You are here

ਪੰਜਾਬ

ਭਾਰਤ ਵਿੱਚ ਸਿੱਖਾਂ ਦੀ ਪੱਗ ਲੌਣ ਦੀਆਂ ਘਟਨਾਵਾਂ ਨੂੰ ਨਹੀਂ ਪੈ ਰਹੀ ਠੱਲ

ਹੁਣ ਕੋਲਕਾਤਾ 'ਚ ਸਿੱਖ ਨਾਲ ਕੁੱਟਮਾਰ, ਡਿਊਟੀ 'ਤੇ ਤਾਇਨਾਤ ਸਿੱਖ ਸੁਰੱਖਿਆ ਗਾਰਡ ਦੀ ਦਸਤਾਰ ਲਾਹੀ

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- ਪੱਛਮੀ ਬੰਗਾਲ ਦੇ ਇਕ ਪੁਲਿਸ ਅਧਿਕਾਰੀ ਨੇ ਡਿਊਟੀ 'ਤੇ ਤਾਇਨਾਤ ਇਕ ਸਿੱਖ ਸੁਰੱਖਿਆ ਗਾਰਡ ਨਾਲ ਮਾਰਕੁੱਟ ਕੀਤੀ ਤੇ ਉਸ ਦੀ ਦਸਤਾਰ ਲਾਹ ਦਿੱਤੀ। ਇਹ ਸਾਰੀ ਘਟਨਾ ਇਕ ਕੈਮਰੇ 'ਚ ਕੈਦ ਹੋ ਗਈ ਹੈ। ਭਾਜਪਾ ਆਗੂ ਪ੍ਰਿਆਂਗੂ ਪਾਂਡੇ ਦੇ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨਾਲ ਉਸ ਸਮੇਂ ਮਾਰਕੁੱਟ ਕੀਤੀ ਗਈ ਜਦੋਂ ਵੀਰਵਾਰ ਨੂੰ ਭਾਜਪਾ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ 'ਤੇ ਪੁਲਿਸ ਲਾਠੀਚਾਰਜ ਕਰ ਰਹੀ ਸੀ। nਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਸਤਾਰ ਉਤਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਵਿਅਕਤੀ ਆਪਣੀ ਤਾਕਤ ਦੀ ਗਲਤ ਵਰਤੋਂ ਕਰਦਾ ਹੋਇਆ ਦਸਤਾਰ ਦਾ ਅਪਮਾਨ ਨਾ ਕਰ ਸਕੇ। ਉਨ੍ਹਾਂ ਬੰਗਾਲ ਦੀ ਮੁੱਖ ਮੰਤਰੀ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਕਿਹਾ। ਘਟਨਾ ਦੀ ਨਿੰਦਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਸਤਾਰ ਦੀ ਬੇਅਦਬੀ ਸਾਰੇ ਸਿੱਖ ਭਾਈਚਾਰੇ ਦਾ ਅਪਮਾਨ ਹੈ। ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਦੋਸ਼ੀ ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਭਾਜਪਾ ਦੇ ਰਾਸ਼ਟਰੀ ਸਕੱਤਰ ਅਰਵਿੰਦ ਮੈਨਨ ਨੇ ਟਵੀਟ ਕਰ ਕੇ ਕਿਹਾ ਕਿ ਬਲਵਿੰਦਰ ਸਿੰਘ ਦੀ ਦਸਤਾਰ ਖਿੱਚ ਕੇ ਬੰਗਾਲ ਪੁਲਿਸ ਨੇ ਦੇਸ਼ ਦੇ ਸਾਰੇ ਸਿੱਖਾਂ ਦਾ ਅਪਮਾਨ ਕੀਤਾ ਹੈ ਤੇ ਅੱਜ ਇਸ ਤਰ੍ਹਾਂ ਲੱਗਦਾ ਹੈ ਕਿ ਬੰਗਾਲ 'ਚ ਮੁੜ ਮੁਗ਼ਲਾਂ ਦਾ ਰਾਜ ਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਮੌਕੇ ਹੰਗਾਮਾ

 

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-   ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਮਨਾਈ ਗਈ ਬਰਸੀ ਮੌਕੇ ਉਸ ਵੇਲੇ ਤਕਰਾਰ ਪੈਦਾ ਹੋ ਗਿਆ, ਜਦੋਂ ਸਮਾਗਮ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰਨਾਂ ਅੰਤ੍ਰਿੰਗ ਕਮੇਟੀ ਮੈਂਬਰ ਸ਼ਾਮਲ ਹੋਣ ਪਹੁੰਚੇ। ਅਕਾਲ ਫੈਡਰੇਸ਼ਨ ਦੇ ਮੁਖੀ ਭਾਈ ਨਰੈਣ ਸਿੰਘ ਚੌੜਾ ਨੇ ਇਤਰਾਜ਼ ਪ੍ਰਗਟਾਇਆ। ਭਾਈ ਕੌੜਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਜਨਤਕ ਸਮਾਗਮਾਂ 'ਚ ਜਾਣ ਦੀ ਮਨਾਹੀ ਹੈ, ਜਦੋਂਕਿ ਭਾਈ ਲੌਂਗੋਵਾਲ ਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਜਨਤਕ ਸਮਾਗਮਾਂ 'ਚ ਜਾਣ ਦੀ ਮਨਾਹੀ ਨਹੀਂ, ਸਿਰਫ਼ ਇਕ ਮਹੀਨਾ ਸਮਾਗਮਾਂ ਨੂੰ ਸੰਬੋਧਨ ਕਰਨ ਦੀ ਮਨਾਹੀ ਹੈ। ਕੁਝ ਸਮੇਂ ਦੀ ਬਹਿਸ ਉਪਰੰਤ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਤੇ ਛੱਡ ਦਿੱਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਲੰਮੇ ਅਰਸੇ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਭਾਈ ਜਿੰਦਾ ਤੇ ਭਾਈ ਸੁੱਖਾ ਦੇ ਬਰਸੀ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸਨ, ਜਿਸ 'ਤੇ ਦਲ ਖ਼ਾਲਸਾ ਸਮੇਤ ਕੁਝ ਗਰਮ ਖ਼ਿਆਲੀ ਜਥੇਬੰਦੀਆਂ ਵਲੋਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।

ਚੋਲ ਬਰੋਕਰ ਨੂੰ ਗੋਲ਼ੀ ਮਾਰਨ ਵਾਲੇ ਗੈਂਗਸਟਰ ਬੰਬੀਹਾ ਗਰੁੱਪ ਦੇ 2 ਮੈਬਰ ਕਾਬੂ

ਮੋਗਾ, ,(ਜੱਜ ਮਸੀਤਾਂ)- ਮੋਗਾ ਪੁਲਸ ਨੇ ਪੁਰਾਣੀ ਦਾਣਾ ਮੰਡੀ ਵਿਚ ਚੌਲ ਬਰੋਕਰ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿਚ ਸ਼ਾਮਲ ਗੈਂਗਸਟਰ ਬੰਬੀਹਾ ਗਰੁੱਪ ਦੇ 2 ਮੈਂਬਰਾਂ ਅਜੇ ਕੁਮਾਰ ਉਰਫ ਮਨੀ ਨਿਵਾਸੀ ਕੋਟਕਪੂਰਾ ਅਤੇ ਅੰਮ੍ਰਿਤਪਾਲ ਸਿੰਘ ਭਿੰਡਰ ਨਿਵਾਸੀ ਪਿੰਡ ਭਿੰਡਰ ਕਲਾਂ ਹਾਲ ਚੱਕੀ ਵਾਲੀ ਗਲੀ ਮੋਗਾ, ਜੋ ਡੇਢ ਦਰਜ਼ਨ ਦੇ ਕਰੀਬ ਲੁੱਟ-ਖੋਹ ਅਤੇ ਹੋਰ ਕਈ ਮਾਮਲਿਆਂ ’ਚ ਸ਼ਾਮਲ ਹਨ ਅਤੇ ਉਨ੍ਹਾਂ ਖਿਲਾਫ 18 ਦੇ ਕਰੀਬ ਮਾਮਲੇ ਦਰਜ ਹਨ, ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਉਕਤ ਗਿਰੋਹ ਦੇ 6 ਮੈਂਬਰ ਪਹਿਲਾਂ ਹੀ ਪੁਲਸ ਵਲੋਂ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ, ਜਦਕਿ ਹਰਮਨਜੀਤ ਸਿੰਘ ਉਰਫ ਹਰਮਨ ਨਿਵਾਸੀ ਪਿੰਡ ਚੀਮਾ (ਤਰਨਤਾਰਨ) ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਗੈਂਗਸਟਰ ਗਿਰੋਹ ਦੇ ਉਕਤ ਦੋਵਾਂ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ 32 ਬੋਰ ਦੇਸੀ ਪਿਸਤੌਲ, ਇਕ 30 ਬੋਰ ਦਾ ਪਿਸਤੌਲ, ਨਸ਼ੇ ਵਾਲੀਆਂ ਗੋਲੀਆਂ ਅਤੇ 9 ਕਾਰਤੂਸ ਬਰਾਮਦ ਕੀਤੇ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਕਤ ਮੋਟਰਸਾਈਕਲ ਵੀ ਚੋਰੀ ਦਾ ਹੈ। ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਗਿਰੋਹ ਨੂੰ ਕਈ ਨਾਮੀ ਗੈਂਗਸਟਰ, ਜੋ ਵਿਦੇਸ਼ਾਂ ਵਿਚ ਬੈਠੇ ਹਨ, ਉਹ ਚਲਾ ਰਹੇ ਹਨ ਅਤੇ ਉਥੋਂ ਉਹ ਵੱਖ-ਵੱਖ ਵਪਾਰੀਆਂ, ਕਾਰੋਬਾਰੀਆਂ ਨੂੰ ਮੋਬਾਇਲ ਫੋਨ ’ਤੇ ਧਮਕੀਆਂ ਦੇ ਕੇ ਲੱਖਾਂ ਰੁਪਏ ਫਿਰੌਤੀ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਗਿਰੋਹ ਵਲੋਂ ਫਰੀਦਕੋਟ, ਫਿਰੋਜ਼ਪੁਰ, ਤਰਨਤਾਰਨ ਅਤੇ ਜਗਰਾਓਂ ਜ਼ਿਲਿਆਂ ਤੋਂ ਇਲਾਵਾ ਹਰਿਆਣਾ ਅਤੇ ਹੋਰ ਪ੍ਰਦੇਸ਼ਾਂ ਵਿਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਕਾਬੂ ਕੀਤੇ ਗਏ ਦੋਸ਼ੀਆਂ ਖਿਲਾਫ਼ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਕਿਸਾਨਾਂ ਨੇ ਲਾਇਆ ਪਟੜੀਆਂ 'ਤੇ ਡੇਰਾ, ਪੰਜਾਬ 'ਚ ਛਾ ਸਕਦੈ ਹਨੇਰਾ

 

ਚੰਡੀਗੜ੍ਹ ,ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਆਗਾਮੀ ਤਿੰਨ ਦਿਨਾਂ ਬਾਅਦ ਪੰਜਾਬ ਵਿਚ ਹਨੇਰਾ ਛਾ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਪਿਛਲੇ ਦੋ ਹਫ਼ਤਿਆਂ ਤੋਂ ਰੇਲ ਗੱਡੀਆਂ ਦੀਆਂ ਮੁਕੰਮਲ ਆਵਾਜਾਈ ਬੰਦ ਹੋਣ ਕਾਰਨ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਨਹੀਂ ਹੋ ਸਕੀ ਜਿਸ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿਚ ਕੋਲੇ ਦੀ ਕਮੀ ਨੂੰ ਦੇਖਦੇ ਹੋਏ ਸਰਕਾਰ ਨੇ ਤਿੰਨ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਕੋਲ ਵੀ ਤਿੰਨ ਦਿਨਾਂ ਦਾ ਕੋਲਾ ਬਚਿਆ ਹੈ। ਜੇਕਰ ਆਉਂਦੇ ਦਿਨਾਂ ਵਿਚ ਕੋਲੇ ਦੀ ਸਪਲਾਈ ਨਾ ਹੋਈ ਤਾਂ ਪੰਜਾਬ ਵਿਚ ਬਲੈਕ ਆਊਟ ਹੋ ਸਕਦਾ ਹੈ। ਜੇਕਰ ਆਉਂਦੇ ਦਿਨਾਂ ਵਿਚ ਕੋਲੇ ਦੀ ਸਪਲਾਈ ਨਹੀਂ ਹੁੰਦੀ ਤਾਂ ਨੈਸ਼ਨਲ ਗਰਿੱਡ 'ਤੇ ਵੀ ਬਿਜਲੀ ਦਾ ਲੋਡ ਵੱਧ ਸਕਦਾ ਹੈ। ਬੇਸ਼ੱਕ ਕਿਸਾਨਾਂ ਨੇ ਲਾਇਨਾਂ 'ਤੇ ਪੱਕੇ ਡੇਰੇ ਲਾਏ ਹੋਏ ਹਨ, ਫਿਰ ਵੀ ਪੰਜਾਬ ਸਰਕਾਰ ਨੂੰ ਕੋਲੇ ਦੀਆਂ ਗੱਡੀਆਂ ਆਉਣ ਦੀ ਉਮੀਦ ਬਣੀ ਹੋਈ ਹੈ

