You are here

ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਨੇ ਸਿੱਧਵਾਂ ਦੋਨਾ ਵਿਖੇ 66 ਕੇ. ਵੀ ਸਬ-ਸਟੇਸ਼ਨ ਲੋਕਾਂ ਨੂੰ ਕੀਤਾ ਸਮਰਪਿਤ

7.50 ਕਰੋੜ ਰੁਪਏ ਦੀ ਲਾਗਤ ਵਾਲੇ ਬਿਜਲੀ ਘਰ ਨਾਲ 9 ਪਿੰਡਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ

ਕਪੂਰਥਲਾ,ਫਰਵਰੀ 2020-(ਹਰਜੀਤ ਸਿੰਘ ਵਿਰਕ)-

ਬਿਜਲੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਸਿੱਧਵਾਂ ਦੋਨਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ 7.50 ਕਰੋੜ ਰੁਪਏ ਦੀ ਲਾਗਤ ਵਾਲਾ 66 ਕੇ. ਵੀ ਸਬ-ਸਟੇਸ਼ਨ ਉਦਘਾਟਨ ਤੋਂ ਬਾਅਦ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਨਿਰਵਿਘਨ ਅਤੇ ਬਿਹਤਰੀਨ ਬਿਜਲੀ ਸਪਲਾਈ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਇਸ ਤਹਿਤ ਜਿਥੇ ਬਹੁਤ ਸਾਰੇ ਨਵੇਂ ਬਿਜਲੀ ਗਿ੍ਰਡ ਬਣਾਏ ਗਏ ਹਨ, ਉਥੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਵੀ ਸੁਧਾਰਿਆ ਗਿਆ ਹੈ। ਉਨਾਂ ਕਿਹਾ ਕਿ ਹੁਣ ਇਸ ਇਲਾਕੇ ਦੇ 9 ਪਿੰਡਾਂ ਦੇ ਬਿਜਲੀ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਉਨਾਂ ਪਿੰਡ ਦੀ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈਜ਼ ਨੂੰ ਨਵੇਂ ਬਣੇ ਬਿਜਲੀ ਘਰ ਦੀ ਵਧਾਈ ਦਿੱਤੀ, ਜਿਨਾਂ ਦੇ ਸਹਿਯੋਗ ਸਦਕਾ ਇਹ ਕੰਮ ਨੇਪਰੇ ਚੜਿਆ ਹੈ। ਉਨਾਂ ਇਸ ਕੰਮ ਨੂੰ ਰਿਕਾਰਡ ਸਮੇਂ ਵਿਚ ਮੁਕੰਮਲ ਕਰਨ ਲਈ ਪਾਵਰਕਾਮ ਦੇ ਅਧਿਕਾਰੀਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸਿੱਧਵਾਂ ਦੋਨਾ ਨੂੰ ਨਮੂਨੇ ਦਾ ਪਿੰਡ ਬਣਾਉਣ ਵਿਚ ਇਥੋਂ ਦੇ ਐਨ. ਆਰ. ਆਈ ਭਰਾਵਾਂ ਦਾ ਬੇਹੱਦ ਯੋਗਦਾਨ ਹੈ। ਉਨਾਂ ਕਿਹਾ ਕਿ ਜਲਦ ਹੀ ਇਸ ਇਲਾਕੇ ਦੀਆਂ ਸੜਕਾਂ ਦਾ ਵੀ ਕਾਇਆ ਕਲਪ ਕੀਤਾ ਜਾਵੇਗਾ। 

