You are here

ਪੰਜਾਬ

ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵੱਲੋਂ ਬੂਟਿਆਂ ਦੀ ਸਾਂਭ-ਸੰਭਾਲ ਦੇ ਕੰਮ ਦਾ ਜਾਇਜ਼ਾ

ਗਰਮੀ ਦੇ ਮੱਦੇਨਜ਼ਰ ਵਣ ਮਿੱਤਰਾਂ ਨੂੰ ਦਿੱਤੀਆਂ ਵਿਸ਼ੇਸ਼ ਹਦਾਇਤਾਂ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੀ ਹਰੇਕ ਗ੍ਰਾਮ ਪੰਚਾਇਤ ਵਿਚ ਪੰਜਾਬ ਸਰਕਾਰ ਦੀ ਪਹਿਲ ਸਦਕਾ ਲਗਾਏ ਗਏ 550 ਬੂਟਿਆਂ ਦੀ ਮਨਰੇਗਾ ਤਹਿਤ ਨਿਯੁਕਤ ਕੀਤੇ ਗਏ ਵਣ ਮਿੱਤਰਾਂ ਵੱਲੋਂ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਗਰਮੀ ਦੇ ਇਸ ਮੌਸਮ ਵਿਚ ਜਦੋਂ ਦਿਨ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ, ਇਨਾਂ ਕੋਮਲ ਬੂਟਿਆਂ ਦੀ ਸਾਂਭ-ਸੰਭਾਲ ਬੇਹੱਦ ਜ਼ਰੂਰੀ ਹੋ ਜਾਂਦੀ ਹੈ। ਇਸ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਗ੍ਰਾਮ ਪੰਚਾਇਤਾਂ ਵੱਲੋਂ ਹਰੇਕ 200 ਬੂਟਿਆਂ ਦੀ ਸਾਂਭ-ਸੰਭਾਲ ਲਈ ਇਕ ਵਣ ਮਿੱਤਰ ਨਿਯੁਕਤ ਕੀਤਾ ਗਿਆ ਹੈ, ਜੋ ਇਨਾਂ ਨੂੰ ਪਾਣੀ ਪਾਉਣ ਅਤੇ ਗੋਡੀ ਆਦਿ ਕਰਨ ਦਾ ਕੰਮ ਕਰ ਰਹੇ ਹਨ। ਪੰਜਾਬ ਭਰ ਵਿਚ ਲਗਾਏ ਗਏ 73 ਲੱਖ ਬੂਟਿਆਂ ਦੀ ਸਾਂਭ-ਸੰਭਾਲ ਕਰਨਾਂ ਇਕ ਚੁਨੌਤੀ ਭਰਿਆ ਕਾਰਜ ਹੈ, ਜਿਸ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਵਣ ਮਿੱਤਰਾਂ ਦੀ ਸਹਾਇਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵੱਲੋਂ ਕਪੂਰਥਲਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿਚ ਵਣ ਮਿੱਤਰਾਂ ਵੱਲੋਂ ਬੂਟਿਆਂ ਦੀ ਕੀਤੀ ਜਾ ਰਹੀ ਸਾਂਭ-ਸੰਭਾਲ ਦੇ ਕੰਮ ਦਾ ਜਾਇਜ਼ਾ ਲਿਆ ਗਿਆ।  ਉਨਾ ਵਣ ਮਿੱਤਰਾਂ ਨੂੰ ਇਸ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਗਰਮੀ ਦੇ ਮੱਦੇਨਜ਼ਰ ਬੂਟਿਆਂ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿਚ ਲਗਾਏ ਗਏ ਇਨਾਂ ਬੂਟਿਆਂ ਦੀ ਸਾਂਭ-ਸੰਭਾਲ ਵਿਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਇਸ ਮੌਕੇ ਬੀ. ਡੀ. ਪੀ. ਓ ਫਗਵਾੜਾ ਸ੍ਰੀ ਨੀਰਜ ਕੁਮਾਰ, ਏ. ਪੀ. ਓ ਮਨਰੇਗਾ ਸ੍ਰੀ ਸੁਰਿੰਦਰ ਕੁਮਾਰ ਅਤੇ ਗੁਰਪ੍ਰੀਤ ਸਿਘ ਹਾਜ਼ਰ ਸਨ।  

ਫੋਟੋ :-ਵਣ ਮਿੱਤਰਾਂ ਵੱਲੋਂ ਬੂਟਿਆਂ ਦੀ ਸਾਂਭ-ਸੰਭਾਲ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ।

ਕੋਰੋਨਾ ਨਾਲ ਜੰਗ

ਕਪੂਰਥਲਾ ਸੈਂਟਰਲ ਕੋਆਪ੍ਰੇਟਿਵ ਇੰਪਲਾਈਜ਼ ਯੂਨੀਅਨ ਵੱਲੋਂ ਲੋੜਵੰਦਾਂ ਲਈ 51 ਹਜ਼ਾਰ ਰੁਪਏ ਦਾ ਯੋਗਦਾਨ

ਡਿਪਟੀ ਕਮਿਸ਼ਨਰ ਵੱਲੋਂ ਦਾਨੀ ਲੋਕਾਂ ਨੂੰ ਵੱਧ-ਚੜ ਕੇ ਅੱਗੇ ਆਉਣ ਦੀ ਅਪੀਲ

ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਜ਼ਿਲੇ ’ਚ ਨੋਵਲ ਕੋਰੋਨਾ ਵਾਇਰਸ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਲੋੜਵੰਦਾਂ ਦੀ ਮਦਦ ਲਈ ਬਹੁਤ ਸਾਰੀਆਂ ਸੰਸਥਾਵਾਂ ਅਤੇ ਦਾਨੀ ਸੱਜਣ ਅੱਗੇ ਆ ਰਹੇ ਹਨ। ਇਸੇ ਤਹਿਤ ਅੱਜ ‘ਦੀ ਕਪੂਰਥਲਾ ਸੈਂਟਰਲ ਕੋਆਪ੍ਰੇਟਿਵ ਇੰਪਲਾਈਜ਼ ਯੂਨੀਅਨ’ ਵੱਲੋਂ ਲੋੜਵੰਦਾਂ ਲਈ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਯੋਗਦਾਨ ਦਿੱਤਾ ਗਿਆ। ਇਸ ਸਬੰਧੀ ਉਕਤ ਰਾਸ਼ੀ ਦਾ ਚੈੱਕ ਯੂਨੀਅਨ ਦੇ ਪ੍ਰਧਾਨ ਸ੍ਰੀ ਮਹੇਸ਼ ਸੰਗਰ ਅਤੇ ਹੋਰਨਾਂ ਅਹੁਦੇਦਾਰਾਂ ਵੱਲੋਂ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੂੰ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਵੱਲੋਂ ਇਸ ਨੇਕ ਕਾਰਜ ਲਈ ਯੂਨੀਅਨ ਦੀ ਸ਼ਲਾਘਾ ਕਰਦਿਆਂ ਜ਼ਿਲੇ ਦੇ ਹੋਰਨਾਂ ਦਾਨੀ ਸੱਜਣਾਂ ਨੂੰ ਵੀ ਵੱਧ-ਚੜ ਕੇ ਅੱਗੇ ਆਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਦੇ ਹਰੇਕ ਗਰੀਬ ਅਤੇ ਲੋੜਵੰਦ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਵੇਲੇ ਜ਼ਿਲੇ ਦੇ ਬਹੁਤ ਸਾਰੇ ਬੇਘਰੇ, ਬੇਸਹਾਰਾ ਅਤੇ ਹੋਰ ਲੋੜਵੰਦ ਲੋਕਾਂ ਨੂੰ ਜੀਵਨ ਨਿਰਬਾਹ ਲਈ ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਖ਼ਤ ਜ਼ਰੂਰਤ ਹੈ।  ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਹਰੇਕ ਲੋੜਵੰਦ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਨਾਂ ਕਿਹਾ ਕਿ ਜਿਹੜੇ ਦਾਨੀ ਲੋਕ ਇਸ ਨੇਕ ਕੰਮ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ, ਉਹ ਜ਼ਿਲਾ ਰੈੱਡ ਕਰਾਸ ਸੁਸਾਇਟੀ ਰਾਹੀਂ ਇਸ ਕੰਮ ਵਿਚ ਆਪਣਾ ਹਿੱਸਾ ਪਾ ਸਕਦੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਦਾਨ ਜ਼ਿਲਾ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਦੇ ਖਾਤਾ ਨੰਬਰ 850101 00007262, ਆਈ. ਐਫ. ਐਸ. ਸੀ ਕੋਡ  PUNBOPGB003 ਵਿਚ ਵੀ ਦਿੱਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਆਰ. ਸੀ. ਬਿਰਹਾ ਨਾਲ ਮੋਬਾਈਲ ਨੰਬਰ 98146-78434 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਦਾਨੀ ਲੋਕਾਂ ਵੱਲੋਂ ਦਿੱਤੀ ਰਾਸ਼ੀ ਦਾ ਪੂਰਾ ਹਿਸਾਬ ਰੱਖਣ ਦੇ ਨਾਲ-ਨਾਲ  ਲੋੜਵੰਦਾਂ ਤੱਕ ਪਹੁੰਚਾਏ ਸਾਮਾਨ ਦਾ ਪਾਰਦਰਸ਼ੀ ਢੰਗ ਨਾਲ ਪੂਰਾ ਰਿਕਾਰਡ ਰੱਖਿਆ ਜਾ ਰਿਹਾ ਹੈ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਚਰਨਜੀਤ ਸਿੰਘ ਵਾਲੀਆ, ਮੈਨੇਜਰ ਸ੍ਰੀ ਰਜਿੰਦਰ ਆਨੰਦ ਅਤੇ ਕੈਸ਼ੀਅਰ ਸ੍ਰੀ ਵਰਿੰਦਰ ਕੁਮਾਰ ਹਾਜ਼ਰ ਸਨ। 

ਫੋਟੋ :-ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੂੰ ਲੋੜਵੰਦਾਂ ਲਈ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਸ੍ਰੀ ਮਹੇਸ਼ ਸੰਗਰ। ਨਾਲ ਹਨ ਸ੍ਰੀ ਚਰਨਜੀਤ ਸਿੰਘ ਵਾਲੀਆ, ਸ੍ਰੀ ਰਜਿੰਦਰ ਆਨੰਦ ਤੇ ਸ੍ਰੀ ਵਰਿੰਦਰ ਕੁਮਾਰ।

ਜ਼ਿਲੇ ਵਿਚ 758 ਮੀਟਿ੍ਰਕ ਟਨ ਕਣਕ ਦੀ ਹੋਈ ਖ਼ਰੀਦ 

ਕਿਸਾਨ ਸੁੱਕੀ ਕਣਕ ਹੀ ਖ਼ਰੀਦ ਕੇਂਦਰਾਂ ਵਿਚ ਲਿਆਉਣ-ਡੀ. ਸੀ

ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕਪੂਰਥਲਾ ਜ਼ਿਲੇ ਵਿਚ ਕਣਕ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਅੱਜ ਸ਼ਾਮ ਤੱਕ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 758 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਭਾਵੇਂ ਕਿ ਮੌਸਮ ਦੇ ਮਿਜਾਜ਼ ਕਾਰਨ ਕਣਕ ਦੀ ਵਾਢੀ ਨੇ ਹਾਲੇ ਜ਼ੋਰ ਨਹੀਂ ਫੜਿਆ ਹੈ, ਫਿਰ ਵੀ ਕਈ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਉਨਾਂ ਦੱਸਿਆ ਕਿ ਪਨਗ੍ਰੇਨ ਵੱਲੋਂ 293 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 375 ਮੀਟਿ੍ਰਕ ਟਨ ਅਤੇ ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 90 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨਾਂ ਦੱਸਿਆ ਜ਼ਿਲੇ ਦੇ ਸਾਰੇ 98 ਖ਼ਰੀਦ ਕੇਂਦਰਾਂ ਵਿਚ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਅਤੇ ਬਾਰਦਾਨੇ ਆਦਿ ਤੋਂ ਇਲਾਵਾ ਆਪਸੀ ਦੂਰੀ ਬਣਾਈ ਰੱਖਣ ਅਤੇ ਹੱਥ ਧੋਣ ਆਦਿ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਖ਼ਰੀਦ ਕੇਂਦਰਾਂ ਵਿਚ ਤਾਇਨਾਤ ਟੀਮਾਂ ਵੱਲੋਂ ਖ਼ਰੀਦ ਪ੍ਰਕਿਰਿਆ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਕੰਮ ਲਈ ਪੁਲਿਸ ਤੋਂ ਇਲਾਵਾ ਜੀ. ਓ. ਜੀਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਮਦਦ ਲਈ ਜਾ ਰਹੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਖ਼ਰੀਦ ਕੇਂਦਰਾਂ ਵਿਚ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਹੀ ਮੰਡੀਆਂ ਵਿਚ ਲੈ ਕੇ ਆਉਣ ਅਤੇ ਨੋਵਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਪੂਰਾ ਖਿਆਲ ਰੱਖਣ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਣਕ ਦੀ ਕਟਾਈ ਅਤੇ ਆਵਾਜਾਈ ਸਬੰਧੀ ਜਾਰੀ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਬ੍ਰਿਟਿਸ਼ ਹਵਾਈ ਉਡਾਣ ਕੰਪਨੀ ਵੱਲੋਂ ਕੱਲ੍ਹ ਤੋਂ ਚਾਰ ਦਿਨ ਸਿੱਧੀਆਂ ਉਡਾਣਾਂ

