You are here

ਪੰਜਾਬ

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ

ਫ਼ਰੀਦਕੋਟ,03 ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ  ) ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੀ ਇੱਕ ਮਹੱਤਵਪੂਰਨ ਮਾਸਿਕ ਇਕੱਤਰਤਾ ਸੰਸਥਾਪਕ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਦੀ ਯੋਗ ਅਗਵਾਈ ਵਿੱਚ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕਲੱਬ, ਫ਼ਰੀਦਕੋਟ ਵਿਖੇ ਕੀਤੀ ਗਈ । ਇਸ ਇਕੱਤਰਤਾ ਵਿੱਚ ਲੱਗਭਗ ਡੇਢ ਦਰਜਨ ਤੋਂ ਵੀ ਵੱਧ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ । ਇਸ ਮੀਟਿੰਗ ਦੌਰਾਨ ਸਭਾ ਦਾ ਵਿਸਥਾਰ ਕਰਨ ਹਿਤ ਸੰਸਥਾਪਕ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਨੂੰ ਮੁੱਖ ਸ੍ਰਪਰਸਤ, ਬਲਵੰਤ ਗੱਖੜ ਨੂੰ ਸਰਪ੍ਰਸਤ, ਡਾ.ਨਿਰਮਲ ਕੌਸ਼ਿਕ ਨੂੰ ਡਾਇਰੈਕਟਰ, ਪ੍ਰੋ.ਬੀਰ ਇੰਦਰ ਸਰਾਂ ਨੂੰ ਚੇਅਰਮੈਨ, ਸ਼ਿਵਨਾਥ ਦਰਦੀ ਨੂੰ ਪ੍ਰਧਾਨ, ਸਰਬਰਿੰਦਰ ਸਿੰਘ ਬੇਦੀ ਨੂੰ ਸੀਨੀਅਰ ਮੀਤ ਪ੍ਰਧਾਨ, ਵਤਨਵੀਰ ਜ਼ਖ਼ਮੀ ਨੂੰ ਮੀਤ ਪ੍ਰਧਾਨ, ਧਰਮ ਪਰਵਾਨਾ ਨੂੰ ਜਨਰਲ ਸਕੱਤਰ, ਰਾਜ ਗਿੱਲ ਭਾਣਾ ਨੂੰ ਸਕੱਤਰ, ਜਤਿੰਦਰ ਪਾਲ ਸਿੰਘ ਟੈਕਨੋ ਨੂੰ ਖ਼ਜ਼ਾਨਚੀ, ਐਡਵੋਕੇਟ ਪ੍ਰਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ ਵਜੋਂ ਚੁਣਿਆ ਗਿਆ । ਇਸ ਤੋਂ ਇਲਾਵਾ ਸਭਾ ਵਿੱਚ ਨਵੇਂ ਸ਼ਾਮਿਲ ਹੋਣ ਵਾਲੇ ਸਾਹਿਤਕਾਰਾਂ ਗੁਰਵਿੰਦਰ ਸਿੰਘ, ਨੰਦ ਮਸੀਹ, ਕਸ਼ਮੀਰ ਸਿੰਘ ਮਾਨਾ, ਗੁਰਮੀਤ ਰਾਜ, ਗੁਰਪ੍ਰੀਤ ਸਿੰਘ ਆਦਿ ਨੂੰ ਸਭਾ ਦੇ ਮੈਂਬਰਾਂ ਵਜੋਂ ਚੁਣਿਆ ਗਿਆ । ਨਵੇਂ ਸ਼ਾਮਿਲ ਹੋਏ ਮੈਂਬਰ ਸਾਹਿਬਾਨ ਤੋਂ ਮੌਕੇ ‘ਤੇ ਮੈਂਬਰਸ਼ਿਪ ਫ਼ਾਰਮ ਵੀ ਭਰਵਾਏ ਗਏ ।  ਇਸ ਮੀਟਿੰਗ ਵਿੱਚ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਦੇ ਵੱਡੇ ਸਪੁੱਤਰ ਰਵੀ ਮਾਨ ਅਤੇ ਅਮਰਜੀਤ ਗੁਰਦਾਸਪੁਰੀ ਦੀ ਬੇਵਕਤੀ ਮੌਤ ‘ਤੇ ਸਭਾ ਵੱਲੋਂ ਡੂੰਘੇ ਦੁੱਖ ਡਾ ਪ੍ਰਗਟਾਵਾ ਕੀਤਾ ਗਿਆ । ਲਗਭਗ 3 ਘੰਟੇ ਚੱਲੀ ਇਸ ਮੀਟਿੰਗ ਦੌਰਾਨ ਸਰਬ-ਸਹਿਮਤੀ ਨਾਲ ਮਤਾ ਪਾ ਕੇ ਸਭਾ ਦਾ ਵਿਸਥਾਰ ਕਰਨ ਅਤੇ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਜਰੂਰੀ ਨਿਯਮਾਂ ਦੇ ਨਾਲ ਕਈ ਹੋਰ ਮਹੱਤਵਪੂਰਨ ਫ਼ੈਸਲਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ । ਹਾਜ਼ਰ ਕਵੀ ਸਾਹਿਬਾਨ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਬੇਹਤਰੀਨ ਰਚਨਾਵਾਂ ਦਾ ਦੌਰ ਚੱਲਿਆ । ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਪ੍ਰੈਸ ਨੂੰ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਪੇਸ਼ ਕੀਤੇ ਗਏ ਮਤਿਆਂ ਨੂੰ ਸਰਬ-ਸਹਿਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਸਭਾ ਦੀ ਹਰੇਕ ਚੌਥੇ ਐਤਵਾਰ ਮਾਸਿਕ ਇਕੱਤਰਤਾ ਕੀਤੀ ਜਾਵੇਗੀ । ਹਰ ਮਹੀਨੇ ਸਭਾ ਵੱਲੋਂ ਸਭਾ ਵਿੱਚ ਸ਼ਾਮਿਲ ਇੱਕ ਸਾਹਿਤਕਾਰ ਨੂੰ  ਸਨਮਾਨਿਤ ਕੀਤਾ ਜਾਵੇਗਾ । ਹਰ ਸਾਲ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਇਮਾਨਦਾਰੀ ਐਵਾਰਡ ਲਈ ਚੁਣਿਆ ਜਾਵੇਗਾ ਅਤੇ ਸਾਲ ਵਿੱਚ ਦੋ ਸਾਹਿਤਕਾਰਾਂ ਦੇ ਰੂ-ਬ-ਰੂ ਪ੍ਰੋਗਰਾਮ ਵੀ ਕਰਵਾਏ ਜਾਣਗੇ । ਸਭਾ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਾਂ-ਬੋਲੀ ਪੰਜਾਬੀ ਪ੍ਰਤੀ ਜਾਗਰੂਕ ਕਰਨ ਲਈ  ਲੇਖ, ਕਹਾਣੀ ਤੇ ਕਵਿਤਾ, ਭਾਸ਼ਣ ਮੁਕਾਬਲੇ ਆਦਿ ਕਰਵਾਏ ਜਾਣਗੇ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।

 ਇੱਥੇ ਇਹ ਜਿਕਰਯੋਗ ਹੈ ਕਿ ਇਸ ਮਹੀਨੇ ਸਭਾ ਦੇ ਸਹਿਯੋਗ ਨਾਲ ਇੱਕ ਸਾਂਝਾ ਕਾਵਿ-ਸੰਗ੍ਰਹਿ ਲੋਕ-ਅਰਪਣ ਕੀਤਾ ਜਾ ਰਿਹਾ ਹੈ, ਜਿਸਦੇ ਮੁੱਖ-ਸੰਪਾਦਕ ਪ੍ਰੋ.ਬੀਰ ਇੰਦਰ ਸਰਾਂ ਹਨ । ਇਸ ਕਾਵਿ-ਸੰਗ੍ਰਹਿ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਥਾਪਿਤ ਅਤੇ ਉੱਭਰਦੇ ਕਵੀ ਸਾਹਿਬਾਨ ਸ਼ਾਮਿਲ ਹਨ । ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦਾ ਇੱਕੋ ਇੱਕ ਉਦੇਸ਼ ਮਾਂ-ਬੋਲੀ ਦੀ ਸੇਵਾ ਕਰਨਾ ਅਤੇ ਮਾਂ-ਬੋਲੀ ਨੂੰ ਸਮਰਪਿਤ ਸਾਹਿਤਕਾਰਾਂ ਦਾ ਸਨਮਾਨ ਕਰਨਾ ਹੈ । ਸਭਾ ਵੱਲੋਂ ਕੋਈ ਵੀ ਸਾਹਿਤਕਾਰ ਆਪਣੀ ਲਿਖੀ ਪੁਸਤਕ ਨੂੰ  ਲੋਕ-ਅਰਪਣ ਕਰਵਾ ਸਕਦਾ ਹੈ । ਜੇਕਰ ਕੋਈ ਸਾਹਿਤਕਾਰ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਜਾਂ ਜੇਕਰ ਕੋਈ ਸਭਾ ਦੇ ਹੋਣ ਵਾਲੇ ਸਮਾਗਮਾਂ ਨੂੰ ਸਪਾਂਸਰ ਕਰਨਾ ਚਾਹੁੰਦਾ ਹੈ ਤਾਂ ਉਹ ਸਭਾ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ ।

ਵਿਸ਼ਵ ਸੁਣਨ ਸ਼ਕਤੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਜਾਂਚ ਕੈਂਪ

ਕੰਨਾਂ ਦੀ ਦੇਖ-ਭਾਲ ਸੰਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ - ਡਾ ਔਲ਼ਖ 

ਬਰਨਾਲਾ/ ਮਹਿਲ ਕਲਾਂ-03 ਮਾਰਚ - (ਗੁਰਸੇਵਕ ਸੋਹੀ)-  ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ  “ਵਿਸ਼ਵ ਸੁਣਨ ਸ਼ਕਤੀ ਦਿਵਸ” ਮਨਾਉਣ ਹਿੱਤ ਜਿਲੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ ।  ਡਾ ਔਲ਼ਖ ਨੇ ਦੱਸਿਆ ਕਿ ਸਿਹਤ ਵਿੱਭਾਗ ਸਮੇਂ ਸਮੇਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਸਿਹਤ ਦਿਨ ਮਨਾਉਂਦਾ ਰਹਿੰਦਾ ਹੈ ਤਾਂ ਜੋ ਲੋਕ ਆਪਣੀ ਸਿਹਤ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ।  ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਕੰਨਾਂ ਤੋਂ ਘੱਟ ਸੁਣਨਾ ਵੀ ਇਕ ਆਮ ਬਿਮਾਰੀ ਹੈ ਤੇ ਜੇਕਰ ਇਸਦੀ ਸਮੇਂ ਸਿਰ ਪਹਿਚਾਣ ਹੋ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ । ਡਾ ਰਜਿੰਦਰ ਸਿੰਗਲਾ ਜਿਲਾ ਟੀਕਾਕਰਣ ਅਫਸਰ ਕਮ ਅੱਖ ਨੱਕ ਕੰਨ ਗਲੇ ਦੇ ਮਾਹਿਰ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਲਗਾਏ ਕੈਂਪ ਦੌਰਾਨ 60 ਤੋਂ ਵੱਧ ਮਰੀਜਾਂ ਦੇ ਕੰਨਾਂ ਦੀ ਜਾਂਚ ਕੀਤੀ ਗਈ । ਉਨ੍ਹਾਂ ਕਿਹਾ ਕਿ ਹਰ ਇਕ ਨੂੰ ਆਪਣੇ ਕੰਨਾਂ ਦੀ ਦੇਖ-ਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵੱਧਦੀ ਉਮਰ ਵਿੱਚ ਵੀ ਤੁਹਾਡੇ ਕੰਨ ਸਹੀ ਸਲਾਮਤ ਕੰਮ ਕਰਨ । ਕੁਲਦੀਪ ਸਿੰਘ ਮਾਨ ਜਿਲਾ ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਬਾਗੀ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀ “ਵਿਸ਼ਵ ਸੁਣਨ ਸ਼ਕਤੀ  ਦਿਵਸ “ ਮੌਕੇ ਸੰਚਾਰ ਸੇ ਵੱਖ ਵੱਖ ਸਾਧਨਾਂ ਰਾਹੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ । ਇਸ ਮੌਕੇ ਡਾ ਜੋਤੀ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ, ਡਾ ਮੋਨਿਕਾ ਜਿਲਾ ਟੀ.ਬੀ. ਅਫਸਰ, ਸਿਹਤ ਕਰਮੀ ਅਤੇ ਆਮ ਲੋਕ ਹਾਜ਼ਰ ਸਨ ।

ਅੱਜ ਜਨਮ ਦਿਨ (2 ਮਾਰਚ) 'ਤੇ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ - ਸ. ਗੁਰਤੇਜ ਸਿੰਘ ਆਈ.ਏ.ਐਸ. (ਸਾਬਕਾ)

ਜਾਪਦਾ ਹੈ ਕਿ ਸਿਰਦਾਰ ਕਪੂਰ ਸਿੰਘ ਦੀ ਸ਼ਖ਼ਸੀਅਤ ਨੂੰ ਵਿਧਾਤਾ ਨੇ ਬੜੀ ਨੀਝ ਨਾਲ ਘੜ ਕੇ ਮਨੁੱਖੀ ਉੱਤਮਤਾਈ ਦੇ ਕਈ ਗੁਣਾਂ ਨਾਲ ਸ਼ਿੰਗਾਰਿਆ ਸੀ। ਇੱਕ ਦਰਮਿਆਨੇ ਕੱਦ ਦੇ ਮਨੁੱਖੀ ਸਰੀਰ ਵਿੱਚ ਵੱਡੇ ਬੌਧਿਕ ਗੁਣਾਂ ਨੂੰ ਸਮਾ ਕੇ, ਓਸ ਉੱਤੇ ਅਨਿੰਨ ਸ਼ਰਧਾ ਦਾ ਲੇਪ ਕਰ ਕੇ ਐਸਾ ਪੁਤਲਾ ਗੁਰੂ ਨੇ ਸਾਜਿਆ ਜੋ ਸਿੱਖੀ ਦਾ ਮਹਾਨ ਥੰਮ੍ਹ ਅਤੇ ਮਨੁੱਖਤਾ ਦਾ ਚਾਨਣ ਮੁਨਾਰਾ ਹੋ ਨਿੱਬੜਿਆ। ਓਸ ਨੇ ਇੱਕ ਹੱਥੀਂ ਵਾਹੀ ਕਰਦੇ ਮੱਧਵਰਗੀ ਪਰਿਵਾਰ ਵਿੱਚੋਂ ਸ਼ੁਰੂ ਕਰ ਕੇ ਆਈ. ਸੀ. ਐਸ. ਅਤੇ ਸੰਸਦ ਮੈਂਬਰ ਤੱਕ ਦਾ ਰੰਗੀਨ ਸਫ਼ਰ ਬੜੀ ਸਜ-ਧਜ ਨਾਲ, ਪੂਰਣ ਸੰਜੀਦਗੀ ਨਾਲ ਸੰਪੰਨ ਕੀਤਾ। ਹਿੱਸੇ ਆਈ ਗੁੰਮਨਾਮੀ ਅਤੇ ਇਕੱਲ ਨੂੰ ਵੀ ਬੜੇ ਸਹਿਜ ਨਾਲ, ਬੜੇ ਧੀਰਜ ਨਾਲ, ਪੂਰਨ ਸਿਦਕ ਨਾਲ ਹੰਢਾਇਆ। ਆਖ਼ਰ ਉਹ ਸਿੱਖ ਸੋਚਵਾਨਾਂ ਲਈ ਵੱਡਾ ਉਤਸ਼ਾਹ ਦਾ ਸੋਮਾ ਬਣ ਗਿਆ।

