ਲੁਧਿਆਣਾ, 25 ਮਾਰਚ (ਰਣਜੀਤ ਸਿੱਧਵਾਂ) : ਆਮ ਆਦਮੀ ਪਾਰਟੀ ਦੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅੱਜ ਨੇੜੇ ਸਿੱਧਵਾਂ ਕਨਾਲ ਨਹਿਰ ਦੁੱਗਰੀ ਰੋਡ ਕਿਨਾਰੇ ਸਥਿਤ ਸਟੈਟਿਕ ਕੰਪੈਕਟਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਜੁਆਇੰਟ ਕਮਿਸ਼ਨਰ ਸ਼੍ਰੀਮਤੀ ਪੂਨਮਪ੍ਰੀਤ ਕੌਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਖੇਤਰ ਵਿੱਚ ਸਟੈਟਿਕ ਕੰਪੈਕਟਰ ਨੂੰ ਵਧੀਆ ਬਨਾਉਣ ਅਤੇ ਪੂਰੇ ਪ੍ਰਬੰਧਨ ਦੇ ਨਿਰਦੇਸ਼ ਦਿੱਤੇ ਅਤੇ ਸ਼ਹਿਰ ਦੀ ਸਾਫ ਸਫਾਈ ਨੂੰ ਹਰ ਹੀਲੇ ਵਧੀਆ ਬਨਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਸਿੱਧਵਾਂ ਕਨਾਲ ਨਹਿਰ ਦੁੱਗਰੀ ਰੋਡ ਕਿਨਾਰੇ ਸਥਿਤ ਸਟੈਟਿਕ ਕੰਪੈਕਟਰ ਦੀ ਕੰਧ ਉੱਚੀ ਚੁੱਕੀ ਜਾਵੇ ਤਾਂ ਜੋ ਇਸ ਦਾ ਕੂੜਾ ਕਰਕਟ ਸੜਕ 'ਤੇ ਨਾ ਖਿਲਰੇ ਅਤੇ ਸੜਕ 'ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸਟੈਟਿਕ ਕੰਪੈਕਟਰ ਵਿੱਚ ਸਾਰੇ ਪ੍ਰਬੰਧ ਅਤੇ ਪੂਰਾ ਸਮਾਨ ਉਪਲੱਬਧ ਹੋਣਾ ਚਾਹੀਦਾ ਹੈ ਉਹ ਕਿਸੇ ਸਮੇਂ ਸਟੈਟਿਕ ਕੰਪੈਕਟਰ ਦਾ ਦੌਰਾ ਕਰ ਸਕਦੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਲੁਧਿਆਣਾ ਕੂੜਾ ਮੁਕਤ ਸ਼ਹਿਰ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਕੁੜਾ-ਕਰਕਟ ਦੇ ਸੁਚੱਜੇ ਪ੍ਰਬੰਧਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਰ ਸਟੈਟਿਕ ਕੰਪੈਕਟਰ ਲਗਾਏ ਜਾਣਗੇ ਜਦਕਿ ਕਈਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਠੋਸ ਰਹਿੰਦ-ਖੂੰਹਦ ਦੇ ਬਿਹਤਰ ਪ੍ਰਬੰਧਨ ਲਈ ਸਟੈਟਿਕ ਕੰਪੈਕਟਰ ਹੋਰ ਲਗਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨਹਿਰ ਦੇ ਸਿੱਧਵਾਂ ਕਨਾਲ ਨਹਿਰ ਦੇ ਕਿਨਾਰੇ 'ਤੇ ਬਨਣ ਵਾਲੇ ਪਾਰਕ ਅਤੇ ਸੜਕ ਦਾ ਨਿਰੀਖਣ ਵੀ ਕੀਤਾ ਅਤੇ ਅਧਿਕਾਰੀਆਂ ਤੋਂ ਇਸ ਸਬੰਧੀ ਰਿਪੋਰਟ ਪ੍ਰਾਪਤ ਕੀਤੀ। ਉਨ੍ਹਾਂ ਲੁਧਿਆਣਾ ਨੂੰ ਕੂੜਾ ਮੁਕਤ ਬਣਾਉਣ ਲਈ ਵਚਨਬੱਧ ਹਨ ਅਤੇ ਸ਼ਹਿਰ ਵਾਸੀਆਂ ਨੂੰ ਇਸ ਸਮਾਜਿਕ ਕੰਮ ਲਈ ਨਗਰ ਨਿਗਮ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸ਼ਹਿਰ ਨੂੰ ਵਧੀਆ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ।