ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-
ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਮੈਨੇਜ਼ਰ (ਲੁਧਿਆਣਾ) ਸ੍ਰੀ ਦੇਵੇਂਦਰ ਕੁਮਾਰ ਗੁਪਤਾ ਨੇ ਕਪੂਰਥਲਾ ਮੰਡਲ ਦਫ਼ਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨਾਂ ਮੰਡਲ ਦਫ਼ਤਰ ਅਤੇ ਇਸ ਅਧੀਨ ਆਉਂਦੀਆਂ ਸ਼ਾਖਾਵਾਂ ਦੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਪੀ. ਐਨ. ਬੀ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ ਨੇ ਸ੍ਰੀ ਦੇਵੇਂਦਰ ਕੁਮਾਰ ਗੁਪਤਾ ਦਾ ਸਵਾਗਤ ਕਰਦਿਆਂ ਮੰਡਲ ਦਫ਼ਤਰ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ ਨੇ ਮੰਡਲ ਦੇ ਸਾਰੇ ਅੰਕੜੇ ਪੇਸ਼ ਕੀਤੇ। ਜ਼ੋਨਲ ਮੈਨੇਜਰ ਸ੍ਰੀ ਦੇਵੇਂਦਰ ਗੁਪਤਾ ਨੇ ਮੰਡਲ ਦਫ਼ਤਰ ਦੇ ਸਾਰੇ ਅਧਿਕਾਰੀਆਂ ਤੇ ਸ਼ਾਖਾ ਪ੍ਰਬੰਧਕਾਂ ਨੂੰ ਮੰਡਲ ਦੀ ਪ੍ਰਗਤੀ ਲਈ ਹੋਰ ਤੇਜ਼ੀ ਅਤੇ ਲਗਨ ਨਾਲ ਕੰਮ ਕਰਨ ਲਈ ਕਿਹਾ। ਉਨਾਂ ਕਪੂਰਥਲਾ ਮੰਡਲ ਦੀਆਂ ਸ਼ਾਖਾਵਾਂ ਤੋਂ ਆਏ ਹੋਏ ਪ੍ਰਬੰਧਕਾਂ ਨੂੰ ਵੱਧ ਤੋਂ ਵੱਧ ਬੱਚਤ ਅਤੇ ਚਾਲੂ ਖਾਤੇ ਖੋਲਣ ਅਤੇ ਗੁਣਵੱਤਾ ਪੂਰਨ ਕਰਜ਼ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬੈਂਕਾਂ ਦੀ ਜਮਾਂ ਅਤੇ ਕਰਜ਼ ਦੀ ਰਾਸ਼ੀ ਵਿਚ ਵਾਧਾ ਹੋ ਸਕੇ। ਇਸ ਦੇ ਨਾਲ ਹੀ ਉਨਾਂ ਮੌਜੂਦਾ ਸਮੇਂ ਵਿਚ ਚੱਲ ਰਹੇ ਕਰਜ਼ਿਆਂ ਦੀ ਵੱਧ ਤੋਂ ਵੱਧ ਵਸੂਲੀ ਦੀ ਵੀ ਹਦਾਇਤ ਕੀਤੀ। ਇਸ ਦੌਰਾਨ ਉਹ ਬੈਂਕ ਦੇ ਕੁਝ ਚੋਣਵੇਂ ਗਾਹਕਾਂ ਨੂੰ ਵੀ ਮਿਲੇ ਅਤੇ ਉਨਾਂ ਨਾਲ ਗਾਹਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਗੱਲਬਾਤ ਕੀਤੀ ਅਤੇ ਇਨਾਂ ਦੇ ਜਲਦ ਹੱਲ ਦਾ ਭਰੋਸਾ ਦਿਵਾਇਆ। ਇਸ ਮੌਕੇ ਉਨਾਂ ਮੁੱਖ ਸ਼ਾਖਾ ਕਪੂਰਥਲਾ ਦੇ ਵਿਹੜੇ ਵਿਚ ਪੌਦੇ ਲਗਾ ਕੇ ਸਵੱਛ ਵਾਤਾਵਰਨ ਦਾ ਸੰਦੇਸ਼ ਵੀ ਦਿੱਤਾ। ਅੰਤ ਵਿਚ ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ ਨੇ ਉਨਾਂ ਦਾ ਕਪੂਰਥਲਾ ਆਉਣ ’ਤੇ ਧੰਨਵਾਦ ਕੀਤਾ। ਇਸ ਮੌਕੇ ਮੁੱਖ ਪ੍ਰਬੰਧਕ ਸ੍ਰੀ ਆਰ. ਸੀ ਗੋਸਾਂਈ, ਸ੍ਰੀ ਉਜ਼ਵਲ ਜਾਇਸਵਾਲ, ਚੀਫ ਐਲ. ਡੀ. ਐਮ ਕਪੂਰਥਲਾ ਸ੍ਰੀ ਡੀ. ਐਲ ਭੱਲਾ, ਚੀਫ ਐਲ. ਡੀ. ਐਮ ਪਠਾਨਕੋਟ ਸ੍ਰੀ ਸੁਨੀਲ ਦੱਤ, ਚੀਫ ਐਲ. ਡੀ. ਐਮ ਗੁਰਦਾਸਪੁਰ ਸ੍ਰੀ ਦਵਿੰਦਰ ਵਸ਼ਿਸ਼ਟ ਸਮੇਤ ਹੋਰ ਬੈਂਕ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ :-ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਮੈਨੇਜਰ ਸ੍ਰੀ ਦੇਵੇਂਦਰ ਕੁਮਾਰ ਗੁਪਤਾ। ਨਾਲ ਹਨ ਸਰਕਲ ਹੈੱਡ ਸ. ਐਸ. ਪੀ ਸਿੰਘ, ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ ਤੇ ਹੋਰ।