ ਜਿਵੇਂ ਡਾਕਟਰੀ ਅਮਲੇ ਫੈਲੇ ਦੀ ਭਰਤੀ ਕਰਨ, ਉਹਨਾਂ ਲਈ ਬਚਾਓ ਕਿੱਟਾਂ ਤੋਂ ਇਲਾਵਾ ਵੈਂਟੀਲੇਟਰਾਂ ਆਦਿ ਦਾ ਪ੍ਰਬੰਧ ਕਰਨ ਦੀ ਥਾਂ ਗੈਰ ਵਿਗਿਆਨਕ ਕਦਮਾਂ ਨਾਲ ਸੰਸਾਰ ਭਰ ਵਿੱਚ ਸਾਡੇ ਦੇਸ਼ ਦੀ ਸਥਿਤੀ ਹਾਸੋ ਹੀਣੀ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਵੇਲੇ ਦੇਸ਼ ਦੇ ਲੋਕਾਂ ਲਈ ਜੋ ਕੰਮ ਇਸ ਮਾਹੌਲ ਵਿੱਚ ਅਤੀ ਜ਼ਰੁਰੀ ਹੈ ਉਸ ਵਿੱਚ ਸਭਨਾਂ ਲਈ ਮੁਫ਼ਤ ਇਲਾਜ, ਲੋੜਵੰਦਾਂ ਲਈ ਮੁਫ਼ਤ ਖਾਧ ਖੁਰਾਕ ਦੇਣਾ ਯਕੀਨੀ ਬਨਾਇਆ ਜਾਵੇ। ਪੇਂਡੂ ਅਤੇ ਸ਼ਹਿਰੀ ਆਬਾਦੀ ਦੇ ਧੁਰ ਹੇਠਾਂ ਤੱਕ ਲੋਕ ਵੰਡ ਪ੍ਰਣਾਲੀ ਲਈ ਰਾਸ਼ਨ ਡਿਪੂਆਂ ਦੇ ਢਾਂਚੇ ਦਾ ਪਸਾਰਾ ਕੀਤਾ ਜਾਵੇ। ਸਿਹਤ ਸੇਵਾਵਾਂ ਦਾ ਕੌਮੀਕਰਨ ਕਰਕੇ ਇਹਨਾਂ ਜੰਗੀ ਪੱਧਰ ਤੇ ਪਸਾਰਾ ਕੀਤਾ ਜਾਵੇ। ਇਸ ਮਹਾਂਮਾਰੀ ਦੇ ਟਾਕਰੇ ਲਈ ਵੱਡੇ ਪੱਧਰ ਤੇ ਲੋੜੀਂਦੇ ਫੰਡ ਜਾਰੀ ਕੀਤੇ ਜਾਣ। ਕਣਕ ਦੇ ਸੀਜਨ ਨੂੰ ਮੁੱਖ ਰੱਖਦਿਆਂ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ। ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਨਾ ਰੁਲੇ ਇਸ ਗੱਲ ਦੀ ਗਾਰੰਟੀ ਕੀਤੀ ਜਾਵੇ ਤੇ ਗੈਰ ਸਰਕਾਰੀ ਅਦਾਰਿਆਂ ਦੇ ਪੱਕੇ ਅਤੇ ਕੱਚੇ ਮਜ਼ਦੂਰਾਂ, ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੀ ਗਾਰੰਟੀ ਕੀਤੀ ਜਾਵੇ। ਸਭਨਾਂ ਕਿਰਤੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਬਿਆਨ ਜਾਰੀ ਕਰਨ ਵਾਲੀਆਂ ਜਥੇਬੰਦੀਆਂ 'ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਟੈਕਸਟਾਈਲ ਹੌਜਰੀ ਕਾਮਗਰ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜ਼ਿ ਨੰ 31, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ (ਲਲਕਾਰ), ਪੀ.ਐਸ.ਯੂ. (ਸ਼ਹੀਦ ਰੰਧਾਵਾ), ਟੈਕਨੀਕਲ ਸਰਵਿਸਜ਼ ਯੂਨੀਅਨ, ਨੌਜਵਾਨ ਭਾਰਤ ਸਭਾ, ਪੀ.ਐਸ.ਯੂ. (ਲਲਕਾਰ), ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ, ਪਾਵਰ ਕੌਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰ ਕੌਮ ਜੋਨ ਬਠਿੰਡਾ ਅਤੇ ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਸ਼ਾਮਲ ਹਨ।

ਪਿੰਡ ਗਾਗੇਵਾਲ ਦੀ ਪੰਚਾਇਤ ਅਤੇ ਐਨ,ਆਰ,ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਰਾਸ਼ਨ ਵੰਡਿਆ ਗਿਆ।  

