You are here

ਪੰਜਾਬ

ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ 'ਪੰਥਕ ਅਕਾਲੀ ਲਹਿਰ' ਨੇ ਕੀਤੀ ਮੀਟਿੰਗ

 

 

ਜੋਧਾਂ ਮਨਸੂਰਾਂ/ ਅਸਥਾਨ ਬਾਬਾ ਬੇਦੀ ਜੀ/ਪੰਜਾਬ-ਜਨਵਰੀ 2020-(ਜਨ ਸ਼ਕਤੀ ਨਿਊਜ)-

 

ਪੰਥਕ ਅਕਾਲੀ ਲਹਿਰ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਜੀ ਦੀ ਅਗਵਾਈ ਵਿੱਚ 'ਪੰਥਕ ਅਕਾਲੀ ਲਹਿਰ' ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਸਿੰਘ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ, ਸਕੱਤਰ ਸ੍ਰ. ਅੰਮ੍ਰਿਤ ਸਿੰਘ ਰਤਨਗੜ੍ਹ, ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ SGPC), ਭਾਈ ਤਰਲੋਚਨ ਸਿੰਘ ਕਾਲੜਾ (NRI ਕੈਨੇਡਾ) ਸ਼ਾਮਿਲ ਹੋਏ।

ਮੀਟਿੰਗ ਵਿੱਚ ਸਿੱਖ ਪੰਥ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ 'ਪੰਥ' ਦੀ ਚੜ੍ਹਦੀਕਲਾ ਲਈ ਹੋਰ ਤੇਜ਼ੀ ਨਾਲ ਕੰਮ ਕਰਨ ਵਾਸਤੇ ਏਜੰਡਾ ਉਲੀਕਿਆ ਗਿਆ।

ਬਰਨਾਲਾ ਦੇ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ

ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-

ਅੱਜ 26 ਜਨਵਰੀ ਗਣਤੰਤਰ ਦਿਵਸ ਮੌਕੇ ਬਰਨਾਲਾ ਵਿਖੇ kids to king  ਛੋਟੇ ਬੱਚਿਆਂ ਵਾਲੇ  ਸਕੂਲ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।  ਇਸ ਮੌਕੇ ਮੁੱਖ ਮਹਿਮਾਨ ਸ੍ਰ ਦਰਸ਼ਨ ਸਿੰਘ ਨੈਣੇਵਾਲ ਜੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ।   ਇਸ ਮੌਕੇ ਉਨ੍ਹਾਂ ਨੇ ਆਜ਼ਾਦੀ ਸੰਗਰਾਮੀਆ ਦੀ ਤਰ੍ਹਾਂ ਤਿਆਰ ਹੋਏ ਬੱਚਿਆਂ ਦਾ ਸਨਮਾਨ ਵੀ ਕੀਤਾ ।  ਇਸ ਮੌਕੇ  ਸਕੂਲ ਮੈਨੇਜਮੈਂਟ ਮੁਖੀ ਸ੍ਰੀ ਦਲਵੀਰ ਚੌਹਾਨ , ਪ੍ਰਿੰਸੀਪਲ ਮੈਡਮ ਭਾਵਨਾ ,  ਭਾਜਪਾ ਦੇ ਆਗੂ ਹੈਪੀ ਠੀਕਰੀਵਾਲਾ,ਪ੍ਰਦੀਪ ਬਰਨਾਲਾ ,  ਤਰਸੇਮ ਧਾਲੀਵਾਲ ਤੇ ਹੋਰ ਅਧਿਆਪਕ ਵੀ ਹਾਜ਼ਰ ਸਨ।

ਧਨੌਲਾ ਦੇ ਇਕ ਸਕੂਲ ਵਿਚ ਬੱਚਿਆਂ ਤੋਂ ਸੀ ਏ ਏ(CAA) ਦੇ ਹੱਕ ਵਿਚ ਦਸਤਖ਼ਤ ਕਰਵਾਏ ਜਾਣ ਦਾ ਮਾਮਲਾ ਸਾਹਮਣੇ

ਧਨੌਲਾ,ਜਨਵਰੀ 2020- ( ਗੁਰਸੇਵਕ ਸੋਹੀ )- ਧਨੌਲਾ ਦੇ ਇਕ ਸਕੂਲ ਵਿਚ ਬੱਚਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਹੱਕ ਵਿਚ ਦਸਤਖ਼ਤ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਸ਼ੱਕ ਪੁਲੀਸ ਨੇ ਮੁਸਤੈਦੀ ਵਰਤਦਿਆਂ ਮਾਮਲਾ ਸ਼ਾਂਤ ਕਰ ਲਿਆ ਪਰ ਇਕ ਵਾਰ ਮਾਹੌਲ ਤਲਖ਼ ਹੋ ਗਿਆ ਸੀ।
ਜਾਣਕਾਰੀ ਅਨੁਸਾਰ ਧਨੌਲਾ ਦੇ ਲਾਲਾ ਜਗਨ ਨਾਥ ਸਰਬਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਚ ਬੱਚਿਆਂ ਤੋਂ ਇਕ ਕੱਪੜੇ ’ਤੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਦਸਤਖ਼ਤ ਕਰਵਾ ਲਏ ਗਏ ਅਤੇ ਇਸ ਨਾਲ ਇਕ ਫਾਰਮ ਵੀ ਭਰਵਾਇਆ ਗਿਆ। ਬੱਚਿਆਂ ਵੱਲੋਂ ਆਪਣੇ ਮਾਪਿਆਂ ਨੂੰ ਇਹ ਗੱਲ ਦੱਸੇ ਜਾਣ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਕੂਲ ਪੁੱਜ ਗਏ। ਕਾਮਰੇਡ ਡਾ. ਲਾਲ ਸਿੰਘ, ਮਹਿੰਦਰਪਾਲ ਸਿੰਘ ਦਾਨਗੜ੍ਹ, ਮਹਿੰਦਰ ਸਿੰਘ ਬੰਗਹੇਰਪੱਤੀ, ਮਿੱਠੂ ਖਾਂ ਸਾਬਕਾ ਕੌਂਸਲਰ, ਬਹਾਦਰ ਸਿੰਘ, ਹਰਜਿੰਦਰ ਸਿੰਘ, ਬਿੱਲੂ ਖਾਂ, ਮੁਹੰਮਦ ਸ਼ਰੀਫ਼, ਜਗਜੀਤ ਸਿੰਘ ਅਤੇ ਅਮਰੀਕ ਸਿੰਘ ਆਦਿ ਨੇ ਪ੍ਰਿੰਸੀਪਲ ਤੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਇਸ ਗੱਲ ’ਤੇ ਸਖ਼ਤ ਇਤਰਾਜ਼ ਜਤਾਇਆ। ਬੇਸ਼ੱਕ ਪ੍ਰਿੰਸੀਪਲ ਨੇ ਹਲੀਮੀ ਬਰਕਰਾਰ ਰੱਖੀ ਪਰ ਮਾਹੌਲ ਇਕ ਵਾਰ ਤਲਖ਼ ਹੋ ਗਿਆ। ਨੁਮਾਇੰਦਿਆਂ ਨੇ ਆਖਿਆ ਕਿ ਸਕੂਲ ਵਿਚ ਸਾਰੇ ਧਰਮਾਂ ਦੇ ਬੱਚੇ ਪੜ੍ਹਦੇ ਹਨ, ਜਿਸ ਕਾਰਨ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਹਸਤਾਖ਼ਰ ਕਦੇ ਵੀ ਨਹੀਂ ਕਰਵਾਉਣ ਦਿੱਤੇ ਜਾਣਗੇ। ਸਕੂਲ ਦੇ ਪ੍ਰਧਾਨ ਪ੍ਰਮੋਦ ਕੁਮਾਰ, ਡਾ. ਰੋਹਿਤ ਕੁਮਾਰ ਬਾਂਸਲ, ਡਾ. ਚਿਮਨ ਲਾਲ ਬਾਂਸਲ, ਬਾਬੂ ਬ੍ਰਿਜ ਲਾਲ, ਜੀਵਨ ਕੁਮਾਰ ਤੇ ਕਾਰਜਕਾਰੀ ਮੈਂਬਰ ਰਜਨੀਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਬੱਚਿਆਂ ਦੇ ਦਸਤਖ਼ਤਾਂ ਵਾਲੇ ਦਸਤਾਵੇਜ਼ ਅੱਗੇ ਨਹੀਂ ਭੇਜੇ ਹਨ। ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਫਾਰਮ ਤੇ ਦਸਤਖ਼ਤਾਂ ਵਾਲਾ ਕੱਪੜਾ ਹਾਜ਼ਰ ਨੁਮਾਇੰਦਿਆਂ ਹਵਾਲੇ ਕਰ ਦਿੱਤਾ। ਕੁਝ ਲੋਕਾਂ ਨੇ ਇਸ ਕੱਪੜੇ ਨੂੰ ਅੱਗ ਲਾਉਣ ਦੀ ਗੱਲ ਕੀਤੀ ਤਾਂ ਥਾਣਾ ਮੁਖੀ ਹਾਕਮ ਸਿੰਘ ਨੇ ਇਸ ਕੱਪੜੇ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਸ਼ਾਂਤ ਕੀਤਾ। ਲੋਕਾਂ ਨੇ ਨਾਲ ਹੀ ਮੰਗ ਕੀਤੀ ਕਿ ਸਕੂਲ ਦਾ ਨਾਂ ਸਿਰਫ ਲਾਲਾ ਜਗਨ ਨਾਥ ਰੱਖਿਆ ਜਾਵੇ।

ਪੰਜਾਬ ਨੈਸ਼ਨਲ ਬੈਂਕ ਵੱਲੋਂ ਸੀ. ਐਸ. ਆਰ ਗਤੀਵਿਧੀਆਂ ਤਹਿਤ ਵਿਦਿਆਰਥਣਾਂ ਨੂੰ ਸਕੂਲ ਬੈਗ ਤੇ ਲਿਖਣ ਸਮੱਗਰੀ ਭੇਟ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਦਫ਼ਤਰ ਕਪੂਰਥਲਾ ਵੱਲੋਂ ਸੀ. ਐਸ. ਆਰ ਗਤੀਵਿਧੀਆਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਵਿਦਿਆਰਥਣਾਂ ਨੂੰ ਸਕੂਲ ਬੈਗ ਅਤੇ ਲਿਖਣ ਸਮੱਗਰੀ ਭੇਟ ਕੀਤੀ ਗਈ। ਇਸ ਮੌਕੇ ਕਰਵਾਏ ਇਕ ਸਾਦੇ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਪੀ. ਐਨ. ਬੀ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ ਨੇ ਵਿਦਿਆਰਥਣਾਂ ਨੂੰ ਆਪਣੀ ਰੋਜ਼ਾਨਾ ਦੀ ਪੜਾਈ ਅਤੇ ਪਾਠਕ੍ਰਮ ਤੋਂ ਇਲਾਵਾ ਹੋਰਨਾਂ ਪ੍ਰਮੁੱਖ ਭਾਸ਼ਾਵਾਂ ਦੀ ਵਧੀਆ ਜਾਣਕਾਰੀ ਪ੍ਰਾਪਤ ਕਰਨ ਅਤੇ ਆਮ ਗਿਆਨ ਵਿਚ ਵਾਧਾ ਕਰਨ ਲਈ ਕਿਹਾ। ਇਸੇ ਤਰਾਂ ਉਨਾਂ ਵਿਦਿਆਰਥਣਾਂ ਨੂੰ ਸਵੱਛ ਭਾਰਤ ਸਿਰਜਣ ਵਿਚ ਆਪਣਾ ਯੋਗਦਾਨ ਦੇਣ, ਅਨੁਸ਼ਾਸਿਤ ਜੀਵਨ ਬਤੀਤ ਕਰਨ ਅਤੇ ਅਧਿਆਪਕਾਂ ਅਤੇ ਮਾਪਿਆਂ ਪ੍ਰਤੀ ਸਨੇਹ ਤੇ ਆਦਰ ਰੱਖਣ ਦੀ ਪ੍ਰੇਰਣਾ ਵੀ ਦਿੱਤੀ। ਸਕੂਲ ਦੇ ਪਿ੍ਰੰਸੀਪਲ ਸ. ਨਵਚੇਤਨ ਸਿੰਘ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਵਿੱਦਿਅਕ ਅਤੇ ਹੋਰਨਾਂ ਗਤੀਵਿਧੀਆਂ ਵਿਚ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ, ਜਿਸ ਦੀ ਭਰਪੂਰ ਸ਼ਲਾਘਾ ਹੋਈ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ, ਮੁੱਖ ਪ੍ਰਬੰਧਕ ਸ੍ਰੀ ਆਰ. ਸੀ ਗੋਸਾਂਈਂ, ਸ੍ਰੀ ਪੀ. ਕੇ ਜੈਨ, ਸ੍ਰੀ ਯਸ਼ਪਾਲ ਮਦਾਨ, ਸ੍ਰੀ ਪੀ. ਐਸ ਅਰੋੜਾ, ਸ੍ਰੀ ਸੁਖਵਿੰਦਰ ਸਿੰਘ, ਸ੍ਰੀਮਤੀ ਪੂਨਮ ਸ਼ਰਮਾ, ਸ੍ਰੀਮਤੀ ਮੀਨਾ ਮਦਾਨ ਅਤੇ ਸ੍ਰੀਮਤੀ ਸਰੋਜ ਬਾਲਾ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸੀ। 