ਅੰਮ੍ਰਿਤਸਰ/ਲੰਡਨ, ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ਗਿਆਨੀ ਰਾਵਿਦਾਰਪਾਲ ਸਿੰਘ/ਮਨਜਿੰਦਰ ਗਿੱਲ)-

ਵਿਸ਼ਵ ਭਰ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਰੁਕ ਚੁੱਕੇ ਜੀਵਨ ਕਾਰਨ ਭਾਰਤ ਵਿਚ ਆਏ ਬਰਤਾਨੀਆ ਦੇ ਪੱਕੇ ਵਸਨੀਕਾਂ ਦੀ ਵਾਪਸੀ ਲਈ ਬ੍ਰਿਟਿਸ਼ ਹਵਾਈ ਉਡਾਣ ਕੰਪਨੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਯਾਤਰੂਆਂ ਦੀ ਮੰਗ ਨੂੰ ਵੇਖ ਦੇ ਹੋਏ ਕੱਲ੍ਹ ਤੋਂ ਚਾਰ ਦਿਨ ਲਗਾਤਾਰ ਸਿੱਧੀਆਂ ਉਡਾਣਾਂ ਚਲਾਉਣ ਦਾ ਮਨ ਬਣਾਇਆ ਹੈ। ਪਹਿਲਾਂ ਇਹ ਉਡਾਣਾਂ ਸਿਰਫ਼ ਤਿੰਨ ਦਿਨ ਹੀ ਚਲਾਈ ਜਾਣੀ ਸੀ। ਪਰ ਯਾਤਰੂਆਂ ਦੀ ਮੰਗ ਨੂੰ ਵੇਖਦਿਆਂ ਦੋ ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ।

ਪਿਛਲੇ ਤਿੰਨ ਦਿਨਾਂ ਵਿੱਚ ਜ਼ਿਲਾ ਲੁਧਿਆਣਾ ਵਿੱਚ ਕੋਈ ਨਵਾਂ ਪਾਜ਼ੀਟਿਵ ਮਾਮਲਾ ਨਹੀਂ ਆਇਆ-ਡਿਪਟੀ ਕਮਿਸ਼ਨਰ

ਸਥਿਤੀ ਕਾਬੂ ਹੇਠ-ਕਰਫਿਊ/ਲੌਕਡਾਊਨ ਵਿੱਚ ਢਿੱਲ ਬਾਰੇ ਫੈਸਲਾ 20 ਅਪ੍ਰੈੱਲ ਨੂੰ

ਲੋਕਾਂ ਦੀ ਭਲਾਈ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਮੈਡੀਕਲ ਬੁਲੇਟਿਨ ਦੀ ਸ਼ੁਰੂਆਤ 

ਲੁਧਿਆਣਾ, ਅਪ੍ਰੈੱਲ 2020 - ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਜ਼ਿਲਾ ਲੁਧਿਆਣਾ ਵਿੱਚ ਕੋਵਿਡ 19 ਦਾ ਕੋਈ ਵੀ ਨਵਾਂ ਪਾਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਉਨਾਂ ਕਿਹਾ ਕਿ ਇਹ ਸਭ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ, ਜ਼ਿਲਾ ਪ੍ਰਸਾਸ਼ਨ ਅਤੇ ਹੋਰ ਵਿਭਾਗਾਂ ਦੇ 24 ਘੰਟੇ ਕੰਮ ਦੇ ਸਦਕਾ ਹੀ ਸੰਭਵ ਹੋ ਸਕਿਆ ਹੈ, ਜਿਸ ਨਾਲ ਅਸੀਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਹੁਣ ਤੱਕ ਸਫ਼ਲ ਰਹੇ ਹਾਂ।

ਉਨ•ਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਸਾਰੇ ਸੀਨੀਅਰ ਅਧਿਕਾਰੀ ਨਿੱਜੀ ਤੌਰ 'ਤੇ ਸਥਿਤੀ ਨੂੰ ਦੇਖ ਰਹੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ ਪੰਜਾਬ ਸਰਕਾਰ, ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਐੱਸ. ਡੀ. ਆਰ. ਐੱਫ. ਵੱਲੋਂ ਲੋੜਵੰਦ ਲੋਕਾਂ ਨੂੰ 1.5 ਲੱਖ ਭੋਜਨ ਪੈਕੇਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਹ ਵੰਡ ਰੋਜ਼ਾਨਾ ਹਾਲੇ ਵੀ ਲਗਾਤਾਰ ਜਾਰੀ ਹੈ। ਉਨਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਜਲਦ ਹੀ ਇੱਕ ਮੈਡੀਕਲ ਬੁਲੇਟਿਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸਿਹਤ ਮਾਹਿਰਾਂ ਦੀ ਟੀਮ ਨਾਲ ਜੁੜਨ ਦਾ ਮੌਕਾ ਮਿਲੇਗਾ। ਇਸ ਟੀਮ ਵਿੱਚ ਸਿਵਲ ਸਰਜਨ, ਆਯੂਸ਼ ਡਾਕਟਰ, ਦੋ ਨਿੱਜੀ ਡਾਕਟਰ ਅਤੇ ਹੋਰ ਸ਼ਾਮਿਲ ਹੋਣਗੇ, ਜੋ ਕੋਵਿਡ 19 ਸੰਬੰਧੀ ਲੋਕਾਂ ਦੇ ਸਵਾਲਾਂ ਦਾ ਜਵਾਬ ਦਿਆ ਕਰਨਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਆਦੇਸ਼ 'ਤੇ ਜ਼ਿਲਾ ਲੁਧਿਆਣਾ ਵਿੱਚ ਵੀ ਕਰਫਿਊ 3 ਮਈ, 2020 ਤੱਕ ਵਧਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਕੇਂਦਰ ਦੀ ਉੱਚ ਤਾਕਤੀ ਕਮੇਟੀ ਨੇ ਅੱਜ ਫੈਸਲਾ ਕੀਤਾ ਹੈ ਕਿ ਜੇਕਰ 20 ਅਪ੍ਰੈੱਲ, 2020 ਤੱਕ ਜ਼ਿਲੇ ਦੇ ਕਿਸੇ ਹਿੱਸੇ ਵਿੱਚ ਸਥਿਤੀ ਕਾਬੂ ਹੇਠ ਰਹਿੰਦੀ ਹੈ ਤਾਂ ਉਥੇ ਸ਼ਰਤਾਂ ਸਹਿਤ ਕੁਝ ਢਿੱਲ ਦਿੱਤੀ ਜਾ ਸਕਦੀ ਹੈ। ਜ਼ਿਲਾ ਲੁਧਿਆਣਾ ਦੇ ਕਿਸੇ ਹਿੱਸੇ ਵਿੱਚ ਅਜਿਹੀ ਢਿੱਲ ਦੇਣ ਬਾਰੇ ਫੈਸਲਾ ਜ਼ਿਲਾ ਪ੍ਰਸਾਸ਼ਨ ਵੱਲੋਂ ਮਿਤੀ 20 ਅਪ੍ਰੈੱਲ ਨੂੰ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਕਣਕ ਦੀ ਸਰਕਾਰੀ ਖਰੀਦ ਅੱਜ ਸ਼ੁਰੂ ਹੋ ਗਈ ਹੈ, ਅੱਜ ਖੰਨਾ ਮੰਡੀ ਵਿੱਚ ਕਿਸਾਨਾਂ ਨੂੰ 15 ਪਾਸ ਜਾਰੀ ਕੀਤੇ ਗਏ ਸਨ, ਜਿਨਾਂ ਨੇ ਸੁਚਾਰੂ ਤਰੀਕੇ ਨਾਲ ਫਸਲ ਮੰਡੀ ਵਿੱਚ ਲਿਆਂਦੀ ਅਤੇ ਇਸ ਦੀ ਖਰੀਦ ਸਿਰੇ ਚੜਾਈ ਗਈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਲਈ ਵਾਰੀ ਮੁਤਾਬਿਕ ਪਾਸ ਜਾਰੀ ਕੀਤੇ ਜਾਣਗੇ। ਇਹ ਪਾਸ ਆੜਤੀਆਂ ਰਾਹੀਂ ਜਾਰੀ ਕੀਤੇ ਜਾ ਰਹੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਾਰੀ ਮੁਤਾਬਿਕ ਹੀ ਮੰਡੀਆਂ ਵਿੱਚ ਆਉਣ। ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ 844 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 698 ਨਮੂਨਿਆਂ ਦੇ ਨਤੀਜੇ ਪ੍ਰਾਪਤ ਹੋਏ ਹਨ, ਜਿਨਾਂ ਵਿੱਚੋਂ 668 ਨਤੀਜੇ ਨੈਗੇਟਿਵ ਆਏ ਹਨ, ਜਦਕਿ 146 ਨਮੂਨਿਆਂ ਦੇ ਨਤੀਜੇ ਆਉਣੇ ਬਾਕੀ ਹਨ। ਉਨਾਂ ਕਿਹਾ ਕਿ ਅੱਜ ਤੱਕ ਜ਼ਿਲਾ ਲੁਧਿਆਣਾ ਵਿੱਚ 13 ਮਰੀਜ਼ ਪਾਜ਼ੀਟਿਵ ਪਾਏ ਗਏ ਹਨ, ਜਿਨਾਂ ਵਿੱਚੋਂ 1 ਮਰੀਜ਼ ਜਲੰਧਰ ਅਤੇ 1 ਬਰਨਾਲਾ ਨਾਲ ਸੰਬੰਧਤ ਹੈ।

ਤਾਜਾ ਮੌਸਮ! ✍️ਸਲੇਮਪੁਰੀ ਦੀ ਚੂੰਢੀ

ਤਾਜਾ ਮੌਸਮ!

ਮੀਂਹ - ਅਪਡੇਟ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 

17 ਅਪ੍ਰੈਲ ਤੋਂ ਮਿਲੇਗੀ ਗਰਮੀ ਤੋਂ ਚੰਗੀ ਰਾਹਤ:-

17 ਤੋਂ 21 ਅਪ੍ਰੈਲ ਦੌਰਾਨ ਲਗਾਤਾਰ ਦੋ ਪੱਛਮੀ ਸਿਸਟਮ ਖਿੱਤੇ ਪੰਜਾਬ ਨੂੰ ਕਰਨਗੇ ਪ੍ਰਭਾਵਿਤ। 2-3 ਵਾਰ ਠੰਡੀ ਹਨੇਰੀ ਨਾਲ ਦਰਮਿਆਨੀ ਬਾਰਿਸ਼ ਦੀ ਉਮੀਦ ਰਹੇਗੀ। 

17-18 ਅਪ੍ਰੈਲ ਨੂੰ ਪੁੱਜ ਰਹੇ ਪਹਿਲੇ ਪੱਛਮੀ ਸਿਸਟਮ ਨਾਲ ਪੰਜਾਬ ਦੇ ਅਨੇਕਾਂ ਹਿੱਸਿਆਂ ਚ ਟੁੱਟਵੀਂ ਹਲਕੀ/ਦਰਮਿਆਨੀ ਬਾਰਿਸ਼ ਗਰਜ-ਚਮਕ ਤੇ ਠੰਡੀ ਹਨੇਰੀ ਨਾਲ ਪਵੇਗੀ ।ਅਸਰ ਵਜ੍ਹੋਂ ਪਾਰਾ 2-4°c ਡਿਗਰੀ ਹੇਠਾਂ ਆਵੇਗਾ ਤੇ ਗਰਮੀ ਤੋਂ ਰਾਹਤ ਮਿਲੇਗੀ।

ਦੂਜਾ ਪੱਛਮੀ ਸਿਸਟਮ ਪਹਿਲੇ ਨਾਲੋਂ ਤਕੜਾ ਰਹੇਗਾ ਜਿਸਦਾ ਅਸਰ 19-20 ਅਪ੍ਰੈਲ ਨੂੰ ਦੇਖਣ ਨੂੰ ਮਿਲੇਗਾ। ਇਸ ਦੌਰਾਨ ਖਿੱਤੇ ਪੰਜਾਬ ਚ ਦਰਮਿਆਨੇ ਤੋੰ ਭਾਰੀ  ਛਰਾਟਿਆਂ ਦੀ ਉਮੀਦ  ਖਾਸਕਰ 20 ਨੂੰ ਹੈ। 21 ਅਪ੍ਰੈਲ ਕਾਰਵਾਈ ਘਟੇਗੀ ਪਰ ਥੋੜੇ ਖੇਤਰ 'ਚ ਹਲਚਲ ਦੀ ਆਸ ਬਣੀ ਰਹੇਗੀ।

ਇਹਨਾਂ ਦੋ ਪੱਛਮੀ ਹਲਚਲਾਂ ਤੋਂ ਇਲਾਵਾ 24/25 ਅਪ੍ਰੈਲ ਲਾਗੇ ਇੱਕ ਹੋਰ ਤਕੜਾ ਸਿਸਟਮ ਆਉਣ ਦੀ ਉਮੀਦ ਵੀ ਬੱਝ ਰਹੀ ਹੈ।

ਸੋ ਕੁਲ ਮਿਲ੍ਹਾ ਕੇ 17 ਤੋਂ 26 ਅਪ੍ਰੈਲ ਦੌਰਾਨ ਬੱਦਲਾਂ ਤੇ ਮੀਂਹ ਦੀ ਲਗਾਤਾਰ ਆਉਣੀ ਜਾਣੀ ਬਣੀ ਰਹਿਣ ਕਾਰਨ ਗਰਮੀ ਤੋਂ ਰਾਹਤ ਹੀ ਰਹੇਗੀ ਪਰ ਅਪ੍ਰੈਲ ਦੇ ਅੰਤ ਪਹਿਲੀ ਲੂ ਦੀ ਸ਼ੁਰੂਆਤ ਹੋ ਸਕਦੀ ਹੈ! 