ਵਿਦਿਆਰਥੀ ਜੀਵਨ ਤੋਂ ਸ਼ੁਰੂ ਹੋ ਕੇ ਪੜਚੋਲ ਕਰਨ ਦੀ ਬਿਬੇਕ ਅਤੇ ਅਣਥੱਕ ਮਿਹਨਤ ਰਾਹੀਂ ਹਰ ਮਸਲੇ ਦੀ ਡੂੰਘਾਈ ਤੱਕ ਪੜਤਾਲ ਕਰਨ ਦਾ ਉਸ ਦਾ ਸੁਭਾਅ ਤੋੜ ਨਿਭਿਆ। ਕੋਈ ਨਾਜਾਇਜ਼ ਝੇਪ, ਕਿਸੇ ਦੁਨਿਆਵੀ ਸ਼ਕਤੀ ਦਾ ਭਉ ਓਸ ਨੂੰ ਗੁਰੂ ਦੇ ਰਾਹ ਉੱਤੋਂ ਵਿਚਲਿਤ ਨਾ ਕਰ ਸਕਿਆ। ਜ਼ਿੰਦਗੀ ਦੇ ਹਰ ਪੜਾਅ ਦੇ ਧਰਮ ਨੂੰ ਬਖ਼ੂਬੀ ਨਿਭਾਉਣਾਂ ਓਸ ਤੋਂ ਸਿੱਖਣਾ ਬਣਦਾ ਹੈ। ਇਨਸਾਨੀ ਜੀਵਨ ਦੀ ਬਿਹਤਰੀ ਦੀਆਂ ਸਿਖਰਾਂ ਨੂੰ ਛੁਹਣ ਦੇ ਓਸ ਕੋਲ ਕਈ ਗੁਰ ਸਨ। ਓਸ ਦੀ ਸ਼ਖ਼ਸੀਅਤ ਦੇ ਅਨੇਕਾਂ ਪਹਿਲੂ ਹਨ ਜਿਨ੍ਹਾਂ ਨੇ ਉਸ ਪ੍ਰਤੀ ਲੋਕ-ਮਨਾਂ ਵਿੱਚ ਅਸਾਧਾਰਣ ਸਨੇਹ ਅਤੇ ਸਤਿਕਾਰ ਪੈਦਾ ਕੀਤਾ।

ਏਹੋ ਸਨੇਹ ਉਹਨਾਂ ਦੇ ਤੁਰ ਜਾਣ ਤੋਂ ਢਾਈ ਦਹਾਕੇ ਬਾਅਦ ਵੀ ਲੋਕ-ਮਨਾਂ ਵਿੱਚ ਅਜੇ ਤੱਕ ਓਸੇ ਤੀਬਰਤਾ ਨਾਲ ਮੌਜੂਦ ਹੈ।

ਉਹ ਮਹਾਂ-ਤਿਆਗੀ ਤੱਤ-ਵੇਤਾ ਮੁੱਢਲੇ ਸੁਭਾਉ ਪੱਖੋਂ ਫ਼ਕੀਰੀ ਦੀ ਚਰਮ ਸੀਮਾ ਤੱਕ ਸੰਸਾਰਕ ਰਹਿਮਤਾਂ ਵੱਲੋਂ ਬੇ-ਨਿਆਜ਼ ਸੀ। ਸਾਰੀ ਉਮਰ ਉਹ ਮਹਾਂ-ਚੇਤੰਨ ਜਗਿਆਸੂ ਰਿਹਾ ਅਤੇ ਜੋ ਵੀ ਵਸਤੂ ਓਸ ਨੂੰ ਆਪੇ ਚੁਣੇ ਅਧਿਆਤਮਕ ਰਾਹ ਉੱਤੋਂ ਵਿਚਲਿਤ ਕਰਦੀ ਜਾਪੀ ਓਸ ਨੇ ਤੁਰੰਤ ਹੇਚ ਜਾਣ ਕੇ ਤਿਆਗ ਦਿੱਤੀ।

ਸਿਰਦਾਰ ਵਿੱਚ ਮਨੁੱਖੀ ਜੀਵਨ ਦੇ ਮਸਲਿਆਂ ਅਤੇ ਬੌਧਿਕ ਆਲਮ ਦੇ ਗੂੜ੍ਹ ਰਹੱਸ ਸਮਝਣ ਦੀ ਅਸਾਧਾਰਣ ਸਮਰੱਥਾ ਸੀ; ਉਹਨਾਂ ਦੀ ਖੁੱਲ੍ਹੀ ਵਿਆਖਿਆ ਕਰ ਸਕਣ ਦੀ ਅਮੁੱਕ ਦਲੇਰੀ ਸੀ। ਜਦੋਂ ਉਹ ਆਪਣੇ ਵਿਚਾਰਾਂ ਨੂੰ ਸਜੀਵ ਲਫ਼ਜ਼ਾਂ, ਸੰਕਲਪਾਂ, ਇਤਿਹਾਸਕ ਹਵਾਲਿਆਂ, ਸਾਹਿਤਕ ਬਿੰਬਾਵਲੀ, ਰੋਜ਼ਮੱਰਾ ਜੀਵਨ ਦੀਆਂ ਤਸ਼ਬੀਹਾਂ, ਮੁੱਢਲੇ ਫ਼ਲਸਫ਼ੇ ਅਤੇ ਸਮਕਾਲੀ ਮਨੁੱਖ ਦੇ ਸਰੋਕਾਰਾਂ ਨਾਲ ਸਜਾ, ਸੰਵਾਰ, ਸ਼ਿੰਗਾਰ ਕੇ ਪੇਸ਼ ਕਰਦਾ ਸੀ ਤਾਂ ਸੁਣਨ ਵਾਲਿਆਂ ਦੇ ਮਨ ਵਿੱਚ ਇੱਕ ਅਤਿਅੰਤ ਆਸ਼ਾਵਾਦੀ ਜਿਊਂਦਾ-ਜਾਗਦਾ ਸੰਸਾਰ ਸਿਰਜਿਆ ਜਾਂਦਾ ਸੀ। ਹਵਾਵਾਂ ਕੰਨ ਧਰ ਕੇ ਓਸ ਨੂੰ ਸੁਣਦੀਆਂ ਸਨ ਅਤੇ ਹਨੇਰੀਆਂ ਦਾਦ ਦੇਣ ਲਈ ਘੜੀ ਦੋ ਘੜੀ ਥੰਮ੍ਹ ਜਾਂਦੀਆਂ ਸਨ। ਹਰ ਸ੍ਰੋਤਾ ਸਿਰਦਾਰ ਦੇ ਹਾਣ ਦੀ ਸਮਝ ਨਾਲ ਚਰਚਿਤ ਮਸਲਿਆਂ ਨੂੰ ਵਿਚਾਰਣ ਦੇ ਕਾਬਲ ਹੋ ਜਾਂਦਾ ਸੀ। ਸਾਧਾਰਣ ਪੇਂਡੂ ਜਨਤਾ ਤੋਂ ਲੈ ਕੇ ਉੱਚਤਮ ਵਿੱਦਿਅਕ ਸੰਸਥਾਵਾਂ ਵਿੱਚ ਬੈਠੇ ਧੁਰੰਦਰ ਵਿਚਾਰਵਾਨ ਓਸ ਦੇ ਤਰਕ ਦੇ ਕਾਇਲ ਹੋ ਜਾਂਦੇ ਸਨ।

ਕੌਮੀ ਮਸਲਿਆਂ ਉੱਤੇ ਤਰਕ-ਸੰਗਤ, ਮੁੱਢੋਂ ਨਿਰੁੱਤਰ ਕਰਨ ਵਾਲੀ ਬਹਿਸ ਦਾ ਉਹ ਮਾਹਿਰ ਸੀ। ਏਸ ਵੱਡੇ ਪ੍ਰਤਿਭਾਸ਼ਾਲੀ ਗੁਣ ਦੀ ਓਸ ਨੇ ਵਿਧਾਨ ਸਭਾ, ਲੋਕ ਸਭਾ ਵਿੱਚ ਖ਼ੂਬ ਵਰਤੋਂ ਕੀਤੀ। ਰਣ-ਤੱਤੇ ਵਿੱਚ ਨੰਗੇ ਧੜ ਜੂਝਦੇ ਸੂਰਮਿਆਂ ਵਾਂਗ ਓਸ ਨੇ ਸੱਚਾਈ ਦਾ ਪੱਖ ਪੇਸ਼ ਕੀਤਾ। ਉਸ ਦੇ ਅਨੇਕਾਂ ਐਸੇ ਵਿਆਖਿਆਨ ਹਨ ਜਿਨ੍ਹਾਂ ਦੇ ਉੱਤਰ ਦੇਣ ਦੀ ਕਿਸੇ ਨੇ ਜੁਰਅਤ ਨਾ ਕੀਤੀ। 'ਸਿੱਖਾਂ ਨਾਲ ਵਿਸਾਹਘਾਤ' ਵਾਲਾ ਉਹਨਾਂ ਦਾ ਲੋਕ ਸਭਾ ਦਾ ਪ੍ਰਵਚਨ, ਜਿਸ ਵਿੱਚ ਭਾਰਤ ਦੀ 'ਹਜ਼ਾਰਾਂ ਸਾਲ ਪੁਰਾਣੀ' ਸ਼੍ਰੋਮਣੀ ਸਮਝੀ ਜਾਂਦੀ ਸੱਭਿਅਤਾ ਦੀ ਤਰਕਯੁਕਤ ਅਤੇ ਅਤਿਅੰਤ ਕਰੜੀ ਨਿਖੇਧੀ ਸੀ, ਨੂੰ ਵੀ ਵੱਡੇ ਨੀਤੀਵੇਤਾ ਸ਼ੀਰੇ ਮਾਦਰ ਸਮਝ ਕੇ ਡਕਾਰ ਗਏ; ਕਿਸੇ ਇੱਕ ਤਰਕ ਨੂੰ ਵੀ ਝੂਠਾ ਸਾਬਤ ਨਾ ਕਰ ਸਕੇ। ਨੀਵੀਂ ਪਾ ਕੇ ਘੋਰ ਨਮੋਸ਼ੀ ਦੇ ਸਮੁੰਦਰ ਵਿੱਚ ਗਰਕ ਹੋ ਕੇ ਸੁਣਦੇ ਰਹੇ। ਇੱਕ ਅੱਧ ਸੜਕਛਾਪ ਨੁਮਾ ਐਮ. ਪੀ. ਨੇ ਘਟੀਆ ਟਿੱਚਰ ਕਰਨ ਦੀ ਜੁਰਅਤ ਕਰ ਕੇ ਕੇਵਲ ਆਪਣੀ ਕੌਮ ਦੇ ਬੌਧਿਕ ਦਿਵਾਲੀਏਪਣ ਦਾ ਐਲਾਨ ਹੀ ਕੀਤਾ।

ਕਹਿਣ ਦੀ ਲੋੜ ਨਹੀਂ ਕਿ ਸਿੱਖੀ ਵਿੱਚ ਉਸ ਦਾ ਪ੍ਰਪੱਕ, ਅਹਿੱਲ ਯਕੀਨ ਸੀ। ਗੁਰੂ ਸਾਹਿਬਾਨ ਦੀ ਬਾਣੀ ਅਤੇ ਇਤਿਹਾਸ ਓਸ ਲਈ ਸਦਾ ਜੀਵਨ ਦੇ ਪ੍ਰੇਰਨਾ-ਸ੍ਰੋਤ ਬਣੇ ਰਹੇ। ਆਮ ਗੱਲਬਾਤ ਵਿੱਚ ਵੀ ਉਹ ਗੁਰੂ ਦਾ ਨਾਂਅ ਜ਼ੁਬਾਨ ਉੱਤੇ ਆਉਂਦਿਆਂ ਹੀ ਮੋਮ ਵਾਂਗ ਢਲ ਕੇ ਆਪਣੇ ਤਸੱਵਰ ਵਿੱਚ ਗੁਰੂ-ਚਰਨਾਂ ਨਾਲ ਲਿਪਟ ਜਾਂਦਾ ਸੀ। ਓਸ ਦੀ ਤੱਕਣੀ ਅਤੇ ਆਵਾਜ਼ ਵੀ ਬਦਲ ਜਾਂਦੀ, ਸੁਣਨ ਵਾਲੇ ਉੱਤੇ ਚੁੱਪੀ ਵਰਤ ਜਾਂਦੀ ਅਤੇ ਉਹ ਮਹਿਫ਼ਲ ਵਿੱਚ ਗੁਰੂ ਦੀ ਆਮਦ ਦੀ ਖੁਸ਼ਬੋ ਨੂੰ ਸੁੰਘਣ ਯੋਗ ਹੋ ਜਾਂਦਾ। ਕਈ ਵਾਰ ਵਜਦ ਵਿੱਚ ਆ ਕੇ ਭਾਈ ਸੰਤੋਖ ਸਿੰਘ ਦਾ, ''ਹਰਗੋਬਿੰਦ ਨੰਦਨ, ਨੰਦਨ ਕੋ ਅਭੀਬੰਦਨ ਕੈ ਪਦ ਜੇ ਅਰਬਿੰਦੂ। ਦੁੱਖ ਦੁੰਦ ਨਿਕੰਦਨ ਆਨੰਦ ਕੰਦ ਮੁਕੰਦ ..." ਨੂੰ ਗੁਣਗੁਣਾਉਣ ਲੱਗ ਪੈਂਦਾ।

ਬਾਅਦ ਵਿੱਚ ਮੈਂ ਇਹੋ ਖੂਬੀ ਅਤੇ ਏਸੇ ਕਿਸਮ ਦਾ ਵਤੀਰਾ ਅਤੇ ਹਾਵ-ਭਾਵ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲਬਾਤ ਵਿੱਚ ਮਹਿਸੂਸ ਕੀਤੇ।

ਅਨੇਕਾਂ ਬੋਲੀਆਂ ਦਾ ਭਰਪੂਰ ਗਿਆਨ, ਧਰਮ ਦੀ ਸੋਝੀ, ਕਾਦਰ ਦੀ ਕੁਦਰਤ ਨਾਲ ਵਿਸ਼ਾਲ (ਸਭ ਕਾਸੇ ਨੁੰ ਗਲਵੱਕੜੀ ਵਿਚ ਲੈਣ ਵਾਲਾ) ਪਿਆਰ, ਫ਼ਲਸਫ਼ੇ ਦੀ ਪਿੱਠਭੂਮੀ, ਦੂਜੇ ਜਹਾਨ ਨਾਲ ਲਗਾਤਾਰ ਸਬੰਧ ਬਣਾਈ ਰੱਖਣ ਦੀ ਤਿੱਖੀ ਚਾਹ, ਗੁਰੂ-ਸੇਵਾ ਵਿੱਚ ਸਦਾ ਤਤਪਰ ਰਹਿਣ ਦੀ ਤੀਬਰ ਲਾਲਸਾ ਦਾ ਮੁੱਖ ਮੰਤਵ — ਜਦ ਇਹ ਸਭ ਮਿਲ ਕੇ ਸਿਆਹੀ ਸਿਰਜਦੇ ਸਨ ਤਾਂ ਸਿਰਦਾਰ ਦੇ ਵਾਕ ਅਤੇ ਲੇਖ ਬਣਦੇ ਸਨ। ਹਰ ਲਫ਼ਜ਼ ਵਿੱਚ ਸੱਚੀ ਟਕਸਾਲ ਦੇ ਅਹਿਰਣ ਉੱਤੇ ਘੜੇ ਹੋਏ ਸਿੱਕੇ ਦੀ ਟੁਣਕਾਰ ਹੁੰਦੀ ਸੀ। ਹਰ ਲੇਖ ਵਿੱਚ ਟਿਕਾਣੇ ਦੀ ਗੱਲ ਹੁੰਦੀ ਸੀ ਅਤੇ ਉਹ ਹਰ ਲੇਖ ਨੂੰ ਸਿਰੇ ਲਾਉਣ ਤੱਕ ਸਿਰਜਣ ਪ੍ਰਕਿਰਿਆ ਵਿੱਚ ਰੁੱਝਾ ਰਹਿੰਦਾ ਸੀ।