ਕੈਪਸ਼ਨ :

-ਵਿਦਿਆਰਥਣਾਂ ਨੂੰ ਸਕੂਲ ਬੈਗ ਅਤੇ ਲਿਖਣ ਸਮੱਗਰੀ ਭੇਟ ਕਰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ ਤੇ ਹੋਰ ਅਧਿਕਾਰੀ। 

-ਸਮਾਗਮ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ, ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ ਤੇ ਹੋਰ ਅਧਿਕਾਰੀ।

ਲੋਕਤੰਤਰ ਦੀ ਸਫਲਤਾ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰੀ-ਦੀਪਤੀ ਉੱਪਲ

10ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਹੋਇਆ ਜ਼ਿਲਾ ਪੱਧਰੀ ਸਮਾਗਮ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

10ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਜ਼ਿਲਾ ਪੱਧਰੀ  ਸਮਾਗਮ ਅੱਜ ਸਥਾਨਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਕਰਵਾਇਆ ਗਿਆ। ਕਾਲਜ ਦੇ ਜੁਬਲੀ ਹਾਲ ਵਿਖੇ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕੀਤੀ। ਇਸ ਮੌਕੇ ਵੋਟਰ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਨਵੇਂ ਵੋਟਰਾਂ ਨੂੰ ਬੈਜ ਅਤੇ ਫੋਟੋ ਵੋਟਰ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੋਟਰਾਂ ਨੂੰ ਬਿਨਾਂ ਕਿਸੇ ਡਰ-ਭੈਅ, ਜਾਤ, ਮਜ਼ਹਬ ਤੋਂ ਉਪਰ ਉੱਠ ਕੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਦਾ ਸੰਦੇਸ਼ ਵੀ ਪ੍ਰਾਜੈਕਟਰ ’ਤੇ ਵਿਖਾਇਆ ਗਿਆ ਅਤੇ ਈ. ਵੀ. ਐਮਜ਼ ਅਤੇ ਵੀ. ਵੀ. ਪੈਟਜ਼ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬਣਾਇਆ ਗਿਆ ਡੰਮੀ ਪੋਲਿੰਗ ਕੇਂਦਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ, ਜਿਸ ਰਾਹੀਂ ਵਿਦਿਆਰਥੀਆਂ ਨੂੰ ਵੋਟ ਪਾਉਣ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ ਗਈ।  

  ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਲੋਕਤੰਤਰ ਦੀ ਸਫਲਤਾ ਲਈ ਸਾਨੂੰ ਸਾਰਿਆਂ ਨੂੰ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜਿਥੇ ਲੋਕਾਂ ਵਲੋਂ ਚੋਣਾਂ ਦੌਰਾਨ ਆਪਣੇ ਮਤ ਦੇ ਪ੍ਰਯੋਗ ਰਾਹੀਂ ਆਪਣੀ ਮਰਜ਼ੀ ਦੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਇਕ-ਇਕ ਵੋਟ ਵੱਡਾ ਮਹੱਤਵ ਰੱਖਦੀ ਹੈ ਅਤੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਇਕ ਵੋਟ ਨਾਲ ਕੀ ਫਰਕ ਪੈਣਾ ਹੈ। ਉਨਾਂ ਕਿਹਾ ਕਿ ਮੁਲਕ ਦਾ ਭਵਿੱਖ ਨੌਜਵਾਨਾਂ ਦੇ ਹੱਥ ਹੈ ਕਿਉਂਕਿ ਇਥੇ ਬਹੁਗਿਣਤੀ ਨੌਜਵਾਨ ਵੋਟਰਾਂ ਦੀ ਹੈ, ਜਿਹੜੇ ਨਵੀਂ ਅਤੇ ਨਰੋਈ ਸੋਚ ਰੱਖਦੇ ਹਨ। 

  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਅਹਿਸਾਸ ਕਰਵਾਉਂਦਾ ਹੈ ਕਿ ਵੋਟਰ ਚੋਣਾਂ ਵਾਲੇ ਦਿਨ ਆਪਣੇ ਮਤ ਦਾ ਵੱਧ ਤੋਂ ਵੱਧ ਪ੍ਰਯੋਗ ਕਰਨ ਅਤੇ ਨੌਜਵਾਨ ਵੋਟਰ ਵੋਟ ਦੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ। ਉਨਾਂ ਦੱਸਿਆ ਕਿ ਅੱਜ ਦੇ ਦਿਨ ਜ਼ਿਲੇ ਵਿਚ ਸਬ-ਡਵੀਜ਼ਨ ਅਤੇ ਬੂਥ ਪੱਧਰ ’ਤੇ ਵੀ ਰਾਸ਼ਟਰੀ ਵੋਟਰ ਦਿਵਸ ਸਬੰਧੀ ਸਮਾਗਮ ਆਯੋਜਿਤ ਕਰਕੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ। 

ਇਸ ਦੌਰਾਨ ਵਿਦਿਆਰਥੀਆਂ ਵੱਲੋਂ ਗੀਤਾਂ, ਕਵਿਤਾਵਾਂ, ਨਾਟਕਾਂ ਅਤੇ ਗਿੱਧੇ ਰਾਹੀਂ ਵੋਟ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੂੰ ਸਰਬੋਤਮ ਈ. ਆਰ. ਓ, ਪ੍ਰੋ. ਸਰਬਜੀਤ ਸਿੰਘ ਧੀਰ, ਪ੍ਰੋ.  ਬੀ. ਐਸ ਵਿਰਕ ਅਤੇ ਜ਼ਿਲਾ ਗਾਈਡੈਂਸ ਕਾੳੂਂਸਲਰ ਸ. ਪਰਮਜੀਤ ਸਿੰਘ ਨੂੰ ਸਰਬੋਤਮ ਨੋਡਲ ਅਫ਼ਸਰ ਅਤੇ ਸ੍ਰੀ ਆਨੰਦ ਪ੍ਰਕਾਸ਼ ਨੂੰ ਸਰਬੋਤਮ ਬੀ. ਐਲ. ਓ ਦਾ ਸਨਮਾਨ ਮਿਲਿਆ। ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਐਡਵੋਕੇਟ ਨਿਤਿਨ ਅਤੇ ਦਮਨਪ੍ਰੀਤ ਕੌਰ ਨੂੰ ਪੀ. ਡਬਲਿੳੂ ਡੀ ਵੋਟਰਾਂ ਲਈ ਦਿੱਤੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਪੇਂਟਿੰਗ ਮੁਕਾਬਲੇ ਵਿਚ ਅੱਵਲ ਰਹਿਣ ਵਾਲੇ ਰਜਤ ਸਿੰਘ, ਜਸਕਰਨ ਸਿੰਘ ਅਤੇ ਰੋਸ਼ਨੀ ਦਾ ਵੀ ਸਨਮਾਨ ਹੋਇਆ। 

ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਹਿਕ ਕਮਿਸ਼ਨਰ ਡਾ. ਸ਼ਿਖਾ ਭਗਤ, ਤਹਿਸੀਲਦਾਰ ਚੋਣਾਂ ਸ੍ਰੀਮਤੀ ਮਨਜੀਤ ਕੌਰ, ਤਹਿਸੀਲਦਾਰ ਕਪੂਰਥਲਾ ਸ. ਮਨਵੀਰ ਸਿੰਘ ਢਿੱਲੋਂ, ਪਿ੍ਰੰਸੀਪਲ ਜਤਿੰਦਰ ਕੌਰ ਧੀਰ, ਨਾਇਬ ਤਹਿਸੀਲਦਾਰ ਸ੍ਰੀ ਪਵਨ ਕੁਮਾਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ, ਐਸ. ਡੀ. ਓ ਸ੍ਰੀ ਕਮਲਜੀਤ ਲਾਲ, ਪ੍ਰੋ. ਸਰਬਜੀਤ ਸਿੰਘ ਧੀਰ, ਪ੍ਰੋ. ਬਿਕਰਮ ਸਿੰਘ ਵਿਰਕ, ਪ੍ਰੋ. ਵਰਿੰਦਰ ਕੁਮਾਰ, ਪ੍ਰੋ. ਜੇ. ਪੀ ਸਿੰਘ, ਸ੍ਰੀ ਰਾਕੇਸ਼ ਕੁਮਾਰ, ਮੈਡਮ ਪੂਜਾ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ੍ਰੀ ਸਤੀਸ਼ ਕੁਮਾਰ, ਮੈਡਮ ਵਰਿੰਦਰ ਕੌਰ, ਮੈਡਮ ਸੁਮਨ, ਮੈਡਮ ਮੰਜੂ ਬਾਲਾ, ਸ੍ਰੀ ਜਗਜੀਤ ਸਿੰਘ, ਮੈਡਮ ਜਸਪ੍ਰੀਤ, ਮੈਡਮ ਮੋਨਿਕਾ, ਮੈਡਮ ਅਨੀਤਾ ਸਾਗਰ ਤੇ ਸ. ਮੁਖਤਾਰ ਸਿੰਘ ਤੋਂ ਇਲਾਵਾ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। 

ਕੈਪਸ਼ਨਾਂ :-ਰਾਸ਼ਟਰੀ ਵੋਟਰ ਦਿਵਸ ਮੌਕੇ ਵੋਟਰ ਪ੍ਰਣ ਦਿਵਾਉਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਪਿ੍ਰੰਸੀਪਲ ਜਤਿੰਦਰ ਕੌਰ ਧੀਰ ਤੇ ਹੋਰ

-ਸਰਬੋਤਮ ਕਾਰਗੁਜ਼ਾਰੀ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਪਿ੍ਰੰਸੀਪਲ ਜਤਿੰਦਰ ਕੌਰ ਧੀਰ ਤੇ ਹੋਰ

  -ਨਵੇਂ ਵੋਟਰਾਂ ਨੂੰ ਫੋਟੋ ਵੋਟਰ ਕਾਰਡ ਤਕਸੀਮ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਪਿ੍ਰੰਸੀਪਲ ਜਤਿੰਦਰ ਕੌਰ ਧੀਰ ਤੇ ਹੋਰ

 -ਸਮਾਗਮ ਦੌਰਾਨ ਪੇਸ਼ਕਾਰੀ ਦੇਣ ਵਾਲੀਆਂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਪਿ੍ਰੰਸੀਪਲ ਜਤਿੰਦਰ ਕੌਰ ਧੀਰ ਤੇ ਹੋਰ।

  

-ਸਮਾਗਮ ਦੌਰਾਨ ਗਿੱਧੇ ਅਤੇ ਨਾਟਕਾਂ ਦੀ ਪੇਸ਼ਕਾਰੀ ਦੇ ਦਿ੍ਰਸ਼

 

ਗਣਤੰਤਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਲਹਿਰਾਇਆ ਕੌਮੀ ਝੰਡਾ

ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵਚਨਬੱਧ ਹੋਣ ਦਾ ਦਿੱਤਾ ਸੱਦਾ

ਸ਼ਾਨਦਾਰ ਮਾਰਚ ਪਾਸਟ, ਪੀ. ਟੀ ਸ਼ੋਅ ਅਤੇ ਸੱਭਿਆਚਾਰਕ ਵੰਨਗੀਆਂ ਦੀ ਹੋਈ ਪੇਸ਼ਕਾਰੀ

ਵੱਖ-ਵੱਖ ਵਿਭਾਗਾਂ ਨੇ ਵਿਕਾਸ ਨੂੰ ਦਰਸਾਉਂਦੀਆਂ ਕੱਢੀਆਂ ਦਿਲਕਸ਼ ਝਾਕੀਆਂ

ਆਜ਼ਾਦੀ ਘੁਲਾਟੀਆਂ ਅਤੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦਾ ਹੋਇਆ ਸਨਮਾਨ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

71ਵੇਂ ਗਣਤੰਤਰ ਦਿਵਸ ਦਾ ਜ਼ਿਲਾ ਪੱਧਰੀ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਇਆ ਜਿਸ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਜ਼ਿਲਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਵੀ ਉਨਾਂ ਦੇ ਨਾਲ ਸਨ। ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। 

ਇਸ ਦੌਰਾਨ ਪਰੇਡ ਕਮਾਂਡਰ ਡੀ. ਐਸ. ਪੀ ਸ. ਵਿਸ਼ਾਲਜੀਤ ਸਿੰਘ ਦੀ ਅਗਵਾਈ ਵਿਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਜੀ. ਓ. ਜੀ, ਐਨ. ਸੀ. ਸੀ ਅਤੇ ਐਨ. ਐਸ. ਐਸ ਦੀਆਂ ਟੁਕੜੀਆਂ ਤੋਂ ਇਲਾਵਾ ਪੁਲਿਸ ਅਤੇ ਸਕੂਲੀ ਬੈਂਡ ਨੇ ਪਰੇਡ ਵਿਚ ਹਿੱਸਾ ਲਿਆ ਅਤੇ ਸ਼ਾਨਦਾਰ ਮਾਰਚ ਪਾਸਟ ਕਰਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਸ ਪੀ. ਟੀ ਸ਼ੋਅ ਅਤੇ ਦੇਸ਼ ਭਗਤੀ ’ਤੇ ਆਧਾਰਿਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਗਿੱਧੇ ਅਤੇ ਭੰਗੜੇ ਦੀਆਂ ਧਮਾਲਾਂ ਪਈਆਂ। ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਵੰਨਗੀਆਂ ਦੌਰਾਨ ਦੇਸ਼ ਭਗਤੀ ਦਾ ਜਜ਼ਬਾ ਉਮੜ ਰਿਹਾ ਸੀ, ਜਿਸ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸੁਖਜੀਤ ਆਸ਼ਰਮ ਅਦੇ ਆਰੀਆ ਵਾਤਸਲਿਆ ਸਮਾਜ ਦੇ ਬੱਚਿਆਂ ਵੱਲੋਂ ਦਿੱਤੀਆਂ ਵਿਸ਼ੇਸ਼ ਪੇਸ਼ਕਾਰੀਆਂ ਨੇ ਖ਼ੂਬ ਵਾਹ-ਵਾਹ ਲੁੱਟੀ। ਇਸੇ ਤਰਾਂ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਦਿਲਕਸ਼ ਝਾਕੀਆਂ ਕੱਢੀਆਂ ਗਈਆਂ। 

ਇਸ ਮੌਕੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਆਪਣੇ ਸੰਬੋਧਨ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਹਾਲ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਭਗਤਾਂ ਦੀਆਂ ਅਨੇਕਾਂ ਕੁਰਬਾਨੀਆਂ ਸਦਕਾ ਮੁਲਕ ਨੂੰ ਆਜ਼ਾਦੀ ਮਿਲੀ ਅਤੇ ਡਾ. ਭੀਮ ਰਾਓ ਅੰਬੇਦਕਰ ਤੇ ਹੋਰਨਾਂ ਸ਼ਖਸੀਅਤਾਂ ਦੀ ਸਖ਼ਤ ਘਾਲਣਾ ਸਦਕਾ ਮੁਲਕ ਅੰਦਰ ਲੋਕਤੰਤਰੀ ਵਿਵਸਥਾ ਸਥਾਪਿਤ ਹੋਈ। ਉਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਹੀ ਸਹੀ ਮਾਅਨਿਆਂ ਵਿਚ ਗਣਰਾਜ ਦੀ ਸਥਾਪਨਾ ਹੋਈ ਅਤੇ ਭਾਰਤੀਆਂ ਦੇ ਸੁਪਨੇ ਸਾਕਾਰ ਹੋਏ। ਉਨਾਂ ਕਿਹਾ ਕਿ ਭਾਰਤ ਨੂੰ ਦੁਨੀਆ ਵਿਚ ਸਭ ਤੋਂ ਵੱਡੀ ਜ਼ਮਹੂਰੀਅਤ ਹੋਣ ਦਾ ਮਾਣ ਹਾਸਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਉਨਾਂ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਇਸ ਉਤਸਵਾਂ ਭਰੇ ਸਮੇਂ ਵਿਚੋਂ ਗੁਜ਼ਰ ਰਹੇ ਹਾਂ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਅਤੇ ਸਮਾਰਟ ਸ਼ਹਿਰ ਵਜੋਂ ਵਿਕਸਤ ਕਰਨ ਲਈ 271 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ। ਉਨਾਂ ‘ਸਰਬੱਤ ਦਾ ਭਲਾ ਐਕਸਪ੍ਰੈੱਸ’ ਰੇਲ ਗੱਡੀ, ਸ੍ਰੀ ਗੁਰੂ ਨਾਨਕ ਦੇਵ ਬਾਇਓ ਡਾਇਵਰਸਿਟੀ ਪਾਰਕ ਬੀੜ ਸ਼ਿਕਾਰਗਾਹ ਅਤੇ ਬੇਬੇ ਨਾਨਕ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। 

ਜ਼ਿਲੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਕਪੂਰਥਲਾ ਨੂੰ ਹਰੇਕ ਖੇਤਰ ਵਿਚ ਮੋਹਰੀ ਜ਼ਿਲਾ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਜੀਅ-ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਕਿਸੇ ਸਮੇਂ ਕਪੂਰਥਲਾ ਦੀ ਸ਼ਾਨ ਰਹੀ ਕਾਂਜਲੀ ਵੈੱਟਲੈਂਡ ਦੀ ਮੁੜ ਸੁਰਜੀਤੀ ਅਤੇ ਸ਼ਹਿਰ ਦੀਆਂ ਵਿਰਾਸਤੀ ਤੇ ਇਤਿਹਾਸਕ ਇਮਾਰਤਾਂ ਦੀ ਮੁੜ ਪਹਿਲੇ ਵਾਲੀ ਦਿੱਖ ਬਹਾਲ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਸਿਹਤ ਸੇਵਾਵਾਂ ਨੂੰ ਵੱਡਾ ਹੁਲਾਰਾ ਦੇਣ ਦੇ ਮਕਸਦ ਨਾਲ ਕਪੂਰਥਲਾ ਵਿਖੇ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਵਿਚ ਵੀ ਜ਼ਿਲਾ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਇਸੇ ਤਰਾਂ ਉਨਾਂ ਬੇਟੀ ਬਚਾਓ ਬੇਟੀ ਪੜਾਓ, ਪੜੋ ਪੰਜਾਬ ਪੜਾਓ ਪੰਜਾਬ, ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਫ਼ਸਲੀ ਵਿਭਿੰਨਤਾ, ਸਮਾਰਟ ਸਕੂਲ, ਸਮਾਰਟ ਵਿਲੇਜ ਅਤੇ ਕਰਜ਼ਾ ਰਾਹਤ ਸਕੀਮ ਆਦਿ ਤਹਿਤ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।  ਉਨਾ ਕਿਹਾ ਜ਼ਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਪ੍ਰਸ਼ਾਸਨ ਵੱਲੋਂ ਜੀਅ-ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

  ਇਸ ਮੌਕੇ ਮੁੱਖ ਮਹਿਮਾਨ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ, ਵੱਖ-ਵੱਖ ਖੇਤਰਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸਖ਼ਸੀਅਤਾਂ, ਪਰੇਡ ਵਿਚ ਭਾਗ ਲੈਣ ਵਾਲੀਆਂ ਟੁਕੜੀਆਂ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ, ਬੱਡੀਜ਼ ਅਤੇ ਨਸ਼ਿਆਂ ਖਿਲਾਫ਼ ਮੁਹਿੰਮ ਵਿਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਵੀਲ ਚੇਅਰ ਅਤੇ ਟਰਾਈ ਸਾਈਕਲ ਪ੍ਰਦਾਨ ਕੀਤੇ ਗਏ। 

  ਇਸ ਮੌਕੇ ਸੀ. ਜੇ. ਐਮ ਸ੍ਰੀ ਅਜੀਤ ਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਡੀ. ਐਸ. ਪੀ ਡਾ. ਮੁਕੇਸ਼, ਸਿਵਲ ਸਰਜਨ ਡਾ. ਜਸਮੀਤ ਬਾਵਾ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਕੁੰਡਲ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ, ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਗੁਰਭਜਨ ਸਿੰਘ ਲਾਸਾਨੀ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮਜੀਤ ਸਿੰਘ, ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ, ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸ੍ਰੀ ਸੁਖਵਿੰਦਰ ਸਿੰਘ ਖੱਸਣ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਸ੍ਰੀ ਸੁਰਜੀਤ ਸਿੰਘ, ਸ੍ਰੀ ਸ਼ਰਵਣ ਕੁਮਾਰ, ਸ੍ਰੀਮਤੀ ਗੁਰਜੀਤ ਕੌਰ, ਸ੍ਰੀਮਤੀ ਇੰਦਰਜੀਤ ਕੌਰ, ਸ੍ਰੀਮਤੀ ਬਲਵਿੰਦਰ ਕੌਰ, ਮੈਡਮ ਅੰਜੂ ਬਾਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਪੂਰਥਲਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਮੰਚ ਸੰਚਾਲਨ ਸਹਾਇਕ ਲੋਕ ਸੰਪਰਕ ਅਫ਼ਸਰ ਸ. ਹਰਦੇਵ ਸਿੰਘ ਆਸੀ ਅਤੇ ਸ. ਇੰਦਰਜੀਤ ਸਿੰਘ ਪੱਡਾ ਵੱਲੋਂ ਕੀਤਾ ਗਿਆ। 

ਕੈਪਸ਼ਨ :-ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੇ ਵੱਖ-ਵੱਖ ਦਿ੍ਰਸ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ’ਚੋਂ ਮੁਕਤ ਕਰਾਵਾਂਗੇ- ਢੀਂਡਸਾ

ਸੁਖਬੀਰ ਬਾਦਲ ਨੂੰ ਕੁਰਬਾਨੀਆਂ ਦੀ ਕੋਈ ਕਦਰ ਨਹੀਂ-ਰਾਮੂਵਾਲੀਆ

ਪੰਥਕ ਰਵਾਇਤਾਂ ਦਾ ਜੋ ਘਾਣ ਬਾਦਲ ਪਰਿਵਾਰ ਨੇ ਕੀਤਾ ਹੈ ਉਹ ਅੱਜ ਤੱਕ ਮੁਗਲਾਂ ਨੇ ਵੀ ਨਹੀਂ ਕੀਤਾ-ਸੇਖਵਾਂ

ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਅਤੇ ਨਿਰਾਸ਼ ਆਗੂਆਂ ਵਲੋਂ ਇਕਜੁਟ ਹੋ ਕੇ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਵਿੱਚੋਂ ਮੁਕਤ ਕਰਵਾ ਕੇ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ, ਸਿਧਾਂਤਾਂ ਅਤੇ ਪ੍ਰੰਪਰਾਵਾਂ ਨੂੰ ਮੁੜ ਉਸਾਰੂ ਲੀਹਾਂ ’ਤੇ ਲਿਆਉਣ ਲਈ ਹਰ ਪੰਥ ਦਰਦੀ ਨੂੰ ਨਾਲ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੱਜ ਤੋਂ ਪੰਜਾਬ ਭਰ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਦੀ ਕਚਿਹਰੀ ਵਿੱਚ ਬਾਦਲ ਪਰਿਵਾਰ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਕੱਚਾ ਚਿੱਠਾ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਬੈਠੇ ਪੰਥ ਦਰਦੀ ਉਨ੍ਹਾਂ ਦੀਆਂ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਸੰਪਰਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਲਕੇ ਮੋਗਾ ਵਿਚ ਮੀਟਿੰਗ ਰੱਖੀ ਗਈ ਹੈ। 2 ਫਰਵਰੀ ਨੂੰ ਸੰਗਰੂਰ ਵਿੱਚ ਬਾਦਲ ਦਲ ਦੀ ਰੈਲੀ ਬਾਰੇ ਉਨ੍ਹਾਂ ਕਿਹਾ ਕਿ ਰੈਲੀਆਂ ਕਰਨਾ ਰਾਜਸੀ ਪਾਰਟੀਆਂ ਦਾ ਕੰਮ ਹੁੰਦਾ ਹੈ ਪਰ ਸੁਖਬੀਰ ਨੂੰ ਚਾਹੀਦਾ ਹੈ ਕਿ ਉਹ ਸ਼ਰਾਬ, ਨਸ਼ੇ ਅਤੇ ਪੈਸੇ ਵੰਡ ਕੇ ਬਾਹਰੋਂ ਬੰਦੇ ਲਿਆਉਣ ਦੀ ਥਾਂ ਨਿਰੋਲ ਸੰਗਰੂਰ ਹਲਕੇ ਦੇ ਲੋਕਾਂ ਦਾ ਇਕੱਠ ਕਰਕੇ ਦਿਖਾਏ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਕਾਲੀ ਦਲ ਪ੍ਰਤੀ ਕੀਤੀ ਕੁਰਬਾਨੀ ਸਬੰਧੀ ਉਨ੍ਹਾਂ ਨੂੰ ਸੁਖਬੀਰ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜਿੰਨੀ ਕੁਰਬਾਨੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ, ਉਨ੍ਹਾਂ ਦੀ ਵੀ ਅਕਾਲੀ ਦਲ ਨੂੰ ਦੇਣ ਉਸ ਤੋਂ ਕੋਈ ਘੱਟ ਨਹੀਂ ਹੈ। ਅਕਾਲੀ ਦਲ ਨੇ ਉਨ੍ਹਾਂ ਨੂੰ ਜੋ ਮਾਣ-ਸਨਮਾਨ ਦਿੱਤਾ ਹੈ, ਉਹ ਉਨ੍ਹਾਂ ਦੀ ਪੰਥ ਪ੍ਰਤੀ ਘਾਲਣਾ ਨੂੰ ਦੇਖ ਕੇ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਦੱਸੇ ਕਿ ਉਸ ਨੇ ਸ਼੍ਰੋਮਣੀ ਅਕਾਲੀ ਦਲ ਜਾਂ ਪੰਜਾਬ ਲਈ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਮਾਮਲੇ ਲਈ ਲੋਕ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਕਿਉਂਕਿ ਉਸ ਨੇ ਸਮਾਂ ਰਹਿੰਦਿਆਂ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਅਤੇ ਬਾਅਦ ਵਿੱਚ ਮੁਆਫ਼ੀ ਵਾਪਸ ਲੈਣ ਦੇ ਫ਼ੈਸਲੇ ਲਈ ਵੀ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਕਜੁਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਪੁਰਾਤਨ ਰਵਾਇਤਾਂ, ਸਿਧਾਂਤਾਂ ਅਤੇ ਪ੍ਰੰਪਰਾਵਾਂ ਨੂੰ ਬਹਾਲ ਕਰਨ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਮਾਡਲ ਟਾਊਨ ਸਥਿਤ ਜੰਜ ਘਰ ਵਿਚ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਹਰਸੁਖਿੰਦਰ ਸਿੰਘ ਬੱਬੀ ਬਾਦਲ ਨੇ ਸ੍ਰੀ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਗਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਸ੍ਰੀ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਉੱਪਰ ਕਾਂਗਰਸ ਨਾਲ ਹੋਣ ਦੇ ਦੋਸ਼ ਲਗਾ ਕੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਸਿੱਖਾਂ ਦੇ ਸਰਵਉੱਚ ਅਸਥਾਨ ਨੂੰ ਢਹਿ ਢੇਰੀ ਕਰਕੇ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਹੋਵੇ, ਉਹ ਉਸ ਪਾਰਟੀ ਨਾਲ ਰਲਣ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਕੁਰਬਾਨੀਆਂ ਦੀ ਕੋਈ ਕਦਰ ਨਹੀਂ ਤੇ ਉਸ ਨੇ ਨਾ ਹੀ ਪੰਜਾਬ ਅਤੇ ਨਾ ਪੰਜਾਬੀਆਂ ਲਈ ਕੁਝ ਕੀਤਾ ਹੈ। ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਪੰਥਕ ਰਵਾਇਤਾਂ ਦਾ ਜੋ ਘਾਣ ਬਾਦਲ ਪਰਿਵਾਰ ਨੇ ਕੀਤਾ ਹੈ ਉਹ ਅੱਜ ਤੱਕ ਮੁਗਲਾਂ ਨੇ ਵੀ ਨਹੀਂ ਕੀਤਾ।

ਪਾਣੀਆਂ ਦੇ ਮਸਲੇ ’ਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ- ਬੈਂਸ

ਲੁਧਿਆਣਾ, ਜਨਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਲੋਕ ਇਨਸਾਫ਼ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਣੀਆਂ ਸਬੰਧੀ ਆਲ ਪਾਰਟੀ ਮੀਟਿੰਗ ਵਿਚ ਟ੍ਰਿਬਿਊਨਲ ਲਈ ਪਾਸ ਕੀਤੇ ਗਏ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਇਸ ਸਬੰਧੀ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਕੋਰ ਕਮੇਟੀ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਉਕਤ ਮਤਾ ਰੱਦ ਕੀਤਾ ਗਿਆ।
ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਇਸ ਨੂੰ ਮੂਲੋਂ ਹੀ ਰੱਦ ਕਰਦੀ ਹੋਈ ਨਿੰਦਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਨੇ ਪੰਜਾਬ ਦੇ ਪਾਣੀਆਂ ਦੀ ਵੰਡ ਲਈ ਟ੍ਰਿਬਿਊਨਲ ਦੀ ਮੰਗ ਕੀਤੀ ਹੈ ਜਦੋਂ ਕਿ ਭਾਰਤੀ ਸੰਵਿਧਾਨ ਦੇ 7ਵੇਂ ਸ਼ਡਿਊਲ ਦੇ 56ਵੀਂ ਧਾਰਾ ਵਿੱਚ ਦਰਜ ਹੈ ਕਿ ਕੇਂਦਰ ਉਸ ਮੌਕੇ ’ਤੇ ਦਖਲਅੰਦਾਜ਼ੀ ਕਰ ਸਕਦਾ ਹੈ ਜਦੋਂ ਦਰਿਆ ਅੰਤਰਰਾਜੀ ਹੋਣ ਜਾਂ ਦੋ ਜਾਂ ਦੋ ਤੋਂ ਵੱਧ ਰਾਜਾਂ ਵਿੱਚ ਵਗਦੇ ਦਰਿਆਵਾਂ ਦਾ ਝਗੜਾ ਹੋਵੇ, ਜਦੋਂਕਿ ਸਤਲੁਜ, ਬਿਆਸ ਅਤੇ ਰਾਵੀ ਦਾ ਦਿੱਲੀ, ਹਰਿਆਣਾ ਅਤੇ ਰਾਜਸਥਾਨ ਨਾਲ ਦੂਰ ਦਾ ਵੀ ਕੋਈ ਵਾਹ ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਕੇਂਦਰ ਦੀ ਭਾਜਪਾ ਸਰਕਾਰ ਦਾ ਸਹਾਰਾ ਲੈ ਕੇ ਪੰਜਾਬ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸੇ ਤਰ੍ਹਾਂ ਪਾਣੀ ਦਾ ਪੱਧਰ ਡਿਗਦਾ ਗਿਆ ਤਾਂ ਆਉਣ ਵਾਲੇ 10 ਸਾਲਾਂ ਵਿੱਚ ਪੰਜਾਬ ਰੇਗਿਸਤਾਨ ਬਣ ਜਾਵੇਗਾ। ਇਸ ਤੋਂ ਬਾਅਦ ਵੀ ਪੰਜਾਬ ਨੂੰ ਅਟੱਲ ਜਲ ਯੋਜਨਾ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਫੈਸਲੇ ਖਿਲਾਫ਼ ਪਾਰਟੀ ਜਲ ਅਤੇ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਘਰ ਦਾ 18 ਫਰਵਰੀ ਨੂੰ ਦਿੱਲੀ ਵਿੱਚ ਘਿਰਾਓ ਕਰੇਗੀ।

ਨਿੱਜੀ ਅਤੇ ਸਰਕਾਰੀ ਗੱਡੀਆਂ 'ਤੇ ਪ੍ਰੈਸ, ਡੀ.ਸੀ., ਵਿਧਾਇਕ, ਚੇਅਰਮੈਨ, ਕੋਈ ਨਾਂਅ, ਗੋਤ ਜਾਂ ਕਿਸੇ ਸੰਸਥਾ ਦਾ ਨਾਂਅ ਲਿਖਵਾਉਣ 'ਤੇ ਪੂਰੀ ਤਰ੍ਹਾਂ ਪਾਬੰਧੀ -ਹਾਈਕੋਰਟ

ਨਿੱਜੀ ਅਤੇ ਸਰਕਾਰੀ ਗੱਡੀਆਂ 'ਤੇ ਪ੍ਰੈਸ, ਡੀ.ਸੀ., ਵਿਧਾਇਕ, ਚੇਅਰਮੈਨ, ਕੋਈ ਨਾਂਅ, ਗੋਤ ਜਾਂ ਕਿਸੇ ਸੰਸਥਾ ਦਾ ਨਾਂਅ ਲਿਖਵਾਉਣ 'ਤੇ ਪੂਰੀ ਤਰ੍ਹਾਂ ਪਾਬੰਧੀ -ਹਾਈਕੋਰਟ

ਚੰਡੀਗੜ੍ਹ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਹਾਈਕੋਰਟ ਨੇ ਨਿੱਜੀ ਅਤੇ ਸਰਕਾਰੀ ਗੱਡੀਆਂ 'ਤੇ ਪ੍ਰੈਸ, ਡੀ.ਸੀ., ਵਿਧਾਇਕ, ਚੇਅਰਮੈਨ, ਕੋਈ ਨਾਂਅ, ਗੋਤ ਜਾਂ ਕਿਸੇ ਸੰਸਥਾ ਦਾ ਨਾਂਅ ਲਿਖਵਾਉਣ 'ਤੇ ਪੂਰੀ ਤਰ੍ਹਾਂ ਪਾਬੰਧੀ ਲਾ ਦਿੱਤੀ ਹੈ । ਇਸ ਤੋਂ ਬਿਨਾਂ ਹਾਈ ਕੋਰਟ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਹੁਕਮਾਂ ਨੂੰ 72 ਘੰਟਿਆਂ 'ਚ ਲਾਗੂ ਕੀਤਾ ਜਾਵੇ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਹਾਈ ਕੋਰਟ ਨੇ ਸਿਰਫ ਐਬੂਲੈਂਸ, ਪੁਲਿਸ ਅਤੇ ਐਮਰਜੈਂਸੀ ਸੇਵਾ ਨਾਲ ਜੁੜੇ ਵਾਹਨਾਂ ਨੂੰ ਹੀ ਛੋਟ ਦਿੱਤੀ ਹੈ ।

