ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਤੇ ਡਰ ਨਾ ਕ੍ਰਿਏਟ ਕਰਨ ਦੀ ਸਿਵਲ ਸਰਜਨ ਵੱਲੋਂ ਅਪੀਲ
ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ) -
ਸਿਹਤ ਵਿਭਾਗ ਕਪੂਰਥਲਾ ਵੱਲੋਂ ਦਿੱਲੀ ਵਿੱਚ ਨਿਜਾਮੂਦੀਨ ਵਿਖੇ ਹੋਏ ਤਬਲੀਗੀ ਜਮਾਤ ਦੇ ਮਰਕਜ ਵਿੱਚ ਭਾਗ ਲੈ ਕੇ ਵਾਪਸ ਆਏ ਲੋਕਾਂ ਵਿੱਚੋਂ ਕੁੱਲ 33 ਵਿਅਕਤੀਆਂ ਦੇ ਸੈਂਪਲ ਕੋਰੋਨਾਵਾਇਰਸ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 1 ਵਿਅਕਤੀ ਦੀ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਕਪੂਰਥਲਾ ਸ਼ਹਿਰ ਦੇ ਪਿੰਡ ਕੋਟ ਕਰਾਰ ਖਾਂ ਨਿਵਾਸੀ ਅਫਜਲ ਸ਼ੇਖ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ ਤੇ ਮਰੀਜ ਤੇ ਸਿਹਤ ਵਿਭਾਗ ਦੀ ਪੂਰੀ ਨਜਰ ਹੈ ਤੇ ਉਸ ਨੂੰ ਇਲਾਜ ਮੁੱਹਇਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਹੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਇਰਸ ਪ੍ਰਤੀ ਡਰ ਦਾ ਮਾਹੌਲ਼ ਨਾ ਕ੍ਰਿਏਟ ਕੀਤਾ ਜਾਏ ਬਲਕਿ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਜਾਏ ਤਾਂ ਜੋ ਸਮੇਂ ਸਿਰ ਪੀੜਤਾਂ ਦੀ ਪਛਾਣ ਕੀਤੀ ਜਾ ਸਕੇ ਤੇ ਇਸ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਲੋਕਾਂ ਨੂੰ ਹੱਥਾਂ ਦੀ ਤੇ ਨਿਜੀ ਸਾਫ ਸਫਾਈ ਦਾ ਧਿਆਨ ਰੱਖਣ, ਲਾਕਡਾਊਨ ਦਾ ਪਾਲਣ ਕਰਣ, ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਤੇ ਅਮਲ ਕਰਣ ਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਨੂੰ ਲੈ ਕੇ ਤੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਵੱਧਣ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਜਿਲੇ ਦਾ ਆਈ.ਡੀ.ਐੱਸ.ਪੀ. ਵਿਭਾਗ, ਆਰ.ਆਰ.ਟੀ. ਟੀਮਾਂ ਪੂਰੀ ਤਰ੍ਹਾਂ ਇਸ ਵਾਇਰਸ ਤੇ ਨਕੇਲ ਕੱਸਣ ਤੇ ਜੁੱਟੀਆਂ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਤੇ ਜੇਕਰ ਉਨ੍ਹਾਂ ਕੋਲ ਕੋਈ ਜਾਣਕਾਰੀ ਹੈ ਉਹ ਸਿਹਤ ਵਿਭਾਗ ਤੇ ਪ੍ਰਸ਼ਾਸਨ ਨਾਲ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਡਰ ਕਿਸੇ ਸਮੱਸਿਆ ਦਾ ਹਲ ਨਹੀਂ ਹੈ ਜੇਕਰ ਇਹ ਸਮੱਸਿਆ ਆਈ ਹੈ ਤੇ ਸਾਨੂੰ ਰਲ ਕੇ ਇਸ ਸਮੱਸਿਆ ਦਾ ਹਲ ਲਭਣ ਤੇ ਯਤਨ ਕਰਨੇ ਚਾਹੀਦੇ ਹਨ ਨਾ ਕਿ ਗਲਤ ਧਾਰਨਾਵਾਂ, ਅਫਵਾਹਾਂ ਵਿੱਚ ਆਉਣਾ ਚਾਹੀਦਾ ਹੈ।