You are here

ਪੰਜਾਬ

ਪੈਰਾ ਲੀਗਲ ਵਲੰਟੀਅਰਾਂ ਨੇ ਰਾਹਤ ਸਮੱਗਰੀ ਦਾ ਟਰੱਕ ਕੀਤਾ ਰਵਾਨਾ

ਕਪੂਰਥਲਾ ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਅਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਸ੍ਰੀ ਅਜੀਤ ਪਾਲ ਸਿੰਘ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੈਰਾ ਲੀਗਲ ਵਲੰਟੀਅਰ ਸ. ਸੂਰਤ ਸਿੰਘ ਦੇ ਉੱਦਮ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਲਾਕ ਡਾੳੂਨ ਹੋਣ ਕਾਰਨ ਰਾਸ਼ਨ ਬਾਰੇ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਸ਼ਨਾਖਤ ਕੀਤੇ ਗਏ ਪਿੰਡਾਂ ਦੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਕਲੋਨੀਆਂ ਲਈ ਭੁਲੱਥ ਤੋਂ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ ਗਿਆ। ਇਸ ਟਰੱਕ ਨੂੰ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਡਾ. ਸੁਸ਼ੀਲ ਬੋਧ, ਐਸ. ਡੀ. ਐਮ ਭੁਲੱਥ ਸ. ਰਣਦੀਪ ਸਿੰਘ ਹੀਰ ਅਤੇ ਪੈਰਾ ਲੀਗਲ ਵਲੰਟੀਅਰ ਸ. ਸੂਰਤ ਸਿੰਘ ਵੱਲੋਂ ਝੰਡੀ ਦੇ ਕੇ ਪਿੰਡ ਮੰਡ ਕੁੱਲਾ, ਬੱਲੋ ਚੱਕ, ਨਿੱਕੀ ਮਿਆਣੀ, ਡੇਰਾ ਗੁਜਰਾਂ ਅਤੇ ਬੇਗੋਵਾਲ ਵਿਖੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਕਲੋਨੀਆਂ ਲਈ ਰਵਾਨਾ ਕੀਤਾ। ਇਸ ਟਰੱਕ ਵਿਚ ਰਾਹਤ ਸਮੱਗਰੀ ਦੀਆਂ 500 ਕਿੱਟਾਂ ਸਨ, ਜਿਨਾਂ ਵਿਚ ਆਟਾ, ਦਾਲ, ਚਾਵਲ, ਹਲਦੀ, ਨਮਕ, ਸਾਬਣ, ਖੰਡ, ਚਾਹ ਪੱਤੀ ਆਦਿ ਸ਼ਾਮਿਲ ਸੀ। ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਸ੍ਰੀ ਅਜੀਤ ਪਾਲ ਸਿੰਘ ਨੇ ਇਸ ਨੇਕ ਕਾਰਜ ਲਈ ਪੈਰਾ ਲੀਗਲ ਵਲੰਟੀਅਰ ਸ. ਸੂਰਤ ਸਿੰਘ ਦੇ ਇਸ ਉਪਰਾਲੇ ਦੀ  ਸ਼ਲਾਘਾ ਕੀਤੀ ਅਤੇ ਹੋਰਨਾਂ ਪੈਰਾ ਲੀਗਲ ਵਲੰਟੀਅਰਾਂ ਨੂੰ ਵੀ ਇਸ ਔਖੀ ਘੜੀ ਵਿਚ ਲੋੜਵੰਦ ਲੋਕਾਂ ਦੀ ਮਦਦ ਲਈ ਵੱਧ-ਚੜ ਕੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ। 

 

ਫੋਟੋ :-ਰਾਹਤ ਸਮੱਗਰੀ ਟਰੱਕ ਰਵਾਨਾ ਕਰਦੇ ਹੋਏ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਡਾ. ਸੁਸ਼ੀਲ ਬੋਧ, ਐਸ. ਡੀ. ਐਮ ਭੁਲੱਥ ਸ. ਰਣਦੀਪ ਸਿੰਘ ਹੀਰ, ਪੈਰਾ ਲੀਗਲ ਵਲੰਟੀਅਰ ਸ. ਸੂਰਤ ਸਿੰਘ ਤੇ ਹੋਰ।

ਜ਼ਿਲੇ ਵਿਚ ਇਹਤਿਆਤ ਵਜੋਂ 1938 ਬੈੱਡ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19 ਕੇਅਰ ਸੈਂਟਰ’ ਸਥਾਪਿਤ

ਕਪੂਰਥਲਾ ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਹਤਿਆਤ ਵਜੋਂ ਜ਼ਿਲੇ ਵਿਚ 1928 ਬੈੱਡ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19 ਕੇਅਰ ਸੈਂਟਰ’ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਕੁੱਲ 495 ਕਮਰੇ ਅਤੇ 38 ਹਾਲ ਹਨ। ਉਨਾਂ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ, ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿੳੂਟ ਆਫ ਰਿਨੇਵਲ ਐਨਰਜੀ ਕਪੂਰਥਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ, ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਅਤੇ ਜੀ. ਐਨ. ਏ ਯੂਨੀਵਰਸਿਟੀ ਫਗਵਾੜਾ ਸ਼ਾਮਿਲ ਹਨ। ਉਨਾਂ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਦੋ ਸੈਂਟਰ ਬਣਾਏ ਗਏ ਹਨ। ਉਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 140 ਕਮਰਿਆਂ ਵਾਲੇ ਸੈਂਟਰ ਦੀ ਸਮਰੱਥਾ 420 ਹੈ। ਇਸੇ ਤਰਾਂ ਗੁਰਦੁਆਰਾ ਬੇਬੇ ਨਾਨਕ ਸੁਲਤਾਨਪੁਰ ਲੋਧੀ ਵਿਖੇ 17 ਕਮਰਿਆਂ ਵਿਚ 51 ਬੈੱਡ, ਸਰਦਾਰ ਸਵਰਨ ਸਿੰਘ ਨੈਸ਼ਨਲ ਰਿਨੇਵਲ ਐਨਰਜੀ ਕਪੂਰਥਲਾ ਵਿਖੇ 30 ਕਮਰਿਆਂ ਵਿਚ 30 ਬੈੱਡ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ 150 ਕਮਰਿਆਂ ਵਿਚ 150 ਬੈੱਡ ਅਤੇ 70 ਕਮਰਿਆਂ ਵਿਚ 90 ਬੈੱਡ, ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 16 ਕਮਰਿਆਂ ਵਿਚ 29 ਬੈੱਡ ਅਤੇ ਜੀ. ਐਨ. ਏ ਯੂਨੀਵਰਸਿਟੀ ਫਗਵਾੜਾ ਵਿਖੇ 72 ਕਮਰਿਆਂ ਵਿਚ 200 ਬੈੱਡ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 345 ਬੈੱਡ ਵਾਲੇ 23 ਹਾਲ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ ਵਿਖੇ 500 ਬੈੱਡ ਵਾਲੇ ਹਾਲ ਅਤੇ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿੳੂਟ ਆਫ ਰਿਨੇਵਲ ਐਨਰਜੀ ਕਪੂਰਥਲਾ ਵਿਖੇ 16 ਬੈੱਡ ਦੀ ਸਮਰੱਥਾ ਵਾਲੇ 4 ਹਾਲ ਅਤੇ ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 97 ਬੈੱਡ ਦੀ ਸਮਰੱਥਾ ਵਾਲੇ 9 ਹਾਲ ਇਸ ਕੰਮ ਲਈ ਵਰਤੇ ਜਾ ਰਹੇ ਹਨ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਲਈ ਕੰਟਰੋਲ ਰੂਮ ਸਥਾਪਿਤ

ਫੋਨ ’ਤੇ ਹੀ ਵਿਭਾਗੀ ਅਧਿਕਾਰੀਆਂ ਤੇ ਮਾਹਿਰਾਂ ਤੋਂ ਮਿਲੇਗੀ ਮਦਦ-ਨਰਿੰਦਰ ਸਿੰਘ ਮੱਲੀ

 

ਕਪੂਰਥਲਾ ,ਅਪ੍ਰੈਲ 2020 - (ਹਰਜੀਤ  ਸਿੰਘ ਵਿਰਕ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲੇ ਵਿਚ ਲੱਗੇ ਕਰਫਿੳੂ ਦੌਰਾਨ ਜ਼ਿਲਾ ਕਪੂਰਥਲਾ ਦੇ ਬਾਗਬਾਨੀ ਨਾਲ ਜੁੜੇ ਕਿਸਾਨਾਂ ਨੂੰ ਫ਼ਸਲਾਂ ਦੀ ਸਾਂਭ-ਸੰਭਾਲ, ਖਾਦਾਂ, ਦਵਾਈਆਂ ਅਤੇ ਮੰਡੀਕਰਨ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਬਾਗਬਾਨੀ ਵਿਭਾਗ ਕਪੂਰਥਲਾ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ ਸ. ਨਰਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਇਸ ਕੰਟਰੋਲ ਰੂਮ ’ਤੇ ਕਿਸਾਨ ਹੁਣ ਫੋਨ ’ਤੇ ਹੀ ਵਿਭਾਗੀ ਅਧਿਕਾਰੀਆਂ ਤੇ ਮਾਹਿਰਾਂ ਦੀ ਰਾਏ ਲੈਣ ਤੋਂ ਇਲਾਵਾ ਵਿਭਾਗ ਵੱਲੋਂ ਦਿੱਤੀ ਜਾਂਦੀ ਹਰ ਤਰਾਂ ਦੀ ਸਹਾਇਤਾ ਲੈ ਸਕਣਗੇ। ਉਨਾਂ ਦੱਸਿਆ ਕਿ ਜ਼ਿਲਾ ਕਪੂਰਥਲਾ ਦੇ ਕਿਸਾਨਾਂ ਲਈ ਉਨਾਂ ਦਾ ਮੋਬਾਈਲ ਨੰਬਰ 75080-18870 ਹਰੇਕ ਸਮੇਂ ਹਾਜ਼ਰ ਹੈ। ਇਸ ਤੋਂ ਇਲਾਵਾ ਬਲਾਕ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਕਿਸਾਨ ਬਾਗਬਾਨੀ ਵਿਕਾਸ ਅਫ਼ਸਰ ਸ. ਕੁਲਵੰਤ ਸਿਘ ਦੇ ਮੋਬਾਈਲ ਨੰਬਰ 99157-05843, ਬਲਾਕ ਫਗਵਾੜਾ ਦੇ ਕਿਸਾਨ ਬਾਗਬਾਨੀ ਸੁਪਰਵਾਈਜ਼ਰ ਸ੍ਰੀ ਰੋਸ਼ਨ ਲਾਲ ਦੇ ਮੋਬਾਈਲ ਨੰਬਰ 97799-83660 ਅਤੇ ਬਲਾਕ ਢਿਲਵਾਂ ਅਤੇ ਨਡਾਲਾ ਦੇ ਕਿਸਾਨ ਬਾਗਬਾਨੀ ਵਿਕਾਸ ਅਫ਼ਸਰ ਮਿਸ ਮਨਪ੍ਰੀਤ ਕੌਰ ਦੇ ਮੋਬਾਈਲ ਨੰਬਰ 98554-34500 ਉੱਤੇ ਸੰਪਰਕ ਕਰਕੇ ਹਰ ਤਰਾਂ ਦੀ ਸਹਾਇਤਾ ਲੈ ਸਕਦੇ ਹਨ। 

