You are here

ਪੰਜਾਬ 'ਚ ਸਿਹਤ ਵਿਭਾਗ ਦੇ ਕੋਵਿਡ ਕੇਅਰ ਸੈਂਟਰ ਬੰਦ

ਜਾਨ ਨੂੰ ਖਤਰੇ ਵਿਚ ਪਾ ਕੇ ਕੰਮ ਕਰਨ ਵਾਲੇ ਵਲੰਟੀਅਰਾਂ ਦੀ ਕੀਤੀ ਛੁੱਟੀ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਸਿਹਤ ਵਿਭਾਗ ਨੇ ਕੋਵਿਡ ਕੇਅਰ ਸੈਂਟਰ ਬੰਦ ਕਰ ਦਿੱਤੇ ਹਨ। ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੰਮ ਕਰਨ ਵਾਲੇ ਵਲੰਟੀਅਰ ਸਟਾਫ ਦੀਆਂ ਸੇਵਾਵਾਂ ਵੀ ਖ਼ਤਮ ਕਰ ਦਿੱਤੀਆਂ ਗਈਆਂ ਹਨ। ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ, ਨੋਡਲ ਅਫਸਰਾਂ ਅਤੇ ਕੋਵਿਡ ਕੇਅਰ ਸੈਟਰਾਂ ਦੇ ਇੰਚਾਰਜਾਂ ਨੂੰ ਜਾਰੀ ਕੀਤੇ ਪੱਤਰ ਵਿਚ ਸੋਮਵਾਰ ਨੂੰ ਤੁਰੰਤ ਪ੍ਰਭਾਵ ਨਾਲ ਕੋਵਿਡ ਕੇਅਰ ਸੈਂਟਰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੱਤਰ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸੋਮਵਾਰ ਤੋਂ ਬਾਅਦ ਕੋਵਿਡ ਕੇਅਰ ਸੈਂਟਰ ਦਾ ਕੋਈ ਵੀ ਵਿੱਤੀ ਖ਼ਰਚਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਕੋਵਿਡ ਕੇਅਰ ਸੈਂਟਰ ਬੰਦ ਕਰਨ ਪਿੱਛੇ ਮਰੀਜ਼ਾਂ ਆਮਦ ਘੱਟ ਹੋਣ ਦੀ ਦਲੀਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੋਵਿਡ ਕੇਅਰ ਸੈਂਟਰ ਵਿਚ ਮਰੀਜ਼ਾਂ ਨੂੰ ਲੇਵਲ 2 ਸਰਕਾਰੀ ਹਸਪਤਾਲਾਂ ਵਿਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੈਡੀਕਲ ਨਾਲ ਸਬੰਧਿਤ ਸਾਰਾ ਸਾਮਾਨ, ਵੀਲ੍ਹ ਚੇਅਰ, ਟਰਾਲੀ ਤੇ ਕਲੀਨਿਕ ਵਿਚ ਵਰਤਣਯੋਗ ਸਮਾਨ ਜ਼ਿਲ੍ਹਾ ਹਸਪਤਾਲ ਵਿਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੇਵਲ ਇਕ ਕੋਵਿਡ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦੀ ਆਮਦ ਘੱਟ ਗਈ ਸੀ। ਇਨ੍ਹਾਂ ਸੈਂਟਰਾਂ ਵਿਚ ਸਾਧਾਰਨ ਲੱਛਣ ਵਾਲੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ। ਪਿਛਲੇ ਦਿਨਾਂ ਦੌਰਾਨ ਸਰਕਾਰ ਨੇ ਸ਼ੱਕੀ ਮਰੀਜ਼ਾਂ ਨੂੰ ਘਰਾਂ ਵਿਚ ਕੁਆਰੰਟਾਈਨ ਹੋਣ ਦੀ ਆਗਿਆ ਦੇ ਦਿੱਤੀ ਹੈ ਜਿਸ ਕਾਰਨ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਦੀ ਹੁਣ ਜ਼ਰੂਰਤ ਨਹੀਂ ਰਹਿ ਗਈ।