ਧੰਨਵਾਦ ਸਹਿਤ।

ਸੁਖਦੇਵ ਸਲੇਮਪੁਰੀ

09780620233

15 ਅਪ੍ਰੈਲ, 2020

ਕੋਰੋਨਾ ਵਾਇਰਸ ਤੋਂ ਬਚਾਅ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ ਪਿੰਡਾਂ ’ਚ ਲਗਾਏ ਠੀਕਰੀ ਪਹਿਰੇ

ਕਪੂਰਥਲਾ, ਅਪ੍ਰੈਲ 2020  -(ਹਰਜੀਤ ਸਿੰਘ ਵਿਰਕ)-

ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਣ ਤੋਂ ਬਚਾਅ ਲਈ ਠੀਕਰੀ ਪਹਿਰੇ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ, ਕਿਉਂਕਿ ਪਿੰਡ ਪੱਧਰ ’ਤੇ ਬਣੇ ਚੌਕਸੀ ਕਰਨ ਵਾਲੇ ਸਮੂਹ ਬਾਹਰੀ ਲੋਕਾਂ ਦੇ ਪਿੰਡ ਵਿਚ ਦਾਖ਼ਲੇ ’ਤੇ ਪੈਨੀ ਨਜ਼ਰ ਰੱਖ ਰਹੇ ਹਨ ਅਤੇ ਜ਼ਿਲਾ ਪ੍ਰਸ਼ਾਸਨ ਲਈ ਬੇਹੱਦ ਮਦਦਗਾਰ ਸਾਬਿਤ ਹੋ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਇਸ ਕੰਮ ਵਿਚ ਪੂਰੀ ਜਿੰਮੇਵਾਰੀ ਨਾਲ ਜੁੱਟੀਆਂ ਹੋਈਆਂ ਹਨ। ਉਨਾਂ ਕਿਹਾ ਕਿ ਬਹੁਤ ਸਾਰੇ ਪਿੰਡਾਂ ਵਿਚ ਸਰਪੰਚਾਂ ਅਤੇ ਯੂਥ ਕਲੱਬਾਂ ਨੇ ਐਂਟਰੀ ਪੁਆਇੰਟਾਂ ’ਤੇ ਨਾਕੇ ਲਗਾਏ ਹੋਏ ਹਨ ਅਤੇ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਬਾਹਰਲਾ ਵਿਅਕਤੀ ਪਿੰਡ ਵਿਚ ਦਾਖ਼ਲ ਨਾ ਹੋਵੇ ਅਤੇ ਕੋਈ ਵੀ ਪਿੰਡ ਤੋਂ ਬਾਹਰ ਨਾ ਜਾਵੇ। ਪਿੰਡ ਵਿਚ ਜ਼ਰੂਰੀ ਵਸਤਾਂ ਜਿਵੇਂ ਸਬਜ਼ੀਆਂ, ਦੁੱਧ, ਕਰਿਆਨਾ, ਗੈਸ ਸਿਲੰਡਰ ਅਤੇ ਦਵਾਈਆਂ ਆਦਿ ਦੀ ਸਪਲਾਈ ਜਾਂ ਸਪੁਰਦਗੀ ਦੇ ਮਾਮਲੇ ਵਿਚ ਇਜਾਜ਼ਤ ਲੈ ਕੇ ਅੰਦਰ ਆਉਣ ਦੀ ਆਗਿਆ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪਿੰਡ ਵਿਚ ਅੰਦਰ ਆਉਣ ਅਤੇ ਬਾਹਰ ਜਾਣ ਵਾਲਿਆਂ ਦਾ ਦਾ ਪੂਰਾ ਰਿਕਾਰਡ ਰੱਖਿਆ ਜਾ ਰਿਹਾ ਹੈ, ਤਾਂ ਜੋ ਕੋਈ ਵੀ ਕੋਰੋਨਾ ਪਾਜ਼ੇਟਿਵ ਕੇਸ ਉੱਭਰਨ ਦੀ ਸਥਿਤੀ ਵਿਚ ਸਰੋਤ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕੇ ਅਤੇ ਰੋਕਥਾਮ ਲਈ ਕਦਮ ਚੁੱਕੇ ਜਾ ਸਕਣ। ਇਸ ਤੋਂ ਇਲਾਵਾ ਪੰਚਾਇਤਾਂ ਵੱਲੋਂ ਆਪਣੀ ਪੱਧਰ ’ਤੇ ਸੈਨੀਟਾਈਜ਼ੇਸ਼ਨ ਮੁਹਿੰਮ ਵੀ ਲਗਾਤਾਰ ਚਲਾਈ ਜਾ ਰਹੀ ਹੈ ਅਤੇ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਵੀ ਢੁਕਵੇਂ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਕੋਰੋਨਾ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਦੀ ਤੀਜੀ ਅੱਖ ਵਜੋਂ ਕੰਮ ਕਰ ਰਹੀਆਂ ਹਨ। 

ਕੈਪਸ਼ਨਾਂ -ਕਪੂਰਥਲਾ ਦੇ ਪਿੰਡ ਧੁਆਂਖੇ ਜਗੀਰ ਵਿਖੇ ਲਗਾਏ ਗਏ ਠੀਕਰੀ ਪਹਿਰੇ ਦਾ ਦਿ੍ਰਸ਼।

ਪਿੰਡ ਚੰਨਣਵਾਲ ਵਿਖੇ 5 ਏਕੜ ਕਣਕ ਨੂੰ ਲੱਗੀ ਅੱਗ ਫਸਲ ਸੜ ਕੇ ਹੋਈ ਸਵਾਹ 

ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ) -ਜਿਲਾ ਬਰਨਾਲਾ ਦੇ ਪਿੰਡ ਚੰਨਣਵਾਲ ਵਿਬਖੇ 5 ਏਕੜ ਹਾੜੀ ਦੀ ਫਸਲ ਸੜ ਕੇ ਹੋਈ ਸਵਾਹ ਹਰ ਸਾਲ ਦੀ ਤਰ੍ਹਾਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਪਾਲੀ ਕਣਕ ਨੂੰ ਅੱਗ ਲੱਗ ਜਾਵੇ ਤਾਂ ਕਿਸਾਨ ਵੀਰਾਂ ਦਾ ਮਰਨ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਅੱਜ ਪਿੰਡ ਚੰਨਣਵਾਲ ਦੇ ਕਿਸਾਨ ਵੀਰਾਂ ਦੀ ਪੰਜ ਏਕੜ ਫ਼ਸਲ ਸੜ ਕੇ ਸਵਾਹ ਹੋ ਗਈ। ਜਿਨ੍ਹਾਂ ਵਿੱਚ ਬਲਵੰਤ ਸਿੰਘ ਪੁੱਤਰ ਕਰਨੈਲ ਸਿੰਘ 3 ਏਕੜ,ਗੁਰਦੀਪ ਸਿੰਘ ਪੁੱਤਰ ਉਜਾਗਰ ਸਿੰਘ 1 ਏਕੜ.1 ਕਨਾਲ ਬਲੌਰ ਸਿੰਘ ਪੁੱਤਰ ਇੰਦਰ ਸਿੰਘ,ਅੱਧਾ ਏਕੜ ਗੁਰਦੀਪ ਸਿੰਘ ਪੁੱਤਰ ਉਜਾਗਰ ਸਿੰਘ ,1 ਏਕੜ 1 ਕਨਾਲ ਬਲੌਰ ਸਿੰਘ ਪੁੱਤਰ ਇੰਦਰ ਸਿੰਘ ਅੱਧਾ ਏਕੜ ਅਤੇ ਗੁਰਦੀਪ ਸਿੰਘ ਪੁੱਤਰ ਨਛੱਤਰ ਸਿੰਘ ਅੱਧਾ ਏਕੜ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ।ਬਰਨਾਲਾ ਬਿਜਲੀ ਮਹਿਕਮੇ ਦੇ  ਐਕਸ਼ਨ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਪਤਾ ਲੱਗਿਆ ਕੇ ਕੰਬਾਇਨ 24  ਘੰਟੇ ਬਿਜਲੀ ਦੀ ਸਪਲਾਈ ਤਾਰਾਂ ਦੇ ਨਾਲ ਟੱਚ ਹੋਣ ਕਾਰਨ ਅੱਗ ਲੱਗ ਗਈ। ਅਤੇ ਜਾਂਚ ਚੱਲ ਰਹੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਇਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਸ ਮੌਕੇ ਉਨ੍ਹਾਂ ਨਾਲ ਸਰਪੰਚ ਰਣਜੀਤ ਸਿੰਘ ਰਾਣਾ ਕਲਾਲਾ, ਕੁਲਵੀਰ ਸਿੰਘ ਆੜ੍ਹਤੀਆ, ਜਗਜੀਤ ਸਿੰਘ ਤੱਤਲਾ, ਅਤੇ ਸਤਿਕਾਰ ਕਮੇਟੀ ਆਦਿ ਹਾਜ਼ਰ ਸਨ।

ਕੋਰੋਨਾ ਨੂੰ ਮਾਤ ਦੇਣ ਲਈ ਡਟੇ ਸਿਹਤ ਵਿਭਾਗ ਦੇ ਯੋਧੇ

ਘਰਾਂ ਵਿਚ ਰਹੋ ਤੇ ਜਿੰਮੇਵਾਰ ਬਣੋ-ਸਿਵਲ ਸਰਜਨ

ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ ’ਤੇ ਛਾਈ ਹੋਈ ਹੈ। ਅਜਿਹੇ ਹਾਲਾਤ ਤੋਂ ਆਮ ਜਨਤਾ ਨੂੰ ਸਿਹਤਯਾਬ ਰੱਖਣ ਲਈ ਸਿਹਤ ਵਿਭਾਗ ਪੂਰੀ ਤਰਾਂ ਡਟਿਆ ਹੋਇਆ ਹੈ। ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜਿਸ ਤਰਾਂ ਸਿਹਤ ਵਿਭਾਗ ਦਾ ਸਾਰਾ ਮੈਡੀਕਲ, ਪੈਰਾ ਮੈਡੀਕਲ ਤੇ ਪ੍ਰਸ਼ਾਸਕੀ ਅਮਲਾ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਡਟਿਆ ਹੋਇਆ ਹੈ, ਉਥੇ ਆਮ ਜਨਤਾ ਦੀ ਸਮੂਹਕ ਜਿੰਮੇਵਾਰੀ ਬਣਦੀ ਹੈ, ਉਹ ਘਰਾਂ ਵਿਚ ਰਹਿ ਕੇ ਇਨਾਂ ਯੋਧਿਆਂ ਦਾ ਸਾਥ ਦੇਣ ਅਤੇ ਹੌਸਲਾ ਅਫ਼ਜ਼ਾਈ ਕਰਨ। 

