You are here

ਪੰਜਾਬ

ਸਬ ਡਵੀਜ਼ਨ ਫਗਵਾੜਾ ਵਿਚ 8 ਤੇ 9 ਫਰਵਰੀ ਨੂੰ ਮੀਟ ਤੇ ਮੱਛੀ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ 

8 ਨੂੰ ਸ਼ੋਭਾ ਯਾਤਰਾ ਦੌਰਾਨ ਪੈਂਦੇ ਰੂਟ ’ਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਬ ਡਵੀਜ਼ਨ ਫਗਵਾੜਾ ਵਿਚ ਮਿਤੀ 8 ਅਤੇ 9 ਫਰਵਰੀ 2020 ਨੂੰ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। 

ਇਸੇ ਤਰਾਂ ਜ਼ਿਲਾ ਮੈਜਿਸਟ੍ਰੇਟ ਨੇ ਇਕ ਵੱਖਰੇ ਹੁਕਮ ਰਾਹੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਕਾਸ਼ ਉਤਸਵ ਦੀ ਧਾਰਮਿਕ ਮਹੱਤਤਾ ਨੂੰ ਸਮਝਦੇ ਹੋਏ ‘ਪੰਜਾਬ ਲਿਕਰ ਲਾਇਸੰਸ ਰੂਲਜ਼, 1956’ ਦੇ ਰੂਲ 37(9) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਫਗਵਾੜਾ ਵਿਖੇ 8 ਫਰਵਰੀ 2020 ਨੂੰ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਪੈਂਦੇ ਰੂਟ ’ਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। 

ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ

ਪੀ. ਐਮ ਲਾਭਪਾਤਰੀਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸਹੂਲਤ ਦੇਣ ਲਈ ਚੱਲੇਗੀ ਵਿਸ਼ੇਸ਼ ਮੁਹਿੰਮ-ਡੀ. ਸੀ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਅੱਜ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯ’ਗ ਨਾਲ ੋਬੇਟੀ ਬਚਾਓ ਬੇਟੀ ਪੜਾਓ` ਪ੍ਰੋਗ਼ਰਾਮ ਅਧੀਨ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ, ਕਪੂਰਥਲਾ ਵਿਖੇ ਇੱਕ ਵਿਸ਼ਾਲ ਕਰੀਅਰ ਕਾਊਂਸਲਿੰਗ ਕਾਨਫਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਵਿੱਚ ਡਿਪਟੀ ਕਮਿਸ਼ਨਰ, ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਆਈ.ਏ.ਐਸ ਜੀ ਨੇ ਮੁੱਖ ਮਹਿਮਾਨ ਵੱਜੋਂ ਅਤੇ ਸ਼੍ਰੀ ਸੁਖਸੋਹਿਤ ਸਿੰਘ ਆਫ਼ਿਸਰ ਡਿਫੈਂਸ ਅਕਾਊਂਟ ਸਰਵਿਸਜ਼ ਨੇ ਵਿਸੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੈਗਾ ਕਾਊਂਸਲਿੰਗ ਪ੍ਰੋਗ਼ਰਾਮ ਵਿੱਚ 300 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦੀਆਂ 245 ਅਤੇ ਹਿੰਦੂ ਕੰਨਿਆ ਕਾਲਜ ਦੀਆਂ 70 ਵਿਦਿਆਰਥਣਾਂ ਸ਼ਾਮਿਲ ਸਨ। 

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਜੀਵਨ ਵਿਚ ਸਫਲਤਾ ਦੇ ਗੁਰ ਦੱਸਦਿਆਂ ਕਿਹਾ ਕਿ ਕੈਰੀਅਰ ਵਿਚ ਅਸਫਲਤਾ, ਸਫਲਤਾ ਦੀ ਇਕ ਪੌੜੀ ਹੁੰਦੀ ਹੈ, ਇਸ ਲਈ ਅਸਫ਼ਲਤਾ ਤੋਂ ਨਿਰਾਸ਼ ਹੋ ਕੇ ਬੈਠਣ ਦੀ ਬਜਾਏ ਵਾਰ-ਵਾਰ ਆਪਣੇ ਟੀਚੇ ਤੇ ਪਹੁੰਚਣ ਦੀ ਕੋਸਿਸ਼ ਜ਼ਾਰੀ ਰੱਖਣੀ ਚਾਹੀਦੀ ਹੈ।ਉਨ੍ਹਾਂ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਸਫਲਤਾ ਲਈ ਵਿਦਿਆਰਥਣਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ਼੍ਰੀ ਸੁਖਸੋਹਿਤ ਸਿੰਘ ਵੱਲੋਂ ਇਸ ਮੌਕੇ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ, ਸਿਲੇਬਸ ਅਤੇ ਪ੍ਰੀਖਿਆ ਪੈਟਰਨ ਸਬੰਧੀ ਬਹੁਤ ਰੌਚਿਕ ਢੰਗ ਨਾਲ ਚਾਨਣਾ ਪਾਇਆ ਗਿਆ। ਉਨ੍ਹਾਂ ਵੱਲੋਂ ਕੀਤੇ ਮੈਡੀਟੇਸ਼ਨ ਸੈਸ਼ਨ ਅਤੇ ਸਵਾਲ ਜਵਾਬ ਸੈਸ਼ਨ ਨੇ ਵਿਦਿਆਰਥਣਾਂ ਉੱਤੇ ਖੂਬ ਪ੍ਰਭਾਵ ਪਾਇਆ। ਸ਼੍ਰੀਮਤੀ ਸ਼ਿਖ਼ਾ ਭਗਤ ਸਹਾਇਕ ਕਮਿਸ਼ਨਰ (ਜ), ਕਪੂਰਥਲਾ ਨੇ ਪੀ.ਸੀ.ਐਸ ਦੀਆਂ ਪ੍ਰੀਖਿਆਵਾਂ ਬਾਰੇ ਚਾਨਣਾ ਪਾਇਆ। ਐਨ. ਐਫ. ਸੀ. ਆਈ ਸੰਸਥਾ ਤੋਂ ਆਏ ਸ਼੍ਰੀ ਵਿਸ਼ਾਲ ਵਾਜਪਾਈ ਨੇ ਮਹਿਮਾਨ ਨਿਵਾਜ਼ੀ  ਅਤੇ ਕੁਕਿੰਗ ਦੇ ਖੇਤਰ ਵਿੱਚ ਕਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ।ਸ਼੍ਰੀਮਤੀ ਨੀਲਮ ਮਹੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਕਪੂਰਥਲਾ ਨੇ ਵਿਦਿਆਰਥੀਆਂ ਨੂੰ ਕਰੀਅਰ ਪਲੈਨਿੰਗ ਬਾਰੇ ਜਾਣਕਾਰੀ ਦਿੱਤੀ। ਸ਼੍ਰੀਮਤੀ ਮਨਦੀਪ ਕੌਰ, ਜੋ ਕਿ ਇੱਕ ਸਫ਼ਲ ਉੱਦਮੀ, ਐਜੂਕੇਟਰ ਅਤੇ ਸੋਸ਼ਲ ਵਰਕਰ ਵੀ ਹਨ, ਨੇ ਵਿਦਿਆਰਥਣਾਂ ਨੂੰ ਇਸਤਰੀ ਸਸ਼ਕਤੀਕਰਨ ਅਤੇ ਇੱਕ ਸਫ਼ਲ ਉੱਦਮੀ ਬਣਨ ਦੇ ਗੁਣਾਂ ਬਾਰੇ ਦੱਸਿਆ ਅਤੇ ਆਪਣੇ ਜੀਵਨ ਸੰਘਰਸ਼ ਉੱਤੇ ਚਾਨਣਾ ਪਾਉੱਦਿਆਂ ਇਹ ਮੁਕਾਮ ਹਾਸਲ ਕਰਨ ਬਾਰੇ ਦੱਸਿਆ। ਅਭਿਮੰਨਯੂ ਆਈ.ਏ.ਐਸ ਸਟੱਡੀ ਗਰੁੱਪ ਦੇ ਨੁਮਾਇੰਦੇ ਸ਼੍ਰੀ ਇੰਦਰਪਾਲ ਸਿੰਘ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨੀ ਹੈ, ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਪੀ. ਐਨ. ਬੀ ਆਰ. ਸੇਟੀ ਦੀਆਂ ਸਫਲ ਉੱਦਮੀ ਸਿਖਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ। 

ਅੰਤ ਵਿੱਚ ਸ਼੍ਰੀ ਅਮਿਤ ਕੁਮਾਰ ਪਲੇਸਮੈਂਟ ਅਫ਼ਸਰ ਨੇ ਫੌਰਨ ਕਾਊਂਸਲਿੰਗ ਅਤੇ ਵਿਦੇਸ਼ਾਂ ਵਿੱਚ ਸਹੀ ਤਰੀਕੇ ਨਾਲ ਜਾਣ ਬਾਰੇ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਅਤੇ ਬਿਊਰੋ ਦੁਆਰਾ ਚਲਾਏ ਜਾ ਰਹੇ ਇੰਟਰਵਿਊ ਸਕਿੱਲ ਅਤੇ ਸਾਫ਼ਟ ਸਕਿੱਲ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਅਤੇ ਬਿਊਰੋ ਦੇ ਕਰੀਅਰ ਕਾਊਂਸਲਰ ਸ਼੍ਰੀ ਗੌਰਵ ਕੁਮਾਰ ਅਤੇ ਸੰਸਥਾ ਦੇ ਟੀਚਰ ਸਾਹਿਬਾਨ ਵੀ ਮੌਜੂਦ ਸਨ। 

ਕੈਪਸ਼ਨ: ਕਾਊਂਸਲਿੰਗ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ

ਪੰਜਾਬ ਦੀ ਧੀ ਬੀਬੀ ਦਲੀਪ ਕੌਰ ਟਿਵਾਣਾ ਨੂੰ ਇੱਕ ਸ਼ਰਧਾਂਜਲੀ.....!! ✍️ ਅਮਰਜੀਤ ਸਿੰਘ ਗਰੇਵਾਲ

ਪੰਜਾਬ ਦੀ ਧੀ ਬੀਬੀ ਦਲੀਪ ਕੌਰ ਟਿਵਾਣਾ ਨੂੰ ਇੱਕ ਸ਼ਰਧਾਂਜਲੀ.....!!

ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ। ਦਲੀਪ ਕੌਰ ਟਿਵਾਣਾ ਨੇ ਸਾਲ 2015 ਵਿੱਚ ਉਸ ਵੇਲੇ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਜਦੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਤਪਾਲ ਸਿੰਘ ਨੇ ਦਾਦਰੀ ਕਤਲਕਾਂਡ ਨੂੰ ਇੱਕ 'ਛੋਟੀ ਜਿਹੀ ਘਟਨਾ' ਦੱਸਿਆ ਸੀ। ਉਸ ਵੇਲੇ ਦਿੱਲੀ ਨਾਲ ਲਗਦੇ ਦਾਦਰੀ ਪਿੰਡ ਵਿੱਚ ਗਊ ਦਾ ਮਾਸ ਖਾਣ ਦੀ ਅਫ਼ਵਾਹ ਉਡਣ ਤੋਂ ਬਾਅਦ ਭੀੜ ਨੇ ਇੱਕ ਮੁਸਲਮਾਨ ਸ਼ਖਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ।ਇਸ ਤੋਂ ਬਾਅਦ ਕਈ ਸਾਹਿਤਕਾਰਾਂ ਨੇ ਆਪਣੇ ਸਨਮਾਨ ਵਾਪਸ ਕਰਕੇ ਰੋਸ ਦਰਜ ਕਰਵਾਇਆ ਸੀ।

ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਪੁਰਸਕਾਰ 1971 ਵਿੱਚ ਮਿਲਿਆ ਸੀ ਅਤੇ ਸਾਲ 2004 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਉਸ ਵੇਲੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਗੌਤਮ ਬੁੱਧ ਅਤੇ ਨਾਨਕ ਦੇ ਦੇਸ ਵਿੱਚ 1984 ਵਿੱਚ ਸਿੱਖਾਂ ਦੇ ਖ਼ਿਲਾਫ਼ ਹੋਈ ਹਿੰਸਾ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਵਾਰ-ਵਾਰ ਹੋ ਰਹੀ ਸੰਪ੍ਰਦਾਇਕ ਘਟਨਾਵਾਂ ਸਾਡੇ ਦੇਸ਼ ਅਤੇ ਸਮਾਜ ਲਈ ਸ਼ਰਮਨਾਕ ਹਨ। ਕਈ ਵਾਰ ਪੰਜਾਬ ਦੇ ਕਈ ਅਖੌਤੀ ਬੁੱਧੀ-ਜੀਵੀਆਂ ਤੇ ਹੈਰਾਨੀ ਹੁੰਦੀ ਹੈ ਜਦੋਂ ਉਹ ਕਿਸੇ ਵੀ ਗੱਲ ਬਾਰੇ ਆਪਣਾ ਮੂੰਹ ਨਹੀਂ ਖੋਲ੍ਹਦੇ। ਪਰ ਬੀਬੀ ਦਲੀਪ ਕੌਰ ਟਿਵਾਣ ਸਦਾ ਹੀ ਨਿਧੜਕ ਹੋਕੇ ਔਖੇ ਵਿਸ਼ਿਆਂ ਵਾਰੇ ਬੋਲਦੇ ਤੇ ਲਿਖਦੇ ਰਹੇ। ਪੰਜਾਬ ਦੇ ਅੰਤਾਂ ਦੇ ਹਨੇਰੇ ਸਮੇਂ ਵਿੱਚ ਵੀ ਉਹਨਾ ਨੇ ਪੰਜਾਬ ਦੇ ਲੋਕਾਂ ਦਾ ਸਾਥ ਨਹੀਂ ਛੱਡਿਆ। ਪੰਜਾਬ,ਪੰਜਾਬੀਅਤ ਅਤੇ ਇਸਦੇ ਲੋਕਾਂ ਦੇ ਮਸਲਿਆਂ ਬਾਰੇ ਹਮੇਸ਼ਾ ਬੇਬਾਕੀ ਨਾਲ ਲਿਖਦੇ ਰਹੇ। ਪੰਜਾਬ ਦੀ ਮਿੱਟੀ ਨਾਲ ਜੁੜੀ ਇਸ ਪੰਜਾਬ ਦੀ ਧੀ ਦਾ ਸਾਡਾ ਪੰਜਾਬ ਸਦਾ ਰਿਣੀ ਰਹੇਗਾ।

✍️ਅਮਰਜੀਤ ਸਿੰਘ ਗਰੇਵਾਲ

100 ਤੋਂ ਵੱਧ ਟਰਾਲੀਆਂ ਵਿੱਚ ਲਾਵਾਰਸ ਪਸ਼ੂ ਲੱਦ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਣ ਲਈ ਨਿਕਲੇ

ਸਰਕਾਰ ਗਊਸੈੱਸ ਕਿਸਾਨ ਯੂਨੀਅਨ ਨੂੰ ਦੇਵੇ ਤਾਂ ਪਸ਼ੂ ਸੰਭਾਲ ਲਵਾਂਗੇ- ਲੱਖੋਵਾਲ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਵੱਖ-ਵੱਖ ਪਿੰਡਾਂ ਤੋਂ 100 ਤੋਂ ਵੱਧ ਟਰਾਲੀਆਂ ਵਿੱਚ ਲਾਵਾਰਸ ਪਸ਼ੂ ਲੱਦ ਕੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਲਈ ਨਿਕਲੇ। ਰਸਤੇ ਵਿਚ ਕੁਹਾੜਾ ਚੌਕ ਅਤੇ ਚੰਡੀਗੜ੍ਹ ਰੋਡ ਸਮਰਾਲਾ ਚੌਕ ਨੇੜੇ ਕਿਸਾਨ ਆਗੂਆਂ ਨੂੰ ਪੁਲੀਸ ਨੇ ਰੋਕ ਲਿਆ, ਜਿੱਥੇ ਪੁਲੀਸ ਤੇ ਕਿਸਾਨ ਆਗੂਆਂ ਵਿਚਾਲੇ ਬਹਿਸ ਵੀ ਹੋਈ। ਪੁਲੀਸ ਨੇ ਕਿਸਾਨਾਂ ਨੂੰ ਸਮਰਾਲਾ ਚੌਕ ਤੋਂ ਅੱਗੇ ਨਹੀਂ ਜਾਣ ਦਿੱਤਾ। ਮੌਕੇ ’ਤੇ ਪੁੱਜੇ ਐੱਸਡੀਐੱਮ ਦੇ ਭਰੋਸੇ ’ਤੇ ਕਿਸਾਨ ਆਗੂ ਉਥੇ ਹੀ ਖੜ੍ਹੇ ਰਹੇ। ਇਸ ਦੌਰਾਨ ਕਿਸਾਨਾਂ ਨੇ ਟਰਾਲੀਆਂ ਦੇ ਡਾਲੇ ਖੋਲ੍ਹ ਦਿੱਤੇ ਅਤੇ ਲਾਵਾਰਸ ਪਸ਼ੂ ਚੰਡੀਗੜ੍ਹ ਰੋਡ ਤੋਂ ਸ਼ਹਿਰ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਵੜ ਗਏ। ਇਸ ਦਾ ਸ਼ਹਿਰੀ ਲੋਕਾਂ ਨੇ ਵੀ ਵਿਰੋਧ ਕੀਤਾ। ਦੇਰ ਸ਼ਾਮ ਤੱਕ ਗਊਸ਼ਾਲਾ ਦੀਆਂ ਕੁਝ ਗੱਡੀਆਂ ਲਾਵਾਰਸ ਪਸ਼ੂਆਂ ਨੂੰ ਭਰ ਲੈ ਗਈਆਂ ਸਨ ਪਰ ਵੱਡੀ ਗਿਣਤੀ ਪਸ਼ੂ ਰਿਹਾਇਸ਼ੀ ਕਲੋਨੀ ਸੈਕਟਰ 32 ਤੇ 39 ਦੇ ਇਲਾਕਿਆਂ ਵਿਚ ਘੁੰਮਦੇ ਰਹੇ। ਯੂਨੀਅਨ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਲਾਵਾਰਸ ਪਸ਼ੂਆਂ ਦੀ ਸਮੱਸਿਆ ’ਤੇ ਸਰਕਾਰ ਗੰਭੀਰ ਨਹੀਂ ਹੈ। ਇਹ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਉਹ ਸਾਲ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਾਵਾਰਸ ਪਸ਼ੂ ਦੇਣ ਗਏ ਸਨ। ਉਸ ਸਮੇਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਦੋ-ਤਿੰਨ ਮਹੀਨਿਆਂ ਦੇ ਅੰਦਰ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਹਾਲੇ ਤੱਕ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਗਊ ਸੈੱਸ ਦੇ ਨਾਂ ’ਤੇ ਹਰ ਸਾਲ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ ਪਰ ਲਾਵਾਰਸ ਪਸ਼ੂ ਫਿਰ ਵੀ ਸੜਕਾਂ ’ਤੇ ਘੁੰਮ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੰਜਾਬ ਵਿੱਚ ਗਊ ਸੈੱਸ ਦੇ ਨਾਂ ’ਤੇ ਇਕੱਠਾ ਕੀਤਾ ਜਾਣ ਵਾਲਾ ਫੰਡ ਯੂਨੀਅਨ ਨੂੰ ਦੇਵੇ ਅਤੇ ਯੂਨੀਅਨ ਆਪਣੇ ਪੱਧਰ ’ਤੇ ਲਾਵਾਰਸ ਪਸ਼ੂਆਂ ਨੂੰ ਰੱਖਣ ਦਾ ਇੰਤਜ਼ਾਮ ਕਰ ਲਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਤੇ ਯੂਪੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਬੁੱਚੜਖਾਨੇ ਬਣਾਏ ਜਾਣ। ਉਨ੍ਹਾਂ ਦੱਸਿਆ ਕਿ 7 ਫਰਵਰੀ ਨੂੰ ਉਹ ਫ਼ਰੀਦਕੋਟ ਤੇ 18 ਫਰਵਰੀ ਨੂੰ ਜਲੰਧਰ ਵਿਚ ਡੀਸੀ ਦਫ਼ਤਰ ਜਾ ਕੇ ਲਾਵਾਰਸ ਪਸ਼ੂ ਛੱਡਣਗੇ।

 ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਵਲੋਂ ਅਕਾਲੀ ਸਰਕਾਰ ਸਮੇਂ ਵੀ ਐੱਸ.ਡੀ.ਐੱਮ ਤੇ ਡੀ.ਸੀ ਦਫ਼ਤਰਾਂ ਅੱਗੇ ਅਵਾਰਾ ਪਸ਼ੂ ਛੱਡੇ ਸਨ। ਉਸ ਤੋਂ ਬਾਅਦ ਕਾਂਗਰਸ ਸਰਕਾਰ ਵੇਲੇ ਵੀ ਪਿਛਲੇ ਸਾਲ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਸੜਕਾਂ ’ਤੇ ਘੁੰਮਦੇ ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਅਤੇ ਮਨੁੱਖੀ ਜੀਵਨ ਲਈ ਬਹੁਤ ਘਾਤਕ ਸਿੱਧ ਹੋ ਰਹੇ ਹਨ ਜਿਨ੍ਹਾਂ ਨੂੰ ਸੰਭਾਲਿਆ ਜਾਵੇ। ਪ੍ਰਧਾਨ ਲੱਖੋਵਾਲ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਰੋਜ਼ਾਨਾ ਹੀ ਅਵਾਰਾ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ’ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਦੁਖੀ ਹੋ ਕੇ ਕਿਸਾਨਾਂ ਤੇ ਆਮ ਲੋਕਾਂ ਨੇ ਅਵਾਰਾ ਪਸ਼ੂ ਫੜ ਕੇ ਪ੍ਰਸਾਸ਼ਨ ਨੂੰ ਸੌਂਪਣ ਲਈ ਲੁਧਿਆਣਾ ਵਿਖੇ ਜਾ ਰਹੇ ਹਨ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਲੋਕਾਂ ਦੀ ਇਹ ਸਮੱਸਿਆ ਦਿਖਾਈ ਦੇ ਸਕੇ। ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਜਾਂ ਤਾਂ ਸਰਕਾਰ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸੰਭਾਲੇ ਜਾਂ ਫਿਰ ਜੋ ਇਕੱਠਾ ਕੀਤਾ ਗਊ ਸੈੱਸ ਯੂਨੀਅਨ ਨੂੰ ਦੇਵੇ ਫਿਰ ਉਹ ਇਹ ਅਵਾਰਾ ਪਸ਼ੂ ਸੰਭਾਲ ਲੈਣਗੇ।

ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਟਕਰਾਅ ਦਾ ਮਾਹੌਲ

ਚੰਡੀਗੜ੍ਹ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 ਪੰਜਾਬ ਸਰਕਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਟਕਰਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸ ਦਾ ਕਾਰਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਾਡੋਵਾਲ ਵਿੱਚ ਸਥਾਪਤ ਹੋਣ ਵਾਲੇ ਮੈਗਾ ਫੂਡ ਪਾਰਕ ਦੀ ਸਥਾਪਨਾ ’ਚ ਦੋਵਾਂ ਸਰਕਾਰਾਂ (ਕੇਂਦਰ ਅਤੇ ਰਾਜ ਸਰਕਾਰ) ਦੀ ਭੂਮਿਕਾ ਹੈ। ਕੇਂਦਰੀ ਮੰਤਰਾਲੇ ਦੀਆਂ ਗਤੀਵਿਧੀਆਂ ਕਾਰਨ ਮਾਮਲਾ ਦੇਖਣ ਨੂੰ ਭਾਵੇਂ ਪ੍ਰਸ਼ਾਸਕੀ ਪੱਧਰ ਦਾ ਦਿਖਾਈ ਦੇ ਰਿਹਾ ਹੈ ਪਰ ਸੂਤਰਾਂ ਦਾ ਦੱਸਣਾ ਹੈ ਕਿ ਸ੍ਰੀਮਤੀ ਬਾਦਲ ਅਤੇ ਕੈਪਟਨ ਸਰਕਾਰ ਦਰਮਿਆਨ ਖਿੱਚੋਤਾਣ ਪ੍ਰਸ਼ਾਸਕੀ ਨਾ ਹੋ ਕੇ ਰਾਜਸੀ ਹੈ ਤੇ ਦੋਵੇਂ ਧਿਰਾਂ ਵਿਚਾਲੇ ਸਿਆਸੀ ਲਾਭ ਲੈਣ ਦੀ ਦੌੜ ਹੈ। ਹਰਸਿਮਰਤ ਬਾਦਲ ਦੇ ਮੰਤਰਾਲੇ ਨੇ ਆਪਣੀ ਮੰਤਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ਵਿੱਚ ਸਥਾਪਤ ਹੋਣ ਵਾਲੇ ‘ਮੈਗਾ ਫੂਡ ਪਾਰਕ’ ਦੀ ਪ੍ਰਵਾਨਗੀ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਮਾਰਕੀਟਿੰਗ ਅਫ਼ਸਰ ਜੀਤੇਂਦਰ ਪੀ ਡੌਂਗੇਰ ਨੇ ਚਿਤਾਵਨੀ ਵਾਲਾ ਪੱਤਰ ਪੰਜਾਬ ਐਗਰੋ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਟਕਰ ਨੂੰ ਲਿਖਿਆ ਹੈ। ਬੀਬੀ ਬਾਦਲ ਦੀ ਅਗਵਾਈ ਹੇਠਲੇ ਮੰਤਰਾਲੇ ਨੇ ਸਪੱਸ਼ਟ ਕਿਹਾ ਹੈ ਕਿ ਇਸ ਫੂਡ ਪਾਰਕ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਵਾਪਸ ਲੈ ਲਈ ਜਾਵੇਗੀ। ਰਾਜ ਦੇ ਖੇਤੀਬਾੜੀ ਵਿਭਾਗ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੇਂਦਰੀ ਮੰਤਰਾਲੇ ਦੇ ਇਸ ਪੱਤਰ ’ਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਰਸਿਮਰਤ ਕੌਰ ਬਾਦਲ ਇਸ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਕੇ ਸਿਆਸੀ ਲਾਹਾ ਖੱਟਣਾ ਚਾਹੁੰਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਇਸ ਵੱਡੇ ਪ੍ਰੋਜੈਕਟ ਦਾ ਉਦਘਾਟਨ ਖ਼ੁਦ ਕਰਕੇ ਆਪਣੇ ਸਿਰ ਸਿਹਰਾ ਬੰਨ੍ਹਣਾ ਚਾਹੁੰਦੇ ਹਨ। ਕੇਂਦਰੀ ਮੰਤਰਾਲੇ ਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਇਸ ਪ੍ਰੋਜੈਕਟ ’ਤੇ ਜਿਸ ਢੰਗ ਨਾਲ ਕੰਮ ਕੀਤਾ ਜਾਣਾ ਸੀ ਤੇ ਜਿਸ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਸਨ, ਉਹ ਨਹੀਂ ਦਿੱਤੀਆਂ ਗਈਆਂ। ਕੇਂਦਰੀ ਮੰਤਰਾਲੇ ਨੇ ਇਨ੍ਹਾਂ ਸਹੂਲਤਾਂ ਵਿੱਚ ਸਾਂਝਾ ਕੋਲਡ ਸਟੋਰ ਸਥਾਪਤ ਨਾ ਕੀਤਾ ਜਾਣਾ ਵੀ ਇਕ ਦੱਸਿਆ ਹੈ। ਕੇਂਦਰੀ ਮੰਤਰਾਲੇ ਦਾ ਕਹਿਣਾ ਹੈ ਕਿ ਰਾਜ ਸਰਕਾਰ ਤੇ ਇਸ ਦੇ ਅਦਾਰੇ ਨੇ ਜਿਸ ਰਫ਼ਤਾਰ ਨਾਲ ਕੰਮ ਕਰਨਾ ਸੀ, ਉਸ ਤਰ੍ਹਾਂ ਨਾਲ ਨਹੀਂ ਕੀਤਾ। ਲਿਹਾਜ਼ਾ ਪ੍ਰਵਾਨਗੀ ਰੱਦ ਕਰਕੇ ਸਬਸਿਡੀ ਵਾਪਸ ਲਈ ਜਾ ਸਕਦੀ ਹੈ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਈ ਵਾਰੀ ਇਸ ਮੁੱਦੇ ’ਤੇ ਵੀਡੀਓ ਕਾਨਫ਼ਰੰਸ ਰਾਹੀਂ ਰਾਜ ਦੇ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਦਾ ਯਤਨ ਕੀਤਾ ਗਿਆ। ਖੇਤੀਬਾੜੀ ਵਿਭਾਗ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਲ ਰੱਖਿਆ ਹੋਇਆ ਹੈ, ਇਸ ਲਈ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੀ ਕੇਂਦਰੀ ਮੰਤਰੀ ਨਾਲ ਗੱਲਬਾਤ ਲਈ ਕਿਹਾ ਸੀ। ਉੱਚ ਪੱਧਰੀ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਸਾਲ 2019 ਵਿੱਚ ਹੋਈਆਂ ਸੰਸਦੀ ਚੋਣਾਂ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਇਸ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਨ ਦੀ ਯੋਜਨਾ ਵੀ ਬਣਾ ਲਈ ਸੀ ਪਰ ਰਾਜ ਸਰਕਾਰ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਕਾਰਨ ਉਦਘਾਟਨ ਦਾ ਕਾਰਜ ਸਿਰੇ ਨਹੀਂ ਸੀ ਚੜ੍ਹ ਸਕਿਆ। ਪੰਜਾਬ ਦੇ ਇਸ ਪ੍ਰੋਜੈਕਟ ਦਾ ਉਦਾਘਾਟਨ ਹੁਣ ਸਿਰ ’ਤੇ ਹੋਣ ਕਰਕੇ ਦੋਹਾਂ ਧਿਰਾਂ ਦਰਮਿਆਨ ਖਿੱਚੋਤਾਣ ਵਧ ਰਹੀ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਪੰਜਾਬ ਐਗਰੋ ਇੰਡਸਟਰੀਜ਼ ਨੇ ਇਸ ਪ੍ਰੋਜੈਕਟ ਲਈ ਮੁੱਢਲੀਆਂ ਸਹੂਲਤਾਂ ਦੇਣ ਦਾ ਕੰਮ ਕਰਨਾ ਸੀ। ਇਸ ਵਿੱਚ ਸੜਕਾਂ, ਸੀਵਰੇਜ, ਪ੍ਰਸ਼ਾਸਕੀ ਬਲਾਕ, ਮਜ਼ਦੂਰਾਂ ਦੇ ਰਹਿਣ ਦਾ ਪ੍ਰਬੰਧ ਅਤੇ ਹੋਰ ਫੁਟਕਲ ਸਹੂਲਤਾਂ ਸਮੇਤ ‘ਕਾਮਨ ਕੋਲਡ ਸਟੋਰੇਜ’ ਬਣਾਉਣਾ ਸ਼ਾਮਲ ਸੀ। ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ 40 ਕਰੋੜ ਰੁਪਏ ਦਾ ਕਰਜ਼ਾ ਨਾਬਾਰਡ ਤੋਂ ਲਿਆ ਗਿਆ ਤੇ 50 ਕਰੋੜ ਰੁਪਏ ਦੀ ਸਬਸਿਡੀ ਕੇਂਦਰ ਨੇ ਦੇਣੀ ਸੀ। ਇਸ ਵਿੱਚੋਂ 37 ਕਰੋੜ ਰੁਪਏ ਦੀ ਸਬਸਿਡੀ ਰਾਜ ਸਰਕਾਰ ਨੂੰ ਹਾਸਲ ਹੋ ਚੁੱਕੀ ਹੈ ਤੇ 13 ਕਰੋੜ ਰੁਪਏ ਹੀ ਬਾਕੀ ਰਹਿੰਦੇ ਹਨ।