ਫੋਟੋ : -ਸ. ਨਰਿੰਦਰ ਸਿੰਘ ਮੱਲੀ, ਡਿਪਟੀ ਡਾਇਰੈਕਟਰ ਬਾਗਬਾਨੀ, ਕਪੂਰਥਲਾ।

ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਡਾਕਟਰਾਂ ਤੇ ਪੰਜਾਬ ਪੁਲੀਸ ਦਾ ਸਾਥ ਦਿਓ।ਐਸ ਐਚ ਓ ਮੈਡਮ ਅਮਨਦੀਪ ਕੌਰ

ਬਰਨਾਲਾ,ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ ) /ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਆ ਲਈ ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾ ਗੰਭੀਰ ਬਣੋ।ਆਪਣੀ ਸਰਕਾਰ ਦੇ ਹਰ ਆਦੇਸ਼ ਦਾ ਗੰਭੀਰਤਾ ਨਾਲ ਪਾਲਣ ਕਰਨਾ ਹੈ।  ਪੁਲਿਸ ਵੱਲੋਂ ਪੂਰੇ ਲਾਕੇ ਲਾਕਡਾਉਨ ਕੀਤੇ ਹੋਏ ਨੇ ਤਾਂ ਕਿ ਕਰੋਨਾ ਵਾਇਰਸ  ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਵਾਰ- ਵਾਰ ਹੱਥ ਸਾਫ ਕਰੋ ਕਿਸੇ ਨਾਲ ਹੱਥ ਨਾ ਮਿਲਾਓ। ਜੇਕਰ ਕੋਈ ਸ਼ੱਕ ਹੈ ਤਾਂ ਡਾਕਟਰ ਨੂੰ  ਜ਼ਰੂਰ ਮਿਲੋ। ਇਸ ਵਾਇਰਸ ਤੇ ਚੁਟਕਲੇ ਬਣਾਉਣ ਵਾਲੇ ਇਸ ਵਾਇਰਸ ਦੇ ਨੇੜੇ ਹੋ ਗਏ ਤਾਂ ਉਨ੍ਹਾਂ ਦੇ ਹਮੇਸ਼ਾ ਲਈ ਚੁੱਟਕਲੇ ਬੰਦ ਹੋ ਜਾਣਗੇ ਇਸ ਦਾ ਮਜ਼ਾਕ ਨਾ ਬਣਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਥਾਣਾ ਟੱਲੇਵਾਲ ਦੇ ਐਸ ਐਚ ਓ ਮੈਡਮ ਅਮਨਦੀਪ ਕੌਰ ਜੀ ਨੇ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਕਲਪਨਾਸ਼ੀਲ ਹੋਵੋਗੇ ਜਾਂ ਨਹੀਂ ਪਰ ਜੇ ਤੁਸੀਂ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਦਾ ਸਮਰਥਨ ਕਰੋ ਅਤੇ ਦਿੱਤੀਆਂ ਹੋਈਆ ਹਦਾਇਤਾਂ ਦਾ ਪਾਲਣ ਕਰੋ। ਆਪਣੇ ਆਪ ਅਤੇ ਪਰਿਵਾਰ ਤੇ ਪੂਰਾ ਧਿਆਨ ਰੱਖੋ। ਕੇਂਦ੍ਰਤ ਕਰਦਿਆਂ ਸਾਡੇ ਡਾਕਟਰਾਂ ਅਤੇ ਪੁਲਿਸ ਦਾ ਇਸ ਤੇ ਪੂਰਾ ਧਿਆਨ ਹੈ। ਅਖੀਰ ਵਿੱਚ ਉਨਾ ਨੇ ਕਿਹਾ ਕਿ ਅਸੀਂ ਨਿਰਮਤਾ ਨਾਲ  ਬੇਨਤੀ ਕਰਦੇ ਹਾਂ ਕਿ ਸਮੇਂ ਦਾ ਧਿਆਨ ਰੱਖਿਆ ਜਾਵੇ। ਘਰੋ  ਬਾਹਰ ਜਾਨ ਤੋਂ ਗੁਰੇਜ਼ ਕੀਤਾ ਜਾਵੇ।

ਸ. ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਸਰਕਾਰੀ ਏਜੰਸੀਆਂ ਨੂੰ ਕਣਕ ਦੀ ਲੇਟ ਡਿਲੀਵਰੀ ਦੇਣ ਲਈ ਕਿਸਾਨਾਂ ਨੂੰ ਬੋਨਸ ਦੇਣ ਦੀ ਅਪੀਲ

ਪ੍ਰਧਾਨ ਮੰਤਰੀ ਵੱਲੋਂ ਕੋਵਿਡ-19 ਦੇ ਟਾਕਰੇ ਲਈ ਚੁੱਕੇ ਦਲੇਰਾਨਾ ਅਤੇ ਫੈਸਲਾਕੁੰਨ ਕਦਮਾਂ ਦੀ ਸਰਬਪਾਰਟੀ ਮੀਟਿੰਗ ਵਿਚ ਸ਼ਲਾਘਾ ਕੀਤੀ

 

ਪ੍ਰਧਾਨ ਮੰਤਰੀ ਨੂੰ ਉਦਯੋਗਿਕ ਸੈਕਟਰ ਲਈ ਵੀ ਪੈਕਜ ਦਾ ਐਲਾਨ ਕਰਨ ਦੀ ਅਪੀਲ ਕੀਤੀ

 

ਵੈਂਟੀਲੇਟਰਾਂ, ਪੀਪੀਈ ਅਤੇ ਟੈਸਟਿੰਗ ਕਿਟਾਂ ਦੀ ਕਮੀ ਬਾਰੇ ਦੱਸਿਆ ਅਤੇ ਕੇਂਦਰ ਨੂੰ ਕਿਹਾ ਕਿ ਉਹ ਸੂਬਾ ਸਰਕਾਰ ਨੂੰ ਸਿਹਤ ਸਹੂਲਤਾਂ ਨੂੰ ਤੁਰੰਤ ਸੁਧਾਰਨ ਲਈ ਆਖੇ

 

ਬਰਨਾਲਾ ,ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਏਜੰਸੀਆਂ ਨੂੰ ਕਣਕ ਦੀ ਲੇਟ ਡਿਲੀਵਰੀ ਦੇਣ ਲਈ ਕਿਸਾਨਾਂ ਨੂੰ ਬੋਨਸ ਦੇਣ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਵਿਚ ਕੋਵਿਡ-19 ਦੇ ਟਾਕਰੇ ਲਈ ਇਂੰਡਸਟਰੀ ਲਈ ਇੱਕ ਪੈਕਜ, ਮਜ਼ਦੂਰਾਂ ਨੂੰ ਸਹੂਲਤਾਂ ਅਤੇ ਸਿਹਤ ਸੇਵਾਵਾਂ ਵਿਚ ਵਾਧਾ ਕਰਨ ਦਾ ਵੀ ਸੱਦਾ ਦਿੱਤਾ ਹੈ।

ਪ੍ਰਧਾਨ ਮੰਤਰੀ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਰੱਖੀ ਸਰਬ ਪਾਰਟੀ ਮੀਟਿੰਗ ਭਾਗ ਲੈਂਦੇ ਹੋਏ ਅਕਾਲੀ ਦਲ ਪ੍ਰਧਾਨ ਨੇ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਦਲੇਰਾਨਾ ਅਤੇ ਫੈਸਲਾਕੁੰਨ ਕਾਰਵਾਈਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਫੈਸਲਿਆਂ ਲਈ ਸਾਰੇ ਲੋਕਾਂ ਨੇ ਉਹਨਾਂ ਦੀ ਤਾਰੀਫ ਕੀਤੀ ਹੈ।

ਵਿਭਿੰਨ ਮੁੱਦਿਆਂ ਬਾਰੇ ਬੋਲਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆ ਰਹੇ ਕਣਕ ਦੀ ਖਰੀਦ ਦੇ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਉੱਤੇ ਪੈਣ ਵਾਲੇ ਦਬਾਅ ਨੂੰ ਘਟਾਉਣ ਦੀ ਸਖ਼ਤ ਲੋੜ ਹੈ, ਕਿਉਂਕਿ ਵੱਡੇ ਇੱਕਠਾਂ ਨਾਲ ਸਮੁੱਚੇ ਸੂਬੇ ਅੰਦਰ ਕੋਵਿਡ-19 ਦੀ ਲਾਗ ਫੈਲਣ ਦਾ ਖਤਰਾ ਖੜ੍ਹਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰੀ ਏਜੰਸੀਆਂ ਨੂੰ ਕਣਕ ਦੀ ਲੇਟ ਡਿਲੀਵਰੀ ਦੇਣ ਲਈ ਕਿਸਾਨਾਂ ਨੂੰ ਬੋਨਸ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਇਸ ਬਾਰੇ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ ਇੱਕ ਮਹੀਂਨੇ ਦੀ ਦੇਰੀ ਲਈ ਇਹ ਬੋਨਸ 100 ਰੁਪਏ ਪ੍ਰਤੀ ਕੁਇੰਟਲ ਅਤੇ ਦੋ ਮਹੀਨੇ ਦੀ ਦੇਰੀ ਲਈ 150 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ ਹੈ। ਸਰਦਾਰ ਬਾਦਲ ਨੇ ਇਹ ਵੀ ਸੁਝਾਅ ਦਿੱਤਾ ਕਿ ਵਧੇ ਹੋਏ ਸੁਰੱਖਿਆ ਇੰਤਜ਼ਾਮਾਂ ਦੇ ਮੱਦੇਨਜ਼ਰ ਸਰਕਾਰੀ ਏਜਂੰਸੀਆਂ ਨੂੰ ਪਿੰਡਾਂ ਵਿਚ ਜਾ ਕੇ ਕਣਕ ਖਰੀਦਣ ਦਾ ਨਿਰਦੇਸ਼ ਦਿੱਤਾ ਜਾਵੇ। ਉਹਨਾਂ ਇਹ ਵੀ ਅਪੀਲ ਕੀਤੀ ਕਿ ਆਲੂ ਅਤੇ ਸ਼ਬਜ਼ੀਆਂ ਦੇ ਕਾਸ਼ਤਕਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ, ਜਿਹਨਾਂ ਦਾ ਪਿਛਲੇ ਸਮੇਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।

ਉਦਯੋਗ ਸੈਕਟਰ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਇਸ ਸੈਕਟਰ ਵਾਸਤੇ ਇੱਕ ਪੈਕਜ ਦਾ ਐਲਾਨ ਕਰਨ ਦੀ ਅਪੀਲ ਕੀਤੀ । ਉਹਨਾਂ ਇਹ ਵੀ ਅਪੀਲ ਕੀਤੀ ਕਿ ਉਦਯੋਗ ਸੈਕਟਰ ਲਈ ਵਿਉਂਤੇ ਜਾ ਰਹੇ ਪੈਕਜ ਜਾਂ ਸਬਸਿਡੀਆਂ ਦੀ ਯੋਜਨਾ ਬਾਰੇ   ਇਹਨਾਂ ਕਾਰੋਬਾਰੀਆਂ ਨੂੰ ਦੱਸ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਅਗਲੀ ਰਣਨੀਤੀ ਤਿਆਰ ਕਰ ਸਕਣ। ਉਹਨਾਂ ਕਿਹਾ ਕਿ ਉਹਨਾਂ ਨੂੰ ਮਿਲੀ ਫੀਡਬੈਕ ਤੋਂ ਪਤਾ ਚੱਲਿਆ ਹੈ ਕਿ ਇੰਡਸਟਰੀ ਮਹਿਸੂਸ ਕਰਦੀ ਹੈ ਕਿ ਅਰਥ ਵਿਵਸਥਾ ਇੱਕ ਮਾੜੇ ਦੌਰ ਵਿਚੋਂ ਲੰਘ ਰਹੀ ਹੈ ਅਤੇ ਅਗਲੇ ਪੰਜ ਤੋਂ ਛੇ ਮਹੀਨੇ ਤਕ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਰਹੇਗਾ। ਅਜਿਹੀ ਸਥਿਤੀ ਵਿੱਚ ਛੋਟੇ ਅਤੇ ਸੀਮਾਂਤ ਉਦਯੋਗਾਂ ਨੂੰ ਉਹਨਾਂ ਲਾਭਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ, ਜਿਹੜੇ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਆਪਣੇ ਕਾਮਿਆਂ ਨੂੰ ਨੌਕਰੀ ਤੋਂ ਨਾ ਹਟਾਉਣ।

ਸੂਬੇ ਅੰਦਰ ਪਰਵਾਸੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਦੇ ਦਾਇਰੇ ਵਿਚ ਨਹੀਂ ਆਉਂਦੇ ਹਨ, ਇਸ ਲਈ ਉਹਨਾਂ ਦੀ ਦੇਖਭਾਲ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਇਹਨਾਂ ਪਰਵਾਸੀ ਮਜ਼ਦੂਰਾਂ ਨੂੰ ਸੂਬੇ ਅੰਦਰ ਰਹਿਣ ਲਈ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਮਜ਼ਦੂਰ ਸੂਬੇ ਅੰਦਰ ਨਾ ਰੁਕੇ ਤਾਂ ਇੱਕ ਹੋਰ ਤਾਲਾਬੰਦੀ ਲੱਗ ਜਾਵੇਗੀ, ਕਿਉਂਕਿ ਖੇਤੀਬਾੜੀ ਅਤੇ ਉਦਯੋਗਾਂ ਦੇ ਕੰਮ ਬਿਲਕੁੱਲ ਰੁਕ ਜਾਣਗੇ। ਉਹਨਾਂ ਨੇ ਸੂਬੇ ਨੂੰ ਕਣਕ ਅਤੇ ਦਾਲਾਂ ਦਾ ਕੋਟਾ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੂਬਾ ਸਰਕਾਰ ਨੂੰ ਇਹਨਾਂ ਖੁਰਾਕੀ ਵਸਤਾਂ ਦੀ ਵੰਡ ਵਿੱਚ ਤੇਜ਼ੀ ਲਿਆਉਣ ਲਈ ਕਹਿਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੇਂਦਰੀ ਰਾਹਤ ਨੂੰ ਵੰਡਦੇ ਸਮੇਂ ਕਿਸੇ ਤਰ੍ਹਾਂ ਦੀ ਸਿਆਸਤ ਨਾ ਕੀਤੀ ਜਾਵੇ। ਉਹਨਾਂ ਦੱਸਿਆ ਕਿ ਪੰਜਾਬ ਵਿਚ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ, ਇਹ ਯਕੀਨੀ ਬਣਾਉਣ ਲਈ ਐਸਜੀਪੀਸੀ ਨੇ ਥਾਂ ਥਾਂ ਲੰਗਰ  ਸ਼ੁਰੂ ਕਰ ਦਿੱਤੇ ਹਨ। ਉਹਨਾਂ ਅਪੀਲ ਕੀਤੀ ਕਿ ਇਸ ਧਾਰਮਿਕ ਸੰਸਥਾ ਨੂੰ ਪੀਡੀਐਸ ਸਕੀਮ ਤਹਿਤ ਕਣਕ ਅਤੇ ਚੌਲ ਰਿਆਇਤੀ ਭਾਅ ਉੱਤੇ ਦਿੱਤੇ ਜਾਣ ਤਾਂ ਕਿ ਇਹ ਵੱਧ ਤੋਂ ਵੱਧ ਲੋੜਵੰਦਾਂ ਦੀ ਸੇਵਾ ਕਰ ਸਕੇ।

ਪੰਜਾਬ ਅੰਦਰ ਸਿਹਤ ਸੈਕਟਰ ਨੂੰ ਦਰਪੇਸ਼ ਸਮੱਸਿਆਵਾਂ ਦਾ ਖੁਲਾਸਾ ਕਰਦਿਆਂ ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੂਬੇ ਕੋਲ ਸਿਰਫ ਦੋ ਦਿਨਾਂ ਲਈ ਪੀਪੀਈ ਕਿਟਾਂ ਦਾ ਭੰਡਾਰ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸੂਬੇ ਅੰਦਰ ਸਿਰਫ 215 ਵੈਂਟੀਲੇਟਰ ਅਤੇ 200 ਟੈਸਟਿੰਗ ਕਿਟਾਂ ਹਨ। ਉਹਨਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਨੇ ਤਾਲੇ ਲਗਾ ਰੱਖੇ ਹਨ ਅਤੇ ਕੋਵਿਡ-19 ਖ਼ਿਲਾਫ ਲੜਾਈ ਵਿਚ ਸਰਕਾਰ ਦੀ ਕੋਈ ਮੱਦਦ ਨਹੀਂ ਕਰ ਰਹੇ ਹਨ। ਪ੍ਰਾਈਵੇਟ ਸੈਕਟਰ ਦੀਆਂ ਸਹੂਲਤਾਂ ਨੂੰ ਇਸਤੇਮਾਲ ਵਿਚ ਲਿਆਉਣ ਦੀ ਅਪੀਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਕੋਲ ਕੋਵਿਡ-19 ਦੇ ਮਰੀਜ਼ਾਂ ਨੂੰ ਸੰਭਾਲਣ ਲਈ ਲੋੜੀਂਦੀਆਂ ਸਹੂਲਤਾਂ ਨਹੀਂ ਹਨ। ਉਹਨਾਂ ਕਿਹਾ ਕਿ ਅਜਿਹੀਆਂ ਮਿਸਾਲਾਂ ਵੀ ਸਾਹਮਣੇ ਆਈਆਂ ਹਨ, ਜਦੋਂ ਸਰਕਾਰੀ ਹਸਪਤਾਲਾਂ ਨੇ ਕਰੋਨਾਵਾਇਰਸ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਵਾਪਸ ਮੋੜ ਦਿੱਤਾ, ਜਿਸ ਕਰਕੇ ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਗਈ ਹੈ। ਉਹਨਾਂ ਅਪੀਲ ਕੀਤੀ ਕਿ ਕੇਂਦਰ ਨੂੰ ਪੰਜਾਬ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੂਬੇ ਅੰਦਰ ਸਿਹਤ ਸਹੂਲਤਾਂ ਵਿਚ ਤੁਰੰਤ ਵਾਧਾ ਕੀਤਾ ਜਾਵੇ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਆਰਬੀਆਈ ਵੱਲੋਂ ਵਿਆਜ ਦਰਾਂ 1.75 ਫੀਸਦੀ ਘਟਾਉਣ ਸੰਬੰਧੀ ਦਿੱਤੇ ਮਸ਼ਵਰੇ ਦਾ ਬੈਂਕਾਂ ਦੁਆਰਾ ਪਾਲਣ ਨਾ ਕਰਨ ਕਰਕੇ ਆਮ ਆਦਮੀ ਉਤੇ ਬਹੁਤ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਤਾਲਬੰਦੀ ਸਦਕਾ ਪੈਦਾ ਹੋਈ ਸਥਿਤੀ ਵਿਚ ਲੋਕਾਂ ਦਾ ਬੋਝ ਘਟਾਉਣ ਲਈ ਬੈਂਕਾਂ ਨੂੰ ਆਰਬੀਆਈ ਦੇ ਸਾਰੇ ਮਸ਼ਵਰਿਆਂ ਦੀ ਪਾਲਣਾ ਕਰਨ ਦਾ ਨਿਰਦੇਸ਼ ਜਾਰੀ ਕਰਨਾ ਚਾਹੀਦਾ ਹੈ।

ਬਰਨਾਲਾ ਦੇ 11 ਨੰਬਰ ਵਾਰਡ ਚ,ਸਫਾਈ ਸੇਵਕਾ ਦੇ ਗਲੇ ਚ,ਬਿੱਟੂ ਦੀਵਾਨਾ ਨੇ ਪੈਸਿਆਂ ਦੇ ਹਾਰ ਪਾਏ।

ਬਰਨਾਲਾ,ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ)- ਪੂਰੀ ਦੁਨੀਆ ਚ, ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾ ਵਾਇਰਸ ਦੇ ਮੱਦੇ ਨਜ਼ਰ ਅੱਜ ਵਾਰਡ ਨੰਬਰ 11 ਵਿੱਚ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ (ਨਗਰ ਕੌਂਸਲਰ ਬਰਨਾਲਾ) ਵੱਲੋਂ ਨਿਰਵਿਘਨ ਸੇਵਾ ਨਿਭਾ ਰਹੇ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਗਲਾਂ ਵਿੱਚ ਪੈਸਿਆਂ ਦੇ ਹਾਰ ਪਾਏ ਗਏ ਉਨ੍ਹਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਦਾ ਨਾਂ ਸੁਣਦੇ ਹੀ ਦਿਲ ਦੀ ਧੜਕਣ ਚੱਲਣ ਵਿੱਚ ਫ਼ਰਕ ਪੈ ਜਾਂਦਾ ਹੈ। ਹਰ ਕੋਈ ਡਾਕਟਰ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਆਪਣੀ ਸਫ਼ਾਈ ਰੱਖੋ ਹੱਥ ਵਾਰ ਵਾਰ ਤੋ ਧੋਵੋ ਪਰ ਇਹ ਕੂੜਾ ਕੱਟਰ ਚੁੱਕਦੇ ਹੋਏ ਵੀ ਇਨਸਾਨੀਅਤ ਦਾ ਸਾਥ ਨਹੀਂ ਛੱਡਦੇ ਸਫਾਈ ਸੇਵਕ ਆਪਣੀਆਂ ਡਿਊਟੀਆਂ ਤੇ ਡਟੇ ਹੋਏ ਹਨ। ਇਸ ਮੌਕੇ ਤੇ ਸਫਾਈ ਕਰਮਚਾਰੀਆਂ ਨੂੰ ਮਾਸਕ ਤੇ ਸੈਨੀਟੇਜਰ ਵੀ ਦਿੱਤੇ ਗਏ।ਅਤੇ ਸੈਂਨੇਟਰੀ ਮੇਟ ਗੁਲਸ਼ਨ ਵੱਲੋਂ ਨਗਰ ਕੌਂਸਲਰ ਬਿੱਟੂ ਜਵਾਨਾਂ ਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾਂ ਨਾਲ ਬਲਜਿੰਦਰ ਸਿੰਘ, ਪਾਲਾ ਸੰਧੂ ਪੱਤੀ, ਰਾਮ ਸਿੰਘ, ਹਰਬੰਸ ਸਿੰਘ, ਗੁਰਦੀਪ ਸਿੰਘ ਭੱਠਲ, ਸੁਰਿੰਦਰਪਾਲ ਸਿੰਘ ਢਿੱਲੋਂ, ਜੱਗਾ ਭੱਠਲ, ਪਿੰਟੂ ਭੱਠਲ, ਭੁਪਿੰਦਰ ਸਿੰਘ, ਭੁਪਿੰਦਰ ਸਿੰਘ, ਦੇਬੂ ਸ਼ਰਮਾ,ਪੈਟੂ ਭੱਠਲ, ਰਾਜਿੰਦਰ ਰਾਜੂ ਵੱਲੋਂ ਵੀ ਸਾਥ ਦਿੱਤਾ ਗਿਆ।