ਇੱਥੇ ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੀਆਂ 31 ਕਿਸਾਨ ਯੂਨੀਅਨਾਂ ਨੇ ਸਰਕਾਰ ਖਿਲਾਫ਼ ਆਰ ਪਾਰ ਦੀ ਲੜਾਈ ਲੜਦਿਆਂ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰੇਲਵੇ ਬੋਰਡ ਨੇ 24 ਸਤੰਬਰ ਤੋਂ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਸੀ। ਕਿਸਾਨ ਮਜਦੂਰ ਸੰਘਰਸ਼ ਤਾਲਮੇਲ ਕਮੇਟੀ ਨੇ ਫਿਰੋਜਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ 24 ਸਤੰਬਰ ਤੋਂ ਰੇਲਵੇ ਲਾਈਨਾਂ 'ਤੇ ਧਰਨਾ ਸ਼ੁਰੂ ਕਰ ਦਿੱਤਾ ਸੀ, ਜਦੋਂ ਕਿ ਬਾਕੀ ਕਿਸਾਨ ਜਥੇਬੰਦੀਆਂ ਨੇ ਇਕ ਅਕਤੂਬਰ ਤੋਂ ਪੰਜਾਬ ਦੀਆਂ ਸਮੁੱਚੀਆਂ ਰੇਲਵੇ ਲਾਈਨਾਂ 'ਤੇ ਅਣਮਿਥੇ ਸਮੇਂ ਲਈ ਡੇਰਾ ਲਾਇਆ ਹੋਇਆ ਹੈ। ਪਾਵਰਕਾਮ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿਚ ਸਿਰਫ਼ ਛੇ ਦਿਨਾਂ ਦਾ ਕੋਲਾ ਬਚਿਆ ਹੈ। ਪਰ ਰੋਪੜ੍ਹ ਥਰਮਲ ਪਲਾਂਟ ਦੇ ਛੇ ਯੂਨਿਟਾਂ ਵਿਚੋਂ ਦੋ ਯੂਨਿਟ ਤਾਂ ਪਹਿਲਾਂ ਹੀ ਪੱਕੇ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ, ਜਦੋਂ ਕਿ ਬਾਕੀ ਦੇ ਚਾਰ ਯੂਨਿਟ ਬਿਜਲੀ ਦੀ ਡਿਮਾਂਡ ਨਾ ਹੋਣ ਕਾਰਨ ਬੰਦ ਕਰ ਦਿੱਤੇ ਗਏ ਹਨ। ਇਸੀ ਤਰ੍ਹਾਂ ਲਹਿਰਾ ਵਿਖੇ ਚਾਰ ਦਿਨ, ਵਣਾਂਵਾਲੀ (ਤਲਵੰਡੀ ਸਾਬੋ) ਵਿਖੇ ਤਿੰਨ ਦਿਨ, ਰਾਜਪੁਰਾ ਥਰਮਲ ਪਲਾਂਟ 'ਚ ਛੇ ਦਿਨ ਅਤੇ ਗੋਇੰਦਵਾਲ ਪਲਾਂਟ ਕੋਲ ਇਕ ਦਿਨ ਦਾ ਕੋਲਾ ਬਚਿਆ ਹੈ। ਆਮ ਤੌਰ 'ਤੇ ਥਰਮਲ ਪਲਾਂਟਾਂ ਵਿਚ 14 ਦਿਨਾਂ ਦੇ ਕੋਲੇ ਦਾ ਭੰਡਾਰ ਕੀਤਾ ਹੁੰਦਾ ਹੈ। ਸੂਤਰ ਦੱਸਦੇ ਹਨ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਬਿਜਲੀ ਖਰੀਦ ਦੇ ਇਕਰਾਰ ਹੋਣ ਕਾਰਨ ਸਰਕਾਰੀ ਥਰਮਲ ਪਲਾਂਟਾਂ ਦੀਆਂ ਚਿਮਨੀਆਂ ਵਿਚੋਂ ਤਾਂ ਪਹਿਲਾਂ ਹੀ ਗਿਣਤੀ ਦੇ ਦਿਨਾਂ 'ਚ ਧੂੰਆਂ ਨਿਕਲਦਾ ਹੈ। ਹੁਣ ਪ੍ਰਾਈਵੇਟ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚੋਂ ਵੀ ਧੂੰਆਂ ਨਿਕਲਣ ਦਾ ਸੰਕਟ ਪੈਦਾ ਹੋਣ ਦੀਆਂ ਸੰਭਾਵਾਨਾਂ ਪੈਦਾ ਹੋ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਿਸਾਨਾਂ ਨੂੰ ਕੋਲੇ ਅਤੇ ਡੀ.ਏ.ਪੀ ਖਾਦ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਭਾਰ ਢੋਹਣ ਵਾਲੀਆਂ ਰੇਲ ਗੱਡੀਆਂ ਲਈ ਆਵਾਜਾਈ ਖੋਲ੍ਹਣ ਦੀ ਅਪੀਲ ਕਰ ਚੁੱਕੇ ਹਨ। ਪਰ ਕਿਸਾਨਾਂ ਨੇ ਮੁੱਖ ਮੰਤਰੀ ਦੀ ਅਪੀਲ ਨੂੰ ਇਹ ਕਹਿਕੇ ਰੱਦ ਕਰ ਦਿੱਤਾ ਹੈ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੇ ਸੀਜਨ ਦਾ ਪਤਾ ਹੈ। ਕਿਸਾਨ ਆਗੂ ਬੂਟਾ ਸਿੰਘ ਬੂਰਜ ਗਿੱਲ ਕਹਿ ਚੁੱਕੇ ਹਨ ਕਿ ਜਦੋਂ ਕਿਸਾਨਾਂ ਨੂੰ ਕਣਕ ਬੀਜਣ ਲਈ ਖਾਦ ਦੀ ਜਰੂਰਤ ਹੋਵੇਗੀ ਤਾਂ ਉਹ ਰੇਲ ਗੱਡੀਆਂ ਨੂੰ ਰਾਹਤ ਦੇਣ ਬਾਰੇ ਸੋਚਣਗੇ ਪਰ ਕੋਲੇ ਦੀ ਗੱਡੀਆਂ ਨੂੰ ਕਿਸੀ ਕੀਮਤ ਵਿਚ ਚਾਲੂ ਨਹੀਂ ਹੋਣ ਦਿੱਤਾ ਜਾਵੇਗਾ।

ਮੁੱਖ ਮੰਤਰੀ ਪਹਿਲਾਂ ਕਰ ਚੁੱਕੇ ਹਨ ਅਪੀਲ

ਪਾਵਰਕਾਮ ਦੇ ਚੇਅਰਮੈਨ ਏ ਵੈਣੂ ਪ੍ਰਸ਼ਾਦ ਨੇ ਥਰਮਲ ਪਲਾਂਟਾਂ ਲਈ ਕੋਲੇ ਦਾ ਸੰਕਟ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਤਰਕ ਦਿੱਤਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪਹਿਲਾਂ ਹੀ ਕੋਲੇ ਦੀ ਗੱਡੀਆਂ ਲਈ ਲਾਂਘਾ ਦੇਣ ਦੀ ਅਪੀਲ ਕੀਤੀ ਹੈ ਤੇ ਉਮੀਦ ਹੈ ਕਿ ਕਿਸਾਨ ਬਿਜਲੀ ਸਪਲਾਈ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਆਵਾਜਾਈ ਖੋਲ੍ਹ ਦੇਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਲੇ ਦੀ ਖਰੀਦ ਲਈ ਅਦਾਇਗੀ ਕੀਤੀ ਹੋਈ ਹੈ। ਕੋਲੇ ਨਾਲ ਭਰੀਆਂ ਕੁੱਝ ਗੱਡੀਆਂ ਦਿੱਲੀ ਅਤੇ ਹੋਰ ਨੇੜ੍ਹਲੇ ਸਟੇਸ਼ਨਾਂ/ ਲਾਈਨਾਂ 'ਤੇ ਖੜ੍ਹੀਆਂ ਹਨ ਅਤੇ ਜ਼ਲਦ ਹੀ ਕੋਲਾ ਪੁੱਜ ਜਾਵੇਗਾ।

ਉੱਡਤ ਸੈਦੇ ਵਾਲਾ ਦੇ ਨੌਜੁਆਨਾਂ ਵਲੋਂ ਸਮਾਜ ਸੇਵੀ ਕੰਮ ਨਿਰੰਤਰ ਜਾਰੀ

ਬੋਹਾ, ਅਕਤੂਬਰ 2020 -(ਮਨਜਿੰਦਰ ਗਿੱਲ)-

ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਉੱਡਤ ਸੈਦੇ ਵਾਲਾ ਜ਼ਿਲਾ ਮਾਨਸਾ ਦੇ ਨੌਜੁਆਨਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਬਿਮਾਰ ਅਵਾਰਾ ਗਾਈਆਂ ਦਾ ਇਲਾਜ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਕੁਸ਼ ਦਿਨ ਪਹਿਲਾਂ ਦੋ ਗਾਈਆਂ ਜਿਨ੍ਹਾਂ ਵਿਚ ਇਕ ਦੀ ਪੂਸ਼ ਅਤੇ ਦੂਜੀ ਦੀ ਲੱਤ ਤੇ ਜਖਮ ਸੀ ਦਾ ਇਲਾਜ ਕਰਵਾਇਆ ਗਿਆ । ਪਰ ਅੱਜ ਫੇਰ ਕਲੱਬ ਵਲੋਂ ਇਕ ਗਾਂ ਦਾ ਇਲਾਜ ਜਿਸ ਦੇ ਚਾਰੇ ਪੈਰਾਂ ਵਿੱਚ ਕੀੜੇ ਪਏ ਹੋਏ ਸਨ ਕਰਵਾਇਆ ਗਿਆ ਅਤੇ ਨਾਲ ਹੀ ਗਊਸ਼ਾਲਾ ਨੂੰ 2 ਹਜਾਰ ਰੁਪਏ ਦੇ ਕੇ ਉਸ ਨੂੰ ਸਾਂਭਣ ਦਾ ਪ੍ਰਬੰਧ ਵੀ ਕੀਤਾ। ਕਲੱਬ ਦੇ ਮੁਖੀ ਯਾਦਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਹੀਨੇ ਪਿੰਡ ਵਿੱਚ ਲਾਈਟਾਂ ਵੀ ਲਾਈਆਂ ਗਈਆਂ ਹਨ। ਜਿਥੇ ਸਾਡੀ ਕਲੱਬ ਪਿੰਡ ਵਿੱਚ ਜਰੂਰਤ ਮੰਦਾਂ ਲਈ ਮਦਦ ਕਰ ਰਹੀ ਹੈ ਓਥੇ ਓਹਨਾ ਵਲੋਂ ਅਵਾਰਾ ਪਸ਼ੂਆਂ ਦਾ ਇਲਾਜ ਅਤੇ ਸਾਂਭ ਸੰਭਾਲ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਸ ਸਮੇ ਓਹਨਾ ਨਾਲ ਪੰਜਾਬ ਸਿੰਘ,ਅਮਨਦੀਪ ਗਿੱਲ,ਬਿੱਟੂ ਚਹਿਲ, ਬਬਲਾ ਗਿੱਲ, ਕਾਲਾ ਚਹਿਲ, ਗੋਗੀ ਚਹਿਲ, ਚੜ੍ਹਤ ਸਿੰਘ,ਰੁਪਿਦਰ ਸਿੰਘ,ਜੱਸੀ ਗਿੱਲ ਅਤੇ ਜਸਪਾਲ ਸਿੰਘ ਹਾਜਰ ਸਨ।

 

ਲੋਂਗੋਵਾਲ ਤੇ ਸ਼੍ਰੋਮਣੀ ਕਮੇਟੀ ਅੰਤ੍ਰਿੰਗ ਕਮੇਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਸੇਵਾ ਤਹਿਤ ਮਾਰੇ ਝਾੜੂ

 

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੇ ਅੱਜ ਸਵੇਰੇ ਅਕਾਲ ਤਖ਼ਤ ਵੱਲੋਂ ਲਾਈ ਗਈ ਸੇਵਾ ਨੂੰ ਪੂਰਾ ਕਰਨ ਲਈ ਗੁਰਦੁਆਰਾ ਸਾਰਾਗੜ੍ਹੀ ਤੋਂ ਹਰਿਮੰਦਰ ਸਾਹਿਬ ਤੱਕ ਵਿਰਾਸਤੀ ਮਾਰਗ ਵਿੱਚ ਝਾੜੂ ਮਾਰਿਆ। ਇਸ ਤੋਂ ਪਹਿਲਾਂ ਅਕਾਲ ਤਖ਼ਤ ਵਿਖੇ ਅਖੰਡ ਪਾਠ ਆਰੰਭ ਕਰਵਾਇਆ ਗਿਆ, ਜਿਸ ਦੇ ਭੋਗ 9 ਅਕਤੂਬਰ ਨੂੰ ਪੈਣਗੇ। ਇਸ ਤੋਂ ਪਹਿਲਾਂ ਗੁਰਦੁਆਰਾ ਰਾਮਸਰ ਵਿਖੇ ਪੰਜ ਅਕਤੂਬਰ ਨੂੰ ਰਖਵਾਏ ਅਖੰਡ ਪਾਠ ਦੇ ਭੋਗ ਪਾਏ ਗਏ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਮੌਜੂਦਾ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਨੂੰ ਦੋ ਅਖੰਡ ਦੋ ਅਖੰਡ ਪਾਠ ਕਰਵਾਉਣ ਅਤੇ ਇਸ ਦੌਰਾਨ ਤਿੰਨ ਦਿਨ ਝਾੜੂ ਮਾਰਨ ਦੀ ਸੇਵਾ ਲਾਈ ਗਈ ਸੀ।

