You are here

ਪੰਜਾਬ

ਰੌਸ਼ਨੀ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ  

ਜਗਰਾਉ 22 ਫਰਵਰੀ (ਅਮਿਤ ਖੰਨਾ)  ਜਗਰਾਉਂ ਦਾ ਪ੍ਰਸਿੱਧ ਇਤਿਹਾਸਕ ਮੇਲਾ  24 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸਬੰਧੀ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ । ਇਹ ਮੇਲਾ ਬਾਬਾ ਮੋਹਕਮ ਦੀਨ ਦੀ ਦਰਗਾਹ ਤੇ ਲੱਗਦਾ ਹੈ । ਇਸ ਮੇਲੇ ਤੇ ਲੋਕ ਦੂਰ ਦੁਰਾਡਿਓਂ, ਦੇਸ- ਪਰਦੇਸ ਤੋਂ ਚੌਂਕੀਆਂ ਭਰਨ ਲਈ ਆਉਂਦੇ ਹਨ।  ਹਜ਼ਰਤ ਬਾਬਾ ਮੋਹਕਮ ਦੀਨ ਦੀ ਦਰਗਾਹ ਵਿਖੇ ਗੱਦੀ ਨਸ਼ੀਨ ਬਾਬਾ ਨੂਰਦੀਨ   ਨਕਸ਼ਬੰਦੀ ਜੀ ਸੇਵਾ ਕਰ ਰਹੇ ਹਨ । ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ  ਮੇਲੇ ਸਬੰਧੀ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ । ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਲੱਖਾਂ ਲੋਕ ਹਾਜ਼ਰੀ ਭਰਦੇ ਹਨ । ਉਨ੍ਹਾਂ ਦੱਸਿਆ ਕਿ  24 ਫਰਵਰੀ ਤੋਂ ਲੈ ਕੇ 8 ਮਾਰਚ ਤੱਕ ਲੰਗਰ ਅਤੁੱਟ ਵਰਤੇਗਾ। ਬਾਬਾ ਜੀ ਨੇ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਸੰਗਤਾਂ ਨੂੰ  ਅਪੀਲ ਕੀਤੀ ਹੈ ਕਿ  ਕੋਰੋਨਾ ਮਹਾਂਮਾਰੀ ਦੇ ਸਬੰਧਤ ਜੋ ਸਰਕਾਰ ਦੀਆਂ ਹਦਾਇਤਾਂ ਹਨ ਉਨ੍ਹਾਂ ਦੀ ਪਾਲਣਾ ਜ਼ਰੂਰ ਕਰਨ ।  ਰੋਸ਼ਨੀ ਦਾ ਮੇਲਾ  ਜਗਰਾਉਂ ਦੇ ਲਾਗਲੇ ਪਿੰਡ ਪੋਨਾ ਵਿਖੇ ਵੀ 24 ਫਰਵਰੀ ਤੋਂ  26 ਫਰਵਰੀ ਤਕ ਚੱਲੇਗਾ । ਮੇਲੇ ਵਿੱਚ ਆਈਆਂ ਸੰਗਤਾਂ ਪਹਿਲਾਂ ਜਗਰਾਉਂ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ਉਪਰ ਚੌਂਕੀ ਚੌਂਕੀਆਂ ਭਰਦੇ ਹਨ ਅਤੇ ਬਾਅਦ ਵਿੱਚ ਪਿੰਡ ਪੋਨਾ ਵਿਖੇ ਸੰਗਤਾਂ ਚੌਂਕੀ ਭਰਦੀਆਂ ਹਨ। ਪਿੰਡ ਪੋਨਾ ਵਿਖੇ ਵੀ ਮੇਲੇ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ।

ਸੰਯੁਕਤ ਕਿਸਾਨ ਮੋਰਚੇ ਵਲੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਮੁਹਾਲੀ ਵਿਖੇ 28 ਫਰਵਰੀ ਨੂੰ ਰੋਸ ਪ੍ਰਦਰਸ਼ਨ  

ਗੁਰੂ ਸਾਹਿਬਾਨਾਂ ਦੇ ਇਤਿਹਾਸ ਅਤੇ ਬਾਬਾ ਬੰਤਾ ਸਿੰਘ ਜੀ ਖ਼ਿਲਾਫ਼ ਗਲਤ ਭੰਡੀ ਪ੍ਰਚਾਰ ਵਿਰੁੱਧ ਲੋਕਾਂ ਨੂੰ ਇਕੱਠੇ ਹੋਣ ਲਈ ਅਪੀਲ - ਬਲਦੇਵ ਸਿੰਘ ਸਿਰਸਾ  

ਮੋਹਾਲੀ , 21 ਫ਼ਰਵਰੀ ( ਕੁਲਦੀਪ ਸਿੰਘ ਦੌਧਰ  ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗੁਰੂ ਸਹਿਬਾਨ ਸਿੱਖ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਖ਼ਿਲਾਫ਼ ਭੰਡੀ ਪ੍ਰਚਾਰ ਤੇ ਇਤਿਹਾਸ ਨੂੰ ਬੰਦ ਕਰਵਾਉਣ ਲਈ  28 ਫਰਵਰੀ  ਸੋਮਵਾਰ ਨੂੰ ਸਵੇਰੇ 10 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਫੇਜ਼ ਅੱਠ ਮੁਹਾਲੀ ਵਿਖੇ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ  । ਪੰਜਾਬ ਦੇ ਸਕੂਲਾਂ ਅੰਦਰ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਛਾਪਣ ਤੇ ਗ਼ਲਤ ਗ਼ਲਤ ਸ਼ਬਦਾਵਲੀ ਵਰਤਣ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਗਵਾਉਣ ਕਟਹਿਰੇ ਵਿੱਚ ਖੜ੍ਹਾ ਕਰਨ  ਅਤੇ ਇਸ ਇਤਿਹਾਸ ਨੂੰ ਤਬਦੀਲ ਕਰਕੇ ਸਹੀ ਇਤਿਹਾਸ ਦੀ ਜਾਣਕਾਰੀ ਨੂੰ ਸਿਲੇਬਸ ਅੰਦਰ ਲਾਗੂ ਕਰਨ ਲਈ ਪਿਛਲੇ ਸੱਤ ਫਰਵਰੀ ਤੋਂ ਲਗਾਤਾਰ ਮੁੱਖ ਸਿੱਖਿਆ ਦਫਤਰ ਦੇ ਬਾਹਰ ਮੋਹਾਲੀ ਵਿਖੇ ਕਿਸਾਨ  ਜਥੇਬੰਦੀਆਂ ਵੱਲੋਂ ਦਿਨ ਰਾਤ ਦਾ ਧਰਨਾ ਚੱਲ ਰਿਹਾ ਹੈ  । ਹੁਣ ਉਨ੍ਹਾਂ ਅਠਾਈ ਫਰਵਰੀ ਨੂੰ ਇਕ ਵੱਡੇ ਇਕੱਠ ਲਈ ਸਮੂਹ ਪੰਥ ਦਰਦੀਆਂ ਨੂੰ ਬੇਨਤੀ ਕੀਤੀ ਹੈ  । ਇਸ ਸਮੇਂ ਗੱਲਬਾਤ ਕਰਦਿਆਂ ਭਾਈ ਬਲਦੇਵ ਸਿੰਘ ਸਿਰਸਾ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਬੇਨਤੀ ਕਰਦੇ ਆਖਿਆ ਕਿ ਆਓ ਸਾਰੇ ਇਕੱਠੇ ਹੋ ਕੇ ਸਾਡੇ ਗੁਰੂਆਂ ਪ੍ਰਤੀ ਗ਼ਲਤ ਅਤੇ ਭੱਦੀ ਸ਼ਬਦਾਵਲੀ  ਵਰਤਣ ਵਾਲੇ ਲੋਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰੀਏ  ਇਥੇ ਆਪਣੇ ਇਤਿਹਾਸ ਆਪਣੀ ਕਲਚਰ ਅਤੇ ਆਪਣੀ ਮਾਂ ਬੋਲੀ ਨੂੰ ਬਚਾਈਏ  ।ਨੋਟ  ; ਹੋਰ ਜਾਣਕਾਰੀ ਲਈ ਫੋਟੋ ਵਿਚ ਲੱਗੇ ਇਸ਼ਤਿਹਾਰ ਨੂੰ ਜ਼ਰੂਰ ਪੜ੍ਹ ਲਵੋ  ।

ਸਫਾਈ ਸੇਵਕ ਯੂਨੀਅਨ ਆਗੂ ਸਮਸਿਆਵਾਂ ਅਤੇ ਮੰਗਾਂ ਨੂੰ ਲੇ ਕੇ ਚੰਡੀਗੜ੍ਹ ਵਿਖੇ ਉਚ ਅਧਿਕਾਰੀਆਂ ਨੂੰ ਮਿਲੇ

ਜਗਰਾਉਂ, 21 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅੱਜ ਮਿਤੀ 21-02-2022 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ ਦੀ ਅਗਵਾਈ ਹੇਠ ਨਗਰ ਕੌਂਸਲ ਜਗਰਾਓਂ ਵਿਖੇ ਕੰਮ ਕਰਦੇ ਸਫਾਈ ਕਰਮਚਾਰੀਆਂ /ਸੀਵਰਮੈਨਾ ਨੂੰ ਦਰਪੇਸ਼ ਆਰਹੀਆ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਸ੍ਰੀ ਰਮੇਸ਼ ਗੇਚੰਡ, ਜ਼ਿਲਾ ਪ੍ਰਧਾਨ ਅਰੁਣ ਗਿੱਲ,ਕਨਵੀਨਰ ਪੰਜਾਬ ਸ੍ਰੀ ਕੁਲਦੀਪ ਸ਼ਰਮਾ ਅਤੇ ਰਵੀ ਕੁਮਾਰ ਵੱਲੋਂ ਸ੍ਰੀ ਰਾਕੇਸ਼ ਗਰਗ ਜੁਆਇੰਟ ਡਾਇਰੈਕਟਰ ਸਥਾਨਕ ਸਰਕਾਰਾਂ ਪੰਜਾਬ ਚੰਡੀਗੜ੍ਹ ਜੀ ਨੂੰ ਮਿਲਿਆ ਗਿਆ ਜਿਸ ਵਿਚ ਕੁੱਝ ਮੁੱਖ ਮੰਗਾਂ ਨੂੰ ਲੈ ਕੇ ਡਾਇਰੈਕਟਰ ਸਾਹਿਬ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜਿਨ੍ਹਾਂ ਵਿੱਚ ਕੱਚੇ ਸਫਾਈ ਸੇਵਕ /ਸੀਵਰਮੈਨਾ ਨੂੰ ਕੰਟਰੈਕਟ ਬੇਸ ਤੇ ਕਰਨ ਸਬੰਧੀ ਆਰਜੀ ਮੇਟਾਂ ਨੂੰ ਸਿਨਿਆਰਟੀ ਕਮ ਮੈਰਿਟ ਦੇ ਆਧਾਰ ਤੇ ਰੱਖਣ ਸਬੰਧੀ ਮਾਣਯੋਗ ਡਾਇਰੈਕਟੋਰੇਟ ਵੱਲੋਂ ਪੱਤਰ ਜਾਰੀ ਹੋਣ ਤੇ ਵੀ ਅਮਲੀ ਜਾਮਾ ਨਾ ਪਹਿਨਾਉਣ ਤੇ ਰੋਸ ਜਤਾਇਆ ਗਿਆ ਸੀਵਰਮੈਨਾ ਨੂੰ 04-09-14 ਸਾਲੀ ਤਰੱਕੀ ਪੇਅ ਫਿਕਸਿੰਗ ਅਤੇ ਸਾਲ 2019 ਨੂੰ ਫਿਟਰ ਕੁਲੀ ਪ੍ਰੀਤਮ ਸਿੰਘ ਦੀ ਨਗਰ ਕੌਂਸਲ ਜਗਰਾਉਂ ਵਿਖੇ ਡਿਉਟੀ ਦੋਰਾਨ ਮੋਤ ਹੋਣ ਉਪਰੰਤ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਤਰਸ ਦੇ ਆਧਾਰ ਤੇ ਨੌਕਰੀ ਦੇਣ ਤੋਂ ਗੁਮਰਾਹ ਕੀਤਾ ਜਾ ਰਿਹਾ ਹੈ ਕਿਉਂਕਿ ਨਗਰ ਕੌਂਸਲ ਜਗਰਾਓਂ ਵੱਲੋਂ ਇਹ ਕਹਿ ਕੇ ਟਾਲਿਆ ਜਾ ਰਿਹਾ ਹੈ ਕਿ ਸੀਵਰ ਬੋਰਡ ਵੱਲੋਂ ਇਹ ਸਾਰੇ ਭੱਤੇ ਅਤੇ ਨੌਕਰੀ ਦਿੱਤੀ ਜਾਣੀ ਹੈ ਪ੍ਰੰਤੂ ਡਾਇਰੈਕਟਰ ਸਾਹਿਬ ਜੀ ਦੇ ਜਾਇਜ ਮੰਗਾ ਨੂੰ ਸੁਣਨ ਤੋਂ ਬਾਅਦ ਸਫਾਈ ਸੇਵਕ ਯੂਨੀਅਨ ਪੰਜਾਬ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਸਾਰੀਆਂ ਜਾਇਜ ਮੰਗਾਂ ਦਾ ਨਿਪਟਾਰਾ ਜਲਦ ਹੀ ਕਰਵਾ ਦਿੱਤਾ ਜਾਵੇਗਾ ਅਤੇ ਜੋ ਕਰਮਚਾਰੀ ਜਿੱਥੇ ਕੰਮ ਕਰਦਾ ਹੈ ਜਿੱਥੋਂ ਤਨਖਾਹ ਲੈਂਦਾ ਹੈ ਉਥੇ ਹੀ ਸਾਰੇ ਭੱਤੇ ਅਤੇ ਤਰਸ ਆਧਾਰਤ ਨੌਕਰੀ ਵੀ ਉਸ ਦਫਤਰ ਵੱਲੋਂ ਹੀ ਲੈਣ ਦਾ ਹੱਕਦਾਰ ਹੈ ਇਸ ਸਬੰਧੀ ਅਤੇ ਆਰਜੀ ਮੇਟਾਂ ਸਬੰਧੀ ਡਾਇਰੈਕਟਰ ਸਾਹਿਬ ਵੱਲੋਂ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜਗਰਾਓਂ ਸ਼੍ਰੀ ਅਸ਼ੋਕ ਕੁਮਾਰ ਜੀ ਨਾਲ  ਫੋਨ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਕਾਰਜ ਸਾਧਕ ਅਫ਼ਸਰ ਜੀ ਦਾ ਫੋਨ ਨੈਟਵਰਕ ਕਵਰੇਜ ਸ਼ੇਤਰ ਚੋਂ ਬਾਹਰ ਹੋਣ ਤੇ ਰਾਬਤਾ ਕਾਇਮ ਨਹੀਂ ਹੋ ਸਕਿਆ ਡਾਇਰੈਕਟਰ ਸਾਹਿਬ ਵੱਲੋਂ ਸਫਾਈ ਸੇਵਕ ਯੂਨੀਅਨ ਪੰਜਾਬ ਨੂੰ ਭਰੋਸਾ ਦਿੱਤਾ ਕਿ 2 - 4 ਦਿਨਾ ਅੰਦਰ ਇਨਾ ਮੰਗਾ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਮੰਗਾਂ ਜਲਦੀ ਪੁਰੀਆ ਕਰਵਾਉਣ ਦੀ ਅਪੀਲ ਕੀਤੀ ਮੰਗਾ ਪੁਰੀਆ ਨਾ ਹੋਣ ਦੀ ਸੂਰਤ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਨਗਰ ਕੌਂਸਲ ਜਗਰਾਓਂ ਵਿਖੇ ਹੜਤਾਲ ਕੀਤੀ ਜਾਵੇ ਗੀ ਜਿਸਦੀ ਸਾਰੀ ਜਿੰਮੇਵਾਰੀ ਨਗਰ ਕੌਂਸਲ ਜਗਰਾਓਂ ਦੀ ਹੋਵੇਗੀ