ਅਲਪ ਬੁੱਧੀ, ਖਰੜ ਗਿਆਨੀਆਂ, ਸਿਆਸੀ ਨੌਸਰਬਾਜ਼ਾਂ, ਵਿਹਲੜ ਘੁਣਤਰੀ ਵਿਤੰਡਾਵਾਦੀਆਂ, ਆਪਣੀ ਹਉਮੈ ਦੀ ਦਲਦਲ ਵਿੱਚ ਗਲ ਤੱਕ ਖੁਭੇ, ਆਪਣੀ ਆਵਾਜ਼ ਦੇ ਆਪੇ ਮੋਹੇ ਗਾਲੜੀਆਂ ਨੂੰ ਓਸ ਦਾ ਸੁਭਾਅ ਅੱਖੜ ਲੱਗਦਾ ਸੀ ਪ੍ਰੰਤੂ ਜਗਿਆਸੂਆਂ, ਸ਼ਰਧਾਵਾਨਾਂ ਦੀ ਝੋਲੀ ਓਸ ਦੇ ਦਰ ਤੋਂ ਜ਼ਰੂਰ ਬੇਸ਼ਕੀਮਤੀ ਮੋਤੀਆਂ ਦੀ ਖ਼ੈਰ ਪੈਂਦੀ ਸੀ।

ਮੈਂ ਕਦੇ ਗੁਰੂ ਬਿਨਾਂ ਕਿਸੇ ਮਨੁੱਖ ਨੂੰ ਆਪਣਾ ਪੀਰ ਨਹੀਂ ਜਾਣਿਆ ਪਰ ਜਦੋਂ ਡੌਕਟਰ ਗਰੇਵਾਲ ਨੇ ਇੱਕ ਸਭਾ ਵਿੱਚ ਮੈਨੂੰ ਸਿਰਦਾਰ ਦਾ 'ਚੇਲਾ' ਦੱਸਿਆ ਤਾਂ ਮੈਂ ਖਿੜੇ ਮੱਥੇ ਏਸ ਤਖੱਲਸ ਨੂੰ ਪੁੱਠੇ ਕੌਮਿਆਂ ਵਿੱਚ ਰੱਖ ਕੇ ਪ੍ਰਵਾਨ ਕਰ ਲਿਆ। 'ਚੇਲਾ' ਤਾਂ ਮੈਂ ਨਹੀਂ ਸਾਂ, ਨਾ ਹੀ ਅੱਜ ਹਾਂ (ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ॥ ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ॥) ਪਰ ਓਸ ਸਭਾ ਵਿੱਚ ਏਸ ਨੁਕਤੇ ਉੱਤੇ ਇਤਰਾਜ਼ ਜਤਾਉਣ ਨਾਲ ਸਿਰਦਾਰ ਦੀ ਹੇਠੀ ਹੁੰਦੀ ਸੀ ਜੋ ਨਾ-ਕਾਬਲੇ-ਬਰਦਾਸ਼ਤ ਸੀ। ਉਂਝ ਵੀ ਓਸ ਬੇਪਰਵਾਹ ਫ਼ਕੀਰ ਦਾ ਚੇਲਾ ਹੋਣਾ ਕਿਸੇ ਵਾਸਤੇ ਵੀ ਮਾਣ-ਵਰਧਕ ਸੰਕਲਪ ਹੈ।

ਇੱਕ ਦਿਨ ਸਿਰਦਾਰ ਆਉਣ ਵਾਲੇ ਸਮੇਂ ਦੇ ਇਸ਼ਾਰਿਆਂ ਦਾ ਵਿਸ਼ਲੇਸ਼ਣ ਕਰ ਰਿਹਾ ਸੀ। ਪਰਲ ਬੱਕ ਦੀ ਕਿਤਾਬ ਗੁੱਡਅਰਥ ਦਾ ਇੱਕ ਦ੍ਰਿਸ਼ਟਾਂਤ ਓਸ ਦੀ ਯਾਦਗਾਰ ਵਿੱਚ ਉੱਭਰਿਆ। 'ਚੀਨ ਦਾ ਮਾਤਮ' ਅਖਵਾਉਂਦਾ ਦਰਿਆ ਸਭ ਮਰਿਯਾਦਾਵਾਂ ਤੋੜ ਕੇ ਕਿਨਾਰਿਆਂ ਤੋਂ ਬਾਹਰ ਵਗਣ ਲੱਗ ਪਿਆ। ਨੇੜੇ-ਤੇੜੇ ਵੱਸਦੇ ਸਭ ਕਿਸਾਨ ਉੱਜੜ-ਪੁੱਜੜ ਗਏ। ਕੁਝ ਕੁ ਥੋੜ੍ਹਾ-ਬਹੁਤ ਜ਼ਰੂਰੀ ਸਮਾਨ ਬਚਾਉਣ ਵਿੱਚ ਕਾਮਯਾਬ ਹੋਏ। ਇੱਕ ਅਜਿਹੇ ਕਿਸਾਨ ਨੇ ਸਮਾਨ ਦੀ ਵਹਿੰਗੀ ਮੋਢਿਆਂ ਉੱਤੇ ਰੱਖ ਕੇ ਸੁੱਕੀ ਜ਼ਮੀਨ ਵੱਲ ਚਾਲੇ ਪਾ ਦਿੱਤੇ। ਸਾਰੇ ਸਮਾਨ ਤੋਂ ਉੱਤੇ, ਸਭ ਤੋਂ ਮਹਿਫ਼ੂਜ਼ ਕਰ ਕੇ ਓਸ ਨੇ ਮਿੱਟੀ ਦੀ ਇੱਕ ਕੁੱਜੀ ਰੱਖੀ। ਬੜੀ ਸਾਂਭ-ਸੰਭਾਲ ਨਾਲ ਉਹ ਓਸ ਦਾ ਖਿਆਲ ਰੱਖ ਰਿਹਾ ਸੀ। ਕਿਸੇ ਵੇਖਣ ਵਾਲੇ ਨੇ ਪੁੱਛਿਆ ਤਾਂ ਓਸ ਨੇ ਕਿਹਾ, 'ਏਸ ਵਿੱਚ ਬੀਅ ਹੈ। ਦਰਿਆ ਤਬਾਹੀ ਕਰ ਕੇ ਥੱਕ ਜਾਵੇਗਾ, ਆਪਣੀ ਮਰਿਯਾਦਾ ਨੂੰ ਯਾਦ ਕਰ ਕੇ ਆਪਹੁਦਰੀਆਂ ਬੰਦ ਕਰ ਦੇਵੇਗਾ ਅਤੇ ਮੁੜ ਕੇ ਕਿਨਾਰਿਆਂ ਤੋਂ ਹੇਠਾਂ ਹੋ ਕੇ ਵਗਣ ਲੱਗੇਗਾ। ਮੇਰੀ ਧਰਤੀ ਏਸ ਦੀ ਗਰਿਫ਼ਤ ਵਿੱਚੋਂ ਮੁਕਤ ਹੋ ਕੇ ਫੇਰ ਮੇਰਾ ਭੁੱਖਾ ਢਿੱਡ ਭਰਨਾ ਲੋਚੇਗੀ ਤਾਂ ਓਸ ਵੇਲੇ ਮੈਂ ਇਹ ਬੀਅ ਏਸ ਵਿੱਚ ਬੀਜਾਂਗਾ। ਭਰਪੂਰ ਫ਼ਸਲਾਂ ਹੋਣਗੀਆਂ। ਅਸੀਂ ਸਾਰਾ ਪਰਿਵਾਰ ਰਲ ਕੇ ਖਾਵਾਂਗੇ ਅਤੇ ਵਾਧੂ ਅਨਾਜ ਜਾਨਵਰਾਂ, ਦੂਜੇ ਭੁੱਖੇ ਲੋਕਾਂ ਦੇ ਕੰਮ ਆਵੇਗਾ।'

ਸਿਰਦਾਰ ਕਹਾਣੀ ਸੁਣਾ ਕੇ ਆਖਣ ਲੱਗਾ, ''ਆਉਣ ਵਾਲੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲੇ ਸਭ ਕੁਝ ਰੁੜ੍ਹ ਗਿਆ ਜਾਪੇਗਾ। ਅਸੁਰੀ ਸ਼ਕਤੀਆਂ ਸਭ ਕੁਝ ਨਿਗ਼ਲ ਜਾਣਗੀਆਂ। ਓਸ ਵੇਲੇ ਵਿਚਲਿਤ ਨਹੀਂ ਹੋਣਾ। ਗੁਰੂ ਭਰੋਸੇ ਚੰਗੇ ਦਿਨਾਂ ਦੀ ਆਮਦ ਦੀ ਆਸ ਟੁੱਟਣ ਨਹੀਂ ਦੇਣੀ। ਅਸਲ ਸਿੱਖੀ ਦੇ ਬੀਅ ਨੂੰ ਘੁੱਟ ਕੇ ਗਲ਼ ਨਾਲ ਲਾਈ ਰੱਖਣਾ। ਬੀਅ ਵਿੱਚ ਬੜੀ ਸ਼ਕਤੀ ਹੈ। ਮਿਸਰ ਦੀਆਂ ਪਿਰਾਮਿਡਾਂ ਵਿੱਚੋਂ ਬੀਅ ਮਿਲੇ ਹਨ ਜੋ ਬੀਜਦਿਆਂ ਸਾਰ ਹੀ ਪੌਦੇ-ਪੇੜ ਬਣ ਗਏ। ਦਰਿਆ ਦੇ ਕਹਿਰ ਤੋਂ ਬਾਅਦ ਧਰਤੀ ਹੋਰ ਉਪਜਾਊ ਹੋ ਜਾਵੇਗੀ। ਸੂਰਜ ਨਵਾਂ ਜੀਵਨ ਲੈ ਕੇ ਰੌਸ਼ਨੀ ਬਿਖੇਰੇਗਾ, ਓਸ ਬੀਅ ਨੂੰ ਦੁਬਾਰੇ ਬੀਜ ਦੇਣਾ। ਉਹ ਸਿੱਖੀ ਦੀ ਨਵੀਂ ਫ਼ਸਲ ਪੈਦਾ ਕਰੇਗਾ। ਛੋਟੇ-ਛੋਟੇ ਬੀਆਂ ਤੋਂ ਹੀਂ ਵੱਡੇ-ਵੱਡੇ ਦਰਖਤ ਬਣਦੇ ਹਨ, ਜੋ ਪਸ਼ੂ-ਪੰਖੀਆਂ ਦਾ ਆਸਰਾ ਅਤੇ ਮਨੁੱਖ ਨੂੰ ਛਾਂ ਪ੍ਰਦਾਨ ਕਰਨ ਦੇ ਕਾਬਲ ਹੁੰਦੇ ਹਨ। ਏਸ ਲਈ ਸੰਕਟ ਸਮੇਂ ਸਭ ਤੋਂ ਵੱਧ ਸਾਂਭਣ ਵਾਲੀ ਵਸਤੂ ਬੀਅ ਹੀ ਹੁੰਦਾ ਹੈ।''

ਪੇਸ਼ੇ ਵਜੋਂ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਕਾਮਨਾ ਕਰਦਾ ਹਾਂ ਕਿ ਗੁਰੂ ਕੇ ਲਾਲ ਸਿਰਦਾਰ ਦੇ ਕਹੇ ਮੁਤਾਬਕ ਸਿੱਖੀ ਦੇ ਬੀਜ ਨੂੰ ਸੰਭਾਲ ਕੇ ਰੱਖਣ ਤੇ ਢੁਕਵਾਂ ਸਮਾਂ ਆਉਣ 'ਤੇ ਏਸ ਵਿੱਚੋਂ ਭਰਪੂਰ ਫ਼ਸਲ ਹੋਵੇ; ਆਪ ਵੀ ਰੱਜ ਜਾਈਏ, ਇਹਨਾਂ ਖੇਤਾਂ ਉੱਤੇ ਨਿਰਭਰ ਪਸ਼ੂ-ਪੰਖੀ ਵੀ ਤ੍ਰਿਪਤ ਹੋਣ ਅਤੇ ਹਰ ਭੁੱਖੇ ਦੀ ਗੁਰ-ਸ਼ਬਦ ਨਾਲ ਭੁੱਖ ਦੂਰ ਹੋਵੇ, ਜਗਿਆਸੂ ਸਰਸ਼ਾਰ ਹੋਣ। ਗੁਰੂ-ਪ੍ਰਮੇਸ਼ਰ ਦੀ ਹਰ ਸੁਖ ਪ੍ਰਦਾਨ ਕਰਨ ਵਾਲੀ ਝਲਕ ਪਾਉਣ।

ਪੁਸਤਕ ਰੀਵਿਊ  - ਰੀਵਿਊਕਾਰ: ਜਸਵੀਰ ਸ਼ਰਮਾਂ ਦੱਦਾਹੂਰ

ਪੁਸਤਕ ਨਾਮ:ਵਿਹਲੀ ਮਾਂ (ਕਾਵਿ ਸੰਗ੍ਰਹਿ

ਲੇਖਕ: ਗੁਰਪ੍ਰੀਤ ਸਿੰਘ ਹਬੀਬ

ਪ੍ਰਕਾਸ਼ਕ: ਅਸਤਿੱਤਵ ਪ੍ਰਕਾਸ਼ਨ

ਪੇਜ: ਇੱਕ ਸੌ ਛੇ

ਰੀਵਿਊਕਾਰ: ਜਸਵੀਰ ਸ਼ਰਮਾਂ ਦੱਦਾਹੂਰ

ਇਸ ਕਾਵਿ ਸੰਗ੍ਰਹਿ ਦਾ ਨਾਮ ਸੁਣ ਕੇ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਔਰ ਇਸੇ ਕਰਕੇ ਹੀ ਇਹ ਪੁਸਤਕ ਪੜਨ ਨੂੰ ਮਨ ਵੀ ਉਤਾਵਲਾ ਹੋ ਰਿਹਾ ਸੀ। ਜਦੋਂ ਫੇਸਬੁੱਕ ਤੋਂ ਇਸ ਪੁਸਤਕ ਬਾਬਤ ਪਤਾ ਲੱਗਾ ਤਾਂ ਬੇਸਬਰੀ ਨਾਲ ਇਹ ਕਿਤਾਬ ਮੰਗਵਾਈ ਤੇ ਪੜੀ ਪੜਨ ਤੋਂ ਬਾਅਦ ਇਕੱਤਰ ਨੰਬਰ ਪੇਜ ਤੇ"ਵਿਹਲੀ ਮਾਂ"ਕਵਿਤਾ ਪੜਕੇ ਸਾਰੇ ਸ਼ੰਕੇ ਵੀ ਦੂਰ ਹੋ ਗਏ। ਮੈਂ ਦੋਸਤਾਂ ਨੂੰ ਦੱਸ ਵੀ ਦੇਵਾਂ ਕਿ ਇੱਕੋ ਇੱਕ ਮਾਂ ਹੀ ਐਸੀ ਹੈ ਜੋ ਪਰਿਵਾਰ ਦੇ ਵਿੱਚ ਸੱਭ ਤੋਂ ਜ਼ਿਆਦਾ ਕੰਮ ਕਰਦੀ ਹੈ ਪਰ ਫਿਰ ਵੀ ਓਹਨੂੰ ਵਿਹਲੀ ਹੀ ਸਮਝਿਆ ਜਾਂਦਾ ਹੈ ਤੇ ਪਰਿਵਾਰ ਦੇ ਜੀਆਂ ਦਾ ਜ਼ਿਆਦਾ ਰੋਹਬ ਵੀ ਮਾਂ ਤੇ ਹੀ ਝੜਦਾ ਹੈ, ਕੁੱਝ ਵਿਅੰਗਮਈ ਢੰਗ ਦੇ ਨਾਲ ਭਾਵ ਸੱਭ ਤੋਂ ਜ਼ਿਆਦਾ ਰੁੱਝੀ ਰਹਿੰਦੀ ਕਰਕੇ ਹੀ ਲੇਖਕ ਨੇ ਇਸ ਪੁਸਤਕ ਦਾ ਨਾਮ ਵਿਹਲੀ ਮਾਂ ਰੱਖ ਕੇ ਇਸ ਪੁਸਤਕ ਨੂੰ ਮਿਆਰੀ ਅਤੇ ਆਕਰਸ਼ਕ ਬਣਾਉਣ ਵਿੱਚ ਜਿਥੇ ਸਫਲਤਾ ਹਾਸਲ ਕੀਤੀ ਹੈ ਓਥੇ ਟਾਈਟਲ ਵੀ ਬਹੁਤ ਲੁਭਾਵਣਾ ਬਨਵਾਇਆ ਹੈ।ਇਸ ਲਈ ਲੇਖਕv ਵਧਾਈ ਦਾ ਹੱਕਦਾਰ ਹੈ।