ਬਿੱਟੂ ਦੀਵਾਨੇ ਨੇ ਨਰਸਿੰਗ ਸਿਸਟਰ ਨੂੰ ਗਮ ਬੂਟ, ਹੌਟ ਬੋਤਲਾਂ ਅਤੇ ਹੋਰ ਸਹੂਲਤਾਂ ਦਿੱਤੀਆਂ।

ਬਰਨਾਲਾ, ਅਪ੍ਰੈਲ 2020 -( ਗੁਰਸੇਵਕ ਸਿੰਘ ਸੋਹੀ) -ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਸਰਕਾਰੀ ਹਸਪਤਾਲ ਬਰਨਾਲਾ ਨਰਸਿੰਗ ਸਿਸਟਰ ਅਤੇ ਸਟਾਫ ਨਰਸ ਨੂੰ ਗਮ ਬੂਟ,ਹੋਟ ਬੋਤਲਾਂ ਤੇ ਪਾਣੀ ਦੀਆਂ ਮੁਹੱਈਆ ਕਰਵਾਈਆ ਗਈਆ। ਤਾਂ ਕੇ ਮਰੀਜ਼ ਦੀ ਦੇਖਭਾਲ ਕਰਦੇ ਸਮੇਂ ਆਪਣਾ ਧਿਆਨ ਰੱਖਿਆ ਜਾ ਸਕੇ ਜਦੋਂ ਵੀ ਹਸਪਤਾਲ ਵਿੱਚ ਚਾਹ ਦੀ ਲੋੜ ਹੋਵੇਗੀ ਸਾਰਾ ਸਾਮਾਨ ਮੁਆਇਆ ਕਰਵਾਇਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਬਿੱਟੂ ਦੀਵਾਨਾ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਦਿਨੋਂ-ਦਿਨ ਕਰੋਨਾ ਪੀੜਤਾਂ ਮਰੀਜ਼ਾ ਦੀ ਗਿਣਤੀ ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਤਾਂ ਕਿ ਪਹਿਲਾਂ ਸਾਡੇ ਡਾਕਟਰਾਂ ਦੀ ਸੁਰੱਖਿਅਤ ਜ਼ਰੂਰਤ ਹੈ। ਵੱਲੋਂ ਐਮ,ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਜਗਦੇਵ ਸਿੰਘ ਜੱਗਾ ਭੱਠਲ, ਸੋਨੂੰ ਆੜ੍ਹਤੀ, ਸਿਵ ਕੁਮਾਰ, ਲੱਕੀ ਬਾਲ ਕ੍ਰਿਸ਼ਨ ਯਾਦਵ, ਸਟਾਫ ਨਰਸਿੰਗ ਸਿਸਟਰ ਗੁਰਮੇਲ, ਕੌਰ,ਬਲਜੀਤ ਕੌਰ,ਸਟਾਫ਼ ਨਰਸ ਹਰਪ੍ਰੀਤ ਕੌਰ (ਇੰਚਾਰਜ) ਬਲਰਾਜ ਕੌਰ,ਹਰਪਾਲ ਕੌਰ,ਕੁਲਵੰਤ ਕੌਰ, ਨਰਿੰਦਰ ਕੌਰ,ਰਮਨਦੀਪ ਕੌਰ ਚੀਫ਼ ਫਾਰਮਾਸਿਸ ਅਸ਼ੋਕ ਕੁਮਾਰ,ਆਈ,ਸੀ ਐਨ ਪਰਮਜੀਤ ਕੌਰ ਆਦਿ।

ਪੌਜੇਟਿਵ ਮਰੀਜ਼ ਰਾਧਾ ਦੇ ਪਤੀ ਤੇ ਬੇਟੀ ਸਣੇ 7 ਹੋਰ ਹਸਪਤਾਲ ਭਰਤੀ

ਬਰਨਾਲਾ ,ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)- ਕੋਰੋਨਾ ਪੌਜੇ ਟਿਵ ਆਈ ਬਰਨਾਲਾ ਦੇ ਸੇਖਾ ਰੋਡ ਦੀ ਗਲੀ ਨੰਬਰ 4 ਦੀ ਨਿਵਾਸੀ ਔਰਤ ਰਾਧਾ ਦੇ ਪਤੀ ਤੇ ਬੇਟੀ ਸਮੇਤ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਕੁੱਲ 7 ਵਿਅਕਤੀਆਂ ਨੂੰ ਵੀ ਸਿਹਤ ਵਿਭਾਗ ਦੀ ਟੀਮ ਨੇ ਆਈਸੋਲੈਸ਼ਨ ਵਾਰਡ ਚ, ਭਰਤੀ ਕਰ ਲਿਆ ਹੈ। ਪੁਲਿਸ ਨੇ ਸੇਖਾ ਰੋਡ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸੁਰੱਖਿਆ ਇੰਤਜ਼ਾਮਾ ਨੂੰ ਹੋਰ ਕਰੜਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐਮ ਉ ਡਾ ਜੋਤੀ ਕੌਸ਼ਲ ਨੇ ਦੱਸਿਆ ਕਿ ਕੋਰੋਨਾ ਪੌਜੇਟਿਵ ਮਰੀਜ਼ ਦੇ ਸੰਪਰਕ ਚ, ਰਹਿਣ ਵਾਲੇ ਉਸ ਦੇ ਪਤੀ ਤੇ ਬੇਟੀ ਤੋਂ ਇਲਾਵਾ ਰਾਧਾ ਦੇ ਮਕਾਨ ਮਾਲਿਕਾਂ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਵੀ ਕੋਰੋਨਾ ਦਾ ਸ਼ੱਕ ਦੂਰ ਕਰਨ ਲਈ ਸੈਂਪਲ ਲੈ ਕੇ ਜਾਂਚ ਲਈ ਪਟਿਆਲਾ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡਰਨ ਦੀ ਬਜਾਏ ਘਰਾਂ ਚ, ਰਹਿਣ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।

ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪਿੰਡ ਸਹਿਜੜਾ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ।

ਮਹਿਲ ਕਲਾਂ/ਬਰਨਾਲਾ, ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)- ਜ਼ਿਲਾ ਬਰਨਾਲਾ ਅਧੀਨ ਪੈਂਦੇ ਪਿੰਡ ਸਹਿਜੜਾ ਦੇ ਇੱਕ ਨੌਜਵਾਨ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੋਮਨਾਥ ਸਿੰਘ (30) ਪੁੱਤਰ ਰੂਪ ਸਿੰਘ ਜੋ ਕਿ ਭੱਠੇ ਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਜੋ ਕਿ ਕੁਝ ਦਿਨਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਨੇ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਸ ਦਾ ਪਤਾ ਘਰ ਵਾਲਿਆਂ ਨੂੰ ਸਵੇਰ ਸਮੇਂ ਲੱਗਾ। ਉਨਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਰੂਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ।

ਸਰਪੰਚ ਬੀਹਲਾ ਖੁਰਦ ਦੀ ਅਗਵਾਈ ਚ ਰਾਸ਼ਨ ਵੰਡਿਆ 

ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ)- ਗ੍ਰਾਮ ਪੰਚਾਇਤ ਬੀਹਲਾ ਖ਼ੁਰਦ ਵੱਲੋਂ ਸਰਪੰਚ ਲੱਖਾ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਲੱਖਾ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਭੇਦ ਭਾਵ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਇਸ ਮੁਸੀਬਤ ਦੀ ਘੜੀ ਵਿੱਚ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਨੂੰ ਹਰ ਇੱਕ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਘਰਾਂ ਅੰਦਰ ਰਹਿਣਾ ਚਾਹੀਦਾ ਹੈ, ਤਾਂ ਹੀ ਕੋਰੋਨਾ ਦੀ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਮੌਕੇ ਸਾਬਕਾ ਸਰਪੰਚ ਜਗਰਾਜ ਸਿੰਘ, ਪੰਚ ਜਗਜੀਤ ਸਿੰਘ, ਪੰਚ ਲਖਵੀਰ ਸਿੰਘ, ਹਰਬੰਸ ਸਿੰਘ ਜੌਹਲ, ਸੁਖਪਾਲ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਧਾਲੀਵਾਲ, ਪ੍ਰੀਤਮ  ਸਿੰਘ ਗਊਸ਼ਾਲਾ ਵਾਲੇ ਅਤੇ ਸਤਨਾਮ ਸਿੰਘ ਜੌਹਲਾਂ ਵਾਲੇ ਨੇ ਵੀ ਰਾਸ਼ਨ ਵੰਡਣ ਚ ਸਹਾਇਤਾ ਕੀਤੀ।

ਡੀ ਐੱਸ ਪੀ ਗਰੇਵਾਲ ਨੇ ਪੱਤਰਕਾਰਾਂ ਨੂੰ ਮਾਸਕ ਤੇ ਸੈਨੀਟਾਈਜਰ ਵੰਡੇ 

ਬਰਨਾਲਾ, ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ) - ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦਿਨ ਰਾਤ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਉੱਥੇ ਲੋਕਤੰਤਰ ਦਾ ਚੌਥਾ ਥੰਮ ਵਜੋਂ ਜਾਣੇ ਜਾਂਦੇ ਪੱਤਰਕਾਰ ਭਾਈਚਾਰਾ ਵੀ ਇਸ ਮਹਾਂਮਾਰੀ ਦੀ ਭਿਆਨਕ ਜੰਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਇਹ ਵਿਚਾਰ ਅੱਜ ਸਥਾਨਕ ਬੱਸ ਸਟੈਂਡ ਵਿਖੇ ਡੀ ਐੱਸ ਪੀ ਮਹਿਲ ਕਲਾਂ ਪਰਮਿੰਦਰ ਸਿੰਘ ਗਰੇਵਾਲ ਨੇ ਪੱਤਰਕਾਰਾਂ ਨੂੰ ਸੈਨੀਟਾਈਜਰ ਤੇ ਮਾਸਕ ਵੰਡਣ ਉਪਰੰਤ ਪ੍ਰਗਟ ਕੀਤੇ। ਇਸ ਮੌਕੇ ਉਹਨਾਂ ਕਿਹਾ ਕਿ ਪੂਰੀ ਦੁਨੀਆ ਦਾ ਮਹਾਂਮਾਰੀ ਬਣ ਚੁੱਕੇ ਕੋਰੋਨਾ ਵਾਈਰਸ ਤੋਂ ਬਚਣ ਲਈ ਸਾਨੂੰ ਆਪਣੇ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ। ਬਿਨਾ ਕੰਮ ਤੋਂ ਬੇਲੋੜਾ ਸੜਕਾਂ ਤੇ ਨਹੀ ਘੁੰਮਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਰਹਿ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਨਾ ਕਰਨੀ ਚਾਹੀਦੀ ਹੈ। ਇਸ ਮੌਕੇ ਐਸ ਐਚ ਓ ਮਹਿਲ ਕਲਾਂ ਲਖਵਿੰਦਰ ਸਿੰਘ, ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਅਸੋਕ ਅਗਰਵਾਲ, ਸੁਖਦੇਵ ਸਿੰਘ, ਸਬ ਇੰਸਪੈਕਟਰ ਸਤਨਾਮ ਸਿੰਘ, ਏ ਐਸ ਆਈ ਰਫ਼ੀਕ ਮੁਹੰਮਦ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਕੌਰ, ਸੁਖਦੀਪ ਕੌਰ, ਕੇਵਲ ਸਿੰਘ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਬਿੱਟੂ ਸਹੋਤਾ ਆਦਿ ਹਾਜ਼ਰ ਸਨ।