ਬੀਮਾਰ ਪਏ ਪ੍ਰਸਿੱਧ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਹਾਲ ਚਾਲ ਪੁੱਛਿਆ ਉਪ ਮੁੱਖ ਮੰਤਰੀ ਸਃ ਸੁਖਜਿੰਦਰ ਸਿੰਘ ਰੰਧਾਵਾ ਨੇ

ਲੁਧਿਆਣਾਃ 21 ਫਰਵਰੀ ( ਗੁਰਕੀਰਤ ਜਗਰਾਉਂ) ਪਿਛਲੇ ਦੋ ਹਫ਼ਤੇ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਤੇ ਪੰਜਾਬ ਵਿੱਚ ਇਪਟਾ ਲਹਿਰ ਦੇ ਬਾਨੀਆਂ ਵਿੱਚੋਂ ਸਿਰਕੱਢ  ਕਲਾਕਾਰ ਅਮਰਜੀਤ ਗੁਰਦਾਸਪੁਰੀ ਦੀ ਸਿਹਤ ਦਾ ਪਤਾ ਲੈਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸਃ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਉੱਦੋਵਾਲੀ ਪੁੱਜੇ। ਅਮਰਜੀਤ ਗੁਰਦਾਸਪੁਰੀ ਉਨ੍ਹਾਂ ਦੇ ਪਿਤਾ ਜੀ ਸਃ ਸੰਤੋਖ ਸਿੰਘ ਰੰਧਾਵਾ ਜੀ ਦੇ ਵੀ ਨਿਕਟਵਰਤੀ ਸਾਥੀ ਰਹੇ ਹਨ। ਗੁਰਦਾਸਪੁਰੀ ਆਪਣੇ ਜੁਆਨ ਪੁੱਤਰ ਪਰਮ ਸੁਨੀਲ ਸਿੰਘ ਰੰਧਾਵਾ ਦੀ ਦਸੰਬਰ ਮਹੀਨੇ ਚ ਹੋਈ ਮੌਤ ਕਾਰਨ ਦਿਲ ਛੱਡ ਗਏ ਸਨ ਅਤੇ ਲਗਪਗ ਦਸ ਦਿਨ ਅੰਮ੍ਰਿਤਸਰ ਦੇ ਸਿੱਧੀ ਹਸਪਤਾਲ ਚ ਦਾਖ਼ਲ ਰਹਿ ਕੇ ਪਰਸੋਂ ਹੀ ਪਿੰਡ ਪਰਤੇ ਹਨ। ਸਃ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰੀ ਜੀ ਤੋਂ ਜਦ ਹੀਰ ਸੁਣਨ ਦੀ ਇੱਛਾ ਦੱਸੀ ਤਾਂ ਉਹ ਬੋਲ ਤਾਂ ਨਹੀਂ ਸਕੇ ਪਰ ਮੁਸਕਰਾ ਕੇ ਹੱਥਾਂ ਦੇ ਇਸ਼ਾਰੇ ਨਾਲ ਕਹਿ ਗਏ ਕਿ  ਪੁੱਤਰਾ ਦਸ ਮਾਰਚ ਨੂੰ ਸੁਣਾਵਾਂਗਾ, ਜਿਸ ਦਿਨ ਤੇਰਾ ਨਤੀਜਾ ਆਵੇਗਾ।
ਅੱਜ ਉਦੋਵਾਲੀ ਤੋਂ ਪਰਤ ਕੇ ਸਃ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਦੱਸਿਆ ਕਿ ਅਮਰਜੀਤ ਗੁਰਦਾਸਪੁਰੀ ਜੀ ਦੀ ਸਿਹਤ ਭਾਵੇਂ ਬਹੁਤੀ ਠੀਕ ਨਹੀਂ ਪਰ ਮਨੋਬਲ ਪੂਰਾ ਕਾਇਮ ਹੈ।
ਵਰਨਣ ਯੋਗ ਗੱਲ ਇਹ ਹੈ ਸਾਡੇ ਚੋਂ ਬਹੁਤਿਆਂ ਦਾ ਬਚਪਨ ਤੇ ਜਵਾਨੀ ਅਮਰਜੀਤ ਗੁਰਦਾਸਪੁਰੀ ਜੀ ਦੇ ਗੀਤਾਂ ਦੀ ਛਾਵੇਂ ਵਿਕਸਤ ਹੋਈ ਹੈ।

ਬਾਲਾ ਜਰਨੈਲ ਦੀ ਸਰਜਮੀਨ ‘ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਥੀਆਂ ਸਮੇਤ ਭੁੱਖ ਹੜਤਾਲ ਲਈ ਬੈਠਾ ਦੇਵ ਸਰਾਭਾ

‘ਹੇਰਾਂ’ ਵਲੋਂ-ਉਬਲਦੇ ਕੌਮੀ  ਜਜ਼ਬੇ ‘ਚ ਪਿਛੋਕੜ ਅਤੇ ਭਵਿੱਖ ਦੇ ਪੱਖਾਂ ਤੋਂ ਸੁਚੇਤ ਕੌਮ ਵਲੋਂ ਹੰਢਾਏ ਜਾ ਰਹੇ ਪੱਖਾਂ ਤੋਂ ਜਾਣਕਾਰੀ ਕੀਤੀ ਸਾਂਝੀ
 ਮੁੱਲਾਪੁਰ ਦਾਖਾ 21 ਫਰਵਰੀ (ਸਤਵਿੰਦਰ ਸਿੰਘ ਗਿੱਲ )-ਪੰਥਕ ਜਜ਼ਬੇ ਦੇ ਉਛਾਲ ‘ਚ ਬਲਦੇਵ ਸਿੰਘ ‘ਦੇਵ ਸਰਾਭਾ’ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ, ਆਪਣੇ ਸਹਿਯੋਗੀ  ਭਾ: ਰਾਜਦੀਪ ਸਿੰਘ ਆਂਡਲੂ ਸੂਬਾ ਮੈਂਬਰ ਪੰਥਕ ਅਕਾਲੀ ਲਹਿਰ, ਸੁੱਖਵਿੰਦਰ ਸਿੰਘ ਅੱਬੂਪੁਰ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਲ ਸਿਧਵਾਂ ਬੇਟ, ਜਗਤਾਰ ਸਿੰਘ ਭੈਣੀ ਬੜਿੰਗ ਪੰਥਕ ਅਕਾਲੀ ਲਹਿਰ , ਮੋਹਣ ਸਿੰਘ ਬਗਸ਼ੀਪੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਦਿ ਪੰਜ ਸਾਥੀਆਂ ਸਮੇਤ ਸਜਾ ਪੂਰੀ ਕਰ ਚੁੱਕੇ ਕਾਲ ਕੋਠੜੀਆਂ ‘ਚ ਬੰਦ ਬੇਇਨਸਾਫੀ ਦੇ ਸ਼ਿਕਾਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਸੌਦਾ ਸਾਧ ਦੀ ਫਰਲੋ ਨੂੰ ਰੱਦ ਕਰਵਾਉਣ ਲਈ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੀ ਸਰਜ਼ਮੀਨ ਪਿੰਡ ਸਰਾਭਾ ਦੇ ਮੁੱਖ ਚੌਕ ‘ਚ ਉਨ੍ਹਾਂ ਦੀ ਯਾਦ ਨੂੰ ਤਾਜਾ ਕਰਵਾਉਦੀ ਯਾਦਗਰ ਸਾਹਮਣੇ ਅੱਜ ਸਵੇਰੇ 10 ਵਜ਼ੇ ਭੁੱਖ ਹੜਤਾਲ ‘ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਦੇਵ ਸਰਾਭਾ ਨੇ ਦੱਸਿਆ ਕਿ ਉਹ ਸ੍ਰ: ਜਸਪਾਲ ਸਿੰਘ ਹੇਰਾਂ ਸੰਪਾਦਕ ਰੋਜਾਨਾ ਪਹਿਰੇਦਾਰ ਦੀ ਪ੍ਰੇਰਣਾ ਸਦਕਾ ਪੰਥਕ ਕਾਰਜ਼ਾਂ ਨੂੰ ਸਮਰਪਿਤ ਹੋਏ ਹਨ। ਉਨ੍ਹਾਂ ਦੀ ਮਨਸ਼ਾ ਕਿਸੇ ਸਿਆਸੀ ਪੂਰਤੀ ਜਾਂ ਕਿਸੇ ਦੇ ਵਿਰੋਧ ਵਿਚ ਨਹੀਂ ਸਗੋਂ ਹੱਕ-ਇਨਸਾਫ ਲਈ ਜੂਝਣ ਦੇ ਜਜ਼ਬੇ ‘ਚੋਂ ਉਪਜਿਆ ਪੱਖ ਹੈ, ਜਿਸਦੀ ਮਿਸਾਲ ਬੀਤੇ ਕੱਲ ਆਪਣੇ ਵਲੋਂ ਵੋਟ ਦਾ ਬਾਈਕਾਟ ਕਰਨਾ ਅਤੇ ਅੱਜ ਤੋਂ ਰੋਜਾਨਾ ਦਿਨ-ਭਰ ਭੁੱਖ ਹੜਤਾਲ ‘ਤੇ ਬੈਠਣਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸ੍ਰ: ਜਸਪਾਲ ਸਿੰਘ ਹੇਰਾਂ ਬਿਪਰਵਾਦੀ ਤਾਕਤਾਂ ਦੇ ਸ਼ਿਕੰਜੇ ‘ਚ ਅਜੋਕੇ ਅਖੌਤੀ ਪੰਥਕ ਆਗੂਆਂ ਦੀ ਕੌਮੀ ਕਾਰਜ਼ਾਂ ਵਿਚਲੀ ਵਜ਼ਹਾ-ਏ-ਕਮਜੋਰੀ ਦੇ ਪੱਖਾਂ ਅਤੇ ਉਬਲਦੇ ਕੌਮੀ  ਜਜ਼ਬੇ ‘ਚ ਪਿਛੋਕੜ ਅਤੇ ਭਵਿੱਖ ਦੇ ਪੱਖਾਂ ਤੋਂ ਸੁਚੇਤ ਕੌਮ ਵਲੋਂ ਹੰਢਾਏ ਜਾ ਰਹੇ ਪੱਖਾਂ ਤੋਂ ਜਾਣਕਾਰੀ ਸਾਂਝੀ ਕੀਤੀ। ਭੁੱਖ ਹੜਤਾਲ ‘ਤੇ ਬੈਠੇ ‘ਦੇਵ ਸਰਾਭਾ’ ਤੇ ਸਾਥੀਆਂ ਨੂੰ ਹੌਸਲਾ ਵਧਾਉਦਿਆਂ ਹਰਦੀਪ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜ਼ਾਦ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਗੁਰਮੀਤ ਸਿੰਘ ਬਰਸਾਲ, ਨਿਰਭੈ ਸਿੰਘ ਬਖਸ਼ੀਪੁਰ, ਜਗਦੇਵ ਸਿੰਘ ਬਖਸ਼ੀਪੁਰ, ਜਥੇ: ਲਾਭ ਸਿੰਘ ਬਰਸਾਲ, ਬਲਦੇਵ ਸਿੰਘ ਬਖਸ਼ੀਪੁਰ, ਕੁਲਜੀਤ ਸਿੰਘ ਭੰਵਰਾ, ਜਸਵੀਰ ਸਿੰਘ ਸਾ; ਸਰਪੰਚ ਟੂਸੇ, ਰਮੇਸ਼ਵਰ ਸਿੰਘ ਟੂਸੇ, ਬਿੰਦਰ ਸਰਾਭਾ ਆਦਿ ਨੇ ਪੰਥਕ ਜਜ਼ਬੇ ਵਿਚ ਵਾਧਾ ਕੀਤਾ।

ਪਿੰਡ ਗਹਿਲ ਵਿਖੇ ਸਾਲਾਨਾ ਜੋੜ ਮੇਲਾ  ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ

ਮਹਿਲ ਕਲਾਂ /ਬਰਨਾਲਾ- 21 ਫਰਵਰੀ -(ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਵਿਖੇ ਜਥੇਦਾਰ ਬਲਦੇਵ ਸਿੰਘ ਚੂੰਘਾ ਮੈਂਬਰ SGPC ਦੀ ਯੋਗ ਅਗਵਾਈ ਵਿੱਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਲਾਨਾ ਜੋੜ ਮੇਲਾ ਵੱਡਾ ਘੱਲੂਘਾਰਾ ਮਿਤੀ 21-22-23 ਫ਼ਰਵਰੀ 2022 ਨੂੰ ਮਨਾਇਆਂ ਜਾ ਰਿਹਾ ਹੈ। ਜਿਸ ਸੰਬੰਧੀ ਮਿਤੀ 21-2-22 ਨੂੰ ਸਵੇਰੇ 7:30 ਵਜੇ ਤੋਂ ਪੰਜ ਪਿਆਰਿਆ ਦੀ ਅਗਵਾਈ ਵਿੱਚ ਨਗਰ ਕੀਰਤਨ ਰਵਾਨਾ ਹੋਵੇਗਾ। ਦੋ ਦਿਨ ਧਾਰਮਿਕ ਦੀਵਾਨ ਸਜਣਗੇ ਜਿਸ ਵਿੱਚ ਭਾਈ ਰਮਨਦੀਪ ਸਿੰਘ ਦੀਵਾਨਾ ਦਾ ਢਾਡੀ ਜਥਾ, ਬੀਬਾ ਸੁਖਪਾਲ ਕੌਰ ਬਡਬਰ ਦਾ ਢਾਡੀ ਜਥਾ, ਗੁਰਮੇਲ ਸਿੰਘ ਕਾਲੇਕੇ ਦਾ ਢਾਡੀ ਜਥਾ ਅਤੇ ਹੋਰ ਵੀ ਰਾਗੀ ਢਾਡੀ ਜਥੇ ਪੁੱਜ ਰਹੇ ਹਨ ।
ਇਸ ਤੋਂ ਇਲਾਵਾ ਦੀਵਾਨਾ ਵਿੱਚ ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਜਥਾ  ਸੱਚ ਖੰਡ ਸ੍ਰੀ ਦਰਬਾਰ ਸਾਹਿਬ ਅਤੇ ਬਾਬਾ ਪਰਮਿੰਦਰ ਸਿੰਘ ਜੀ ਖਾਲਸਾ ਭਾਈਰੂਪੇ ਵਾਲੇ ਦੋ ਰੋਜ਼ਾ ਦੀਵਾਨ ਸਜਾਉਣਗੇ। ਇਸ ਸਮੇ ਭਾਈ ਅਮਰੀਕ ਸਿੰਘ ਮੈਨੇਜਰ, ਭਾਈ ਜਸਪਾਲ ਸਿੰਘ ਇੰਚਾਰਜ ਗਹਿਲ, ਬਾਬਾ ਸੁਰਜੀਤ ਸਿੰਘ ਹੈੱਡ ਗ੍ਰੰਥੀ, ਗਗਨਦੀਪ ਸਿੰਘ ਸਟੋਰ ਕੀਪਰ, ਬਾਬਾ ਗੁਰਵਿੰਦਰ ਸਿੰਘ ਹੈੱਡ ਗ੍ਰੰਥੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

ਭਵਿੱਖ ਦਾ ਫੈਸਲਾ ✍️ ਸਲੇਮਪੁਰੀ ਦੀ ਚੂੰਢੀ

ਵੋਟਰੋ! ਜਰਾ ਸੰਭਲ ਕੇ ਖੇਡਣਾ, ਤੁਹਾਡਾ ਅਤੇ ਤੁਹਾਡੇ ਪੰਜਾਬ ਦਾ ਭਵਿੱਖ ਤੁਹਾਡੇ ਹੱਥ ਵਿਚ ਹੈ। ਤੁਸੀਂ ਆਪਣਾ ਅਤੇ ਆਪਣੇ ਪੰਜਾਬ ਦੇ ਭਵਿੱਖ ਦਾ ਫੈਸਲਾ ਅੱਜ ਕਰਨਾ ਹੈ। ਜੇ ਤੁਸੀਂ ਠੀਕ ਨਾ ਖੇਡੇ ਤਾਂ ਤੁਹਾਡੀ ਅਤੇ ਤੁਹਾਡੇ ਪੰਜਾਬ ਦੀ ਹਾਰ ਪੱਕੀ!
-ਸੁਖਦੇਵ ਸਲੇਮਪੁਰੀ
09780620233
20 ਫਰਵਰੀ, 2022.

ਜਨ ਸ਼ਕਤੀ ਨਿਊਜ਼ ਦੇ ਪੱਤਰਕਾਰ ਜਸਮੇਲ ਗ਼ਾਲਿਬ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ  

ਹਜ਼ਾਰਾਂ ਸੇਜਲ ਅੱਖਾਂ ਨੇ ਪੱਤਰਕਾਰ ਜਸਮੇਲ ਗ਼ਾਲਿਬ ਨੂੰ ਦਿੱਤੀ ਅੰਤਮ ਵਿਦਾਇਗੀ  

ਜਿਸ ਤਰ੍ਹਾਂ ਮਨੁੱਖ ਦੇ ਸਰੀਰ ਅੰਦਰ ਰੀੜ੍ਹ ਦੀ ਹੱਡੀ ਦਾ ਸੰਬੰਧ ਹੈ  ਉਸ ਤਰ੍ਹਾਂ ਦਾ ਸਬੰਧ ਜਸਮੇਲ ਗ਼ਾਲਿਬ ਦਾ ਜਨ ਸ਼ਕਤੀ ਨਿਊਜ਼ ਪੰਜਾਬ ਦੇ ਨਾਲ ਸੀ ਜੋ ਇੱਕ ਝਟਕੇ ਨਾਲ ਟੁੱਟ ਗਿਆ   - ਅਮਨਜੀਤ ਸਿੰਘ ਖਹਿਰਾ  

ਜਗਰਾਉਂ , 21 ਫ਼ਰਵਰੀ (ਗੁਰਦੇਵ ਗ਼ਾਲਿਬ ) ਗੁਰੂ ਸਾਹਿਬਾਨਾਂ ਦੇ ਹੁਕਮ ਅਨੁਸਾਰ ਜਦੋਂ ਮੌਤ ਦਾ ਬੁਲਾਵਾ ਆ ਜਾਵੇ ਫਿਰ ਤੇ ਫਿਰ ਪਲ ਵਿੱਚ ਹੀ ਸਭ ਕੁਝ ਬੀਤ ਜਾਂਦਾ ਹੈ  ਤੇ ਉਸ ਤੋਂ ਪਿੱਛੇ ਯਾਦਾਂ ਰਹਿ ਜਾਂਦੀਆਂ ਹਨ  ਜਿਨ੍ਹਾਂ ਨੂੰ ਯਾਦ ਕਰਕੇ ਅਸੀਂ ਸਮੇਂ ਬਾਰੇ ਸੋਚ ਸਕਦੇ ਹਾਂ  ਇਸੇ ਤਰ੍ਹਾਂ ਦੀ ਇਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ  ਪੱਤਰਕਾਰ ਜਸਮੇਲ ਸਿੰਘ ਗ਼ਾਲਿਬ  ਜੋ ਆਪਣੇ ਪਿੱਛੇ ਇਕ ਨੌੰ ਸਾਲ ਇੱਕ ਸੱਤ ਸਾਲ ਬੱਚੇ ਅਤੇ ਆਪਣੀ ਪਤਨੀ ਅਤੇ ਚਾਹੁਣ ਵਾਲਿਆਂ ਨੂੰ ਰੋਂਦਾ ਕੁਰਲਾਉਂਦਾ ਛੱਡ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ  । ਸਵੇਰੇ ਨਿੱਤ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਹਾਜ਼ਰੀ  ਲਗਵਾ  ਆਪਣੇ ਕੰਮਕਾਰ ਵਿੱਚ ਮਸਰੂਫ਼ ਹੋਇਆ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਦੀਆਂ ਖ਼ਬਰਾਂ ਨੂੰ ਇਲੈਕਟ੍ਰੋਨਿਕ ਮੀਡੀਆ ਉੱਪਰ ਸ਼ੇਅਰ ਕਰਨ ਤੋਂ ਬਾਅਦ  ਅੱਜ ਸਪੈਸ਼ਲ ਵੋਟਾਂ ਦਾ ਦਿਨ ਹੋਣ ਕਾਰਨ ਜਦੋਂ ਘਰ ਅੰਦਰ ਹੀ ਆਪਣੇ ਕੰਮ ਨਿਪਟਾ ਰਿਹਾ ਸੀ  ਅਚਾਨਕ ਉਲਟੀ ਆਉਣ ਤੋਂ ਬਾਅਦ ਬਾਥਰੂਮ ਵਿਚ ਡਿੱਗ ਪਿਆ  । ਜਿਸ ਉਪਰੰਤ ਪਰਿਵਾਰ ਅਤੇ ਨਜ਼ਦੀਕੀਆਂ ਵੱਲੋਂ ਚੱਕ ਜਗਰਾਉਂ ਦੇ ਹਸਪਤਾਲ ਪਹੁੰਚਾਇਆ ਗਿਆ  ਜਿੱਥੇ ਸੀਰੀਅਸ ਹੋਣ ਤੇ ਕੁਝ ਮਿੰਟਾਂ ਬਾਅਦ ਹੀ ਲੁਧਿਆਣੇ ਰੈਫ਼ਰ ਕਰ ਦਿੱਤਾ ਜਿਸ ਤੋਂ ਬਾਅਦ ਮੁੱਲਾਂਪੁਰ ਕੋਲ ਆਪਣੇ ਆਖ਼ਰੀ ਸਾਹ ਲੈਂਦਿਆਂ ਸਵਾਸਾਂ ਦੀ ਪੂੰਜੀ ਪੂਰੀ ਕੀਤੀ  । ਇਸ ਅਚਨਚੇਤ ਮੌਤ ਦੇ ਨਾਲ ਜਿੱਥੇ ਉਨ੍ਹਾਂ ਦੀ ਧਰਮਪਤਨੀ ਦੋ ਬੱਚੇ ਨੌੰ ਸਾਲ ਅਤੇ ਸੱਤ ਸਾਲ ਉਮਰ ਬਹੁਤ ਹੀ ਗਹਿਰੇ ਸਦਮੇ ਵਿੱਚ ਹਨ ਉਥੇ ਜਨ ਸ਼ਕਤੀ ਨਿਊਜ਼ ਨਾਲ ਜੁੜੇ ਹੋਏ ਅਨੇਕਾਂ ਲੋਕਾਂ ਨੂੰ ਵੀ ਗਹਿਰਾ ਸਦਮਾ ਲੱਗਾ ਹੈ । ਇਸ ਸਮੇਂ ਜਨ ਸ਼ਕਤੀ ਨਿਊਜ਼ ਦੇ ਮਾਲਕ ਅਮਨਜੀਤ ਸਿੰਘ ਖਹਿਰਾ ਨੇ ਇੰਗਲੈਂਡ ਤੋਂ ਪ੍ਰੈੱਸ ਨਾਲ ਗੱਲਬਾਤ ਕਰਦੇ ਦੱਸਿਆ ਪੱਤਰਕਾਰ ਜਸਮੇਲ ਗ਼ਾਲਿਬ ਆਪਣੇ ਪਰਿਵਾਰ ਆਪਣੇ ਚਾਹੁਣ ਵਾਲੇ ਅਤੇ ਸਾਡੇ ਨਾਲ ਲੰਮਾ ਸਮਾਂ ਜੱਦੋ ਜਹਿਦ ਕਰਕੇ ਜੋੜਿਆ ਹੋਇਆ ਰਿਸ਼ਤਾ ਕੁਝ ਹੀ ਮਿੰਟਾਂ ਵਿੱਚ ਤੋਡ਼ ਕੇ ਸਦਾ ਲਈ ਇਸ ਫਾਨੀ ਸੰਸਾਰ ਤੋਂ ਦੂਰ ਹੋ ਗਿਆ । ਜਿਸ ਦਾ ਵਿਸ਼ਵਾਸ਼ ਕਰਨਾ ਕਿ ਮੌਤ ਇਸ ਤਰ੍ਹਾਂ ਵੀ ਆ ਜਾਂਦੀ ਹੈ ਬਹੁਤ ਔਖਾ ਹੈ  । ਉਨ੍ਹਾਂ ਅੱਗੇ ਆਖਿਆ  ਮੌਤ ਤੋਂ ਤਕਰੀਬਨ ਇੱਕ ਘੰਟਾ ਪਹਿਲਾਂ ਅੱਜ ਦੇ ਚੋਣਾਂ ਦੇ ਸੰਬੰਧ ਵਿਚ ਆਪਣੀ ਖ਼ਬਰ ਨੂੰ ਸਮੁੱਚੇ ਪੰਜਾਬ ਵਾਸੀਆਂ ਦੇ ਸਾਹਮਣੇ ਰੱਖਣਾ ਉਸ ਦੀ ਕੰਮ ਪ੍ਰਤੀ ਇਕ ਅਹਿਮ ਮਿਸਾਲ ਹੈ  । ਉਨ੍ਹਾਂ ਜਿਥੇ ਪਰਿਵਾਰ ਦੇ ਨਾਲ ਹਰ ਵਕਤ ਖੜ੍ਹਨ ਦਾ ਭਰੋਸਾ ਦਿੱਤਾ ਉਥੇ  ਖਹਿਰਾ ਨੇ ਜਸਮੇਲ ਗ਼ਾਲਿਬ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਅੱਜ ਪੱਤਰਕਾਰ ਜਸਮੇਲ ਗ਼ਾਲਿਬ ਦੇ ਅੰਤਮ ਸੰਸਕਾਰ ਸਮੇਂ ਉਚੇਚੇ ਤੌਰ ਤੇ ਬੀਬੀ ਸਰਬਜੀਤ ਕੌਰ ਮਾਣੂਕੇ ਵਿਧਾਇਕ ਆਮ ਆਦਮੀ ਪਾਰਟੀ ਹਲਕਾ ਜਗਰਾਓਂ ਅਤੇ ਉਮੀਦਵਾਰ ਆਮ ਆਦਮੀ ਪਾਰਟੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ । ਇਸ ਸਮੇਂ ਪ੍ਰੈੱਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਇਲਾਕੇ ਭਰ ਤੋਂ ਪੰਚ ਸਰਪੰਚ ਅਤੇ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਂਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ  ।   