ਕਬੱਡੀ ਖੇਡ ਜਗਤ ਦਾ ਸਿਰਤਾਜ ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ

47ਵਾਂ ਦੋ ਰੋਜ਼ਾ ਕਬੱਡੀ ਕੱਪ 9 ਅਤੇ 10 ਫਰਵਰੀ ਨੂੰ  ਦਿੜ੍ਹਬਾ ਮੰਡੀ ਖੇਡ ਸਟੈਡੀਅਮ ਵਿਖੇ

 ਦਿੜ੍ਹਬਾ ਮੰਡੀ/ਸੰਗਰੂਰ, ਫ਼ਰਵਰੀ 2020- (ਹਰਜਿੰਦਰ ਸਿੰਘ ਜਵੰਦਾ/ਮਨਜਿੰਦਰ ਗਿੱਲ )-
ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਦਿੜ੍ਹਬਾ ਮੰਡੀ ਵਿਖੇ ਸੋਸ਼ਲ ਯੂਥ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਵੱਲੋਂ ਐਨ.ਆਰ.ਆਈ ਕਰਨ ਘੁਮਾਣ ਕਨੈਡਾ ਅਤੇ ਪ੍ਰਧਾਨ ਗੁਰਮੇਲ ਸਿੰਘ ਹੁਰਾਂ ਦੀ ਦੇਖ-ਰੇਖ ਹੇਠ ਕਰਵਾਇਆ ਜਾਂਦਾ  ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਅੱਜ ਕਬੱਡੀ ਖੇਡ ਜਗਤਚ ਇਕ ਵੱਡਾ ਨਾਂਅ ਵਜੋਂ ਜਾਣੀਆਂ ਜਾਂਦਾ ਹੈ। ਇਹ ਕਬੱਡੀ ਕੱਪ ਕਰਨ ਘੁਮਾਣ ਕਨੈਡਾ ਅਤੇ ਉਨਾਂ ਦੀ ਟੀਮ ਦੀ ਮਿਹਨਤ ਸਦਕਾ ਕਈ ਪੱਖੋਂ ਜਿਵੇਂ ਕਿ ਦਰਸ਼ਕਾਂ ਦੇ ਵੱਡੇ ਇਕੱਠ ਤੇ ਅੰਤਰਰਾਸ਼ਟਰੀ ਟੀਮਾਂ ਅਤੇ ਉੱਚ ਕੋਟੀ ਦੇ ਗਾਇਕਾਂ ਦੀ ਸ਼ਮੂਲੀਅਤ ਪੱਖੋਂ ਕਬੱਡੀ ਜਗਤ ਚ ਪਹਿਲੇ ਸਥਾਨ ਤੇ ਹੈ। ਇਸ ਸਾਲਦਾ ਇਹ 47ਵਾਂ ਦੋ ਰੋਜ਼ਾ ਕਬੱਡੀ ਕੱਪ 9 ਅਤੇ 10 ਫਰਵਰੀ ਨੂੰ  ਦਿੜ੍ਹਬਾ ਮੰਡੀ ਖੇਡ ਸਟੈਡੀਅਮ ਵਿਖੇ  ਕਰਵਾਇਆ ਜਾ ਰਿਹਾ ਹੈ ਜਿਥੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ  ਟੀਮਾਂ ਦੇ ਫਸਵੇਂ ਮੁਕਾਬਲੇ ਹੋਣਗੇ।ਇਸ ਦੌਰਾਨ ਕੱਪ ਜਿੱਤਣ ਵਾਲੀ ਟੀਮ ਨੂੰ ਨਗਦ ਰਾਸ਼ੀ ਦੇ ਵੱਡੇ ਇਨਾਮ ਅਤੇ ਸਰਵੋਤਮ ਜਾਫੀਅਤੇ ਧਾਵੀ  ਖਾਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਮੁੱਖ ਮਹਿਮਾਨ ਵਜੋਂ  ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮਜੀਤ ਸਿੰਘ ਮਜੀਠੀਆ  ਸ਼ਮੂਲੀਅਤ ਕਰਨਗੇ। ਇਸ ਮੌਕੇ ਦਰਸ਼ਕਾਂ ਦੇ ਮੰਨੋਰੰਜਨ ਲਈ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਮਸ਼ਹੂਰ  ਗਾਇਕ  ਸਿੱਧੂ ਮੂਸੇਵਾਲਾ 9 ਫਰਵਰੀ ਨੂੰ ਅਤੇ ਗਾਇਕ ਬੱਬੂ ਮਾਨ 10 ਫਰਵਰੀ ਸ਼ਾਮ ਨੂੰ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ।ਇਸ ਸਾਲ ਕਰਵਾਏ ਜਾ ਰਹੇ ਕਬੱਡੀ ਕੱਪ ਦੀ ਵੱਡੀ ਸਫਲਤਾ ਲਈ ਐਨ.ਆਰ.ਆਈ ਧੁੱਗਾਬਰਦਰਜ਼, ਸੁੱਖਾ ਵਾਸੀ, ਹਲਕਾ ਦਿੜਬਾ ਇੰਚਾਰਜ ਗੁਲਜ਼ਾਰੀ ਮੂਨਕ, ਸਰਪੰਚ ਤਾਰੀ ਮਾਨ ਬਘਰੋਲ, ਸਤਿਗੁਰ ਘੁਮਾਣ, ਗੁਰਦੇਵ ਮੌੜ, ਨਵਦੀਪ ਨੋਨੀ, ਸੁਖਵਿੰਦਰ ਭਿੰਦਾ, ਚਮਕੌਰ ਯੂ.ਕੇ,  ਹਰਜਿੰਦਰ ਬਲੌਂਗੀ, ਕਸ਼ਮੀਰ ਸਿੰਘ ਰੋੜੇਵਾਲ, ਹਰਦੀਪ ਸ਼ਰਮਾ, ਜਸਪਾਲ ਪਾਲਾ, ਰਾਮ ਜਨਾਲ, ਗੁਰਬਚਨ ਲਾਲ, ਹਰਦੀਪ ਸ਼ਰਮਾ, ਪੰਕਜ ਬਾਂਸਲ, ਬਿੱਟੂ ਮੂਣਕ, ਸੰਜੇ ਬਾਂਸਲ, ਭੀਮ ਠੇਕੇਦਾਰ, ਨਿੱਕਾ ਘੁਮਾਣ,ਬਲਕਾਰ ਸਿੰਘ ਘੁਮਾਣ, ਗੁਰਦੇਵ ਸਿੰਘ ਮੌੜ, ਰਾਜ ਕੁਮਾਰ ਗਰਗ,  ਬਲਜੀਤ ਗੋਰਾ, ਅੰਮ੍ਰਿਤ ਸਿੱਧੂ, ਹਰਦੇਵ ਸਿੰਘ ਗੁਜਰਾਂ,  ਰਿੰਕਾ ਢੰਡੋਲੀ, ਸਤਨਾਮ ਸਿੰਘ ਮਾਨ, ਰਾਮਾ ਐਮ ਸੀ, ਭਿੰਦਾ ਘੁਮਾਣ, ਲਾਡੀ ਮੂਣਕ ਅਤੇ ਰਾਮ ਮਾਨ ਆਦਿ ਆਪਣੀਆਂ ਵੱਡੀਆਂ ਸੇਵਾਵਾਂ  ਦੇ ਰਹੇ ਹਨ।

ਸਰਕਾਰੀ ਜ਼ਮੀਨਾਂ ਵਿੱਚੋਂ ਬਿਨਾ ਅਸੈਸਮੈਂਟ ਕਰਵਾਏ ਰੁੱਖਾਂ ਦੀ ਕਟਾਈ/ਨਿਲਾਮੀ ਨਾ ਕਰਵਾਈ ਜਾਵੇ-ਡਿਪਟੀ ਕਮਿਸ਼ਨਰ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸੂਬੇ ਭਰ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਰੁੱਖਾਂ ਦੀ ਨਜਾਇਜ਼ ਕਟਾਈ/ਨਿਲਾਮੀ ਸੰਬੰਧੀ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਸ ਗੈਰਕਾਨੂੰਨੀ ਪ੍ਰਥਾ ਨੂੰ ਨਕੇਲ ਪਾਉਣ ਲਈ ਕਿਹਾ ਹੈ। ਇਸ ਸੰਬੰਧੀ ਵਿਭਾਗ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਪੰਚਾਇਤਾਂ, ਸਕੂਲਾਂ ਅਤੇ ਹੋਰ ਅਦਾਰਿਆਂ ਵੱਲੋਂ ਬਿਨਾ ਅਸੈਸਮੈਂਟ ਕਰਵਾਏ ਰੁੱਖਾਂ ਦੀ ਕਟਾਈ/ਨਿਲਾਮੀ ਕਰਵਾ ਲਈ ਜਾਂਦੀ ਹੈ, ਜੋ ਕਿ ਗੈਰਕਾਨੂੰਨੀ ਪ੍ਰਥਾ ਹੈ ਅਤੇ ਇਸ ਨੂੰ ਤੁਰੰਤ ਰੋਕਣ ਦੀ ਲੋੜ ਹੈ। ਉਨਾਂ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਰੁੱਖਾਂ ਦੀ ਕਟਾਈ/ਨਿਲਾਮੀ ਕਰਾਉਣ ਤੋਂ ਪਹਿਲਾਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਤੋਂ ਲੋੜੀਂਦੀ ਅਸੈਸਮੈਂਟ ਕਰਵਾਉਣ ਅਤੇ ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਲੈਣ ਉਪਰੰਤ ਹੀ ਰੁੱਖਾਂ ਦੀ ਕਟਾਈ/ਨਿਲਾਮੀ ਆਦਿ ਕਰਵਾਈ ਜਾਵੇ।

ਇਲਾਕੇ ਦੀ ਮਸਹੂਰ ਸੰਸਥਾ ਡ੍ਰੀਮਿੰਗ ਐਵਰੌਡ ਨੇ ਸਿਮਰਨਜੋਤ ਕੌਰ ਦਾ ਸੁਪਨਾ ਪੂਰਾ ਕੀਤਾ

 ਬੱਧਨੀ ਕਲਾਂ/ਮੋਗਾ,ਫ਼ਰਵਰੀ 2020-(ਗੁਰਸੇਵਕ ਸੋਹੀ)-

ਇਲਾਕੇ ਦੀ ਬਹੁਤ ਹੀ ਮਸ਼ਹੂਰ ਸੰਸਥਾ ਡ੍ਰੀਮਿੰਗ ਐਵਰੌਡ ਨੇ ਸਿਮਰਨਜੋਤ ਕੌਰ ਪਿੰਡ ਖੋਟੇ (ਮੋਗਾ)ਦਾ ਕੈਨੇਡਾ ਸਟੱਡੀ ਵੀਜ਼ਾ ਲਗਵਾ ਕੇ ਉਸ ਦੇ ਸੁਪਨਿਆਂ ਨੂੰ ਥੋੜ੍ਹੇ ਹੀ ਸਮੇਂ ਵਿੱਚ ਪੂਰਾ ਕੀਤਾ।ਇਹ ਸੰਸਥਾ ਬੱਧਨੀ ਕਲਾਂ ਟੈਲੀਫੋਨ ਐਕਸਚੇਂਜ ਕੋਲ ਜੀਟੀ ਰੋਡ ਪਰ ਸਥਿਤ ਹੈ ਅਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਇਲਾਕੇ ਅੰਦਰ ਬਹੁਤ ਹੀ ਵਧੀਆ ਤਰੀਕੇ ਨਾਲ ਹਰ ਕਿਸੇ ਦਾ ਸੁਪਨਾ ਪੂਰਾ ਕੀਤਾ ਜਾਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ, ਡੀ ਚਰਨਜੀਤ ਸਿੰਘ ਸੋਨੂੰ ਨੇ ਦੱਸਿਆ ਹੈ ਕਿ ਸਿਮਰਨਜੋਤ ਕੌਰ ਨੇ ਆਪਣੀ ਲਗਨ ਮਿਹਨਤ ਨਾਲ 6.0 ਬੈਂਡ ਪ੍ਰਾਪਤ ਕਰਕੇ ਸਾਡੀ ਡ੍ਰੀਮਿੰਗ ਐਵਰੋਡ ਸੰਸਥਾ ਦੇ ਕੋਲ ਫੈਲ ਲਗਵਾਈ ਮਿਹਨਤੀ ਸਟਾਫ ਹੋਣ ਕਰਕੇ ਹੀ ਸਿਮਰਨਜੋਤ ਦਾ ਸੁਪਨਾ ਪੂਰਾ ਹੋਇਆ ਅਤੇ ਸੰਸਥਾ ਦਾ ਨਾਮ ਚਮਕ ਰਿਹਾ ਹੈ।ਸਿਮਰਨਜੋਤ ਕੌਰ ਨੇ ਇਸ ਮਿਹਨਤੀ ਸਟਾਫ਼ ਅਤੇ ਸੋਨੂੰ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਕਿ ਮੇਰੇ ਸੁਪਨਿਆਂ ਨੂੰ ਜਲਦੀ ਹੀ ਪੂਰਾ ਕਰ ਦਿੱਤਾ।

ਏਅਰ ਫੋਰਸ ਬਰਨਾਲਾ ਦੇ ਵਾਰੰਟ ਅਫਸਰ ਵੀ ਕੇ ਸਾਹਾ ਮਰਹੂਮ ਚਮਕੌਰ ਸਿੰਘ ਰਾਏਸਰ ਦੀ ਮਿਰਤਕ ਦੇਹ ਤੇ ਫੁੱਲ ਮਾਲਾਵਾਂ ਚੜਾਉਦੇ ਹੋਏ

ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-

ਨੇੜਲੇ ਪਿੰਡ ਰਾਏਸਰ ਦੇ ਨਿਵਾਸੀ ਚਮਕੌਰ ਸਿੰਘ ਰਾਏਸਰ  ਜੋ ਕਿ ਪਿਛਲੇ ਕਈ ਸਾਲ ਤੋ ਸੂਗਰ ਦੇ ਮਰੀਜ ਸਨ  ਦੀ ਹਾਰਟ ਅਟੈਕ ਨਾਲ ਹੋਈ ਬੇਵਕਤੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ । ਉਹ ਏਅਰ ਫੋਰਸ ਬਰਨਾਲਾ ਦੇ ਪਕੇ ਮੁਲਾਜ਼ਮ ਸਨ। 50 ਕ ਸਾਲ ਦੇ ਕਰੀਬ  ਉਮਰ ਭੋਗ ਕੇ ਇਸ ਫਾਨੀ ਸੰਸਾਰ ਤੋ ਰੁਖ਼ਸਤ  ਹੋਏ ਇਹ ਨੌਜਵਾਨ ਆਪਣੇ ਪਿਛੇ ਵਿਧਵਾ ਸੁਖਵਿੰਦਰ ਕੌਰ  ਤੇ ਬੇਟੇ ਹਰਦੀਪ ਸਿੰਘ ਹੈਪੀ ਤੇ ਮਨਦੀਪ ਸਿੰਘ ਗਗੜ  ਨੂੰ ਰੌਦੇ ਵਿਲਕਦੇ ਛੱਡ ਗਿਆ । ਅੰਤਿਮ ਸੰਸਕਾਰ ਤੋ ਪਹਿਲਾਂ ਏਅਰ ਫੋਰਸ ਦੇ ਵਾਰੰਟ ਅਫਸਰ ਵੀ ਕੇ ਸਾਹਾ ਵਲੋ ਫੁੱਲ ਮਾਲਾਵਾਂ ਨਾਲ  ਸਲਾਮੀ ਦਿੱਤੀ ਗਈ । ਇਸ ਸਮੇਂ ਏਅਰ ਫੋਰਸ ਦੇ ਤਿੰਨ ਦਰਜਨ ਤੋ ਵਧ ਸਟਾਫ ਮੈਂਬਰਾਂ ਨੇ ਵੀ ਵਿਛੜੇ ਸਾਥੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ । ਪਰਿਵਾਰ ਵਲੋ ਸ੍ਰੀ ਜਗਰੂਪ ਸਿੰਘ ਅਤੇ ਅਵਤਾਰ ਸਿੰਘ ਰਾਏਸਰ ਨੇ ਏਅਰ ਫੋਰਸ ਬਰਨਾਲਾ ਵਲੋ ਦਿਤੇ ਸਰਧਾ ਪੂਰਵਕ  ਸਨਮਾਨ ਬਦਲੇ  ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਏਅਰ ਫੋਰਸ ਦੀ ਸਪੈਸ਼ਲ ਗੱਡੀ ਵਿਚ ਹੀ ਮਿਰਤਕ ਦੇਹ ਨੂੰ ਸਮਸਾਨਘਾਟ ਤਕ ਲਿਜਾਇਆ ਗਿਆ । ਇਸ ਸਮੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਵਲੋਂ ਸੇਜਲ ਅੱਖਾਂ ਨਾਲ ਸਵ: ਚਮਕੌਰ ਸਿੰਘ ਰਾਏਸਰ ਨੂੰ ਵਿਦਾਇਗੀ ਦਿੱਤੀ ਗਈ ।

ਸ੍ਰੀ 108 ਬਾਬਾ ਸੰਤ ਮੁਨੀ ਜੀ ਦੀ ਸਲਾਨਾ ਚੌਥੀ ਬਰਸੀ।ਬਾਬਾ ਰਾਮ ਮੁਨੀ ਜੀ।

ਹਠੂਰ,ਫਰਵਰੀ 2020 - (ਗੁਰਸੇਵਕ ਸੋਹੀ)-ਡੇਰਾ ਪ੍ਰਗਟਸਰ ਰਾਣੀ ਵਾਲਾ ਪਿੰਡ ਲੱਖਾ (ਲੁਧਿ:) ਵਿਖੇ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਧੂਮ- ਧਾਮ ਨਾਲ ਮਨਾਈ ਜਾ ਰਹੀ ਹੈ,11 ਫਰਵਰੀ ਦਿਨ ਮੰਗਲਵਾਰ  ਨੂੰ ਪ੍ਰਕਾਸ਼ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਹੋਣਗੇ,19 ਫਰਵਰੀ ਦਿਨ ਬੁੱਧਵਾਰ ਨੂੰ 10 ਵਜੇ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ 10 ਤੋਂ 11ਵਜੇ ਤੱਕ ਕੀਰਤਨ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਰਾਮ ਮੁਨੀ ਜੀ ਨੇ ਕਿਹਾ ਕਿ ਬਰਸੀ ਦੇ ਮੌਕੇ ਤੇ ਚੰਗੇ ਗੁਣੀ ਗਿਆਨੀ ਮਹਾਂਪੁਰਸ਼ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਬਚਨ ਸੁਣ ਕੇ ਆਪਣਾ ਜੀਵਨ ਸਫ਼ਲ ਬਣਾਓ ਇਸ ਮੌਕੇ ਸੰਤ ਕਪਿਲ ਮੁਨੀ ਜੀ ਹਰਿਦੁਆਰ ਵਾਲੇ, ਸੰਤ ਜਤਿੰਦਰ ਮੁਨੀ ਜੀ ਗੁਜਰਾਤ ਵਾਲੇ, ਸੰਤਪ੍ਰੀਤ ਮੁਨੀ ਜੀ ਧੂਰੀ ਵਾਲੇ, ਸੰਤ ਪ੍ਰੀਤ ਮੁਨੀ ਜੀ ਲੱਖਾ, ਗੁਰਤੇਜ ਉੱਗੋਕੇ ਭਾਣਜਾ ਸੰਤ ਮੁਨੀ ਜੀ, ਮਹੰਤ ਰਾਮ ਮੁਨੀ ਜੀ ਅਤੇ ਸਮੂਹ ਇਲਾਕਾ ਨਿਵਾਸੀ ।

ਰੁਮਾਂਟਿਕਤਾ ਭਰੀ ਪਰਿਵਾਰਕ ਪੰਜਾਬੀ ਫ਼ਿਲਮ 'ਸੁਫਨਾ' ਦਾ ਟ੍ਰੇਲਰ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ

ਆਗਾਮੀ 14 ਫਰਵਰੀ ਨੂੰ ਵਰਲਡਵਾਈਡ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਰੁਮਾਂਟਿਕਤਾ ਭਰੀ ਸੰਗੀਤਕ ਤੇ ਪਰਿਵਾਰਕ ਫ਼ਿਲਮ 'ਸੁਫਨਾ' ਦਾ ਟ੍ਰੇਲਰ ਹਾਲ ਹੀ ਰਿਲੀਜ਼ ਕੀਤਾ ਗਿਆ ਹੈ।ਜੋ ਕਿ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਇਸ ਫਿਲਮ ਰਾਹੀਂ ਪਹਿਲੀ ਵਾਰ ਵੱਡੇ ਪਰਦੇ ਤੇ ਸਟਾਰ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਤਾਨੀਆ ਦੀ ਜੋੜੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ 'ਸੁਫਨਾ' ਨਾਮੀ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ ਜਿਨਾਂ ਵਲੋਂ ਪਿਛਲੇ ਸਾਲ ਬਲਾਕਬਾਸਟਰ ਫਿਲਮਾਂ 'ਕਿਸਮਤ' ਤੇ 'ਛੜਾ' ਦਾ ਨਿਰਦੇਸ਼ਨ ਕੀਤਾ ਗਿਆ ਸੀ।ਫਿਲਮ ਸਬੰਧੀ ਗੱਲਬਾਤ ਕਰਦਿਆਂ ਫਿਲਮ ਦੇ ਨਾਇਕ ਐਮੀ ਵਿਰਕ ਦਾ ਕਹਿਣਾ ਹੈ ਕਿ ਉਨਾਂ ਦੀ ਫਿਲਮ 'ਕਿਸਮਤ' ਦੀ ਤਰਾਂ ਇਹ ਫਿਲਮ ਵੀ ਇਕ ਹੋਰ ਰੁਮਾਂਸ ਨਾਲ ਮਨੋਰੰਜਨ ਭਰਪੂਰ ਵੱਡਾ ਧਮਾਕਾ ਹੋਵੇਗੀ। 'ਕਿਸਮਤ' ਵਾਂਗ ਇਹ ਫਿਲਮ ਵੀ ਇੱਕ ਵੱਖਰੀ ਹੀ ਕਿਸਮ ਦੀ ਅਧੁਨਿਕ ਲਵ ਸਟੋਰੀ ਤੇ ਅਧਾਰਤ ਹੋਵੇਗੀ। ਰਾਜਸਥਾਨ ਦੀਆਂ ਖੂਬਸੁਰਤ ਲੁਕੇਸ਼ਨਾਂ 'ਤੇ ਫ਼ਿਲਮਾਈ ਇਹ ਫਿਲਮ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇ ਦਰਸ਼ਕਾਂ ਲਈ ਇਕ ਹੁਸੀਨ ਤੋਹਫ਼ਾ ਹੋਵੇਗੀ। ਫ਼ਿਲਮ ਹੀਰੋਇਨ ਤਾਨੀਆ ਦਾ ਕਹਿਣਾ ਹੈ ਕਿ ਫਿਲਮ 'ਸੁਫਨਾ' ਵਿੱਚ ਐਮੀ ਵਿਰਕ ਨਾਲ ਬਤੌਰ ਨਾਇਕਾ ਪਰਦੇ 'ਤੇ ਆਉਣਾ ਉਸਦਾ ਇੱਕ ਵੱਡਾ ਸੁਫ਼ਨਾ ਪੂਰਾ ਹੋਣ ਬਰਾਬਰ ਹੈ।ਉਸ ਨੇ ਦੱਸਿਆ ਕਿ ਇਸ ਫਿਲਮ ਲਈ ਉਸਨੇ ਬਹੁਤ ਮੇਹਨਤ ਕੀਤੀ ਹੈ।ਇਸ ਫਿਲਮ ਦਾ ਸ਼ੂਟ ਦੋ ਮਹੀਨੇ ਚੱਲਿਆ ਤੇ ਉਸਨੇ ਆਪਣਾ ਵਜ਼ਨ ਵੀ ਘਟਾਇਆ ਹੈ। ਉਸ ਨੂੰ ਆਸ ਹੈ ਕਿ ਪਹਿਲੀਆਂ ਫਿਲਮਾਂ ਵਾਂਗ ਦਰਸ਼ਕ 'ਸੁਫਨਾ' ਵਿੱਚ ਵੀ ਉਸਦੀ ਅਦਾਕਾਰੀ ਨੂੰ ਜਰੂਰ ਪਸੰਦ ਕਰਨਗੇ ਅਤੇ ਇਹ ਫਿਲਮ ਉਸਦੇ ਕੈਰੀਅਰ ਲਈ ਮੀਲ ਪੱਥਰ ਸਾਬਤ ਹੋਵੇਗੀ।ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਿਰਦੇਸ਼ਿਤ ਇਹ ਫਿਲਮ ਪਿਆਰ ਮੁਹੱਬਤ ਦੀਆਂ ਤੰਦਾਂ ਨੂੰ ਮਜਬੂਤ ਕਰਦੀ ਹਰ ਛੋਟੇ ਵੱਡੇ, ਅਮੀਰ ਗਰੀਬ, ਅਨਪੜ੍ਹ ਪੜ੍ਹੇ ਲਿਖੇ ਬੰਦੇ ਦੇ ਸੁਫ਼ਨਿਆਂ ਦੀ ਗੱਲ ਕਰੇਗੀ।ਇਹ ਫਿਲਮ ਗਰੀਬ ਪਰਿਵਾਰ ਦੀ ਕੁੜੀ ਦੇ ਪਿਆਰ ਅਤੇ ਬਲੀਦਾਨ ਦੀ ਕਹਾਣੀ ਹੈ। ਫਿਲਮ ਦੀ ਹੀਰੋਇਨ ਗਰੀਬ ਪਰਿਵਾਰ ਦੀ ਕੁੜੀ ਹੈ ਤੇ ਹੀਰੋ ਜਿਮੀਂਦਾਰ ਪਰਿਵਾਰ ਦਾ ਪੜਾਕੂ ਮੁੰਡਾ ਹੈ। ਦੋਵਾਂ ਦਾ ਅਲੱੜ ਦਿਲਾਂ ਵਾਲਾ ਇੱਕ ਦੂਜੇ ਲਈ ਮਰ ਮਿੱਟਣ ਦੀਆਂ ਕਸਮਾਂ ਵਾਲਾ ਪਿਆਰ ਹੈ ਜਿਸ ਵਿੱਚ ਦਰਸ਼ਕਾਂ ਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ। ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਵਲੋਂ ਪ੍ਰੋਡਿਊਸ 'ਪੰਜ ਪਾਣੀ ਫਿਮਲਜ਼' ਬੈਨਰ ਹੇਠ ਬਣੀ ਇਹ ਫਿਲਮ 14 ਫਰਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।ਇਸ ਫਿਲਮ ਵਿਚ ਐਮੀ ਵਿਰਕ ਤੇ ਤਾਨੀਆ ਤੋਂ ਇਲਾਵਾ ਜੈਸਮੀਨ ਬਾਜਵਾ, ਸੀਮਾ ਕੌਸ਼ਲ, ਜਗਜੀਤ ਸੰਧੂ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ ਬਲਵਿੰਦਰ ਬੁਲਟ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।