ਅਮਰੀਕਾ,ਕੈਨੇਡਾ ਲਈ 300 ਪ੍ਰਵਾਸੀ ਭਾਰਤੀ ਵਿਸ਼ੇਸ਼ ਉਡਾਨਾਂ ਰਾਹੀਂ ਅੰਮ੍ਰਿਤਸਰ ਤੋਂ ਰਵਾਨਾ

ਅੰਮ੍ਰਿਤਸਰ ,ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟਮਈ ਹਾਲਾ ਤ ਦੇ ਚਲਦਿਆਂ ਸਾਰੇ ਦੇਸ਼ ਵਿਚ ਕੀਤੇ ਗਏ ਲਾਕਡਾਊਨ ਕਾਰਨ ਹਵਾਈ ਉਡਾਨਾਂ ਬੰਦ ਹੋਣ ਕਾਰਨ ਪੰਜਾਬ ਵਿਚ ਫਸੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਲਿਜਾਣ ਦੇ ਕੀਤੇ ਗਏ ਉਪਰਾਲੇ ਤਹਿਤ ਦੋ ਵਿਸ਼ੇਸ਼ ਜਹਾਜਾਂ ਰਾਹੀਂ ਕੈਨੇਡਾ ਅਤੇ ਅਮਰੀਕਾ ਲਈ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੋ ਜਹਾਜ਼ ਦਿੱਲੀ ਹਵਾਈ ਅੱਡੇ ਲਈ ਗਏ, ਜਿਥੋਂ ਇਹ ਆਪਣੇ-ਆਪਣੇ ਦੇਸ਼ ਲਈ ਉਡਾਨ ਭਰਨਗੇ।

ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਦਰਅਸਲ ਉਡਾਣਾਂ ਰੱਦ ਹੋਣ ਕਾਰਨ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਆਏ ਪ੍ਰਵਾਸੀ ਭਾਰਤੀ, ਜੋ ਕਿ ਆਪਣੇ ਪਿੰਡਾਂ, ਸ਼ਹਿਰਾਂ ਵਿਚ ਜਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ, ਉਡਾਨਾਂ ਰੱਦ ਹੋਣ ਕਾਰਨ ਪੰਜਾਬ ਵਿਚ ਹੀ ਫਸ ਗਏੇ ਸਨ ਪਰ ਹੁਣ ਅਮਰੀਕਾ ਅਤੇ ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਜਾਣ ਦੀ ਪ੍ਰਕਿਰਿਆ ਆਰੰਭੀ ਗਈ ਹੈ, ਜਿਸ ਤਹਿਤ ਅੱਜ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ 2 ਉਡਾਣਾਂ ਰਾਹੀਂ 300 ਦੇ ਕਰੀਬ ਯਾਤਰੀ ਰਵਾਨਾ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਕੈਨੇਡਾ ਅਤੇ ਅਮਰੀਕਾ ਦੂਤਾਵਾਸ ਵਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਅਤੇ ਪੰਜਾਬ ਵੱਲੋਂ ਇਨਾਂ ਨਾਗਰਿਕਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਲਈ ਕਰਫਿਊ ਪਾਸ ਜਾਰੀ ਕਰਕੇ ਅੰਮ੍ਰਿਤਸਰ ਤੱਕ ਦੀ ਰਾਹਦਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ 96 ਯਾਤਰੀ ਏਅਰ ਇੰਡੀਆ ਦੀ ਉਡਾਣ ਰਾਹੀਂ ਦਿੱਲੀ ਲਈ ਸ਼ਾਮ 7.15 ਵਜੇ ਰਵਾਨਾ ਹੋਏ, ਜਿਥੋਂ ਉਨ੍ਹਾਂ ਨੂੰ ਚਾਰਟੇਡ ਫਲਾਈਟ ਰਾਹੀਂ ਸਾਨ ਫਰਾਂਸਿਸਕੋ ਜਾਣਗੇ। ਇਸੇ ਤਰਾਂ ਰਾਤ 11.30 ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ 204 ਯਾਤਰੀ ਦਿੱਲੀ ਲਈ ਰਵਾਨਾ ਹੋਣਗੇ ਅਤੇ ਉਸ ਤੋਂ ਬਾਅਦ ਦਿੱਲੀ ਤੋਂ ਵਾਇਆ ਬਰਮਿੰਘਮ ਟੋਰੰਟੋ ਪਹੁੰਚਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ 9 ਅਪ੍ਰੈਲ ਨੂੰ ਵੀ ਵਿਸ਼ੇਸ਼ ਉਡਾਣਾਂ ਰਾਹੀਂ ਅਮਰੀਕਾ ਅਤੇ ਕੈਨਡਾ ਲਈ ਹੋਰ ਯਾਤਰੀ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਉਹ ਲੋਕ ਹਨ ਜੋ ਪਿਛਲੇ ਸਮੇਂ ਦੌਰਾਨ ਪੰਜਾਬ ਚ ਪਰਿਵਾਰਿਕ ਸਮਾਗਮਾਂ ਚ ਸ਼ਿਰਕਤ ਕਰਨ ਜਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਪਰ ਲਾਕਡਾਊਨ ਕਾਰਨ ਇਥੇ ਫਸ ਗਏ ਸਨ। ਇਨਾਂ ਵਿਚੋਂ ਬਹੁਤਿਆਂ ਨੇ 14 ਦਿਨ ਦਾ ਇਕਾਂਤਵਾਸ ਵੀ ਕੱਟਿਆ ਹੋਇਆ ਹੈ ਅਤੇ ਅੱਜ ਵੀ ਏਅਰ ਪੋਰਟ ਤੇ ਸਿਹਤ ਵਿਭਾਗ ਵਲੋਂ ਇਨਾਂ ਦੀ ਮੁਕੰਮਲ ਜਾਂਚ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੰਗਲੈਂਡ ਦੀ ਸਰਕਾਰ ਵਲੋਂ ਵੀ ਦੇਸ਼ ਚ ਫਸੇ 4000 ਲੋਕਾਂ ਨੂੰ ਲਿਜਾਉਣ ਦੀ ਪਕ੍ਰਿਰਿਆ ਵੀ ਛੇਤੀ ਆਰੰਭੀ ਜਾਵੇਗੀ।

ਉਧਰ ਪਿਛਲੇ ਕਾਫੀ ਦਿਨਾਂ ਤੋਂ ਇਥੇ ਰੁਕੇ ਪ੍ਰਵਾਸੀ ਭਾਰਤੀਆਂ ਵਿਚ ਬਹੁਤ ਖੁਸ਼ੀ ਦੇਖਣ ਨੂੰ ਮਿਲੀ । ਉਨ੍ਹਾਂ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਸਨ ਕਿ ਇਨ੍ਹਾਂ ਹਾਲਤਾਂ ਚ ਉਨ੍ਹਾਂ ਦੀ ਵਾਪਸੀ ਕਿਸ ਤਰ੍ਹਾਂ ਨਾਲ ਹੋਵੇਗੀ ਪਰ ਸਰਕਾਰਾਂ ਵਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਕੈਨੇਡਾ ਤੇ ਅਮਰੀਕਾ ਦੇ ਯਾਤਰੀਆਂ ਨੇ ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦਿਆਂ ਭਾਰਤ ਵਲੋਂ ਕੀਤੇ ਗਏ ਲਾਕਡਾਊਨ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਦਿੱਲੀ ਸਥਿਤ ਦੂਤਾਵਾਸ ਨਾਲ ਸੰਪਰਕ ਕਰਕੇ ਆਨਲਾਈਨ ਫਾਰਮ ਭਰਿਆ ਗਿਆ ਸੀ ਜਿਸ ਦੇ ਚਲਦਿਆਂ ਹੁਣ ਉਨ੍ਹਾਂ ਦੀ ਵਾਪਸੀ ਸੰਭਵ ਹੋਈ ਹੈ।

ਸਾਬਕਾ ਵਧੀਕ ਕਮਿਸ਼ਨਰ ਜਸਵਿੰਦਰ ਸਿੰਘ ਅੰਮ੍ਰਿਤਸਰ ਮ੍ਰਿਤਕ ਦੀ ਪਤਨੀ ਦਾ ਵੀ ਕੋਰੋਨਾ ਟੈਸਟ ਪੌਜ਼ਿਟਿਵ

ਅੰ,ਮ੍ਰਿਤਸਰ,ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਕੋਰੋਨਾ ਤੋਂ ਪੀੜਤ ਸਾਬਕਾ ਵਧੀਕ ਕਮਿਸ਼ਨਰ ਜਸਵਿੰਦਰ ਸਿੰਘ ਅੰਮ੍ਰਿਤਸਰ ਦੀ ਬੀਤੇ ਦਿਨੀਂ ਮੌਤ ਹੋਈ ਸੀ, ਜਿਸ ਉਪਰੰਤ ਉਸ ਦੇ ਪਰਿਵਾਰ ਵੱਲੋਂ ਵੀ ਆਪਣੇ ਟੈਸਟ ਕਰਵਾਏ ਗਏ ਜਿਸ ਵਿਚ ਉਕਤ ਮ੍ਰਿਤਕ ਦੀ ਪਤਨੀ ਦਾ ਵੀ ਕੋਰੋਨਾ ਟੈਸਟ ਪੌਜ਼ਿਟਿਵ ਪਾਇਆ ਗਿਆ ਹੈ।

