ਕਪੂਰਥਲਾ, ਅਪ੍ਰੈਲ 2020- (ਹਰਜੀਤ ਸਿੰਘ ਵਿਰਕ) -ਸਿਵਲ ਸਰਜਨ ਡਾ. ਜਸਮੀਤ ਬਾਵਾ ਦੀ ਰਹਿਨੁਮਾਈ ਹੇਠ ਕੋਰੋਨਾ ਵਾਇਰਸ ਦੀ ਜਿਲੇ ਵਿੱਚ ਸਥਿਤੀ ਨੂੰ ਲੈ ਕੇ ਜਿਲਾ ਹਸਪਤਾਲ ਦੇ ਡਾਕਟਰਾਂ ਅਤੇ ਜਿਲਾ ਰੈਪਿਡ ਰਿਸਪਾਂਸ ਟੀਮ ਨਾਲ ਦੀ ਇੱਕ ਮੀਟਿੰਗ ਕੀਤੀ ਗਈ। ਉਨ੍ਹਾਂ ਸਟਾਫ ਨੂੰ ਆਈਸੋਲੇਸ਼ਨ ਵਾਰਡ ਦੇ ਸਾਰੇ ਇੰਤਜਾਮ ਜਿਵੇਂ ਕਿ ਲਾਜਿਸਟਿਕਸ, ਸਟਾਫ ਡਿਊਟੀ ਦਾ ਰੋਸਟਰ, ਸਟਾਫ ਵੱਲੋਂ ਕੀਤੇ ਜਾ ਰਹੇ ਕੰਮ ਦੀ ਦੇਖ ਰੇਖ ਸੰਬੰਧੀ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਨੂੰ ਦੇਣ ਨੂੰ ਕਿਹਾ।ਉਨ੍ਹਾਂ ਇਹ ਵੀ ਕਿਹਾ ਕਿ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਵੇਂ ਕਿ ਸਟਾਫ ਦੀ ਘਾਟ, ਸਮਾਨ ਦੀ ਕਮੀ ਅਤੇ ਸਟਾਕ ਦੀ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਨੂੰ ਸਿੱਧੇ ਤੌਰ ਤੇ ਦਿੱਤੀ ਜਾਵੇ।ਉਨ੍ਹਾਂ ਇਹ ਵੀ ਹਦਾਇਤ ਦਿੱਤੀ ਕਿ ਆਈਸੋਲੇਸ਼ਨ ਵਾਰਡ ਵਿੱਚ ਕੰਮ ਕਰ ਰਿਹਾ ਸਟਾਫ ਬਿਨ੍ਹਾਂ ਪ੍ਰੋਟੈਕਟਿਵ ਗਿਅਰ ਤੋਂ ਆਈਸੋਲੇਸ਼ਨ ਵਾਰਡ ਦੇ ਗੇਟ ਤੇ ਪ੍ਰਵੇਸ਼ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਆਈਸੋਲੇਸ਼ਨ ਵਾਰਡ ਵਿੱਚ ਹਰ ਤਰ੍ਹਾਂ ਦੇ ਇੰਤਜਾਮ ਕੀਤੇ ਜਾਣ।ਨਾਲ ਹੀ ਉਨਾਂ ਇਹ ਵੀ ਹਦਾਇਤ ਕੀਤੀ ਕਿ ਸ਼ੱਕੀ ਮਰੀਜ ਨੂੰ ਗਾਊਨ, ਗਲਵਜ ਤੇ ਮਾਸਕ ਪਵਾ ਕੇ ਹੀ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਜਾਵੇ। ਸਿਵਲ ਸਰਜਨ ਨੇ ਜੋਰ ਦਿੱਤਾ ਕਿ ਟੀਮ ਵਰਕ ਦੇ ਤੌਰ ਤੇ ਕੰਮ ਕੀਤਾ ਜਾਏ ਤੇ ਡਿਊਟੀ ਪੂਰੀ ਤਣਦੇਹੀ ਨਾਲ ਨਿਭਾਈ ਜਾਏ। ਉਨ੍ਹਾਂ ਇਹ ਵੀ ਕਿਹਾ ਕਿ ਕੰਮ ਨੂੰ ਸਟਰੀਮ ਲਾਈਨ ਕਰਨਾ ਸਭ ਦੀ ਸਮੂਹਕ ਜਿੰਮੇਵਾਰੀ ਹੈ ਤੇ ਇਸ ਜਿੰਮੇਵਾਰੀ ਨੂੰ ਨਿਭਾਇਆ ਜਾਏ। ਨਾਲ ਹੀ ਉਨ੍ਹਾਂ ਟੀਮ ਦੇ ਸਾਰੇ ਮੈਂਬਰਾਂ ਨੂੰ ਇੱਕ ਦੂਜੇ ਨੂੰ ਪੂਰਾ ਸਹਿਯੋਗ ਦੇਣ ਲਈ ਵੀ ਪ੍ਰੇਰਿਆ।ਇਸ ਮੌਕੇ ਤੇ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਸਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਜਿਲੇ ਵਿੱਚ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸਭਨਾਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਸਥਿਤੀ ਨਾਲ ਨਿਪਟਣ ਲਈ ਇੱਕ ਟੀਮ ਵੱਜੋਂ ਕੰਮ ਕੀਤਾ ਜਾਵੇ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ. ਰਵੀਜੀਤ, ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਕੰਵਲਜੀਤ, ਡਾ. ਪ੍ਰੁੇਮਪਾਲ, ਡਾ. ਹਰਪ੍ਰੀਤ ਮੋਮੀ ਤੋਂ ਇਲਾਵਾ ਹੋਰ ਹਾਜਰ ਸਨ।