ਲਿਖਤ✍️ਰਜਨੀਸ਼ ਗਰਗ-ਮਾਨਵਤਾ ਦੀ ਸੇਵਾ 

ਮਾਨਵਤਾ ਦੀ ਸੇਵਾ 

ਰੋਜ ਮੰਦਿਰਾ ਗੁਰੂਦੁਆਰਿਆ ਚ ਚੜ੍ਹਦਾ ਚੜਾਵਾ ਕਿੰਨਾ ਹੀ

ਸਾਇਦ ਅੰਨੇ ਭਗਤਾ ਨੂੰ ਅਕਲ ਕਿਤੋ ਆ ਜਾਵੇ

ਮਾਨਵਤਾ ਦੀ ਸੇਵਾ ਲਈ ਜੇ ਲਾਵੇ ਏਹ ਪੈਸਾ

ਖੁਸ਼ਹਾਲੀ ਪੰਜਾਬ ਚ ਸਭ ਪਾਸੇ ਛਾ ਜਾਵੇ

 

ਧਰਮਾਂ ਦੇ ਨਾਂ ਤੇ ਲੋਕ ਬਹੁਤ ਕਮਾਈਆਂ ਕਰਦੇ ਨੇ

ਧਰਮਾਂ ਚ ਉਲਝੇ ਲੋਕਾ ਨੂੰ ਕੋਈ ਸੁਲਝਾ ਜਾਵੇ

ਪੱਥਰਾ ਦੀਆਂ ਮੂਰਤਾ ਨੂੰ ਪਿਆਉਣ ਦੁੱਧ ਸਾਰੇ ਹੀ 

ਪੱਥਰਾ ਤੇ ਇਨਸਾਨਾ ਵਿੱਚ ਫਰਕ ਕੋਈ ਸਮਝਾ ਜਾਵੇ 

 

ਧੀਆਂ ਦੀ ਇੱਜਤ ਬਚਾਉਣ ਲਈ ਨਾ ਕੋਈ ਮੂਹਰੇ ਆਂਉਦਾ

ਮੰਦਰਾ ਮਸਜਿਦਾ ਲਈ ਲਈ ਚਾਹੇ ਏਨ੍ਹਾ ਦੀ ਜਾਨ ਜਾਵੇ 

ਰਜਨੀਸ਼ ਲਿਖਣ ਤੇ ਸਮਝਾਉਣ ਦਾ ਤਾਂ ਫਾਇਦਾ 

ਜੇ ਧਰਮ ਦੇ ਠੇਕੇਦਾਰਾ ਨੂੰ ਪਾਈ ਲਗਾਮ ਜਾਵੇ 

 

ਅੱਤਿਆਚਾਰ ਰੋਕਥਾਮ ਐਕਟ ਦੀ ਉਲੰਘਣਾ ਖਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ-ਡੀ. ਸੀ

ਕਪੂਰਥਲਾ, ਫਰਵਰੀ 2020- (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ’ਤੇ ਅੱਤਿਆਚਾਰ ਰੋਕਥਾਮ ਐਕਟ ਸਬੰਧੀ ਕੇਸਾਂ ਦੀ ਸਮੀਖਿਆ ਕੀਤੀ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਬੰਧੀ ਜ਼ਿਲਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਅਧਿਕਾਰੀਆਂ ਨੂੰ ਜ਼ਿਲੇ ਵਿਚ ਅੱਤਿਆਚਾਰ ਰੋਕਥਾਮ ਐਕਟ 1989 ਨੂੰ ਪੂਰੀ ਤਰਾਂ ਨਾਲ ਲਾਗੂ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਜ਼ਿਲੇ ਦੇ ਸਮੂਹ ਅਧਿਕਾਰੀ ਅਤੇ ਜ਼ਿਲਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੇ ਮੈਂਬਰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਗ਼ਰੀਬ ਵਰਗ ਦੇ ਲੋਕਾਂ ਨਾਲ ਪੂਰੀ ਤਰਾਂ ਸੰਵੇਦਨਸ਼ੀਲਤਾ ਭਰਿਆ ਵਤੀਰਾ ਅਪਣਾਉਣ। ਉਨਾਂ ਕਿਹਾ ਕਿ ਜਦੋਂ ਵੀ ਗ਼ਰੀਬ ਵਰਗ ਨਾਲ ਵਧੀਕੀ ਦਾ ਕੋਈ ਵੀ ਮਾਮਲਾ ਧਿਆਨ ਵਿਚ ਆਵੇ ਤਾਂ ਤੁਰੰਤ ਪੁਲਿਸ ਕੇਸ ਦਰਜ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। 

ਇਸ ਮੌਕੇ ਉਨਾਂ ਅੱਤਿਆਚਾਰ ਰੋਕਥਾਮ ਐਕਟ ਤਹਿਤ ਦਰਜ ਕੇਸਾਂ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਸਕੀਮ ਤਹਿਤ ਦਿੱਤੇ ਗਏ ਮੁਆਵਜ਼ੇ ਬਾਰੇ ਵੀ ਜਾਣਕਾਰੀ ਹਾਸਲ ਕੀਤੀ। 

ਇਸ ਦੌਰਾਨ ਉਨਾਂ ਇਸ ਕਾਨੂੰਨ ਤਹਿਤ ਜ਼ੇਰੇ ਤਫਤੀਸ਼ ਮੁਕੱਦਮੇ, ਅਦਾਲਤਾਂ ਵਿਚ ਚੱਲਦੇ ਮੁਕੱਦਮੇ, ਵੱਖ-ਵੱਖ ਥਾਣਿਆਂ ਵਿਚ ਬਕਾਇਆ ਦਰਖ਼ਾਸਤਾਂ ਅਤੇ ਜ਼ਿਲਾ ਅਟਾਰਨੀ ਵੱਲੋਂ ਭੇਜੇ ਗਏ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਦੀ ਸਮੀਖਿਆ ਕੀਤੀ। ਉਨਾਂ ਆਦੇਸ਼ ਦਿੱਤੇ ਕਿ ਪੁਰਾਣੇ ਕੇਸਾਂ ਅਤੇ ਲੰਬਿਤ ਜਾਂਚ ਰਿਪੋਰਟਾਂ ਦਾ ਨਿਬੇੜਾ ਜਲਦ ਤੋਂ ਜਲਦ ਕੀਤਾ ਜਾਵੇ। ਉਨਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਸਾਰੇ ਕੇਸਾਂ ਲਈ ਇਕ ਹੀ ਨੋਡਲ ਅਫ਼ਸਰ ਤਾਇਨਾਤ ਕਰਨਾ ਯਕੀਨੀ ਬਣਾਇਆ ਜਾਵੇ। 

  ਇਸ ਮੌਕੇ ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਉੱਪ ਜ਼ਿਲਾ ਅਟਾਰਨੀ ਸ੍ਰੀ ਅਨਿਲ ਕੁਮਾਰ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਕੁੰਡਲ, ਜ਼ਿਲਾ ਭਲਾਈ ਅਫ਼ਸਰ ਸ. ਜਸਦੇਵ ਸਿੰਘ ਪੁਰੇਵਾਲ, ਜ਼ਿਲਾ ਰੋਜ਼ਗਾਰ ਜਨਰੇਸ਼ਨ ਅਫ਼ਸਰ ਸ੍ਰੀਮਤੀ ਨੀਲਮ ਮਹੇ, ਸ੍ਰੀ ਨੀਰਜ ਕੁਮਾਰ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ. ਸੁਖਰਾਜ ਸਿੰਘ, ਸ੍ਰੀ ਪਵਨ ਕੁਮਾਰ ਸੂਦ, ਸ੍ਰੀ ਵਿਨੋਦ ਕੁਮਾਰ ਸੂਦ ਤੇ ਸਰਪੰਚ ਗੁਰਪ੍ਰੀਤ ਸਿੰਘ ਤੋਂ ਇਲਾਵਾ ਜ਼ਿਲਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੇ ਮੈਂਬਰ ਤੇ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਉੱਪ ਜ਼ਿਲਾ ਅਟਾਰਨੀ ਸ੍ਰੀ ਅਨਿਲ ਕੁਮਾਰ, ਜ਼ਿਲਾ ਭਲਾਈ ਅਫ਼ਸਰ ਸ. ਜਸਦੇਵ ਸਿੰਘ ਪੁਰੇਵਾਲ ਤੇ ਹੋਰ।