ਮਹਿਲਾ ਕਲਾਂ/ਬਰਨਾਲਾ, ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ)- ਕਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਦੇਸ਼ ਬੰਦ ਦੇ ਸੱਦੇ ਨੂੰ ਪਿੰਡ ਗਾਗੇਵਾਲ ਦੀ ਪੰਚਾਇਤ, ਐਨ,ਆਰ,ਆਈ ਵੀਰਾਂ ਅਤੇ ਪਿੰਡ ਵਾਸੀਆਂ ਵੱਲੋਂ ਲੋੜਵੰਦ 200 ਗਰੀਬ ਪਰਿਵਾਰਾਂ ਨੂੰ ਰਸੋਈ ਦਾ ਸਾਰਾ ਸਮਾਨ (ਰਾਸ਼ਨ)ਦਿੱਤਾ ਗਿਆ ਤਾਂ ਕਿ ਕੋਈ ਵੀ ਇਸ ਸੰਕਟ ਦੀ ਘੜੀ ਵਿੱਚ ਭੁੱਖਾ ਨਾ ਸੌਂਵੇ ਇਸ ਮੌਕੇ ਥਾਣਾ ਟੱਲੇਵਾਲ ਦੇ ਐੱਸ ਐੱਚ ਓ ਮੈਡਮ ਅਮਨਦੀਪ ਕੌਰ ਅਤੇ ਸਰਪੰਚ ਸੁਖਜਿੰਦਰਪਾਲ ਕੌਰ ਨੇ ਕਿਹਾ ਕਿ ਮਹਿੰਗਾਈ ਦੇ ਸਮੇਂ ਵਿੱਚ ਕਿਸੇ ਹੋਰ ਨੂੰ ਸਹੂਲਤਾਂ ਜਾਂ ਖੁਸ਼ੀ ਦੇਣ ਲਈ ਦਿਲ ਦਾ ਵੱਡਾ ਹੋਣਾ ਜ਼ਰੂਰੀ ਹੈ। ਅਤੇ ਇਹ ਸੇਵਾ ਕਰਨ ਦੀ ਸ਼ਕਤੀ ਪਰਮਾਤਮਾ ਕਿਸੇ ਨੂੰ ਹੀ ਦਿੰਦਾ ਹੈ। ਐਨ,ਆਰ,ਆਈ ਰਵਿੰਦਰ ਸਿੰਘ % ਜੋਗਿੰਦਰ ਸਿੰਘ ਜੈਲਦਾਰ,ਨਰਦੀਪ ਸਿੰਘ % ਅਜੈਬ ਸਿੰਘ ਐਨ,ਆਰ,ਸਤੀਸ਼ ਕੁਮਾਰ ਰਾਜਸਥਾਨ ਨੇ ਵੱਧ ਚੜਕੇ ਔਖੀ ਘੜੀ ਵਿੱਚ ਸਹਿਯੋਗ ਦਿੱਤਾ।ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਸਿੰਘ,ਪੰਚ ਮਨਜੀਤ ਕੌਰ,ਸਾਬਕਾ ਪੰਚ ਬੂਟਾ ਸਿੰਘ,ਸਾਬਕਾ ਪੰਚ ਚਰਨ ਸਿੰਘ, ਇਕਬਾਲ ਸਿੰਘ,ਜਸਵੀਰ ਸਿੰਘ, ਬੀ,ਐੱਲ,ਓ ਕੁਲਵੰਤ ਸਿੰਘ, ਹਰਗੁਣਪ੍ਰੀਤ ਸਿੰਘ ਗਾਗੇਵਾਲ ਆਦਿ ਹਾਜ਼ਰ ਸਨ। ਬਾਕੀ ਪਿੰਡ ਦਾ ਸਾਰਾ ਮਾਹੌਲ ਸ਼ਾਂਤੀ ਪੂਰਵਕ ਹੈ ਹੋਲੇ ਮਹੱਲੇ ਅਤੇ ਵਿਦੇਸ਼ਾਂ ਤੋਂ ਆਏ ਲੋਕ ਬਿੱਲਕੁੱਲ ਠੀਕ ਠਾਕ ਹਨ ।

ਕਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਪਿੰਡ ਨਰੈਣਗੜ੍ਹ ਸੋਹੀਆਂ ਵਿੱਚ ਗਰੀਬਾਂ ਲਈ ਮਸੀਹਾ ਬਣਿਆ।ਮੱਖਣ ਸਿੰਘ ਆਸਟ੍ਰੇਲੀਆ।

ਬਰਨਾਲਾ,ਅਪ੍ਰੈਲ 2020-(ਗੁਰਸੇਵਕ ਸਿੰਘ ਸੋਹੀ)-

ਪੂਰੀ ਦੁਨੀਆ ਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾ ਵਾਇਰਸ ਦੇ ਮੱਦੇ ਨਜਰ ਲਗਾਏ ਕਰਫਿਊ ਨੂੰ ਦੇਖਦਿਆ ਪਿੰਡ ਵਿੱਚ ਗ਼ਰੀਬ ਮਜ਼ਦੂਰ ਦੋ ਡੰਗ ਦੀ ਰੋਜ਼ੀ- ਰੋਟੀ ਤੋਂ ਮੁਥਾਜ ਹੋ ਗਏ ਨੇ ਜਿੱਥੇ ਕਿ ਪਿੰਡਾਂ ਵਿੱਚ ਸਮਾਜ ਸੇਵੀ ਕਲੱਬਾਂ ਗ੍ਰਾਮ ਪੰਚਾਇਤਾਂ ਵੱਡੇ ਦਿਲ ਵਾਲਿਆਂ ਦੀ ਕਮੀ ਨਹੀਂ ਕਿ ਕੋਈ ਗਰੀਬ ਪਰਿਵਾਰ ਭੁੱਖਾ ਸੌਵੇਂ ਇਤਿਹਾਸ ਗਵਾਹ ਹੈ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੇ ਜਦੋਂ ਕੋਈ ਸੰਕਟ ਆਉਂਦੀ ਕੋਈ ਭੁੱਖਾ ਮਰਨ ਨੀ ਦਿੱਤਾ ਜਾਦਾ ਇਸ ਤਰ੍ਹਾਂ ਪਿੰਡ ਨਰੈਣਗੜ੍ਹ ਸੋਹੀਆਂ ਵਿੱਚ ਮੱਖਣ ਸਿੰਘ % ਹਰਨੇਕ ਸਿੰਘ ਨਾਜਰ ਸਿਓਕੇ ਆਸਟਰੇਲੀਆ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ ਜਾ ਰਹੀ ਹੈ ਅੱਜ ਦੀ ਮਹਿੰਗਾਈ ਦੇ ਸਮੇਂ ਵਿੱਚ ਕਿਸੇ ਹੋਰ ਨੂੰ ਸਹੂਲਤਾਂ ਜਾਂ ਖੁਸ਼ੀ ਦੇਣ ਲਈ ਦਿਲ ਦਾ ਵੱਡਾ ਹੋਣਾ ਜ਼ਰੂਰੀ ਹੈ ਅਤੇ ਇਹ ਸੇਵਾ ਕਰਨ ਦੀ ਸ਼ਕਤੀ ਪਰਮਾਤਮਾ ਕਿਸੇ ਨੂੰ ਹੀ ਦਿੰਦਾ ਹੈ। ਹਰ ਇੱਕ ਇਨਸਾਨ ਨੂੰ ਮੱਖਣ ਬਾਈ ਵਾਲੀ ਸੋਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਹੱਥ ਜੋੜਕੇ ਅਪੀਲ ਕੀਤੀ ਹੈ ਕਿ ਸਾਡੀਆਂ ਸਰਕਾਰਾਂ ਸਿਹਤ ਵਿਭਾਗ ਜੋ ਵੀ ਨਿਰਦੇਸ਼ ਜਾਰੀ ਕਰਦੇ ਨੇ ਉਨ੍ਹਾਂ ਦੀ ਪਾਲਣਾ ਜ਼ਰੂਰ ਕਰੋ ਜਨਤਕ ਕਰਫ਼ਿਊ ਲਾਇਆ ਹੈ ਉਸ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਵੋ ਪਿੰਡ ਵਿੱਚ ਕਿਸੇ ਨੂੰ ਰਾਸ਼ਨ ਦੀ ਜ਼ਰੂਰਤ ਹੈ ਤਾਂ ਮੇਰੇ ਭਰਾ ਗਿਆਨੀ ਬੂਟਾ ਸਿੰਘ ਨਾਲ ਸੰਪਰਕ ਕਰੋ ਅਤੇ ਜਨਤਕ ਥਾਂਵਾ ਤੇ ਜਾਣ ਤੋ ਗੁਰੇਜ਼ ਕਰੋ।