      ਬਾਕੀ ਇਸ ਪੁਸਤਕ ਦੇ ਸ਼ੁਰੂ ਵਿੱਚ ਪੰਜਾਬੀ ਕਹਾਣੀਕਾਰ ਜਸਵੀਰ ਸਿੰਘ ਦੀਦਾਰਗੜ੍ਹ ਨੇ ਲੇਖਕ ਗੁਰਪ੍ਰੀਤ ਸਿੰਘ ਹਬੀਬ ਦੀ ਬਾਬਤ ਬਹੁਤ ਕੁੱਝ ਖੁਲ੍ਹ ਕੇ ਲਿਖਿਆ ਹੈ ਅਤੇ ਇਸ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਬਾਬਤ ਖੋਲ੍ਹ ਕੇ ਲਿਖਿਆ ਹੈ।ਜੋ ਦਾਸ ਨੇ ਵੇਖਿਆ ਤੇ ਪੜ੍ਹਿਆ ਹੈ ਉਸ ਵਿੱਚ ਸੱਭ ਤੋਂ ਪਹਿਲਾਂ ਤਾਂ ਮੈਂ ਵਿਹਲੀ ਮਾਂ ਕਵਿਤਾ ਦੀ ਹੀ ਗੱਲ ਕਰਾਂਗਾ"ਕੰਮ ਸਾਰੇ ਨਿਸ਼ੁਲਕ ਉਹ(ਮਾਂ) ਕਰਦੀ ਹੈ, ਸਾਰੇ ਜੀਆਂ ਦਾ ਪਾਣੀ ਭਰਦੀ ਹੈ"। ਇਸੇ ਇੱਕੋ ਲਾਈਨ ਦੇ ਵਿੱਚ ਹੀ ਬਹੁਤ ਕੁੱਝ ਛੁਪਿਆ ਹੋਇਆ ਹੈ।

          ਬਾਕੀ ਦੀ ਸਾਰੀ ਪੁਸਤਕ ਵਿੱਚ ਧਰਤੀ ਦਾ ਜਾਇਆ,ਨਿੱਕੀ ਉਮਰ ਤੇ ਵੱਡੇ ਭਾਰ,ਜ਼ਮੀਰ ਦਾ ਸਵਾਲ,ਨਾਪਾਕ ਰਿਸ਼ਤੇ, ਰਾਜਨੀਤਕ ਬੋਲੀਆਂ,ਬੇਵਸੀ,ਖਿਆਲੀ ਮੀਂਹ, ਸੁਪਨਿਆਂ ਦੇ ਬੀਜ਼, ਬਦਕਿਸਮਤ ਕਿਤਾਬ,ਮੇਰਾ ਭਾਰਤ ਮਹਾਨ ਗੱਲ ਕੀ ਹਰ ਵੰਨਗੀ ਨੂੰ ਨਿੱਠ ਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਲੇਖਕ ਨੇ,ਅਤੇ ਕਾਮਯਾਬੀ ਨਾਲ ਬੁਲੰਦ ਹੌਸਲੇ ਰਾਹੀਂ ਆਪਣੇ ਮਨ ਦੀ ਗੱਲ ਕੀਤੀ ਹੈ ਗੁਰਪ੍ਰੀਤ ਨੇ।ਪਹਿਲੀ ਪੁਸਤਕ ਕਰਕੇ ਬੇਸ਼ੱਕ ਹਾਲੇ ਹੋਰ ਸੁਧਾਰ ਦੀ ਅਤੇ ਹੋਰ ਪੁਸਤਕਾਂ ਪੜ੍ਹ ਕੇ ਲਿਖਣ ਦੀ ਲੇਖਕ ਨੂੰ ਅਤਿਅੰਤ ਲੋੜ ਹੈ,ਪਰ ਪਹਿਲੀ ਪੁਸਤਕ ਵਿੱਚ ਵੀ ਓਹ ਆਪਣੇ ਮਨ ਦੇ ਹਾਵ ਭਾਵ ਨੂੰ ਪੇਸ਼ ਕਰਨ ਵਿੱਚ ਸਫ਼ਲ ਰਿਹਾ ਹੈ ਅਤੇ ਇਸ ਲਈ ਵਧਾਈ ਦਾ ਪਾਤਰ ਵੀ ਹੈ। ਜਿਵੇਂ ਕਿ ਆਪਾਂ ਸਭਨਾਂ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਲੇਖਕ ਦੀਆਂ ਰਚਨਾਵਾਂ ਤੋਂ ਹੀ ਉਸ ਦੀਆਂ ਮਨ ਦੀਆਂ ਭਾਵਨਾਵਾਂ ਨੂੰ ਪੜਿਆ ਜਾ ਸਕਦਾ ਹੈ, ਜਾਂ ਇਉਂ ਕਹਿ ਲਈਏ ਕਿ ਇੱਕ ਲੇਖਕ ਕਿਹੜੀ ਲੇਖਣੀ ਵਿੱਚ ਸਾਹਿਤ ਲਈ ਯੋਗ ਅਤੇ ਆਪਣਾ ਸਥਾਨ ਬਣਾ ਸਕਦਾ ਹੈ, ਬਿਲਕੁਲ ਅਨੁਭਵ ਹੋ ਜਾਂਦਾ ਹੈ।ਦਾਸ ਨੇ ਜੋ ਵਿਹਲੀ ਮਾਂ ਵਿਚੋਂ ਪੜਿਆ ਹੈ ਉਸ ਤੋਂ ਇਹ ਹੀ ਕਹਿ ਸਕਦਾ ਹਾਂ ਕਿ ਇਸੇ ਮਿਆਰੀ ਕਵਿਤਾ ਵਾਲੀ ਲੇਖਣੀ ਰਾਹੀਂ ਗੁਰਪ੍ਰੀਤ ਆਪਣਾ ਸਥਾਨ ਸਾਹਿਤ ਜਗਤ ਵਿਚ ਚਮਕਾਏਗਾ।ਸੱਭ ਤੋਂ ਵਧੀਆ ਗੱਲ ਹੁੰਦੀ ਹੈ ਇੱਕ ਲੇਖਕ ਹਰ ਵਿਸ਼ੇ ਨੂੰ ਛੋਹ ਕੇ ਕਿੰਨਾ ਕੁ ਕਾਮਯਾਬ ਹੋ ਸਕਦਾ ਹੈ, ਇਸ ਲਈ ਗੁਰਪ੍ਰੀਤ ਨੂੰ ਹੋਰ ਕਾਫੀ ਮਿਹਨਤ ਦੀ ਲੋੜ ਹੈ,ਪਰ ਜਿਸ ਸ਼ਿੱਦਤ ਨਾਲ ਉਸ ਨੇ ਹੌਸਲਾ ਕਰਕੇ ਇਸ ਪੁਸਤਕ ਨੂੰ ਕਾਵਿ ਰੁਪਏ ਵਿੱਚ ਪਾਠਕਾਂ ਤੱਕ ਪੁੱਜਦਾ ਕੀਤਾ ਹੈ ਓਸ ਲਈ ਓਹ ਵਧਾਈ ਦਾ ਹੱਕਦਾਰ ਹੈ।ਸਾਹਿਤ ਜਗਤ ਦੇ ਪ੍ਰੇਮੀਆਂ ਨੂੰ ਇਸ ਕਾਵਿ ਸੰਗ੍ਰਹਿ ਦੇ ਸਾਹਿਤਕ ਹਲਕਿਆਂ ਵਿੱਚ ਆਉਣ ਤੇ ਵਧਾਈ ਦੇਣੀ ਬਣਦੀ ਹੈ। ਮੈਂ ਜਿਥੇ ਗੁਰਪ੍ਰੀਤ ਸਿੰਘ ਹਬੀਬ ਦੀ ਇਸ ਪੁਸਤਕ ਨੂੰ ਪਾਠਕਾਂ ਦੇ ਹੱਥਾਂ ਵਿੱਚ ਪਚਾਉਣ ਲਈ ਵਧਾਈ ਦਿੰਦਾ ਹਾਂ ਓਥੇ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਵਾਲੀ ਸੰਸਥਾ ਅਤੇ ਉਸ ਦੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਪੁਸਤਕ ਨੂੰ ਛਪਵਾਉਣ ਲਈ ਉਸ ਦੀ ਹੌਸਲਾ ਅਫਜ਼ਾਈ ਕੀਤੀ ਹੈ।

ਜਸਵੀਰ ਸ਼ਰਮਾਂ ਦੱਦਾਹੂਰ ਸ੍ਰੀ ਮੁਕਤਸਰ ਸਾਹਿਬ 95691-49556

ਉਡੀਕ ✍️ ਕਮਲਜੀਤ ਕੌਰ ਧਾਲੀਵਾਲ

ਜਦ ਕੋਈ ਹਾਲ ਨਾ ਪੁੱਛੇ ਤੇਰਾ,
ਉਦਾਸ ਹੋਵੇ ਤੇਰਾ ਚਿਹਰਾ।
ਫਿਕਰਾਂ ਲਾ ਲਾਵਣ ਡੇਰਾ,
ਤੂੰ ਮੇਰੇ ਕੋਲੇ ਆ ਜਾਵੀਂ।
ਮੇਰੀ ਰੂਹ ਚ ਸਮਾਂ ਜਾਵੀਂ।
ਤੇਰੇ ਆਪਣੇ ਹੋਣ ਬੇਗਾਨੇ,
ਮਾਸ਼ੂਕਾਂ ਜਾ ਲਾਵਣ ਬਹਾਨੇ,
ਲੋਕੀਂ ਮਾਰਨ ਤੈਨੂੰ ਤਾਨੇ।
ਤੂੰ ਮੇਰੇ ਕੋਲੇ ਆ ਜਾਵੀਂ,
ਮੇਰੀ ਰੂਹ ਚ ਸਮਾਂ ਜਾਵੀਂ ।
ਸੁਪਨੇ ਮਾੜੇ ਆਵਣ ਜੇ,
ਸੋਚਾਂ ਵੱਡ ਖਾਵਣ ਜੇ।
ਭੈੜਾ ਲੱਗੇ ਸ਼ਾਵਣ ਜੇ,
ਤੂੰ ਮੇਰੇ ਕੋਲੇ ਆ ਜਾਵੀਂ,
ਮੇਰੀ ਰੂਹ ਚ ਸਮਾਂ ਜਾਵੀਂ।
ਬੁਰੀ ਲੱਗੇ ਬਰਸਾਤ ਜੇ,
ਮਿਲੇ ਨਾ ਕੋਈ ਸਾਥ ਜੇ।
ਕਾਲੀ ਹੋ ਜਾਏ ਰਾਤ ਜੇ,
ਤੂੰ ਮੇਰੇ ਕੋਲੇ ਆ ਜਾਵੀਂ।
ਮੇਰੀ ਰੂਹ ਚ ਸਮਾਂ ਜਾਵੀਂ।
ਯਾਦ ਆਵੇ ਕਮਲਜੀਤ ਜੇ,
ਮੁਹੱਬਤ ਵਾਲੀ ਪ੍ਰੀਤ ਜੇ।
ਹੌਗਕੌਗ ਵਾਲੇ ਗੀਤ ਜੇ,
ਤੂੰ ਮੇਰੇ ਕੋਲੇ ਆ ਜਾਵੀਂ।
ਮੇਰੀ ਰੂਹ ਚ ਸਮਾਂ ਜਾਵੀਂ।
ਲੇਖਿਕਾ-ਕਮਲਜੀਤ ਕੌਰ ਧਾਲੀਵਾਲ।
77105-97642

ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਲੁਟੇਰਿਆਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, ਪੰਜ ਗ੍ਰਿਫਤਾਰ

ਦੋ ਪਿਸਤੌਲ, ਜਿੰਦਾ ਰੌਂਦ ਬਰਾਮਦ, ਲੁੱਟ-ਖੋਹ ਦੀਆਂ ਤਿੰਨ ਵੱਡੀਆਂ ਵਾਰਦਾਤਾਂ ਸੁਲਝੀਆਂ- ਸੀਪੀ ਗੁਰਪ੍ਰੀਤ ਸਿੰਘ ਭੁੱਲਰ
ਦਾ ਕਹਿਣਾ ਹੈ, ਸ਼ਹਿਰ 'ਚ ਅਪਰਾਧਾਂ 'ਤੇ ਕਾਬੂ ਪਾਉਣ ਲਈ ਅਪਰਾਧੀਆਂ ਖਿਲਾਫ ਲਗਾਤਾਰ ਕਾਰਵਾਈ