ਪਿੰਡ ਰਸੂਲਪੁਰ ਵਿਖੇ ਆਗੂ ਤਾਰੀ ਦੀ ਅਗਵਾਈ ‘ਚ ਨੌਜਵਾਨਾਂ ਨੇ ਅੰਡਾਨੀ ਅੰਬਾਨੀ ਦਾ ਪੁਤਲਾ ਫੂਕਿਆ

ਕਿਸਾਨ ਮਜਦੂਰ ਦਾ ਅੰਦੋਲਨ ਜਿੱਤ ਤੱਕ ਰਹੇਗਾ ਜਾਰੀ-ਰਸੂਲਪੁਰ

ਹਠੂਰ ਅਕਤੂਬਰ-(ਨਛੱਤਰ ਸੰਧੂ)-ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੂਰੇ ਦੇਸ਼ ਅਤੇ ਪੰਜਾਬ ਵਿੱਚ ਕਿਸਾਨਾਂ ਮਜਦੂਰਾਂ ਦਾ ਸੰਘਰਸ਼ ਅੱਗੇ ਵੱਧ ਰਿਹਾ ਹੈ,ਜਿੱਥੇ ਕਿਸਾਨ ਮਜਦੂਰ ਜੋ ਜੱਥੇਬੰਦੀਆਂ ਨਾਲ ਸੰਬੰਧਿਤ ਹਨ,ਦਿਨ ਰਾਤ ਟੋਲ ਪਲਾਜਿਆ,ਰੇਲਵੇ ਲਾਈਨਾਂ ਅਤੇ ਪੈਟਰੋਲ ਪੰਪਾਂ ਉੱਪਰ ਬੈਠ ਕੇ ਅਵਾਜ਼ ਬੁਲੰਦ ਕਰ ਰਹੇ ਹਨ,ਉੱਥੇ ਪੰਜਾਬ ਦੀ ਜਵਾਨੀ ਅਤੇ ਜਨਸਧਾਰਨ ਆਪ ਮੁਹਾਰੇ ਇਸ ਸੰਘਰਸ਼ ਵਿੱਚ ਸ਼ਾਮਲ ਹੋ ਰਹੇ ਹਨ।ਅੱਜ ਪਿੰਡ ਰਸੂਲਪੁਰ ਦੇ ਨੌਜਵਾਨਾਂ ਨੇ ਪਿੰਡ ਵਿੱਚ ਰੋਸ ਮਾਰਚ ਕਰਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਦੇ ਸਹਿਯੋਗੀਆਂ ਅੰਬਾਨੀ ਅੰਡਾਨੀ ਆਦਿ ਦਾ ਪੁਤਲਾ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ।ਇਸ ਮੋਕੇ ਪੇਡੂ ਮਜਦੁਰ ਯੂਨੀਅਨ ਦੇ ਅਵਤਾਰ ਸਿੰਘ ਤਾਰੀ ਰਸੂਲਪੁਰ,ਅਜੈਬ ਸਿੰਘ,ਨੌਜਵਾਨ ਆਗੂ ਸੁਰਜੀਤ ਸਿੰਘ ਸਿੱਧੂ,ਰੁਪਿੰਦਰ ਸਿੰਘ ਪਿੰਦੂ,ਅੰਗਰੇਜ ਸਿੰਘ ਮੋਗੇ ਵਾਲਾ,ਰਾਜਾ ਸਿੰਘ,ਪ੍ਰਿਤਪਾਲ ਸਿੰਘ,ਛਿੰਦਰ ਸਿੰਘ,ਦਲੀਪ ਸਿੰਘ,ਜਰਨੈਲ ਸਿੰਘ,ਸੁਰਜੀਤ ਸਿੰਘ,ਅਮਨਦੀਪ ਸਿੰਘ,ਮੋਹਣ ਸਿੰਘ,ਪਾਲ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਗੁਰਚਰਨ ਸਿੰਘ ਆਦਿ ਹਾਜਰ ਸਨ।

ਰਿਜ਼ਰਵ ਬੈਂਕ ਵੱਲੋਂ ਅਕਤੂਬਰ ਲਈ ਝੋਨੇ ਦੀ ਖਰੀਦ ਵਾਸਤੇ ਸੀਸੀਐੱਲ ਦੇ 30220 ਕਰੋੜ ਰੁਪਏ ਮਨਜ਼ੂਰ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਪੰਜਾਬ ਸਰਕਾਰ ਨੂੰ ਆਰਬੀਆਈ ਨੇ 30220 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ (ਸੀਸੀਐੱਲ) ਜਾਰੀ ਕਰ ਦਿੱਤੀ ਹੈ। ਸਾਲ 2020-21 ਦੀ ਝੋਨੇ ਦੀ ਖ਼ਰੀਦ ਲਈ ਸਰਕਾਰ ਨੇ ਆਰਬੀਆਈ ਤੋਂ 35500 ਕਰੋੜ ਰੁਪਏ ਦੀ ਸੀਸੀਐੱਲ ਮੰਗੀ ਹੋਈ ਹੈ। ਅਕਤੂਬਰ ਮਹੀਨੇ ਵਿਚ ਝੋਨੇ ਦੀ ਖ਼ਰੀਦ ਲਈ ਕੇਂਦਰ ਸਰਕਾਰ ਨੇ 30220.82 ਕਰੋੜ ਰੁਪਏ ਦੀ ਸੀਸੀਐੱਲ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਬਾਕੀ ਰਾਸ਼ੀ ਨਵੰਬਰ ਮਹੀਨੇ ਵਿਚ ਜਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ 72 ਘੰਟਿਆਂ ਦੇ ਅੰਦਰ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਕ 15.6 ਲੱਖ ਟਨ ਝੋਨੇ ਦੀ ਖ਼ਰੀਦ ਸਰਕਾਰੀ ਏਜੰਸੀਆਂ ਵੱਲੋਂ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ 27.36 ਲੱਖ ਏਕੜ ਵਿਚ ਲਾਏ ਗਏ ਝੋਨੇ ਵਿਚ 171 ਲੱਖ ਟਨ ਪੈਦਾਵਾਰ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਕੇਂਦਰ ਸਰਕਾਰ ਨੇ ਝੋਨੇ ਦੀ ਖ਼ਰੀਦ ਪਹਿਲੀ ਅਕਤੂਬਰ ਦੀ ਥਾਂ 26 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਸੀ। ਕੋਰੋਨਾ ਦੇ ਮੱਦੇਨਜ਼ਰ ਮੰਡੀ ਬੋਰਡ ਨੇ 4000 ਖ਼ਰੀਦ ਕੇਂਦਰ ਬਣਾਏ ਹਨ।

ਅੱਜ ਦੀ ਅਹਿਮ ਅਤੇ ਵੱਡੀ ਖਬਰ

ਕਿਸਾਨੀ ਸੰਰਸ਼ ਅੱਗੇ ਰਿਲਾਇੰਸ ਡੀਲਰਾਂ ਦੇ ਪੈਰ ਉੱਖੜ ਗਏ

ਰਾਏਕੋਟ ਹਲਕੇ ਅੰਦਰ ਰਿਲਾਇੰਸ ਪੰਪ ਦੇ ਮਾਲਕ ਦਾ ਕਿਸਾਨਾਂ ਨੂੰ ਸਮਰਥਨ

ਰਾਏਕੋਟ,  ਅਕਤੂਬਰ 2020 -( ਗੁਰਸੇਵਕ ਸਿੰਘ ਸੋਹੀ/ਮਨਜਿੰਦਰ ਗਿੱਲ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੇ ਛੇਵੇਂ ਦਿਨ ਭਾਵੇਂ ਕੇਂਦਰ ਸਰਕਾਰ ਹਾਲੇ ਵੀ ਟੱਸ ਤੋਂ ਮੱਸ ਨਹੀਂ ਹੋਈ ਹੈ, ਪਰ ਇਸ ਘੋਲ ਨੇ ਰਿਲਾਇੰਸ ਡੀਲਰਾਂ ਦੇ ਪੈਰ ਜ਼ਰੂਰ ਉਖਾੜ ਦਿੱਤੇ ਹਨ। ਰਾਏਕੋਟ ਸੁਧਾਰ ਮਾਰਗ ਤੇ ਨੂਰਪੁਰਾ ਪਿੰਡ ਲਾਗੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਮਾਲਕਾਂ ਨੇ ਛੇ ਦਿਨ ਤੋਂ ਪੰਪ ਤਾਂ ਖ਼ੁਦ ਹੀ ਬੰਦ ਕਰ ਦਿੱਤਾ ਸੀ ਪਰ ਹੁਣ ਉਹ ਕਿਸਾਨਾਂ ਦੇ ਰੋਸ ਵਿੱਚ ਵੀ ਸ਼ਾਮਲ ਹੋ ਗਏ ਹਨ। ਰਾਏਕੋਟ ਫਿਲਿੰਗ ਸਟੇਸ਼ਨ ਦੇ ਮਾਲਕ ਰਮਨ ਗੋਇਲ ਨੇ ਤੇਲ ਪਾਉਣ ਵਾਲੀਆਂ ਮਸ਼ੀਨਾਂ ਤਾਂ ਪਹਿਲੇ ਦਿਨ ਤੋਂ ਹੀ ਤਿਰਪਾਲਾਂ ਪਾ ਕੇ ਢੱਕ ਦਿੱਤੀਆਂ ਸਨ, ਪਰ ਹੁਣ ਉਨ੍ਹਾਂ ਕਾਲੇ ਝੰਡੇ ਵਾਲਾ ਬੈਨਰ ਵੀ ਪੰਪ ਦੇ ਬਾਹਰ ਇਹ ਲਿਖ ਕੇ ਟੰਗ ਦਿੱਤਾ ਹੈ, ‘ਅਸੀਂ ਕਿਸਾਨ ਵਿਰੋਧੀ ਐਕਟ ਦਾ ਵਿਰੋਧ ਕਰਦੇ ਹਾਂ ਅਤੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹਾਂ।’ ਨੂਰਪੁਰਾ ਲਾਗੇ ਰਿਲਾਇੰਸ ਦੇ ਪੈਟਰੋਲ ਪੰਪ ਦੇ ਮਾਲਕ ਰਮਨ ਗੋਇਲ ਨੇ ਦੱਸਿਆ ਕਿ ਉਹ ਕਿਸਾਨ ਸੰਘਰਸ਼ ਦੇ ਨਾਲ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਤਾਂ ਆਪਣੀ ਕਾਰ ਵਿੱਚ ਵੀ ਕਿਸੇ ਹੋਰ ਪੰਪ ਤੋਂ ਤੇਲ ਪਵਾ ਰਿਹਾ ਹੈ। ਅੱਜ ਸੱਤਵੇਂ ਦਿਨ ਵੀ ਕਿਸਾਨ ਜਥੇਬੰਦੀਆਂ ਵੱਲੋਂ ਪੰਪ ਸਾਹਮਣੇ ਧਰਨਾ ਜਾਰੀ ਹੈ।

ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ℅ ਦੁਨੀਆ 'ਚ ਸਭ ਤੋਂ ਜ਼ਿਆਦਾ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-    ਭਾਰਤ 'ਚ ਸਭ ਤੋਂ ਪਹਿਲਾਂ ਕਰਫਿਊ ਲਾ ਕੇ ਕੋਰੋਨਾ ਖ਼ਿਲਾਫ਼ ਲੜਾਈ ਨੂੰ ਗੰਭੀਰਤਾ ਨਾਲ ਲੈਣ ਵਾਲੇ ਪੰਜਾਬ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਦਰ ਦੁਨੀਆ 'ਚ ਸਭ ਤੋਂ ਜ਼ਿਆਦਾ ਹੋ ਗਈ ਹੈ। ਕਈ ਦਿਨਾਂ ਬਾਦ ਪੰਜਾਬ 'ਚ ਦੋ ਦਿਨਾਂ 'ਚ 40 ਤੋਂ ਘੱਟ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ, ਜੋ ਪਿਛਲੇ 48 ਘੰਟਿਆਂ 'ਚ ਸਭ ਤੋਂ ਘੱਟ ਹਨ। ਸੂਬੇ 'ਚ ਮੰਗਲਵਾਰ ਨੂੰ 32 ਮੌਤਾਂ ਹੋਈਆਂ ਜਦਕਿ 846 ਨਵੇਂ ਮਰੀਜ਼ ਮਿਲੇ।