ਕੰਬਾਈਨਾਂ ਅਤੇ ਖੇਤੀ ਮਸ਼ੀਨਰੀ ਦੀ ਮੂਵਮੈਂਟ ਸਬੰਧੀ ਹੁਕਮ ਜਾਰੀ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

 ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਵੱਲੋਂ ਲਾਕਡਾੳੂਨ ਦੌਰਾਨ ਹਾਰਵੈਸਟਿੰਗ ਅਤੇ ਬਿਜਾਈ ਸਬੰਧੀ ਮਸ਼ੀਨਾਂ, ਜਿਵੇਂ ਕੰਬਾਇਨ ਹਾਰਵੈਸਟਰ ਅਤੇ ਹੋਰ ਖੇਤੀ/ਬਾਗਬਾਨੀ ਸੰਦਾਂ’ ਆਦਿ ਦੀ ਇੰਟਰਾ ਅਤੇ ਇੰਟਰ ਸਟੇਟ ਮੂਵਮੈਂਟ ਸਬੰਧੀ ਢਿੱਲ ਦੇਣ ਦੇ ਜਾਰੀ ਆਦੇਸ਼ ਦੀ ਰੋਸ਼ਨੀ ਵਿਚ ਅਤੇ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ (ਵਿਕਾਸ) ਪੰਜਾਬ ਸਰਕਾਰ ਵੱਲੋਂ ਖੇਤੀ ਮਸ਼ੀਨਰੀ, ਜਿਵੇਂ ਟਰੈਕਟਰ-ਟਰਾਲੀਆਂ, ਕੰਬਾਈਨਾਂ ਤੋਂ ਇਲਾਵਾ ਫ਼ਸਲ ਵੱਢਣ ਤੇ ਪੈਦਾਵਾਰ ਲਿਜਾਣ ਵਾਲੇ , ਖੇਤ ਵਾਹੁਣ ਅਤੇ ਬੀਜਣ ਵਾਲੇ ਖੇਤੀ ਸੰਦਾਂ ਸਮੇਤ ਸਾਰੀ ਖੇਤੀ ਮਸ਼ੀਨਰੀ ਦੇ ਆਉਣ-ਜਾਣ ਨੂੰ ਯਕੀਨੀ ਬਣਾਉਣ ਲਈ ਜਾਰੀ ਐਡਵਾਈਜ਼ਰੀ ਦੇ ਮੱਦੇਨਜ਼ਰ ਜ਼ਿਲਾ ਮੈਜਿਸਟਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਸ਼ਰਤ ’ਤੇ ਸਬੰਧਤ ਵਾਹਨਾਂ ਦੇ ਆਉਣ-ਜਾਣ ਨੂੰ ਕਰਫਿੳੂ ਦੌਰਾਨ ਢਿੱਲ ਦੇਣ ਦੇ ਹੁਕਮ ਜਾਰੀ ਕੀਤੇ ਹਨ ਕਿ ਇਨਾਂ ਦੇ ਡਰਾਈਵਰ ਤੇ ਹੈਲਪਰ ਆਦਿ ਭਾਰਤ ਸਰਕਾਰ/ਪੰਜਾਬ ਸਰਕਾਰ/ਹੋਰਨਾਂ ਸਿਹਤ ਅਥਾਰਟੀਆਂ ਵੱਲੋਂ ਜਾਰੀ ਸਮਾਜਿਕ ਦੂਰੀ ਅਤੇ ਸਾਫ਼-ਸਫ਼ਾਈ, ਫੇਸ ਮਾਸਕ, ਗਲੱਵਜ਼, ਸੈਨੇਟਾਈਜ਼ਰ/ਹੈਂਡ ਵਾਸ਼ ਆਦਿ ਸਬੰਧੀ ਜਾਰੀ ਐਡਵਾਈਜ਼ਰੀਆਂ ਦੀ ਪਾਲਣਾ ਯਕੀਨੀ ਬਣਾਉਣਗੇ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਖੇਤੀ ਮਸ਼ੀਨਰੀ ਦੀ ਇੰਟਰਾ ਅਤੇ ਇੰਟਰ ਸਟੇਟ ਮੂਵਮੈਂਟ ਲਈ ਪਾਸ ਆਨ ਲਾਈਨ ਿਕ https://epasscovid19.pais.net.in/  ਉੱਤੇ ਅਪਲਾਈ ਕੀਤੇ ਜਾ ਸਕਦੇ ਹਨ।

