ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-
ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ ’ਤੇ ਛਾਈ ਹੋਈ ਹੈ। ਅਜਿਹੇ ਹਾਲਾਤ ਤੋਂ ਆਮ ਜਨਤਾ ਨੂੰ ਸਿਹਤਯਾਬ ਰੱਖਣ ਲਈ ਸਿਹਤ ਵਿਭਾਗ ਪੂਰੀ ਤਰਾਂ ਡਟਿਆ ਹੋਇਆ ਹੈ। ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜਿਸ ਤਰਾਂ ਸਿਹਤ ਵਿਭਾਗ ਦਾ ਸਾਰਾ ਮੈਡੀਕਲ, ਪੈਰਾ ਮੈਡੀਕਲ ਤੇ ਪ੍ਰਸ਼ਾਸਕੀ ਅਮਲਾ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਡਟਿਆ ਹੋਇਆ ਹੈ, ਉਥੇ ਆਮ ਜਨਤਾ ਦੀ ਸਮੂਹਕ ਜਿੰਮੇਵਾਰੀ ਬਣਦੀ ਹੈ, ਉਹ ਘਰਾਂ ਵਿਚ ਰਹਿ ਕੇ ਇਨਾਂ ਯੋਧਿਆਂ ਦਾ ਸਾਥ ਦੇਣ ਅਤੇ ਹੌਸਲਾ ਅਫ਼ਜ਼ਾਈ ਕਰਨ।
ਜ਼ਿਕਰਯੋਗ ਹੈ ਕਿ ਕੋਰੋਨਾ ਦੀ ਚੇਨ ਨੂੰ ਤੋੜਨਾ ਇਕ ਚੁਨੌਤੀ ਬਣ ਚੁੱਕਾ ਹੈ। ਇਸ ਖ਼ਤਰਨਾਕ ਵਾਇਰਸ ਨੂੰ ਖ਼ਤਮ ਕਰਨ ਅਤੇ ਲੋਕਾਂ ਨੂੰ ਇਸ ਵਾਇਰਸ ਦੀ ਚਪੇਟ ਤੋਂ ਬਚਾਉਣ ਲਈ ਸਿਹਤ ਵਿਭਾਗ 24 ਘੰਟੇ ਮੁਸਤੈਦ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਬਲਾਕਾਂ ਵਿਚ ਰੈਪਿਡ ਰਿਸਪਾਂਸ ਟੀਮਾਂ ਤਾਇਨਾਤ ਹਨ। ਜਦੋਂ ਵੀ ਉਨਾਂ ਨੂੰ ਕੋਈ ਸ਼ੱਕੀ ਮਰੀਜ਼ ਸਬੰਧੀ ਸੂਚਨਾ ਮਿਲਦੀ ਹੈ ਤਾਂ ਸਬੰਧਤ ਸ਼ੱਕੀ ਮਰੀਜ਼ ਦੀ ਸਕਰੀਨਿੰਗ ਕਰ ਕੇ ਇਹ ਦੇਖਿਆ ਜਾਂਦਾ ਹੈ ਕਿ ਮਰੀਜ਼ ਨੂੰ ਹੋਮ ਕੋਰਨਟਾਈਨ ਕਰਨਾ ਹੈ ਜਾਂ ਜ਼ਿਲਾ ਹਸਪਤਾਲ ਭੇਜਣਾ ਹੈ। ਇਸੇ ਤਰਾਂ ਜ਼ਿਲੇ ’ਤੇ ਤਾਇਨਾਤ ਰੈਪਿਡ ਰਿਸਪਾਂਸ ਟੀਮ ਵੱਲੋਂ ਤੈਅ ਕੀਤਾ ਜਾਂਦਾ ਹੈ ਕਿ ਮਰੀਜ਼ ਨੂੰ ਆਈਸੋਲੇਸ਼ਨ ਸੈਂਟਰ ਭੇਜਣਾ ਹੈ ਜਾਂ ਨਹੀਂ। ਜਦ ਵੀ ਕੋਈ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਐਮਰਜੈਂਸੀ ਦਾ ਸਟਾਫ ਉਸ ਦੀ ਸਕਰੀਨਿੰਗ ਕਰਦਾ ਹੈ। ਈ. ਐਨ. ਟੀ ਮਾਹਿਰ ਅਤੇ ਪੈਥੋਲੋਜਿਸਟ ਵੱਲੋਂ ਸ਼ੱਕੀ ਮਰੀਜ਼ ਦਾ ਟੈਸਟ ਲਿਆ ਜਾਂਦਾ ਹੈ ਤੇ ਪੁਸ਼ਟੀ ਹੋਣ ’ਤੇ ਆਈਸੋਲੇਸ਼ਨ ਵਿਚ ਤਾਇਨਾਤ ਰੈਪਿਡ ਰਿਸਪਾਂਸ ਟੀਮ, ਜਿਸ ਵਿਚ ਮੈਡੀਕਲ ਸਪੈਸ਼ਲਿਸਟ, ਰੂਰਲ ਮੈਡੀਕਲ ਅਫ਼ਸਰ, ਸੀ. ਐਚ. ਓਜ਼ ਤੇ ਹੋਰ ਸਟਾਫ ਸ਼ਾਮ ਹੈ, ਆਪਣੀ ਡਿੳੂਟੀ ਸੰਭਾਲ ਲੈਂਦੇ ਹਨ ਤੇ ਮਰੀਜ਼ ਨੂੰ ਨਿਗਰਾਨੀ ਵਿਚ ਰੱਖਦੇ ਹਨ। ਮਰੀਜ਼ ਨੂੰ ਦਿਨ ਵਿਚ ਤਿੰਨ ਤੋਂ ਚਾਰ ਵਾਰ ਤਾਇਨਾਤ ਸਟਾਫ ਵੱਲੋਂ ਚੈੱਕ ਕੀਤਾ ਜਾਂਦਾ ਹੈ।