ਲੁਧਿਆਣਾ, 2 ਮਾਰਚ (ਰਣਜੀਤ ਸਿੱਧਵਾਂ)  ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਲੁਟੇਰਿਆਂ ਦੇ ਇੱਕ ਹੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪਿਛਲੇ ਦੋ ਮਹੀਨਿਆਂ ਵਿੱਚ ਵਾਪਰੀਆਂ ਤਿੰਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਾ ਪਤਾ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਰਵਿੰਦਰ ਸਿੰਘ ਵਾਸੀ ਮਨਜੀਤ ਨਗਰ, ਅਮਨਦੀਪ ਸਿੰਘ, ਬਲਕਾਰ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪਿੰਡ ਖੁਜਾਕੇ ਅਤੇ ਗੁਰਦੇਵ ਸਿੰਘ ਵਾਸੀ ਰਾਜਸਥਾਨ ਵਜੋਂ ਹੋਈ ਹੈ, ਜੋ ਪੁਲਿਸ ਨੇ ਬਰਾਮਦ ਕਰ ਲਏ ਹਨ | .32 ਬੋਰ ਦਾ ਇੱਕ ਪਿਸਤੌਲ .315 ਬੋਰ ਦਾ ਇੱਕ ਪਿਸਤੌਲ ਅੱਠ ਜਿੰਦਾ ਰੌਂਦ ਸਮੇਤ। ਇਸ ਗਰੋਹ ਦੀ ਕਾਰਜਪ੍ਰਣਾਲੀ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਦੋਸ਼ੀ ਪਿਛਲੇ ਸਮੇਂ ਦੌਰਾਨ ਲੁੱਟ-ਖੋਹ, ਚੋਰੀ ਸਮੇਤ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬੰਦੂਕ ਦੀ ਨੋਕ 'ਤੇ ਲੋਕਾਂ ਨੂੰ ਲੁੱਟਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਦੇਵ ਸਿੰਘ ਵਾਸੀ ਰਾਜਸਥਾਨ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਮੰਗਵਾਏ ਸਨ, ਜਿਸ ਨੂੰ ਵੀ ਪੁਲੀਸ ਟੀਮਾਂ ਨੇ ਕਾਬੂ ਕਰ ਲਿਆ। ਸ੍ਰੀ ਭੁੱਲਰ ਨੇ ਦੱਸਿਆ ਕਿ ਇਸ ਗਿਰੋਹ ਦੀ ਗ੍ਰਿਫ਼ਤਾਰੀ ਨਾਲ 25 ਫਰਵਰੀ ਨੂੰ ਪਿੰਡ ਬੀਰਮੀ, ਹੰਬੜਾ ਰੋਡ ਵਿਖੇ ਵਾਈਨ ਸ਼ਾਪ ’ਤੇ ਬੰਦੂਕ ਦੀ ਨੋਕ ’ਤੇ ਲੁੱਟ ਅਤੇ 25 ਫਰਵਰੀ ਨੂੰ ਰਾਹੋਂ ਰੋਡ ਸਥਿਤ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੀ ਦੁਕਾਨ ’ਤੇ ਲੁੱਟ-ਖੋਹ ਸਮੇਤ ਤਿੰਨ ਵੱਡੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਾ ਪਰਦਾਫਾਸ਼ ਹੋਇਆ ਹੈ। ਇਸੇ ਤਰ੍ਹਾਂ ਇਸ ਗਿਰੋਹ ਨੇ 6 ਫਰਵਰੀ 2022 ਨੂੰ ਦੋਆਬਾ ਬਹਿਣੀ ਕੁਹਾੜਾ ਰੋਡ 'ਤੇ ਸਥਿਤ ਵਾਈਨ ਸ਼ਾਪ 'ਤੇ ਤੀਜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਲੁੱਟਾਂ-ਖੋਹਾਂ ਦੌਰਾਨ ਮੁਲਜ਼ਮਾਂ ਨੇ ਨਕਦੀ, ਮੋਬਾਈਲ ਫ਼ੋਨ ਅਤੇ ਸ਼ਰਾਬ ਲੁੱਟ ਲਈ। ਉਨ੍ਹਾਂ ਇਹ ਵੀ ਦੱਸਿਆ ਕਿ ਹੋਰ ਵਾਰਦਾਤਾਂ ਦਾ ਪਤਾ ਲਗਾਉਣ ਅਤੇ ਇਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇਨ੍ਹਾਂ ਮੁਲਜ਼ਮਾਂ ਦਾ ਅਦਾਲਤ ਤੋਂ ਪੁਲੀਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਪੀ ਨੇ ਕਿਹਾ ਕਿ ਅਪਰਾਧੀਆਂ ਵਿਰੁੱਧ ਕਮਿਸ਼ਨਰੇਟ ਪੁਲਿਸ ਦੀਆਂ ਲਗਾਤਾਰ ਕਾਰਵਾਈਆਂ ਨਿਸ਼ਚਤ ਤੌਰ 'ਤੇ ਅਪਰਾਧੀਆਂ ਨੂੰ ਨੱਥ ਪਾਉਣਗੀਆਂ, ਜਿਸ ਨਾਲ ਸ਼ਹਿਰ ਵਿੱਚ ਅਪਰਾਧ ਕੰਟਰੋਲ ਕਰਨ ਦੇ ਨਾਲ-ਨਾਲ ਕੁਝ ਹੋਰ ਮਾਮਲਿਆਂ ਨੂੰ ਵੀ ਟਰੇਸ ਕੀਤਾ ਜਾਵੇਗਾ।

10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਸਟਰਾਂਗ ਰੂਮਜ਼ ਦੀ ਈ-ਨਿਗਰਾਨੀ, ਰਿਟਰਨਿੰਗ ਅਫ਼ਸਰਾਂ ਵੱਲੋਂ ਵੀ ਦਿਨ 'ਚ 2 ਵਾਰ ਕੀਤਾ ਜਾ ਰਿਹਾ ਦੌਰਾ

ਅੱਜ ਐਸ.ਸੀ.ਡੀ. ਸਰਕਾਰੀ ਕਾਲਜ ਦੇ ਸਟਰਾਂਗ ਰੂਮਜ਼ ਦਾ ਕੀਤਾ ਦੌਰਾ, ਸਟਾਫ਼ ਨੂੰ ਜ਼ਰੂਰੀ ਹਦਾਇਤਾਂ ਕੀਤਆਂ ਜਾਰੀ
ਸਿਆਸੀ ਪਾਰਟੀਆਂ/ਉਮੀਦਵਾਰਾਂ ਦੇ ਨੁਮਾਇੰਦਿਆਂ ਨੇ ਪ੍ਰਬੰਧਾਂ 'ਤੇ ਪ੍ਰਗਟਾਈ ਤਸੱਲੀ

ਲੁਧਿਆਣਾ, 02 ਮਾਰਚ (ਰਣਜੀਤ ਸਿੱਧਵਾਂ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਭਰੋਸਾ ਦਿੱਤਾ ਕਿ 10 ਮਾਰਚ, 2020 ਨੂੰ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਕਾਊਂਟਿੰਗ ਸੈਂਟਰਾਂ 'ਤੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ 14 ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਦਾਖਾ ਹਲਕੇ ਲਈ ਸਟਰਾਂਗ ਰੂਮ ਡਾ. ਸੁਖਦੇਵ ਸਿੰਘ ਭਵਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ, ਲੁਧਿਆਣਾ ਉੱਤਰੀ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ., ਲੁਧਿਆਣਾ ਪੱਛਮੀ ਲਈ ਜਿਮਨੇਜ਼ੀਅਮ ਹਾਲ ਪੀ.ਏ.ਯੂ., ਸਮਰਾਲਾ ਤੇ ਲੁਧਿਆਣਾ ਪੂਰਬੀ ਲਈ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿਖੇ, ਸਾਹਨੇਵਾਲ ਲਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਾਲਜ ਰੋਡ, ਲੁਧਿਆਣਾ, ਰਾਏਕੋਟ ਲਈ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਵਿਖੇ, ਲੁਧਿਆਣਾ ਸੈਂਟਰਲ ਲਈ ਆਰੀਆ ਕਾਲਜ, ਆਡੀਟੋਰੀਅਮ ਹਾਲ ਵਿਖੇ, ਲੁਧਿਆਣਾ ਦੱਖਣੀ ਲਈ ਕੇ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ, ਹਲਕਾ ਗਿੱਲ ਲਈ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ) ਰਿਸ਼ੀ ਨਗਰ, ਪਾਇਲ ਲਈ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ, ਖੰਨਾ ਲਈ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ, ਲੁਧਿਆਣਾ ਵਿਖੇ। (ਅਪਲਾਈਡ ਸਾਇੰਸ ਬਿਲਡਿੰਗ) ਅਤੇ ਆਤਮ ਨਗਰ ਹਲਕੇ ਲਈ ਜੀ.ਐਨ.ਈ. ਪੋਲੀਟੈਕਨਿਕ ਕਾਲਜ, ਗਿੱਲ ਰੋਡ ਲੁਧਿਆਣਾ ਦੀ ਨਵੀਂ ਬਿਲਡਿੰਗ ਵਿਖੇ ਸਟਰਾਂਗ ਰੂਮ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਵਿੱਚ ਵਰਤੀਆਂ ਗਈਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸਖ਼ਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਵਿੱਚ ਕੇਂਦਰੀ ਪੈਰਾ ਮਿਲਟਰੀ ਫੋਰਸ (ਸੀ.ਏ.ਪੀ.ਐਫ.), ਪੰਜਾਬ ਆਰਮਡ ਪੁਲਿਸ ਅਤੇ ਪੰਜਾਬ ਪੁਲਿਸ ਦੇ ਹਜ਼ਾਰਾਂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਸਟਰਾਂਗ ਰੂਮਜ਼ ਦੇ ਅੰਦਰਲੇ ਘੇਰੇ ਦੀ ਸੁਰੱਖਿਆ ਕੇਂਦਰੀ ਪੈਰਾ ਮਿਲਟਰੀ ਫੋਰਸ, ਦੂਜੇ ਘੇਰੇ ਦੀ ਪੰਜਾਬ ਆਰਮਡ ਪੁਲਿਸ ਵੱਲੋਂ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਸਟਰਾਂਗ ਰੂਮਜ਼ ਨੂੰ ਬਾਹਰੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਊਂਟਿੰਗ ਏਜੰਟਾਂ ਨੂੰ ਆਪਣੇ ਸਬੰਧਿਤ ਰਿਟਰਨਿੰਗ ਅਫ਼ਸਰ (ਆਰ.ਓ) ਰਾਹੀਂ ਪਛਾਣ ਪੱਤਰ ਬਣਵਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕਾਉਂਟਿੰਗ ਏਜੰਟ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਕਾਉਂਟਿੰੰਗ ਸੈਂਟਰ ਵਿੱਚ ਪਹੁੰਚ ਜਾਣ। ਉਨ੍ਹਾਂ ਦੱਸਿਆ ਕਿ ਕਾਊਂਟਿੰਗ ਸਥਾਨ 'ਤੇ ਨਿਰਵਿਘਨ ਗਿਣਤੀ ਲਈ ਕੁੱਲ 14 ਕਾਊਂਟਿੰਗ ਟੇਬਲ (ਦੋਵੇਂ ਪਾਸੇ 7-7) ਸਥਾਪਿਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦੀ ਗਿਣਤੀ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟਰਾਂਗ ਰੂਮਜ਼ ਦੀ ਚੌਵੀ ਘੰਟੇ ਈ-ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਲੜ ਰਹੇ ਸਾਰੇ ਉਮੀਦਵਾਰ ਸਟਰਾਂਗ ਰੂਮਾਂ ਦੀ ਸੁਰੱਖਿਆ ਦੇ ਪ੍ਰਬੰਧਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਆਪਣੇ ਨੁਮਾਇੰਦੇ ਤਾਇਨਾਤ ਕਰ ਸਕਦੇ ਹਨ।ਇਸ ਮੌਕੇ ਉਨ੍ਹਾਂ ਸਟਰਾਂਗ ਰੂਮਾਂ ਦੇ ਬਾਹਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ, ਜਿਨ੍ਹਾਂ ਪ੍ਰਸ਼ਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਤੇ ਆਪਣੀ ਤਸੱਲੀ ਪ੍ਰਗਟਾਈ ਹੈ।

5 ਜੈਬ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਬੱਚਿਆਂ ਦੀ ਸਿਹਤ ਜਾਂਚ    

ਹਠੂਰ,2 ਮਾਰਚ-(ਕੌਸ਼ਲ ਮੱਲ੍ਹਾ)-5ਜੈਬ ਫਾਊਂਡੇਸ਼ਨ ਦੀ ਸਰਪ੍ਰਸਤੀ ਵਿੱਚ ਚੱਲ ਰਹੀ ਬਾਕਸਿੰਗ ਅਕੈਡਮੀ ਚਕਰ ਵੱਲੋਂ ਖਿਡਾਰੀਆਂ ਦੀ ਕਾਰਗੁਜ਼ਾਰੀ ਵਧਾਉਣ ਲਈ ਬਾਕਸਿੰਗ ਅਤੇ ਫੁੱਟਬਾਲ ਦੇ ਖਿਡਾਰੀਆਂ ਦੀ ਸਿਹਤ ਦੀ ਜਾਂਚ ਕਰਵਾਉਣ ਲਈ ਚਕਰ ਅਕੈਡਮੀ ਵਿਖੇ ਕੈਂਪ ਲਗਾਇਆ ਗਿਆ।ਇਸ ਮੌਕੇ ਸਿੱਧੂ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ਬੱਧਣੀ ਕਲਾਂ ਦੇ ਡਾ. ਜੇ ਐਸ ਸਿੱਧੂ (ਐਮ.ਡੀ. ਇਲੈਕਟ੍ਰੋ ਹੋਮਿਓਪੈਥੀ) ਵੱਲੋਂ ਅਜਿਹੇ ਲਗਭਗ ਪੰਜਾਹ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਜਿੰਨ੍ਹਾਂ ਨੂੰ ਕਿਸੇ ਨਾ ਕਿਸੇ ਕਿਸਮ ਦੀ ਕਮਜ਼ੋਰੀ ਸੀ,ਜ਼ਿਆਦਾਤਰ ਬੱਚਿਆਂ ਵਿੱਚ ਖੂਨ ਦੀ ਕਮੀ,ਭੁੱਖ ਨਾ ਲੱਗਣਾ,ਕੱਦ ਵਿੱਚ ਖੜੋਤ,ਜ਼ਿਆਦਾ ਥਕਾਵਟ ਦੀਆਂ ਸਮੱਸਿਆਵਾਂ ਸਨ।ਇਸ ਮੌਕੇ ਡਾ. ਸਿੱਧੂ ਨੇ ਕਿਹਾ ਕਿ ਪੇਟ ਦੇ ਕੀੜੇ ਅਤੇ ਖਾਣੇ ਵਿੱਚ ਪ੍ਰੋਟੀਨ ਦੀ ਕਮੀ ਬੱਚਿਆਂ ਦੀ ਸਿਹਤ ਵਿੱਚ ਵੱਡੀ ਰੁਕਾਵਟ ਹਨ।ਉਨ੍ਹਾਂ ਵੱਲੋਂ ਕੁਝ ਦਵਾਈਆਂ ਫਰੀ ਦਿੱਤੀਆਂ ਗਈਆਂ ਅਤੇ ਵਿਸ਼ੇਸ ਕਿਸਮ ਦੀ ਖੁਰਾਕ ਲੈਣ ਦੀ ਸਲਾਹ ਦਿੱਤੀ ਗਈ।ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇ ਲੋੜ ਪੈਂਦੀ ਹੈ ਤਾਂ ਉਹ ਅਕੈਡਮੀ ਦੇ ਖਿਡਾਰੀਆਂ ਨੂੰ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਨਗੇ।ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।5ਜੈਬ ਫਾਊਂਡੇਸ਼ਨ ਦੇ ਫਾਊਂਡਰ ਜਗਦੀਪ ਸਿੰਘ ਅਤੇ ਡਾਇਰੈਕਟਰ ਸਵਰਨ ਸਿੰਘ ਘੁੰਮਣ ਅਤੇ ਜਗਰੂਪ ਸਿੰਘ ਜਰਖੜ ਵੱਲੋਂ ਅਕੈਡਮੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਅਕੈਡਮੀ ਦੇ ਪ੍ਰਬੰਧਕ ਹਰਵਿੰਦਰ ਸਿੰਘ ਸੰਧੂ,ਕੁਲਦੀਪ ਸਿੰਘ,ਸੁਖਵੀਰ ਸਿੰਘ, ਜਗਵਿੰਦਰ ਸਿੰਘ ਸੰਧੂ,ਹਰਜੀਤ ਸਿੰਘ,ਜਸਕਿਰਨਪ੍ਰੀਤ ਸਿੰਘ ਸਿੱਧੂ,ਬਾਕਸਿੰਗ ਕੋਚ ਲਵਪ੍ਰੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਡਾ. ਜੇ ਐਸ ਸਿੱਧੂ ਬੱਚਿਆ ਦੀ ਜਾਚ ਕਰਦੇ ਹੋਏ।

ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ ✍️ ਕਮਲਜੀਤ ਕੌਰ ਧਾਲੀਵਾਲ

ਤੱਕ ਤੇਰਾ ਮੱਥੇ ਵਾਲਾ ਟਿੱਕਾ ਨੀ,
ਦਿਲ ਹੋ ਗਏ ਜਖ਼ਮੀ ਬਾਲੇ ਨੀ।
ਤੇਰੀ ਇੱਕ ਝਾਤ ਪਾਉਣ ਲਈ,
ਅਸਾਂ ਰਾਹਾਂ ਚ ਡੇਰੇ ਲਾਲੇ ਨੀ।
ਤੇਰੇ ਗਲ ਵਾਲਾ ਹਾਰ ਕੁੜੇ,
ਚੰਦਰਾ ਗਿਆ ਸਾਨੂੰ ਮਾਰ ਨੀ,
ਤੈਨੂੰ ਦੇਖੇ ਜੇ ਕੋਈ ਹੋਰ ਕੁੜੇ
ਸਾਥੋਂ ਹੁੰਦਾ ਨਾ ਸਹਾਰ ਨੀ।
ਤੇਰੇ ਕੰਨੀ ਪਾਏ ਵਾਲਿਆਂ ਦੀ,
ਮੈਂ ਕਰਾਂ ਕਿਆ ਬਾਤ ਕੁੜੇ
ਕਿਆ ਬਾਤ ਹੋ ਜਾਏ ਜੇ ਮਿਲ
ਜੇ ਤੇਰਾ ਸੋਹਣਾ ਸਾਥ ਕੁੜੇ ।
ਤੱਕ ਤੇਰੀ ਵੀਣੀ ਚੂੜੀਆਂ ਨੀ,
ਦਿਲ ਕਰੇ ਧੱਕ ਧੱਕ ਮੇਰਾ। 
ਹੋਇਆ ਕਮਲਾਂ ਜਿਹਾ ਫਿਰਾਂ,
ਲਾਉਣ ਨੂੰ ਪ੍ਰੀਤਾਂ ਗੂੜੀਆਂ ਨੀ।
ਨੀ ਤੂੰ ਲੱਗੇ ਅੰਬਰਾਂ ਦੀ ਹੂਰ ਨੀ,
ਅਸੀਂ ਲਕੀਰ ਦੇ ਫਕੀਰ ਨੀ।
ਸਾਨੂੰ ਪਿਆਰ ਨਾਲ ਤੱਕ,
ਵੱਟ ਨਾ ਤੂੰ ਘੂਰ ਨੀ।
ਕਾਲੀਆਂ ਜੁਲਫਾਂ ਘਨਾਘੋਰ ਨੀ,
ਤੇਰੇ ਵਰਗਾ ਨਾ ਕੋਈ ਹੋਰ ਨੀ।
ਤੂੰ ਲੱਕ ਮਟਕਾ ਕੇ ਤੁਰਦੀ ਏ,
ਜਿਵੇਂ ਪੈਲਾਂ ਪਾਉਂਦਾ ਮੋਰ ਨੀ।
ਨੱਕ ਤੇਰਾ ਤਿੱਖਾ ਤਲਵਾਰ ਨੀ
ਸਾਨੂੰ ਹੋ ਗਿਆ ਪਿਆਰ ਨੀ
ਅਧਮੋਏ ਹੋ ਗਏ ਲੱਗਦੇ ਹਾਂ,
ਸਾਡੀ ਪੁੱਛ ਲੈ ਆ ਕੇ ਸਾਰ ਨੀ।
ਤੇਰੀਆਂ ਟੂਣੇ ਹਾਰੀਆਂ ਅੱਖਾਂ ਨੀ,
ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ।
ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ।
ਲੇਖਿਕਾ-ਕਮਲਜੀਤ ਕੌਰ ਧਾਲੀਵਾਲ
77105-97642

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਨੌਵਾਂ ਦਿਨ

ਕੇਂਦਰ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਨਫਰਤ ਨੇ ਬੇਵਿਸ਼ਵਾਸ਼ੀ ਅਤੇ ਪੱਖਪਾਤ ਨੂੰ ਵੀ ਜੱਗ ਜਾਹਰ ਕੀਤਾ : ਦੇਵ ਸਰਾਭਾ
ਮੁੱਲਾਪੁਰ ਦਾਖਾ 1 ਮਾਰਚ (ਸਤਵਿੰਦਰ ਸਿੰਘ ਗਿੱਲ  )-ਕੇਂਦਰ ਸਰਕਾਰ ਵਿਚਲੀ ਸਿਆਸੀ ਧਿਰ ਕੋਈ ਵੀ ਹੋਵੇ ਉਸਦਾ ਰਵੱਈਆ ਪੰਜਾਬ ਅਤੇ ਸਿੱਖਾਂ ਪ੍ਰਤੀ ਸਹੀ ਨਹੀਂ ਰਿਹਾ। ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਬਦਲੇ ਹਾਲਾਤਾਂ ‘ਚ ਵੀ ਕੇਂਦਰ ਦੀ ਨਫਰਤੀ ਸੋਚ ਨੇ ਆਪਣਾ ਵਤੀਰਾ ਨਹੀਂ ਬਦਲਿਆ, ਸਗੋਂ ਅਜਿਹਾ ਕੁਝ ਵੀ ਕੀਤਾ ਜਿਸ ਨਾਲ ਨਫਰਤ ਅਤੇ ਬੇਵਿਸ਼ਵਾਸੀ ਵਧੇ। 
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਮੋਰਚੇ 'ਚ ਬਲਜੀਤ ਸਿੰਘ ਬਾਰ੍ਹਮੀ ,ਮਨਪ੍ਰੀਤ ਸਿੰਘ ਬਾਰ੍ਹਮੀ,ਸਰਬਜੀਤ ਸਿੰਘ ਅੱਬੂਵਾਲ,ਬਹਾਦਰ ਸਿੰਘ ਟੂਸੇ ਆਦਿ ਸਹਿਯੋਗੀਆਂ ਨਾਲ ਅੱਜ ਭੁੱਖ ਹੜਤਾਲ ਦੇ ਨੌਵੇਂ ਦਿਨ ਬਲਦੇਵ ਸਿੰਘ ‘ਦੇਵ ਸਰਾਭਾ’ ਤੇ ਬਲਦੇਵ ਸਿੰਘ ਢੱਟ  ਨੇ ਮੀਡੀਏ ਸਨਮੁੱਖ ਗੱਲਬਾਤ ਕਰਦਿਆਂ ਦੱਸਿਆ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਕਾਲ ਕੋਠੜੀਆਂ ‘ਚ ਰਹਿੰਦੀ ਜਿੰਦਗੀ ਦੇ ਦਿਨ ਕੱਟਦੇ ‘ਬੰਦੀ ਸਿੰਘਾਂ’ ਨਾਲ ਵੀ ਲਗਾਤਾਰ ਵਿਤਕਰਾ ਹੀ ਮੰਨਿਆ ਜਾਣਾ ਚਾਹੀਦਾ ਹੈ। ਜਦਕਿ ਵੱਖ-ਵੱਖ ਸੰਗੀਨ ਧਰਾਵਾਂ ਅਧੀਨ ਸੁਨਾਰੀਆ ਜੇਲ੍ਹ ‘ਚ ਸਜਾ ਭੁਗਤਣ ਵਾਲੇ ਨੂੰ ਪਰੋਲ ਦਿੱਤੀ ਗਈ। ਸ੍ਰ: ਸਰਾਭਾ ਨੇ ਕਿਹਾ ਇਮਾਨਦਾਰੀ ਨਾਲ ਸੋਚਿਆ ਜਾਣਾ ਚਾਹੀਦਾ ਹੈ ਕਿ ਬੰਦੀ ਸਿੰਘ ਵੀ ਇਸ ਦੇਸ਼ ਦੇ ਨਾਗਰਿਕ ਨੇ, ਉਨ੍ਹਾਂ ਲਈ ਵੱਖਰਾ ਪੱਖ ਕਿਉਂ? ਉਨ੍ਹਾਂ ਜਜ਼ਬਾਤੀ ਹੁੰਦਿਆਂ ਸਪੱਸ਼ਟ ਕੀਤਾ ਕਿ ਜੇਲ੍ਹਾਂ ‘ਚ ਬੰਦ ਬੰਦੀ ਸਿੰਘਾਂ ‘ਚ ਮੇਰਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਹੀ, ਨਾ ਹੀ ਕਿਸੇ ਨਾਲ-ਲੈਣਾ-ਦੇਣਾ ਹੈ। ਪਰ, ਯਾਰ ਮਾਨਵਤਾ ਪ੍ਰਤੀ ਸਾਡਾ ਵੀ ਕੋਈ ਫਰਜ਼ ਤਾਂ ਹੈ, ਜੇ ਸਰਕਾਰਾਂ ਆਪਣੇ ਫਰਜ਼ਾਂ ਨਾਲੋਂ ਨਫਰਤੀ ਸੋਚ ਨੂੰ ਹੀ ਭਾਰੂ ਬਣਾਈ ਰੱਖਣਗੀਆਂ ਤਾਂ ਅਸੀਂ ਸ਼ਾਂਤਮਈ ਆਪਣਾ ਰੋਸ ਪ੍ਰਗਟਾਉਣ ਦਾ ਅਧਿਕਾਰ ਵੀ ਤਾਂ ਰੱਖਦੇ ਹੀ ਹਾਂ। ਇਹ ਦੱਸਣ ਲਈ ਕਿ ਕੇਂਦਰ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਨਫਰਤ ਨੇ ਬੇਵਿਸ਼ਵਾਸ਼ੀ ਅਤੇ ਪੱਖਪਾਤ ਨੂੰ ਵੀ ਜੱਗ ਜਾਹਰ ਕੀਤਾ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਚਾਰ ਮਾਰਚ ਦਿਨ ਸ਼ੁੱਕਰਵਾਰ ਵਾਲੇ ਦਿਨ ਪੰਥ ਦਰਦੀਆਂ ਦਾ ਇੱਕ ਵੱਡਾ ਕੱਠ ਕੀਤਾ ਜਾਵੇਗਾ ਤਾਂ ਜੋ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੋਈ ਅਗਲੀ ਰਣਨੀਤੀ ਘੜੀ ਜਾਵੇ।ਇਸ ਮੌਕੇ ਇੰਦਰਜੀਤ ਸਿੰਘ ਸਹਿਜਾਦ ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਮਨਪ੍ਰੀਤ ਸਿੰਘ ਜੋਨੂੰ ਸਰਾਭਾ,ਗਿਆਨੀ ਸੁਰਜੀਤ ਸਿੰਘ ਸਰਾਭਾ ,ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ ,ਰਿੰਕੂ ਰੰਗੂਵਾਲ ,ਰਵਿੰਦਰ ਸਿੰਘ ਦਿੱਲੀ,ਗੁਰਜੀਤ ਸਿੰਘ ਠੁੱਲੀਵਾਲ,ਜਸਕਰਨ ਸਿੰਘ ਢੈਪਈ,ਗਿਆਨੀ ਸੁਰਜੀਤ ਸਿੰਘ ਸਰਾਭਾ ਤੇਜਿੰਦਰ ਸਿੰਘ ਖੰਨਾ ਜੰਡ,ਜਤਿੰਦਰ ਸਿੰਘ ਖੰਨਾ ਜੰਡ ਮਨਪ੍ਰੀਤ ਸਿੰਘ ਅਕਾਲਗਡ਼੍ਹ ਗਿਆਨੀ ਸੁਰਜੀਤ ਸਿੰਘ ਸਰਾਭਾ,ਮਨਪ੍ਰੀਤ ਸਿੰਘ ਅਕਾਲਗਡ਼੍ਹ,ਮੇਜਰ ਸਿੰਘ ਸੁਖਾਣਾ ,ਦਰਸ਼ਨ ਸਿੰਘ ਦਰਸੀ ,ਪਰਮਜੀਤ ਸਿੰਘ ਪੰਮੀ ਆਦਿ ਹਾਜ਼ਰ ਸਨ।