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਮੌਕੇ ਕਿਹਾ ਕਿ ਇਸ ਸਬ-ਸਟੇਸ਼ਨ ਦੇ ਬਣਨ ਨਾਲ ਜਿਥੇ ਬਿਜਲੀ ਸਪਲਾਈ ਵਿਚ ਬੇਹੱਦ ਸੁਧਾਰ ਹੋਵੇਗਾ, ਉਥੇ ਪਹਿਲਾਂ ਤੋਂ ਚੱਲ ਰਹੇ ਓਵਰਲੋਡ ਬਿਜਲੀ ਗਿ੍ਰਡਾਂ ’ਤੇ ਵੀ ਲੋਡ ਘਟੇਗਾ। ਉਨਾਂ ਕਿਹਾ ਕਿ ਇਸ ਗਿ੍ਰਡ ਦੇ ਚਾਲੂ ਹੋਣ ਨਾਲ ਅੱਜ ਇਸ ਇਲਾਕੇ ਦੀ ਨਿਰਵਿਘਨ ਬਿਜਲੀ ਸਪਲਾਈ ਸਬੰਧੀ ਵੱਡੀ ਸਮੱਸਿਆ ਹੱਲ ਹੋ ਗਈ ਹੈ। ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

ਇਸ ਮੌਕੇ ਚੀਫ ਇੰਜੀਨੀਅਰ ਸ੍ਰੀ ਗੋਪਾਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪਾਵਰਕਾਮ ਦੇ ਚੇਅਰਮੈਨ ਇੰਜੀ: ਬਲਦੇਵ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਿਹਤਰੀਨ ਬਿਜਲੀ ਸਪਲਾਈ ਲਈ ਵੱਡੇ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਇਸ ਤਹਿਤ ਬਿਜਲੀ ਚੋਰੀ ਨੂੰ ਰੋਕਣ ਲਈ ਵੱਡੀ ਮੁਹਿੰਮ ਚਲਾਈ ਗਈ ਹੈ ਅਤੇ ਰਿਹਾਇਸ਼ੀ ਮੀਟਰਾਂ ’ਤੇ ਚਲਾਏ ਜਾ ਰਹੇ ਹੋਟਲਾਂ, ਗੈਸਟ ਹਾੳੂਸਾਂ ਅਤੇ ਹੋਰਨਾਂ ਕਮਰਸ਼ੀਅਲ ਅਦਾਰਿਆਂ ’ਤੇ ਨਕੇਲ ਕੱਸੀ ਜਾ ਰਹੀ ਹੈ। ਉਨਾਂ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰੇਸ਼ਾਨੀ ਤੋਂ ਬਚਣ ਲਈ ਆਪਣੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਕਰਨ। 

ਨਿਗਰਾਨ ਇੰਜੀਨੀਅਰ ਸ. ਇੰਦਰਪਾਲ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਸਿੱਧਵਾਂ ਦੋਨਾ ਦੇ ਇਸ 66 ਕੇ. ਵੀ ਸਬ-ਸਟੇਸ਼ਨ ਵਿਚ 12.5 ਐਮ. ਵੀ. ਏ ਟ੍ਰਾਂਸਫਾਰਮਰ ਲੱਗਾ ਹੈ ਅਤੇ ਇਸ ਤੋਂ 8 ਕੇ. ਵੀ ਫੀਡਰ ਨਿਕਲਣੇ ਹਨ। 