24 ਘੰਟੇ ਸਾਡੇ ਸਭਨਾਂ ਲਈ ਮੁਸਤੈਦ 

ਜ਼ਿਕਰਯੋਗ ਹੈ ਕਿ ਕੋਰੋਨਾ ਦੀ ਚੇਨ ਨੂੰ ਤੋੜਨਾ ਇਕ ਚੁਨੌਤੀ ਬਣ ਚੁੱਕਾ ਹੈ। ਇਸ ਖ਼ਤਰਨਾਕ ਵਾਇਰਸ ਨੂੰ ਖ਼ਤਮ ਕਰਨ ਅਤੇ ਲੋਕਾਂ ਨੂੰ ਇਸ ਵਾਇਰਸ ਦੀ ਚਪੇਟ ਤੋਂ ਬਚਾਉਣ ਲਈ ਸਿਹਤ ਵਿਭਾਗ 24 ਘੰਟੇ ਮੁਸਤੈਦ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਬਲਾਕਾਂ ਵਿਚ ਰੈਪਿਡ ਰਿਸਪਾਂਸ ਟੀਮਾਂ ਤਾਇਨਾਤ ਹਨ। ਜਦੋਂ ਵੀ ਉਨਾਂ ਨੂੰ ਕੋਈ ਸ਼ੱਕੀ ਮਰੀਜ਼ ਸਬੰਧੀ ਸੂਚਨਾ ਮਿਲਦੀ ਹੈ ਤਾਂ ਸਬੰਧਤ ਸ਼ੱਕੀ ਮਰੀਜ਼ ਦੀ ਸਕਰੀਨਿੰਗ ਕਰ ਕੇ ਇਹ ਦੇਖਿਆ ਜਾਂਦਾ ਹੈ ਕਿ ਮਰੀਜ਼ ਨੂੰ ਹੋਮ ਕੋਰਨਟਾਈਨ ਕਰਨਾ ਹੈ ਜਾਂ ਜ਼ਿਲਾ ਹਸਪਤਾਲ ਭੇਜਣਾ ਹੈ। ਇਸੇ ਤਰਾਂ ਜ਼ਿਲੇ ’ਤੇ ਤਾਇਨਾਤ ਰੈਪਿਡ ਰਿਸਪਾਂਸ ਟੀਮ ਵੱਲੋਂ ਤੈਅ ਕੀਤਾ ਜਾਂਦਾ ਹੈ ਕਿ ਮਰੀਜ਼ ਨੂੰ ਆਈਸੋਲੇਸ਼ਨ ਸੈਂਟਰ ਭੇਜਣਾ ਹੈ ਜਾਂ ਨਹੀਂ। ਜਦ ਵੀ ਕੋਈ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਐਮਰਜੈਂਸੀ ਦਾ ਸਟਾਫ ਉਸ ਦੀ ਸਕਰੀਨਿੰਗ ਕਰਦਾ ਹੈ। ਈ. ਐਨ. ਟੀ ਮਾਹਿਰ ਅਤੇ ਪੈਥੋਲੋਜਿਸਟ ਵੱਲੋਂ ਸ਼ੱਕੀ ਮਰੀਜ਼ ਦਾ ਟੈਸਟ ਲਿਆ ਜਾਂਦਾ ਹੈ ਤੇ ਪੁਸ਼ਟੀ ਹੋਣ ’ਤੇ ਆਈਸੋਲੇਸ਼ਨ ਵਿਚ ਤਾਇਨਾਤ ਰੈਪਿਡ ਰਿਸਪਾਂਸ ਟੀਮ, ਜਿਸ ਵਿਚ ਮੈਡੀਕਲ ਸਪੈਸ਼ਲਿਸਟ, ਰੂਰਲ ਮੈਡੀਕਲ ਅਫ਼ਸਰ, ਸੀ. ਐਚ. ਓਜ਼ ਤੇ ਹੋਰ ਸਟਾਫ ਸ਼ਾਮ ਹੈ, ਆਪਣੀ ਡਿੳੂਟੀ ਸੰਭਾਲ ਲੈਂਦੇ ਹਨ ਤੇ ਮਰੀਜ਼ ਨੂੰ ਨਿਗਰਾਨੀ ਵਿਚ ਰੱਖਦੇ ਹਨ। ਮਰੀਜ਼ ਨੂੰ ਦਿਨ ਵਿਚ ਤਿੰਨ ਤੋਂ ਚਾਰ ਵਾਰ ਤਾਇਨਾਤ ਸਟਾਫ ਵੱਲੋਂ ਚੈੱਕ ਕੀਤਾ ਜਾਂਦਾ ਹੈ। 

ਸਿਵਲ ਸਰਜਨ 2 ਘੰਟੇ ਬਾਅਦ ਲੈਂਦੇ ਹਨ ਰਿਪੋਰਟ

ਜ਼ਿਲਾ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ 2 ਮਰੀਜ਼ ਦਾਖ਼ਲ ਹਨ। ਜ਼ਿਕਰਯੋਗ ਹੈ ਕਿ ਇਨਾਂ ਮਰੀਜ਼ਾ ਦੀ ਹਾਲਤ ਵੀ ਸਥਿਰ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਵੱਲੋਂ ਖ਼ੁਦ ਹਾਲਾਤ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਰ ਦੋ ਘੰਟੇ ਬਾਅਦ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਮਰੀਜ਼ਾਂ, ਸਟਾਫ, ਲੋਜਿਸਟਿਕਸ ਦੀ ਜਾਣਕਾਰੀ ਲਈ ਜਾਂਦੀ ਹੈ ਤਾਂ ਕਿ ਕਿਸੇ ਵੀ ਤਰਾਂ ਦੀ ਜ਼ਰੂਰਤ ਨੂੰ ਤੁਰੰਤ ਹੀ ਪੂਰਾ ਕੀਤਾ ਜਾ ਸਕੇ ਅਤੇ ਮਰੀਜ਼ ਨੂੰ ਕੋਈ ਤਕਲੀਫ ਨਾ ਹੋਵੇ। ਮਰੀਜ਼ ਦੀ ਖ਼ੁਰਾਕ, ਵਾਰਡ ਦੀ ਸਾਫ਼-ਸਫ਼ਾਈ ਤੇ ਸੈਨੀਟਾਈਜ਼ੇਸ਼ਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। 

ਮਰੀਜ਼ ਦੀ ਕੀਤੀ ਜਾਂਦੀ ਹੈ ਕਾਊਸਲਿੰਗ

ਕੋਰੋਨਾ ਵਾਇਰਸ ਤੋਂ ਸਰੀਰਕ ਰੂਪ ਨਾਲ ਸਿਹਤਮੰਦ ਰਹਿਣ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਸਿਹਤਮੰਦ ਰਹਿਣਾ ਆਈਸੋਲੇਸ਼ਨ ਵਾਰਡ ਵਿਚ ਰਹਿ ਰਹੇ ਮਰੀਜ਼ਾਂ ਲਈ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਪਾਜ਼ੇਟਿਵ ਮਰੀਜ਼ ਨੂੰ 14 ਦਿਨ ਦੇ ਏਕਾਂਤਵਾਸ ਵਿਚ ਘਰ ਵਾਲਿਆਂ ਤੋਂ ਦੂਰ ਆਈਸੋਲੇਟ ਕੀਤਾ ਜਾਂਦਾ ਹੈ। ਮਾਨਸਿਕ ਤੌਰ ’ਤੇ ਮਰੀਜ਼ ਨੂੰ ਮਜ਼ਬੂਤ ਰੱਖਣਾ ਅਹਿੇ ਹਾਲਾਤ ਵਿਚ ਬਹੁਤ ਜ਼ਰੂਰੀ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਸਪੈਸ਼ਲ ਕਾਊਸਲਰਾਂ ਵੱਲੋਂ ਪਾਜ਼ੇਟਿਵ ਮਰੀਜ਼ਾਂ ਦੀ ਕਾਊਸਲਿੰਗ ਕੀਤੀ ਜਾਂਦੀ ਹੈ ਤਾਂ ਕਿ ਉਹ ਮਾਨਸਿਕ ਤੌਰ ’ਤੇ ਨਾ ਡੋਲਣ। ਇਹੀ ਨਹੀਂ ਹੋਮ ਸਿੱਕਨੈੱਸ ਨੂੰ ਦੂਰ ਕਰਨ ਲਈ ਮਰੀਜ਼ਾਂ ਦੀ ਫੋਨ ਰਾਹੀਂ ਘਰ ਵਾਲਿਆਂ ਨਾਲ ਗੱਲਬਾਤ ਵੀ ਕਰਵਾਈ ਜਾਂਦੀ ਹੈ। 

ਆਈ. ਡੀ. ਐਸ. ਪੀ ਅਤੇ ਐਨ. ਐਚ. ਐਮ ਯੂਨਿਟ ਵੱਲੋਂ ਕੋਰੋਨਾ ਦੀ ਡਾਟਾ ਮੈਨੇਜਮੈਂਟ 

ਇਕ ਪਾਸੇ ਜਿਥੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਸਿਹਤ ਪੱਖੋਂ ਲੋਕਾਂ ਨੂੰ ਕੋਰੋਨਾ ਤੋਂ ਸਿਹਤਮੰਦ ਰੱਖਣ ਲਈ ਡਟਿਆ ਹੋਇਆ ਹੈ, ਉਥੇ ਹੀ ਦੂਸਰੇ ਪਾਸੇ ਕੋਰੋਨਾ ਵਾਇਰਸ ਦੇ ਸ਼ੱਕੀ ਤੇ ਪਾਜ਼ੇਟਿਵ ਮਰੀਜ਼ਾਂ, ਉਨਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਲਾਈਨਲਿਸਟਿੰਗ ਆਦਿ ਦੇ ਡਾਟਾ ਨੂੰ ਮੈਲੇਜ ਕਰਨਾ ਵੀ ਅਹਿਮ ਹੈ। ਜ਼ਿਲਾ ਆਈ. ਡੀ. ਐਸ. ਪੀ ਵਿੰਗ ਨੂੰ ਕੋਰੋਨਾ ਹੈੱਡਕੁਆਰਟਰ ਕੰਟਰੋਲ ਰੂਮ ਵਜੋਂ ਸਥਾਪਿਤ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਦੇ ਨਿਰਦੇਸ਼ਾਂ ’ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ 24 ਘੰਟੇ ਆਪਣੇ ਸਟਾਫ ਦੇ ਸਹਿਯੋਗ ਨਾਲ ਕੋਰੋਨਾ ਦੀ ਜ਼ਿਲੇ ਵਿਚ ਚੇਨ ਤੋੜਨ ਲਈ ਇਕ ਪਲਾਨ ਅਨੁਸਾਰ ਡਟੇ ਹੋਏ ਹਨ। ਆਈ. ਡੀ. ਐਸ. ਪੀ ਵਿੰਗ ਤੇ ਐਨ. ਐਚ. ਐਮ ਦੇ ਡਾਟਾ ਮੈਨੇਜਰ, ਕੰਪਿੳੂਟਰ ਆਪਰੇਟਰ, ਐਸ. ਆਈਜ਼ ਮਲਟੀਪਰਪਜ਼ ਹੈਲਥ ਵਰਕਰ ਆਪਣੀ ਨਿਰਧਾਰਤ ਡਿੳੂਟੀ ਨੂੰ ਪੂਰੀ ਤਰਾਂ ਨਾਲ ਨਿਭਾਅ ਰਹੇ ਹਨ। 

ਵਿਦਿਆਰਥਣ ਦੇ ਕਲੋਜ਼ ਕਾਨਟੈਕਟ ਵਿਚ ਆਏ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਸਾਰੇ ਬਲਾਕਾਂ ਦੇ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਹੈ ਸਕਰੀਨਿੰਗ 

  ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਨੀਤੂ ਚੌਹਾਨ, ਜੋ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਹੈ, ਨੂੰ ਕੋਰੋਨਾ ਪਾਜ਼ੇਟਿਵ ਆਉਣ ’ਤੇ 12 ਅਪ੍ਰੈਲ ਨੂੰ ਆਈਸੋਲੇਸ਼ਨ ਸੈਂਟਰ ਵਿਚ ਦਾਖ਼ਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਵਿਦਿਆਰਥਣ ਦੇ ਸੰਪਰਕ ਵਿਚ ਆਏ ਕਲੋਜ਼ ਕਾਨਟੈਕਟ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਐਲ. ਪੀ. ਯੂ ਦੇ ਸਾਰੇ ਬਲਾਕਾਂ ਦੇ ਵਿਦਿਆਰਥੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ ਮੈੱਸ ਵਰਕਰ, ਸਕਿਉਰਿਟੀ ਗਾਰਡਸ, ਹਾੳੂਸ ਕੀਪਿੰਡ ਸਟਾਫ, ਲਾਂਡਰੀ ਸਟਾਫ ਦੇ ਸੈਂਪਲ ਵੀ ਸਿਹਤ ਵਿਭਾਗ ਵੱਲੋਂ ਲਏ ਜਾਣ ਦੀ ਤਜਵੀਜ਼ ਹੈ। 

ਕੈਪਸ਼ਨ :-ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਮਰੀਜ਼ਾਂ ਦੀ ਕਾਊਸਲਰ ਵੱਲੋਂ ਕਾਊਸਲਿੰਗ ਕੀਤੇ ਜਾਣ ਦਾ ਦਿ੍ਰਸ਼।