ਇਸ ਸਬੰਧੀ ਦਿਹਾਤੀ ਤੋਂ ਮੈਡੀਕਲ ਅਫਸਰ ਡਾ. ਰਮਨ ਕੁਮਾਰ ਮਜੀਠਾ ਨੇ ਦੱਸਿਆ ਕਿ ਬੀਤੀ ਰਾਤ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਉਨ੍ਹਾਂ ਦੀ ਡਿਊਟੀ ਸੀ ਇਤਲਾਹ ਮਿਲਣ 'ਤੇ ਉਹ ਆਪਣੇ ਸਟਾਫ ਸਮੇਤ ਐਂਬੂਲੈਂਸ ਲੈ ਕੇ ਚਾਟੀਵਿੰਡ ਗੇਟ ਦੇ ਅੰਦਰ ਉਨ੍ਹਾਂ ਦੇ ਘਰ ਮਕਾਨ ਨੰਬਰ 32 ਵਿਚ ਗਏ ਅਤੇ ਉਕਤ ਔਰਤ ਪਾਸੋਂ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ, ਜਿਸ ਤੇ ਉਕਤ ਔਰਤ ਨੇ ਦੱਸਿਆ ਕਿ ਉਸ ਨੇ ਆਪਣੇ ਟੈਸਟ ਫੌਰਟਿਸ ਐਸਕਾਰਟ ਹਸਪਤਾਲ ਤੋਂ ਕਰਾਇਆ ਜਿਹੜਾ ਕਿ ਡਾਕਟਰਾਂ ਮੁਤਾਬਕ ਕੋਵਿਡ 19 ਪੌਜ਼ਿਟਿਵ ਆਇਆ ਹੈ। ਡਾ. ਰਮਨ ਨੇ ਦੱਸਿਆ ਕਿ ਉਕਤ ਔਰਤ ਦੇ ਦੱਸੇ ਮੁਤਾਬਕ ਉਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ, ਉਹ ਦੋਵੇ ਜੀਅ ਨਾ ਕਿਤੇ ਗਏ ਨਾ ਹੀ ਉਨ੍ਹਾਂ ਦੇ ਘਰ ਕੋਈ ਬਾਹਰੋਂ ਆਇਆ ਹੈ ਅਤੇ ਪਿਛਲੇ 14 ਦਿਨਾਂ ਤੋਂ ਉਨ੍ਹਾਂ ਨਾਲ ਕਿਸੇ ਵੀ ਵਿਅਕਤੀ ਨਾਲ ਕੋਈ ਮੇਲ ਮਿਲਾਪ ਨਹੀ ਹੋਇਆ। ਡਾ. ਰਮਨ ਮਜੀਠਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਉਕਤ ਔਰਤ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਖੇ ਆਈਸੋਲੇਟ ਕਰ ਦਿੱਤਾ ਹੈ ਅਤੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਜਾਰੀ ਹੈ।

ਜਿਲੇ ਵਿੱਚ ਇੱਕ ਕੋਰੋਨਾ ਪਾਜੀਟਿਵ ਕੇਸ ਆਇਆ,33 ਲੋਕਾਂ ਵਿਚੋਂ 32 ਦੀ ਰਿਪੋਰਟ ਨੈਗੇਟਿਵ

ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਤੇ ਡਰ ਨਾ ਕ੍ਰਿਏਟ ਕਰਨ ਦੀ ਸਿਵਲ ਸਰਜਨ ਵੱਲੋਂ ਅਪੀਲ

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ) -

ਸਿਹਤ ਵਿਭਾਗ ਕਪੂਰਥਲਾ ਵੱਲੋਂ ਦਿੱਲੀ ਵਿੱਚ ਨਿਜਾਮੂਦੀਨ ਵਿਖੇ ਹੋਏ ਤਬਲੀਗੀ ਜਮਾਤ ਦੇ ਮਰਕਜ ਵਿੱਚ ਭਾਗ ਲੈ ਕੇ ਵਾਪਸ ਆਏ ਲੋਕਾਂ ਵਿੱਚੋਂ ਕੁੱਲ 33 ਵਿਅਕਤੀਆਂ ਦੇ ਸੈਂਪਲ ਕੋਰੋਨਾਵਾਇਰਸ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 1 ਵਿਅਕਤੀ ਦੀ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਕਪੂਰਥਲਾ ਸ਼ਹਿਰ ਦੇ ਪਿੰਡ ਕੋਟ ਕਰਾਰ ਖਾਂ ਨਿਵਾਸੀ ਅਫਜਲ ਸ਼ੇਖ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ ਤੇ ਮਰੀਜ ਤੇ ਸਿਹਤ ਵਿਭਾਗ ਦੀ ਪੂਰੀ ਨਜਰ ਹੈ ਤੇ ਉਸ ਨੂੰ ਇਲਾਜ ਮੁੱਹਇਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ  ਪੀੜਤ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਹੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਇਰਸ ਪ੍ਰਤੀ ਡਰ ਦਾ ਮਾਹੌਲ਼ ਨਾ ਕ੍ਰਿਏਟ ਕੀਤਾ ਜਾਏ ਬਲਕਿ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਜਾਏ ਤਾਂ ਜੋ ਸਮੇਂ ਸਿਰ ਪੀੜਤਾਂ ਦੀ ਪਛਾਣ ਕੀਤੀ ਜਾ ਸਕੇ ਤੇ ਇਸ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਲੋਕਾਂ ਨੂੰ ਹੱਥਾਂ ਦੀ ਤੇ ਨਿਜੀ ਸਾਫ ਸਫਾਈ ਦਾ ਧਿਆਨ ਰੱਖਣ, ਲਾਕਡਾਊਨ ਦਾ ਪਾਲਣ ਕਰਣ, ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਤੇ ਅਮਲ ਕਰਣ ਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਨੂੰ ਲੈ ਕੇ ਤੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਵੱਧਣ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਜਿਲੇ ਦਾ ਆਈ.ਡੀ.ਐੱਸ.ਪੀ. ਵਿਭਾਗ, ਆਰ.ਆਰ.ਟੀ. ਟੀਮਾਂ ਪੂਰੀ ਤਰ੍ਹਾਂ ਇਸ ਵਾਇਰਸ ਤੇ ਨਕੇਲ ਕੱਸਣ ਤੇ ਜੁੱਟੀਆਂ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਤੇ ਜੇਕਰ ਉਨ੍ਹਾਂ ਕੋਲ ਕੋਈ ਜਾਣਕਾਰੀ ਹੈ ਉਹ ਸਿਹਤ ਵਿਭਾਗ ਤੇ ਪ੍ਰਸ਼ਾਸਨ ਨਾਲ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਡਰ ਕਿਸੇ ਸਮੱਸਿਆ ਦਾ ਹਲ ਨਹੀਂ ਹੈ ਜੇਕਰ ਇਹ ਸਮੱਸਿਆ ਆਈ ਹੈ ਤੇ ਸਾਨੂੰ ਰਲ ਕੇ ਇਸ ਸਮੱਸਿਆ ਦਾ ਹਲ ਲਭਣ ਤੇ ਯਤਨ ਕਰਨੇ ਚਾਹੀਦੇ ਹਨ ਨਾ ਕਿ ਗਲਤ ਧਾਰਨਾਵਾਂ, ਅਫਵਾਹਾਂ ਵਿੱਚ ਆਉਣਾ ਚਾਹੀਦਾ ਹੈ।

ਕਰੋਨਾ ਵਾਇਰਸ ਦੇ ਮੱਦੇ ਨਜ਼ਰ ਪਿੰਡ ਨਰੈਣਗੜ੍ਹ ਸੋਹੀਆ ਦੀ ਪੰਚਾਇਤ ਨੇ ਪਿੰਡ ਨੂੰ ਕੀਤਾ ਸੀਲ। 

ਮਹਿਲ ਕਲਾਂ/ਬਰਨਾਲਾ, ਅਪ੍ਰੈਲ  2020 -(ਗੁਰਸੇਵਕ ਸਿੰਘ ਸੋਹੀ)- ਪੂਰੀ ਦੁਨੀਆਂ ਚਂ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾ ਵਾਇਰਸ ਨੂੰ ਲੈ ਕੇ ਹੁਣ ਪਿੰਡ ਵਿੱਚ ਦਾਖਲ ਹੋਣ ਤੇ ਬਾਹਰ ਜਾਣ ਵਾਲੇ ਵਿਅਕਤੀਆ ਦੀ ਰੱਖੀ ਜਾਵੇਗੀ ਪੂਰੀ ਜਾਣਕਾਰੀ ਪਿੰਡਾਂ ਦੇ ਲੋਕਾਂ ਵਿੱਚ ਦਹਿਸਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਾਕਡਾਉਨ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ ਕਾਰਫਿਉ ਨੂੰ ਲਾਗੂ ਕਰਾਉਣ l

 ਹੁਣ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਤੇ  ਕਲੱਬਾ ਵੱਲੋਂ ਆਪਣੇ ਪਿੰਡ ਦੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਦੇ ਲਈ ਪਿੰਡਾਂ ਦੀਆਂ ਸਰਹੱਦਾਂ ਬੰਦ ਕਰ ਦਿੱਤੀਆ ਗਈਆ ਹੈ।ਇਸ ਤਰ੍ਹਾਂ ਹੀ ਪਿੰਡ ਨਰੈਣਗੜ੍ਹ ਸੋਹੀਆਂ ਦੀ ਗ੍ਰਾਮ ਪੰਚਾਇਤ ਅਤੇ ਯੁਵਕ ਸੇਵਾਵਾਂ ਕਲੱਬ ਵਲੋਂ ਬਾਹਰੋ ਆਉਣ ਜਾਣ ਵਾਲੇ ਵਿਅਕਤੀਆਂ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ।ਥਾਣਾ ਟੱਲੇਵਾਲ ਦੇ ਐਸ,ਐਚ,ਓ ਮੈਡਮ ਅਮਨਦੀਪ ਕੌਰ ,ਸਬ,ਇੰਸਪੈਕਟਰ ਮਲਕੀਤ ਸਿੰਘ ਅਤੇ ਪਿੰਡ ਦੇ ਸਰਪੰਚ ਤੇਜਿੰਦਰ ਸਿੰਘ ਸੋਹੀਆ ਦੀ ਅਗਵਾਈ ਵਿੱਚ  ਪਿੰਡ ਵਿੱਚ ਪਹਿਰੇ ਲਾ ਦਿੱਤੇ ਹਨ।ਉਨ੍ਹਾਂ ਹੋਰ ਵੀ ਪਿੰਡਾਂ ਦੀਆਂ ਗ੍ਰਾਮ ਪਚਾਇਤਾ ਨੂੰ ਅਪੀਲ ਕੀਤੀ ਹੈ ਕਿ ਆਪੋ ਆਪਣੇ ਪਿੰਡਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਕਰਫਿਉ ਨੂੰ ਮੁਕੰਮਲ ਲਾਗੂ ਕੀਤਾ ਜਾਵੇ। ਇਸ ਮੌਕੇ ਸਰਪੰਚ ਤੇਜਿੰਦਰ ਸਿੰਘ, ਪੰਚ ਜਗਜੀਤ ਸਿੰਘ, ਪੰਚ ਗੁਰਮੇਲ ਸਿੰਘ, ਕੇਵਲ ਸਿੰਘ, ਨਰੈਣ ਸਿੰਘ, ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ,ਪੰਚ ਜਗਰਾਜ ਸਿੰਘ, ਕਾਕਾ ਦੁਕਾਨਦਾਰ, ਸੁਖਵਿੰਦਰ ਸਿੰਘ ਪੰਚ, ਗਿਆਨੀ ਅੱਛਰੂ ਸਿੰਘ, ਗਿਆਨੀ,ਹਰਬੰਸ ਸਿੰਘ ਹਾਜ਼ਰ ਸਨ

ਈਵੇਟ ਤੇ ਚੈਰੀਟੇਬਲ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਨੂੰ ਪਹਿਲਾਂ ਵਾਂਗ ਖੁੱਲੇ ਰੱਖਣ ਦੀ ਆਗਿਆ