ਪੰਜਾਬ 'ਚ ਮੌਤ ਦਰ ਦਾ ਅੰਕੜਾ 3.06 ਫ਼ੀਸਦੀ 'ਤੇ ਪਹੁੰਚ ਗਿਆ ਹੈ ਜਦਕਿ ਦੁਨੀਆ ਭਰ 'ਚ ਇਹ ਅੰਕੜਾ 2.94 ਫ਼ੀਸਦੀ ਦੇ ਕਰੀਬ ਹੈ। ਦੇਸ਼ ਦੀ ਮੌਤ ਦਰ 1.55 ਫ਼ੀਸਦੀ ਹੈ। ਨਾਲ ਹੀ ਰਾਹਤ ਵਾਲੀ ਗੱਲ ਇਹ ਹੈ ਕਿ ਸੂਬੇ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 86.95 'ਤੇ ਪਹੁੰਚ ਗਈ ਹੈ। ਵਧ ਰਹੀ ਮੌਤ ਦਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਚਿੰਤਾ ਜ਼ਾਹਿਰ ਕਰ ਰਹੇ ਹਨ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਉਨ੍ਹਾਂ ਨੇ ਟੀਮ ਦਾ ਗਠਨ ਕੀਤਾ ਹੈ। ਕੋਵਿਡ-19 ਸਬੰਧੀ ਪੰਜਾਬ ਸਰਕਾਰ ਦੇ ਸਲਾਹਕਾਰ ਡਾ. ਕੇਕੇ ਤਲਵਾੜ ਦਾ ਕਹਿਣਾ ਹੈ ਕਿ ਨਿਸ਼ਚਿਤ ਤੌਰ 'ਤੇ ਮੌਤ ਦਰ ਸਾਡੇ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ, ਜਿਸ 'ਚ ਕਮੀ ਆਉਣ 'ਚ ਥੋੜ੍ਹਾ ਸਮਾਂ ਲੱਗੇਗਾ। ਪਿਛਲੇ 15 ਦਿਨਾਂ ਤੋਂ ਪਾਜ਼ੇਟਿਵ ਕੇਸ ਆਉਣ 'ਚ ਗਿਰਾਵਟ ਦੇਖੀ ਜਾ ਰਹੀ ਹੈ। ਪੰਜਾਬ ਸਰਕਾਰ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਵਿਸ਼ਵ 'ਚ ਮੌਤ ਦਰ ਪਿਛਲੇ ਦੋ ਮਹੀਨਿਆਂ 'ਚ ਘੱਟ ਹੋਈ ਹੈ, ਉੱਥੇ ਹੀ ਪੰਜਾਬ 'ਚ ਇਹ ਪਿਛਲੇ ਦੋ ਮਹੀਨਿਆਂ 'ਚ ਵਧ ਗਈ ਹੈ। ਅੰਕੜਿਆਂ ਅਨੁਸਾਰ ਵਿਸ਼ਵ 'ਚ ਕੋਰੋਨਾ ਦੀ ਮੌਤ ਦਰ ਜੁਲਾਈ 'ਚ ਚਾਰ ਫ਼ੀਸਦੀ ਸੀ, ਜੋ ਹੁਣ ਘਟ ਕੇ 2.94 ਫ਼ੀਸਦੀ ਹੋ ਗਈ ਹੈ। ਦੇਸ਼ 'ਚ ਵੀ ਕੋਰੋਨਾ ਨਾਲ ਮੌਤ ਦਰ ਜੁਲਾਈ 'ਚ 3.36 ਸੀ, ਜੋ ਹੁਣ ਘਟ ਕੇ 1.55 ਫ਼ੀਸਦੀ ਹੋ ਗਈ ਹੈ। ਪੰਜਾਬ 'ਚ ਇਸ ਸਮੇਂ ਦੌਰਾਨ ਕੋਰੋਨਾ ਨਾਲ ਮੌਤ ਦਰ 2.41 ਫ਼ੀਸਦੀ ਤੋਂ ਵਧ ਕੇ 3.06 ਫ਼ੀਸਦੀ ਹੋ ਗਈ ਹੈ।

ਕੁਸ਼ ਹਫ਼ਤਿਆਂ ਤਕ ਆਵੇਗੀ ਮੌਤ ਦਰ 'ਚ ਕਮੀ -

ਪੰਜਾਬ ਅੰਦਰ ਲੋਕਾਂ ਦਾ ਹਸਪਤਾਲਾਂ ਤੋਂ ਦੂਰੀ ਬਣਾਉਣਾ ਮੌਤਾਂ ਦਾ ਵੱਡਾ ਕਾਰਨ- ਤਲਵਾੜ

ਡਾ. ਕੇਕੇ ਤਲਵਾੜ ਦਾ ਕਹਿਣਾ ਹੈ ਕਿ ਅਗਲੇ ਇਕ-ਦੋ ਹਫ਼ਤਿਆਂ 'ਚ ਪੰਜਾਬ 'ਚ ਮੌਤ ਦਰ 'ਚ ਕਮੀ ਆਵੇਗੀ ਕਿਉਂਕਿ ਪੰਜਾਬ ਦੀ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਕਦੇ ਪੰਜਾਬ 'ਚ ਇਹ ਅਫ਼ਵਾਹ ਉਡਾ ਕੇ ਲੋਕਾਂ ਨੂੰ ਜਾਂਚ ਤੋਂ ਰੋਕਿਆ ਜਾਂਦਾ ਹੈ ਕਿ ਮਨੁੱਖੀ ਅੰਗ ਕੱਢ ਲਏ ਜਾਂਦੇ ਹਨ। ਪੰਜਾਬ 'ਚ ਸ਼ੂਗਰ ਤੇ ਦਿਲ ਦੇ ਮਰੀਜ਼ ਵੀ ਜ਼ਿਆਦਾ ਹਨ ਜਦਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਦੇ ਕਿਸਾਨ ਤੇ ਕਦੇ ਸਮਾਜਿਕ ਜਥੇਬੰਦੀਆਂ ਸੜਕਾਂ 'ਤੇ ਉਤਰ ਆਉਂਦੀਆਂ ਹਨ। ਇਹ ਵੀ ਦੇਖਿਆ ਗਿਆ ਕਿ ਲੋਕ ਪਹਿਲੇ ਪੜਾਅ 'ਚ ਟੈਸਟ ਕਰਵਾਉਣ ਤੋਂ ਡਰਦੇ ਰਹੇ। ਜਦੋਂ ਉਹ ਹਸਪਤਾਲ ਆਏ, ਉਦੋਂ ਤਕ ਸਥਿਤੀ ਕਾਫ਼ੀ ਵਿਗੜ ਚੁੱਕੀ ਸੀ। ਮੌਤ ਦਰ ਦੇ ਜ਼ਿਆਦਾ ਹੋਣ 'ਚ ਇਹ ਬਹੁਤ ਵੱਡਾ ਕਾਰਨ ਰਿਹਾ।

 

ਕਿਸਾਨ ਯੂਨੀਅਨ ਲੱਖੋਵਾਲ ਵਲੋਂ ਖੇਤੀ ਕਾਨੂੰਨਾਂ ਖਿਲਾਫ ਰਿਟ ਪਟੀਸ਼ਨ ਵਾਪਸ ਲੈਣ ਦਾ ਐਲਾਨ

ਫ਼ਤਹਿਗੜ੍ਹ ਸਾਹਿਬ, ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)- ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਾਇਰ ਕੀਤੀ ਰਿਟ ਪਟੀਸ਼ਨ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ। ਫ਼ਤਹਿਗੜ੍ਹ ਸਾਹਿਬ ਵਿਖੇ ਕਿਸਾਨਾਂ ਦੀਆਂ 13 ਜਥੇਬੰਦੀਆਂ ਦੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਹੈ।  

ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਤੇ ਜਥੇਬੰਦੀ ਵਿੱਚ ਸ਼ਾਮਲ ਹੋਏ ਡਾਕਟਰ ਸਾਥੀਆਂ ਦਾ  ਕੀਤਾ ਗਿਆ ਸਨਮਾਨ

ਟੋਲ ਪਲਾਜ਼ੇ ਤੇ ਲੱਗੇ ਕਿਸਾਨੀ ਧਰਨੇ ਵਿੱਚ ਵੀ ਕੀਤੀ ਸ਼ਮੂਲੀਅਤ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸੋਹੀ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ {295} ਦੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਡਾ .ਬਲਿਹਾਰ ਸਿੰਘ ਗੋਬਿੰਦਗੜ੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਕਮੇਟੀ ਮੈਂਬਰ ਡਾ ਕੇਸਰ ਖ਼ਾਨ ਮਾਂਗੇਵਾਲ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਚਾਨਣਾ ਪਾਇਆ ਅਤੇ ਪਿਛਲੇ ਸਮੇਂ ਦੌਰਾਨ ਜਥੇਬੰਦੀ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ । ਡਾ ਜਗਜੀਤ ਸਿੰਘ ਖ਼ਾਲਸਾ ਨੇ ਨਵੇਂ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਥੇਬੰਦੀ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ । ਡਾ ਮਿੱਠੂ ਮੁਹੰਮਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਜਨਰਲ ਸਕੱਤਰ ਡਾਕਟਰ ਜਸਵਿੰਦਰ ਕਾਲਖ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੰਘੀ 25 ਸਤੰਬਰ ਨੂੰ ਕਿਸਾਨੀ ਘੋਲਾਂ ਵਿੱਚ ਪੂਰੇ ਪੰਜਾਬ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਬਲਾਕਾਂ ਵਿੱਚ ਥਾਂ ਥਾਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਫਰੀ ਮੈਡੀਕਲ ਕੈਂਪ ਲਗਾਏ ਗਏ । ਉਨ੍ਹਾਂ ਹੋਰ ਕਿਹਾ ਕਿ ਸੂਬਾ ਕਮੇਟੀ ਦੇ ਹੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣਾ ਪੱਕੇ ਮੋਰਚਿਆਂ ਵਿੱਚ ਵੀ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਵੱਲੋਂ ਪੂਰੇ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਟੋਕਨ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ । ਅਖੀਰ ਵਿੱਚ ਜਥੇਬੰਦੀ ਵਿੱਚ ਸ਼ਾਮਲ ਹੋਏ ਡਾ.ਪਰਮਿੰਦਰ ਕੁਮਾਰ,ਡਾ. ਜਸਵੰਤ ਸਿੰਘ,ਡਾ.ਬਸ਼ੀਰ ਖਾਨ,ਡਾ ਪਰਮੇਸ਼ਵਰ ਸਿੰਘ,ਡਾ ਗਗਨਦੀਪ ਸ਼ਰਮਾ ਦਾ ਜਥੇਬੰਦੀ ਦੇ ਪ੍ਰਮਾਣ ਪੱਤਰ ਦੇ ਕੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਮੀਟਿੰਗ ਉਪਰੰਤ ਮਹਿਲ ਕਲਾਂ ਵਿਖੇ ਟੋਲ ਪਲਾਜ਼ੇ ਤੇ ਲੱਗੇ ਕਿਸਾਨੀ ਧਰਨੇ ਵਿੱਚ ਜਥੇਬੰਦੀ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਗਈ ।ਅਤੇ ਪੰਜਾਬ ਦੇ ਕਿਸਾਨ ਮਜ਼ਦੂਰ ਦੇ ਇਸ ਇਤਿਹਾਸਕਾਰੀ ਘੋਲਾਂ ਵਿੱਚ ਡਟ ਕੇ ਖੜ੍ਹਨ ਦਾ ਪ੍ਰਣ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ,ਸੁਖਪਾਲ ਸਿੰਘ,ਡਾ ਨਾਹਰ ਸਿੰਘ,ਡਾ ਬਲਦੇਵ ਸਿੰਘ,ਡਾ ਬਲਿਹਾਰ ਸਿੰਘ,ਡਾ ਜਗਜੀਤ ਸਿੰਘ,ਡਾ ਸੁਰਜੀਤ ਸਿੰਘ,ਡਾ ਸੁਖਵਿੰਦਰ ਸਿੰਘ ਬਾਪਲਾ,ਡਾ.ਕੇਸਰ ਖਾਨ,ਡਾ.ਮੁਕੁਲ ਸ਼ਰਮਾ,ਡਾ,ਮੁਹੰਮਦ ਸ਼ਕੀਲ,ਡਾ ਪਰਮਿੰਦਰ ਕੁਮਾਰ,ਡਾ ਸੁਖਵਿੰਦਰ ਸਿੰਘ ਠੁੱਲੀਵਾਲ,ਡਾ ਸੁਰਿੰਦਰਪਾਲ,ਡਾ ਗੁਰਚਰਨ ਦਾਸ,ਡਾ ਗੁਰਪਿੰਦਰ ਸਿੰਘ ਡਾ ਜਸਬੀਰ ਸਿੰਘ,ਡਾ ਧਰਵਿੰਦਰ ਸਿੰਘ, ਡਾ.ਬਸ਼ੀਰ ਖਾਨ,ਡਾ ਪਰਮੇਸ਼ਵਰ ਸਿੰਘ,ਡਾ ਗਗਨਦੀਪ ਸ਼ਰਮਾ ਆਦਿ ਹਾਜ਼ਰ ਸਨ।

ਗੱਦੇਦਾਰ ਸੀਟਾਂ 'ਤੇ ਬਹਿ ਕੇ ਪ੍ਰਦਰਸ਼ਨ ਨਹੀਂ ਹੁੰਦੇ, ਇਹ ਸਭ ਇਕ ਦਿਖਵਾ - ਪੁਰੀ

 

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-    ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੰਜਾਬ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਚੱਲ ਰਹੀ ਤਿੰਨ ਦਿਨਾ ਟ੍ਰੈਕਟਰ ਯਾਤਰਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਟ੍ਰੈਕਟਰ 'ਤੇ ਗੱਦੇਦਾਰ ਸੀਟਾਂ ਲਾ ਕੇ ਪ੍ਰਦਰਸ਼ਨ ਨਹੀਂ ਹੁੰਦੇ। ਰਾਹੁਲ ਗਾਂਧੀ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਟ੍ਰੈਕਟਰ ਯਾਤਰਾ ਕੱਢ ਰਹੇ ਹਨ। ਪੁਰੀ, ਜੋ ਦੋ ਦਿਨ ਪਹਿਲਾਂ ਚੰਡੀਗੜ੍ਹ ਵਿਚ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਚੀਜ਼ਾਂ ਸਪੱਸ਼ਟ ਕਰਨ ਆਏ ਸਨ ਨੇ ਸੋਮਵਾਰ ਨੂੰ ਅਖ਼ਬਾਰਾਂ ਵਿਚ ਰਾਹੁਲ ਗਾਂਧੀ ਦੀ ਟ੍ਰੈਕਟਰ 'ਤੇ ਗੱਦੇਦਾਰ ਸੀਟਾਂ ਲਾ ਕੇ ਬੈਠਣ 'ਤੇ ਟਿੱਪਣੀ ਕਰਦਿਆਂ ਟਵੀਟ ਕੀਤਾ ਕਿ ਕਾਂਗਰਸ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਨੇ ਇਸ ਨੂੰ ਸਿਆਸੀ ਪ੍ਰਦਰਸ਼ਨ ਕਰਾਰ ਦਿੱਤਾ। ਉਨ੍ਹਾਂ ਇਸ ਨੂੰ 'ਪ੍ਰਰੋਟੈਸਟ ਟੂਰਜ਼ਿਮ' ਦੱਸਦਿਆਂ ਕਿਹਾ ਕਿ ਇਹ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ ਜਦਕਿ ਕਿਸਾਨ ਆਪਣੇ ਹਿੱਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਚ ਤਿੰਨ ਦਿਨਾ ਤੇ ਹਰਿਆਣੇ ਵਿਚ ਦੋ ਦਿਨਾ ਟੈ੍ਕਟਰ ਯਾਤਰਾ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਅੱਜ ਦੂਜਾ ਦਿਨ ਸੀ।

SGPC ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 328 ਸਰੂਪਾਂ ਸਬੰਧੀ 1000 ਪੰਨਿਆਂ ਦੀ ਰਿਪੋਰਟ ਕੀਤੀ ਜਨਤਕ

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸਬੰਧੀ ਜਾਂਚ ਕਮਿਸ਼ਨ ਦੀ ਮੁਕੰਮਲ 1000 ਪੰਨਿਆਂ ਦੀ ਰਿਪਰੋਟ ਜਨਤਕ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਜਾਂਚ ਰਿਪੋਰਟ ਜਾਰੀ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਏ ਗਏ ਜਾਂਚ ਕਮਿਸ਼ਨ ਦੀ ਇਹ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ’ਤੇ ਹਰ ਇਕ ਵਿਅਕਤੀ ਲਈ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਰਿਪੋਰਟ ਅਨੁਸਾਰ ਜਿਨ੍ਹਾਂ ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਗਿਆ ਸੀ, ਸਖਤ ਕਾਰਵਾਈ ਕੀਤੀ ਜਾ ਚੁੱਕੀ ਹੈ। ਜਾਂਚ ਰਿਪੋਰਟ ਦਾ ਉਹ ਸੰਖੇਪ ਵੇਰਵਾ 10 ਪੰਨਿਆਂ ਦਾ ਪਹਿਲਾਂ ਹੀ ਜਨਤਕ ਕੀਤਾ ਜਾ ਚੁੱਕਾ ਹੈ ਅਤੇ ਹੁਣ ਸਮੁੱਚੀ ਜਾਂਚ ਰਿਪੋਰਟ ਵੀ ਵੈੱਬਸਾਈਟ ’ਤੇ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਸਥਾਰਤ ਜਾਂਚ ਰਿਪੋਰਟ ਕਰੀਬ ਇਕ ਹਜ਼ਾਰ ਪੰਨਿਆਂ ਦੀ ਹੈ, ਜਿਸ ਨੂੰ ਸਕੈਨ ਕਰਕੇ ਵੈੱਬਸਾਈਟ ’ਤੇ ਪਾਇਆ ਜਾਵੇਗਾ। ਇਹ ਰਿਪਰੋਟ ਭਲਕ ਤੱਕ ਸੰਗਤਾਂ ਲਈ ਉਪਲੱਬਧ ਹੋ ਜਾਵੇਗੀ। ਭਾਈ ਲੌਂਗੋਵਾਲ ਅਨੁਸਾਰ ਰਿਪੋਰਟ ਦੇ ਪਹਿਲੇ ਭਾਗ ਵਿਚ ਲਗਭਗ 680 ਪੰਨਿਆਂ ਤੱਕ ਵੱਖ-ਵੱਖ ਲੋਕਾਂ ਦੇ ਬਿਆਨ ਅਤੇ ਹੋਰ ਦਸਤਾਵੇਜ਼ ਹਨ, ਜਦਕਿ ਅੰਤਲੇ ਭਾਗ ਵਿਚ ਜਾਂਚ ਕਮਿਸ਼ਨ ਵੱਲੋਂ ਰਿਪੋਰਟ ਦਿੱਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਤੇ ਪਰਮਜੀਤ ਸਿੰਘ ਸਰੋਆ, ਕੁਲਵਿੰਦਰ ਸਿੰਘ ਰਮਦਾਸ, ਗੁਰਿੰਦਰ ਸਿੰਘ ਮਥਰੇਵਾਲ, ਦਰਸ਼ਨ ਸਿੰਘ ਪੀਏ ਆਦਿ ਮੌਜੂਦ ਸਨ। 

ਪੰਜਾਬ 'ਚ ਸਿਹਤ ਵਿਭਾਗ ਦੇ ਕੋਵਿਡ ਕੇਅਰ ਸੈਂਟਰ ਬੰਦ

ਜਾਨ ਨੂੰ ਖਤਰੇ ਵਿਚ ਪਾ ਕੇ ਕੰਮ ਕਰਨ ਵਾਲੇ ਵਲੰਟੀਅਰਾਂ ਦੀ ਕੀਤੀ ਛੁੱਟੀ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਸਿਹਤ ਵਿਭਾਗ ਨੇ ਕੋਵਿਡ ਕੇਅਰ ਸੈਂਟਰ ਬੰਦ ਕਰ ਦਿੱਤੇ ਹਨ। ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੰਮ ਕਰਨ ਵਾਲੇ ਵਲੰਟੀਅਰ ਸਟਾਫ ਦੀਆਂ ਸੇਵਾਵਾਂ ਵੀ ਖ਼ਤਮ ਕਰ ਦਿੱਤੀਆਂ ਗਈਆਂ ਹਨ। ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ, ਨੋਡਲ ਅਫਸਰਾਂ ਅਤੇ ਕੋਵਿਡ ਕੇਅਰ ਸੈਟਰਾਂ ਦੇ ਇੰਚਾਰਜਾਂ ਨੂੰ ਜਾਰੀ ਕੀਤੇ ਪੱਤਰ ਵਿਚ ਸੋਮਵਾਰ ਨੂੰ ਤੁਰੰਤ ਪ੍ਰਭਾਵ ਨਾਲ ਕੋਵਿਡ ਕੇਅਰ ਸੈਂਟਰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੱਤਰ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸੋਮਵਾਰ ਤੋਂ ਬਾਅਦ ਕੋਵਿਡ ਕੇਅਰ ਸੈਂਟਰ ਦਾ ਕੋਈ ਵੀ ਵਿੱਤੀ ਖ਼ਰਚਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਕੋਵਿਡ ਕੇਅਰ ਸੈਂਟਰ ਬੰਦ ਕਰਨ ਪਿੱਛੇ ਮਰੀਜ਼ਾਂ ਆਮਦ ਘੱਟ ਹੋਣ ਦੀ ਦਲੀਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੋਵਿਡ ਕੇਅਰ ਸੈਂਟਰ ਵਿਚ ਮਰੀਜ਼ਾਂ ਨੂੰ ਲੇਵਲ 2 ਸਰਕਾਰੀ ਹਸਪਤਾਲਾਂ ਵਿਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੈਡੀਕਲ ਨਾਲ ਸਬੰਧਿਤ ਸਾਰਾ ਸਾਮਾਨ, ਵੀਲ੍ਹ ਚੇਅਰ, ਟਰਾਲੀ ਤੇ ਕਲੀਨਿਕ ਵਿਚ ਵਰਤਣਯੋਗ ਸਮਾਨ ਜ਼ਿਲ੍ਹਾ ਹਸਪਤਾਲ ਵਿਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੇਵਲ ਇਕ ਕੋਵਿਡ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦੀ ਆਮਦ ਘੱਟ ਗਈ ਸੀ। ਇਨ੍ਹਾਂ ਸੈਂਟਰਾਂ ਵਿਚ ਸਾਧਾਰਨ ਲੱਛਣ ਵਾਲੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ। ਪਿਛਲੇ ਦਿਨਾਂ ਦੌਰਾਨ ਸਰਕਾਰ ਨੇ ਸ਼ੱਕੀ ਮਰੀਜ਼ਾਂ ਨੂੰ ਘਰਾਂ ਵਿਚ ਕੁਆਰੰਟਾਈਨ ਹੋਣ ਦੀ ਆਗਿਆ ਦੇ ਦਿੱਤੀ ਹੈ ਜਿਸ ਕਾਰਨ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਦੀ ਹੁਣ ਜ਼ਰੂਰਤ ਨਹੀਂ ਰਹਿ ਗਈ।

ਕਿਸਾਨਾਂ ਦੀ ਸਹੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ- ਦਵਿੰਦਰ ਸਿੰਘ ਬੀਹਲਾ 

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸੋਹੀ) ਜੇਕਰ ਕਿਸਾਨਾਂ ਦੀ ਅਗਵਾਈ ਕੋਈ ਪਾਰਟੀ ਕਰ ਸਕਦੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ।ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਸਮੇਂ ਜੁੜੇ ਇਕੱਠ ਅਤੇ ਗੱਡੀਆਂ ਦੇ ਕਾਫਲੇ ਨੇ ਮੋਦੀ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਤੇ ਜਲਦ ਹੀ ਸੰਘਰਸ਼ ਜਿੱਤ ਲਿਆ ਜਾਵੇਗਾ ।ਉਕਤ ਵਿਚਾਰ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਫਲੇ ਚ ਜੁੜੀਆਂ ਗੱਡੀਆਂ ਨੂੰ ਦੇਖਦਿਆਂ ਕਾਂਗਰਸ ਬੁਖਲਾਹਟ ਚ ਆ ਗਈ ਹੈ । ਅਕਾਲੀ ਦਲ ਦੀ ਰੀਸ ਕਰਦਿਆਂ ਕਾਂਗਰਸ ਨੇ ਟਰੈਕਟਰ ਮਾਰਚ ਕੀਤਾ ਜਿਸ ਦੀ ਅਗਵਾਈ ਰਾਹੁਲ ਗਾਂਧੀ ਕਰ ਰਹੇ ਹਨ।ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਪਿੰਡਾਂ ਚ ਆਉਣ ਤੋਂ ਡਰ ਰਹੀ ਹੈ।ਜਿਸ ਕਰਕੇ ਰਾਹੁਲ ਨੂੰ ਪੰਜਾਬ ਸੱਦ ਕੇ ਜ਼ੈੱਡ ਪਲੱਸ ਸੁਰੱਖਿਆ ਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ।ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਦੀ ਕਾਰਜਕਾਰੀ ਤੇ ਸਵਾਲ ਉਠਾ ਰਹੇ ਹਨ ਜਿਸ ਨਾਲ ਕਾਂਗਰਸ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ ।ਕਾਂਗਰਸ ਪਾਰਟੀ ਕਿਸਾਨਾਂ ਨੂੰ ਲੈ ਕੇ ਗੰਭੀਰ ਨਹੀਂ ਸਿਰਫ ਆਪਣੀ  ਰਾਜਨੀਤਕ ਸਾਖ਼ ਬਚਾਉਣ ਦੀ ਲੜਾਈ ਲੜ ਰਹੇ ਹਨ।ਜਦਕਿ ਅਕਾਲੀ ਦਲ ਕਈ ਵੱਡੇ ਫ਼ੈਸਲੇ ਲੈ ਕੇ ਕਿਸਾਨ ਅਤੇ ਅਸੀਂ ਹੋਣ ਦਾ ਸਬੂਤ ਦਿੱਤਾ ਹੈ।ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕੇਜਰੀਵਾਲ ਦਾ ਦੋਗਲਾਪਣ ਸਾਹਮਣੇ ਆ ਗਿਆ ਹੈ ਕਿਉਂਕਿ ਉਸ ਨੇ ਇੱਕ ਵੀ ਸ਼ਬਦ ਦੇ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਨਹੀਂ ਕਹੇ।ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਕਾਂਗਰਸ ਦੀ ਬੀ ਟੀਮ ਹੈ ।ਪੰਜਾਬ ਚ ਆਮ ਆਦਮੀ ਪਾਰਟੀ ਦਾ ਵਜੂਦ ਬਿਲਕੁਲ ਖਤਮ ਹੋ ਚੁੱਕਾ ਹੈ ।ਇਸ ਲਈ ਕਿਸਾਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਨਾਲ ਰਾਬਤਾ ਬਣਾ ਕੇ ਇਕਜੁੱਟ ਹੋ ਕੇ ਲੜਨਾ ਚਾਹੀਦਾ ਹੈ ਤਾਂ ਜੋ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਜਾ ਸਕੇ । ਇਸ ਲਈ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੇ ਗਏ ਆਰਡੀਨੈਂਸ ਵਾਪਸ ਹੋ ਸਕਣ ।

ਐੱਸ ਡੀ ਐੱਮ ਸਾਹਿਬ ਬਰਨਾਲਾ ਨੂੰ ਮਿਲਿਆ ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦਾ ਵਫਦ..