ਜ਼ਿਲਾ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ 2 ਮਰੀਜ਼ ਦਾਖ਼ਲ ਹਨ। ਜ਼ਿਕਰਯੋਗ ਹੈ ਕਿ ਇਨਾਂ ਮਰੀਜ਼ਾ ਦੀ ਹਾਲਤ ਵੀ ਸਥਿਰ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਵੱਲੋਂ ਖ਼ੁਦ ਹਾਲਾਤ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਰ ਦੋ ਘੰਟੇ ਬਾਅਦ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਮਰੀਜ਼ਾਂ, ਸਟਾਫ, ਲੋਜਿਸਟਿਕਸ ਦੀ ਜਾਣਕਾਰੀ ਲਈ ਜਾਂਦੀ ਹੈ ਤਾਂ ਕਿ ਕਿਸੇ ਵੀ ਤਰਾਂ ਦੀ ਜ਼ਰੂਰਤ ਨੂੰ ਤੁਰੰਤ ਹੀ ਪੂਰਾ ਕੀਤਾ ਜਾ ਸਕੇ ਅਤੇ ਮਰੀਜ਼ ਨੂੰ ਕੋਈ ਤਕਲੀਫ ਨਾ ਹੋਵੇ। ਮਰੀਜ਼ ਦੀ ਖ਼ੁਰਾਕ, ਵਾਰਡ ਦੀ ਸਾਫ਼-ਸਫ਼ਾਈ ਤੇ ਸੈਨੀਟਾਈਜ਼ੇਸ਼ਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
ਕੋਰੋਨਾ ਵਾਇਰਸ ਤੋਂ ਸਰੀਰਕ ਰੂਪ ਨਾਲ ਸਿਹਤਮੰਦ ਰਹਿਣ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਸਿਹਤਮੰਦ ਰਹਿਣਾ ਆਈਸੋਲੇਸ਼ਨ ਵਾਰਡ ਵਿਚ ਰਹਿ ਰਹੇ ਮਰੀਜ਼ਾਂ ਲਈ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਪਾਜ਼ੇਟਿਵ ਮਰੀਜ਼ ਨੂੰ 14 ਦਿਨ ਦੇ ਏਕਾਂਤਵਾਸ ਵਿਚ ਘਰ ਵਾਲਿਆਂ ਤੋਂ ਦੂਰ ਆਈਸੋਲੇਟ ਕੀਤਾ ਜਾਂਦਾ ਹੈ। ਮਾਨਸਿਕ ਤੌਰ ’ਤੇ ਮਰੀਜ਼ ਨੂੰ ਮਜ਼ਬੂਤ ਰੱਖਣਾ ਅਹਿੇ ਹਾਲਾਤ ਵਿਚ ਬਹੁਤ ਜ਼ਰੂਰੀ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਸਪੈਸ਼ਲ ਕਾਊਸਲਰਾਂ ਵੱਲੋਂ ਪਾਜ਼ੇਟਿਵ ਮਰੀਜ਼ਾਂ ਦੀ ਕਾਊਸਲਿੰਗ ਕੀਤੀ ਜਾਂਦੀ ਹੈ ਤਾਂ ਕਿ ਉਹ ਮਾਨਸਿਕ ਤੌਰ ’ਤੇ ਨਾ ਡੋਲਣ। ਇਹੀ ਨਹੀਂ ਹੋਮ ਸਿੱਕਨੈੱਸ ਨੂੰ ਦੂਰ ਕਰਨ ਲਈ ਮਰੀਜ਼ਾਂ ਦੀ ਫੋਨ ਰਾਹੀਂ ਘਰ ਵਾਲਿਆਂ ਨਾਲ ਗੱਲਬਾਤ ਵੀ ਕਰਵਾਈ ਜਾਂਦੀ ਹੈ।