ਫੋਟੋ : ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟਰੇਟ ਕਪੂਰਥਲਾ।

ਨੈਸ਼ਨਲ ਹਾਈਵੇਅ ’ਤੇ ਸਥਿਤ ਸੱਤ ਪੈਟਰੋਲ ਪੰਪ 24 ਘੰਟੇ ਖੁੱਲੇ ਰਹਿਣਗੇ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਪੂਰੇ ਜ਼ਿਲੇ ਵਿਚ ਕਰਫਿੳੂ ਕਾਰਨ ਜ਼ਿਲੇ ਦੇ ਸਾਰੇ ਪੈਟਰੋਲ ਪੰਪਾਂ ਨੂੰ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲੇ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਹੁਣ ਇਸ ਸਬੰਧ ਵਿਚ ਇਕ ਜ਼ਿਲੇ ਤੋਂ ਦੂਸਰੇ ਜ਼ਿਲਿਆਂ ਨੂੰ ਜਾ ਰਹੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਟਰੱਕਾਂ/ਹੋਰ ਸਾਧਨਾਂ ਰਾਹੀਂ ਨਿਰਵਿਘਨ ਨਿਰਧਾਰਤ ਸਥਾਨ ’ਤੇ ਪਹੁੰਚਾਉਣ ਲਈ ਜ਼ਿਲਾ ਮੈਜਿਸਟਰੇਟ ਵੱਲੋਂ ਨੈਸ਼ਨਲ ਹਾਈਵੇਅ ’ਤੇ ਸਥਿਤ ਸੱਤ ਪੈਟਰੋਲ ਪੰਪਾਂ ਨੂੰ 24 ਘੰਟੇ ਸੱਤ ਦਿਨ ਖੁੱਲੇ ਰੱਖੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਨਾਂ ਪੈਟਰੋਲ ਪੰਪਾਂ ਵਿਚ ਮੈਸ: ਮੋਠੂ ਰਾਮ ਪ੍ਰੇਮ ਚੰਦ ਫਿਲਿੰਗ ਸਟੇਸ਼ਨ (ਸਾਹਮਣੇ ਜੇ. ਸੀ. ਟੀ ਮਿੱਲ ਫਗਵਾੜਾ), ਮੈਸ: ਬੀ. ਐਨ ਦੁੱਗਲ ਫਿਲਿੰਗ ਸਟੇਸ਼ਨ (ਨੇੜੇ ਵਾਹਦ ਸੰਦਰ ਸ਼ੂਗਰ ਮਿੱਲ ਫਗਵਾੜਾ), ਮੈਸ: ਵਾਈ . ਪੀ. ਦੁੱਗਲ ਫਿਲਿੰਗ ਸਟੇਸ਼ਨ (ਨੇੜੇ ਵਾਹਦ ਸੰਦਰ ਸ਼ੂਗਰ ਮਿੱਲ ਫਗਵਾੜਾ), ਮੈਸ: ਰੋਜ਼ ਫਿਲਿੰਗ ਸਟੇਸ਼ਨ (ਨੇੜੇ ਚੰਡੀਗੜ ਬਾਈਪਾਸ ਆਨ ਹਾਈਵੇਅ), ਮੈਸ. ਸੰਘਾ ਗਿੱਲ ਐਚ. ਪੀ ਫਿਲਿੰਗ ਸਟੇਸ਼ਨ (ਸੁਭਾਨਪੁਰ), ਐਚ. ਪੀ ਹਮਾਰਾ ਪੰਪ ਢਿਲਵਾਂ (ਸੁਭਾਨਪੁਰ ਤੋਂ ਢਿਲਵਾਂ ਰੋਡ) ਅਤੇ ਮੈਸ: ਸ਼ਰਮਾ ਫਿਲਿੰਗ ਸਟੇਸ਼ਨ ਢਿਲਵਾਂ (ਅੰਮਿ੍ਰਤਸਰ ਰੋਡ ਢਿਲਵਾਂ ਅੱਡਾ) ਸ਼ਾਮਿਲ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਉਕਤ ਸਾਰੇ ਪੈਟਰੋਲ ਪੰਪ ਮਾਲਕ ਆਉਣ ਵਾਲੇ ਟਰੱਕ ਡਰਾਈਵਰਾਂ ਨੂੰ ਉਨਾਂ ਦੇ ਖਾਣ ਲਈ ਫੂਡ ਪੈਕੇਟ ਵੀ ਮੁਹੱਈਆ ਕਰਵਾਉਣਗੇ।  

ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟਰੇਟ ਕਪੂਰਥਲਾ।

ਲੈਫ. ਜਨਰਲ ਸ਼ੇਰਗਿੱਲ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਚੁੱਕੇ ਗਏ ਕਦਮਾਂ ਦਾ ਲਿਆ ਜਾਇਜ਼ਾ

ਬੰਦਸ਼ਾਂ ਦੇ ਬਾਵਜੂਦ ਕਣਕ ਦੀ ਨਿਰਵਿਘਨ ਖ਼ਰੀਦ ਸਬੰਧੀ ਦਿੱਤੇ ਲੋੜੀਂਦੇ ਦਿਸ਼ਾ-ਨਿਰਦੇਸ਼

 

ਸਹਾਇਤਾ ਸਮੱਗਰੀ ਦੀ ਵੰਡ ’ਚ ਖੁਸ਼ਹਾਲੀ ਦੇ ਰਾਖੇ ਕਰਨਗੇ ਪ੍ਰਸ਼ਾਸਨ ਦਾ ਸਹਿਯੋਗ

 

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ )-

  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਅਤੇ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਟੀ. ਐਸ ਸ਼ੇਰਗਿੱਲ ਨੇ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਅਤੇ ‘ਗਾਰਡੀਅਨ ਆਫ ਗਵਰਨੈਸ’ (ਜੀ. ਓ. ਜੀ) ਦੇ ਮੁਖੀਆਂ ਨਾਲ ਮੀਟਿੰਗ ਕਰਕੇ ਜ਼ਿਲੇ ਵਿਚ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨਾਂ ਕਰਫਿੳੂ ਦੌਰਾਨ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਉਨਾਂ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸਹਾਇਤਾ ਸਮੱਗਰੀ ਦੀ ਵੰਡ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਸਹਾਇਤਾ ਸਮੱਗਰੀ ਦੀ ਠੀਕ ਢੰਗ ਨਾਲ ਵੰਡ ਲਈ ਖੁਸ਼ਹਾਲੀ ਦੇ ਰਾਖਿਆਂ ਦੀ ਮਦਦ ਲਈ ਜਾਵੇ। ਉਨਾਂ ਕਿਹਾ ਕਿ ਇਸ ਦੌਰਾਨ ਕਿਤੇ ਵੀ ਭੀੜ ਇਕੱਠੀ ਨਾ ਹੋਣ ਦਿੱਤੀ ਜਾਵੇ ਅਤੇ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ। 

