You are here

ਲਾਕ ਡਾਊਨ ਦੌਰਾਨ ਪੰਜਾਬ ਸਰਕਲ ਅਤੇ ਪੰਜ ਮੈਟਰੋ ਸ਼ਹਿਰਾਂ ਲਈ ਡਾਕ ਕਰਵਾਈ ਜਾ ਸਕਦੀ ਹੈ ਬੁੱਕ

ਸੇਵਿੰਗ ਬੈਂਕ ਸੇਵਾਵਾਂ ਅਤੇ ਏ. ਟੀ. ਐਮ ਸੁਵਿਧਾ ਵੀ ਕਰਵਾਈ ਜਾ ਰਹੀ ਹੈ ਮੁਹੱਈਆ

ਕਪੂਰਥਲਾ , ਅਪ੍ਰੈਲ 2020- (ਹਰਜੀਤ ਸਿੰਘ ਵਿਰਕ)-

ਐਨ. ਡੀ. ਐਮ. ਏ, ਗ੍ਰਹਿ ਮੰਤਰਾਲਾ ਭਾਰਤ ਸਰਕਾਰ ਵੱਲੋਂ ਡਾਕ ਘਰਾਂ ਨੂੰ ਲਾਕ ਡਾਊਨ  ਦੌਰਾਨ ਲੋਕਾਂ ਨੂੰ ਜ਼ਰੂਰੀ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਖੋਲਣ ਦੇ ਦਿੱਤੇ ਆਦੇਸ਼ਾਂ ਤਹਿਤ ਕਪੂਰਥਲਾ ਵਿਖੇ ਵੀ ਡਾਕ ਘਰਾਂ ਵੱਲੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਦੌਰਾਨ ਡਾਕ ਘਰਾਂ ਵਿਚ ਕੋਵਿਡ-19 ਦੇ ਮੱਦੇਨਜ਼ਰ ਕਰਮਚਾਰੀਆਂ ਅਤੇ ਗਾਹਕਾਂ ਲਈ  ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਤੇ ਦਸਤਾਨੇ ਪਹਿਨਣ, ਸਾਬਣ ਨਾਲ ਹੱਥ ਧੋਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਆਦਿ ਜਿਹੀਆਂ ਸਾਵਧਾਨੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਕਪੂਰਥਲਾ ਡਵੀਜ਼ਨ ਦੇ ਸੁਪਰਡੈਂਟ ਪੋਸਟ ਆਫਿਸਿਜ਼ ਸ੍ਰੀ ਦੇਸੂ ਰਾਮ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਵੀ ਜ਼ਿਲੇ ਦੇ ਡਾਕ ਘਰਾਂ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਨਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਮੂਹ ਡਾਕ ਘਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਉਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਡਾਕ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਡਿਜੀਟਲ ਭੁਗਤਾਨ ਦੀ ਸੁਵਿਧਾ ਬਾਰੇ ਜਾਣੂ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਲਾਕ ਡਾਊਨ ਦੇ ਸਮੇਂ ਦੌਰਾਨ ਲੋਕ ਪੰਜਾਬ ਸਰਕਲ ਅਤੇ ਪੰਜ ਮੈਟਰੋ ਸ਼ਹਿਰਾਂ ਜਿਵੇਂ ਦਿੱਲੀ, ਕੋਲਕਾਤਾ, ਮੁੰਬਈ, ਚੇਨਈ ਅਤੇ ਬੰਗਲੌਰ ਲਈ ਡਾਕ ਬੁੱਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਸੇਵਿੰਗ ਬੈਂਕ ਸੇਵਾਵਾਂ ਆਮ ਜਨਤਾ ਲਈ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਅਤੇ ਏ. ਟੀ. ਐਮ ਸੁਵਿਧਾ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਉਪਲਬੱਧ ਹੋਵੇਗੀ। ਉਨਾਂ ਦੱਸਿਆ ਕਿ ਡਾਕ ਕਰਮਚਾਰੀ ਮੇਲ ਦੀ ਡਿਲੀਵਰੀ, ਮਨੀ ਆਰਡਰ (ਐਮ. ਓ/ਈ. ਐਮ. ਓ) ਦਾ ਭੁਗਤਾਨ ਕਰਨਗੇ ਅਤੇ ਆਮ ਲੋਕਾਂ ਨੂੰ ਏ. ਈ. ਪੀ. ਐਸ (ਆਧਾਰ ਇਨਏਬਲਡ ਭੁਗਤਾਨ ਸੇਵਾ) ਵੀ ਪ੍ਰਦਾਨ ਕਰਨਗੇ। ਉਨਾਂ ਕਿਹਾ ਕਿ ਲੋਕ ਆਪਣੇ ਆਧਾਰ ਲਿੰਕਡ ਖਾਤੇ ਤੋਂ ਪੇਮੈਂਟ ਕਿਸੇ ਵੀ ਨਜ਼ਦੀਕੀ ਬੈਂਕ, ਡਾਕ ਘਰ ਅਤੇ ਇਥੋਂ ਤੱਕ ਕਿ ਪਿੰਡਾਂ ਵਿਚ ਪੋਸਟਮੈਨ/ਡਿਲੀਵਰੀ ਸਟਾਫ ਤੋਂ ਲੈ ਸਕਦੇ ਹਨ। ਇਸੇ ਤਰਾਂ ਡੀ. ਬੀ. ਟੀ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਆਦਿ ਦੀ ਪੇਮੈਂਟ ਪੋਸਟਲ ਐਪ ਸੇਵਾ ਜ਼ਰੀਏ ਲਈ ਜਾ ਸਕਦੀ ਹੈ। ਉਨਾਂ ਕਿਹਾ ਕਿ ਕਪੂਰਥਲਾ ਪੋਸਟਲ ਡਵੀਜ਼ਨ ਨਾ ਕੇਵਲ ਲੋਕਾਂ ਨੂੰ ਮੁੱਲਵਾਨ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ, ਬਲਕਿ ਸਮਾਜ ਭਲਾਈ ਦੇ ਕੰਮਾਂ ਲਈ ਤਿਆਰ ਹੈ।