ਇਸ ਮੌਕੇ ਐਕਸੀਅਨ ਅਸ਼ਵਨੀ ਕੁਮਾਰ, ਐਸ. ਡੀ. ਓ ਗੁਰਨਾਮ ਸਿੰਘ ਬਾਜਵਾ, ਜੇ. ਈ ਗੁਰਿੰਦਰ ਸਿੰਘ, ਪਰਵੀਨ ਕੁਮਾਰ ਤੇ ਜਸਪਾਲ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਅਮਰਜੀਤ ਸਿੰਘ ਸੈਦੋਵਾਲ, ਵਿਸ਼ਾਲ ਸੋਨੀ, ਗੁਰਦੀਪ ਸਿੰਘ ਬਿਸ਼ਨਪੁਰ, ਅਮਨਦੀਪ ਸਿੰਘ ਗੋਰਾ ਗਿੱਲ, ਨਰਿੰਦਰ ਸਿੰਘ ਮੰਨਸੂ, ਤਰਲੋਚਨ ਸਿੰਘ ਧਿੰਜਣ, ਸੁਖਵਿੰਦਰ ਸਿੰਘ ਨੇਕੀ, ਜਸਵਿੰਦਰ ਸਿੰਘ ਸਰਪੰਚ, ਬਲਬੀਰ ਸਿੰਘ ਬੱਲੀ, ਮਨਿੰਦਰ ਸਿੰਘ ਮੰਨਾ, ਸਰਵਨ ਸਿੰਘ, ਗੁਰਨਾਮ ਸਿੰਘ ਸਿੱਧੂ, ਅਮਰੀਕ ਸਿੰਘ ਹੇਅਰ, ਬਹਾਦਰ ਸਿੰਘ ਸਿੱਧੂ,  ਗੁਰਮੀਤ ਸਿੰਘ ਯੂ. ਕੇ, ਪੰਚ ਗੁਰਪਾਲ ਸਿੰਘ, ਸੁਰਿੰਦਰ ਸਿੰਘ, ਸਰਵਣ ਸਿੰਘ ਤੇ ਮਮਤਾ ਰਾਣੀ, ਮਾਸਟਰ ਵਿਜੇ ਕੁਮਾਰ, ਤਜਿੰਦਰ ਪਾਲ ਸਿੰਘ ਢਿੱਲੋਂ, ਸੁਖਦੇਵ ਸਿੰਘ ਸਿੱਧੂ, ਕੁਲਵੰਤ ਰਾਏ ਭੱਲਾ, ਰਖਵੀਰ ਸਿੰਘ, ਜਸਵੀਰ ਸਿੰਘ ਸਿੱਧੂ, ਬਹਾਦਰ ਸਿੰਘ ਯੂੱ ਕੇ, ਅਵਤਾਰ ਸਿੰਘ ਵਿਰਦੀ, ਮੁਸ਼ਤਾਕ ਮੁਹੰਮਦ, ਲਾਭ ਚੰਦ ਨੰਬਰਵਾਰ, ਸਰਦੂਲ ਸਿੰਘ ਸਿਆਲਾਂ, ਬਲਵਿੰਦਰ ਸਿੰਘ ਰਾਣਾ ਕਾਹਲਵਾਂ, ਹਰਭਜਨ ਸਿੰਘ ਭਲਾਈਪੁਰ। ਮਨਜੀਤ ਸਿੰਘ ਭੰਡਾਲ, ਬਲਦੇਵ ਸਿੰਘ ਦੇਬੀ, ਅਸ਼ਵਨੀ ਕੁਮਾਰ, ਰਘੁਬੀਰ ਪੰਲੀ, ਡਾ. ਪ੍ਰੇਮ ਲਆਲ ਗਿੱਲ, ਰਛਪਾਲ ਸਿੰਘ ਭਾਣੋਲੰਗਾ, ਨੰਬਰਦਾਰ ਰਵਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚ, ਗੁਰਜੀਤ ਸਿੱਧੂ, ਗੁਰਮੇਲ ਸਿੰਘ ਗਿੱਲ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। 

ਕੈਪਸ਼ਨ : -ਸਿੱਧਵਾਂ ਦੋਨਾ ਵਿਖੇ 66 ਕੇ. ਵੀ ਸਬ-ਸਟੇਸ਼ਨ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਚੀਫ ਇੰਜੀਨੀਅਰ ਸ੍ਰੀ ਗੋਪਾਲ ਸ਼ਰਮਾ, ਨਿਗਰਾਨ ਇੰਜੀਨੀਅਰ ਸ. ਇੰਦਰਪਾਲ ਸਿੰਘ, ਐਸ. ਡੀ. ਓ ਗੁਰਨਾਮ ਸਿੰਘ ਬਾਜਵਾ ਤੇ ਹੋਰ।