  ਵੋਟ ਪਾ ਕੇ ਲਾੜਾ ਚੜ੍ਹਿਆ ਬਰਾਤ

    ਹਠੂਰ,20,ਫਰਵਰੀ-(ਕੌਸਲ ਮੱਲ੍ਹਾ)-ਪਿੰਡ ਮੱਲ੍ਹਾ ਦਾ ਨੌਜਵਾਨ ਵੋਟ ਪਾ ਕੇ ਚੜ੍ਹਿਆ ਬਰਾਤ,ਇਸ ਸਬੰਧੀ ਗੱਲਬਾਤ ਕਰਦਿਆ ਲਾੜਾ ਬਣਿਆ ਪਰਮਿੰਦਰ ਸਿੰਘ ਸਿੱਧੂ ਪੁੱਤਰ ਸੱਤਪਾਲ ਸਿੰਘ ਮੱਲ੍ਹਾ ਨੇ ਦੱਸਿਆ ਕਿ ਅੱਜ ਮੈਂ ਪਹਿਲੀ ਵਾਰ ਆਪਣੀ ਵੋਟ ਪਾਈ ਹੈ ਅਤੇ ਮੈ ਆਪਣਾ ਮੌਲਿਕ ਅਧਿਕਾਰ ਦੀ ਵਰਤੋ ਕਰਦਿਆ ਸਵੇਰੇ ਅੱਠ ਵੱਜ ਕੇ ਪੰਜ ਮਿੰਟ ਤੇ ਆਪਣੇ ਮਨਪਸੰਦੀ ਦੇ ਉਮੀਦਵਾਰ ਨੂੰ ਵੋਟ ਪਾਈ ਹੈ।ਉਨ੍ਹਾ ਦੱਸਿਆ ਕਿ ਪਹਿਲੀ ਵਾਰ ਵੋਟ ਪਾਉਣ ਤੇ ਚੋਣ ਅਧਿਕਾਰੀਆ ਨੇ ਮੈਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।ਜਿਸ ਕਰਕੇ ਮੈ ਉਨ੍ਹਾ ਦਾ ਧੰਨਵਾਦ ਕਰਦਾ ਹਾਂ।ਉਨ੍ਹਾ ਦੱਸਿਆ ਕਿ ਬਰਾਤ ਵਿਚ ਸਿਰਫ 13 ਵਿਅਕਤੀ ਹੀ ਜਾ ਰਹੇ ਹਨ ਅਤੇ ਇਹ ਵਿਆਹ ਸਾਦੇ ਢੰਗ ਨਾਲ ਕੀਤਾ ਗਿਆ ਹੈ।ਉਨ੍ਹਾ ਸਮੂਹ ਵੋਟਰਾ ਨੂੰ ਅਪੀਲ ਕੀਤੀ ਕਿ ਸਾਨੂੰ ਆਉਣ ਵਾਲੀ ਨਵੀ ਸਰਕਾਰ ਲਈ ਵੋਟ ਦੀ ਜਰੂਰ ਵਰਤੋ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਮਨਪਸੰਦ ਦੀ ਸਰਕਾਰ ਬਣਾ ਸਕੀਏ।ਇਸ ਮੌਕੇ ਉਨ੍ਹਾਂ ਨਾਲ ਜਸਵੰਤ ਸਿੰਘ,ਜਗਦੇਵ ਸਿੰਘ,ਜਗਸੀਰ ਸਿੰਘ,ਭਾਈ ਅਮਰਜੀਤ ਸਿੰਘ ਖਾਲਸਾ,ਗੁਰਬਚਨ ਸਿੰਘ,ਗੁਰਚਰਨ ਸਿੰਘ,ਠੇਕੇਦਾਰ ਅਮਰਜੀਤ ਸਿੰਘ,ਪ੍ਰੀਤ ਸਟੂਡੀਓ,ਜਗਦੀਸ਼ ਸਿੰਘ,ਬਲਜੀਤ ਕੌਰ,ਸਨਦੀਪ ਕੌਰ,ਕੁਲਦੀਪ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਲਾੜਾ ਪਰਮਿੰਦਰ ਸਿੰਘ ਸਿੱਧੂ ਆਪਣਾ ਪ੍ਰਸ਼ੰਸਾ ਪੱਤਰ ਦਿਖਾਉਦਾ ਹੋਇਆ

109 ਸਾਲਾ ਦੀ ਬੇਬੇ ਭਗਵਾਨ ਕੌਰ ਨੇ ਪਾਈ ਵੋਟ

ਹਠੂਰ,20,ਫਰਵਰੀ-(ਕੌਸਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਦੀ ਸਭ ਤੋ ਵੱਡੀ ਉਮਰ ਦੀ ਬੇਬੇ ਭਗਵਾਨ ਕੌਰ (109)ਪਿੰਡ ਮੱਲ੍ਹਾ ਨੇ ਬੂਥ ਨੰਬਰ 174 ਵਿਚ ਆਪਣੀ ਵੋਟ ਪਾਈ ਅਤੇ ਚੋਣ ਅਧਿਕਾਰੀਆਂ ਨੇ ਬੇਬੇ ਭਗਵਾਨ ਕੌਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਬੇਬੇ ਭਗਵਾਨ ਕੌਰ ਦੇ ਪੁੱਤਰ ਮੇਜਰ ਸਿੰਘ ਅਤੇ ਪੋਤਰੇ ਸੰਤੋਖ ਸਿੰਘ ਸੋਖਾ ਮੱਲ੍ਹਾ ਨੇ ਦੱਸਿਆ ਕਿ ਬੇਬੇ ਇਸ ਤੋਂ ਪਹਿਲਾਂ 100 ਵਾਰ ਆਪਣੀ ਵੋਟ ਪਾ ਚੁੱਕੀ ਹੈ ਅਤੇ ਅੱਜ 101 ਵਾਰ ਐਸ ਡੀ ਐਮ ਦਫਤਰ ਜਗਰਾਓਂ ਦੀ ਟੀਮ ਖੁਦ ਬੇਬੇ ਨੂੰ ਘਰ ਤੋਂ ਵੋਟ ਪਾਉਣ ਲਈ ਪੋਲੰਿਗ ਸਟੇਸ਼ਨ ਤੇ ਲੈ ਕੇ ਗਈ ਅਤੇ ਘਰ ਵੀ ਛੱਡ ਕੇ ਗਈ ਹੈ।ਇਸ ਮੌਕੇ ਜਦੋ ਪੱਤਰਕਾਰਾਂ ਨੇ ਬੇਬੇ ਦੀ ਵੱਡੀ ਉਮਰ ਦਾ ਰਾਜ ਜਾਣਿਆ ਤਾਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਬੇਬੇ ਆਉਲੇ ਦਾ ਮੁਰੱਬਾ,ਘਰ ਦੀ ਬਣੀ ਪੰਜੀਰੀ,ਦੋ ਟਾਇਮ ਸਾਦੀ ਰੋਟੀ ਖਾਂਦੀ ਹੈ,ਦੁੱਧ,ਦਹੀਂ,ਲੱਸੀ ਦੀ ਬਹੁਤ ਸੁਕੀਨ ਹੈ ਅਤੇ ਸੁੱਧ ਵੈਸਨੂੰ ਹੈ,ਉਨ੍ਹਾ ਦੱਸਿਆ ਕਿ ਬੇਬੇ ਰੋਜਾਨਾ ਅੰਮ੍ਰਿਤ ਵੇਲੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਖੁਦ ਜਾਂਦੀ ਹੈ ਅਤੇ ਆਪਣੇ ਸਰੀਰ ਦੀ ਸਫਾਈ ਖੁਦ ਕਰਦੀ ਹੈ।ਇਸ ਮੌਕੇ ਬੇਬੇ ਭਗਵਾਨ ਕੌਰ ਨੇ ਦੱਸਿਆ ਕਿ ਮੇਰੀ ਆਖਰੀ ਇੱਛਾ  ਹੈ ਕਿ ਮੈ ਆਪਣੇ ਪੜਪੋਤਰੇ ਅੰਮ੍ਰਿਤਪਾਲ ਸਿੰਘ ਸਰਾਂ ਦਾ ਵਿਆਹ ਆਪਣੇ ਹੱਥੀਂ ਕਰਕੇ ਜਾਵਾਂ।ਅੰਤ ਵਿਚ ਬੇਬੇ ਨੇ ਕਿਹਾ ਕਿ ਪੰਜਾਬ ਵਿਚ ਲੋਕ ਪੱਖੀ ਸਰਕਾਰ ਬਣਾਉਣੀ ਚਾਹਾਦੀ ਹੈ ਜੋ ਗਰੀਬਾ ਬਾਰੇ ਕੁਝ ਸੋਚੇ ਅਤੇ ਬੇਰੁਜਗਾਰੀ ਖਤਮ ਕਰੇ।ਅੰਤ ਵਿਚ ਸਮੂਹ ਪਰਿਵਾਰ ਨੇ ਐਸ ਡੀ ਐਮ ਦਫਤਰ ਜਗਰਾਓਂ ਦੀ ਟੀਮ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋਂ,ਸੈਕਟਰ ਅਫਸਰ ਰਮਿੰਦਰ ਸਿੰਘ,ਐਫ ਐਸ ਟੀ ਲਖਵੀਰ ਸਿੰਘ,ਏ ਐਸ ਆਈ ਸੁਖਦੇਵ ਸਿੰਘ, ਏ ਐਸ ਆਈ ਦਲਜੀਤ ਸਿੰਘ,ਬੀ ਐਲ ਓ ਸਰਬਜੀਤ ਸਿੰਘ ਮੱਲ੍ਹਾ,ਹੌਲਦਾਰ ਮੇਜਰ ਸਿੰਘ,ਮੇਜਰ ਸਿੰਘ ਸਰਾਂ,ਸੰਤੋਖ ਸਿੰਘ ਸਰਾਂ,ਜੰਗੀਰ ਕੌਰ,ਕਰਮਜੀਤ ਕੌਰ,ਅੰਮ੍ਰਿਤਪਾਲ ਸਿੰਘ ਸਰਾਂ,ਜਗਰਾਜ ਸਿੰਘ ਸਿੱਧੂ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਬੇਬੇ ਭਗਵਾਨ ਕੌਰ ਆਪਣੇ ਪਰਿਵਾਰ ਸਮੇਤ ਗੱਲਬਾਤ ਕਰਦੀ ਹੋਈ
 

ਪਿੰਡ ਗੋਰਸੀਆਂ ਕਾਦਰਬਖਸ਼ ਵਿਖੇ ਮਨਪ੍ਰੀਤ ਸਿੰਘ ਇਯਾਲੀ ਨੇ ਪਾਈ ਵੋਟ  

 ਭੂੰਦੜੀ 20 ਫਰਵਰੀ (ਸਤਵਿੰਦਰ ਸਿੰਘ ਗਿੱਲ)ਵਿਧਾਨ ਸਭਾ ਹਲਕਾ ਦਾਖਾ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਝੇ ਉਮੀਦਵਾਰ ਸ ਮਨਪ੍ਰੀਤ ਸਿੰਘ ਇਯਾਲੀ ਦੇ ਵੱਲੋਂ ਪਿੰਡ ਗੋਰਸੀਆਂ ਕਾਦਰਬਖਸ਼ ਵਿਖੇ ਆਪਣੇ ਪਰਿਵਾਰ ਸਮੇਤ  ਆਮ ਲੋਕਾਂ ਦੀ ਤਰ੍ਹਾਂ ਲਾਈਨ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ। ਅਤੇ ਆਪਣੀ ਵਾਰੀ ਆਉਣ ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ।

ਪੱਤਰਕਾਰ ਜਸਮੇਲ ਗ਼ਾਲਿਬ ਦਾ ਅਚਾਨਕ ਦੇਹਾਂਤ   

ਬਹੁਤੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਹੁਤ ਹੀ ਸਤਿਕਾਰ ਯੋਗ ਪੱਤਰਕਾਰ ਜਸਮੇਲ ਗ਼ਾਲਿਬ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਵੇਰੇ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਣ ਤੋਂ ਬਾਅਦ  ਰੋਜ਼ਾਨਾ ਦੀ ਤਰ੍ਹਾਂ ਆਪਣੀ ਫ਼ੇਸਬੁੱਕ ਉੱਪਰ ਖ਼ਬਰਾਂ ਅਪਡੇਟ ਕਰ ਅਚਾਨਕ ਬਾਥਰੂਮ ਗਏ ਡਿੱਗ ਪਏ ਬੱਸ ਫੇਰ ਕੀ ਸੀ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਅਤੇ ਜਨ ਸ਼ਕਤੀ ਨਿਊਜ਼ ਪੰਜਾਬ ਦਾ ਇੱਕ ਅੰਬਰ ਵਿਚ ਟਹਿਕਦਾ ਤਾਰਾ ਸਦਾ ਲਈ ਟੁੱਟ ਗਿਆ ।  

 

ਪੰਜਾਬ ਪੁਲੀਸ ਲੁਧਿਆਣਾ ਦਿਹਾਤੀ  ਅਤੇ ਨੀਮ ਸੁਰੱਖਿਆ ਬਲਾਂ ਵੱਲੋਂ ਮੁੱਲਾਂਪੁਰ ਅੰਦਰ ਫਲਾਇੰਗ ਮਾਰਚ

ਮੁੱਲਾਂਪੁਰ /ਦਾਖਾ,  20 ਫ਼ਰਵਰੀ  (ਸਤਵਿੰਦਰ ਸਿੰਘ  ਗਿੱਲ) 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਪੁਲਿਸ ਤੇ ਨੀਮ ਸੁਰੱਖਿਆ ਬਲਾਂ ਵੱਲੋਂ ਸ਼ਹਿਰ ਅੰਦਰ ਫਲੈਗ ਮਾਰਚ ਕੱਿਢਆ ਗਿਆ, ਜਿਸ ਦੀ ਅਗਵਾਈ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਡਾ. ਕੇਤਨ ਪਾਟਿਲ ਬਾਲੀਰਾਮ ਤੇ ਐੱਸਡੀਐੱਮ ਲੁਧਿਆਣਾ (ਪੱਛਮੀ) ਜਗਦੀਪ ਸਹਿਗਲ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਕਿਹਾ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਵੋਟਰ ਨਿਡਰ ਹੋ ਕੇ ਆਪਣਾ ਮਤਦਾਨ ਕਰਨ, ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਤਿਆਰ-ਬਰ-ਤਿਆਰ ਹੈ। ਉਨ੍ਹਾਂ ਕਿਹਾ ਪੁਲਿਸ ਪ੍ਰਸ਼ਾਸਨ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਏਗਾ ਤੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਨਹੀਂ ਕਰਨ ਦਿੱਤੀ ਜਾਵੇਗੀ। ਜੇਕਰ ਕਿਸੇ ਨੇ ਵੋਟਰ ਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ ਕਿਸੇ ਪਾਰਟੀ ਵਰਕਰ ਜਾਂ ਆਗੂ ਵਿਰੁੱਧ ਕੋਈ ਸ਼ਿਕਾਇਤ ਹੋਵੇ ਤਾਂ ਉਹ ਬੇਿਝਜਕ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਪਿ੍ਰਥੀਪਾਲ ਸਿੰਘ ਐੱਸਪੀ (ਐੱਚ), ਡੀਐੱਸਪੀ ਜਤਿੰਦਰਜੀਤ ਸਿੰਘ ਦਾਖਾ, ਡੀਐੱਸਪੀ ਹਰਪਾਲ ਸਿੰਘ ਗਰੇਵਾਲ, ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦਾਖਾ, ਇੰਸਪੈਕਟਰ ਬਿਕਰਮਜੀਤ ਸਿੰਘ ਜੋਧਾਂ ਸ਼ਾਮਲ ਸਨ।