ਇਸ ਤੋਂ ਬਿਨਾਂ ਹਾਈਕੋਰਟ ਨੇ ਕਿਹਾ ਹੈ ਕਿ ਗੱਡੀਆਂ ਦੀਆਂ ਨੰਬਰ ਪਲੇਟਾਂ 'ਤੇ ਨੰਬਰ ਤੋਂ ਬਿਨਾਂ ਕੁੱਝ ਵੀ ਹੋਰ ਲਿਖਵਾਉਣਾ ਗੈਰ-ਕਾਨੂੰਨੀ ਹੈ। ਜਦੋਂ ਜਸਟਿਸ ਰਾਜੀਵ ਸ਼ਰਮਾ ਦੀ ਬੈਂਚ ਨੇ ਇਹ ਹੁਕਮ ਜਾਰੀ ਕੀਤੇ ਤਾਂ ਉਸ ਤੋਂ ਬਾਅਦ ਉਨ੍ਹਾਂ ਨੇ ਖੁਦ ਆਪਣੀ ਗੱਡੀ ਤੋਂ ਹਾਈਕੋਰਟ ਲਿਖਿਆ ਸ਼ਬਦ ਹਟਵਾ ਲਿਆ । ਇਹ ਹੁਕਮ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਲਾਗੂ ਰੋਣਗੇ । ਇਸ ਤੋਂ ਬਿਨਾਂ ਹਾਈਕੋਰਟ ਨੇ ਇਹ ਹੁਕਮ ਵੀ ਜਾਰੀ ਕੀਤੇ ਹਨ ਕਿ ਐੱਮ.ਐੱਲ.ਏ. ਵੀ ਆਪਣੀ ਗੱਡੀ 'ਤੇ ਸਿਰਫ ਪਾਰਕਿੰਗ ਦਾ ਸਟਿੱਕਰ ਲਾ ਸਕਦੇ ਹਨ ਐੱਮ.ਐੱਲ.ਏ. ਦੀ ਪਲੇਟ ਨਹੀਂ ।

ਇਸ ਦੌਰਾਨ ਹਾਈਕੋਰਟ ਨੇ ਗੱਡੀਆਂ ਦੀ ਪਾਰਕਿੰਗ ਦੇ ਮਾਮਲੇ 'ਚ ਵੀ ਫੈਸਲਾ ਸੁਣਾਇਆ ਅਤੇ ਕਿਹਾ ਕਿ ਕੋਈ ਸੜਕਾਂ ਅਤੇ ਘਰਾਂ ਦ ਬਾਹਰ ਗੱਡੀ ਪਾਰਕ ਨਹੀਂ ਕਰ ਸਕਦਾ ।

ਗੋਬਿੰਦਰ ਸਿੰਘ ‘ਬਰੜ੍ਹਵਾਲ’-ਸਾਹਿਤਕਾਰ

ਸਾਹਿਤਕਾਰ

 

ਮੈਂ ਪਹਿਲਾਂ ਕਦੇ

ਇਸ ਤਰ੍ਹਾਂ

ਕਵਿਤਾ ਪੇਸ਼ ਨਹੀਂ ਕੀਤੀ

ਤੇ ਨਾਂਹੀ ਮੈਨੂੰ

ਕਰਨੀ ਆਉਂਦੀ ਹੈ

ਮਾਇਕ ਤੇ ਖਲ੍ਹੋ

ਇਕੱਠ ਨੂੰ ਵੇਖਦਿਆਂ

 

ਖਵਰੇ

ਕਦੋਂ ਸੁਰਤ ਸੰਭਲੀ

ਤੇ ਅੱਖਰਾਂ ਨੂੰ ਜੋੜ

ਸ਼ਬਦ ਬਣੇ

ਤੇ ਸ਼ਬਦਾਂ ਨੂੰ ਜੋੜ

ਲਾਇਨਾਂ ਬਣਾ ਲਈਆਂ

ਮਨੋ-ਭਾਵਾਂ ਨੂੰ

ਸਮੇਟਦੀਆਂ

 

ਇਸ਼ਕ ਦੇ

ਊੜੇ ਐੜੇ ਤੋਂ

ਸ਼ੁਰੂ ਹੋਈ

ਙੰਙਾ

ਖਾਲੀ ਤੇ

ਆ ਰੁੱਕੀ

ਮੇਰੀ

ਟੁੱਟੀ ਭੱਜੀ

ਮੇਰੇ ਵਰਗੀ

ਕਵਿਤਾ

 

ਕੋਈ ਫਾਇਦਾ ਨਹੀਂ

ਵਰਕੇ

ਕਾਲੇ ਕਰਿਆਂ ਦਾ

ਜੇ ਲਕੀਰਾਂ

ਤੇ ਜ਼ਮੀਰਾਂ ਚ

ਮੇਲ ਨਾ ਹੋਵੇ

 

ਧੌਲ ਦਾੜੀਆਂ

ਬੁੱਧੀਜੀਵੀਆਂ

ਕਲਮੀ ਸ਼ੇਰਾਂ ਨੂੰ

ਜਾ ਕਹੋ

ਇਕੱਲਿਆਂ

ਸਭਾਵਾਂ ਕਰਕੇ

ਲਿਖ ਕੇ

ਛਪ ਕੇ

ਡੰਗ ਹੀ ਟੱਪੇਗਾ

ਅਮਲ ਤੋਂ ਸੱਖਣਾ

ਯਥਾਰਥ

ਬਦਲਣ ਵਾਲਾ ਨਹੀਂ

 

ਪੈੱਨ ਦੀ ਨਿੱਬ ਚੋਂ

ਨਿਕਲੇ ਅੱਖਰਾਂ ਨੂੰ

ਲੀੜੇ

ਆਪ ਪਾਉਣੇ

ਲਿਖਤ ਨਾਲ

ਇਨਸਾਫ਼ ਹੈ

ਕਾਪੀਆਂ

ਕਾਲੀਆਂ ਕਰਨ ਨਾਲੋਂ।

ਗੋਬਿੰਦਰ ਸਿੰਘ ‘ਬਰੜ੍ਹਵਾਲ’-

 

ਬੀਕੇਯੂ (ਰਾਜੇਵਾਲ) ਵੱਲੋਂ 26 ਜਨਵਰੀ ਨੂੰ ਕਾਲੇ ਦਿਨ ਵਜੋ ਮਨਾਇਆ

ਕਾਲੀਆਂ ਝੰਡੀਆਂ ਲੈ ਕੇ ਕੀਤਾ ਰੋਸ ਪ੍ਰਦਰਸ਼ਨ 

ਮਹਿਲ ਕਲਾਂ/ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )- 

 ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪਿੰਡ ਛੀਨੀਵਾਲ ਕਲਾਂ ਵਿਖੇ 26"ਜਨਵਰੀ ਨੂੰ ਕਾਲੇ ਦਿਨ ਵਜੋ ਮਨਾ ਕੇ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜ਼ਿਲਾ ਪ੍ਰਧਾਨ ਨਿਰਭੈ ਸਿੰਘ ਅਤੇ ਅਜਮੇਰ ਸਿੰਘ ਜਨਰਲ ਸਕੱਤਰ, ਮੀਤ ਪ੍ਰਧਾਨ ਹਾਕਮ ਸਿੰਘ ਨੇ ਕਿਹਾ ਕਿ ਇਹ ਆਜ਼ਾਦੀ ਦਿਨ ਨਹੀਂ ਹੈ,  ਇਹ ਕਿਸਾਨਾਂ ਮਜ਼ਦੂਰਾਂ ਅਤੇ ਨੌਜਵਾਨਾਂ ਦਾ ਬਰਬਾਦੀ ਦਿਨ ਹੈ। ਸਰਕਾਰ ਵੱਲੋਂ ਲਾਲ ਕਿਲੇ ਤੇ ਆਜ਼ਾਦੀ ਦਿਵਸ ਦੇ ਝੰਡੇ ਲਹਿਰਾਏ ਜਾ ਰਹੇ ਨੇ ਦੂਸਰੇ ਪਾਸੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਇਸ ਦੇ ਰੋਸ ਵਜੋਂ ਕਾਲੀਆਂ ਝੰਡੀਆਂ ਲੈ ਕੇ ਪਿੰਡ ਪਿੰਡ ਰੋਸ ਪ੍ਰਦਰਸ਼ਨ ਕੀਤਾ ਜਾ ਗਿਆ ਹੈ। ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ 26 ਜਨਵਰੀ ਨੂੰ ਕਾਲੇ ਦਿਨ  ਵਜੋ ਮਨਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੀਤ ਪ੍ਰਧਾਨ ਹਰਦੇਵ ਸਿੰਘ ਕਾਕਾ, ਜਸਮੇਲ ਸਿੰਘ ਪ੍ਰਧਾਨ ਚੰਨਣਵਾਲ, ਸੁਖਵਿੰਦਰ ਸਿੰਘ, ਸਾਧੂ ਸਿੰਘ, ਮੰਦਰ ਸਿੰਘ, ਲਾਲ ਸਿੰਘ, ਬਾਰੂ ਸਿੰਘ ਨੰਬਰਦਾਰ, ਨਿਰਭੈ ਸਿੰਘ, ਕਿਰਪਾਲ ਸਿੰਘ, ਜਰਨੈਲ ਸਿੰਘ ਮਾਨ, ਲਾਲ ਸਿੰਘ,  ਤਰਸੇਮ ਸਿੰਘ ਆਦਿ ਆਗੂ ਹਾਜ਼ਰ ਸਨ

ਸਹੋਤਾ ਦੇ ਵਿਆਹ ਸਮੇਂ ਵੱਖ ਵੱਖ ਆਗੂਆਂ ਨੇ ਆਸੀਰਵਾਦ ਦਿੱਤਾ

ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-

ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ ਦੇ ਭਰਾ ਦੇ ਵਿਆਹ ਸਮੇਂ ਵੱਖ ਵੱਖ ਆਗੂਆਂ ਵੱਲੋਂ ਪੁੱਜ ਕੇ ਨਵ ਵਿਆਹੀ ਜੋੜੀ ਕਾਕਾ ਜਸਕਰਨ ਸਿੰਘ ਤੇ ਬੀਬੀ ਜਸਪ੍ਰੀਤ ਕੌਰ  ਨੂੰ ਅਸ਼ੀਰਵਾਦ ਤੇ ਵਧਾਈ ਦਿੱਤੀ  । ਇਸ ਮੌਕੇ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਾਬਕਾ ਵਿਧਾਇਕ ਤੇ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ,ਬਿਕਰਮਜੀਤ ਸਿੰਘ ਖਾਲਸਾ ਰਾਏਕੋਟ ,ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ  ,ਅਕਾਲੀ ਆਗੂ ਬਲਦੇਵ ਸਿੰਘ ਗਾਗੇਵਾਲ ,ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ, ਬਲਵੰਤ ਸਿੰਘ ਢਿੱਲੋਂ,ਕਾਂਗਰਸੀ ਆਗੂ ਅਸ਼ੋਕ ਅਗਰਵਾਲ, ਮਾਂਗਟ ਫਾਈਨਾਂਸ ਕੰਪਨੀ ਦੇ ਐੱਮ ਡੀ ਸੁਰਬਹਾਰ ਸਿੰਘ ਸੋਨੀ, ਸਰਪੰਚ ਬਲੌਰ ਸਿੰਘ ਤੋਤੀ,ਪੀਏ ਬਿੰਦਰ ਖਾਲਸਾ ,ਪੀਏ ਜਸਵਿੰਦਰ ਸਿੰਘ ਲੱਧੜ,ਡਾ ਗੁਰਪੀਤ ਸਿੰਘ ਨਾਹਰ, ਗੁਰਮੇਲ ਸਿੰਘ ਭੱਠਲ,ਚਮਕੌਰ ਸਿੰਘ ਮੱਟੂ, ਅਮਨਦੀਪ ਸਿੰਘ ਮਾਣੂੰਕੇ, ਦਲਵਾਰਾ ਸਿੰਘ ਸਹੋਤਾ ,ਬਾਰਾ ਸਿੰਘ ਸਹੋਤਾ, ਪ੍ਰਵੀਨ ਲਤਾ ,ਸੁਖਵਿੰਦਰ ਕੌਰ, ਗੁਰਮੀਤ ਕੌਰ ,ਬਿੱਟੂ ਸਿੰਘ ਸਹੋਤਾ, ਮਨਪ੍ਰੀਤ ਸਿੰਘ ਸਹੋਤਾ ਸਮੇਤ ਸਮੂਹ ਪੱਤਰਕਾਰ ਭਾਈਚਾਰਾ ਸ਼ਾਮਿਲ ਹੋਇਆ।

ਮੁੰਬਈ 'ਚ ਚੀਨ ਤੋਂ ਪਰਤੇ 3 ਵਿਅਕਤੀਆਂ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਖ਼ਦਸ਼ੇ