ਪੇਇੰਗ ਗੈਸਟ ਮਾਲਕਾਂ ਨੂੰ ਸੀ. ਸੀ. ਟੀ. ਵੀ ਕੈਮਰੇ ਲਗਾਉਣ ਦੇ ਹੁਕਮ

ਆਪਣਾ ਅਤੇ ਪੇਇੰਗ ਗੈਸਟਾਂ ਦਾ ਪੂਰਾ ਵੇਰਵਾ ਥਾਣੇ ਵਿਚ ਦਰਜ ਕਰਵਾਉਣਾ ਲਾਜ਼ਮੀ

ਕਪੂਰਥਲਾ  ਫਰਵਰੀ 2020- (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਕਪੂਰਥਲਾ ਵਿਚ ਹਰੇਕ ਪੇਇੰਗ ਗੈਸਟ ਦਾ ਮਾਲਕ ਆਪਣੇ ਪੀ. ਜੀ ਅਕੋਮੋਡੇਸ਼ਨ ਵਿਚ ਸੀ. ਸੀ. ਟੀ. ਵੀ ਕੈਮਰੇ ਲਗਾਉਣ ਅਤੇ ਚਾਲੂ ਹਾਲਤ ਵਿਚ ਰੱਖਣ ਦਾ ਪਾਬੰਦ ਹੋਵੇਗਾ ਅਤੇ ਕੈਮਰਿਆਂ ਦੀ ਰਿਕਾਰਡਿੰਗ ਦਾ ਘੱਟੋ-ਘੱਟ ਇਕ ਮਹੀਨੇ ਦਾ ਬੈਕਅੱਪ ਰੱਖੇਗਾ। ਇਸ ਤੋਂ ਇਲਾਵਾ ਪੇਇੰਗ ਗੈਸਟ ਚਲਾਉਣ ਵਾਲਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਉਸ ਦੇ ਪੀ. ਜੀ ਅਕੋਮੋਡੇਸ਼ਨ ਵਿਚ ਰਹਿ ਰਹੇ ਪੇਇੰਗ ਗੈਸਟ ਦਾ ਵੇਰਵਾ ਭਰ ਕੇ ਆਪਣੇ ਨਜ਼ਦੀਕੀ ਪੁਲਿਸ ਥਾਣੇ/ਚੌਕੀ ਵਿਚ ਤੁਰੰਤ ਦਰਜ ਕਰਾਉਣ ਦਾ ਪਾਬੰਦ ਹੋਵੇਗਾ, ਜਿਸ ਵਿਚ ਪੇਇੰਗ ਗੈਸਟ ਚਲਾਉਣ ਵਾਲੇ ਮਾਲਕ ਦਾ ਨਾਮ, ਪਤਾ, ਮੋਬਾਈਲ ਨੰਬਰ, ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਹਿਚਾਣ ਪੱਤਰ ਦਾ ਫੋਟੋ ਕਾਪੀ ਸਮੇਤ ਵੇਰਵਾ ਦੇਣਾ ਲਾਜ਼ਮੀ ਹੋਵੇਗਾ। ਇਸੇ ਤਰਾਂ ਇਸ ਪ੍ਰੋਫਾਰਮੇ ਵਿਚ ਪੇਇੰਗ ਗੈਸਟ ਦਾ ਨਾਮ, ਮੋਬਾਈਲ ਨੰਬਰ, ਪੜਾਈ ਜਾਂ ਕੰਮ ਵਾਲੀ ਸੰਸਥਾ ਦਾ ਨਾਮ, ਪਤਾ ਅਤੇ ਉਥੇ ਪੜਨ/ਕੰਮ ਕਰਨ ਦਾ ਸਬੂਤ, ਕਿਸ ਮਿਤੀ ਤੋਂ ਪੀ. ਜੀ ਵਿਚ ਰਹਿ ਰਿਹਾ ਹੈ, ਪੱਕਾ ਰਿਹਾਇਸ਼ੀ ਪਤਾ ਅਤੇ ਉਸ ਦਾ ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਹਿਚਾਣ ਪੱਤਰ ਦਾ ਫੋਟੋ ਕਾਪੀ ਸਮੇਤ ਵੇਰਵਾ, ਜਿਸ ’ਤੇ ਰਿਹਾਇਸ਼ੀ ਪਤਾ ਹੋਵੇ, ਦੇਣਾ ਹੋਵੇਗਾ। ਇਹ ਹੁਕਮ 29 ਮਾਰਚ 2020 ਤੱਕ ਲਾਗੂ ਰਹਿਣਗੇ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਸਰਕਾਰੀ ਵਿਕਾਸ ਕਾਰਜਾਂ ਲਈ ਇੱਟਾਂ ਦੇ ਭਾਅ ਨਿਰਧਾਰਤ

ਕਪੂਰਥਲਾ, ਫਰਵਰੀ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਕਪੂਰਥਲਾ ਵਿਚ ਸਰਕਾਰੀ ਵਿਕਾਸ ਕਾਰਜਾਂ ਲਈ ਇੱਟਾਂ ਦੇ ਭਾਅ ਨਿਰਧਾਰਤ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਭੱਠਾ ਮਾਲਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਭਾਗ ਲਿਆ। ਇਸ ਦੌਰਾਨ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਕਿ ਕਪੂਰਥਲਾ ਜ਼ਿਲੇ ਵਿਚ 2014 ਵਿਚ ਸਰਕਾਰੀ ਕੰਮਾਂ ਲਈ ਇੱਟਾਂ ਦੇ ਰੇਟ 4500 ਰੁਪਏ (ਪ੍ਰਤੀ 1000) ਨਿਰਧਾਰਤ ਕੀਤੇ ਗਏ ਸਨ। ਉਨਾਂ ਕਿਹਾ ਕਿ ਉਦੋਂ ਤੋਂ ਹੁਣ ਤੱਕ ਮਿੱਟੀ, ਮਜ਼ਦੂਰੀ ਅਤੇ ਕੋਲੇ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਇੱਟਾਂ ਦੀ ਉਤਪਾਦਨ ਲਾਗਤ ਵਿਚ ਵਾਧਾ ਹੋਇਆ ਹੈ, ਇਸ ਕਰਕੇ ਸਰਕਾਰੀ ਕੰਮਾਂ ਲਈ ਵਰਤੀਆਂ ਜਾਣ ਵਾਲੀਆਂ ਇੱਟਾਂ ਦੀਆਂ ਕੀਮਤਾਂ ਰੀਵਾਈਜ਼ ਕਰਨੀਆਂ ਬੇਹੱਦ ਜ਼ਰੂਰੀ ਹਨ। ਡਿਪਟੀ ਕਮਿਸ਼ਨਰ ਵੱਲੋਂ ਭੱਠਾ ਐਸੋਸੀਏਸ਼ਨ ਤੇ ਹਾਜ਼ਰ ਅਧਿਕਾਰੀਆਂ ਨਾਲ ਵਿਸਥਾਰ ’ਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸਰਕਾਰੀ ਵਿਕਾਸ ਕੰਮਾਂ ਲਈ ਪਹਿਲੇ ਦਰਜੇ ਦੀਆਂ ਇੱਟਾਂ ਦੀ ਕੀਮਤ 5350 ਰੁਪਏ ਨਿਰਧਾਰਤ ਕਰਨ ਦਾ ਫ਼ੈਸਲਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਮੀਟਿੰਗ ’ਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਟਾਂ ਦੀ ਖ਼ਰੀਦ ਲੋਕਲ ਪੱਧਰ ਉੱਤੇ ਅਤੇ ਕੰਮ ਵਾਲੇ ਸਥਾਨ ਤੋਂ ਨਜ਼ਦੀਕ ਪੈਂਦੇ ਭੱਠਿਆਂ ਤੋਂ ਹੀ ਕਰਨ ਨੂੰ ਤਰਜੀਹ ਦਿੱਤੀ ਜਾਵੇ। ਉਨਾਂ ਭੱਠਾ ਐਸੋਸੀਏਸ਼ਨ ਨੂੰ ਵੀ ਹਦਾਇਤ ਕੀਤੀ ਕਿ ਸਰਕਾਰੀ ਵਿਭਾਗਾਂ ਦੇ ਵਿਕਾਸ ਕੰਮਾਂ ਲਈ ਪਹਿਲੇ ਦਰਜੇ ਦੀਆਂ ਵਧੀਆ ਇੱਟਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨਾਂ ਭੱਠਾ ਮਾਲਕਾਂ ਨੂੰ ਆਪਣੀ ਬਣਦੀ ਰਾਇਲਟੀ ਜਮਾਂ ਕਰਵਾਉਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਐਕਸੀਅਨ ਪੀ. ਡਬਲਿੳੂ. ਡੀ ਸ੍ਰੀ ਸਰਬਰਾਜ ਕੁਮਾਰ, ਐਕਸੀਅਨ ਪੰਚਾਇਤੀ ਰਾਜ ਸ੍ਰੀ ਸੰਦੀਪ ਸ੍ਰੀਧਰ, ਐਕਸੀਅਨ ਡਰੇਨੇਜ ਸ. ਅਜੀਤ ਸਿੰਘ, ਐਸ. ਡੀ. ਡੀ ਸ. ਬਲਬੀਰ ਸਿੰਘ ਤੋਂ ਇਲਾਵਾ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਸ਼ਾਲ ਸੋਨੀ ਅਤੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। 

ਕੈਪਸ਼ਨ :-ਇੱਟਾਂ ਦੇ ਭਾਅ ਨਿਰਧਾਰਤ ਕਰਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ ਤੇ ਹੋਰ

ਮੁਫ਼ਤ ਡੇਅਰੀ ਕਿੱਤਾ ਸਿਖਲਾਈ ਲਈ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਦੀ ਇੰਟਰਵਿਊ 4 ਨੂੰ

ਕਪੂਰਥਲਾ, ਫਰਵਰੀ 2020- (ਹਰਜੀਤ ਸਿੰਘ ਵਿਰਕ)-

ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ ਹੋਰ ਸਹਾਇਕ ਧੰਦਿਆਂ ਵੱਲ ਆਕਰਸ਼ਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਵੈ-ਰੁਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ‘ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁੱਡ ਫਾਰ ਐਸ. ਸੀ ਬੈਨੀਫਿਸ਼ਰੀਜ਼’ ਨੂੰ ਪੂਰੇ ਪੰਜਾਬ ਵਿਚ ਲਾਗੂ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਵੱਖ-ਵੱਖ ਡੇਅਰੀ ਸਿਖਲਾਈ ਸੈਂਟਰਾਂ ਤੋਂ ਕਰਵਾ ਕੇ ਡੇਅਰੀ ਯੂਨਿਟ ਸਥਾਪਿਤ ਕਰਨ ਦੀ ਯੋਜਨਾ ਹੈ। ਉਨਾਂ ਕਿਹਾ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਸਿਖਲਾਈ ਦੇਣ ਦੇ ਨਾਲ-ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲਾ ਕਪੂਰਥਲਾ ਨਾਲ ਸਬੰਧਤ ਲਾਭਪਾਤਰੀਆਂ ਦੀ ਇੰਟਰਵਿੳੂ 4 ਫਰਵਰੀ 2020 ਨੂੰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਕਪੂਰਥਲਾ ਵਿਖੇ ਕੀਤੀ ਜਾਵੇਗੀ।   

  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਬਲਵਿੰਦਰ ਜੀਤ ਨੇ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਸਿਖਿਆਰਥੀ ਘੱਟੋ-ਘੱਟ ਪੰਜਵੀਂ ਪਾਸ ਅਤੇ ਪੇਂਡੂ ਪਿਛੋਕੜ ਦਾ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 18 ਤੋਂ 50 ਸਾਲ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣਾ ਅਨੁਸੂਚਿਤ ਜਾਤੀ ਨਾਲ ਸਬੰਧਤ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਅਤੇ ਪੜਾਈ ਸਬੰਧੀ ਸਰਟੀਫਿਕੇਟ ਨਾਲ ਲੈ ਕੇ 4 ਫਰਵਰੀ ਨੂੰ ਸਵੇਰੇ 10 ਵਜੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਵੈਟਰਨਰੀ ਪੋਲੀਕਲੀਨਿਕ ਕੰਪਲੈਕਸ, ਨਜ਼ਦੀਕ ਚਾਰ ਬੱਤੀ ਚੌਕ, ਰੇਲਵੇ ਰੋਡ, ਕਪੂਰਥਲਾ ਵਿਖੇ ਹਾਜ਼ਰ ਹੋਣ। ਉਨਾਂ ਕਿਹਾ ਕਿ ਡੇਅਰੀ ਯੂਨਿਟ ਸਥਾਪਿਤ ਕਰਨ ਉਪਰੰਤ ਲਾਭਪਾਤਰੀ ਨੂੰ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰਬਰ 01822-230255 ਜਾਂ ਮੋਬਾਈਲ ਨੰਬਰ 98141-71300 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਜਲੂਸ ਕੱਢਣ ਅਤੇ ਜਨਤਕ ਥਾਵਾਂ ’ਤੇ ਹਥਿਆਰ ਚੁੱਕਣ ’ਤੇ ਰੋਕ