ਕਣਕ ਦੀ ਰਹਿੰਦ-ਖੂੰਹਦ ਅਤੇ ਨਾੜ ਨੂੰ ਅੱਗ ਲਗਾਉਣ ’ਤੇ ਪਾਬੰਦੀ

ਕਪੂਰਥਲਾ ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਦੀ ਹੱਦ ਅੰਦਰ ਕਣਕ ਦੀ ਰਹਿੰਦ-ਖੂੰਹਦ/ਨਾੜ ਨੂੰ ਅੱਗ ਲਗਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਆਮ ਤੌਰ ’ਤੇ ਜ਼ਿਮੀਂਦਾਰ ਕਣਕ ਦੀ ਕਟਾਈ ਤੋਂ ਬਾਅਦ ਬਚ ਗਈ ਰਹਿੰਦ-ਖੂੰਹਦ/ਨਾੜ  ਨੂੰ ਖੇਤਾਂ ਵਿਚ ਅੱਗ ਲਗਾ ਦਿੰਦੇ ਹਨ, ਜਿਸ ਨਾਲ ਵਾਤਾਵਰਨ, ਜੀਵ-ਜੰਤੂਆਂ, ਲਾਗੇ ਖੜੀ ਫ਼ਸਲ, ਸੜਕ ਦੇ ਕਿਨਾਰੇ ਲਗਾਏ ਬੂਟਿਆਂ/ਦਰੱਖਤਾਂ ਨੂੰ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਇਹ ਹੁਕਮ 9 ਜੂਨ 2020 ਤੱਕ ਲਾਗੂ ਰਹਿਣਗੇ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਇਫਕੋ ਸੁਸਾਇਟੀ ਨੇ ਕਿਸਾਨਾਂ ਨੂੰ ਮਾਸਕ ਸੈਨੀਟਾਈਜ਼ਰ ਵਿਟਾਮਿਨ ਸੀ ਦੀਆਂ ਗੋਲੀਆਂ ਦਿੱਤੀਆਂ 

ਪਿੰਡ ਦੀਵਾਨਾ ਦੀ ਇਫਕੋ ਅਡਪਟ ਸੁਸਾਇਟੀ ਵੱਲੋਂ ਕਿਸਾਨਾਂ ਨੂੰ ਮਾਸਕ ਸੈਨੀਟਾਈਜ਼ਰ ਵਿਟਾਮਿਨ ਸੀ ਦੀਆਂ ਗੋਲੀਆਂ ਦਿੱਤੀਆਂ ਗਈਆਂ।

ਮਹਿਲ ਕਲਾਂ/ਬਰਨਾਲਾ, ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)- ਕਰੋਨਾ ਵਾਇਰਸ ਦਾ ਖਤਰਾ ਪੂਰੀ ਦੁਨੀਆਂ ਵਿੱਚ ਫੈਲ ਚੁੱਕਿਆ ਹੈ। ਸਰਕਾਰੀ ਪ੍ਰਾਈਵੇਟ ਅਦਾਰਿਆ ਵੱਲੋਂ ਬੱਚਣ ਦੇ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਨੇ ਅੱਜ ਪਿੰਡ ਦੀਵਾਨਾ ਵਿੱਚ ਕਿਸਾਨਾ ਨੂੰ ਇਫਕੋ ਸੁਸਾਇਟੀ ਵਿੱਚ ਮਾਸਕ, ਸੈਨੀਟੇਜ਼ਰ, ਵਿਟਾਮਿਨ ਸੀ ਦੀਆਂ ਗੋਲੀਆ ਦਿੱਤੀਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਸਾਇਟੀ ਦੇ ਸਕੱਤਰ ਆਤਮਾ ਸਿੰਘ ਦੀਵਾਨਾ ਅਤੇ ਐਮ,ਸੀ (ਬਰਨਾਲਾ) ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਕਣਕ ਦੀ ਕਟਾਈ ਕੀਤੀ ਜਾਵੇ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਤਾਂ ਕਿਸਾਨਾਂ ਨੂੰ ਹੋਵੇ ਨਾ ਹੀ ਆੜ੍ਹਤੀਆਂ ਨੂੰ ਅਤੇ ਨਾ ਹੀ ਮੰਡੀ ਦੇ ਮੁਲਾਜ਼ਮਾਂ ਨੂੰ ਸਕੱਤਰ ਆਤਮਾ ਸਿੰਘ ਦੀਵਾਨਾਂ  ਨੇ ਕਿਹਾ ਕਿ ਜਿਹੜੇ ਵੱਡੇ ਆੜ੍ਹਤੀਏ ਨੇ ਉਨ੍ਹਾਂ ਨੂੰ ਉਸ ਹਿਸਾਬ ਨਾਲ ਪਾਸ ਦਿੱਤੇ ਜਾਣ ਅਤੇ ਛੋਟੇ ਆੜ੍ਹਤੀਆਂ ਨੂੰ ਉਸ ਦੇ ਹਿਸਾਬ ਨਾਲ ਪਾਸ ਦਿੱਤੇ ਜਾਣ। ਇਸ ਮੌਕੇ ਉਨ੍ਹਾਂ ਨਾਲ ਇਫਕੋ ਇੰਚਾਰਜ ਜਗਜੀਤ ਸਿੰਘ, ਹਰਇੰਦਰ ਸਿੰਘ, ਐਮ ਸੀ ਬਿੱਟੂ ਦੇ ਭਰਾ, ਲਖਵੀਰ ਸਿੰਘ ਕਮੇਟੀ ਮੈਬਰ, ਮੇਜਰ ਸਿੰਘ ਕਮੇਟੀ ਮੈਬਰ, ਅਵਤਾਰ ਸਿੰਘ ਕਮੇਟੀ ਮੈਂਬਰ, ਬਲੌਰ ਸਿੰਘ ਕਮੇਟੀ ਮੈਬਰ, ਸਮਰੱਥ ਸਿੰਘ, ਚਰਨਜੀਤ ਸਿੰਘ ਛੀਨੀਵਾਲ ਖੁਰਦ ਆਦਿ ਹਾਜ਼ਰ ਸਨ।

ਪੰਜਾਬ 8 ਹੋਰ ਪਾਜ਼ੇਟਿਵ ਮਾਮਲੇ, ਕੁੱਲ ਗਿਣਤੀ 184, ਗੁਰਦਾਸਪੁਰ 'ਚ ਆਇਆ ਪਹਿਲਾ ਮਾਮਲਾ

ਲੁਧਿਆਣਾ, ਅਪ੍ਰੈਲ 2020-(ਇਕ਼ਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-
ਅੱਜ ਕੋਰੋਨਾ ਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੰਜਾਬ 'ਚ ਕੁੱਲ ਮਾਮਲਿਆਂ ਦੀ ਗਿਣਤੀ 184 ਹੋ ਗਈ ਹੈ। ਨਵੇਂ ਆਏ ਮਾਮਲਿਆਂ 'ਚੋਂ 4 ਪਠਾਨਕੋਟ, 2 ਐੱਸਏਐੱਸ ਨਗਰ, ਇਕ ਜਲੰਧਰ ਅਤੇ ਇਕ ਗੁਰਦਾਸਪੁਰ ਤੋਂ ਸ਼ਾਮਲ ਹਨ।ਸਿਹਤ ਵਿਭਾਗ ਵੱਲੋਂ ਜਾਰੀ ਸ਼ਾਮ ਨੂੰ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਕੁੱਲ ਸ਼ੱਕੀ ਮਰੀਜ਼ 4844 ਹਨ, ਜਿਨ੍ਹਾਂ ਦੀ ਰਿਪੋਰਟ ਟੈਸਟ ਲਈ ਭੇਜੀ ਗਈ ਹੈ। ਹਿਨ੍ਹਾਂ 'ਚੋਂ 4047 ਮਾਮਲੇ ਨੈਗੇਟਿਵ ਪਾਏ ਗਏ, ਜਦੋਂਕਿ 144 ਮਾਮਲੇ ਸਰਗਰਮ ਹਨ। 27 ਮਰੀਜ਼ ਠੀਕ ਹੋਏ ਹਨ। 613 ਮਰੀਜ਼ਾਂ ਦੀਆਂ ਰਿਪੋਰਟਾਂ ਦੀ ਉਡੀਕ ਹੈ। ਕੋਰੋਨਾ ਵਾਇਰਸ ਨਾਲ ਹੁਣ ਤਕ ਪੰਜਾਬ ਵਿੱਚ 13 ਮੌਤਾਂ ਹੋ ਚੁੱਕੀਆਂ ਹਨ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਅਧਿਆਪਕਾ ਨੇ ਵਿਦਿਆਰਥੀਆਂ ਨਾਲ ਬਣਾਇਆ ਆਨਲਾਈਨ ਰਾਬਤਾ। 

ਯੂਮ ਐਪ, ਵੱਟਸਅੱਪ, ਯੂ ਟਿਊਬ ਅਤੇ ਆਡੀਓ ਵੀਡੀਓ ਕਲਿੱਪਾਂ ਰਾਹੀ ਹੋ ਰਹੀ ਹੈ ਪੜਾਈ। 

ਮਾਪੇ ਕਰ ਰਹੇ ਹਨ ਵਿਦਿਆਰਥੀਆਂ ਦੇ ਹੋਮਵਰਕ ਦੀ ਮੰਗ। 

ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ)- ਕਰੋਨਾ ਵਾਇਰਸ ਦੇ ਪ੍ਰਕੋਪ ਤੋ ਬਚਣ ਲਈ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਵੱਲੋਂ ਅਤੇ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਕਰਫਿਊ ਲਾਇਆ ਹੋਇਆ ਹੈ। ਕਰਫਿਊ ਚੱਲਦਿਆਂ ਸਾਰੇ ਸਕੂਲ ਕਾਲਜ ਬੰਦ ਹਨ। ਪਰ ਇਸ ਬੰਦ ਦੇ ਦੌਰਾਨ ਵੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨਾਲ ਆਨਲਾਈਨ ਰਾਬਤਾ ਬਣਾਇਆ ਹੋਇਆ ਹੈ। ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਬੱਚਿਆਂ ਦੀ ਪੜ੍ਹਾਈ ਨਿਰੰਤਰ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈੱਡ- ਟੀਚਰ ਸ.ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਬੇਸੱਕ ਸਕੂਲ ਬੰਦ ਹਨ। ਪਰ ਅਧਿਆਪਕ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਵੱਧ ਪੜਾਈ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਹੈ ਕਿ ਸਕੂਲ ਤਾਂ ਛੇ ਘੰਟੇ ਲੱਗਦਾ ਹੈ ਪਰ ਹੁਣ ਤਾਂ ਸਵੇਰ ਤੋਂ ਸ਼ਾਮ ਤੱਕ ਸਾਡੇ ਵਿਦਿਆਰਥੀ ਪੜ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਵੱਲੋਂ ਬੱਚਿਆਂ ਨੂੰ ਯੂਮ ਐਪ, ਵੱਟਸਅੱਪ, ਯੂਟਿਉਬ ਲੈੰਕ ਅਤੇ ਆਡੀਓ- ਵੀਡੀਓ ਕਲਿੱਪਾ ਦੁਆਰਾ ਪੜ੍ਹਾਇਆ ਜਾ ਰਿਹਾ ਹੈ। ਉੱਨ੍ਹਾਂ ਦੱਸਿਆ ਹੈ ਕਿ ਹੁਣ ਤਾਂ ਮਾਪੇ ਖੁਦ ਬੱਚਿਆਂ ਦੇ ਹੋਮ ਵਰਕ ਦੀ ਮੰਗ ਕਰ ਰਹੇ ਹਨ ਕਿ ਪੂਰਾ ਸਿਲੇਬਸ ਟਾਇਮ ਟੇਬਲ ਅਨੁਸਾਰ ਬੱਚਿਆਂ ਨੂੰ ਕਰਵਾਇਆ ਜਾ ਰਿਹਾ ਹੈ। ਬੱਚੇ ਆਪਣਾ ਹੋਮ ਵਰਕ ਕਰਕੇ ਵਟਸਐੱਪ ਜਰੀਏ ਅਧਿਆਪਕ ਤੱਕ ਪੁੱਜਦਾ ਕਰਦੇ ਹਨ। ਅਧਿਆਪਕ ਮੁਲਾਂਕਣ ਕਰਕੇ ਬੱਚਿਆਂ ਨੂੰ ਉੱਨ੍ਹਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਭੇਜਦੇ ਹਨ। ਉੱਨ੍ਹਾਂ ਦੱਸਿਆ ਹੈ ਕਿ ਜਿਹੜੇ ਵਿਦਿਆਰਥੀ ਵੱਟਸਐਪ ਤੇ ਕੰਮ ਨਹੀ ਕਰ ਸਕਦੇ ਉਨ੍ਹਾਂ ਨੂੰ ਫੋਨ ਕਾਲ ਕਰਕੇ ਪੜ੍ਹਾਇਆ ਜਾਂਦਾ ਹੈ।ਸ.ਹਰਪ੍ਰੀਤ ਸਿੰਘ ਨੇ ਦੱਸਿਆ ਕਿ ਆਨਲਾਈਨ ਪੜ੍ਹਾਈ ਤੋਂ ਵਿਦਿਆਰਥੀ ਪੂਰਾ ਫਾਇਦਾ ਉਠਾ ਰਹੇ ਹਨ। ਅਤੇ ਮਾਪੇ ਵੀ ਸਤੁੰਸਟ ਹਨ। ਉੱਨ੍ਹਾਂ ਦੱਸਿਆ ਕਿ ਪੜ੍ਹਾਈ ਤੋਂ ਇਲਾਵਾ ਅਧਿਆਪਕ, ਮਾਪੇ ਅਤੇ ਵਿਦਿਆਰਥੀਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਵੀ ਪ੍ਰੇਰਿਤ ਕਰ ਰਹੇ ਹਨ। ਬੱਚਿਆਂ ਨੂੰ ਘਰ ਅੰਦਰ ਰਹਿ ਕੇ ਹੀ ਪੜਨ ਦੀ ਸਲਾਹ ਦਿੱਤੀ ਜਾਂਦੀ ਹੈ। ਸਮੇਂ-ਸਮੇਂ ਸਰਕਾਰ ਦੀਆਂ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਜਿਥੇ ਜਿਕਰਯੋਗ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਦੇ ਹੈੱਡ- ਟੀਚਰ ਸ. ਹਰਪ੍ਰੀਤ ਸਿੰਘ ਦੀਵਾਨਾ ਇੱਕ ਉੱਦਮੀ ਮਿਹਨਤੀ ਅਤੇ ਕਿੱਤੇ ਨੂੰ ਸਮਰਪਿਤ ਅਧਿਆਪਕ ਹਨ। ਉੱਥੇ ਸਮਾਜ ਸੇਵਾ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ ।