ਪਿੰਡਾਂ ਵਿੱਚ ਹੌਲੀ ਹੌਲੀ ਹੋ ਰਹੀ ਹੈ ਪੁਰਾਤਨ ਰੀਤੀ ਰਿਵਾਜਾਂ ਦੀ ਸ਼ਰੂਆਤ ✍️ ਜਸਵੀਰ ਸ਼ਰਮਾਂ ਦੱਦਾਹੂਰ

ਬਹੁਤ ਹੀ ਸਤਿਕਾਰਤ ਦੋਸਤੋ ਜਿਵੇਂ ਕਿ ਆਪ ਸੱਭ ਚੰਗੀ ਤਰ੍ਹਾਂ ਜਾਣਦੇ ਹੋਂ ਕਿ ਮੈਂ ਅਕਸਰ ਹੀ ਪੁਰਾਤਨ ਵਿਰਸੇ ਪ੍ਰਤੀ ਲੇਖ ਕਵਿਤਾਵਾਂ ਆਦਿ ਲਿਖਦਾ ਰਹਿੰਦਾ ਹਾਂ, ਇਸੇ ਕੜੀ ਤਹਿਤ ਹੀ ਪਿਛੇ ਜਿਹੇ ਥੋੜੇ ਦਿਨ ਪਹਿਲਾਂ ਇੱਕ ਲੇਖ"ਪਿੰਡਾਂ ਵਾਲਾ ਮਾਹੌਲ ਕਿਥੇ ਸ਼ਹਿਰਾਂ ਚ"ਦਾਸ ਵੱਲੋਂ ਲਿਖਿਆ ਕਈ ਅਖਬਾਰਾਂ ਵਿੱਚ ਛਪਿਆ ਸੀ,ਓਸੇ ਦਾ ਇਹ ਦੂਸਰਾ ਭਾਗ ਕਹਿ ਸਕਦੇ ਹਾਂ।

ਓਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਦਾਰੇ ਵਾਲਾ ਪਿੰਡ (ਹਰਿਆਣਾ ਸਟੇਟ ਡਬਵਾਲੀ-ਐਲਨਾਬਾਦ ਰੋਡ) ਵਿੱਚ ਜਦੋਂ ਦਾਸ ਇੱਕ ਪੇਂਡੂ ਵਿਆਹ ਵਿੱਚ ਗਿਆ ਸੀ, ਤਾਂ ਓਥੇ ਪੁਰਾਤਨ ਰੀਤੀ ਰਿਵਾਜ਼ਾਂ ਮੁਤਾਬਕ ਘਰ ਘਰ ਤੋਂ ਮੰਜੇ ਬਿਸਤਰੇ ਇਕੱਠੇ ਕੀਤੇ ਗਏ ਸਨ। ਜਦੋਂ ਕਿ ਇਹ ਸਾਡੇ ਪੁਰਖਿਆਂ ਦੇ ਰਿਵਾਜ ਸਨ। ਹੁਣ ਅਡਵਾਂਸ ਕਹਿ ਲਈਏ ਜਾਂ ਫਿਰ ਅਗਾਂਹ ਵਧੂ ਜ਼ਮਾਨੇ ਵਿਚ ਕੀ ਪਿੰਡਾਂ ਤੇ ਕੀ ਸ਼ਹਿਰਾਂ ਵਿੱਚ ਟੈਂਟ ਹਾਊਸ ਤੋਂ ਵਿਆਹ ਸ਼ਾਦੀ ਵਿੱਚ ਗੱਦੇ ਚਾਦਰਾਂ, ਰਜਾਈਆਂ ਜਾਂ ਸਮੇਂ ਅਨੁਸਾਰ ਕੰਬਲ ਲਿਆਉਣ ਦਾ ਰਿਵਾਜ ਪ੍ਰਚਲਿਤ ਹੋ ਚੁੱਕਾ ਹੈ। ਸ਼ਹਿਰਾਂ ਵਿੱਚ ਤਾਂ ਵੈਸੇ ਹੀ ਘਰਾਂ ਦੀ ਜਗ੍ਹਾ ਬਹੁਤ ਘੱਟ ਹੁੰਦੀ ਹੈ,ਇਸ ਕਰਕੇ ਵੀ ਥੱਲੇ ਫਰਸ਼ ਤੇ ਗੱਦੇ ਸੁੱਟੋ ਚਾਦਰ ਵਿਛਾਓ ਰਜਾਈ ਕੰਬਲ ਲੳ ਤੇ ਸੌਂ ਜਾਓ। ਬਿਲਕੁਲ ਇਸੇ ਤਰ੍ਹਾਂ ਹੀ ਹੁਣ ਭਾਵ ਅਜੋਕੇ ਜ਼ਮਾਨੇ ਵਿਚ ਪਿੰਡਾਂ ਵਾਲੇ ਵੀ ਸ਼ਹਿਰਾਂ ਚੋਂ ਗੱਦੇ ਵਗੈਰਾ ਲੈ ਜਾਂਦੇ ਹਨ। ਕਿਉਂਕਿ ਮੰਜੇ ਬਿਸਤਰੇ ਇਕੱਠੇ ਕਰਨੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਬਹੁਤ ਔਖੇ ਲਗਦੇ ਹਨ।ਕਿਹੜਾ ਐਨਾ ਅਡੰਬਰ ਕਰੇ। ਬਹੁਤ ਜ਼ਿਆਦਾ ਪੈਸੇ ਵਾਲੀ ਹੋ ਚੁੱਕੀ ਹੈ ਅਜੋਕੀ ਦੁਨੀਆਂ, ਪੈਸੇ ਦਿਓ ਜਿਹੜੀ ਚੀਜ਼ ਮਰਜ਼ੀ ਘਰੇ ਮੰਗਵਾ ਲੳ। ਫਿਰ ਅੱਜਕਲ੍ਹ ਹੱਥੀਂ ਕੰਮ ਕਰਨ ਦਾ ਰਿਵਾਜ ਵੀ ਤਾਂ ਨਹੀਂ ਨਾ ਰਹਿ ਗਿਆ, ਹੁਕਮ ਚਲਾਉਣ ਦਾ ਸਮਾਂ ਆ ਚੁੱਕਾ ਹੈ। ਇਸੇ ਕਰਕੇ ਹੀ ਐਸੇ ਅਡੰਬਰਾਂ ਤੋਂ ਕੰਨੀ ਕਤਰਾਉਂਦੇ ਹਨ ਘਰਾਂ ਦੇ ਨੌਜਵਾਨ ਮੁੰਡੇ। ਪੈਲੇਸਾਂ ਵਿੱਚ ਵੀ ਵੇਟਰ ਹੁੰਦੇ ਹਨ ਤੇ ਘਰਾਂ ਵਿੱਚ ਵੀ ਜਿੰਨੇ ਮਰਜੀ  ਵੇਟਰ ਮੰਗਵਾ ਲੳ ਸਿਰਫ਼ ਪੈਸਾ ਚਾਹੀਦਾ ਹੈ।

ਪਰ ਅਜੋਕੇ ਸਮੇਂ ਤੋਂ ਹਟਕੇ ਜੋ ਦਾਰੇ ਵਾਲਾ ਪਿੰਡ ਵਿੱਚ ਦਾਸ ਨੇ ਵੇਖਿਆ ਓਥੇ ਵਾਕਿਆ ਹੀ ਓਹ ਪੁਰਾਤਨ ਸਮੇਂ ਯਾਦ ਆ ਗਏ ਜਦੋਂ ਪੁਰਾਣਿਆਂ ਸਮਿਆਂ ਵਿੱਚ ਹੁੰਦੇ ਸਨ,ਘਰ ਘਰ ਤੋਂ ਮੰਜੇ ਬਿਸਤਰੇ ਇਕੱਠੇ ਕੀਤੇ ਗਦੈਲਿਆਂ ਰਜਾਈਆਂ ਸਰਾਣਿਆਂ ਤੇ ਨੰਬਰ ਲਾਏ,ਆਏ ਗਏ ਲਈ ਭਾਵ ਮੇਲ ਲਈ,ਲਿਆਂਦੇ ਤੇ ਲਿਆ ਕੇ ਅੱਡੋ ਅੱਡ ਕਮਰਿਆਂ ਵਿੱਚ ਡਾਹ ਕੇ ਵਿਛਾ ਦਿੱਤੇ।ਜਾਗੋ ਤੋਂ ਬਾਅਦ ਕੋਈ ਰਾਤ ਦੇ ਗਿਆਰਾਂ ਸਾਢੇ ਗਿਆਰਾਂ ਵਜੇ ਸਾਰੇ ਸੌਂ ਗਏ ‌ਅਗਲੇ ਦਿਨ ਬਰਾਤ ਆਈ ਸਾਰਾ ਮੇਲ ਗੇਲ ਘਰਦੇ ਸਾਰਾ ਪਰਿਵਾਰ ਸੰਗਰੀਆ ਮੰਡੀ ਪੈਲੇਸ ਵਿੱਚ ਪਹੁੰਚ ਗਿਆ। ਸ਼ਾਮੀਂ ਕੁੜੀ ਨੂੰ ਤੋਰ ਕੇ ਫਿਰ ਸਾਰਾ ਮੇਲ ਗੇਲ ਤੇ ਪਰਿਵਾਰ ਘਰੇ ਵਾਪਸ ਆ ਗਏ।ਉਸ ਤੋਂ ਅਗਲੇ ਦਿਨ ਜਿਹੜੇ ਘਰਾਂ ਤੋਂ ਮੰਜੇ ਬਿਸਤਰੇ ਆਏ ਸਨ ਓਹ ਪਰਿਵਾਰ ਆਪੋ ਆਪਣੇ ਮੰਜੇ ਬਿਸਤਰੇ ਪਛਾਣ ਪਛਾਣ ਕੇ ਲੈ ਜਾ ਰਹੇ ਸਨ (ਇਹ ਫੋਟੋ ਓਸੇ ਸਮੇਂ ਦੀ ਹੈ ਜੋ ਇਸ ਲੇਖ ਵਿੱਚ ਲੱਗੀ ਹੈ)

ਸੋ ਦੋਸਤੋ ਅੰਤਾਂ ਦੀ ਮਹਿੰਗਾਈ ਵਾਲੇ ਜ਼ਮਾਨੇ ਵਿੱਚ ਹਰ ਇਨਸਾਨ ਨੂੰ ਫੂਕ ਫੂਕ ਕੇ ਪੈਰ ਰੱਖਣ ਦੀ ਅਤਿਅੰਤ ਲੋੜ ਹੈ। ਲੱਖਾਂ ਰੁਪਏ ਪੈਲੇਸਾਂ ਵਿੱਚ ਲਾਉਣਾ ਫਿਰ ਕਰਜ਼ਾਈ ਹੋ ਕੇ ਸਾਰੀ ਉਮਰ ਵਿਆਜੂ ਪੈਸੇ ਉਤਾਰੀ ਜਾਣਾ ਕਿਥੋਂ ਦੀ ਸਿਆਣਪ ਹੈ? ਅੱਡੀਆਂ ਚੁੱਕ ਚੁੱਕ ਕੇ ਫਾਹਾ ਲੈਣ ਨਾਲੋਂ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਭਾਵ ਓਹਨਾਂ ਪੁਰਾਣੇ ਰੀਤੀ ਰਿਵਾਜ ਅਪਣਾਉਣਾ ਬਹੁਤ ਵੱਡੀ ਸਿਆਣਪ ਹੋਵੇਗੀ। ਨਹੀਂ ਤਾਂ ਓਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਅੰਨ ਦਾਤਾ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ। ਹਾਲੇ ਵੀ ਡੁੱਲ੍ਹਿਆ ਬੇਰਾਂ ਦਾ ਕੁੱਝ ਨਹੀਂ ਵਿਗੜਿਆ, ਜੇਕਰ ਚੁਗ ਕੇ ਝੋਲੀ ਪਾ ਲਈਏ।ਇਹ ਤਾਂ ਸਿਰਫ਼ ਇੱਕ ਹੀ ਉਦਾਹਰਣ ਹੈ ਵੈਸੇ ਵੀ ਸਾਰੇ ਰੀਤੀ ਰਿਵਾਜ ਓਹੋ ਹੀ ਅਪਣਾ ਲੈਣ ਨਾਲ ਕੋਈ ਫ਼ਰਕ ਨਹੀਂ ਪੈਂਦਾ।ਇਸ ਵਿਆਹ ਵਿੱਚ ਘਰ ਵਿੱਚ ਹੀ ਹਲਵਾਈ ਲੱਗਾ ਸੀ ਤੇ ਸ਼ਰੀਕੇ ਕਬੀਲੇ ਚੋਂ ਪਹਿਲਿਆਂ ਰਿਵਾਜਾਂ ਅਨੁਸਾਰ ਹੀ ਘਰ ਘਰ ਦਾ ਬੰਦਾ ਆ ਕੇ ਲੱਡੂ ਵੱਟ ਰਹੇ ਸਨ।ਇਹ ਸਾਰਾ ਮਹੌਲ ਵੇਖ ਕੇ ਮਨ ਬਹੁਤ ਖੁਸ਼ ਹੋ ਰਿਹਾ ਸੀ। ਕਾਸ਼! ਕਿਤੇ ਸਾਰਾ ਪੰਜਾਬ ਹੀ ਇਨ੍ਹਾਂ ਰੀਤੀ ਰਿਵਾਜ਼ਾਂ ਨੂੰ ਅਪਣਾ ਲਵੇ, ਤਾਂ ਮੁੜ ਪੰਜਾਬ ਦਾ ਮਾਹੌਲ ਚਹਿਲ ਪਹਿਲ ਵਾਲਾ ਹੋ ਸਕਦਾ ਹੈ।

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਦਿਲਪ੍ਰੀਤ ਢਿੱਲੋਂ ਅਤੇ ਮੈਂਡੀ ਤੱਖਰ ਦੀ ਫਿਲਮ 'ਮੇਰਾ ਵਿਆਹ ਕਰਵਾ ਦੋ'  ਜ਼ੀ 5 'ਤੇ ਹੋਵੇਗੀ  ਪ੍ਰਸਾਰਿਤ