ਮੁੰਬਈ, ਜਨਵਰੀ 2020 - (ਏਜੰਸੀ)-

 ਮੁੰਬਈ 'ਚ ਚੀਨ ਤੋਂ ਪਰਤੇ 3 ਵਿਅਕਤੀਆਂ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਖ਼ਦਸ਼ੇ ਕਾਰਨ ਉਨ੍ਹਾਂ ਨੂੰ ਮੈਡੀਕਲ ਨਿਗਰਾਨੀ 'ਚ ਰੱਖਿਆ ਗਿਆ ਹੈ | ਮੁੰਬਈ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਲੋਕਾਂ ਦੀ ਜਾਂਚ ਅਤੇ ਇਲਾਜ ਲਈ ਵੱਖਰਾ ਵਾਰਡ ਬਣਾਇਆ ਗਿਆ ਹੈ | ਅਧਿਕਾਰੀ ਨੇ ਦੱਸਿਆ ਕਿ ਚੀਨ ਤੋਂ ਆਏ 3 ਵਿਅਕਤੀਆਂ ਨੂੰ ਡਾਕਟਰਾਂ ਨਿਗਰਾਨੀ 'ਚ ਰੱਖਿਆ ਗਿਆ ਹੈ | ਉਨ੍ਹਾਂ ਨੂੰ ਹਲਕਾ ਜ਼ੁਕਾਮ ਤੇ ਸਰਦੀ ਵਰਗੇ ਲੱਛਣ ਹਨ | ਨਿਗਰਾਨੀ 'ਚ ਰੱਖੇ ਗਏ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਮੁੰਬਈ ਦੇ ਕੌਮਾਾਤਰੀ ਹਵਾਈ ਅੱਡੇ 'ਤੇ ਤਾਇਨਾਤ ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਚੀਨ ਤੋਂ ਆਉਣ ਵਾਲੇ ਕਿਸੇ ਵੀ ਯਾਤਰੀ ਵਿਚ ਜੇ ਕੋਰੋਨਾ ਵਾਇਰਸ ਦੇ ਲੱਛਣ ਵਿਖਾਈ ਦੇਣ ਤਾਂ ਉਨ੍ਹਾਂ ਨੂੰ ਇਸ ਵਾਰਡ 'ਚ ਭੇਜ ਦਿੱਤਾ ਜਾਵੇ | ਸਾਰੇ ਡਾਕਟਰਾਂ ਨੂੰ ਵੀ ਅਜਿਹੇ ਲੱਛਣਾਾ ਵਾਲੇ ਲੋਕਾਂ ਨੂੰ ਵਾਰਡ 'ਚ ਭੇਜਣ ਦੀ ਹਦਾਇਤ ਕੀਤੀ ਗਈ ਹੈ |  ਮੁੰਬਈ ਹਵਾਈ ਅੱਡੇ 'ਤੇ ਜਿਨ੍ਹਾਂ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ, ਉਨ੍ਹਾਂ 'ਚ ਅਜੇ ਤੱਕ ਕਿਸੇ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਕੇਸ ਸਾਹਮਣੇ ਨਹੀਂ ਆਇਆ | ਪਿਛਲੇ 14 ਦਿਨਾਂ 'ਚ ਚੀਨ ਦੇ ਸ਼ਹਿਰ ਵੁਹਾਨ ਦੀ ਯਾਤਰਾ ਕਰਨ ਵਾਲਾ ਕੋਈ ਵੀ ਵਿਅਕਤੀ ਇਸ ਵਾਇਰਸ ਦਾ ਪਾਜ਼ੀਟਿਵ ਨਹੀਂ ਪਾਇਆ ਗਿਆ | 24 ਜਨਵਰੀ ਤੋਂ ਹੁਣ ਤੱਕ 96 ਉਡਾਣਾਂ ਦੇ 20844 ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ |

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ‘ਰਾਸ਼ਟਰੀ ਗਰਲਜ਼ ਚਾਈਲਡ ਡੇਅ’ ਸਬੰਧੀ ਵਿਸ਼ੇਸ਼ ਸਮਾਗਮ

ਬੱਚੀਆਂ ਸਿਹਤ ਸੰਭਾਲ ਪ੍ਰਤੀ ਕੀਤਾ ਗਿਆ ਜਾਗਰੂਕ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਦੀ ਲਗਾਤਾਰਤਾ ਵਿਚ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਗਰਲਜ਼ ਚਾਈਲਡ ਡੇਅ ਮਨਾਇਆ ਗਿਆ। ਇਸ ਮੌਕੇ ‘ਪਰਸਨਲ ਹਾਈਜੀਨ ਐਂਡ ਮੈਨਸਟਰੁਏਸ਼ਨ’ ਵਿਸ਼ੇ ’ਤੇ ਪੈਨਲ ਟਾਕ ਕਰਵਾਈ ਗਈ। ਸਮਾਗਮ ਵਿਚ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੀ ਵਿਦਿਆਰਥਣਾਂ ਨਾਲ ਜਿਥੇ ਇਸ ਵਿਸ਼ੇ ’ਤੇ ਖੁੱਲ ਕੇ ਡਾਕਟਰ ਸਾਹਿਬਾਨ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੈਨੇਟਰੀ ਪੈਡ ਵੈਂਡਿੰਗ ਮਸ਼ੀਨਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਜਲੰਧਰ ਤੋਂ ਡਾ. ਸੁਸ਼ਮਾ ਚਾਵਲਾ ਤੋਂ ਇਲਾਵਾ ਡਾ. ਸੁਰਜੀਤ ਕੌਰ, ਡਾ. ਸੁਨਿਧੀ ਗੁਪਤਾ, ਡਾ. ਸਿੰਮੀ, ਡਾ. ਰਤਨਾਕਰ ਅਤੇ ਸਿਹਤ ਵਿਭਾਗ ਦੇ ਪ੍ਰੋਗਰਾਮ ਅਫ਼ਸਰਾਂ ਵੱਲੋ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। 

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਲੜਕੀਆਂ ਨੂੰ ਰਾਸ਼ਟਰੀ ਗਰਲਜ਼ ਚਾਈਲਡ ਡੇਅ ਦੀ ਵਧਾਈ ਦਿੰਦਿਆਂ ਉਨਾਂ ਨੂੰ ਆਪਣੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਰਹਿਣ ਦੀ ਤਾਕੀਦ ਕੀਤੀ। ਉਨਾਂ ਕਿਹਾ ਕਿ ਸਿਹਤਮੰਦ ਧੀ ਹੀ ਸਿਹਤਮੰਦ ਮਾਂ ਬਣਕੇ ਸਿਹਤਮੰਦ ਸਮਾਜ ਦੀ ਸਰਜਣਾ ਕਰਦੀ ਹੈ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬੱਚੀਆਂ ਦੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੀਆਂ ਲੜਕੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੀ. ਡੀ. ਪੀ. ਓ ਸ੍ਰੀਮਤੀ ਨਤਾਸ਼ਾ ਸਾਗਰ, ਸੀ. ਡੀ. ਪੀ. ਓ ਨਡਾਲਾ ਸ. ਬਲਵਿੰਦਰ ਜੀਤ ਸਿੰਘ, ਡਾ. ਰਮੇਸ਼ ਕੁਮਾਰੀ ਬੰਗਾ, ਡਾ. ਸਾਰਿਕਾ ਦੁੱਗਲ, ਡਾ. ਆਸ਼ਾ ਮਾਂਗਟ, ਡਾ. ਰਾਜਕਰਨੀ ਅਤੇ ਹੋਰ ਹਾਜ਼ਰ ਸਨ।  

ਕੈਪਸ਼ਨ :-ਰਾਸ਼ਟਰੀ ਗਰਲਜ਼ ਚਾਈਲਡ ਡੇਅ ਸਬੰਧੀ ਸਮਾਗਮ ਦੌਰਾਨ ਮੰਚ ’ਤੇ ਬਿਰਾਜਮਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਸਿਵਲ ਸਰਜਨ ਡਾ. ਜਸਮੀਤ ਬਾਵਾ, ਡਾ. ਸੁਸ਼ਮਾ ਚਾਵਲਾ, ਡਾ. ਸੁਰਜੀਤ ਕੌਰ ਤੇ ਹੋਰ।

ਗਣਤੰਤਰ ਦਿਵਸ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ

ਪਰੇਡ, ਪੀ. ਟੀ ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਹੋਈ ਫੁੱਲ ਡਰੈੱਸ ਰਿਹਰਸਲ

ਡਿਪਟੀ ਕਮਿਸ਼ਨਰ ਦੀਪਤੀ ਉੱਪਲ 26 ਜਨਵਰੀ ਨੂੰ ਲਹਿਰਾਉਣਗੇ ਕੌਮੀ ਝੰਡਾ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

71ਵੇਂ ਗਣਤੰਤਰ ਦਿਵਸ ਦਾ ਜ਼ਿਲਾ ਪੱਧਰੀ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ 26 ਜਨਵਰੀ ਨੂੰ ਸਵੇਰੇ 10 ਵਜੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਸਮਾਰੋਹ ਦੀ ਫੁੱਲ ਡਰੈੱਸ ਰਿਹਰਸਲ ਅੱਜ ਸਟੇਡੀਅਮ ਵਿਖੇ ਕੀਤੀ ਗਈ ਜਿਸ ਦਾ ਨਿਰੀਖਣ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਕੀਤਾ। 

  ਇਸ ਮੌਕੇ ਪਰੇਡ ਕਮਾਂਡਰ ਡੀ. ਐਸ. ਪੀ ਸ੍ਰੀ ਵਿਸ਼ਾਲਜੀਤ ਸਿੰਘ ਦੀ ਅਗਵਾਈ ਵਿਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਜੀ. ਓ. ਜੀਜ਼,  ਐਨ. ਸੀ. ਸੀ. ਕੈਡਿਟਾਂ, ਐਨ. ਐਸ. ਐਸ. ਸਕਾੳੂਟਸ ਤੇ ਗਰਲਜ਼ ਗਾਈਡਸ ਦੀਆਂ ਟੁਕੜੀਆਂ ਤੋਂ ਇਲਾਵਾ ਪੁਲਿਸ ਅਤੇ ਸਕੂਲੀ ਬੈਂਡ ਨੇ ਪਰੇਡ ਵਿਚ ਹਿੱਸਾ ਲਿਆ ਅਤੇ ਸ਼ਾਨਦਾਰ ਮਾਰਚ ਪਾਸਟ ਕਰਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਸ ਪੀ. ਟੀ ਸ਼ੋਅ ਅਤੇ ਦੇਸ਼ ਭਗਤੀ ’ਤੇ ਆਧਾਰਿਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਗਿੱਧੇ ਅਤੇ ਭੰਗੜੇ ਦੀਆਂ ਧਮਾਲਾਂ ਪਈਆਂ। ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਵੰਨਗੀਆਂ ਦੌਰਾਨ ਦੇਸ਼ ਭਗਤੀ ਦਾ ਜਜ਼ਬਾ ਉਮੜ ਰਿਹਾ ਸੀ, ਜਿਸ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਮੁੱਖ ਮਹਿਮਾਨ ਦੀ ਆਮਦ ਤੋਂ ਲੈ ਕੇ ਇਨਾਮਾਂ ਤੇ ਸਨਮਾਨਾਂ ਦੀ ਵੰਡ ਸਮੇਤ ਵੱਖ-ਵੱਖ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। 

 ਸ੍ਰੀ ਰਾਹੁਲ ਚਾਬਾ ਨੇ ਜ਼ਿਲੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਨੂੰ ਧੂਮਧਾਮ ਨਾਲ ਮਨਾਇਆ ਜਾਵੇ ਕਿਉਂਕਿ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ, ਜੋ ਕਿ ਸਮੂਹ ਦੇਸ਼ ਵਾਸੀਆਂ ਲਈ ਇਕ ਗੌਰਵਮਈ ਦਿਹਾੜਾ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮ ਵਿਚ ਉਹ ਭਰਵੀਂ ਸ਼ਮੂਲੀਅਤ ਕਰਨ। ਉਨਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਜ਼ਿਲਾ ਪੱਧਰੀ ਸਮਾਗਮ ਦੌਰਾਨ ਆਪਣੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ। 

  ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਸਮਾਗਮ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਗਣਤੰਤਰ ਦਿਵਸ ਸਮਾਰੋਹ ਨੂੰ ਦੇਖਣ ਲਈ ਪੁੱਜਣ ਵਾਲੇ ਲੋਕਾਂ ਦੇ ਸੁਖਾਵੇਂ ਦਾਖਲੇ ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਸਮਾਗਮ ਦੌਰਾਨ ਸਟੇਡੀਅਮ ਵੱਲ ਆਉਣ ਵਾਲੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪਾਰਕਿੰਗ ਆਦਿ ਦੇ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਐਸ. ਪੀ ਸ. ਮਨਦੀਪ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਸ਼ਿਖਾ ਭਗਤ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡੀ. ਐਸ. ਪੀ ਡਾ. ਮੁਕੇਸ਼, ਡੀ. ਪੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ, ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਗੁਰਭਜਨ ਸਿੰਘ ਲਾਸਾਨੀ, ਉੱਪ ਜ਼ਿਲਾ ਸਿੱਖਿਆ ਅਫ਼ਸਰ ਸ. ਬਿਕਰਮ ਜੀਤ ਸਿੰਘ, ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸ੍ਰੀ ਸੁਖਵਿੰਦਰ ਸਿੰਘ ਖੱਸਣ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ, ਜ਼ਿਲਾ ਭਲਾਈ ਅਫ਼ਸਰ ਸ. ਜਸਦੇਵ ਸਿੰਘ ਪੁਰੇਵਾਲ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਜ਼ਿਲਾ ਖੇਤੀਬਾੜੀ ਅਫ਼ਸਰ ਸ. ਕੰਵਲਜੀਤ ਸਿੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਜ਼ਿਲਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ, ਐਕਸੀਅਨ ਜਲ ਸਪਲਾਈ ਸ੍ਰੀ ਸੁਖਪਿੰਦਰ ਸਿੰਘ, ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ, ਸ. ਇੰਦਰਜੀਤ ਸਿੰਘ ਪੱਡਾ, ਜ਼ਿਲਾ ਨਾਜਰ ਸ੍ਰੀ ਮਨਮੋਹਨ ਸ਼ਰਮਾ, ਐਮ. ਏ ਸ੍ਰੀ ਰਾਜੇਸ਼ ਕੁਮਾਰ, ਮੈਡਮ ਅੰਜੂ ਬਾਲਾ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ, ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

 

ਕੈਪਸ਼ਨ :-ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈੱਸ ਰਿਹਰਸਲ ਮੌਕੇ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ

-ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈੱਸ ਰਿਹਰਸਲ ਮੌਕੇ ਮਾਰਚ ਪਾਸਟ ਦਾ ਨਿਰੀਖਣ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ। ਨਾਲ ਹਨ ਐਸ. ਪੀ ਮਨਦੀਪ ਸਿੰਘ ਤੇ ਪਰੇਡ ਕਮਾਂਡਰ ਡੀ. ਐਸ. ਪੀ. ਵਿਸ਼ਾਲਜੀਤ ਸਿੰਘ

 

-ਮਾਰਚ ਪਾਸਟ ਤੋਂ ਸਲਾਮੀ ਲੈਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ। ਨਾਲ ਹਨ ਐਸ. ਪੀ. ਮਨਦੀਪ ਸਿੰਘ ਤੇ ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ। 

 -ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲਾ ਪੱਧਰੀ  ਗਣਤੰਤਰ ਦਿਵਸ ਸਮਾਰੋਹ ਸਬੰਧੀ ਹੋਈ ਫੁੱਲ ਡਰੈੱਸ ਰਿਹਰਸਲ ਦੇ ਵੱਖ-ਵੱਖ ਦਿ੍ਰਸ਼।

ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਦਾ ਮਿਆਰ ਹੋਵੇਗਾ ਉੱਚਾ-ਕਮਲੇਸ਼ ਰਾਣੀ ਤੇ ਹਰਜਿੰਦਰ ਸਿੰਘ

ਚੇਅਰਪਰਸਨ ਤੇ ਉੱਪ ਚੇਅਰਮੈਨ ਨੇ ਜ਼ਿਲਾ ਪ੍ਰੀਸ਼ਦ ਅਧੀਨ ਆਉਂਦੀਆਂ ਡਿਸਪੈਂਸਰੀਆਂ ਨੂੰ ਦਵਾਈਆਂ ਦੀ ਕੀਤੀ ਵੰਡ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਿੱਧੇ ਤੌਰ ’ਤੇ ਪਿੰਡਾਂ ਵਿਚ ਜ਼ਿਲਾ ਪ੍ਰੀਸ਼ਦ ਦੇ ਪ੍ਰਬੰਧ ਅਧੀਨ ਚੱਲ ਰਹੀਆਂ 42 ਡਿਸਪੈਸਰੀਆਂ ਨੂੰ ਉਥੇ ਕੰਮ ਕਰ ਰਹੇ ਡਾਕਟਰਾਂ ਦੀ ਮੰਗ ਅਨੁਸਾਰ ਅੱਜ ਜ਼ਿਲਾ ਪ੍ਰੀਸ਼ਦ ਦੇ ਚੇਅਰਪਰਸਨ ਸ੍ਰੀਮਤੀ ਕਮਲੇਸ਼ ਰਾਣੀ ਅਤੇ ਉੱਪ ਚੇਅਰਮੈਨ ਸ੍ਰੀ ਹਰਜਿੰਦਰ ਸਿੰਘ ਵੱਲੋਂ ਦਵਾਈਆਂ ਦੀ ਵੰਡ ਕੀਤੀ ਗਈ। ਇਸ ਮੌਕੇ ਉਨਾਂ ਕਿਹਾ ਕਿ ਵਿਭਾਗ ਵੱਲੋਂ ਦਵਾਈਆਂ ਦੀ ਇਸ ਸਪਲਾਈ ਸਦਕਾ ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਦਾ ਮਿਆਰ ਉੱਚਾ ਹੋਵੇਗਾ ਅਤੇ ਪਿੰਡਾਂ ਦੇ ਲੋਕਾ ਦਾ ਸਿਹਤ ਸੇਵਾਵਾਂ ਵਿਚ ਭਰੋਸਾ ਵਧੇਗਾ। ਸਪਲਾਈ ਕੀਤੀਆਂ ਗਈਆਂ ਦਵਾਈਆਂ ਵਿਚ ਵੱਖ-ਵੱਖ ਰੋਗਾਂ ਦੇ ਇਲਾਜ ਦੀਆਂ ਕਈ ਕਿਸਮ ਦੀਆਂ ਦਵਾਈਆਂ ਸ਼ਾਮਿਲ ਹਨ, ਜਿਨਾਂ ਵਿਚ ਬੁਖਾਰ, ਖਾਂਸੀ-ਜੁਕਾਮ, ਸ਼ੂਗਰ, ਬਲੱਡ ਪ੍ਰੈਸ਼ਰ, ਹਾਈਪਰਟੈਨਸ਼ਨ, ਕੰਨਾਂ ਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਵੱਖ-ਵੱਖ ਤਰਾਂ ਦੀਆਂ ਐਂਟੀਬਾਇਓਟੈੱਕ ਦਵਾਈਆਂ ਆਦਿ ਪ੍ਰਮੁੱਖ ਹਨ। ਇਸ ਮੌਕੇ ਜ਼ਿਲ੍ਰਾ ਪ੍ਰੀਸ਼ਦ ਦੇ ਸਕੱਤਰ ਸ੍ਰੀ ਗੁਰਦਰਸ਼ਨ ਕੁੰਡਲ, ਸ੍ਰੀ ਗੁਰਦੀਪ ਸਿੰਘ ਬਿਸ਼ਨਪੁਰ, ਸਰਪੰਚ ਜਸਵੰਤ ਲਾਡੀ, ਡਾ. ਰੁਪੇਸ਼ ਸਮੇਤ ਵੱਖ-ਵੱਖ ਡਿਸਪੈਂਸਰੀਆਂ ਦੇ ਡਾਕਟਰ ਤੇ ਫਾਰਮਾਸਿਸਟ ਹਾਜ਼ਰ ਸਨ। 

ਕੈਪਸ਼ਨ : -ਜ਼ਿਲਾ ਪ੍ਰੀਸ਼ਦ ਨਾਲ ਸਬੰਧਤ ਡਿਪਸਪੈਂਸਰੀਆਂ ਨੂੰ ਦਵਾਈਆਂ ਦੀ ਵੰਡ ਕਰਦੇ ਹੋਏ ਚੇਅਰਪਰਸਨ ਸ੍ਰੀਮਤੀ ਕਮਲੇਸ਼ ਰਾਣੀ ਅਤੇ ਉੱਪ ਚੇਅਰਮੈਨ ਸ੍ਰੀ ਹਰਜਿੰਦਰ ਸਿੰਘ। ਨਾਲ ਹਨ ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਲਾਲ ਕੁੰਡਲ ਤੇ ਹੋਰ।

ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਮੈਨੇਜਰ ਵੱਲੋਂ ਕਪੂਰਥਲਾ ਮੰਡਲ ਦਾ ਦੌਰਾ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਮੈਨੇਜ਼ਰ (ਲੁਧਿਆਣਾ) ਸ੍ਰੀ ਦੇਵੇਂਦਰ ਕੁਮਾਰ ਗੁਪਤਾ ਨੇ ਕਪੂਰਥਲਾ ਮੰਡਲ ਦਫ਼ਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨਾਂ ਮੰਡਲ ਦਫ਼ਤਰ ਅਤੇ ਇਸ ਅਧੀਨ ਆਉਂਦੀਆਂ ਸ਼ਾਖਾਵਾਂ ਦੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਪੀ. ਐਨ. ਬੀ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ ਨੇ ਸ੍ਰੀ ਦੇਵੇਂਦਰ ਕੁਮਾਰ ਗੁਪਤਾ ਦਾ ਸਵਾਗਤ ਕਰਦਿਆਂ ਮੰਡਲ ਦਫ਼ਤਰ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ ਨੇ ਮੰਡਲ ਦੇ ਸਾਰੇ ਅੰਕੜੇ ਪੇਸ਼ ਕੀਤੇ। ਜ਼ੋਨਲ ਮੈਨੇਜਰ ਸ੍ਰੀ ਦੇਵੇਂਦਰ ਗੁਪਤਾ ਨੇ ਮੰਡਲ ਦਫ਼ਤਰ ਦੇ ਸਾਰੇ ਅਧਿਕਾਰੀਆਂ ਤੇ ਸ਼ਾਖਾ ਪ੍ਰਬੰਧਕਾਂ ਨੂੰ ਮੰਡਲ ਦੀ ਪ੍ਰਗਤੀ ਲਈ ਹੋਰ ਤੇਜ਼ੀ ਅਤੇ ਲਗਨ ਨਾਲ ਕੰਮ ਕਰਨ ਲਈ ਕਿਹਾ। ਉਨਾਂ ਕਪੂਰਥਲਾ ਮੰਡਲ ਦੀਆਂ ਸ਼ਾਖਾਵਾਂ ਤੋਂ ਆਏ ਹੋਏ ਪ੍ਰਬੰਧਕਾਂ ਨੂੰ ਵੱਧ ਤੋਂ ਵੱਧ ਬੱਚਤ ਅਤੇ ਚਾਲੂ ਖਾਤੇ ਖੋਲਣ ਅਤੇ ਗੁਣਵੱਤਾ ਪੂਰਨ ਕਰਜ਼ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬੈਂਕਾਂ ਦੀ ਜਮਾਂ ਅਤੇ ਕਰਜ਼ ਦੀ ਰਾਸ਼ੀ ਵਿਚ ਵਾਧਾ ਹੋ ਸਕੇ। ਇਸ ਦੇ ਨਾਲ ਹੀ ਉਨਾਂ ਮੌਜੂਦਾ ਸਮੇਂ ਵਿਚ ਚੱਲ ਰਹੇ ਕਰਜ਼ਿਆਂ ਦੀ ਵੱਧ ਤੋਂ ਵੱਧ ਵਸੂਲੀ ਦੀ ਵੀ ਹਦਾਇਤ ਕੀਤੀ। ਇਸ ਦੌਰਾਨ ਉਹ ਬੈਂਕ ਦੇ ਕੁਝ ਚੋਣਵੇਂ ਗਾਹਕਾਂ ਨੂੰ ਵੀ ਮਿਲੇ ਅਤੇ ਉਨਾਂ ਨਾਲ ਗਾਹਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਗੱਲਬਾਤ ਕੀਤੀ ਅਤੇ ਇਨਾਂ ਦੇ ਜਲਦ ਹੱਲ ਦਾ ਭਰੋਸਾ ਦਿਵਾਇਆ। ਇਸ ਮੌਕੇ ਉਨਾਂ ਮੁੱਖ ਸ਼ਾਖਾ ਕਪੂਰਥਲਾ ਦੇ ਵਿਹੜੇ ਵਿਚ ਪੌਦੇ ਲਗਾ ਕੇ ਸਵੱਛ ਵਾਤਾਵਰਨ ਦਾ ਸੰਦੇਸ਼ ਵੀ ਦਿੱਤਾ। ਅੰਤ ਵਿਚ ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ ਨੇ ਉਨਾਂ ਦਾ ਕਪੂਰਥਲਾ ਆਉਣ ’ਤੇ ਧੰਨਵਾਦ ਕੀਤਾ। ਇਸ ਮੌਕੇ ਮੁੱਖ ਪ੍ਰਬੰਧਕ ਸ੍ਰੀ ਆਰ. ਸੀ ਗੋਸਾਂਈ, ਸ੍ਰੀ ਉਜ਼ਵਲ ਜਾਇਸਵਾਲ, ਚੀਫ ਐਲ. ਡੀ. ਐਮ ਕਪੂਰਥਲਾ ਸ੍ਰੀ ਡੀ. ਐਲ ਭੱਲਾ, ਚੀਫ ਐਲ. ਡੀ. ਐਮ ਪਠਾਨਕੋਟ ਸ੍ਰੀ ਸੁਨੀਲ ਦੱਤ, ਚੀਫ ਐਲ. ਡੀ. ਐਮ ਗੁਰਦਾਸਪੁਰ ਸ੍ਰੀ ਦਵਿੰਦਰ ਵਸ਼ਿਸ਼ਟ ਸਮੇਤ ਹੋਰ ਬੈਂਕ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਮੈਨੇਜਰ ਸ੍ਰੀ ਦੇਵੇਂਦਰ ਕੁਮਾਰ ਗੁਪਤਾ। ਨਾਲ ਹਨ ਸਰਕਲ ਹੈੱਡ ਸ. ਐਸ. ਪੀ ਸਿੰਘ, ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ ਤੇ ਹੋਰ।