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਲਗਾਏ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕਰਦਿਆਂ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਪ੍ਰਾਈਵੇਟ ਹਸਪਤਾਲ, ਚੈਰੀਟੇਬਲ ਹਸਪਤਾਲ ਅਤੇ ਨਰਸਿੰਗ ਹੋਮ ਨੂੰ ਪਹਿਲਾਂ ਵਾਂਗ ਖੁੱਲੇ ਰੱਖਣ ਦੀ ਆਗਿਆ ਦਿੱਤੀ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਹਸਪਤਾਲ, ਚੈਰੀਟੇਬਲ ਹਸਪਤਾਲ ਅਤੇ ਨਰਸਿੰਗ ਹੋਮ ਮਾਲਕ ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਭਾਰਤ ਸਰਕਾਰ/ਪੰਜਾਬ ਸਰਕਾਰ/ਵੱਖ-ਵੱਖ ਸਿਹਤ ਅਥਾਰਟੀਆਂ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਕੋਵਿਡ-19 ਦੀ ਰੋਕਥਾਮ ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਦੀ ਪਾਲਣਾ ਕੀਤੇ ਜਾਣ ਨੂੰ ਯਕੀਨੀ ਬਣਾਉਣਗੇ। ਹਸਪਤਾਲ ਮੁਖੀ ਆਪਣੇ ਹਸਪਤਾਲ ਨੂੰ ਸਾਫ਼-ਸੁਥਰਾ ਰੱਖਣਗੇ, ਹਸਪਤਾਲ/ਨਰਸਿੰਗ ਹੋਮ ਦੇ ਮੁਖੀ ਅਤੇ ਸਟਾਫ ਨੂੰ ਫੇਸ ਮਾਸਕ, ਹੱਥ ਦਸਤਾਨੇ ਪਹਿਨਣੇ ਜ਼ਰੂਰੀ ਹੋਣਗੇ ਅਤੇ ਸਮੇਂ-ਸਮੇਂ ’ਤੇ ਹਸਪਤਾਲ/ਨਰਸਿੰਗ ਹੋਮ ਨੂੰ ਸੈਨੀਟਾਈਜ਼ ਕਰਨਗੇ। ਹਸਪਤਾਲ/ਨਰਸਿੰਗ ਹੋਮ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਹਸਪਤਾਲ/ਨਰਸਿੰਗ ਹੋਮ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਨਾਂ ਦੇ ਹੱਥਾਂ ਨੂੰ ਹੈਂਡ ਸੈਨੀਟਾਈਜ਼ਰ ਨਾਲ ਸੈਨੀਟਾਈਜ਼ ਕਰਨਗੇ। ਸਮਾਜਿਕ ਦੂਰੀ (ਘੱਟੋ-ਘੱਟ 2 ਮੀਟਰ) ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ ਅਤੇ ਹਸਪਤਾਲ/ਨਰਸਿੰਗ ਹੋਮ ਦੇ ਅੰਦਰ ਤੇ ਬਾਹਰ ਲਾਈਨ ਲਗਾਉਣ ਲਈ 2 ਮੀਟਰ ਦੇ ਫ਼ਾਸਲੇ ਨਾਲ ਘੇਰਾ ਲਗਾਉਣ ਨੂੰ ਯਕੀਨੀ ਬਣਾਉਣਗੇ। 

ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਮੱਛੀ ਪਾਲਕਾਂ ਨੂੰ ਮੱਛੀ ਪੂੰਗ ਸਪਲਾਈ ਦੀ ਮਿਲੀ ਆਗਿਆ-ਬਾਵਾ

ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਮੁੱਖ ਕਾਰਜਕਾਰੀ ਅਫ਼ਸਰ, ਮੱਛੀ ਪਾਲਕ ਵਿਕਾਸ ਏਜੰਸੀ ਕਪੂਰਥਲਾ ਸ. ਹਰਿੰਦਰਜੀਤ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੇਅਰਮੈਨ ਮੱਛੀ ਪਾਲਕ ਵਿਕਾਸ ਏਜੰਸੀ, ਕਪੂਰਥਲਾ ਸ੍ਰੀ ਐਸ. ਪੀ ਆਂਗਰਾ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ ਮੱਛੀ ਪਾਲਕਾਂ ਲਈ ਮੱਛੀ ਪੂੰਗ ਫਾਰਮ, ਬੀੜ ਸ਼ਿਕਾਰਗਾਹ ਕਪੂਰਥਲਾ ਵਿਖੇ ਮੱਛੀ ਪੂੰਗ ਤਿਆਰ ਕਰ ਲਿਆ ਗਿਆ ਹੈ ਅਤੇ ਸਪਲਾਈ ਯੋਗ ਹੈ। ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਡੀ. ਓ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਮੁੱਖ ਰੱਖਦਿਆਂ ਜ਼ਿਲਾ ਕਪੂਰਥਲਾ ਦੇ ਮੱਛੀ ਪਾਲਕਾਂ ਨੂੰ ਕਰਫਿੳੂ ਦੌਰਾਨ ਮੱਛੀ ਪੂੰਗ ਸਪਲਾਈ ਕਰਨ ਦੀ ਇਜਾਜ਼ਤ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਉਨਾਂ ਜ਼ਿਲਾ ਕਪੂਰਥਲਾ ਦੇ ਮੱਛੀ ਪਾਲਕਾਂ ਨੂੰ ਕਿਹਾ ਕਿ ਚਾਹਵਾਨ ਮੱਛੀ ਪਾਲਕ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿਸੇ ਵੀ ਕੰਮ ਵਾਲੇ ਦਿਨ ਮੱਛੀ ਪੂੰਗ ਫਾਰਮ, ਬੀੜ ਸ਼ਿਕਾਰਗਾਹ, ਕਪੂਰਥਲਾ ਦੇ ਸਟਾਫ ਨਾਲ ਤਾਲਮੇਲ ਕਰਕੇ ਮੱਛੀ ਪੂੰਗ ਪ੍ਰਾਪਤ ਕਰ ਸਕਦੇ ਹਨ।

ਕੋਰੋਨਾ ਵਾਇਰਸ ਤੋਂ ਡਰਨ ਦੀ ਲੋੜ ਹੈ, ਘਬਰਾਉਣ ਦੀ ਨਹੀਂ-ਡਾ. ਜਸਵਿੰਦਰ ਕੁਮਾਰੀ

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਵਿਡ-19 ਇਕ ਵਾਇਰਸ ਹੈ, ਜੋ ਇਕ ਤੋਂ ਦੂਜੇ ਨੂੰ ਮੂੰਹ ਅਤੇ ਨੱਕ ਵਿਚੋਂ ਨਿਕਲੇ ਵਾਸ਼ਪ ਨਾਲ ਫ਼ੈਲਦਾ ਹੈ। ਇਸ ਵਾਇਰਸ ਤੋਂ ਡਰਨ ਦੀ ਲੋੜ ਹੈ ਪਰ ਘਬਰਾਉਣ ਦੀ ਲੋੜ ਨਹੀਂ। ਇਹ ਪ੍ਰਗਟਾਵਾ ਸੀਨੀਅਰ ਮੈਡੀਕਲ ਅਫ਼ਸਰ ਮੁਢਲਾ ਸਿਹਤ ਕੇਂਦਰ ਢਿਲਵਾਂ ਡਾ. ਜਸਵਿੰਦਰ ਕੁਮਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਮੁੱਚੇ ਸੰਸਾਰ ਵਿਚ ਫੈਲ ਚੁੱਕਾ ਹੈ। ਉਨਾਂ ਕਿਹਾ ਕਿ ਇਸ ਤੋਂ ਬਚਾਅ ਲਈ ਸਿਵਲ ਸਰਜਨ ਡਾ. ਜਸਮੀਤ ਬਾਵਾ ਦੀ ਅਗਵਾਈ ਹੇਠ ਕਪੂਰਥਲਾ ਜ਼ਿਲੇ ਵਿਚ ਢੁਕਵੇਂ ਉਪਾਅ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਦੁਆਰਾ ਆਪਣਾ ਕੰਮ ਕੀਤਾ ਜਾ ਰਿਹਾ ਹੈ ਪਰੰਤੂ ਇਕੱਲੇ ਸਿਹਤ ਵਿਭਾਗ ਦੁਆਰਾ ਕੀਤੇ ਜਾਣ ਵਾਲੇ ਕੰਮ ਕਾਫੀ ਨਹੀਂ ਹਨ। ਇਸ ਲਈ ਆਮ ਲੋਕਾਂ ਨੂੰ ਵੀ ਆਪਣਾ ਫਰਜ਼ ਸਮਝਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਇਹ ਵਾਇਰਸ ਇਕ ਤੋਂ ਦੂਜੇ ਤੱਕ ਮੂੰਹ ਅਤੇ ਨੱਕ ਵਿਚੋਂ ਨਿਕਲੇ ਵਾਸ਼ਪ ਨਾਲ ਫ਼ੈਲਦਾ ਹੈ। ਇਸ ਲਈ ਇਕ-ਦੂਜੇ ਤੋਂ ਦੂਰੀ ਬਣਾਈ ਰੱਖਣੀ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਇਕ-ਦੂਜੇ ਦੀ ਲਾਗ ਤੋਂ ਬਚਣ ਲਈ ਆਪਣੇ ਹੱਥਾਂ ਦੀ ਸਾਫ਼-ਸਫ਼ਾਈ ਬਹੁਤ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਤੋਂ ਤੁਹਾਨੂੰ ਹੋਰ ਕੋਈ ਨਹੀਂ ਬਚਾਅ ਸਕਦਾ, ਜਦੋਂ ਤੱਕ ਤੁਸੀਂ ਖੁਦ ਆਪਣੇ ਆਪ ਨੂੰ ਨਹੀਂ ਬਚਾਉਂਦੇ। ਇਸ ਤੋਂ ਇਲਾਵਾ ਇਕ ਗੱਲ ਹੋਰ ਜੋ ਧਿਆਨ ਵਿਚ ਰੱਖਣ ਵਾਲੀ ਹੈ ਕਿ ਇਸ ਵਾਇਰਸ ਨਾਲ ਮੌਤ ਦਰ ਬਹੁਤ ਘੱਟ ਹੈ। ਇਸ ਲਈ ਇਸ ਵਾਇਰਸ ਤੋਂ ਡਰਨ ਦੀ ਲੋੜ ਹੈ, ਘਬਰਾਉਣ ਦੀ ਲੋੜ ਨਹੀਂ। ਉਨਾਂ ਕਿਹਾ ਕਿ ਸਾਡੇ ਸਰੀਰਾਂ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਮੌਜੂਦ ਹੈ ਅਤੇ ਇਕ ਤੰਦਰੁਸਤ ਵਿਅਕਤੀ ਇਸ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਠੀਕ ਹੋ ਸਕਦਾ ਹੈ, ਜੇਕਰ ਉਹ ਇਲਾਜ ਕਰ ਰਹੇ ਡਾਕਟਰ ’ਤੇ ਯਕੀਨ ਰੱਖੇ ਅਤੇ ਚੜਦੀ ਕਲਾ ਵਿਚ ਰਹੇ। ਉਨਾਂ ਕਿਹਾ ਇਸ ਸਮੇਂ ਅਸੀਂ ਸਾਰੇ ਇਕ ਜੰਗ ਲੜ ਰਹੇ ਹਾਂ ਅਤੇ ਜੰਗਾਂ ਹੌਸਲੇ ਨਾਲ ਹੀ ਜਿੱਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਕਿਸੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਠੀਕ ਨਹੀਂ ਹੋਵੇਗਾ। ਉਨਾਂ ਕਿਹਾ ਕਿ ਯਕੀਨ ਅਤੇ ਹੌਸਲੇ ਨਾਲ ਹਰੇਕ ਲੜਾਈ ਜਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹ ਵਾਇਰਸ ਇੰਨਾ ਵੀ ਘਾਤਕ ਨਹੀਂ ਹੈ, ਜਿੰਨਾ ਇਸ ਨੂੰ ਆਮ ਲੋਕਾਂ ਦੁਆਰਾ ਸਮਝ ਲਿਆ ਗਿਆ ਹੈ। ਉਨਾਂ ਕਿਹਾ ਕਿ ਆਪਣੀ ਖ਼ੁਰਾਕ ਸਹੀ ਰੱਖੋ, ਖੁਸ਼ ਰਹੋ, ਚੜਦੀ ਕਲਾ ਵਿਚ ਰਹੋ, ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖੋ ਅਤੇ ਆਪਣੇ ਹੱਥਾਂ ਨੂੰ ਬਿਨਾਂ ਧੋਤਿਆਂ ਆਪਣੇ ਮੂੰਹ ਵੱਲ ਨਾ ਲੈ ਕੇ ਜਾਓ। ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰੋ ਅਤੇ ਘਰਾਂ ਵਿਚੋਂ ਬਾਹਰ ਨਾ ਨਿਕਲੋ। ਉਨਾਂ ਕਿਹਾ ਕਿ ਇਸ ਸਮੇਂ ਹੌਸਲੇ ਅਤੇ ਯਕੀਨ ਦੀ ਲੋੜ ਹੈ। ਸਿਹਤ ਵਿਭਾਗ ’ਤੇ ਯਕੀਨ ਰੱਖੋ, ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ ਅਤੇ ਅਸੀਂ ਕਰ ਰਹੇ ਹਾਂ, ਪਰੰਤੂ ਤੁਹਾਨੂੰ ਵੀ ਸਾਥ ਦੇਣਾ ਹੋਵੇਗਾ ਇਸ ਲੜਾਈ ਨੂੰ ਜਿੱਤਣ ਲਈ।