 ਜ਼ੀ5 ਨੇ ਹਾਲ ਹੀ ਵਿੱਚ ਪੰਜਾਬੀ ਭਾਸ਼ਾ ਲਈ 'ਰੱਜ ਕੇ ਵੇਖੋ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜੋ ਜ਼ੀ ਸਟੂਡੀਓਜ਼ ਤੋਂ ਲਾਈਵ ਥੀਏਟਰ ਦੇ ਸਿਰਲੇਖਾਂ ਦਾ ਪ੍ਰੀਮੀਅਰ ਕਰਨ ਦਾ ਵਾਅਦਾ ਕਰਦੀ ਹੈ। ਦਿਲਪ੍ਰੀਤ ਢਿੱਲੋਂ ਅਤੇ ਮੈਂਡੀ ਤੱਖਰ ਦੀ ਨਵੀਨਤਮ ਫਿਲਮ 'ਮੇਰਾ ਵਿਆਹ ਕਰਵਾ ਦੋ' ਜਿਸਦਾ ਨਿਰਮਾਣ ਰਾਜੂ ਚੱਢਾ ਅਤੇ ਵਿਜੇ ਦੱਤਾ ਖੋਸਲਾ ਦੁਆਰਾ ਕੀਤਾ ਗਿਆ ਹੈ, ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਫਿਲਮ ਸੁਨੀਲ ਖੋਸਲਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਅਤੇ ਉਹਨਾਂ ਨੇ ਹੀ ਫਿਲਮ ਲਈ ਸਕ੍ਰੀਨਪਲੇ ਵੀ ਲਿਖਿਆ ਹੈ। ਦਿਲਪ੍ਰੀਤ ਢਿੱਲੋਂ ਅਤੇ ਮੈਂਡੀ ਤੱਖਰ ਤੋਂ ਇਲਾਵਾ ਫਿਲਮ ਵਿੱਚ ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਸੰਨੀ ਗਿੱਲ, ਸੰਤੋਸ਼ ਮਲਹੋਤਰਾ, ਵਿਜੇ ਟੰਡਨ, ਰੇਨੂੰ ਮੋਹਾਲੀ, ਗੋਨੀ ਸੱਗੂ ਅਤੇ ਪਰਮਿੰਦਰ ਗਿੱਲ ਵੀ ਹਨ। ਫਿਲਮ ਦਾ ਸੰਗੀਤ ਜੇਐਸਐਲ, ਗੁਰਮੀਤ ਸਿੰਘ, ਗੁਰਮੋਹ, ਸ਼ਮਿਤਾ ਭਾਟਕਰ ਅਤੇ ਸੁਨੀਲ ਖੋਸਲਾ ਨੇ ਦਿੱਤਾ ਹੈ। ਫਿਲਮ ਦੇ ਗੀਤਾਂ ਵਿਚ ਆਵਾਜ਼ ਦਿਤੀ ਹੈ ਪ੍ਰਸਿੱਧ ਗਾਇਕਾਂ ਜੋਤੀ ਨੂਰਾਨ, ਮੰਨਤ ਨੂਰ, ਸ਼ਿਪਰਾ ਗੋਇਲ, ਗੁਰਮੀਤ ਸਿੰਘ, ਅਭਿਜੀਤ ਵਾਘਾਨੀ, ਵਜ਼ੀਰ ਸਿੰਘ ਅਤੇ ਵਿਭਾ ਨੇ।

ਇਹ ਫਿਲਮ, ਇੱਕ ਕੁੜੀ ਨੂਰ ਬਾਰੇ ਹੈ, ਜੋ 30 ਸਾਲ ਦੀ ਹੋਣ ਤੋਂ ਪਹਿਲਾਂ ਇੱਕ ਵਿਆਹ ਵਾਲੀ ਸਾਈਟ 'ਤੇ ਆਪਣੇ ਲਈ ਇੱਕ ਅਨੁਕੂਲ ਮੇਲ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਸਨੂੰ ਆਪਣੇ ਲਈ ਕੋਈ ਮੇਲ ਲੱਭਣਾ ਮੁਸ਼ਕਲ ਲੱਗਦਾ ਹੈ, ਜਿਸ ਲਈ ਉਹ ਆਪਣੀ ਰਹਿਣ ਸਹਿਣ ਦਾ ਢੰਗ ਬਦਲਦੀ ਹੈ ਤੇ ਨਵੀਆਂ ਤਸਵੀਰਾਂ ਵਿਆਹ ਵਾਲੀ ਵੈਬਸਾਈਟ ਤੇ ਲਗਾ ਕੇ ਆਪਣਾ ਇੱਕ ਨਵੈ ਕਿਰਦਾਰ ਨੂੰ ਪੇਸ਼ ਕਰਦੀ ਹੈ। ਉਸਦਾ ਨਵਾਂ ਕਿਰਦਾਰ ਉਸਦੀ ਮਦਦ ਤਾਂ ਕਰਦਾ ਹੈ ਪਰ ਉਸਦੀ ਜ਼ਿੰਦਗੀ ਵਿੱਚ ਤਬਾਹੀ ਦਾ ਕਾਰਨ ਵੀ ਬਣ ਜਾਂਦਾ ਹੈ, ਜਦੋਂ ਉਸਦੇ ਘਰ ਦੀ ਦਹਿਲੀਜ਼ ਤੇ ਤਿਨ-ਤਿਨ ਬਰਾਤਾਂ ਆ ਕੇ ਖੜੀਆਂ ਹੋ ਜਾਂਦੀਆਂ ਨੇ ਤੇ ਉਸਨੂੰ ਤਿੰਨੇ ਲਾੜੇਆ ਵਿਚੋਂ ਕਿਸੇ ਇੱਕ ਨੂੰ ਚੁਣਨਾ ਪਵੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨੂਰ ਤੀਨਾਂ ਵਿਚੋਂ ਕਿਸਨੂੰ ਚੁਣੇਗੀ ਤੇ ਕਿ ਇਹ ਚੋਣ ਉਸਦੇ ਲਈ ਅਸਾਨ ਹੋਵੇਗਾ ਜਾਂ ਉਸਨੂੰ ਸਾਮਣਾ ਕਰਨਾ ਪਵੇਗਾ ਹੋਰ ਮੁਸ਼ਕਿਲਾਂ ਦਾ।

ਫਿਲਮ ਬਾਰੇ ਗੱਲ ਕਰਦੇ ਹੋਏ, ਫਿਲਮ ਦੇ ਨਿਰਮਾਤਾਵਾਂ ਨੇ ਕਿਹਾ, "ਅਸੀਂ ਬਹੁਤ ਉਤਸ਼ਾਹਿਤ ਹਾਂ ਕਿ 'ਮੇਰਾ ਵਿਆਹ ਕਾਰਾ ਦੋ' ਦਾ ਪ੍ਰੀਮੀਅਰ ਜ਼ੀ 5 'ਤੇ ਹੋ ਰਿਹਾ ਹੈ ਅਤੇ 190+ ਦੇਸ਼ਾਂ ਵਿੱਚ ਸਾਰੇ ਪੰਜਾਬੀ ਦਰਸ਼ਕਾਂ ਤੱਕ ਪਹੁੰਚੇਗੀ। ਮੂਵੀ ਪ੍ਰਮੁੱਖ ਅਤੇ ਸਹਾਇਕ ਕਲਾਕਾਰਾਂ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਇੱਕ ਸੰਪੂਰਨ ਪਰਿਵਾਰਕ ਮਨੋਰੰਜਨ ਹੈ। ਸਾਨੂੰ ਯਕੀਨ ਹੈ ਕਿ ਇਹ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਅਤੇ ਉਨ੍ਹਾਂ ਨੂੰ ਸੰਤੁਸ਼ਟ ਮਹਿਸੂਸ ਕਰੇਗੀ।"

ਫਿਲਮ ਦੇ ਨਿਰਦੇਸ਼ਕ ਸੁਨੀਲ ਖੋਸਲਾ ਨੇ ਵੀ ਆਪਣੀ ਖੁਸ਼ੀ ਅਤੇ ਉਤਸ਼ਾਹ ਨੂੰ ਸਾਂਝਾ ਕੀਤਾ, “ਇਹ ਇੱਕ ਸ਼ਾਨਦਾਰ ਸਕ੍ਰਿਪਟ ਹੈ ਜਿਸ ਨੂੰ ਸਾਰੇ ਕਲਾਕਾਰਾਂ ਅਤੇ ਫਿਲਮ ਦੇ ਸੰਬੰਧੀਆਂ ਨੇ ਬਾਖੂਬੀ ਨਿਭਾਇਆ ਹੈ। ਅਸੀਂ ਇਹ ਫਿਲਮ ਨੂੰ ਬਣਾਉਣ ਵਿੱਚ ਯਕੀਨੀ ਤੌਰ ਤੇ ਕੋਈ ਕਸਰ ਬਾਕੀ ਨਹੀਂ ਛੱਡੀ ਕਿ ਅਸੀਂ ਇੱਕ ਉੱਚ ਦਰਜੇ ਦੀ ਫ਼ਿਲਮ ਪੇਸ਼ ਕਰ ਸਕੀਏ। ਅਸੀਂ ਇਸ ਪਿਆਰ ਭਰੇ ਪਰਿਵਾਰਕ ਡਰਾਮੇ ਲਈ ਦਰਸ਼ਕਾਂ ਦੇ ਹੁੰਗਾਰੇ ਨੂੰ ਦੇਖ ਕੇ ਉਤਸ਼ਾਹਿਤ ਹਾਂ।ਹੁਣ ਵੇਖੋ 'ਮੇਰਾ ਵਿਆਹ ਕਰਵਾ ਦੋ', ਜ਼ੀ 5 ਦੀ ਆਪਣੀ ਫਿਲਮ।

 ਹਰਜਿੰਦਰ ਸਿੰਘ  

ਲੋਕ ਬੱਚਿਆਂ ਦੇ ਭਵਿੱਖ ਲਈ ਇੱਕ ਮੌਕਾ 'ਆਪ' ਨੂੰ ਦੇਣ

 

ਜਗਰਾਓਂ 20 ਫਰਵਰੀ (  ਅਮਿਤ ਖੰਨਾ/ ਜਸਮੇਲ ਗ਼ਾਲਿਬ) ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਇਸ ਵਾਰ ਲੋਕਾਂ ਨੂੰ ਬੱਚਿਆਂ ਦੇ ਭਵਿੱਖ ਤੇ ਪੰਜਾਬ ਦੀ ਬਿਹਤਰੀ ਲਈ ਇਸ ਵਾਰ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨਾਲ ਹੀ ਕਿਹਾ ਅੱਜ 20 ਫਰਵਰੀ ਐਤਵਾਰ ਪੋਿਲੰਗ ਸਟੇਸ਼ਨ 'ਤੇ ਵੋਟ ਪਾਉਣ ਮੌਕੇ ਹਰ ਇਕ ਵੋਟਰ ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਦੀ ਘਟਨਾ ਨੂੰ ਜ਼ਰੂਰ ਚੇਤੇ ਕਰਨ।ਇਹ ਚੇਤਾ ਕਰਦੇ ਹੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਬੇਅਦਬੀ ਦੇ ਕਸੂਰਵਾਰਾਂ ਨੂੰ ਵੋਟ ਨਹੀਂ ਪਾਉਣੀ। ਉਨ੍ਹਾਂ ਕਿਹਾ ਪੰਜਾਬ ਵਾਸੀ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਲੋਕ ਵਿਰੋਧੀ ਦੋਗਲੀਆਂ ਨੀਤੀਆਂ ਨੂੰ ਭਾਂਜ ਦੇਣ ਲਈ ਅੱਜ ਆਮ ਆਦਮੀ ਪਾਰਟੀ ਦੇ ਹੱਕ 'ਚ ਭਾਰੀ ਵੋਟਾਂ ਪਾ ਕੇ ਇਮਾਨਦਾਰ ਸਰਕਾਰ ਦਾ ਮੁੱਢ ਬੰਨਣ। ਪੰਜਾਬ ਦੇ ਲੋਕ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਣ। ਇਸ ਮੌਕੇ ਪੋ੍. ਸੁਖਵਿੰਦਰ ਸਿੰਘ ਸੁੱਖੀ, ਸੂਬਾਈ ਆਗੂ ਗੋਪੀ ਸ਼ਰਮਾ , ਸਾਬਕਾ ਸਰਪੰਚ ਸੇਵਾ ਸਿੰਘ ਚੀਮਾ, ਐਡਵੋਕੇਟ ਕਰਮ ਸਿੰਘ ਸਿੱਧੂ, ਨੰਬਰਦਾਰ ਹਰਦੀਪ ਸਿੰਘ ਚੀਮਾ, ਨੋਨੀ ਸੈਂਭੀ ਹਾਜ਼ਰ ਸਨ।

12 ਆਈਡੀਆ ਵਿਚੋਂ ਕੋਈ ਵੀ ਆਈਡੀ ਦਿਖਾ ਕੇ ਤੁਸੀਂ ਵੋਟ ਪਾ ਸਕੋਗੇ  

ਕਿਹੜੇ ਹਨ ਉਹ 12 ਦਸਤਾਵੇਦ ਜੋ ਵੈਲਿਡ ਆਈਡੀ ਹਨ ....

ਜੇਕਰ ਤੁਹਾਨੂੰ ਬੁਖਾਰ ਹੈ ਤਾਂ ਵੋਟ ਕਿਸ ਤਰ੍ਹਾਂ ਪਾ ਸਕੋਗੇ  ... 

