ਅੰਮ੍ਰਿਤਸਰ, ਅਕਤੂਬਰ 2020 - (ਜਸਮੇਲ ਗਾਲਿਬ / ਮਨਜਿੰਦਰ ਗਿੱਲ )- ਪੱਛਮੀ ਬੰਗਾਲ ਦੇ ਇਕ ਪੁਲਿਸ ਅਧਿਕਾਰੀ ਨੇ ਡਿਊਟੀ 'ਤੇ ਤਾਇਨਾਤ ਇਕ ਸਿੱਖ ਸੁਰੱਖਿਆ ਗਾਰਡ ਨਾਲ ਮਾਰਕੁੱਟ ਕੀਤੀ ਤੇ ਉਸ ਦੀ ਦਸਤਾਰ ਲਾਹ ਦਿੱਤੀ। ਇਹ ਸਾਰੀ ਘਟਨਾ ਇਕ ਕੈਮਰੇ 'ਚ ਕੈਦ ਹੋ ਗਈ ਹੈ। ਭਾਜਪਾ ਆਗੂ ਪ੍ਰਿਆਂਗੂ ਪਾਂਡੇ ਦੇ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨਾਲ ਉਸ ਸਮੇਂ ਮਾਰਕੁੱਟ ਕੀਤੀ ਗਈ ਜਦੋਂ ਵੀਰਵਾਰ ਨੂੰ ਭਾਜਪਾ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ 'ਤੇ ਪੁਲਿਸ ਲਾਠੀਚਾਰਜ ਕਰ ਰਹੀ ਸੀ। nਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਸਤਾਰ ਉਤਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਵਿਅਕਤੀ ਆਪਣੀ ਤਾਕਤ ਦੀ ਗਲਤ ਵਰਤੋਂ ਕਰਦਾ ਹੋਇਆ ਦਸਤਾਰ ਦਾ ਅਪਮਾਨ ਨਾ ਕਰ ਸਕੇ। ਉਨ੍ਹਾਂ ਬੰਗਾਲ ਦੀ ਮੁੱਖ ਮੰਤਰੀ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਕਿਹਾ। ਘਟਨਾ ਦੀ ਨਿੰਦਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਸਤਾਰ ਦੀ ਬੇਅਦਬੀ ਸਾਰੇ ਸਿੱਖ ਭਾਈਚਾਰੇ ਦਾ ਅਪਮਾਨ ਹੈ। ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਦੋਸ਼ੀ ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਭਾਜਪਾ ਦੇ ਰਾਸ਼ਟਰੀ ਸਕੱਤਰ ਅਰਵਿੰਦ ਮੈਨਨ ਨੇ ਟਵੀਟ ਕਰ ਕੇ ਕਿਹਾ ਕਿ ਬਲਵਿੰਦਰ ਸਿੰਘ ਦੀ ਦਸਤਾਰ ਖਿੱਚ ਕੇ ਬੰਗਾਲ ਪੁਲਿਸ ਨੇ ਦੇਸ਼ ਦੇ ਸਾਰੇ ਸਿੱਖਾਂ ਦਾ ਅਪਮਾਨ ਕੀਤਾ ਹੈ ਤੇ ਅੱਜ ਇਸ ਤਰ੍ਹਾਂ ਲੱਗਦਾ ਹੈ ਕਿ ਬੰਗਾਲ 'ਚ ਮੁੜ ਮੁਗ਼ਲਾਂ ਦਾ ਰਾਜ ਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।