ਨੇਤਰਹੀਣ ਅਤੇ ਅਨਾਥ ਆਸ਼ਰਮ ਨੂੰ  ਮੱਖਣ ਸਿੰਘ ਆਸਟ੍ਰੇਲੀਆ ਵੱਲੋਂ ਬੱਚਿਆਂ ਵਾਸਤੇ ਦਸਵੰਧ ਭੇਜਿਆ ਗਿਆ

ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)- ਕਰੋਨਾ ਵਾਇਰਸ ਦੀ ਕਿਹੜੀ ਬਿਮਾਰੀ ਚੱਲ ਰਹੀ ਹੈ ਇਸ ਨੂੰ ਔਖੇ ਸਮੇਂ ਦੇ ਵਿੱਚ ਐਨ,ਆਰ,ਆਈ ਵੀਰਾਂ ਵੱਲੋਂ ਦਸਵੰਦ ਕੱਢਿਆ ਜਾਂਦਾ ਜਾ ਰਿਹਾ ਹੈ। ਗੁਰਦੁਆਰਾ ਚੰਦੂਆਣਾ ਸਾਹਿਬ ਨੇਤਰਹੀਣ ਅਤੇ ਅਨਾਥ ਆਸ਼ਰਮ ਜਿਹੜਾ ਕਿ ਪਿੰਡ ਨਰੈਣਗੜ ਸੋਹੀਆ,ਗਹਿਲ,ਛੀਨੀਵਾਲ ਖੁਰਦ,ਅਤੇ ਦੀਵਾਨੇ ਇਨ੍ਹਾ ਨਗਰਾ ਦੇ ਵਿੱਚਕਾਰ ਬਣਿਆ ਹੋਇਆ ਹੈ। ਬੱਚਿਆਂ ਲਈ ਪਿੰਡ ਨਰੈਣਗੜ ਸੋਹੀਆ ਦੇ ਜੰਮਪਾਲ ਮੱਖਣ ਸਿੰਘ ਆਸਟ੍ਰੈਲੀਆ ਉਨ੍ਹਾਂ ਦੇ ਭਰਾ ਸਿਕੰਦਰ ਸਿੰਘ ਆਸਟ੍ਰੈਲੀਆ ਵੱਲੋਂ ਗਿਆਨੀ ਬੂਟਾ ਸਿੰਘ ਦੇ ਕੋਲ 10000 ਦੀ ਸੇਵਾ ਭੇਜੀ ਅਤੇ ਅਨਾਥ ਆਸ਼ਰਮ ਦੇ ਕਾਰਜਕਾਰੀ ਸਰਦਾਰ ਬਲਜੀਤ ਸਿੰਘ ਨੂੰ ਦੇ ਦਿੱਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਸ਼ਰਮ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੂਬਾ ਸਿੰਘ ਜੀ ਨੇ ਦੱਸਿਆ ਜਦੋਂ ਵੀ ਕਿਤੇ ਆਸ਼ਰਮ ਨੂੰ ਕੋਈ ਡਿੱਕਤ ਆਉਂਦੀ ਹੈ ਤਾਂ ਇਹ ਦੋਨੇਂ ਭਰਾ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜ ਜਾਦੇ ਹਨ।ਤਿੰਨ ਮਹੀਨੇ ਪਹਿਲਾਂ ਆਸਰਮ ਦੇ ਵਿੱਚ ਗੁਰਬਾਣੀ ਦੇ ਕੰਠ ਮੁਕਾਬਲੇ ਕਰਵਾਏ ਗਏ ਇਨ੍ਹਾਂ ਦੋਵਾਂ ਭਰਾਵਾਂ ਵੱਲੋਂ 20000 ਹਜ਼ਾਰ ਦੀ ਸੇਵਾ ਦਿੱਤੀ ਗਈ ਸੀ। ਬਾਬਾ ਸੂਬਾ ਸਿੰਘ ਜੀ ਵੱਲੋਂ ਇਨਾਂ ਦੋਵੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ।

ਸੰਜਮ ਬਣਾ ਕੇ ਰੱਖੋ ਅਤੇ ਕਰੋਨਾ ਨੂੰ ਆਪਸੀ ਰਿਸ਼ਤਿਆਂ ’ਤੇ ਭਾਰੂ ਨਾ ਪੈਣ ਦਿਓ- 

ਕਪੂਰਥਲਾ ਸਿਵਲ ਸਰਜਨ ਡਾ. ਜਸਮੀਤ ਬਾਵਾ

ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਨੂੰ ਲੈ ਕੇ ਅੱਜ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਹੀ ਨਹੀਂ ਅਫ਼ਵਾਹਾਂ ਤੇ ਗਲਤ ਧਾਰਨਾਵਾਂ ਦੇ ਚੱਲਦਿਆਂ ਵੀ ਆਮ ਲੋਕਾਂ ਵਿਚ ਕਈ ਤਰਾਂ ਦੀਆਂ ਗ਼ਲਤ ਫਹਿਮੀਆਂ ਘਰ ਕਰ ਰਹੀਆਂ ਹਨ, ਜਿਨਾਂ ਤੋਂ ਬਚਣ ਅਤੇ ਜਾਗਰੂਕ ਰਹਿਣ ਦੀ ਲੋੜ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰਾਂ ਦੀ ਅਫ਼ਵਾਹ ਤੋਂ ਬਚਣ ਦੇ ਸਬੰਧ ਵਿਚ ਕਹੇ। ਉਨਾਂ ਕਿਹਾ ਕਿ ਪਿਛਲੇ ਦਿਨੀਂ ਇਹ ਵੀ ਦੇਖਣ ਵਿਚ ਆ ਰਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਰਹੀ ਹੈ, ਉਸ ਨੂੰ ਕੋਰੋਨਾ ਬਿਮਾਰੀ ਨਾਲ ਜੋੜਿਆ ਜਾ ਰਿਹਾ ਹੈ, ਜੋ ਕਿ ਬੇਹੱਦ ਗ਼ਲਤ ਹੈ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਮਿ੍ਰਤਕ ਦੇ ਰਿਸ਼ਤੇਦਾਰਾਂ ਨੂੰ ਅਜਿਹੇ ਸਮੇਂ ਵਿਚ ਸਭਨਾਂ ਦੇ ਭਾਵਨਾਤਮਕ ਸਾਥ ਦੀ ਲੋੜ ਹੁੰਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਜਮ ਬਣਾ ਕੇ ਰੱਖੋ ਅਤੇ ਕੋਰੋਨਾ ਵਾਇਰਸ ਦੇ ਡਰ ਨੂੰ ਆਪਸੀ ਰਿਸ਼ਤਿਆਂ ’ਤੇ ਭਾਰੂ ਨਾ ਪੈਣ ਦਿਓ। ਉਨਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਲਈ ਕਿਹਾ ਅਤੇ ਸਿਹਤ ਵਿਭਾਗ ਨੂੰ ਕਿਸੇ ਵੀ ਤਰਾਂ ਦੀ ਗ਼ਲਤ ਸੂਚਨਾ ਨਾ ਦੇਣ ਦੀ ਅਪੀਲ ਵੀ ਕੀਤੀ ਹੈ। ਸਿਵਲ ਸਰਜਨ ਨੇ ਕਿਹਾ ਕਿ ਇਸ ਸਮੇਂ ਮੌਸਮ ਵਿਚ ਖਾਂਸੀ, ਜੁਕਾਮ ਹੋਣਾ ਆਮ ਗੱਲ ਹੈ ਅਤੇ ਹਰ ਖਾਂਸੀ, ਜੁਕਾਮ ਕੋਰੋਨਾ ਨਹੀਂ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ ਅਜੇ ਤੱਕ ਕੋਰੋਨਾ ਦਾ ਕੋਈ ਪਾਜੇਟਿਵ ਕੇਸ ਨਹੀਂ ਹੈ। ਇਸ ਤੋਂ ਇਲਾਵਾ ਉਨਾਂ ਲੋਕਾ ਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ। ਉਨਾਂ ਇਹ ਵੀ ਜ਼ੋਰ ਦਿੱਤਾ ਕਿ ਬੇਵਜਾ ਘਰਾਂ ਤੋਂ ਨਾ ਨਿਕਲਿਆ ਜਾਵੇ ਅਤੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਕੋਰੋਨਾ ਖਿਲਾਫ਼ ਜੰਗ ਨੂੰ ਸਭ ਰਲ-ਮਿਲ ਕੇ ਸਕਾਰਾਤਮਕ ਰਹਿ ਕੇ ਹੀ ਮਾਤ ਦਿੱਤੀ ਜਾ ਸਕਦੀ ਹੈ।

ਫੋਟੋ ਕੈਪਸ਼ਨ : ਸਿਵਲ ਸਰਜਨ ਡਾ. ਜਸਮੀਤ ਬਾਵਾ ਕਪੂਰਥਲਾ