ਚੰਡੀਗੜ੍ਹ - ਫ਼ਰਵਰੀ  (ਜਸਮੇਲ ਗ਼ਾਲਿਬ  ) ਜੇਕਰ ਤੁਹਾਡੇ ਕੋਲ ਵੋਟਰ ਕਾਰਡ ਨਹੀਂ ਹੈ ਤਾਂ ਚਿੰਤਾ ਨਾ ਕਰੋ । 12 ਅਜਿਹੇ ਦਸਤਾਵੇਜ਼ ਵੈਲਿਡ ਹਨ ਜਿਨ੍ਹਾਂ ਨੂੰ ਦਿਖਾਉਣ 'ਤੇ ਤੁਸੀਂ ਵੋਟ ਪਾ ਸਕਦੇ ਹੋ। ਪੰਜਾਬ ਵਿਧਾਨ ਸਭਾ ਚੋਣ 2022 ਲਈ ਵੋਟਿੰਗ ਅੱਜ 20 ਫਰਵਰੀ ਨੂੰ ਹੋਣੀ ਹੈ। ਵੋਟ ਪਾਉਣ ਲਈ ਤੁਹਾਡੇ ਕੋਲ ਵੋਟਰ ਦੀ ਫੋਟੋ ਆਈਡੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਵੋਟਰ ਕੋਲ ਫੋਟੋ ਪਛਾਣ ਪੱਤਰ ਨਹੀਂ ਹੈ ਤਾਂ ਉਹ 12 ਹੋਰ ਦਸਤਾਵੇਜ਼ ਦਿਖਾ ਕੇ ਵੋਟ ਪਾ ਸਕਦਾ ਹੈ। 

ਆਓ ਤੁਹਾਨੂੰ ਦੱਸਦੇ ਹਾਂ ਚੋਣ ਕਮਿਸ਼ਨ ਦੇ ਨਿਯਮਾਂ --  ਇਹ 12 ਦਸਤਾਵੇਜ਼ ਹੋਣਗੇ ਵੈਲਿਡ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਪਛਾਣ ਪੱਤਰ (ਐਪਿਕ, ਜਿਸ ਨੂੰ ਵੋਟਰ ਆਈਡੀ ਕਾਰਡ ਵੀ ਕਿਹਾ ਜਾਂਦਾ ਹੈ) ਨਹੀਂ ਹੈ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਫੋਟੋ ਸਮੇਤ ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਐਨਪੀਆਰ ਤਹਿਤ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਵਾਲੇ ਪੈਨਸ਼ਨ ਦਸਤਾਵੇਜ਼, ਕੇਂਦਰ ਜਾਂ ਰਾਜ ਸਰਕਾਰਾਂ ਜਾਂ ਜਨਤਕ ਖੇਤਰ ਦੇ ਅਦਾਰਿਆਂ/ਪਬਲਿਕ ਲਿਮਟਡ ਕੰਪਨੀਆਂ ਵਲੋਂ ਜਾਰੀ ਕੀਤੇ ਸੇਵਾ ਆਈ.ਡੀ ਕਾਰਡ (ਫੋਟੋ ਸਮੇਤ), ਸੰਸਦ ਮੈਂਬਰਾਂ/ਵਿਧਾਇਕਾਂ/ਐਮ.ਐਲ.ਸੀ ਨੂੰ ਜਾਰੀ ਕੀਤੇ ਅਧਿਕਾਰਤ ਪਛਾਣ ਪੱਤਰ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਜਾਰੀ ਯੂਨੀਕ ਡਿਸਅਬਿਲਟੀ ਆਈਡੀ (ਯੂਡੀਆਈਡੀ) ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦੇ ਹਨ। ਇਸ ਤਰ੍ਹਾਂ ਕੁੱਲ 12 ਦਸਤਾਵੇਜ਼ ਵੋਟ ਪਾਉਣ ਲਈ ਪਛਾਣ ਦੇ ਸਬੂਤ ਵਜੋਂ ਵਰਤੇ ਜਾ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਐਪਿਕ ਦੇ ਮਾਮਲੇ ਵਿੱਚ ਕਲੈਰੀਕਲ ਤਰੁਟੀਆਂ, ਸਪੈਲਿੰਗ ਸਬੰਧੀ ਗਲਤੀਆਂ ਆਦਿ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ ਬਸ਼ਰਤੇ ਐਪਿਕ ਦੁਆਰਾ ਵੋਟਰ ਦੀ ਪਛਾਣ ਸਥਾਪਿਤ ਕੀਤੀ ਜਾ ਸਕੇ। ਜੇਕਰ ਕਿਸੇ ਵੋਟਰ ਕੋਲ ਕਿਸੇ ਹੋਰ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੁਆਰਾ ਜਾਰੀ ਕੀਤਾ ਗਿਆ ਐਪਿਕ ਹੈ, ਤਾਂ ਉਹ ਵੀ ਪਛਾਣ ਲਈ ਵੀ ਸਵੀਕਾਰ ਕੀਤਾ ਜਾਵੇਗਾ, ਬਸ਼ਰਤੇ ਉਸ ਵੋਟਰ ਦਾ ਨਾਮ ਉਸ ਪੋਲਿੰਗ ਸਟੇਸ਼ਨ ਨਾਲ ਸਬੰਧਤ ਵੋਟਰ ਸੂਚੀ ਵਿੱਚ ਦਰਜ ਹੋਵੇ ਜਿੱਥੇ ਵੋਟਰ ਵੋਟ ਪਾਉਣਾ ਚਾਹੁੰਦਾ ਹੈ। ਜੇਕਰ ਵੋਟ ਪਾਉਣ ਲਈ ਬਣਾਏ ਸਬੂਤ ਤੇ ਵੋਟਰ ਦੀ ਫੋਟੋ ਆਦਿ ਦਾ ਮੇਲ ਨਾ ਹੁੰਦਾ ਹੋਵੇ ਤਾਂ ਵੋਟਰ ਨੂੰ ਆਪਣੀ ਪਛਾਣ ਸਥਾਪਤ ਕਰਨ ਲਈ ਪਛਾਣ ਪੱਤਰ ਦੀ ਵਿਕਲਪਕ ਸੂਚੀ ਵਿੱਚੋਂ ਕਿਸੇ ਵੀ ਹੋਰ ਵਿਕਲਪਕ ਫੋਟੋ ਦਸਤਾਵੇਜ਼ ਪੇਸ਼ ਕਰਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਵਿਦੇਸ਼ੀ ਵੋਟਰ ਜੋ ਭਾਰਤੀ ਪਾਸਪੋਰਟ ਵਿੱਚ ਦਰਜ ਵੇਰਵਿਆਂ ਦੇ ਅਧਾਰ ਤੇ,ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 20 ਤਹਿਤ ਵੋਟਰ ਸੂਚੀ ਵਿੱਚ ਰਜਿਸਟਰਡ ਹਨ, ਦੀ ਪਛਾਣ ਸਿਰਫ ਉਹਨਾਂ ਦੇ ਅਸਲ ਪਾਸਪੋਰਟ ਦੇ ਅਧਾਰ `ਤੇ ਕੀਤੀ ਜਾਵੇਗੀ ਅਤੇ ਪੋਲਿੰਗ ਸਟੇਸ਼ਨ ਵਿਖੇ ਵੋਟ ਪਾਉਣ ਲਈ ਉਨ੍ਹਾਂ ਵਲੋਂ ਪੇਸ਼ ਕੀਤਾ ਕੋਈ ਹੋਰ ਪਛਾਣ ਦਸਤਾਵੇਜ਼ ਸਵੀਕਾਰ ਨਹੀਂ ਕੀਤਾ ਜਾਵੇਗਾ।

ਜੇਕਰ ਤੁਹਾਨੂੰ ਬੁਖਾਰ ਹੈ ਤਾਂ ਇਹ ਹੋਵੇਗਾ ਪ੍ਰਬੰਧ

ਕਮਿਸ਼ਨ ਨੇ ਪੋਲਿੰਗ ਦੌਰਾਨ ਸਾਰੇ ਵੋਟਰਾਂ ਦਾ ਤਾਪਮਾਨ ਜਾਂਚਣ ਦਾ ਪ੍ਰਬੰਧ ਕੀਤਾ ਹੈ। ਇਸ ਦੇ ਲਈ ਸਾਰੇ ਪੋਲਿੰਗ ਬੂਥਾਂ 'ਤੇ ਤਾਪਮਾਨ ਮਾਪਣ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਪੋਲਿੰਗ ਬੂਥ 'ਤੇ ਵੋਟ ਪਾਉਣ ਤੋਂ ਪਹਿਲਾਂ ਹਰੇਕ ਵਿਅਕਤੀ ਦਾ ਤਾਪਮਾਨ ਜਾਂਚਿਆ ਜਾਵੇਗਾ। ਉੱਚ ਤਾਪਮਾਨ 'ਤੇ ਪਹਿਲੀ ਵਾਰ ਵੋਟਰ ਨੂੰ 10 ਮਿੰਟ ਉਡੀਕ ਕਰਨ ਲਈ ਕਿਹਾ ਜਾਵੇਗਾ। 10 ਮਿੰਟ ਬਾਅਦ ਵੀ ਜੇਕਰ ਤਾਪਮਾਨ ਜ਼ਿਆਦਾ ਰਹਿੰਦਾ ਹੈ ਯਾਨੀ ਕਿ ਬੁਖਾਰ ਹੁੰਦਾ ਹੈ ਤਾਂ ਸ਼ਾਮ ਦੇ ਆਖਰੀ ਘੰਟੇ 'ਚ ਵੋਟਰ ਨੂੰ ਵੋਟ ਪਾਉਣ ਲਈ ਬੁਲਾਇਆ ਜਾਵੇਗਾ। ਪੋਲਿੰਗ ਕਰਮਚਾਰੀ ਆਪਣੀ ਵੋਟ ਪਾਉਣ ਸਮੇਂ ਪੀਪੀਈ ਕਿੱਟਾਂ ਪਹਿਣਨਗੇ। ਅਜਿਹੇ ਬਿਮਾਰ ਵੋਟਰਾਂ ਤੋਂ ਦਸਤਾਨੇ ਪਹਿਨ ਕੇ ਵੋਟਿੰਗ ਕਰਵਾਈ ਜਾਵੇਗੀ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਚਕਰ ਵਿਚ ‘ਪਲੇਅ ਸਟੇਸ਼ਨ’ ਸਥਾਪਿਤ

ਹਠੂਰ,18,ਫਰਵਰੀ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਚਕਰ ਵਿਖੇ ‘ਪਲੇਅ ਸਟੇਸ਼ਨ’ ਸਥਾਪਿਤ ਕੀਤਾ ਗਿਆ ਇਸ ‘ਪਲੇਅ ਸਟੇਸ਼ਨ’ ਦਾ ਉਦਘਾਟਨ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤੀਸ਼ ਕਾਲੜਾ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਸਤੀਸ਼ ਕਾਲੜਾ ਨੇ ਕਿਹਾ ਕਿ ਬੱਚਿਆ ਦੇ ਮਨੋਰੰਜਨ ਲਈ ਸਕੂਲ ਵਿਚ ਕਿੰਡਰ ਗਾਰਡਨ ਡੀਪਾਰਟਮੈਂਟ ਨੂੰ ਨਵੀ ਦਿੱਖ ਦੇ ਕੇ ਨਵੇ ਖਿਡੌਣਿਆਂ ਨਾਲ ਖੁਬਸੂਰਤੀ ਨਾਲ ਸਜਾਇਆ ਗਿਆ ਹੈ ਅਤੇ ਸਕੂਲੀ  ਕਮਰਿਆਂ ਨੂੰ ਸੁੰਦਰ ਸਿੱਖਿਆਦਾਇਕ ਫਲੈਕਸੀਆਂ ਵੀ ਲਾਈਆ ਗਈਆ ਹਨ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਰਜਿੰਦਰ ਬਾਵਾ,ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ,ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਡਾਇਰੈਕਟਰ ਰਾਜੀਵ ਸੱਗੜ,ਡਾਇਰੈਕਟਰ ਅਨੀਤਾ ਕੁਮਾਰੀ,ਸਕੂਲ ਦਾ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।

ਫੋਟੋ ਕੈਪਸਨ:-ਸਕੂਲੀ ਬੱਚੇ ‘ਪਲੇਅ ਸਟੇਸ਼ਨ’ ਦਾ ਆਨੰਦ ਮਾਣਦੇ ਹੋਏ

ਵੋਟਾਂ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ

ਚੋਣ ਪ੍ਰਚਾਰ ਲਈ ਤੈਅ ਸਮਾਂ ਸਮਾਪਤੀ ਤੋਂ ਬਾਅਦ ਲਾਗੂ ਕੀਤੀਆ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਜਾਰੀ

ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਰੇਡੀਓ ਤੇ ਟੀ.ਵੀ. ਉਪਰ ਇਸ਼ਤਿਹਾਰ ਪ੍ਰਸਾਰਨ ਹੋਵੇਗਾ ਬੰਦ

ਚੰਡੀਗੜ, 18 ਫਰਵਰੀ, ਵਿਧਾਨ ਸਭਾ ਚੋਣਾਂ 2022 ਲਈ 20 ਫਰਵਰੀ 2022 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾਂ ਮਿਤੀ 18 ਫਰਵਰੀ 2022 ਸ਼ਾਮ 6 ਵਜੇ ਸਮਾਪਤ ਹੋਣ ਉਪਰੰਤ ਆਦਰਸ਼ ਚੋਣ ਜ਼ਾਬਤੇ ਅਧੀਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਅੱਜ ਰਾਜ ਦੇ ਸਮੂਹ ਜ਼ਿਲਾਂ ਚੋਣ ਅਫ਼ਸਰਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ।

ਪੰਜਾਬ ਰਾਜ ਵਿੱਚ 20 ਫਰਵਰੀ 2022 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਵੋਟਾਂ ਪੈਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਚੋਣ ਪ੍ਰਚਾਰ ਲਈ ਤੈਅ ਸੀਮਾ ਜੋ ਕਿ ਲੋਕ ਪ੍ਰਤੀਨਿੱਧਤਾ ਐਕਟ 1951 ਦੀ ਧਾਰਾ 126 ਅਨੁਸਾਰ ਤੈਅ ਕੀਤੀ ਗਈ ਹੈ। ਇਸ ਅਨੁਸਾਰ ਵੋਟਾਂ ਪੈਣ ਦਾ ਕਾਰਜ ਮੁਕੰਮਲ ਹੋਣ ਲਈ ਤੈਅ ਸਮਾਂ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕੀਤਾ ਜਾਣਾ ਹੈ ਅਤੇ ਇਹ ਸਮਾਂ ਸੁਰੂ ਹੁੰਦੇ ਸਾਰ ਚੋਣ ਪ੍ਰਚਾਰ ਲਈ ਹਲਕੇ ਵਿੱਚ ਵੋਟਰ ਵਜੋਂ ਰਜਿਸਟਰ ਨਾ ਹੋਣ ਦੇ ਬਾਵਜੂਦ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਏ ਹੋਏ ਰਾਜਨੀਤਕ ਆਗੂਆਂ/ ਪਾਰਟੀ ਵਰਕਰਾਂ/ਕਪੇਨ ਵਰਕਰਾਂ ਨੂੰ ਹਲਕੇ ਵਿਚੋਂ ਬਾਹਰ ਜਾਣਾ ਪਵੇਗਾ ਅਤੇ ਜਿਲਾਂ ਚੋਣ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਹ ਯਕੀਨੀ ਬਣਾਵੇਗਾ ਕਿ ਪ੍ਰਚਾਰ ਲਈ ਤੈਅ ਸਮਾਂ ਸਮਾਪਤ ਹੁੰਦੇ ਸਾਰ ਹਲਕੇ ਵਿਚ ਸਿਰਫ ਰਜਿਸਟਰ ਵੋਟਰ ਹੀ ਹੋਣ ਉਸ ਤੋਂ ਇਲਾਵਾ ਬਾਹਰੀ ਵਿਅਕਤੀ ਨਾ ਹੋਵੇ ਪ੍ਰੰਤੂ ਜਿਸ ਹਲਕੇ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਪੈ ਰਹੀਆਂ ਹਨ ਉਸ ਹਲਕੇ ਦੇ ਚੁਣੇ ਹੋਏ ਐਮ.ਪੀ. ਜਾਂ ਐਮ.ਐਲ.ਏ ਜੇਕਰ ਉਸ ਹਲਕੇ ਦਾ ਵੋਟਰ ਨਾ ਵੀ ਹੋਵੇ ਤਾਂ ਵੀ ਉਸ ਨੂੰ ਹਲਕੇ ਵਿੱਚੋਂ ਬਾਹਰ ਜਾਣ ਲਈ ਨਹੀਂ ਕਿਹਾ ਜਾ ਸਕਦਾ।