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸੋਹੀ) ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦਾ ਇਕ ਵਫਦ ਪ੍ਰਧਾਨ ਗਗਨ ਸਰਾਂ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੀਆਂ ਨਵੀਆਂ ਦੁਕਾਨਾਂ ਦੇ ਡਰਾਅ ਕਢਵਾਉਣ ਸਬੰਧੀ ਐੱਸ ਡੀ ਐੱਮ ਸਾਹਿਬ ਬਰਨਾਲਾ ਨੂੰ ਮਿਲਿਆ।  ਦੁਕਾਨਦਾਰ ਯੂਨੀਅਨ ਵਫ਼ਦ ਨੇ ਐਸਡੀਐਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ 25 ਫਰਵਰੀ 2020 ਨੂੰ  ਪੰਚਾਇਤ ਸੰਮਤੀ ਮਹਿਲ ਕਲਾਂ ਵੱਲੋਂ ਆਪਣੀ ਮਾਲਕੀ ਦੀ ਜਗ੍ਹਾ ਤੇ ਦੁਕਾਨਾਂ ਦੀ ਉਸਾਰੀ ਕਰਕੇ ਲੱਕੀ ਡਰਾਅ ਰਾਹੀਂ ਲੀਜ਼ ਤੇ ਦੇਣ ਸਬੰਧੀ ਇੱਕ ਇਸ਼ਤਿਹਾਰ ਅਖ਼ਬਾਰ ਵਿੱਚ ਦਿੱਤਾ ਗਿਆ ਸੀ,ਜਿਸ ਰਾਹੀਂ ਦੁਕਾਨਦਾਰਾਂ ਪਾਸੋਂ ਪੰਜਾਹ ਹਜ਼ਾਰ ਰੁਪਏ ਬਤੌਰ ਸਕਿਊਰਿਟੀ ਕਾਰਜ ਸਾਧਕ ਅਫ਼ਸਰ ਪੰਚਾਇਤ ਸੰਮਤੀ ਮਹਿਲ ਕਲਾਂ ਦੇ ਨਾਮ ਪਰ  ਜਮ੍ਹਾਂ ਕਰਵਾਏ ਗਏ ਸਨ । ਪ੍ਰੰਤੂ ਹੁਣ 9 ਮਹੀਨੇ ਬੀਤ ਜਾਣ ਤੇ ਵੀ ਦੁਕਾਨਦਾਰ ਸ਼ਸ਼ੋਪੰਜ ਵਿਚ ਪਏ ਹੋਏ ਸਨ ।  ਇਸ ਸਬੰਧੀ ਐਸਡੀਐਮ ਸਾਹਿਬ ਨੇ ਵਫ਼ਦ ਨੂੰ ਭਰੋਸੇ ਵਿੱਚ ਲੈਂਦਿਆਂ ਤੁਰੰਤ ਹੀ ਬੀਡੀਪੀਓ ਮਹਿਲ ਕਲਾਂ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਐੱਸ ਡੀ ਐੱਮ ਸਾਹਿਬ ਨੇ ਬੀਡੀਪੀਓ ਮਹਿਲ ਕਲਾਂ ਨੂੰ ਤੁਰੰਤ ਹਦਾਇਤ ਕੀਤੀ ਕਿ ਇਨ੍ਹਾਂ ਨਵੀਆਂ ਦੁਕਾਨਾਂ ਦੇ ਡਰਾਅ ਕੱਢਣ ਸਬੰਧੀ ਜੋ ਵੀ ਕਾਰਵਾਈ ਹੈ,ਉਹ ਛੇਤੀ ਤੋਂ ਛੇਤੀ ਅਮਲ ਵਿਚ ਲਿਆ ਕੇ ਮੁਕੰਮਲ ਕੀਤੀ ਜਾਵੇ। ਐਸ ਡੀ ਐਮ ਸਾਹਿਬ ਬਰਨਾਲਾ ਨੇ  ਸਮੂਹ ਦੁਕਾਨਦਾਰ ਯੂਨੀਅਨ  ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਜਲਦੀ ਤੋਂ ਜਲਦੀ ਇਨ੍ਹਾਂ ਨਵੀਆਂ ਦੁਕਾਨਾਂ ਦੇ ਡਰਾਅ ਕੱਢਣ ਸਬੰਧੀ ਕਾਰਵਾਈ ਕਰਾਂਗਾ। ਇਸ ਮੌਕੇ ਸਮੂਹ ਦੁਕਾਨਦਾਰ ਭਾਈਚਾਰੇ ਵੱਲੋਂ ਪ੍ਰਧਾਨ ਗਗਨ ਸਰਾਂ, ਪ੍ਰਿੰਸ ਅਰੋੜਾ,ਪੰਕਜ ਬਾਂਸਲ,ਪ੍ਰਦੀਪ ਵਰਮਾ,ਜਸਪਾਲ ਵਰਮਾ,ਹਰਦੀਪ ਸਿੰਘ ਬੀਹਲਾ ਆਦਿ ਦੁਕਾਨਦਾਰ ਯੂਨੀਅਨ ਦੇ ਆਗੂ ਹਾਜ਼ਰ ਸਨ ।

ਗੱਦਾਰ' ਅਕਾਲੀਆਂ ਨਾਲ ਤਾਂ ਪੰਜਾਬੀ ਨਿਪਟ ਲੈਣਗੇ, ਤੁਸੀਂ ਕੇਂਦਰ ਦੀ ਭਾਜਪਾ ਸਰਕਾਰ ਨਾਲ ਨਜਿੱਠੋ-ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਕਿਹਾ

ਕਾਂਗਰਸ ਦੀ ਟਰੈਕਟਰ ਰੈਲੀ ਨੂੰ ਪਹਿਲੇ ਦਿਨ ਕਿਸਾਨਾਂ ਦਾ ਜੋਰਦਾਰ ਸਮਰਥਨ

ਰਾਹੁਲ ਗਾਂਧੀ ਨੂੰ ਪੰਜਾਬ ਦੀ ਮਿੱਟੀ ਭੇਟ

ਜੱਟਪੁਰਾ/ਰਾਏਕੋਟ , ਅਕਤੂਬਰ 2020 ( ਗੁਰਸੇਵਕ ਸਿੰਘ ਸੋਹੀ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਨਾਲ ਦਗੇਬਾਜ਼ੀ ਕਮਾਉਣ ਲਈ ਅਕਾਲੀਆਂ ਉਤੇ ਵਰ੍ਹਦਿਆਂ ਆਖਿਆ ਕਿ ਇਹਨਾਂ 'ਗੱਦਾਰਾਂ' ਨਾਲ ਤਾਂ ਪੰਜਾਬ ਦੇ ਲੋਕ ਸਿੱਝ ਲੈਣਗੇ ਜਦਕਿ ਅਸਲ ਲੜਾਈ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਹੈ ਜੋ ਇਹਨਾਂ ਘਾਤਕ ਖੇਤੀ ਕਾਨੂੰਨਾਂ ਨਾਲ ਕਿਸਾਨੀ ਨੂੰ ਤਬਾਹ ਕਰਨ ਉਤੇ ਤੁਲੀ ਹੋਈ ਹੈ। ਰਾਹੁਲ ਗਾਂਧੀ ਦੀ ਖੇਤੀ ਬਚਾਓ ਯਾਤਰਾ ਦੇ ਪਹਿਲੇ ਦਿਨ ਦੀ ਸਮਾਪਤੀ ਮਗਰੋਂ ਜੱਟਪੁਰੇ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਜੋ ਵੀ ਕਦਮ ਚੁੱਕਣੇ, ਪਏ ਚੁੱਕੇਗੀ ਅਤੇ ਅਕਾਲੀਆਂ ਦੇ ਦੋਗਲੇਪਣ ਦਾ ਪਰਦਾਫਾਸ਼ ਕਰੇਗੀ ਜਦਕਿ ਕਾਂਗਰਸ ਪਾਰਟੀ ਮੋਦੀ ਸਰਕਾਰ ਵਿਰੁੱਧ ਅਪਣੀ ਲੜਾਈ ਜਾਰੀ ਰਖੇਗੀ। ਮੁੱਖ ਮੰਤਰੀ ਨੇ ਰਾਹੁਲ ਗਾਂਧੀ ਵਲੋਂ ਇਸ ਔਖੀ ਘੜੀ ਵਿਚ ਕਿਸਾਨਾਂ ਨਾਲ ਖੜ੍ਹਨ ਲਈ ਉਹਨਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਸੀਂ ਇੱਥੇ ਅਕਾਲੀਆਂ ਨਾਲ ਸਿੱਝ ਲਵਾਂਗੇ ਪਰ ਮੈ ਰਾਹੁਲ ਗਾਂਧੀ ਨੂੰ ਕੇਂਦਰ ਸਰਕਾਰ ਨਾਲ ਟੱਕਰ ਲੈਣ ਅਤੇ ਪ੍ਰਧਾਨ ਮੰਤਰੀ ਬਣਨ ਮੌਕੇ ਇਹਨਾਂ ਨਵੇਂ ਕਾਨੂੰਨਾਂ ਨੂੰ ਰੱਦ ਕਰ ਦੇਣ ਦੀ ਅਪੀਲ ਕਰਦਾਂ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਖੇਤੀਬਾੜੀ ਹੁੰਦੀ ਕੀ ਹੈ ਅਤੇ ਉਹ ਆਪਣੇ ਪੂੰਜੀਪਤੀ ਮਿੱਤਰਾਂ ਦੇ ਫਾਇਦੇ ਲਈ ਆੜ੍ਹਤੀਆਂ ਅਤੇ ਕਿਸਾਨਾਂ ਦਰਮਿਆਨ ਸਦੀਆਂ ਪੁਰਾਣੇ ਰਿਸ਼ਤੇ ਤੋੜਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ 70 ਫੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ ਅਤੇ ਇਹਨਾਂ ਵਿਚੋਂ ਵੀ ਢਾਈ ਏਕੜ ਤੋਂ ਘੱਟ ਵਾਲੇ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਸੱਤਾ ਵਿਚ ਬੈਠੇ ਲੋਕਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਇਲਮ ਨਹੀਂ ਹੈ ਜਦਕਿ ਕਿਸਾਨਾਂ ਨੇ ਦਹਾਕਿਆਂ ਤੋਂ ਮੁਲਕ ਦਾ ਢਿੱਡ ਭਰਿਆ ਅਤੇ ਇਹ ਯਕੀਨੀ ਬਣਾਇਆ ਕਿ ਮੁਲਕ ਨੂੰ ਅਨਾਜ ਲਈ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ ਜਿਵੇਂ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਹੁੰਦਾ ਆਇਆ ਹੈ। ਸੁਖਬੀਰ ਬਾਦਲ ਵੱਲੋਂ ਐਨ.ਡੀ.ਏ. ਨਾਲੋਂ ਨਾਤਾ ਤੋੜਣ ਨੂੰ ਕਿਸਾਨਾਂ ਲਈ ਕੁਰਬਾਨੀ ਦੇ ਕੀਤੇ ਜਾ ਰਹੇ ਦਾਅਵੇ ਉਤੇ ਤਨਜ਼ ਕੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੂੰ ਕੀ ਪਤਾ ਕਿ ਕੁਰਬਾਨੀ ਕੀ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਅਤੇ ਬੇਚੈਨੀ ਦਾ ਸਾਹਮਣਾ ਕਰਨ ਮੌਕੇ ਇਹਨਾਂ ਨੇ ਜੋ ਕੀਤਾ, ਉਹ ਸਿਰਫ ਆਪਣੀ ਸਿਆਸੀ ਹੋਂਦ ਬਚਾਉਣ ਲਈ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਲੜਾਈ ਲੜੇਗੀ ਅਤੇ ਅਕਾਲੀਆਂ ਦਾ ਪਰਦਾਫਾਸ਼ ਕਰੇਗੀ ਜਿਹਨਾਂ ਨੂੰ ਪੰਜਾਬ ਦੇ ਲੋਕ ਰੱਦ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਕੇਂਦਰ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਉਤੇ ਕਾਲੇ ਕਾਨੂੰਨ ਰੱਦ ਕਰਨ ਦਾ ਵਾਅਦਾ ਕੀਤਾ ਹੈ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਇਹ ਛੇਤੀ ਹੀ ਵਾਪਰੇਗਾ। ਰਾਹੁਲ ਗਾਂਧੀ ਨੇ ਆਪਣੀ ਤਕਰੀਰ ਵਿਚ ਪ੍ਰਧਾਨ ਮੰਤਰੀ ਵੱਲੋਂ ਅਡਾਨੀਆਂ ਅਤੇ ਅੰਬਾਨੀਆਂ ਦੇ ਹੁਕਮਾਂ ਉਤੇ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਛੋਟੇ ਉਦਯੋਗਾਂ ਆਦਿ ਨੂੰ ਤਬਾਹੀ ਦੇ ਕੰਢੇ ਪਹੁੰਚ ਦੇਣ ਦੀ ਸਖ਼ਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਨੋਟਬੰਦੀ ਦੌਰਾਨ ਮੋਦੀ ਦੇ ਅਰਬਾਂਪਤੀ ਮਿੱਤਰਾਂ ਨੂੰ ਕਤਾਰਾਂ ਵਿਚ ਨਹੀਂ ਖੜ੍ਹਨਾ ਪਿਆ ਅਤੇ ਇੱਥੋਂ ਤੱਕ ਕਿ ਕੋਵਿਡ ਦੇ ਦੌਰਾਨ ਵੀ ਉਹਨਾਂ ਦੇ ਟੈਕਸ ਅਤੇ ਕਰਜੇ ਮੁਆਫ ਕਰ ਦਿੱਤੇ ਜਦਕਿ ਗਰੀਬ ਅਜੇ ਵੀ ਧੱਕੇ ਖਾ ਰਿਹਾ ਹੈ। ਉਹਨਾਂ ਕਿਹਾ ਕਿ ਛੋਟੇ ਵਪਾਰੀਆਂ ਨੂੰ ਅਜੇ ਵੀ ਨਹੀਂ ਪਤਾ ਕਿ ਜੀ.ਐਸ.ਟੀ ਕੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸੜਕਾਂ, ਜਿਹਨਾਂ ਨੂੰ ਕਿਸਾਨ ਆਪਣੀ ਫਸਲ ਮੰਡੀਆਂ ਵਿਚ ਲਿਜਾਣ ਲਈ ਵਰਤਦੇ ਹਨ, ਅਡਾਨੀਆਂ ਅਤੇ ਅੰਬਾਨੀਆਂ ਨੇ ਨਹੀਂ ਬਣਾਈਆਂ ਸਗੋਂ ਮੰਡੀ ਫੀਸ ਆਦਿ ਦੀ ਕਮਾਈ ਨਾਲ ਬਣਾਈਆਂ ਗਈਆਂ ਹਨ। ਉਹਨਾਂ ਨੇ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਇਹਨਾਂ ਨਵੇਂ ਕਾਨੂੰਨਾਂ ਨਾਲ ਮੰਡੀਆਂ ਖਤਮ ਹੋ ਜਾਣਗੀਆਂ ਅਤੇ ਉਹਨਾਂ ਲਈ ਆਪਣਾ ਅਨਾਜ ਵੇਚਣ ਲਈ ਜਿੱਥੇ ਵੀ ਜਾਣਾ ਹੋਵੇ, ਉਸ ਲਈ ਕੋਈ ਰਾਹ ਨਹੀਂ ਬਚੇਗਾ।  ਜੱਟਪੁਰਾ ਵਿਖੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਏਕੋਟ ਹਲਕੇ ਦੀਆਂ ਸਮੂਹ ਪੰਚਾਇਤਾਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਪਾਸ ਕੀਤੇ ਮਤੇ ਵੀ ਸੌਂਪੇ ਗਏ। ਲੰਮਾਂ ਜੱਟਪੁਰਾ ਵਿਖੇ ਫਤਿਹਗੜ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਯੂਥ ਕਾਂਗਰਸ ਆਗੂ ਸ੍ਰੀ ਕਾਮਿਲ ਬੋਪਾਰਾਏ ਦੀ ਅਗਵਾਈ ਵਿੱਚ ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਨੂੰ ਸਾਰੇ ਰਾਏਕੋਟ ਹਲਕਿਆਂ ਦੀਆਂ ਪੰਚਾਇਤਾਂ ਵੱਲੋਂ ਕਾਲੇ ਕਾਨੂੰਨਾਂ ਵਿਰੁੱਧ ਮਤੇ ਸੌਂਪੇ ਗਏ। ਇਸ ਤੋਂ ਪਹਿਲਾਂ ਚਕਰ, ਲੱਖਾ ਅਤੇ ਮਾਣੂੰਕੇ ਪਿੰਡਾਂ ਵਿਚੋਂ ਟਰੈਕਟਰ ਰਾਹੀਂ ਲੰਘਦੇ ਹੋਏ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਮਿਲੇ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਲੜਾਈ ਵਿਚ ਕਾਂਗਰਸ ਪਾਰਟੀ ਦਾ ਪੂਰਾ ਸਮਰਥਨ ਕਿਸਾਨਾਂ ਨਾਲ ਹੈ। 'ਕਿਸਾਨ ਬਚਾਓ, ਖੇਤੀ ਬਚਾਓ' ਰੈਲੀ ਦੌਰਾਨ ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਉਹ ਹਰ ਕਦਮ ਚੁੱਕੇਗੀ ਜੋ ਕਿਸਾਨੀ ਨੂੰ ਬਚਾਉਣ ਲਈ ਜ਼ਰੂਰੀ ਹੋਵੇਗਾ, ਇਸ ਵਿਚ ਕਾਨੂੰਨੀ ਵਿਕਲਪ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਕੇਂਦਰ ਸਰਕਾਰ ਗਲਵਾਨ ਘਾਟੀ ਵਿਚ ਚੀਨ ਖਿਲਾਫ ਲੜਦਿਆਂ ਪੰਜਾਬੀ ਫੌਜੀਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਭੁੱਲ ਗਈ ਹੈ ਪਰ ਉਹ ਇਨ੍ਹਾਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇਣਗੇ ਜਿੱਦਾਂ ਕਿ ਭਾਜਪਾ ਕਰ ਰਹੀ ਹੈ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਰਾਹੁਲ ਨੂੰ 'ਪੰਜਾਬ ਦੀ ਮਿੱਟੀ' ਭੇਟ ਕਰਦਿਆਂ ਮੰਗ ਕੀਤੀ ਕਿ ਉਹ ਪ੍ਰਧਾਨ ਮੰਤਰੀ ਵੱਲੋਂ ਥੋਪੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਪੰਜਾਬ ਨੂੰ ਅਤੇ ਕਿਸਾਨਾਂ ਨੂੰ ਬਚਾਉਣ ਲਈ ਜ਼ੋਰਦਾਰ ਹੰਭਲਾ ਮਾਰਨ। ਬਿੱਟੂ ਨੇ ਕਿਹਾ ਕਿ ਪੰਜਾਬ, ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਰੋਜ਼ਾਨਾ ਘੱਟੋਂ-ਘੱਟ 40-50 ਰੇਲਾਂ ਅਨਾਜ ਦੀਆਂ ਭਰ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜੀਆਂ ਜਾਂਦੀਆਂ ਹਨ ਤਾਂ ਜੋ ਕੋਈ ਭੁੱਖਾ ਨਾ ਰਹੇ। ਡਾ: ਅਮਰ ਸਿੰਘ ਵੱਲੋਂ ਸ੍ਰੀ ਰਾਹੁਲ ਗਾਂਧੀ ਨੂੰ ਭਰੋਸਾ ਦਿਵਾਇਆ ਕਿ ਪੰਜਾਬੀ ਹਮੇਸ਼ਾਂ ਹੀ ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਖੜੇ ਹਨ। ਉਨ੍ਹਾਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਸਖ਼ਤ ਸਟੈਂਡ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ। ਇਹ ਟਰੈਕਟਰ ਰੈਲੀ ਜਿਨ੍ਹਾਂ ਪਿੰਡਾਂ ਵਿੱਚੋਂ ਵੀ ਲੰਘੀ, ਲੋਕਾਂ ਨੇ ਇਸ ਦਾ ਭਰਪੂਰ ਸਵਾਗਤ ਕੀਤਾ ਖਾਸ ਤੌਰ 'ਤੇ ਔਰਤਾਂ ਅਤੇ ਨੌਜਵਾਨਾਂ ਨੇ ਖਾਸਾ ਉਤਸ਼ਾਹ ਵਿਖਾਇਆ। ਕਈ ਥਾਂਵਾਂ 'ਤੇ ਲੋਕਾਂ ਨੇ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆਂ ਸਨ ਜਿਨ੍ਹਾਂ 'ਤੇ ਲਿਖਿਆ ਸੀ 'ਪੰਜਾਬ ਦੇ ਪਾਣੀਆਂ ਦਾ ਰਾਖਾ ਕੈਪਟਨ ਹੁਣ ਕਿਸਾਨੀ ਦਾ ਰਾਖਾ ਬਣੂੰਗਾ।' ਲੋਪੋਂ ਪਿੰਡ ਵਿਚ ਰਾਹੁਲ ਗਾਂਧੀ ਨੂੰ ਸੰਤ ਦਰਬਾਰ ਸੰਪਰਦਾਏ ਵੱਲੋਂ ਸਿਰੋਪਾ ਦਿੱਤਾ ਗਿਆ। ਮਾਣੂੰਕੇ ਪਿੰਡ ਵਿਚ ਰਾਹੁਲ ਮੱਕੀ ਕਾਸ਼ਤਕਾਰਾਂ ਭੁਪਿੰਦਰ ਸਿੰਘ ਪੱਪੂ ਅਤੇ ਰਣਜੀਤ ਸਿੰਘ ਨੂੰ ਮਿਲਿਆ ਜਿਨ੍ਹਾਂ ਨੇ ਕਿਸਾਨਾਂ ਤਰਫੋਂ ਰਾਹੁਲ ਦਾ ਧੰਨਵਾਦ ਪ੍ਰਗਟਾਉਣ ਲਈ ਉਸ ਨੂੰ ਛੱਲੀ ਭੇਟ ਕੀਤੀ। ਆੜ੍ਹਤੀ ਐਸੋਸੀਏਸ਼ਨ ਤਰਫੋਂ ਵਿਜੇ ਕਾਲੜਾ ਨੇ ਰਾਹੁਲ ਗਾਂਧੀ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਆੜ੍ਹਤੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਬਤ ਦੱਸਿਆ ਅਤੇ ਰਾਹੁਲ ਨੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਇਨ੍ਹਾਂ ਬਰਬਰ ਕਾਨੂੰਨਾਂ ਖਿਲਾਫ ਦੀ ਪੂਰੇ ਜ਼ੋਰਦਾਰ ਤਰੀਕੇ ਨਾਲ ਮੁਖਾਲਫਤ ਕਰੇਗੀ। ਟਰੈਕਟਰਾਂ ਦਾ ਇਹ ਕਾਫਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਦੀਪੇਂਦਰ ਹੂਡਾ ਦੀ ਅਗਵਾਈ ਵਿਚ ਸੀ ਅਤੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨਾਲ ਟਰੈਕਟਰ 'ਤੇ ਬੈਠੇ ਸਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਅਤੇ ਕੇਸੀ ਵੇਨੂਗੋਪਾਲ, ਪੰਜਾਬ ਦੇ ਕੈਬਨਿਟ ਮੰਤਰੀ, ਐਮ.ਪੀਜ਼, ਵਿਧਾਇਕ ਅਤੇ ਹੋਰ ਆਗੂ ਬਾਕੀ ਟਰੈਕਟਰਾਂ 'ਤੇ ਉਨ੍ਹਾਂ ਪਿੱਛੇ ਚੱਲ ਰਹੇ ਸਨ। mਇਸ ਮੌਕੇ ਹਾਜ਼ਰ ਪ੍ਰੁਮੁੱਖ ਸ਼ਖਸੀਅਤਾਂ 'ਚ ਵਿਚ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਸ੍ਰ. ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਸੰਦੀਪ ਸਿੰਘ ਸੰਧੂ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਸ੍ਰ.ਕੁਲਜੀਤ ਸਿੰਘ ਨਾਗਰਾ, ਸ੍ਰ. ਗੁਰਕੀਰਤ ਸਿੰਘ ਕੋਟਲੀ, ਸ੍ਰ. ਲੱਖਵੀਰ ਸਿੰਘ ਲੱਖਾ, ਸ੍ਰ.ਗੁਰਪ੍ਰੀਤ ਸਿੰਘ ਜੀ.ਪੀ., ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ. ਯਾਦਵਿੰਦਰ ਸਿੰਘ ਜੰਡਿਆਲੀ, ਸ੍ਰ. ਜਗਪ੍ਰੀਤ ਸਿੰਘ ਬੁੱਟਰ ਵੀ ਹਾਜ਼ਰ ਸਨ।