  ਉਨਾਂ ਕਿਹਾ ਕਿ 15 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਕਣਕ ਦੇ ਸੀਜ਼ਨ ਲਈ ਅਨਾਜ ਮੰਡੀਆਂ ਵਿਚ ਸਾਰੇ ਲੋੜੀਂਦੇ ਇੰਤਜ਼ਾਮ ਕਰਨ ਤੋਂ ਇਲਾਵਾ ਬਾਰਦਾਨੇ,ਟ੍ਰਾਂਸਪੋਰਟੇਸ਼ਨ, ਲੇਬਰ ਅਤੇ ਸਟੋਰੇਜ ਆਦਿ ਦੇ ਸਾਰੇ ਅਗਾੳੂਂ ਪ੍ਰਬੰਧ ਕਰ ਲਏ ਜਾਣ। ਉਨਾਂ ਕਿਹਾ ਕਿ ਕੋਵਿਡ-19 ਅਤੇ ਕਰਫਿੳੂ ਬੰਦਸ਼ਾਂ ਦੇ ਬਾਵਜੂਦ ਕਣਕ ਦੀ ਨਿਰਵਿਘਨ ਖ਼ਰੀਦ ਅਤੇ ਮੰਡੀਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਖੇਤੀ ਕਾਰਜ ਦਿੱਕਤ ਰਹਿਤ ਜਾਰੀ ਰੱਖਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦਾ ਪਾਲਣ ਕੀਤਾ ਜਾਵੇ। ਉਨਾ ਕਿਹਾ ਕਿ ਇਸ ਵਿਚ ਸਮਾਜਿਕ ਦੂਰੀ, ਚਿਹਰੇ ਨੂੰ ਢਕਣਾ, ਹੱਥ ਧੋਣੇ ਅਤੇ ਹੋਰ ਸਾਵਧਾਨੀਆਂ ਵਰਤਣੀਆਂ ਸ਼ਾਮਿਲ ਹਨ। ਉਨਾਂ ਖੁਸ਼ਹਾਲੀ ਦੇ ਰਾਖਿਆਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾਵੇ। 

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲੇ ਵਿਚ ਕੋਰੋਨਾ ਤੋਂ ਬਚਾਅ ਲਈ ਸਾਰੇ ਢੁਕਵੇਂ ਕਦਮ ਚੁੱਕੇ ਗਏ ਹਨ ਅਤੇ ਲੋਕਾਂ ਨੂੰ ਉਨਾ ਦੇ ਘਰਾਂ ਤੱਕ ਲੋੜੀਂਦੀਆਂ ਵਸਤਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਰੀਬਾਂ ਅਤੇ ਲੋੜਵੰਦਾਂ ਦੀ ਵੀ ਸਹਾਇਤਾ ਲਈ ਢੁਕਵੇਂ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਵਿਚ ਕਣਕ ਦੀ ਖ਼ਰੀਦ ਅਤੇ ਮੰਡੀਕਰਨ ਦੇ ਸੁਚਾਰੂ ਪ੍ਰਬੰਧ ਯਕੀਨੀ ਬਣਾਏ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਓ. ਐਸ. ਡੀ ਸ੍ਰੀ ਕਰਨਵੀਰ ਸਿੰਘ, ਜੀ. ਓ. ਜੀਜ਼ ਦੇ ਜ਼ਿਲਾ ਮੁਖੀ ਕਰਨਲ ਕੁਲਜਿੰਦਰ ਸਿੰਘ, ਤਹਿਸੀਲ ਹੈੱਡ ਭੁਲੱਥ ਕਰਨਲ ਕੇ. ਐਸ. ਸੰਧੂ, ਤਹਿਸੀਲ ਹੈੱਡ ਕਪੂਰਥਲਾ ਕੈਪਟਨ ਗੁਰਦੀਪ ਸਿੰਘ, ਤਹਿਸੀਲ ਹੈੱਡ ਸੁਲਤਾਨਪੁਰ ਲੋਧੀ ਲੈਫਟੀਨੈਂਟ ਕਮਾਂਡਰ ਸਲਵੰਤ ਸਿੰਘ, ਤਹਿਸੀਲ ਹੈੱਡ ਫਗਵਾੜਾ ਕਰਨਲ ਤਰਨਜੀਤ ਸਿੰਘ ਅਤੇ ਜ਼ਿਲਾ ਸੁਪਰਵਾਈਜ਼ਰ ਕੈਪਟਨ ਰਣਜੀਤ ਸਿੰਘ ਹਾਜ਼ਰ ਸਨ।  

ਕੈਪਸ਼ਨ :

-ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਟੀ. ਐਸ ਸ਼ੇਰਗਿੱਲ। ਨਾਲ ਹਨ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਓ. ਐਸ. ਡੀ ਸ੍ਰੀ ਕਰਨਵੀਰ ਸਿੰਘ ਤੇ ਹੋਰ।