ਜਲੰਧਰ ਦੇ (ਲੋਹੀਆ) ਪਿੰਡ ਸ਼ੇਰਗੜ੍ਹੀ ਅਤੇ ਜਲਾਲਪੁਰ ਕਲਾਂ ਦੇ 2 ਪਰਿਵਾਰ ਕੀਤੇ ਘਰ 'ਚ ਇਕਾਂਤਵਾਸ

ਲੋਹੀਆ ਖ਼ਾਸ/ਜਲੰਧਰ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)- 

 ਕੋਰੋਨਾ ਵਾਇਰਸ ਦੇ ਚਲਦੇ ਪ੍ਰਕੋਪ ਦੌਰਾਨ ਬੀਤੇ ਦਿਨੀਂ ਜਲੰਧਰ ਦੇ ਪਿੰਡ ਕੋਟਲਾ ਹੇਰਾਂ ਵਿਖੇ ਕੋਰੋਨਾ ਗ੍ਰਸਤ ਇੱਕ ਔਰਤ ਦੀ ਮੌਤ ਹੋ ਜਾਣ ਉਪਰੰਤ ਲੋਹੀਆ ਬਲਾਕ ਦੇ ਪਿੰਡ ਸ਼ੇਰਗੜ੍ਹੀ ਅਤੇ ਜਲਾਲਪੁਰ ਕਲਾਂ ਦੇ ਇੱਕ-ਇੱਕ ਪਰਿਵਾਰ ਵੱਲੋਂ ਪਿੰਡ ਕੋਟਲਾ ਹੇਰਾਂ ਜਾਣ ਕਾਰਨ ਉਨ੍ਹਾਂ ਨੂੰ ਲੋਹੀਆ ਪ੍ਰਸ਼ਾਸ਼ਨ ਨੇ ਘਰ ਵਿਚ ਹੀ ਇਕਾਂਤਵਾਸ ਕੀਤੇ ਜਾਣ ਦਾ ਸਮਾਚਾਰ ਹੈ।

ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਨੂੰ ਸਾਰੇ ਸਹਿਕਾਰੀ ਕਰਜ਼ਿਆਂ ਦੀ ਅਦਾਇਗੀ ਤੋਂ ਛੇ ਮਹੀਨੇ ਦੀ ਛੋਟ ਸਮੇਤ ਕਿਸਾਨਾਂ ਨੂੰ ਤੁਰੰਤ ਰਾਹਤ ਦੇਣ ਦੀ ਅਪੀਲ

ਸਰਬ ਪਾਰਟੀ ਮੀਟਿੰਗ ਵਿਚ ਛੇ ਮਹੀਨਿਆਂ ਲਈ ਗਰੀਬਾਂ ਨੂੰ ਬਿਜਲੀ ਅਤੇ ਪਾਣੀ ਦੇ ਬਿਲਾਂ ਤੋਂ ਛੋਟ ਦੇਣ ਲਈ ਆਖਿਆ

ਮੁੱਖ ਮੰਤਰੀ ਨੂੰ ਕਿਹਾ ਕਿ ਉਦਯੋਗ ਸੈਕਟਰ ਨੂੰ 6 ਮਹੀਨੇ ਲਈ ਘੱਟੋ ਘੱਟ ਮਜ਼ਦੂਰੀ ਦੇਣ ਦੀ ਸ਼ਰਤ ਤੋਂ ਮੁਕਤ ਕੀਤਾ ਜਾਵੇ

ਚੰਡੀਗੜ੍ਹ,  ਅਪ੍ਰੈਲ 2020 -( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਛੇ ਮਹੀਨਿਆਂ ਲਈ ਸਾਰੇ ਸਹਿਕਾਰੀ ਕਰਜ਼ਿਆਂ ਦੀ ਅਦਾਇਗੀ ਮੁਲਤਵੀ ਕਰਕੇ ਕਿਸਾਨਾਂ ਨੂੰ ਤੁਰੰਤ ਰਾਹਤ ਦੇਣ। ਇਸ ਤੋਂ ਇਲਾਵਾ ਸਰਦਾਰ ਬਾਦਲ ਨੇ ਗਰੀਬਾਂ ਨੂੰ ਛੇ ਮਹੀਨੇ ਲਈ ਪਾਣੀ ਅਤੇ ਬਿਜਲੀ ਦੇ ਬਿਲਾਂ ਤੋਂ ਛੋਟ ਅਤੇ ਉਦਯੋਗ ਸੈਕਟਰ ਨੂੰ ਘੱਟੋ ਘੱਟ ਮਜ਼ਦੂਰੀ ਦੇਣ ਦੀ ਸ਼ਰਤ ਤੋਂ ਮੁਕਤ ਕਰਨ ਦੀ ਵੀ ਮੰਗ ਕੀਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸੱਦੀ ਸਰਬਪਾਰਟੀ ਮੀਟਿੰਗ ਵਿਚ ਹਿੱਸਾ ਲੈਂਦਿਆਂ ਅਕਾਲੀ ਦਲ ਪ੍ਰਧਾਨ ਨੇ ਸੂਬਾ ਸਰਕਾਰ ਨੂੰ ਪਾਰਟੀ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਉਹਨਾਂ ਕਿਸਾਨਾਂ ਨੂੰ ਵਧੇਰੇ ਰਾਹਤ ਦੇਣ ਅਤੇ ਕਿਸਾਨਾਂ ਦੇ ਸਾਰੇ ਬਕਾਏ ਤੁਰੰਤ ਜਾਰੀ ਕਰਨ ਦੀ ਵੀ ਮੰਗ ਕੀਤੀ। ਉਹਨਾਂ ਨੇ ਗੰਨਾ ਉਤਪਾਦਕਾਂ ਦੇ ਬਕਾਏ ਦੀ ਮਿਸਾਲ ਦਿੱਤੀ, ਜੋ ਕਿ 1000 ਕਰੋੜ ਰੁਪਏ ਹੋ ਚੁੱਕਿਆ ਹੈ। ਉਹਨਾਂ ਨੇ ਦੁੱਧ ਉਤਪਾਦਕਾਂ ਦੀ ਵੀ ਮਿਸਾਲ ਦਿੱਤੀ, ਜਿਹਨਾਂ ਨੂੰ ਨਿੱਜੀ ਦੁੱਧ ਖਰੀਦ ਕੇਂਦਰ ਅਤੇ ਮਿਲਕ ਚਿਲਿੰਗ ਕੇਂਦਰ ਬੰਦ ਹੋਣ ਕਰਕੇ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਹਨਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ  ਡਿਪਟੀ ਕਮਿਸ਼ਨਰਾਂ ਨੂੰ ਸਾਰੇ ਦੁੱਧ ਖਰੀਦ ਕੇਂਦਰ ਅਤੇ ਮਿਲਕ ਚਿਲਿੰਗ ਕੇਂਦਰ ਤੁਰੰਤ ਖੋਲ੍ਹਣ ਦਾ ਨਿਰਦੇਸ਼ ਦੇਣ।

ਮੁੱਖ ਮੰਤਰੀ ਨੂੰ ਕੱਲ੍ਹ ਤੋਂ ਸ਼ੁਰੁ ਹੋ ਰਹੇ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਇੱਕ ਸਮੇਂ ਸਿਰਫ 50 ਕੁਇੰਟਲ ਕਣਕ ਮੰਡੀ ਵਿਚ ਲਿਆਉਣ ਦੀ ਆਗਿਆ ਦਿੱਤੀ ਗਈ ਹੈ। ਜਿਸ ਕਿਸਾਨ ਕੋਲ ਢਾਈ ਏਕੜ ਤੋਂ ਵੱਧ ਜ਼ਮੀਨ ਹੈ, ਉਸ ਨੂੰ ਆਪਣੀ ਫਸਲ ਵੇਚਣ ਲਈ ਲੰਬੇ ਸਮੇਂ ਤਕ ਮੰਡੀਆਂ ਦੇ ਕਈ ਗੇੜੇ ਲਾਉਣੇ ਪੈਣਗੇ, ਜੋ ਕਿ ਉਸ ਦੀਆਂ ਪਰੇਸ਼ਾਨੀਆਂ ਨੂੰ ਵਧਾਂਏਗਾ। ਉਹਨਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਤੂੜੀ ਬਣਾਉਣ ਲਈ ਲਾਈਆਂ ਸ਼ਰਤਾਂ ਬਾਰੇ ਵੀ ਪੁਨਰ ਵਿਚਾਰ ਕਰਨ , ਕਿਉਂਕਿ ਤੂੜੀ ਬਣਾਉਣ ਦੀ ਤੁਰੰਤ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਹੀ ਇਸ ਦੀ ਗੁਣਵੱਤਾ ਅਤੇ ਮਾਤਰਾ ਸਹੀ ਰਹੇਗੀ। ਉਹਨਾਂ ਨੇ ਪੰਜਾਬ ਅੰਦਰ ਰਹਿ ਗਏ ਮਜ਼ਦੂਰਾਂ ਨੂੰ ਵੀ ਆਰਥਿਕ ਮੱਦਦ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਹੀਂ ਤਾਂ ਤਾਲਾਬੰਦੀ ਹਟਾਏ ਜਾਣ ਮਗਰੋਂ ਪੰਜਾਬ ਵਿਚ ਖੇਤੀਬਾੜੀ ਅਤੇ ਉਦਯੋਗ ਸੈਕਟਰ ਨੂੰ ਇੱਕ ਹੋਰ ਤਾਲਾਬੰਦੀ ਦਾ ਸਾਹਮਣਾ ਕਰਨਾ ਪਵੇਗਾ।

ਸਿਹਤ ਕਾਮਿਆਂ ਅਤੇ ਸਿਹਤ ਸੰਬੰਧੀ ਮੁੱਦਿਆਂ ਬਾਰੇ ਬੋਲਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਕੋਵਿਡ-19 ਖ਼ਿਲਾਫ ਲੜਾਈ ਵਿਚ ਸਿਹਤ ਕਾਮਿਆਂ ਦੁਆਰਾ ਉਠਾਏ ਜਾ ਰਹੇ ਵੱਡੇ ਖਤਰਿਆਂ ਨੂੰ ਧਿਆਨ ਵਿਚ ਰੱਖਦਿਆਂ ਉੁਹਨਾਂ ਦੀਆਂ ਤਨਖਾਹਾਂ ਦੁੱਗਣੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸੂਬੇ ਅੰਦਰ ਵਧੇਰੇ ਟੈਸਟਾਂ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਅਕਾਲੀ ਪ੍ਰਧਾਨ  ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਕਿ ਜਦੋਂ ਸਰਕਾਰੀ ਹਸਪਤਾਲਾਂ ਵਿਚੋਂ ਵਾਪਸ ਮੋੜ ਦਿੱਤੇ ਗਏ ਵਿਅਕਤੀ ਕੋਰੋਨਾ ਦੇ ਮਰੀਜ਼ ਨਿਕਲੇ। ਉਹਨਾਂ ਨੇ ਇਸ ਸੰਬੰਧੀ ਫਰੀਦਕੋਟ ਦੇ ਇੱਕ ਮਰੀਜ਼ ਦੀ ਉਦਾਹਰਣ ਦਿੱਤੀ।  ਉਹਨਾਂ ਨੇ ਸ਼ਹਿਰਾਂ ਨੂੰ ਕੀਟਾਣੂ ਮੁਕਤ ਕਰਨ ਲਈ ਇੱਕ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਅਤੇ ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਬਠਿੰਡਾ ਕੈਂਸਰ ਹਸਪਤਾਲ ਨੂੰ ਕੋਵਿਡ-19 ਦੇ ਮਰੀਜ਼ਾਂ ਲਈ ਖੋਲ੍ਹ ਦਿੱਤੇ ਜਾਣ ਮਗਰੋਂ ਕੈਂਸਰ ਦੇ ਮਰੀਜ਼ਾਂ ਨੂੰ ਕਿਸੇ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ।