ਆਮ ਲੋਕਾਂ ਵੱਲੋਂ ਕਿਸੇ ਵੀ ਤਰਾਂ ਦੇ ਹਥਿਆਰ ਲੈ ਕੇ ਚੱਲਣ ’ਤੇ ਪੂਰਨ ਪਾਬੰਦੀ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਆਮ ਲੋਕਾਂ ਲਈ ਕੋਈ ਵੀ ਲਾਇਸੰਸੀ ਅਸਲਾ, ਹਥਿਆਰ ਜਾਂ ਕਿਸੇ ਵੀ ਤਰਾਂ ਦੇ ਤੇਜ਼ਧਾਰ/ਨੁਕੀਲੇ ਹਥਿਆਰ, ਜਿਵੇਂ ਟਕੂਏ, ਕੁਹਾੜੀ, ਬਰਛੇ, ਭਾਲੇ, ਬੇਸ ਬਾਲ ਦੇ ਬੈਟ, ਡਾਂਗਾਂ, ਸੋਟੇ ਆਦਿ ਜਾਂ ਅਗਨ ਸ਼ਸਤਰ/ਵਿਸਫੋਟਕ ਜਲਣਸ਼ੀਲ ਵਸਤਾਂ ਲੈ ਕੇ ਚੱਲਣ ਅਤੇ ਉਨਾਂ ਦੇ ਪ੍ਰਦਰਸ਼ਨ ’ਤੇ ਪੂਰਨ ਤੌਰ ’ਤੇ 22 ਮਾਰਚ 2020 ਤੱਕ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਪੁਲਿਸ, ਹੋਮ ਗਾਰਡਜ਼, ਸੀ. ਆਰ. ਪੀ. ਐਫ, ਆਰਮੀ ਪਰਸਨਲ ਜਾਂ ਸਰਕਾਰੀ ਡਿੳੂਟੀ ਕਰ ਰਹੇ ਹੋਰ ਸੁਰੱਖਿਆ ਕਰਮੀਆਂ, ਜਿਨਾਂ ਕੋਲ ਸਰਕਾਰੀ ਹਥਿਆਰ ਹਨ, ’ਤੇ ਲਾਗੂ ਨਹੀਂ ਹੋਣਗੇ ਅਤੇ ਜਿਨਾਂ ਵਿਅਕਤੀਆਂ ਨੇ ਆਪਣਾ ਅਸਲਾ ਲਾਇਸੰਸ ਨਵੀਨ ਜਾਂ ਹਥਿਆਰ ਦੀ ਐਂਟਰੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਆਉਣਾ ਹੈ, ਉਨਾਂ ’ਤੇ ਵੀ ਇਹ ਹੁਕਮ ਲਾਗੂ ਨਹੀਂ ਹੋਣਗੇ, ਬਸ਼ਰਤੇ ਕਿ ਇਹ ਛੋਟ ਕੇਵਲ ਉਨਾਂ ਦੇ ਘਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਚਕਾਰ ਹੋਵੇ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ

ਹੈਰੀਟੇਜ ਸਟਰੀਟ ਵਿਚ ਵਿਵਾਦਤ ਬੁੱਤ ਹਟਾਉਣ ਦੀ ਮੰਗ ਨੂੰ ਲੈਕੇ ਧਰਨਾ ਨਿਰੰਤਰ ਜਾਰੀ

ਅੰਮ੍ਰਿਤਸਰ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-

 ਹੈਰੀਟੇਜ ਸਟਰੀਟ ਵਿਚ ਵਿਵਾਦਤ ਬੁੱਤ ਹਟਾਉਣ ਦੀ ਮੰਗ ਅਤੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦਾ ਧਰਨਾ ਅੱਜ ਨਿਰੰਤਰ ਦੂਜੇ ਦਿਨ ਵੀ ਜਾਰੀ ਹੈ। ਅੱਜ ਧਰਨੇ ਦੌਰਾਨ ਲੋਕ ਇਨਸਾਫ ਪਾਰਟੀ ਦੇ ਨੁਮਾਇੰਦਿਆਂ ਨੇ ਇਥੇ ਆ ਕੇ ਸਿੱਖ ਕਾਰਕੁਨਾਂ ਨੂੰ ਸਮਰਥਨ ਦਿੱਤਾ। ਇਸੇ ਤਰ੍ਹਾਂ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਵੀ ਸਮਰਥਨ ਵਿਚ ਪੁੱਜੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਇਹ ਧਰਨਾ ਅੱਜ ਦੂਜੇ ਦਿਨ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਰੋਸ ਵਿਖਾਵੇ ਮਗਰੋਂ ਇਥੇ ਵਿਵਾਦਤ ਬੁੱਤਾਂ ਦੇ ਨੇੜੇ ਪੱਕਾ ਧਰਨਾ ਲਾ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਮੰਗਾਂ ਮੰਨੇ ਜਾਣ ਤਕ ਧਰਨਾ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਵਿਵਾਦਤ ਬੁੱਤ ਹਟਾਏ ਜਾਣ ਅਤੇ ਇਨ੍ਹਾਂ ਦੀ ਥਾਂ ’ਤੇ ਸਿੱਖ ਧਰਮ ਅਤੇ ਵਿਰਸੇ ਨੂੰ ਦਰਸਾਉਂਦੇ ਸਿੱਖ ਜਰਨੈਲਾਂ ਦੇ ਬੁੱਤ ਲਾਏ ਜਾਣ। ਬੁੱਤ ਹਟਾਏ ਜਾਣ ਤਕ ਇਨ੍ਹਾਂ ਵਿਵਾਦਤ ਬੁੱਤਾਂ ਨੂੰ ਕੱਪੜੇ ਨਾਲ ਢੱਕ ਦਿੱਤਾ ਜਾਵੇ। ਬੁੱਤ ਹਟਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਇਸ ਮੌਕੇ ਸਿੱਖ ਕਾਰਕੁਨਾਂ ਨੇ ਗੁਰਬਾਣੀ ਦਾ ਪਾਠ ਕੀਤਾ। ਇਸ ਦੌਰਾਨ ਧਰਨੇ ਵਿਚ ਸ਼ਾਮਲ ਕਾਰਕੁਨਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਧਰਨੇ ਵਿਚ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਰਣਜੀਤ, ਭੁਪਿੰਦਰ ਸਿੰਘ, ਮਨਦੀਪ ਸਿੰਘ, ਬਖਸ਼ੀਸ਼ ਸਿੰਘ, ਰਘੁਬੀਰ ਸਿੰਘ ਤੇ ਹੋਰ ਸ਼ਾਮਲ ਸਨ।

ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਤਿੰਨ-ਮੈਂਬਰੀ ਕਮੇਟੀ ਦੀ ਮੀਟਿੰਗ

ਅੱਜ (24 ਜਨਵਰੀ) ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਦਾ ਫ਼ੈਸਲਾ

ਅੰਮ੍ਰਿਤਸਰ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-
ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਵਿਚੋਂ ਵਿਵਾਦਤ ਬੁੱਤ ਹਟਾਉਣ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਅੱਜ ਮੀਟਿੰਗ ਮਗਰੋਂ ਇਸ ਮਾਮਲੇ ਬਾਰੇ 24 ਜਨਵਰੀ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਇਹ ਬੁੱਤ ਹਟਵਾਏ ਜਾ ਸਕਣ ਅਤੇ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਸੰਭਵ ਹੋ ਸਕੇ।
ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਤੋਂ ਇਲਾਵਾ ਸਕੱਤਰ ਅਵਤਾਰ ਸਿੰਘ ਸੈਂਪਲਾ ਤੇ ਕਮੇਟੀ ਦੇ ਕੋਆਰਡੀਨੇਟਰ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਚ ਹੋਈ ਮੀਟਿੰਗ ਮਗਰੋਂ ਭਾਈ ਮਹਿਤਾ ਨੇ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਇਸ ਮਾਮਲੇ ਬਾਰੇ ਸਰਕਾਰ ਕੋਲ ਗੱਲ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਭਲਕੇ 24 ਜਨਵਰੀ ਨੂੰ ਸ਼ਾਮ ਵੇਲੇ ਕੀਤੀ ਜਾਵੇਗੀ। ਮੀਟਿੰਗ ਦੌਰਾਨ ਇਸ ਮਾਮਲੇ ਵਿਚ ਗ੍ਰਿਫ਼ਤਾਰ ਸਿੱਖ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕਰਨਾ ਗ਼ਲਤ ਹੈ।
ਮੀਟਿੰਗ ਦੌਰਾਨ ਭਾਈ ਮਹਿਤਾ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦੇ ਹੱਲ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਅਤੇ ਇਹ ਕਮੇਟੀ ਇਸ ਸਬੰਧੀ ਕੰਮ ਮੁਕੰਮਲ ਕਰ ਕੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪੇਗੀ।
ਅੱਜ ਮੀਟਿੰਗ ਮੌਕੇ ਚੀਫ਼ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਆਦਿ ਹਾਜ਼ਰ ਸਨ। ਇੱਥੇ ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਹੁਣ ਤਕ ਸ਼੍ਰੋਮਣੀ ਕਮੇਟੀ ਸਿੱਧੇ ਤੌਰ ’ਤੇ ਸਾਹਮਣੇ ਨਹੀਂ ਆਈ ਸੀ ਪਰ ਹੁਣ ਸ੍ਰੀ ਅਕਾਲ ਤਖ਼ਤ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਵੀ ਇਸ ਸਬੰਧੀ ਆਪਣਾ ਦ੍ਰਿਸ਼ਟੀਕੋਣ ਸਪੱਸ਼ਟ ਕਰ ਦਿੱਤਾ ਹੈ।