ਸਿਵਲ ਸਰਜਨ ਵੱਲੋਂ ਕੋਵਿਡ 19 ਨੂੰ ਲੈ ਕੇ ਮੀਟਿੰਗ ਦਾ ਆਯੋਜਨ

ਸਥਿਤੀ ਨਾਲ ਨਿਪਟਣ ਲਈ ਰਲ ਕੇ ਕੰਮ ਕਰਨ ਦੀ ਲੋੜ

ਕਪੂਰਥਲਾ,  ਅਪ੍ਰੈਲ 2020-  (ਹਰਜੀਤ ਸਿੰਘ ਵਿਰਕ) -ਸਿਵਲ ਸਰਜਨ ਡਾ. ਜਸਮੀਤ ਬਾਵਾ ਦੀ ਰਹਿਨੁਮਾਈ ਹੇਠ ਕੋਰੋਨਾ ਵਾਇਰਸ ਦੀ ਜਿਲੇ ਵਿੱਚ ਸਥਿਤੀ ਨੂੰ ਲੈ ਕੇ ਜਿਲਾ ਹਸਪਤਾਲ ਦੇ ਡਾਕਟਰਾਂ ਅਤੇ ਜਿਲਾ ਰੈਪਿਡ ਰਿਸਪਾਂਸ ਟੀਮ ਨਾਲ ਦੀ ਇੱਕ ਮੀਟਿੰਗ ਕੀਤੀ ਗਈ। ਉਨ੍ਹਾਂ ਸਟਾਫ ਨੂੰ ਆਈਸੋਲੇਸ਼ਨ ਵਾਰਡ ਦੇ ਸਾਰੇ ਇੰਤਜਾਮ ਜਿਵੇਂ ਕਿ ਲਾਜਿਸਟਿਕਸ, ਸਟਾਫ ਡਿਊਟੀ ਦਾ ਰੋਸਟਰ, ਸਟਾਫ ਵੱਲੋਂ ਕੀਤੇ ਜਾ ਰਹੇ ਕੰਮ ਦੀ ਦੇਖ ਰੇਖ ਸੰਬੰਧੀ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਨੂੰ ਦੇਣ ਨੂੰ ਕਿਹਾ।ਉਨ੍ਹਾਂ ਇਹ ਵੀ ਕਿਹਾ ਕਿ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਵੇਂ ਕਿ ਸਟਾਫ ਦੀ ਘਾਟ, ਸਮਾਨ ਦੀ ਕਮੀ ਅਤੇ ਸਟਾਕ ਦੀ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਨੂੰ ਸਿੱਧੇ ਤੌਰ ਤੇ ਦਿੱਤੀ ਜਾਵੇ।ਉਨ੍ਹਾਂ ਇਹ ਵੀ ਹਦਾਇਤ ਦਿੱਤੀ ਕਿ ਆਈਸੋਲੇਸ਼ਨ ਵਾਰਡ ਵਿੱਚ ਕੰਮ ਕਰ ਰਿਹਾ ਸਟਾਫ ਬਿਨ੍ਹਾਂ ਪ੍ਰੋਟੈਕਟਿਵ ਗਿਅਰ ਤੋਂ ਆਈਸੋਲੇਸ਼ਨ ਵਾਰਡ ਦੇ ਗੇਟ ਤੇ ਪ੍ਰਵੇਸ਼ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਆਈਸੋਲੇਸ਼ਨ ਵਾਰਡ ਵਿੱਚ ਹਰ ਤਰ੍ਹਾਂ ਦੇ ਇੰਤਜਾਮ ਕੀਤੇ ਜਾਣ।ਨਾਲ ਹੀ ਉਨਾਂ ਇਹ ਵੀ ਹਦਾਇਤ ਕੀਤੀ ਕਿ ਸ਼ੱਕੀ ਮਰੀਜ ਨੂੰ ਗਾਊਨ, ਗਲਵਜ ਤੇ ਮਾਸਕ ਪਵਾ ਕੇ ਹੀ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਜਾਵੇ।  ਸਿਵਲ ਸਰਜਨ ਨੇ ਜੋਰ ਦਿੱਤਾ ਕਿ ਟੀਮ ਵਰਕ ਦੇ ਤੌਰ ਤੇ ਕੰਮ ਕੀਤਾ ਜਾਏ ਤੇ ਡਿਊਟੀ ਪੂਰੀ ਤਣਦੇਹੀ ਨਾਲ ਨਿਭਾਈ ਜਾਏ। ਉਨ੍ਹਾਂ ਇਹ ਵੀ ਕਿਹਾ ਕਿ ਕੰਮ ਨੂੰ ਸਟਰੀਮ ਲਾਈਨ ਕਰਨਾ  ਸਭ ਦੀ ਸਮੂਹਕ ਜਿੰਮੇਵਾਰੀ ਹੈ ਤੇ ਇਸ ਜਿੰਮੇਵਾਰੀ ਨੂੰ ਨਿਭਾਇਆ ਜਾਏ। ਨਾਲ ਹੀ ਉਨ੍ਹਾਂ ਟੀਮ ਦੇ ਸਾਰੇ ਮੈਂਬਰਾਂ ਨੂੰ  ਇੱਕ ਦੂਜੇ ਨੂੰ ਪੂਰਾ ਸਹਿਯੋਗ ਦੇਣ ਲਈ ਵੀ ਪ੍ਰੇਰਿਆ।ਇਸ ਮੌਕੇ ਤੇ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਸਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਜਿਲੇ ਵਿੱਚ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸਭਨਾਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਸਥਿਤੀ ਨਾਲ ਨਿਪਟਣ ਲਈ ਇੱਕ ਟੀਮ ਵੱਜੋਂ ਕੰਮ ਕੀਤਾ ਜਾਵੇ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ. ਰਵੀਜੀਤ, ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਕੰਵਲਜੀਤ, ਡਾ. ਪ੍ਰੁੇਮਪਾਲ, ਡਾ. ਹਰਪ੍ਰੀਤ ਮੋਮੀ ਤੋਂ ਇਲਾਵਾ ਹੋਰ ਹਾਜਰ ਸਨ।

ਭਾਈ ਨਿਰਮਲ ਸਿੰਘ ਸ਼ਸ਼ਕਾਰ ਵਿਰੋਧ ਕਰਕੇ mc ਹਰਪਾਲ ਤੇ ਉਸਦਾ ਸਾਥ ਦੇਣ ਵਾਲਿਆਂ ਨੇ ਸਿੱਖ ਕੌਮ ਨੂੰ  ਕੀਤਾ ਸ਼ਰਮਸਾਰ --ਗੁਰਸੇਵਕ ਮੱਲਾ