ਸਰਦਾਰ ਬਾਦਲ ਨੇ ਗਰੀਬਾਂ ਅਤੇ ਲੋੜਵੰਦਾਂ ਨੂੰ ਖੁਰਾਕੀ ਵਸਤਾਂ ਪਾਰਦਰਸ਼ੀ ਢੰਗ ਨਾਲ ਵੰਡਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗਰੀਬਾਂ ਨੂੰ ਦਿੱਤੀ ਜਾਂਦੀ ਸਰਕਾਰੀ ਰਾਹਤ ਸਮੱਗਰੀ ਦਾ ਸਿਆਸੀਕਰਨ ਰੋਕਣ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਨੇ ਗਰੀਬਾਂ ਨਾਲ ਹੋ ਰਹੇ ਸਿਆਸੀ ਵਿਤਕਰੇ ਦੀਆਂ ਕਈ ਮਿਸਾਲਾਂ ਦਿੱਤੀਆਂ। ਉਹਨਾਂ ਮੁੱæਖ ਮੰਤਰੀ ਨੂੰ ਇਹ ਵੀ ਕਿਹਾ ਕਿ ਹਰ ਹਲਕੇ ਲਈ ਪੰਜ ਹਜ਼ਾਰ ਪੀਪੀਈ ਕਿਟਾਂ ਬਹੁਤ ਘੱਟ ਹਨ, ਇਹਨਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ।

ਅਕਾਲੀ ਦਲ ਪ੍ਰਧਾਨ ਨੇ ਸਭ ਤੋਂ ਅੱਗੇ ਹੋ ਕੇ ਲੜਣ ਵਾਲਿਆਂ ਪੁਲਿਸ ਕਰਮੀਆਂ, ਸਿਹਤ ਕਾਮਿਆਂ ਅਤੇ ਸਫਾਈ ਕਰਮਚਾਰੀਆਂ ਨੂੰ ਦਸਤਾਨੇ ਅਤੇ ਮਾਸਕ ਦਿੱਤੇ ਜਾਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਫਸੀ ਸਿੱਖ ਸੰਗਤ ਨੂੰ ਵਾਪਸ ਲਿਆਉਣ ਲਈ ਜਰੂਰੀ ਕਦਮ ਚੁੱਕਣ।

ਮਹਿਲ ਕਲਾਂ ਦੀ ਕਰੋਨਾ ਮ੍ਰਿਤਕਾ ਦੇ 13 ਪਰਿਵਾਰਕ ਮੈਂਬਰਾਂ ਦੀਆਂ ਕਰੋਨਾ ਰਿਪੋਰਟਾਂ ਨੈਗੇਟਿਵ

 

ਮਹਿਲ ਕਲਾ/ਬਰਨਾਲਾ,ਅਪ੍ਰੈਲ 2020 (ਗੁਰਸੇਵਕ ਸੋਹੀ)-ਪਿਛਲੇ ਦਿਨੀਂ ਕਰੋਨਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਈ ਮਹਿਲ ਕਲਾਂ  ਦੀ ਕਰਮਜੀਤ ਕੌਰ (52) ਪਤਨੀ ਦਲਜੀਤ ਸਿੰਘ ਦੇ 5 ਹੋਰ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਾਣਕਾਰੀ ਅਨੁਸਾਰ ਕਰਮਜੀਤ ਕੌਰ ਦੀ ਮੌਤ ਕਰੋਨਾ ਵਾਇਰਸ ਨਾਲ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦੇ 13 ਪਰਿਵਾਰਕ ਮੈਂਬਰਾਂ ਨੂੰ ਕੋਵਿਡ 19 ਜਾਂਚ ਲਈ ਭੇਜਿਆ ਗਿਆ ਸੀ। ਜਿੰਨ੍ਹਾਂ ਚੋਂ 8 ਜਣਿਆਂ ਦੀ ਰਿਪੋਰਟ ਕੱਲ੍ਹ ਅਤੇ 5 ਜਣਿਆਂ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ।

ਖ਼ਾਲਸਾ ਸਾਜਨਾ ਦਿਵਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਦੀਪਮਾਲਾ

ਸ੍ਰੀ ਅਨੰਦਪੁਰ ਸਾਹਿਬ , ਅਪ੍ਰੈਲ 2020  (ਗੁਰਵਿੰਦਰ ਸਿੰਘ)-- ਖ਼ਾਲਸਾ ਸਾਜਨਾ ਦਿਵਸ ਮੌਕੇ 'ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਬਹੁਤ ਹੀ ਮਨਮੋਹਕ ਦੀਪਮਾਲਾ ਕੀਤੀ ਗਈ।

ਸੰਬੰਧੀ ਅਫ਼ਵਾਹਾਂ ਤੋਂ ਬਚਣ ਲਈ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ- ਡਾ. ਜਸਵਿੰਦਰ ਕੁਮਾਰੀ

ਕਪੂਰਥਲਾ, ਅਪੈ੍ਰਲ 2020 - (ਹਰਜੀਤ ਸਿੰਘ ਵਿਰਕ)-
ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ.ਐਚ.ਸੀ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਨੇ ਲੋਕਾਂ ਨੂੰ ਕੋਰਾਨਾਵਾਈਰਸ ਸੰਬੰਧੀ ਜਾਗਰੂਕ ਹੋਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਮੇਂ ਸੋਸ਼ਲ ਮੀਡੀਆ ਰਾਹੀਂ ਕਰੋਨਾ ਵਾਈਰਸ ਸੰਬੰਧੀ ਫੈਲਾਈ ਜਾ ਰਹੀਂ ਅਫ਼ਵਾਹਾ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜਿਵੇਂ ਕਿ ਪਿਛੇ ਦਿਨੀਂ ਲੋਕਾਂ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕੋਵਿਡ ਦੀ ਦਵਾਈ ਜਾਂ ਵੈਕਸੀਨ ਬਣਾ ਦਿੱਤੀ ਗਈ ਹੈ ਉਨ੍ਹਾਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬਿਲਕੁਲ ਝੂਠ ਹੈ ਅਤੇ ਕੋਵਿਡ ਸੰਬੰਧੀ ਅਜੇ ਤੱਕ ਕੋਈ ਵੀ ਵੈਕਸੀਨ ਨਹੀਂ ਬਣਾਈ ਗਈ। ਫਿਲਹਾਲ ਕੋਵਿਡ ਤੋਂ ਬੱਚਣ ਲਈ ਏਕਾਂਤਵਾਸ ਹੀ ਸਭ ਤੋਂ ਵੱਡੀ ਦਵਾਈ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਘਰਾਂ `ਚ ਰਹਿਣ ਦੀ ਅਪੀਲ ਕੀਤੀ ਅਤੇ ਬਿਨ੍ਹਾਂ ਕਾਰਣ ਘਰ ਤੋਂ ਬਾਹਰ ਆਉਣ ਲਈ ਸਖ਼ਤ ਮਨ੍ਹਾਂ ਕੀਤਾ। ਉਨ੍ਹਾਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਅਫ਼ਵਾਹਾ ਤੋਂ ਬੱਚਣ ਅਤੇ ਕੋਵਿਡ ਸੰਬੰਧੀ ਜਾਗਰੂਕ ਹੋਣ ਲਈ ਕਿਹਾ।   ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਵਿਡ ਸੰਬੰਧੀ ਰੋਜ਼ਾਨਾ ਕਿਨੇ ਮਰੀਜ਼ ਪੋਜ਼ੀਟਿਵ, ਕਿਨੇ ਠੀਕ ਹੋਏ ਅਤੇ ਪੰਜਾਬ ਭਰ `ਚ ਕੁਲ੍ਹ ਕਿਨਿਆ ਮੌਤਾਂ ਹੋਈਆਂ ਇਸ ਸੰਬੰਧੀ ਸਹੀ ਜਾਣਕਾਰੀ ਲੈਣ ਲਈ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਵੈਬਸਾਈਟ http://pbhealth.gov.in/ ਤੋਂ ਹੀ ਲੈਣ। ਲੋਕਾਂ ਵੱਲੋਂ ਬਿਨ੍ਹਾਂ ਤੱਥਾ ਅਧਾਰਤ ਕਹੇ ਜਾਣ `ਤੇ ਕਿ ਪੰਜਾਬ `ਚ ਇਨੇ ਮਰੀਜ਼ ਕੋਵੀਡ ਦਾ ਸ਼ਿਕਾਰ ਹਨ ਜਾਂ ਕੁਲ ਇਨੀਆਂ ਮੌਤਾਂ ਹੋ ਗਈਆਂ ਹਨ ਬਿਲਕੁੱਲ ਵੀ ਯਕੀਨ ਨਾ ਕਰਣ। ਉਨ੍ਹਾਂ ਦੱਸਇਆ ਕਿ ਕੋਵਿਡ ਸੰਬੰਧੀ ਵਧੇਰੇ ਜਾਣਕਾਰੀ ਲਈ ਵੀ ਸਿਹਤ ਵਿਭਾਗ ਦੀ ਵੈਬਸਾਈਟ ਵੇਖਣ ਜਾਂ ਸਮੇਂ ਸਮੇਂ ਸਿਰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ, ਪ੍ਰਸ਼ਾਸਨ `ਤੇ ਸਰਕਾਰ ਉਦੋਂ ਤੱਕ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਲੋਕ ਆਪਣਾ ਸਹਿਯੋਗ ਨਹੀਂ ਦੇਣਗੇ। ਲੋਕਾਂ ਦੇ ਘਰਾਂ `ਚ ਰਹਿਣ ਨਾਲ ਹੀ ਪਰਿਵਾਰ, ਸਮਾਜ `ਤੇ ਸਾਡਾ ਦੇਸ਼ ਸੁਰੱਖਿਅਤ ਰਹਿਗਾ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਅਤੇ ਸ਼ਾਤੀਂ ਬਣਾਏ ਰੱਖਣ ਦੀ ਅਪੀਲ ਕੀਤੀ।

ਜ਼ਿਲੇ ’ਚ ਕਣਕ ਦੀ ਖ਼ਰੀਦ ਲਈ ਬਣਾਏ 98 ਖ਼ਰੀਦ ਕੇਂਦਰ-ਡੀ. ਸੀ

15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਸਰਕਾਰੀ ਖ਼ਰੀਦ

 

ਕਿਸਾਨਾਂ ਨੂੰ ਖ਼ਰੀਦ ਪ੍ਰਕਿਰਿਆ ਦੌਰਾਨ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ 

 

ਸਾਵਧਾਨੀਆਂ ਯਕੀਨੀ ਬਣਾਉਣ ਲਈ ਜੀ. ਓ. ਜੀਜ਼ ਅਤੇ ਹੋਰਨਾਂ ਵਿਭਾਗਾਂ ਦੀ ਲਈ ਜਾਵੇਗੀ ਮਦਦ

 

ਕਿਸਾਨਾਂ ਨੂੰ ਸੁੱਕੀ ਕਣਕ ਹੀ ਖ਼ਰੀਦ ਕੇਂਦਰਾਂ ਵਿਚ ਲਿਆਉਣ ਦੀ ਅਪੀਲ 

 

ਕਪੂਰਥਲਾ ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਜ਼ਿਲੇ ਵਿਚ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖ਼ਰੀਦ ਸਬੰਧੀ 98 ਖ਼ਰੀਦ ਕੇਂਦਰ ਬਣਾਏ ਗਏ ਹਨ, ਜਿਨਾਂ ਵਿਚ 42 ਦਾਣਾ ਮੰਡੀਆਂ ਅਤੇ 56 ਰਾਈਸ ਮਿੱਲਾਂ ਸ਼ਾਮਿਲ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜ਼ਿਲੇ ਵਿਚ ਕੀਤੇ ਗਏ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨਾਂ ਕਿਹਾ ਕਿ ਸੁਚੱਜੀ ਖ਼ਰੀਦ ਲਈ ਖ਼ਰੀਦ ਕੇਂਦਰਾਂ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਖ਼ਰੀਦ ਪ੍ਰਕਿਰਿਆ ਦੌਰਾਨ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਕਣਕ ਦਾ ਸਰਕਾਰੀ ਭਾਅ 1925 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਗਿਆ ਹੈ। ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਹੀ ਮੰਡੀਆਂ ਵਿਚ ਲਿਆਉਣ, ਜਿਸ ਦੀ ਨਮੀ 12 ਫੀਸਦੀ ਤੋਂ ਵਧੇਰੇ ਨਾ ਹੋਵੇ। ਉਨਾਂ ਇਹ ਵੀ ਅਪੀਲ ਕੀਤੀ ਕਿ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਕਣਕ ਦੀ ਕਟਾਈ ਕੀਤੀ ਜਾਵੇ। 