ਪੰਜਾਬ ਚ ਰਾਹੁਲ ਗਾਂਧੀ ਵਲੋਂ ਟਰੈਕਟਰ ਰੈਲੀ 

ਕਾਂਗਰਸ ਦੀ ਸਰਕਾਰ ਆਉਣ 'ਤੇ ਖੇਤੀਬਾੜੀ ਕਾਨੂੰਨ ਕਰਾਂਗੇ ਰੱਦ -ਰਾਹੁਲ ਗਾਂਧੀ

ਹਠੂਰ/ਲੁਧਿਆਣਾ, ਅਕਤੂਬਰ 2020 -(ਕੌਂਸਲ ਮੱਲਾ/ਨਛੱਤਰ ਸੰਧੂ/ਬਲਬੀਰ ਸਿੰਘ ਬਾਠ/ਗੁਰਸੇਵਕ ਸੋਹੀ)- ਕੇਂਦਰ ਸਰਕਾਰ ਵੱਲੋਂ ਲਿਆਏ ਗਏ ਕਿਸਾਨੀ ਕਾਨੂੰਨਾਂ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਮਦਦ ਨਾਲ 23 ਅਰਬਪਤੀਆਂ ਦੀਆਂ ਨਜ਼ਰ ਕਿਸਾਨਾਂ ਦੀ ਜ਼ਮੀਨ ਤੇ ਫਸਲ 'ਤੇ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਰਤਮਾਨ ਸਿਸਟਮ 'ਚ ਕੁਝ ਖਾਮੀਆਂ ਹਨ। ਇਨ੍ਹਾਂ ਨੂੰ ਬਦਲਣ ਦੀ ਲੋੜ ਹੈ, ਪਰ ਇਸ ਨੂੰ ਨਸ਼ਟ ਕਰਨ ਦੀ ਲੋੜ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਨਸ਼ਟ ਕਰਨਾ ਚਾਹੁੰਦੇ ਹਨ। ਮੋਗਾ ਦੀ ਧਰਤੀ 'ਤੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਆਉਣ 'ਤੇ ਨਵੇਂ ਖੇਤੀਬਾੜੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ। ਬਧਨੀ ਕਲਾਂ ਦੀ ਅਨਾਜ ਮੰਡੀ 'ਚ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ 3 ਦਿਨਾ ਟ੍ਰੈਕਟਰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਪੂੰਜੀਪਤੀ ਲੋਕ ਕਿਸਾਨਾਂ ਦੀ ਜ਼ਮੀਨ ਤੇ ਫ਼ਸਲ ਨੂੰ ਹਥਿਆਉਣ 'ਚ ਲੱਗੇ ਹਨ। ਰਾਹੁਲ ਗਾਂਧੀ ਨੇ ਕਰੀਬ 45 ਮਿੰਟ ਤਕ ਟ੍ਰੈਕਟਰ 'ਤੇ ਬੈਠ ਕੇ 22 ਕਿੱਲੋਮੀਟਰ ਤਕ ਦੀ ਯਾਤਰਾ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਪਿਛਲੇ 6 ਸਾਲਾਂ ਤੋਂ ਦੇਸ਼ ਦੇ ਲੋਕਾਂ ਨੂੰ ਝੂਠ ਬੋਲ ਰਹੇ ਹਨ। ਨੋਟਬੰਦੀ ਕੀਤੀ ਜਿਸ ਨਾਲ ਕਾਲੇ ਪੈਸਾ ਤਾਂ ਮਿਟਾ ਨਹੀਂ ਸਕੇ ਪਰ ਲੋਕਾਂ ਨੂੰ ਬੈਕਾਂ ਦੇ ਬਾਹਰ ਖੜ੍ਹਾ ਕਰ ਦਿੱਤਾ। ਜੀਐੱਸਟੀ ਲਾਗੂ ਕਰ ਕੇ ਛੋਟੋ ਵਪਾਰੀਆਂ ਨੂੰ ਤਬਾਹ ਕਰ ਦਿੱਤਾ। ਰਾਹੁਲ ਨੇ ਇਹ ਵੀ ਦੋਸ਼ ਲਗਾਇਆ ਕਿ ਮੋਦੀ ਨੂੰ ਅੰਡਾਨੀ ਤੇ ਅੰਬਾਨੀ ਵਰਗੇ ਪੂੰਜੀਪਤੀ ਕਠਪੁਤਲੀ ਦੀ ਤਰ੍ਹਾਂ ਚਲਾ ਰਹੇ ਹਨ।

ਨੋਟਬੰਦੀ ਤੇ ਜੀਐੱਸਟੀ ਦੇ ਮੁੱਦੇ ਨੂੰ ਦੁਬਾਰਾ ਉਠਾਉਂਦਿਆਂ ਰਾਹੁਲ ਨੇ ਕਿਹਾ ਕਿ ਕੋਵਿਡ ਵਰਗੇ ਮਾਹੌਲ 'ਚ ਆਖਿਰ ਕਿਸਾਨ ਸਬੰਧਿਤ ਤਿੰਨ ਬਿੱਲਾਂ ਨੂੰ ਲਿਆਉਣ ਦੀ ਕੀ ਲੋੜ ਸੀ। ਕੇਂਦਰ ਸਰਕਾਰ ਇਕ ਪਾਸੇ ਕਹਿ ਰਹੀ ਹੈ ਕਿ ਬਿੱਲ ਕਿਸਾਨਾਂ ਦੇ ਹਿੱਤ 'ਚ ਹਨ ਤਾਂ ਦੇਸ਼ ਦੇ ਫੂਡ ਸਿਕਿਓਰਟੀ ਤੇ ਅੰਨਾਜ ਸੰਪਨ ਬਣਾਉਣ ਵਾਲੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ। ਹਾਲਾਂਕਿ ਰਾਹੁਲ ਨੇ ਇਹ ਗੱਲ ਕਹੀ ਕਿ ਵਰਤਮਾਨ ਨੀਤੀ 'ਚ ਕੁਝ ਖਾਮੀਆਂ ਹਨ। ਜਿਸ ਨੂੰ ਬਦਲਣ ਦੀ ਲੋੜ ਹੈ। ਇਸ ਲਈ ਇਹ ਜ਼ਰੂਰੀ ਨਹੀਂ ਕਿ ਪੂਰੇ ਸਿਸਟਮ ਨੂੰ ਹੀ ਨਸ਼ਟ ਕਰ ਦਿੱਤਾ ਜਾਵੇ। ਬਹਿਤਰ ਹੁੰਦਾ ਕਿ ਕੇਂਦਰ ਸਰਕਾਰ ਲੋਕ ਸਭਾ ਤੇ ਰਾਜ ਸਭਾ 'ਚ ਬਹਿਸ ਕਰਦੀ ਪਰ ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਵਾ ਕੇ ਕਿਸਾਨਾਂ ਨਾਲ ਅਨਿਆਂ ਕੀਤਾ।

ਕੇਂਦਰ ਸਰਕਾਰ 'ਤੇ ਇਕ ਹੋਰ ਵੱਡਾ ਹਮਲਾ ਕਰਦਿਆਂ ਕਿਹਾ ਕਿ ਕੋਵਿਡ ਦੌਰਾਨ ਜਿੱਥੇ ਪੂੰਜੀਪਤੀਆਂ ਦੇ ਕਰੋੜਾਂ ਰੁਪਏ ਦੇ ਟੈਕਸ ਮਾਫ਼ ਕੀਤੇ ਗਏ ਉੱਥੇ ਕਿਸਾਨਾਂ ਨੂੰ ਇਕ ਰੁਪਇਆ ਤਕ ਨਹੀਂ ਦਿੱਤਾ ਗਿਆ। ਰਾਹੁਲ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ ਉਹ ਪੰਜਾਬ ਦੀ ਕਿਸਾਨੀ ਨੂੰ ਮਰਨ ਨਹੀਂ ਦੇਣਗੇ। ਇਸਲਈ ਉਨ੍ਹਾਂ ਦੀ ਸਰਕਾਰ ਆਉਣ 'ਤੇ ਨਵੇਂ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਵੇਗਾ।

ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਬਧਨੀਕਲਾਂ ਤੋਂ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ, ਜਿਸ 'ਚ ਕਾਂਗਰਸ ਆਗੂਆਂ ਤੋਂ ਇਲਾਵਾ ਕਈ ਕਿਸਾਨ ਵੀ ਟਰੈਕਟਰ ਲੈ ਕੇ ਪਹੁੰਚੇ ਹਨ। ਟਰੈਕਟਰ ਯਾਤਰਾ ਦੀ ਅਗਵਾਈ ਰਾਹੁਲ ਗਾਂਧੀ ਕਰ ਰਹੇ ਹਨ। ਰਾਹੁਲ ਜਿਹੜੇ ਟਰੈਕਟਰ 'ਚ ਬੈਠੇ ਹਨ ਉਸ ਨੂੰ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਚਲਾ ਰਹੇ ਹਨ। ਨਾਲ ਕੈਪਟਨ ਅਮਰਿੰਦਰ ਸਿੰਘ ਵੀ ਬੈਠੇ ਹਨ।

ਇਸ ਤੋਂ ਪਹਿਲਾਂ, ਨਵੇਂ ਕਿਸਾਨੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਮਾਰਚ ਲਈ ਚਾਪਰ ਤੋਂ ਮੋਗਾ ਪਹੁੰਚੇ। ਰੈਲੀ ਸਥਾਨ 'ਤੇ ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਪਹਿਲਾਂ ਤੋਂ ਮੌਜੂਦ ਸਨ। ਖ਼ਾਸ ਗੱਲ ਇਹ ਹੈ ਕਿ ਰਾਹੁਲ ਦੇ ਮੰਚ ਤੇ ਨਵੋਜਤ ਸਿੰਘ ਸਿੱਧੂ ਵੀ ਮੌਜੂਦ ਰਹੇ।

 

ਖੇਤੀ ਕਾਨੂੰਨਾਂ ਖ਼ਿਲਾਫ਼ ਰਾਹੁਲ ਗਾਂਧੀ ਨੇ ਵਿੰਨ੍ਹਿਆ ਮੋਦੀ 'ਤੇ ਨਿਸ਼ਾਨਾ

ਕੇਂਦਰ ਸਰਕਾਰ ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦਾ ਕਰਜ਼ਾ ਮਾਫ ਕੀਤਾ - ਰਾਹੁਲ ਗਾਂਧੀ

ਬੱਧਨੀ ਕਲਾਂ/ਮੋਗਾ , ਅਕਤੂਬਰ 2020 -(ਬਲਬੀਰ ਸਿੰਘ ਬਾਠ )- ਨਵੇਂ ਕਿਸਾਨੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਮਾਰਚ 'ਚ 'ਖੇਤੀ ਬਚਾਓ ਸਮਾਗਮ' ਤਹਿਤ ਮੋਗਾ ਜਿਲੇ ਦੇ ਪਿੰਡ ਬੱਧਨੀ ਕਲਾਂ ਪਹੁੰਚੇ। ਰੈਲੀ ਸਥਾਨ 'ਤੇ ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਪਹਿਲਾਂ ਤੋਂ ਮੌਜੂਦ ਸਨ। ਖ਼ਾਸ ਗੱਲ ਇਹ ਹੈ ਕਿ ਰੈਲੀ 'ਚ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ। ਰੈਲੀ 'ਚ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਸੂਬੇ ਦੇ ਸਾਰੇ ਮੰਤਰੀ, ਸੰਸਦ ਮੈਂਬਰ, ਵਿਧਾਇਕ ਤੇ ਸੀਨੀਅਰ ਆਗੂ ਸ਼ਾਮਲ ਹੋਏ।   ਮੋਦੀ ਸਰਕਾਰ ਦਾ ਮਕਸਦ ਐਮਐੱਸਪੀ ਖ਼ਤਮ ਕਰਨ ਦਾ ਹੈ ਪਰ ਕਾਂਗਰਸ ਪਾਰਟੀ ਇਹ ਖ਼ਤਮ ਨਹੀਂ ਹੋਣ ਦੇਵੇਗੀ। ਮੋਦੀ ਦਾ ਮਕਸਦ, ਕਿਸਾਨ ਦੀ ਰੀੜ੍ਹ ਤੋੜ ਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਹੈ। ਮੇਰਾ ਕਿਸਾਨਾਂ ਨੂੰ ਪੂਰਾ ਸਮਰੱਥਨ ਹੈ ਇਸ ਤਰ੍ਹਾਂ ਸੰਘਰਸ਼ ਦੇ ਘੋਲ 'ਚ ਡੱਟੇ ਰਹੋ ਕਾਂਗਰਸ ਤੁਹਾਡੇ ਨਾਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੀਤਾ। ਉਹ ਅੱਜ ਇਥੇ ਟਰੈਕਟਰ ਰੈਲੀ ਦੌਰਾਨ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰੇ ਸਨ। ਆਪਣੇ ਭਾਸ਼ਨ ਵਿੱਚ ਰਾਹੁਲ ਨੇ ਕਿਹਾ ਕਿ ਦੇਸ਼ ਦਾ ਕਿਸਾਨ ਇਕ ਇੰਚ ਵੀ ਸੰਘਰਸ ਤੋਂ ਪਿਛੇ ਨਹੀਂ ਹੱਟੇਗਾ, ਅਸੀਂ ਮੋਦੀ ਦੀ ਸਰਕਾਰ ਨੂੰ ਹਰਾ ਕੇ ਦਮ ਲਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜ਼ਮੀਨ ਤੇ ਪੈਸਾ ਭਾਰਤ ਦੇ ਦੋ ਤਿੰਨ ਅਰਬ ਪਤੀ ਆਪਣੇ ਕਬਜ਼ੇ 'ਚ ਕਰਨਾ ਚਹੁੰਦੇ ਹਨ। ਇਹ ਮੋਦੀ ਸਰਕਾਰ ਨਹੀਂ ਹੈ ਇਹ ਅੰਬਾਨੀ ਤੇ ਅੰਡਾਨੀ ਦੀ ਸਰਕਾਰ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਭਾਰਤ ਨੂੰ ਫੂਡ ਦੀ ਸਕਿਊਰਟੀ ਦਿੱਤੀ ਹੈ ਹੁਣ ਅਸੀਂ ਕਿਸਾਨਾਂ ਦਾ ਲੱਕ ਟੁੱਟਣ ਨਹੀਂ ਦਵਾਂਗੇ। ਰੈਲੀ ਤੋਂ ਬਆਦ ਰਾਹੁਲ ਗਾਂਧੀ ਟਰੈਕਟਰ ਰੋਡ ਸ਼ੋਅ ਲਈ ਰਾਏਕੋਟ ਲਈ ਰਾਵਨਾ ਹੋ ਗਏ।