ਬਰਨਲਾ , ਅਪ੍ਰੈਲ 2020 -( ਗੁਰਸੇਵਕ ਸੋਹੀ)- ਸਰਵਜਨ ਸੇਵਾ ਪਾਰਟੀ ਦੇ ਪੰਜਾਬ ਪ੍ਧਾਨ ਗੁਰਸੇਵਕ ਸਿੰਘ ਮੱਲਾ ਨੇ ਸ਼ਰੀ ਹਰਿਮੰਦਰ ਸਾਹਿਬ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਦੇ ਮੌਤ ਤੇ ਗਹਿਰੇ ਦੁੱਖ ਦਾ ਪ੍ਗਟਾਵਾ ਕਰਦਿਆਂ ਕਿਹਾ ਭਾਈ ਸਾਹਬ ਵਿਛੌੜੇ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਇਸ  ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ ਮੱਲਾ ਨੇ ਕਿਹਿ ਕਿ ਕਾਂਗਰਸੀ ਐਮ ਸੀ ਹਰਪਾਲ ਹੁੰਦਲ ਨੇ ਆਪਣੇ ਹੋਰ ਸਾਥੀਆਂ  ਨਾਲ  ਮਿਲਕੇ ਵੇਰਕਾ ਸ਼ਮਸ਼ਾਨ ਘਾਟ ਨੂੰ  ਤਾਲਾ ਲਾਇਆ ਤਾਂਕਿ ਭਾਈ ਸਾਹਬ ਦਾ ਅੰਤਿਮ ਸ਼ਸ਼ਕਾਰ ਦਾ ਵਿਰੋਧ ਕਰਨਾ  ਬਹੁਤ ਘਨੋਣੀ ਹਰਕਤ ਹੀ ਨਹੀਂ ਪੂਰੀ ਸਿੱਖ ਕੌਮ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ । ਇਸ ਹੰਕਾਰੀ ਨੇ ਇਹ ਸਾਬਤ ਕਰ ਦਿਤਾ ਕਾਂਗਰਸੀ ਕਦੇ ਸਿੱਖ ਕੌਮ ਦੇ ਦਰਦੀ ਨਹੀਂ ਬਣ ਸਕਦੇ । ਸ਼ਰੋਮਣੀ ਕਮੇਟੀ ਸਖਤੀ ਨਾਲ ਇਹ ਮਤਾ ਪਾਸ ਕਰਨਾ ਚਾਹੀਦਾ ਅਜਿਹੇ ਲੋਕਾਂ ਘਰ ਕਿਸੇ ਵੀ ਤਰਾਹ ਦੇ ਜੇ ਸਮਾਗਮ ਹੁੰਦਾ ਤਾਂ ਕੌਈ ਰਾਗੀ ਜਾਂ ਗਰੰਥੀ ਸੋਵਾ ਨਾ ਕਰੇ ਤਾਂ ਕਿ ਹੰਕਾਰੀਆਂ ਨੂੰ ਅਕਲ ਆ ਜਾਵੇ ਅਤੇ ਅੱਗੇ ਕੌਈ ਲਾਹਣਤੀ ਲੋਕ ਅਜਿਹੀ ਘਨੌਣੀ ਹਰਕਤ ਬਾਰੇ ਸੌਚ ਵੀ ਨਾ ਸਕਣ

ਕਰੋਨਾ ਨੂੰ ਲੈ ਕੇ ਠੁੱਲੀਵਾਲ 'ਤੇ ਨਿਹਾਲੂਵਾਲ ਦੀਆਂ ਪੰਚਾਇਤਾਂ ਨੇ ਪਿੰਡਾਂ ਨੂੰ ਕੀਤਾ ਸੀਲ।

 ਮਹਿਲ ਕਲਾਂ/ਬਰਨਾਲਾ, ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)-

ਪੂਰੀ ਦੁਨੀਆ ਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾ ਵਾਇਰਸ ਨੂੰ ਲੈ ਕੇ ਹੁਣ ਪਿੰਡ ਵਿੱਚ ਦਾਖਲ ਹੋਣ ਤੇ ਬਾਹਰ ਜਾਣ ਵਾਲੇ ਵਿਆਕਤੀਆ ਦੀ ਰੱਖੀ ਜਾਵੇਗੀ ਪੂਰੀ ਜਾਣਕਾਰੀ ਪਿੰਡਾਂ ਦੇ ਲੋਕਾਂ ਚ ਵੀ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਨੂੰ ਲਾਗੂ ਕਰਾਉਣ ਲਈ ਹੁਣ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ 'ਤੇ ਵੱਖ ਵੱਖ ਕਲੱਬਾਂ,ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਆਪਣੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਦੇ ਲਈ ਆਪਣੇ ਪਿੰਡਾਂ ਦੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਕੀਤੇ ਦੌਰੇ ਦੌਰਾਨ ਦੇਖਿਆ ਕਿ ਪਿੰਡ ਠੁੱਲੀਵਾਲ 'ਤੇ ਨਿਹਾਲੂਵਾਲ ਦੀਆਂ ਪੰਚਾਇਤਾਂ 'ਤੇ ਯੂਥ ਕਲੱਬਾਂ ਵੱਲੋਂ ਵੀ ਆਪਣੇ ਪਿੰਡਾਂ ਨੂੰ ਜੋੜਦੇ ਰਸਤੇ ਸੀਲ ਕਰਕੇ ਪਹਿਰਾ ਲਗਾ ਦਿੱਤਾ ਹੈ 'ਤੇ ਪਿੰਡਾਂ 'ਚ ਬਾਹਰੋਂ ਆਉਣ ਵਾਲੇ ਵਿਅਕਤੀਆਂ 'ਤੇ ਮੁਕੰਮਲ ਰੋਕ ਲਗਾ ਕਿ ਸਿਰਫ਼ ਮਰੀਜ਼ਾਂ ਆਦਿ ਹੋਰ ਜਰੂਰੀ ਕੰਮਾਂ ਵਾਲਿਆਂ ਨੂੰ ਪੂਰਾ ਰਿਕਾਰਡ ਰੱਖ ਕੇ ਪਿੰਡ ਤੋਂ ਬਾਹਰ ਜਾਣ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਚੇਨ ਤੋੜਨ ਲਈ ਸਰਕਾਰ ਵੱਲੋਂ ਕਰਫਿਊ ਦੌਰਾਨ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਅਸੀਂ ਆਪੋ ਆਪਣੇ ਪਿੰਡਾਂ ਨੂੰ ਸੀਲ ਕਰਕੇ ਪਹਿਰੇ ਲਗਾ ਦਿੱਤੇ ਹਨ। ਉਨਾਂ ਦੱਸਿਆ ਕਿ ਪਿੰਡਾਂ 'ਚ ਦਾਖਲ ਹੋਣ 'ਤੇ ਬਾਹਰ ਜਾਣ ਵਾਲੇ ਵਿਅਕਤੀ ਦੀ ਪੂਰੀ ਜਾਣਕਾਰੀ ਰੱਖੀ ਜਾਵੇਗੀ। ਉਨਾਂ ਹੋਰਨਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਆਪੋ ਆਪਣੇ ਪਿੰਡਾਂ ਨੂੰ ਸਰੁੱਖਿਤ ਰੱਖਣ ਲਈ ਕਰਫਿਊ ਨੂੰ ਮੁਕੰਮਲ ਲਾਗੂ ਕੀਤਾ ਜਾਵੇ। ਇਸ ਮੌਕੇ ਸਰਪੰਚ ਬਲਜੀਤ ਕੌਰ ਠੁੱਲੀਵਾਲ, ਸਾਬਕਾ ਸੰਮਤੀ ਮੈਂਬਰ ਜਰਨੈਲ ਸਿੰਘ ਠੁੱਲੀਵਾਲ,ਪੰਚ ਪਰਮਜੀਤ ਸਿੰਘ ਸੰਮੀ ਠੁੱਲੀਵਾਲ,ਸਰਪੰਚ ਕਿਰਨਜੀਤ ਕੌਰ ਨਿਹਾਲੂਵਾਲ, ਕਲੱਬ ਪ੍ਰਧਾਨ ਜਸਵਿੰਦਰ ਸਿੰਘ ਨਿਹਾਲੂਵਾਲ, ਗੁਰਸੇਵਕ ਸਿੰਘ, ਹਰਮਨਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਤਰਨਪ੍ਰੀਤ ਸਿੰਘ, ਰਾਜਵੀਰ ਧਾਲੀਵਾਲ, ਰਾਜੂ ਧਾਲੀਵਾਲ, ਮਨੂੰ ਪੰਡਿਤ, ਰੂਬੀ, ਜੱਸੀ, ਗੁਰਦੀਪ ਸਿੰਘ ਹਾਜਰ ਸਨ।  