ਇਕ ਪਾਸੇ ਜਿਥੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਸਿਹਤ ਪੱਖੋਂ ਲੋਕਾਂ ਨੂੰ ਕੋਰੋਨਾ ਤੋਂ ਸਿਹਤਮੰਦ ਰੱਖਣ ਲਈ ਡਟਿਆ ਹੋਇਆ ਹੈ, ਉਥੇ ਹੀ ਦੂਸਰੇ ਪਾਸੇ ਕੋਰੋਨਾ ਵਾਇਰਸ ਦੇ ਸ਼ੱਕੀ ਤੇ ਪਾਜ਼ੇਟਿਵ ਮਰੀਜ਼ਾਂ, ਉਨਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਲਾਈਨਲਿਸਟਿੰਗ ਆਦਿ ਦੇ ਡਾਟਾ ਨੂੰ ਮੈਲੇਜ ਕਰਨਾ ਵੀ ਅਹਿਮ ਹੈ। ਜ਼ਿਲਾ ਆਈ. ਡੀ. ਐਸ. ਪੀ ਵਿੰਗ ਨੂੰ ਕੋਰੋਨਾ ਹੈੱਡਕੁਆਰਟਰ ਕੰਟਰੋਲ ਰੂਮ ਵਜੋਂ ਸਥਾਪਿਤ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਦੇ ਨਿਰਦੇਸ਼ਾਂ ’ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ 24 ਘੰਟੇ ਆਪਣੇ ਸਟਾਫ ਦੇ ਸਹਿਯੋਗ ਨਾਲ ਕੋਰੋਨਾ ਦੀ ਜ਼ਿਲੇ ਵਿਚ ਚੇਨ ਤੋੜਨ ਲਈ ਇਕ ਪਲਾਨ ਅਨੁਸਾਰ ਡਟੇ ਹੋਏ ਹਨ। ਆਈ. ਡੀ. ਐਸ. ਪੀ ਵਿੰਗ ਤੇ ਐਨ. ਐਚ. ਐਮ ਦੇ ਡਾਟਾ ਮੈਨੇਜਰ, ਕੰਪਿੳੂਟਰ ਆਪਰੇਟਰ, ਐਸ. ਆਈਜ਼ ਮਲਟੀਪਰਪਜ਼ ਹੈਲਥ ਵਰਕਰ ਆਪਣੀ ਨਿਰਧਾਰਤ ਡਿੳੂਟੀ ਨੂੰ ਪੂਰੀ ਤਰਾਂ ਨਾਲ ਨਿਭਾਅ ਰਹੇ ਹਨ।
ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਨੀਤੂ ਚੌਹਾਨ, ਜੋ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਹੈ, ਨੂੰ ਕੋਰੋਨਾ ਪਾਜ਼ੇਟਿਵ ਆਉਣ ’ਤੇ 12 ਅਪ੍ਰੈਲ ਨੂੰ ਆਈਸੋਲੇਸ਼ਨ ਸੈਂਟਰ ਵਿਚ ਦਾਖ਼ਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਵਿਦਿਆਰਥਣ ਦੇ ਸੰਪਰਕ ਵਿਚ ਆਏ ਕਲੋਜ਼ ਕਾਨਟੈਕਟ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਐਲ. ਪੀ. ਯੂ ਦੇ ਸਾਰੇ ਬਲਾਕਾਂ ਦੇ ਵਿਦਿਆਰਥੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ ਮੈੱਸ ਵਰਕਰ, ਸਕਿਉਰਿਟੀ ਗਾਰਡਸ, ਹਾੳੂਸ ਕੀਪਿੰਡ ਸਟਾਫ, ਲਾਂਡਰੀ ਸਟਾਫ ਦੇ ਸੈਂਪਲ ਵੀ ਸਿਹਤ ਵਿਭਾਗ ਵੱਲੋਂ ਲਏ ਜਾਣ ਦੀ ਤਜਵੀਜ਼ ਹੈ।
ਕੈਪਸ਼ਨ :-ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਮਰੀਜ਼ਾਂ ਦੀ ਕਾਊਸਲਰ ਵੱਲੋਂ ਕਾਊਸਲਿੰਗ ਕੀਤੇ ਜਾਣ ਦਾ ਦਿ੍ਰਸ਼।