ਡਿਪਟੀ ਕਮਿਸ਼ਨਰ ਨੇ ਕਿਸਾਨਾਂ, ਆੜਤੀਆਂ, ਲੇਬਰ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਖ਼ਰੀਦ ਕੇਂਦਰਾਂ ਵਿਚ ਸਾਫ਼-ਸਫ਼ਾਈ, ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਦੀ ਵਰਤੋਂ ਕਰਨ ਅਤੇ ਵਾਰ-ਵਾਰ ਹੱਥ ਧੋਣ ਜਿਹੀਆਂ ਸਾਵਧਾਨੀਆਂ ਦਾ ਖਾਸ ਖਿਆਲ ਰੱਖਿਆ ਜਾਵੇ। ਉਨਾਂ ਹਦਾਇਤ ਕੀਤੀ ਕਿ ਸਾਰੇ ਖ਼ਰੀਦ ਕੇਂਦਰਾਂ ਨੂੰ ਸੈਨੀਟਾਈਜ਼ ਕੀਤਾ ਜਾਵੇ। ਉਨਾਂ ਕਿਹਾ ਕਿ ਖ਼ਰੀਦ ਕੇਂਦਰਾਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਯਕੀਨੀ ਬਣਾਉਣ ਲਈ ਪੁਲਿਸ ਤੋਂ ਇਲਾਵਾ ਜੀ. ਓ. ਜੀਜ਼ ਅਤੇ ਹੋਰਨਾਂ ਵਿਭਾਗਾਂ ਦੀ ਮਦਦ ਵੀ  ਲਈ ਜਾਵੇਗੀ। ਉਨਾਂ ਦੱਸਿਆ ਕਿ ਪਿਛਲੀ ਖ਼ਰੀਦ ਦੇ ਰਿਕਾਰਡ ਨੂੰ ਵੇਖ ਕੇ ਕੂਪਨ ਅਲਾਟ ਕੀਤੇ ਜਾਣਗੇ ਅਤੇ ਇਕ ਟਰਾਲੀ ਲਈ ਕਿਸਾਨ ਨੂੰ ਇਕ ਕੂਪਨ ਦਿੱਤਾ ਜਾਵੇਗਾ। 

  ਉਨਾਂ ਕਿਹਾ ਕਿ ਜ਼ਿਲੇ ਵਿਚ ਕੰਬਾਇਨ ਮਾਲਕਾਂ ਨੂੰ ਅਣ-ਪੱਕੀ ਅਤੇ ਨਮੀ ਵਾਲੀ ਕਣਕ ਦੀ ਕਟਾਈ ਨਾ ਕਰਨ ਅਤੇ ਕਟਾਈ ਕਰਨ ਸਮੇਂ ਕੰਬਾਇਨਾਂ ਵਿਚ ਉਪਲਬੱਧ ਪੱਖਿਆਂ ਨੂੰ ਚਾਲੂ ਹਾਲਤ ਵਿਚ ਰੱਖਣ ਅਤੇ ਰਾਤ ਸਮੇਂ ਕਟਾਈ ਨਾ ਕਰਨ ਸਬੰਧੀ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ’ਤੇ ਆਪਣੀ ਜ਼ਰੂਰਤ ਪੂਰੀ ਕਰਨ ਲਈ ਹੀ ਮੂਵਮੈਂਟ ਕਰਨ ਅਤੇ ਬੇਲੋੜੀ ਅਤੇ ਬੇਵਜਾ ਮੂਵਮੈਂਟ ਨਾ ਕੀਤੀ ਜਾਵੇ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ ਤੇ ਸ. ਰਣਦੀਪ ਸਿੰਘ ਹੀਰ, ਡੀ. ਐਫ ਐਸ. ਸੀ ਸ. ਸਰਤਾਜ ਸਿੰਘ ਚੀਮਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਲਾਲ ਕੁੰਡਲ, ਜੀ. ਓ. ਜੀਜ਼ ਦੇ ਜ਼ਿਲਾ ਹੈੱਡ ਕਰਨਲ ਕੁਲਜਿੰਦਰ ਸਿੰਘ, ਡਿਪਟੀ ਡੀ. ਐਮ. ਓ ਸ੍ਰੀ ਰੁਪਿੰਦਰ ਮਿਨਹਾਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਕਣਕ ਦੇ ਖ਼ਰੀਦ ਪ੍ਰਬੰਧਾਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਤੇ ਹੋਰ ਅਧਿਕਾਰੀ।

ਕੋਵਿਡ-19 ਦੇ ਚੱਲਦਿਆਂ ਵਰਦਾਨ ਸਾਬਿਤ ਹੋਵੇਗੀ ਮੋਬਾਈਲ ਓਟ ਕਲੀਨਿਕ-ਸਿਵਲ ਸਰਜਨ

ਹਫ਼ਤੇ ਵਿਚ ਚਾਰ ਦਿਨ ਪਿੰਡਾਂ ਵਿਚ ਮੂਵ ਕਰੇਗੀ ਵੈਲ-ਡਾ. ਸੰਦੀਪ ਭੋਲਾ

 

ਕਪੂਰਥਲਾ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੇ ਚੱਲਦਿਆਂ ਨਸ਼ੇ ਦੇ ਪੀੜਤ ਮਰੀਜ਼ਾਂ ਤੱਕ ਘਰ ਬੈਠੇ ਹੀ ਦਵਾਈਆਂ ਪਹੁੰਚਾਉਣ ਲਈ ਜ਼ਿਲੇ ਵਿਚ ਮੋਬਾਈਲ ਓਟ ਕਲੀਨਿਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਓਟ ਕਲੀਨਿਕਾਂ ਵਿਚ ਵੱਧ ਰਹੀ ਭੀੜ ਨੂੰ ਘੱਟ ਕਰਨ ਦੇ ਉਦੇਸ਼ ਨਾਲ ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਇਹ ਮੁਹਿੰਮ ਵਿੱਢੀ ਗਈ ਹੈ, ਤਾਂ ਜੋ ਕੋਵਿਡ-19 ਦੇ ਚੱਲਦਿਆਂ ਸਮਾਜਿਕ ਦੂਰੀ ਨੂੰ ਕਾਇਮ ਰੱਖਿਆ ਜਾ ਸਕੇ। ਉਨਾ ਦੱਸਿਆ ਕਿ ਨਿਰਧਾਰਤ ਰੂਟ ਪਲਾਲ ਮੁਤਾਬਿਕ ਇਹ ਵੈਨ ਪਿੰਡਾਂ ਵਿਚ ਮੂਵ ਕਰੇਗੀ ਅਤੇ ਪੀੜਤਾਂ ਤੱਕ ਦਵਾਈ ਪਹੁੰਚਾਈ ਜਾਵੇਗੀ। ਉਨਾ ਕਿਹਾ ਕਿ ਇਸ ਔਖੀ ਘੜੀ ਵਿਚ ਇਹ ਮੋਬਾਈਨ ਓਟ ਕਲੀਨਿਕ ਨਸ਼ਾ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗੀ। 

ਨਸ਼ਾ ਛੁਡਾੳੂ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਇਸ ਸਬੰਧੀ ਦੱਸਿਆ ਕਿ ਜ਼ਿਲਾ ਕਪੂਰਥਲਾ ਵਿਚ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮੰਗਲਵਾਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਹ ਵੈਨ ਹਫ਼ਤੇ ਵਿਚ ਚਾਰ ਦਿਨ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਏਗੀ। ਉਨਾਂ ਦੱਸਿਆ ਕਿ ਉਕਤ ਵੈਨ ਰੋਜ਼ਾਨਾ ਸਵੇਰੇ 8 ਵਜੇ ਸਿਵਲ ਹਸਪਤਾਲ ਕਪੂਰਥਲਾ ਤੋਂ ਮੂਵ ਕਰੇਗੀ ਅਤੇ ਹਰ ਪਿੰਡ ਵਿਚ ਇਕ ਤੋਂ ਡੇਢ ਘੰਟਾ ਰੁਕੇਗੀ, ਤਾਂ ਜੋ ਸਭਨਾਂ ਨੂੰ ਦਵਾਈ ਮਿਲ ਸਕੇ। ਉਨਾਂ ਇਹ ਵੀ ਦੱਸਿਆ ਕਿ ਜਿਹੜੇ ਮਰੀਜ਼ ਪਹਿਲਾਂ ਓਟ ਸੈਂਟਰਾਂ ਵਿਚ ਰਜਿਸਟਰਡ ਹਨ, ਉਨਾਂ ਨੂੰ ਹੀ ਇਸ ਮੋਬਾਈਲ ਕਲੀਨਿਕ ਦੇ ਜ਼ਰੀਏ ਦਵਾਈ ਦੀ ਸਹੂਲਤ ਮਿਲੇਗੀ। ਉਨਾਂ ਦੱਸਿਆ ਕਿ ਲਵੇਂ ਮਰੀਜ਼ਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਦੇ ਓਟ ਸੈਂਟਰ ਵਿਖੇ ਸੰਪਰਕ ਕਰਨਾ ਲਾਜ਼ਮੀ ਹੈ। ਉਨਾਂ ਲੋਕਾਂ ਨੂੰ ਇਸ ਸਬੰਧੀ ਸਹਿਯੋਗ ਦੇਣ ਅਤੇ ਦਵਾਈ ਲੈਣ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। 

ਮੋਬਾਈਲ ਵੈਨ ਦੇ ਹਫ਼ਤੇ ਦੇ ਸ਼ਡਿੳੂਲ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਮੰਗਲਵਾਰ ਨੂੰ ਇਹ ਵੈਨ ਸਵੇਰੇ 8 ਵਜੇ ਸਿਵਲ ਹਸਪਤਾਲ ਕਪੂਰਥਲਾ ਤੋਂ ਰਵਾਨਾ ਹੋਵੇਗੀ ਅਤੇ 8.30 ਤੋਂ 10 ਵਜੇ ਤੱਕ ਪਿੰਡ ਸੰਧੂ ਚੱਠਾ ਵਿਖੇ ਰਹੇਗੀ, ਸਵੇਰੇ 10.15 ਤੋਂ 11.30 ਵਜੇ ਤੱਕ ਪਿੰਡ ਜੱਲੋਵਾਲ, ਸਵੇਰੇ 11.45 ਤੋਂ ਦੁਪਹਿਰ 1 ਵਜੇ ਤੱਕ ਪਿੰਡ ਖੁਸਰੋਪੁਰ ਅਤੇ ਦੁਪਹਿਰ 1.15 ਤੋਂ 3 ਵਜੇ ਤੱਕ ਪਿੰਡ ਸਿੱਧਵਾਂ ਦੋਨਾ ਵਿਚ ਰਹੇਗੀ। ਬੁੱਧਵਾਰ ਨੂੰ ਸਵੇਰੇ 8.30 ਤੋਂ 10 ਵਜੇ ਤੱਕ ਪਿੰਡ ਬਨਵਾਲੀਪੁਰ, ਸਵੇਰੇ 10.45 ਤੋਂ ਦੁਪਹਿਰ 12 ਵਜੇ ਤੱਕ ਪਿੰਡ ਕਾਹਲਵਾਂ ਅਤੇ ਦੁਪਹਿਰ 12.15 ਤੋਂ ਦੁਪਹਿਰ 2 ਵਜੇ ਤੱਕ ਪਿੰਡ ਥਿਗਲੀ ਵਿਖੇ ਰਹੇਗੀ। ਇਸੇ ਤਰਾਂ ਸ਼ੁੱਕਰਵਾਰ ਨੂੰ ਇਹ ਵੈਨ ਸਵੇਰੇ 8.30 ਤੋਂ 10 ਵਜੇ ਤੱਕ ਪਿੰਡ ਸਿਆਲ, ਸਵੇਰੇ 10.15 ਤੋਂ 11.30 ਵਜੇ ਤੱਕ ਪਿੰਡ ਭਾਣੋਲੰਗਾ, 11.45 ਤੋਂ ਦੁਪਹਿਰ 1 ਵਜੇ ਤੱਕ ਪਿੰਡ ਤੋਗਾਂਵਾਲ ਅਤੇ 1.15 ਤੋਂ ਦੁਪਹਿਰ 3 ਵਜੇ ਤੱਕ ਪਿੰਡ ਮੋਠਾਂਵਾਲ ਰਹੇਗੀ। ਇਸੇ ਤਰਾਂ ਸਨਿੱਚਰਵਾਰ ਨੂੰ ਵੈਨ ਸਵੇਰੇ 8.30 ਤੋਂ 10.30 ਵਜੇ ਤੱਕ ਪਿੰਡ ਸੇਚਾਂ, ਸਵੇਰੇ 10.45 ਤੋਂ ਦੁਪਹਿਰ 12 ਵਜੇ ਤੱਕ ਪਿੰਡ ਲਾਟੀਆਂਵਾਲ ਅਤੇ 12.15 ਤੋਂ ਦੁਪਹਿਰ 2 ਵਜੇ ਤੱਕ ਪਿੰਡ ਤੋਤੀ ਵਿਖੇ ਰਹੇਗੀ। 

ਫੋਟਆਂੋ :

-ਡਾ. ਜਸਮੀਤ ਬਾਵਾ। 

-ਡਾ. ਸੰਦੀਪ ਭੋਲਾ।