ਡਾ. ਰਾਜੂ ਨੇ ਦੱਸਿਆ ਕਿ ਇਨਾਂ ਹੁਕਮਾਂ ਦੀ ਪਾਲਣਾ ਲਈ ਚੋਣ ਅਮਲ ਵਿੱਚ ਲੱਗਿਆ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ। ਉਨਾਂ ਕਿਹਾ ਕਿ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨਾਂ ਅਧੀਨ ਆਉਂਦੇ ਖੇਤਰ ਵਿੱਚ ਸਥਿਤ ਕਮਿਊਨਟੀ ਸੈਂਂਟਰ/ਧਰਮਸ਼ਾਲਾ/ਲੌਜ/ਗੈਸਟ ਹਾਊਸ ਅਤੇ ਹੋਰ ਇਸ ਤਰਾਂ ਦੀ ਥਾਵਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਨਾਂ ਥਾਵਾਂ ਵਿੱਚ ਠਹਿਰਨ ਵਾਲਿਆਂ ਦੀ ਸੂਚੀ ’ਤੇ ਨਿਗਾਹ ਰੱਖੀ ਜਾਵੇ। ਇਸ ਤੋਂ ਇਲਾਵਾ ਉਨਾਂ ਦੇ ਸ਼ਨਾਖਤੀ ਪੱਤਰ ਵੀ ਦੇਖੇ ਜਾਣ।

ਉਨਾਂ ਦੱਸਿਆ ਕਿ ਜ਼ਿਲ੍ਹਾ ਚੋਣ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਸ ਗੱਲ ਨੂੰ ਯਕੀਨੀ ਬਣਾਵੇਗਾ ਜਿਨ੍ਹਾਂ ਰਾਜਨੀਤਿਕ ਆਗੂਆਂ ਨੂੰ ਪੁਲਿਸ ਸੁਰੱਖਿਆ ਮੁਹੱਈਆਂ ਕਰਵਾਈ ਗਈ ਹੈ ਉਹ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾ ਸਮਾਪਤ ਹੋਣ ਤੋਂ ਬਾਅਦ ਵੋਟਾਂ ਵਾਲੇ ਦਿਨ ਵੋਟਾਂ ਪੈਣ ਦੇ ਨਿਸ਼ਚਿਤ ਸਮੇਂ ਤੱਕ ਜਿਸ ਹਲਕੇ ਵਿੱਚ ਉਨਾਂ ਦੀ ਵੋਟ ਬਣੀ ਹੈ, ਉਥੇ ਹੀ ਰਹਿਣਗੇ। ਇਹ ਹੁਕਮ ਚੋਣ ਲੜ ਰਹੇ ਉਮੀਦਵਾਰਾਂ ’ਤੇ ਲਾਗੂ ਨਹੀਂ ਹੋਣਗੇ।

ਡਾ. ਰਾਜੂ ਨੇ ਕਿਹਾ ਕਿ ਚੋਣ ਲੜ ਰਹੀਆਂ ਪਾਰਟੀਆਂ ਦੇ ਰਾਜ ਇਕਾਈ ਦੇ ਇੰਚਾਰਜ ’ਤੇ ਇਹ ਹੁਕਮ ਲਾਗੂ ਨਹੀਂ ਹੋਣਗੇ ਪ੍ਰੰਤੂ ਉਹ ਇਸ ਸਮੇਂ ਦੌਰਾਨ ਪਾਰਟੀ ਦੇ ਰਾਜ ਮੁੱਖ ਦਫ਼ਤਰ ਅਤੇ ਆਪਣੇ ਰਿਹਾਇਸ਼ੀ ਸਥਾਨ ਜਿਸ ਬਾਰੇ ਕਿ ਉਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਹੋਵੇ ਦਰਮਿਆਨ ਹੀ ਆਉਣ ਜਾਣ ਦੀ ਪ੍ਰਵਾਨਗੀ ਹੋਵੇਗੀ।

ਉਨਾਂ ਕਿਹਾ ਕਿ ਚੋਣ ਪ੍ਰਚਾਰ ਦਾ ਸਮਾਂ ਸਮਾਪਤੀ ਉਪਰੰਤ ਜੇਕਰ ਕੋਈ ਪ੍ਰਮੁੱਖ ਆਗੂ ਸਿਹਤ ਖਰਾਬ ਹੋਣ ਕਾਰਨ ਹਲਕੇ ਵਿੱਚੋਂ ਬਾਹਰ ਨਹੀਂ ਜਾਂਦਾ ਤਾਂ ਇਸ ਤਰਾਂ ਦੇ ਕੇਸ ਵਿੱਚ ਸਬੰਧਤ ਜ਼ਿਲ੍ਹਾ ਚੋਣ ਅਫ਼ਸਰ ਰਾਜ ਦੇ ਮੁੱਖ ਚੋਣ ਅਫ਼ਸਰ ਦੀ ਸਲਾਹ ਨਾਲ ਉਸ ਆਗੂ ਦੀ ਸਿਹਤ ਜਾਂਚ ਕਰਵਾਉਣ ਲਈ ਮੈਡੀਕਲ ਬੋਰਡ ਦੀ ਸਥਾਪਨਾ ਕਰੇਗਾ ਜੋ ਕਿ ਹਲਕੇ ਤੋਂ ਬਾਹਰ ਜਾਣ ਦੇ ਹੁਕਮਾਂ ਤੋਂ ਛੋਟ ਮੰਗ ਰਹੇ ਆਗੂ ਦੀ ਸਿਹਤ ਜਾਂਚ ਕਰੇਗਾ। ਇਸ ਦੌਰਾਨ ਬੋਰਡ ਵੱਲੋਂ ਮਰੀਜ਼ ਦੀ ਜਾਂਚ ਅਤੇ ਉਸਦੀ ਸਿਹਤ ਸਬੰਧੀ ਮੈਡੀਕਲ ਹਿਸਟਰੀ ਦੇ ਆਧਾਰ ’ਤੇ ਰਿਪੋਰਟ ਦਿੱਤੀ ਜਾਵੇਗੀ ਕਿ ਛੋਟ ਮੰਗ ਰਹੇ ਰਾਜਨੀਤਿਕ ਆਗੂ ਦੀ ਸਥਿਤੀ ਇਸ ਤਰਾਂ ਦੀ ਹੈ ਕਿ ਉਸਨੂੰ ਹਲਕੇ ਵਿੱਚੋਂ ਮੈਡੀਕਲ ਅਟੈਂਡੇਂਟ ਦੀ ਨਿਗਰਾਨੀ ਵਿੱਚ ਐਂਬੂਲੈਂਸ ਜਾਂ ਵਾਹਨ ਰਾਹੀਂ ਹਲਕੇ ਵਿੱਚੋਂ ਬਾਹਰ ਭੇਜਿਆ ਜਾ ਸਕਦਾ ਹੈ ਜਾ ਨਹੀਂ। ਹਲਕੇ ਵਿੱਚੋਂ ਬਾਹਰ ਜਾਣ ਸਬੰਧੀ ਭਾਰਤ ਚੋਣ ਕਮਿਸ਼ਨ ਦੀ ਹਦਾਇਤ ਤੋਂ ਛੋਟ ਦੇਣ ਲਈ ਕਮਿਸ਼ਨ ਮੈਡੀਕਲ ਬੋਰਡ ਵੱਲੋਂ ਦਿੱਤੀ ਗਈ ਰਿਪੋਰਟ ਮੁੱਖ ਚੋਣ ਅਫ਼ਸਾਰ ਰਾਹੀਂ ਪ੍ਰਾਪਤ ਕਰਨ ਉਪਰੰਤ ਹੀ ਫੈਂਸਲਾ ਦੇਵੇਗਾ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਭਾਵ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਉਕਤ ਹਦਾਇਤਾਂ ਤੋਂ ਇਲਾਵਾ ਰੇਡੀਓ ਅਤੇ ਟੈਲੀਵੀਜ਼ਨ ’ਤੇ ਹੋਣ ਵਾਲੇ ਪ੍ਰਚਾਰ ’ਤੇ ਵੀ ਰੋਕ ਲੱਗ ਜਾਵੇਗੀ। 18 ਫਰਵਰੀ 2022 ਨੂੰ ਸ਼ਾਮ 6 ਵਜੇ ਤੋਂ ਬਾਅਦ ਕੋਈ ਵੀ ਰੇਡੀਓ ਤੇ ਟੈਲੀਵੀਜ਼ਨ, ਸਿਨੇਮਾ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਪੱਤਰ 3/9/2007 ਜੇ ਐਸ-11 ਮਿਤੀ 3 ਅਗਸਤ 2007 ਅਨੁਸਾਰ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾਂ ਸਮਾਪਤ ਹੁੰਦੇ ਸਾਰ ਹੀ ਕੋਈ ਵੀ ਟੀ.ਵੀ. ਅਤੇ ਰੇਡੀਉ ਕਿਸੀ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਿਤਿਹਾਰ ਜਾਂ ਉਸ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਨਹੀਂ ਚਲਾ ਸਕਣਗੇ।
ਉਨਾਂ ਕਿਹਾ ਕਿ ਮਿਤੀ 19 ਫਰਵਰੀ 2022 ਅਤੇ ਮਿਤੀ 20 ਫਰਵਰੀ 2022 ਨੂੰ ਛਪਣ ਵਾਲੀਆਂ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਤੋਂ ਪਹਿਲਾਂ ਚੋਣ ਵਿਚ ਭਾਗ ਲੈ ਰਹੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਆਪਣੇ ਇਸ਼ਤਿਹਾਰ ਚੋਣ ਦਫਤਰ ਦੀ ਪ੍ਰਵਾਨਗੀ ਉਪਰੰਤ ਹੀ ਛਾਪ ਸਕਦੇ ਹਨ। ਇਸ ਸਮੇਂ ਦੌਰਾਨ ਬਲਕ ਐਸ.ਐਮ.ਐਸ., ਸੋਸ਼ਲ ਮੀਡੀਆ ਅਤੇ ਆਈ.ਵੀ.ਆਰ.ਐਸ. ਸੁਨੇਹਿਆਂ ਰਾਹੀਂ ਵੀ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ’ਤੇ ਪਾਬੰਦੀ ਰਹੇਗੀ। ਇਹ ਪਾਬੰਦੀ ਮਿਤੀ 20 ਫਰਵਰੀ, 2022 ਨੂੰ ਸ਼ਾਮ 6 ਵਜੇ ਤੱਕ ਲਾਗੂ ਹੋਵੇਗੀ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਪਿ੍ਰੰਟ ਮੀਡੀਆ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਰਾਜਸੀ ਪਾਰਟੀਆਂ, ਉਮੀਦਵਾਰਾਂ ਅਤੇ ਚੋਣਾਂ ਸਬੰਧੀ ਕਿਸੇ ਕਿਸਮ ਦੇ ਵੀ ਇਸ਼ਤਿਹਾਰ ਨੂੰ ਜਾਰੀ ਕਰਨ ਤੋਂ ਪਹਿਲਾਂ ਰਾਜ ਪੱਧਰੀ ਤੇ ਜ਼ਿਲਾ ਪੱਧਰੀ ਐਮ.ਸੀ.ਐਮ.ਸੀ. ਤੋਂ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ।

ਆਓ ਗੱਲਾਂ ਇਹ ਅਪਣਾਈਏ ✍️ ਜਸਵੀਰ ਸ਼ਰਮਾਂ ਦੱਦਾਹੂਰ

ਕਰ ਕੁਦਰਤ ਨਾਲ ਪਿਆਰ ਓਹ ਬੰਦੇ। ਖ਼ੁਸ਼ ਹੋਊ ਸੰਸਾਰ ਓਹ ਬੰਦੇ।

ਵਾਤਾਵਰਣ   ਦੀ   ਕਰ   ਤੂੰ ੍ਰਰਾਖੀ,ਇਹ ਜਿੰਦਗੀ ਦਾ ਆਧਾਰ ਓਹ ਬੰਦੇ।

ਲੋੜ  ਅਨੁਸਾਰ  ਵਰਤ  ਤੂੰ  ਪਾਣੀ,ਨਾ ਕਰ ਇਹਨੂੰ ਬੇਕਾਰ ਓਹ ਬੰਦੇ।

ਨਦੀਆਂ  ਨਾਲੇ   ਪਹਾੜ  ਪ੍ਰਕਿਰਤੀ,ਇਹ ਧਰਤੀ ਦਾ ਸ਼ਿੰਗਾਰ ਓਹ ਬੰਦੇ।

ਛੇੜਛਾੜ ਜੇ ਕਰੇਂਗਾ ਇਹਨਾਂ ਨਾ,ਤੈਨੂੰ ਹੋਣਾ ਪਊ ਖਵਾਰ ਓਹ ਬੰਦੇ।

ਕੁਦਰਤ  ਨਾਲ  ਪਿਆਰ ਜੋ ਕਰਦੇ,ਮੁਫ਼ਤ ਚ ਮਿਲੇ ਸਤਿਕਾਰ ਓਹ ਬੰਦੇ।

ਰਾਖੀ  ਕਰੀਏ   ਕੁਦਰਤ ਦੀ ਜੇ,ਖ਼ੁਸ਼ ਹੁੰਦੈ ਪਰਵਰਦਗਾਰ ਓਹ ਬੰਦੇ।

ਦੱਦਾਹੂਰੀਆ ਸੱਚ ਹੈ ਕਹਿੰਦਾ,ਆਊ ਜ਼ਿੰਦਗੀ ਵਿੱਚ ਬਹਾਰ ਓਹ ਬੰਦੇ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556