ਪ੍ਰਵਾਨਗੀ ਲੈ ਕੇ ਨਿਰਧਾਰਤ ਸਥਾਨਾਂ ’ਤੇ ਹੀ ਲਗਾਏ ਜਾ ਸਕਦੇ ਹਨ ਧਰਨੇ 

ਕਪੂਰਥਲਾ, ਫਰਵਰੀ 2020-(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਕਿਸੇ ਕਿਸਮ ਦੇ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਨਾਅਰੇਬਾਜ਼ੀ ਕਰਨ, ਲਾਠੀਆਂ, ਗੰਡਾਸੇ, ਤੇਜ਼ਧਾਰ ਟਕੂਏ, ਕੁਹਾੜੀ, ਬੰਦੂਕ, ਪਿਸਤੌਲ ਅਤੇ ਕਿਸੇ ਵੀ ਕਿਸਮ ਦੇ ਵਿਸਫੋਟਕ ਹਥਿਆਰ ਆਦਿ ਜਨਤਕ ਥਾਵਾਂ ’ਤੇ ਚੁੱਕਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਅਦਾਰੇ/ਸੰਸਥਾ ਨੇ ਜ਼ਿਲਾ ਕਪੂਰਥਲਾ ਵਿਚ ਜਲੂਸ/ਧਰਨਾ ਦੇਣਾ ਹੋਵੇ ਤਾਂ ਉਸ ਲਈ ਉੱਪ ਮੰਡਲ ਪੱਧਰ ’ਤੇ ਸਥਾਨ ਨਿਸ਼ਚਿਤ ਕੀਤੇ ਗਏ ਹਨ। ਇਸ ਸਬੰਧੀ ਸਬੰਧਤ ਅਦਾਰਾ/ਸੰਸਥਾ ਧਰਨੇ ਦੀ ਅਗੇਤਰੀ ਸੂਚਨਾ/ਪ੍ਰਵਾਨਗੀ ਸਬੰਧਤ ਉੱਪ ਮੰਡਲ ਮੈਜਿਸਟ੍ਰੇਟ ਪਾਸੋਂ ਪ੍ਰਾਪਤ ਕਰੇਗਾ।

ਜਾਰੀ ਹੁਕਮਾਂ ਅਨੁਸਾਰ ਉੱਪ ਮੰਡਲ ਕਪੂਰਥਲਾ ਲਈ ਸ਼ਾਲੀਮਾਰ ਬਾਗ਼, ਅੰਮਿ੍ਰਤਸਰ ਰੋਡ, ਕਪੂਰਥਲਾ, ਉੱਪ ਮੰਡਲ ਫਗਵਾੜਾ ਲਈ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਹਮਣੇ ਸਥਿਤ ਹਰਗੋਬਿੰਦ ਨਗਰ, ਉੱਪ ਮੰਡਲ ਸੁਲਤਾਨਪੁਰ ਲੋਧੀ ਲਈ ਬੱਸ ਅੱਡਾ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅੰਤਰਯਾਮਤਾ ਵਾਲੇ ਪਾਸੇ ਅਤੇ ਉੱਪ ਮੰਡਲ ਭੁਲੱਥ ਲਈ ਦਾਣਾ ਮੰਡੀ ਨੰਬਰ 1 ਭੁਲੱਥ ਅਤੇ ਦਾਣਾ ਮੰਡੀ ਫੋਕਲ ਪੁਆਇੰਟ ਪਿੰਡ ਰਾਮਗੜ (ਫ਼ਸਲਾਂ ਦੇ ਖ਼ਰੀਦ ਸੀਜ਼ਨ  ਦੌਰਾਨ ਬੱਸ ਸਟੈਂਡ ਭੁਲੱਥ) ਜਲੂਸ/ਧਰਨੇ ਲਈ ਸਥਾਨ ਨਿਰਧਾਰਤ ਕੀਤੇ ਗਏ ਹਨ। ਇਹ ਹੁਕਮ 28 ਮਾਰਚ 2020 ਤੱਕ ਲਾਗੂ ਰਹਿਣਗੇ। 

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਿਲਾ ਕਪੂਰਥਲਾ ਵਿਚ ਪਿਛਲੇ ਸਮੇਂ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਧਰਨੇ/ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਸ ਨਾਲ ਆਮ ਆਵਾਜਾਈ ਵਿਚ ਕਾਫੀ ਵਿਘਨ ਪੈਂਦਾ ਹੈ ਅਤੇ ਆਮ ਪਬਲਿਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਨਹੀਂ ਰਹਿੰਦੀ ਹੈ। ਇਸ ਲਈ ਆਮ ਪਬਲਿਕ ਦੀਆਂ ਪ੍ਰੇਸ਼ਾਨੀਆਂ, ਆਵਾਜਾਈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਜ਼ਿਲਾ ਕਪੂਰਥਲਾ ਦੀਆਂ ਸੀਮਾਵਾਂ ਅੰਦਰ ਦਫ਼ਾ 144 ਸੀ. ਆਰ. ਪੀ. ਸੀ ਦੇ ਤਹਿਤ ਹੁਕਮ ਫੌਰੀ ਤੌਰ ’ਤੇ ਜਾਰੀ ਕੀਤੇ ਜਾਣ ਦੀ ਲੋੜ ਹੈ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਪੰਜਾਬ ਪੁਲਿਸ ਕੱਟ ਰਹੀ ਏ ਨਜ਼ਾਇਜ ਚਲਾਣ-Video

ਪੰਜਾਬ ਪੁਲਿਸ ਕੱਟ ਰਹੀ ਏ ਨਜ਼ਾਇਜ ਚਲਾਣ

ਜਗਰਾਓਂ/ਲੁਧਿਆਣਾ, ਫਰਵਰੀ 2020- ਜਰਨਲਿਸਟ ਇਕਬਾਲ ਸਿੰਘ ਰਸੂਲਪੁਰ

ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ

ਗੱਡੀਆਂ ਤੋਂ ਸਟਿੱਕਰ ਉਤਾਰਨ ਵਾਲੇ ਹਾਈਕੋਰਟ ਦੇ ਹੁਕਮ ਸਾਰੇ ਪੰਜਾਬ 'ਚ ਨਹੀਂ ਹਨ ਲਾਗੂ

ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

 

2 ਫਰਵਰੀ 2020- - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, 2 ਫਰਵਰੀ 2020- 

ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ

ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ

ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਡੀ ਟੀ ਐਫ ਨੇ ਕਰਵਾਈ  ਵਜ਼ੀਫਾ ਪ੍ਰੀਖਿਆ

ਮਹਿਲ ਕਲਾਂ/ਬਰਨਾਲਾ,ਫ਼ਰਵਰੀ 2020- ( ਗੁਰਸੇਵਕ ਸੋਹੀ )-

ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਸ਼ਹੀਦ ਬੀਬੀ ਕਿਰਨਜੀਤ ਕੌਰ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਵਿਖੇ ਵਿਦਿਆਰਥੀਆਂ ਵਿੱਚ ਉਸਾਰੂ ਸਾਹਿਤ ਪੜ੍ਹਨ ਅਤੇ ਨਕਲ ਦੀ ਭਾਵਨਾ ਖਤਮ ਕਰਨ ਲਈ  ਨੌਵੀਂ ਵਜ਼ੀਫਾ ਪ੍ਰੀਖਿਆ ਕਰਵਾਈ । ਕੇਂਦਰ ਸੰਚਾਲਨ ਬਲਜਿੰਦਰ ਪ੍ਰਭੂ ਅਤੇ ਬਲਾਕ ਪ੍ਰਧਾਨ ਮਾਲਵਿੰਦਰ ਬਰਨਾਲਾ ਦੀ ਅਗਵਾਈ ਵਿੱਚ ਗਦਰ ਪਾਰਟੀ ਦੇ ਬਾਨੀ ਆਗੂ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਿਤ ਇਸ ਪ੍ਰੀਖਿਆ ਵਿੱਚ ਪੰਜਵੀਂ ਜਮਾਤ ਦੇ 85 ਅੱਠਵੀਂ ਜਮਾਤ ਦੇ 79 ਅਤੇ ਦਸਵੀਂ ਜਮਾਤ ਦੇ 45 ਵਿਦਿਆਰਥੀਆਂ ਕੁੱਲ 209 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੀਖਿਆ ਦਾ ਨਤੀਜਾ 31 ਮਾਰਚ ਤੋਂ ਪਹਿਲਾਂ ਘੋਸ਼ਿਤ ਕਰਕੇ ਜਿਲ੍ਹਾ ਪੱਧਰੀ ਸਮਾਗਮ ਵਿੱਚ ਹਰ ਪੱਧਰ ਤੇ ਹਰ ਕੈਟਾਗਿਰੀ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਸਨਮਾਨ ਚਿੰਨ੍ਹ, ਸਰਟੀਫਿਕੇਟ ਅਤੇ ਪਡ਼ਣ ਸਮੱਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਹਰ ਕੈਟਾਗਿਰੀ ਦੇ ਅਗਲੇ ਦਸ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਹੌਂਸਲਾ ਵਧਾਊ ਇਨਾਮ ਦਿੱਤੇ ਜਾਣਗੇ। ਕੇਂਦਰ ਮਹਿਲ ਕਲਾਂ ਵਿਖੇ ਸਤਵੰਤ ਸਿੰਘ ਅਤੇ ਵਰਿੰਦਰ ਕੁਮਾਰ ਨੇ ਅਬਜਰਵਰ ,  ਰਜਿੰਦਰ ਸਿੰਗਲਾ ਨੇ ਸੁਪਰਡੈਂਟ ਅਤੇ ਹਰਮਨਜੀਤ ਸਿੰਘ ਕੁਤਬਾ ਨੇ  ਡਿਪਟੀ ਸੁਪਰਡੈਂਟ ਦੀ ਡਿਊਟੀ ਨਿਭਾਈ। ਅਮਰੀਕ ਪਾਠਕ ਅਤੇ ਭੁਪਿੰਦਰ ਸਿੰਘ ਨੇ ਬੱਚਿਆਂ ਨਾਲ ਆਏ ਮਾਪਿਆਂ ਨਾਲ ਲੱਚਰ ਗਾਇਕੀ ਅਤੇ ਫੁਕਰੇ ਸਭਿਆਚਾਰ ਪ੍ਰਤੀ ਵਿਚਾਰ ਚਰਚਾ ਕੀਤੀ ਗਈ। ਚੇਤ ਕਾਲਸਾਂ, ਲਖਵੰਤ ਸਿੰਘ, ਵਰੁਨ, ਹਰਪਾਲ ਸਿੰਘ, ਸੁਖਪਾਲ ਹਾਂਸ, ਵਰਿੰਦਰਪਾਲ ਸਿੰਘ ਵਿੱਕੀ, ਬਿਕਰਮਜੀਤ ਸਿੰਘ, ਬੇਅੰਤ ਗਹਿਲ ਅਤੇ ਕੁਲਵਿੰਦਰ ਸਿੰਘ ਦਾ ਵਿਸ਼ੇਸ ਯੋਗਦਾਨ ਰਿਹਾ।