ਕਰਫਿਊ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ।ਐਸ ਐਸ ਪੀ ਬਰਨਾਲਾ

ਜ਼ਿਲੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਵਿਚ ਲੱਗਣਗੇ ਠੀਕਰੀ ਪਹਿਰੇ

ਪਿੰਡ ਵਿਚ ਆਉਣ ਅਤੇ ਬਾਹਰ ਜਾਣ ਵਾਲਿਆਂ ਦਾ ਰੱਖਿਆ ਜਾਵੇਗਾ ਪੂਰਾ ਰਿਕਾਰਡ
ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ

ਕਪੂਰਥਲਾ ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲਾ ਕਪੂਰਥਲਾ ਵਿਚ ਪੈਂਦੇ ਪਿਡਾਂ ਵਿਚ ਪੰਚਾਇਤਾਂ ਦੇ ਸਹਿਯੋਗ ਨਾਲ ਠੀਕਰੀ ਪਹਿਰੇ ਲਗਾਉਣ ਲਈ ਕਿਹਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲੇ ਵਿਚ ਪੈਂਦੇ ਪੰਜਾਂ ਬਲਾਕਾਂ ਵਿਚ ਪੈਂਦੀਆਂ ਗ੍ਰਾਮ ਪੰਚਾਇਤਾਂ ਵਿਚ ਅਗਲੇ ਹੁਕਮਾਂ ਤੱਕ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਏ ਜਾਣਗੇ, ਜਿਸ ਸਬੰਧੀ ਹਰੇਕ ਪੰਚਾਇਤ ਵਿਚ ਇਕ ਰਜਿਸਟਰ ਲਗਾਇਆ ਜਾਵੇਗਾ। ਇਸ ਰਜਿਸਟਰ ਵਿਚ ਪਿੰਡ ਵਿਚ ਆਉਣ ਵਾਲੇ ਬਾਹਰ ਜਾਣ ਵਾਲੇ ਵਿਅਕਤੀਆਂ ਦਾ ਇੰਦਰਾਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਹਰੇਕ ਪਿੰਡਾਂ ਵਿਚ ਦੁਕਾਨਾਂ, ਡੇਅਰੀਆਂ, ਬੈਂਕਾਂ, ਏ. ਟੀ. ਐਮਜ਼ ਆਦਿ ਦੇ ਬਾਹਰ ਗਾਹਕਾਂ ਵਾਸਤੇ ਦੋ-ਦੋ ਮੀਟਰ ਦੀ ਦੂਰੀ ’ਤੇ ਗੋਲੇ ਲਗਾਏ ਜਾਣ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰਾਂ ਗਲੀਆਂ ਵਿਚ ਘੁੰਮਣ ਅਤੇ ਛੋਟੇ-ਛੋਟੇ ਇਕੱਠ ਕਰਨ ਤੋਂ ਵੀ ਗੁਰੇਜ਼ ਕਰਨ ਅਤੇ ਪਿੰਡਾਂ ਤੋਂ ਬਾਹਰ ਨਾ ਜਾਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ।
ਇਸੇ ਤਰਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਪਾਲ ਆਂਗਰਾ ਨੇ ਵੀ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਅ ਰੱਖਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਆਪਣੇ-ਆਪਣੇ ਪਿੰਡ ਵਿਚ ਠੀਕਰੀ ਪਹਿਰੇ ਲਗਾਉਣ ਦੀ ਅਪੀਲ ਕੀਤੀ ਹੈ।ਾਸ ਤੇ ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ ਤੋਂ ਇਲਾਵਾ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਾਜ਼ਰ ਸਨ।
ਕੈਪਸ਼ਨ :-ਪਿੰਡਾਂ ਵਿਚ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਦੀਆਂ ਤਸਵੀਰਾਂ।