You are here

ਗੋਬਿੰਦਰ ਸਿੰਘ ‘ਬਰੜ੍ਹਵਾਲ’-ਸਾਹਿਤਕਾਰ

ਸਾਹਿਤਕਾਰ

 

ਮੈਂ ਪਹਿਲਾਂ ਕਦੇ

ਇਸ ਤਰ੍ਹਾਂ

ਕਵਿਤਾ ਪੇਸ਼ ਨਹੀਂ ਕੀਤੀ

ਤੇ ਨਾਂਹੀ ਮੈਨੂੰ

ਕਰਨੀ ਆਉਂਦੀ ਹੈ

ਮਾਇਕ ਤੇ ਖਲ੍ਹੋ

ਇਕੱਠ ਨੂੰ ਵੇਖਦਿਆਂ

 

ਖਵਰੇ

ਕਦੋਂ ਸੁਰਤ ਸੰਭਲੀ

ਤੇ ਅੱਖਰਾਂ ਨੂੰ ਜੋੜ

ਸ਼ਬਦ ਬਣੇ

ਤੇ ਸ਼ਬਦਾਂ ਨੂੰ ਜੋੜ

ਲਾਇਨਾਂ ਬਣਾ ਲਈਆਂ

ਮਨੋ-ਭਾਵਾਂ ਨੂੰ

ਸਮੇਟਦੀਆਂ

 

ਇਸ਼ਕ ਦੇ

ਊੜੇ ਐੜੇ ਤੋਂ

ਸ਼ੁਰੂ ਹੋਈ

ਙੰਙਾ

ਖਾਲੀ ਤੇ

ਆ ਰੁੱਕੀ

ਮੇਰੀ

ਟੁੱਟੀ ਭੱਜੀ

ਮੇਰੇ ਵਰਗੀ

ਕਵਿਤਾ

 

ਕੋਈ ਫਾਇਦਾ ਨਹੀਂ

ਵਰਕੇ

ਕਾਲੇ ਕਰਿਆਂ ਦਾ

ਜੇ ਲਕੀਰਾਂ

ਤੇ ਜ਼ਮੀਰਾਂ ਚ

ਮੇਲ ਨਾ ਹੋਵੇ

 

ਧੌਲ ਦਾੜੀਆਂ

ਬੁੱਧੀਜੀਵੀਆਂ

ਕਲਮੀ ਸ਼ੇਰਾਂ ਨੂੰ

ਜਾ ਕਹੋ

ਇਕੱਲਿਆਂ

ਸਭਾਵਾਂ ਕਰਕੇ

ਲਿਖ ਕੇ

ਛਪ ਕੇ

ਡੰਗ ਹੀ ਟੱਪੇਗਾ

ਅਮਲ ਤੋਂ ਸੱਖਣਾ

ਯਥਾਰਥ

ਬਦਲਣ ਵਾਲਾ ਨਹੀਂ

 

ਪੈੱਨ ਦੀ ਨਿੱਬ ਚੋਂ

ਨਿਕਲੇ ਅੱਖਰਾਂ ਨੂੰ

ਲੀੜੇ

ਆਪ ਪਾਉਣੇ

ਲਿਖਤ ਨਾਲ

ਇਨਸਾਫ਼ ਹੈ

ਕਾਪੀਆਂ

ਕਾਲੀਆਂ ਕਰਨ ਨਾਲੋਂ।

ਗੋਬਿੰਦਰ ਸਿੰਘ ‘ਬਰੜ੍ਹਵਾਲ’-