ਪੱਤਰਕਾਰ ਜਸਮੇਲ ਸਿੰਘ ਗਾਲਿਬ ਨੂੰ ਵੱਖ-ਵੱਖ ਆਗੂਆ ਨੇ ਦਿੱਤੀਆ ਸਰਧਾਜਲੀਆ  

ਜਗਰਾਓ,ਹਠੂਰ,1,ਮਾਰਚ-(ਕੌਸ਼ਲ ਮੱਲ੍ਹਾ / ਗੁਰੂਦੇਵ ਗ਼ਾਲਿਬ )- ਕੁਝ ਦਿਨ ਪਹਿਲਾ ਜਨ ਸਕਤੀ ਨਿਊਜ ਪੰਜਾਬ ਦੇ ਪੱਤਰਕਾਰ ਜਸਮੇਲ ਸਿੰਘ ਗਾਲਿਬ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਪੱਤਰਕਾਰ ਜਸਮੇਲ ਸਿੰਘ ਗਾਲਿਬ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਪਿੰਡ ਗਾਲਿਬ ਰਣ ਸਿੰਘ ਵਾਲਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪਾਏ ਇਸ ਮੌਕੇ ਭਾਈ ਪ੍ਰਿਤਪਾਲ ਸਿੰਘ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਵਿਛੜੀ ਰੂਹ ਦੀ ਨਮਿਤ ਅਰਦਾਸ ਕੀਤੀ ਗਈ।ਇਸ ਮੌਕੇ ਸਰਧਾਜਲੀ ਸਮਾਗਮ ਵਿਚ ਪਹੁੰਚੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ,ਸੰਯੁਕਤ ਕਿਸਾਨ ਮੋਰਚੇ ਜਗਰਾਓ ਦੇ ਉਮੀਦਵਾਰ ਭਾਈ ਕੁਲਦੀਪ ਸਿੰਘ ਡੱਲਾ,ਕਾਗਰਸ ਦੇ ਸੀਨੀਅਰ ਆਗੂ ਬੀਬੀ ਗੁਰਕੀਰਤਨ ਕੌਰ,ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ,ਪੱਤਰਕਾਰ ਰਣਜੀਤ ਸਿੰਘ ਰਾਣਾ,ਪੱਤਰਕਾਰ ਮਨਜੀਤ ਸਿੰਘ ਲੀਲਾ ਮੇਘ ਸਿੰਘ ਆਦਿ ਨੇ ਕਿਹਾ ਕਿ ਪੱਤਰਕਾਰ ਜਸਮੇਲ ਸਿੰਘ ਗਾਲਿਬ ਦੀ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਹੈ ਉਥੇ ਉਨ੍ਹਾ ਦੀ ਮੌਤ ਨਾਲ ਪੱਤਰਕਾਰ ਭਾਈਚਾਰੇ ਅਤੇ ਇਲਾਕੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਕਿ ਪੱਤਰਕਾਰ ਜਸਮੇਲ ਸਿੰਘ ਗਾਲਿਬ ਨੇ ਹਮੇਸਾ ਦੱਬੇ ਕੁਚਲੇ ਲੋਕਾ ਦੇ ਹੱਕ ਵਿਚ ਆਪਣੀ ਅਵਾਜ ਬੁਲੰਦ ਕੀਤੀ ਹੈ ਇਸ ਕਰਕੇ ਉਨ੍ਹਾ ਨੂੰ ਹਮੇਸਾ ਅਦਬ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਜੱਥੇਬੰਦੀਆ ਵੱਲੋ ਪਰਿਵਾਰ ਲਈ ਸਹਾਇਤਾ ਰਾਸੀ ਭੇਜੀ ਗਈ ਅਤੇ ਉਨ੍ਹਾ ਦੇ ਪੁੱਤਰ ਨੂੰ ਪਰਿਵਾਰਕ ਜਿੰਮੇਵਾਰੀਆ ਦੀ ਦਸਤਾਰ ਭੇਂਟ ਕੀਤੀ ਗਈ।ਇਸ ਮੌਕੇ ਜਨ ਸਕਤੀ ਨਿਊਜ ਪੰਜਾਬ ਦੇ ਐਮ ਡੀ ਅਮਨਜੀਤ ਸਿੰਘ ਖਹਿਰਾ ਵੱਲੋ ਯੂ ਕੇ ਤੋ ਭੇਜਿਆ ਸੋਗ ਸੰਦੇਸ ਪੜ੍ਹ ਕੇ ਸੁਣਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਇੰਟਰਨੈਸਨਲ ਪੰਥਕ ਦਲ ਦੇ ਪੈਨਲ ਮੈਬਰ ਜਥੇਦਾਰ ਦਲੀਪ ਸਿੰਘ ਚਕਰ, ਇੰਟਰਨੈਸਨਲ ਪੰਥਕ ਦਲ ਆਲਇੰਡੀਆ ਦੇ ਕਨਵੀਨਰ ਹਰਚੰਦ ਸਿੰਘ ਚਕਰ,ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੁਖੀ ਸਤਪਾਲ ਸਿੰਘ ਦੇਹਡ਼ਕਾ, ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ,ਨਿਰਮਲ ਸਿੰਘ ਧਾਲੀਵਾਲ,ਇਕਬਾਲ ਸਿੰਘ ਰਸੂਲਪੁਰ,ਗੁਰਪ੍ਰੀਤ ਸਿੰਘ ਸਿੱਧਵਾ,ਰਮਨ ਸਿੰਘ,ਸਰਪੰਚ ਜਗਦੀਸ਼ ਚੰਦ ਸ਼ਰਮਾਂ,ਪੰਚ ਨਿਰਮਲ ਸਿੰਘ,ਜਗਸੀਰ ਸਿੰਘ,ਰਣਜੀਤ ਸਿੰਘ,ਹਰਮੰਦਰ ਸਿੰਘ,ਕੁਲਵਿੰਦਰ ਸਿੰਘ,ਪ੍ਰਧਾਨ ਸਰਤਾਜ ਸਿੰਘ,ਬਲਜਿੰਦਰ ਸਿੰਘ ਨੰਦ,ਜਸਵਿੰਦਰ ਸਿੰਘ,ਅਬਜਿੰਦਰ ਸਿੰਘ,ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ,ਰਛਪਾਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਹਾਜ਼ਰ ਸੀ ।  
 ਫੋਟੋ ਕੈਪਸਨ:-ਪੱਤਰਕਾਰ ਜਸਮੇਲ ਸਿੰਘ ਗਾਲਿਬ ਨੂੰ ਵੱਖ-ਵੱਖ ਆਗੂ ਸਰਧਾਜਲੀਆ ਭੇਂਟ ਕਰਦੇ ਹੋਏ

ਜਿੱਤ ਦੀ ਖੁਸੀ ਵਿਚ ਸਨਮਾਨ ਸਮਾਗਮ ਕਰਵਾਇਆ

ਹਠੂਰ, 28 ਫਰਵਰੀ (ਕੌਸ਼ਲ ਮੱਲ੍ਹਾ) ਭਾਰਤੀ  ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਕਿਸਾਨੀ ਸੰਘਰਸ ਦੀ ਜਿੱਤ ਦੀ ਖੁਸੀ ਨੂੰ ਮੁੱਖ ਰੱਖਦਿਆ ਪਿੰਡ ਬੱਸੂਵਾਲ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਸਮਾਗਮ ਵਿਚ ਵਿਸ਼ੇਸ ਤੌਰ ਤੇ ਪਹੁੰਚੇ ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਕਿਸਾਨਾ ਨੇ ਤੇਰਾ ਮਹੀਨੇ ਦਿੱਲੀ ਦੀਆ ਸਰਹੱਦਾ ਤੇ ਬੈਠ ਕੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਕਰਨ ਲਈ ਮਜਬੂਰ ਕਰ ਦਿੱਤਾ ਸੀ,ਜਿਸ ਕਰਕੇ ਇਹ ਜਿੱਤ ਦੇਸ ਦੇ ਸਮੂਹ ਕਿਸਾਨਾ ਅਤੇ ਮਜਦੂਰਾ ਦੀ ਜਿੱਤ ਹੈ।ਉਨ੍ਹਾ ਕਿਹਾ ਅੱਜ ਕਾਰਪੋਰੇਟਕ ਘਰਾਣੇ ਕਿਸਾਨੀ ਨੂੰ ਖਤਮ ਕਰਨ ਲਈ ਕੋਝੀਆ ਚਾਲਾ ਚੱਲ ਰਹੇ ਹਨ ਜਿਨ੍ਹਾ ਤੋ ਸਾਨੂੰ ਸੁਚੇਤ ਰਹਿਣਾ ਪਵੇਗਾ ਅਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਪਵੇਗਾ।ਉਨ੍ਹਾ ਕਿਹਾ ਕਿ ਕਿਸਾਨੀ ਸੰਘਰਸ ਦੌਰਾਨ ਸ਼ਹੀਦ ਹੋਏ 730 ਕਿਸਾਨਾ ਦੇ ਪਰਿਵਾਰਾ ਨੂੰ ਮੁਆਵਜਾ ਦਿਵਾਉਣਾ ਅਤੇ ਪਰਿਵਾਰ ਦੇ ਮੈਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਸਾਨੂੰ ਸਮੇਂ-ਸਮੇਂ ਤੇ ਇਕੱਠੇ ਹੋਣਾ ਪਵੇਗਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਨਦੀਪ ਸਿੰਘ ਭੰਮੀਪੁਰਾ ਕਲਾਂ ਨੇ ਨਿਭਾਈ ਅਤੇ ਕਿਸਾਨੀ ਸੰਘਰਸ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਸਮੂਹ ਸਹਿਯੋਗੀਆ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਾਕ ਪ੍ਰਧਾਨ ਮਾ:ਜਗਤਾਰ ਸਿੰਘ ਦੇਹੜਕਾ,ਧਰਮ ਸਿੰਘ ਸੂਜਾਪੁਰ,ਬਲਵਿੰਦਰ ਸਿੰਘ ਲੰਮੇ,ਤਰਸੇਮ ਸਿੰਘ ਖਾਲਸਾ,ਬਲਾਕ ਪ੍ਰੈਸ ਸਕੱਤਰ ਦੇਵਿੰਦਰ ਸਿੰਘ ਕਾਉਕੇ ਕਲਾਂ,ਗੁਰਪ੍ਰੀਤ ਸਿੰਘ ਸਿੱਧਵਾ ਕਲਾਂ,ਕੁਲਦੀਪ ਸਿੰਘ ਕਾਉਕੇ,ਬਲਵੰਤ ਸਿੰਘ,ਗੁਰਬਚਨ ਸਿੰਘ,ਗੁਰਦੇਵ ਸਿੰਘ,ਇਕਾਈ ਪ੍ਰਧਾਨ ਦਲਜੀਤ ਕੌਰ,ਕਿਰਨਦੀਪ ਕੌਰ,ਬਲਜੀਤ ਕੌਰ,ਹਰਪਾਲ ਕੌਰ,ਸਰਨਜੀਤ ਕੌਰ,ਬਲਵੀਰ ਸਿੰਘ,ਕੁਲਵਿੰਦਰ ਸਿੰਘ,ਤੇਜਿੰਦਰ ਸਿੰਘ,ਅਜੈਬ ਸਿੰਘ,ਵਜੀਰ ਸਿੰਘ,ਅਰਸਦੀਪ ਸਿੰਘ,ਬਲਦੇਵ ਸਿੰਘ,ਦਰਸਨ ਸਿੰਘ,ਗੁਰਤੇਜ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸਨ:-ਕਿਸਾਨੀ ਸੰਘਰਸ ਵਿਚ ਯੋਗਦਾਨ ਪਾਉਣ ਵਾਲਿਆ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਬੱਸੂਵਾਲ ਵਾਸੀ

ਐਸ ਐਚ ਓ ਨੇ ਚਕਰ ਦੀਆਂ ਖਿਡਾਰਨਾ ਦਾ ਕੀਤਾ ਸਨਮਾਨ

ਹਠੂਰ,28,ਫਰਵਰੀ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਫਗਵਾੜਾ ਵਿਖੇ ਹੋਈ ਸਬ-ਜੂਨੀਅਰ ਅਤੇ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿੱਚ 5ਜੈਬ ਬਾਕਸਿੰਗ ਅਕੈਡਮੀ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ।ਸਬ ਜੂਨੀਅਰ ਵਰਗ ਵਿੱਚ ਸੁਖਮਨਦੀਪ ਕੌਰ (42-44 ਕਿਲੋ ਵਰਗ) ਨੇ ਗੁਰਦਾਸਪੁਰ ਦੀ ਤਾਨੀਆ ਨੂੰ, ਸਿਮਰਨਜੀਤ ਕੌਰ (44-46 ਕਿਲੋ ਵਰਗ) ਨੇ ਫਗਵਾੜਾ ਦੀ ਅਨਮੋਲ ਅਤੇ ਸਵਰੀਤ ਕੌਰ (50-52 ਕਿਲੋ ਵਰਗ) ਨੇ ਲੁਧਿਆਣਾ ਦੀ ਬ੍ਰਹਮਲੀਨ ਨੂੰ ਹਰਾ ਕੇ ਸੋਨ ਤਗਮੇ ਜਿੱਤੇ ਅਤੇ ਚਕਰ ਦਾ ਮਾਣ ਵਧਾਇਆ।ਤਿੰਨ ਸੋਨ ਤਗਮਿਆਂ ਨਾਲ ਇਸ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਸੋਨ ਤਗਮੇ ਜਿੱਤਣ ਵਾਲੀ ਟੀਮ ਦਾ ਮਾਣ ਹਾਸਲ ਹੋਇਆ।ਜੂਨੀਅਰ ਵਰਗ ਵਿੱਚ ਹਰਪ੍ਰੀਤ ਕੌਰ (50-52) ਨੇ ਗੁਰਦਾਸਪੁਰ ਦੀ ਮਨਜੀਤ ਕੌਰ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।ਇਨ੍ਹਾਂ ਚੈਂਪੀਅਨਾਂ ਦਾ ਅੱਜ ਪਿੰਡ ਚਕਰ ਪੁੱਜਣ 'ਤੇ ਥਾਣਾ ਹਠੂਰ ਦੇ ਐਸ.ਐਚ.ਓ. ਸ਼ਿਵ ਕੰਵਲ ਸਿੰਘ ਦੁਆਰਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਥਾਣਾ ਹਠੂਰ ਦੇ ਐਸ.ਐਚ.ਓ. ਸ਼ਿਵ ਕੰਵਲ ਸਿੰਘ ਮੱੁਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਸਨ।ਖਿਡਾਰੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੇ ਚਕਰ ਦੇ ਖੇਡ ਸਭਿਆਚਾਰ ਦੀ ਸਲਾਘਾ ਕਰਦਿਆਂ ਕਿਹਾ ਕਿ ਜੇ ਹਰ ਪਿੰਡ ਅਜਿਹਾ ਉਪਰਾਲਾ ਕਰੇ ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ।ਇਸ ਮੌਕੇ ਜਸਵਿੰਦਰ ਸਿੰਘ ਸਿੱਧੂ ਵੱਲੋਂ ਇਨ੍ਹਾਂ ਖਿਡਾਰਣਾਂ ਨੂੰ ਨਕਦ ਇਨਾਮ ਦਿੱਤੇ ਗਏ ਅਤੇ 5ਜੈਬ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਜੇਤੂ ਬੱਚਿਆਂ ਨੂੰ ਵਿਸ਼ੇਸ਼ ਗਿਫ਼ਟ ਦਿੱਤੇ ਜਾਣਗੇ।ਇਸ ਮੌਕੇ ਬਾਕਸਿੰਗ ਕੋਚ ਮਿੱਤ ਸਿੰਘ ਅਤੇ ਲਵਪ੍ਰੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿੰਨ੍ਹਾਂ ਦੀ ਮਿਹਨਤ ਸਦਕਾ ਖਿਡਾਰੀਆਂ ਨੇ ਇਹ ਪ੍ਰਾਪਤੀਆਂ ਕੀਤੀਆਂ।ਇਸ ਮੌਕੇ ਅਕੈਡਮੀ ਦੇ ਪ੍ਰਬੰਧਕਾਂ ਨੇ 5ਜੈਬ ਫਾਊਂਡੇਸ਼ਨ ਦੇ ਫਾੳਂੂਡਰ ਜਗਦੀਪ ਸਿੰਘ ਘੁੰੰਮਣ, ਡਾਇਰੈਕਟਰ ਸਵਰਨ ਸਿੰਘ ਘੁੰਮਣ, ਜਗਰੂਪ ਸਿੰਘ ਜਰਖੜ ਅਤੇ ਡਰੀਮ ਸਪੋਰਟਸ ਫਾਊਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਇੱਕ ਵਧੀਆ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਯੋਗਦਾਨ ਪਾ ਰਹੇ ਹਨ।ਇਸ ਮੌਕੇ ਅੰਤਰਰਾਸ਼ਟਰੀ ਮੁੱਕੇਬਾਜ਼ ਗੁਰਲੀਨ ਸਿੰਘ ਅਮਰੀਕਾ ਨੇ ਟੀਮ ਨੂੰ ਕਿੱਟਾਂ ਪ੍ਰਦਾਨ ਕਰਨ ਤੇ  ਧੰਨਵਾਦ ਕੀਤਾ।ਇਸ ਮੌਕੇ ਸਰਪੰਚ ਸੁਖਦੇਵ ਸਿੰਘ,ਪੰਚ ਬੂਟਾ ਸਿੰਘ, ਪੰਚ ਮਨਪ੍ਰੀਤ ਸਿੰਘ, ਰਛਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਸਿੱਧੂ, ਨੰਬਰਦਾਰ ਚਮਕੌਰ ਸਿੰਘ ਅਮਰੀਕਾ, ਏ.ਐਸ.ਆਈ. ਸੁਰਜੀਤ ਸਿੰਘ, ਜਸਕਿਰਨਪ੍ਰੀਤ ਸਿੰਘ ਸਿੱਧੂ, ਅਮਿਤ ਕੁਮਾਰ ਅਤੇ ਪਿੰਡ ਦੇ ਹੋਰ ਕਈ ਪਤਵੰਤੇ ਹਾਜ਼ਰ ਸਨ।
ਫੋਟੋ ਕੈਪਸਨ:-ਐਸ.ਐਚ.ਓ. ਸ਼ਿਵ ਕੰਵਲ ਸਿੰਘ ਖਿਡਾਰਨਾ ਨੂੰ ਸਨਮਾਨਿਤ ਕਰਦੇ ਹੋਏ

ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਯੂਕ੍ਰੇਨ ਤੇ ਰੂਸੀ ਹਮਲੇ ਨੂੰ ਲੈ ਕੇ ਅੱਜ ਵੱਡਾ ਰੋਸ ਮੁਜ਼ਾਹਰਾ  

ਜਗਰਾਉਂ, 28 ਫ਼ਰਵਰੀ (ਗੁਰਕੀਰਤ ਜਗਰਾਉਂ )ਇਨਕਲਾਬੀ ਕੇਂਦਰ ਪੰਜਾਬ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਸਹਿਯੋਗ ਨਾਲ ਯੂਕਰੇਨ ਤੇ ਰੂਸੀ ਹਮਲੇ ਦੇ ਵਿਰੋਧ ਚ ਰੋਹ ਭਰਪੂਰ ਰੋਸ ਮਾਰਚ ਕੀਤਾ ਗਿਆ।  ਸਥਾਨਕ ਬੱਸ ਸਟੈਂਡ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਅਤੇ  ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਕੀਤਾ ਗਿਆ ਇਹ ਰੋਸ ਪ੍ਰਦਰਸ਼ਨ ਬੱਸ ਸਟੈਂਡ ਤੋਂ ਤਹਿਸੀਲ ਰੋਡ ਤੋਂ ਹੁੰਦਾ ਹੋਇਆ "ਮੁੱਖ ਚੋਂਕ ਚ ਪੰਹੁਚਿਆ। ਇਥੇ  ਚੋਂਕ ਚ ਸੜਕ ਦੇ ਕਿਨਾਰੇ ਖੜ ਕੇ ਅੱਧੇ ਘੰਟੇ ਲਈ ਪ੍ਰਦਰਸ਼ਨਕਾਰੀਆਂ ਨੇ ਜੰਗ ਵਿਰੋਧੀ ਨਾਰੇ ਗੁੰਜਾਏ।"ਨਾ ਫੁੱਲ ਮਚਾ ਦੇਣਾ, ਕਿਤੇ ਨਾ  ਬਾਰੂਦ ਸੁੱਟਿਓ, ਬੱਚਿਆਂ ਨੇ ਸਾਹ ਲੈਣਾ" "ਜੇ ਧਰਤੀ ਉਜਾੜੋਗੇ, ਨਾਨਕ ਰੋਵੇਗਾ= ਤੁਸੀਂ ਕਿੰਝ ਸਹਾਰੋਗੇ" "ਪਾਣੀ ਵਗਣ ਦਿਓ ਸੋਹਣਾ, ਜੇ ਨਦੀਆਂ ਲੁਹਾਣ ਹੋ ਗਈਆਂ =ਸਾਥੋਂ ਖੂਨ ਨਹੀਂ ਪੀ ਹੋਣਾ" ਨਿਹੱਕੀ ਜੰਗ ਬੰਦ ਕਰੋ""ਸਾਮਰਾਜੀ ਚੋਧਰ ਭੇੜ ਦਾ ਸ਼ਿਕਾਰ ਯੂਕਰੇਨ ਤੇ ਰੂਸੀ ਹਮਲੇ ਦਾ ਵਿਰੋਧ ਕਰੋ", ਨਾਟੋ ਗੁੱਟ ਮੁਰਦਾਬਾਦ",ਯੁਕਰੇਨ ਚ ਫਸੇ ਵਿਦੇਸ਼ੀਆਂ ਦੀ ਸੁਰੱਖਿਅਤ ਵਾਪਸੀ ਕਰਾਓ "ਦੀਆਂ  ਟੂਕਾਂ ਵਾਲੇ ਬੈਨਰ ਚੁੱਕ ਕੇ ਕੀਤੇ ਇਸ ਰੋਸ ਮਾਰਚ ਨੇ ਵੱਡੀ ਪੱਧਰ ਤੇ ਆਮ ਜਨਤਾ ਦਾ ਧਿਆਨ ਖਿੱਚਿਆ।" ਇਸ ਸਮੇਂ ਗੁਰਪ੍ਰੀਤ ਸਿੰਘ ਸਿਧਵਾਂ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ ਨੇ ਯੂਕਰੇਨ ਦੇ ਲੋਕਾਂ ਨਾਲ ਮਨੁੱਖੀ ਹਮਦਰਦੀ ਦਾ ਇਜਹਾਰ ਕਰਦਿਆਂ ਵਿਸ਼ਵ ਭਾਈਚਾਰੇ ਨੂੰ ਇਸ ਸਾਮਰਾਜੀ ਜੰਗ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸ ਸਮੇਂ ਸੰਸਾਰ ਭਰ  ਦੇ ਵਿਸ਼ੇਸ਼ਕਰ ਰੂਸੀ ਜਨਤਾ ਵਲੋਂ ਪੁਤਿਨ ਦੀ ਇਸ ਤਾਨਾਸ਼ਾਹੀ ਅਤੇ ਹਠਧਰਮੀ ਖਿਲਾਫ ਉਠੇ ਵਿਦਰੋਹ ਦੀ ਜੋਰਦਾਰ ਸਲਾਘਾਣ ਕਰਦਿਆਂ ਕਿਹਾ ਯੂਰੋਪ ਦੇ ਦੇਸ਼ਾਂ ਨੂੰ ਅਪਣੀ ਮੰਡੀ ਬਨਾਉਣ ਅਤੇ ਡਿਫੈਂਸ ਦਾ ਮਾਲ ਵੇਚਣ ਲਈ ਛੇੜੀ ਇਸ ਜੰਗ ਦੇ ਭਿਆਨਕ ਸਿੱਟੇ ਨਿਕਲਣਗੇ।ਜਰੂਰੀ ਵਸਤਾਂ ਦੀ ਕਿੱਲਤ ਅਤੇ ਲੱਕਤੋੜ ਮਹਿੰਗਾਈ ਨਾਲ ਲੋਕਾਂ ਦਾ ਕਚੂਮਰ ਨਿਕਲੇਗਾ। ਇਲਾਕੇ ਭਰ ਚੋਂ ਪੰਹੁਚੇ ਞਡੀ ਗਿਣਤੀ ਕਿਸਾਨਾਂ ਮਜਦੂਰਾਂ ਨੇ ਇਸ ਪ੍ਰਦਰਸ਼ਨ ਚ ਭਾਗ ਲਿਆ। ਇਸ ਸਮੇਂ ਧਰਮ ਸਿੰਘ  ਸੂਜਾਪੁਰ,  ਦੇਸਰਾਜ ਸਿੰਘ ਕਮਾਲ ਪੁਰਾ,ਬਲਦੇਵ ਸਿੰਘ ਮਾਣੂਕੇ,ਹਾਕਮ ਸਿੰਘ ਬਿੰਜਲ, ਦੇਵਿੰਦਰ ਸਿੰਘ ਗਾਲਬ,ਹਰਬੰਸ ਸਿੰਘ ਬਾਰਦੇਕੇ, ਠਾਣਾ ਸਿੰਘ ਸੂਜਾਪੁਰ ਜਸਵਿੰਦਰ ਸਿੰਘ ਭਮਾਲ, ਪਰਮਜੀਤ ਸਿੰਘ ਸੱਵਦੀ,  ਪ੍ਰਵਾਰ ਸਿੰਘ ਗਾਲਬ,  ਕਰਨੈਲ ਸਿੰਘ ਭੋਲਾ, ਮਦਨ ਸਿੰਘ ਆਦਿ ਹਾਜਰ ਸਨ।

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਕੇਂਦਰ ਸਰਕਾਰ ਦੁਆਰਾ ਬੀ ਬੀ ਐਮ ਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੀ ਸਖ਼ਤ ਨਿੰਦਾ, ਪਹਿਲੀ ਸਥਿਤੀ ਬਹਾਲ ਕਰਨ ਦੀ ਮੰਗ 

ਚੰਡੀਗੜ੍ਹ 28 ਫਰਵਰੀ (ਗੁਰਕੀਰਤ ਜਗਰਾਉਂ) ਸਾਮਰਾਜੀ ਨਿੱਜੀਕਰਨ ਦੀ ਨੀਤੀ ਤਹਿਤ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਵਾਲੀ ਮੋਦੀ ਸਰਕਾਰ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਸਬੰਧੀ ਸਾਂਝਾ ਬਿਆਨ ਇੱਥੋਂ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਬਿਜਲੀ ਪੈਦਾਵਾਰ ਦੇ ਇਸ ਪ੍ਰਦੂਸ਼ਣ ਰਹਿਤ ਪ੍ਰਾਜੈਕਟ ਵਿੱਚ ਪੰਜਾਬ ਨੂੰ 60% ਨੁਮਾਇੰਦਗੀ ਦੇਣ ਦੇ ਦੋ ਠੋਸ ਆਧਾਰ ਸਨ। ਇੱਕ ਤਾਂ ਇਹ ਪ੍ਰਾਜੈਕਟ ਪੰਜਾਬ ਵਿੱਚ ਸਥਿਤ ਹੋਣਾ ਅਤੇ ਦੂਜਾ ਭਾਰੀ ਮੀਂਹ ਮੌਕੇ ਵਾਧੂ ਪਾਣੀ ਛੱਡਣ ਨਾਲ ਆਉਣ ਵਾਲੇ ਭਾਰੀ ਹੜ੍ਹਾਂ ਦੀ ਤਬਾਹੀ ਦੀ ਮਾਰ ਇਕੱਲੇ ਪੰਜਾਬ ਨੂੰ ਹੀ ਝੱਲਣੀ ਪੈਣੀ। ਕੇਂਦਰ ਸਰਕਾਰ ਦੇ ਨਵੇਂ ਤਾਨਾਸ਼ਾਹੀ ਹੁਕਮਾਂ ਰਾਹੀਂ ਇਸ ਤੋਂ ਵੀ ਵੱਧ ਬੇਇਨਸਾਫ਼ੀ ਇਹ ਕੀਤੀ ਗਈ ਹੈ ਕਿ ਇਸ ਪ੍ਰਾਜੈਕਟ ਦੇ ਹਿੱਸੇਦਾਰ ਸੂਬਿਆਂ ਤੋਂ ਬਾਹਰਲੇ ਸੂਬਿਆਂ ਦੇ ਨੁਮਾਇੰਦੇ ਵੀ ਪ੍ਰਬੰਧਕ/ ਚੇਅਰਮੈਨ ਲਾਏ ਜਾ ਸਕਣਗੇ। ਮਤਲਬ ਸਾਫ ਹੈ ਕਿ ਇਸ ਪ੍ਰਾਜੈਕਟ ਨੂੰ ਨਿਕੰਮਾ ਦਿਖਾ ਕੇ ਇਸ ਦਾ ਨਿੱਜੀਕਰਨ ਕਰਨਾ ਹੈ। ਕਿਸੇ ਨਿੱਜੀ ਕੰਪਨੀ ਨੂੰ ਲੋਕਾਂ ਕੋਲੋਂ ਮਨਮਰਜ਼ੀ ਦੇ ਬਿਜਲੀ ਰੇਟ ਵਸੂਲਣ ਦੀ ਖੁੱਲ੍ਹ ਦੇਣੀ ਹੈ। ਜਥੇਬੰਦੀ ਦੀ ਜ਼ੋਰਦਾਰ ਮੰਗ ਹੈ ਕਿ ਬੀ ਬੀ ਐਮ ਬੀ ਦੀ ਬਣਤਰ ਦੀ ਪਹਿਲੀ ਸਥਿਤੀ ਬਹਾਲ ਕੀਤੀ ਜਾਵੇ ਅਤੇ ਇਸ ਦਾ ਕੰਟਰੋਲ ਪੰਜਾਬ ਅਤੇ ਹੋਰ ਹਿੱਸੇਦਾਰ ਸੂਬਿਆਂ ਦੇ ਹੱਥਾਂ ਵਿੱਚ ਹੀ ਰਹਿਣ ਦੀ ਗਰੰਟੀ ਕੀਤੀ ਜਾਵੇ। ਬਿਆਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪੰਜਾਬ ਰਾਜ ਪਾਵਰਕੌਮ ਵੱਲੋਂ ਚਿੱਪ ਵਾਲੇ ਸਮਾਰਟ ਮੀਟਰ ਲਾਉਣ ਅਤੇ ਖੇਤੀ ਮੋਟਰਾਂ ਉੱਤੇ ਨਿਜੀ ਟ੍ਰਾਂਸਫਾਰਮਰ ਲਾਉਣ ਦੇ ਫ਼ੈਸਲੇ ਵੀ ਬਿਜਲੀ ਦੇ ਨਿੱਜੀਕਰਨ ਵੱਲ ਵਧ ਰਹੇ ਵੱਡੇ ਕਦਮ ਹਨ। ਅਸਲ ਵਿੱਚ ਨਿੱਜੀਕਰਨ ਦੀ ਨੀਤੀ ਸੰਸਾਰ ਵਪਾਰ ਸੰਸਥਾ ਦੀਆਂ ਅਖੌਤੀ ਨਵੀਂਆਂ ਆਰਥਿਕ ਨੀਤੀਆਂ ਵਿੱਚ ਸਭ ਤੋਂ ਪ੍ਰਮੁੱਖ ਸਾਮਰਾਜ ਪੱਖੀ ਨੀਤੀਆਂ ਵਿੱਚੋਂ ਇੱਕ ਹੈ। ਕਿਸਾਨ ਆਗੂਆਂ ਵੱਲੋਂ ਇਨ੍ਹਾਂ ਸਾਮਰਾਜ ਪੱਖੀ ਨੀਤੀਆਂ ਤੋਂ ਪੀੜਤ ਸਮੂਹ ਕਿਰਤੀ ਲੋਕਾਂ ਨੂੰ ਆਪਸੀ ਮਤਭੇਦਾਂ ਨੂੰ ਸਰ ਕਰਦਿਆਂ ਇੱਕਜੁਟ ਸਾਂਝੀ ਸੰਘਰਸ਼ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਮਕਸਦ ਦੀ ਪੂਰਤੀ ਲਈ ਜਥੇਬੰਦੀ ਵੱਲੋਂ ਜ਼ੋਰਦਾਰ ਯਤਨ ਜੁਟਾਏ ਜਾਣਗੇ।ਜਾਰੀ ਕਰਤਾ ਸੁਖਦੇਵ ਸਿੰਘ ਕੋਕਰੀ ਕਲਾਂ ਜਨਰਲ ਸਕੱਤਰ,

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸਟਰਾਂਗ ਰੂਮਾਂ ਦਾ ਦੌਰਾ, ਸੁਰੱਖਿਆ ਪ੍ਰਬੰਧਾ 'ਤੇ ਤਸੱਲੀ ਪ੍ਰਗਟਾਈ

ਲੁਧਿਆਣਾ, 28 ਫਰਵਰੀ (ਰਣਜੀਤ ਸਿੱਧਵਾਂ) :- ਲੁਧਿਆਣਾ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਵਿੱਚ ਵਰਤੀਆਂ ਗਈਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਸਖ਼ਤ ਸੁਰੱਖਿਆ ਕਵਰ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੇਂਦਰੀ ਪੈਰਾ ਮਿਲਟਰੀ ਫੋਰਸ (ਸੀ.ਏ.ਪੀ.ਐਫ.), ਪੰਜਾਬ ਆਰਮਡ ਪੁਲਿਸ ਅਤੇ ਪੰਜਾਬ ਪੁਲਿਸ ਦੇ ਹਜ਼ਾਰਾਂ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ.ਕਰੁਣਾ ਰਾਜੂ ਨੇ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਖੰਨਾ ਸ੍ਰੀ ਜੇ. ਐਲਨਚੇਜ਼ੀਅਨ, ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਡਾ. ਪਾਟਿਲ ਕੇਤਨ ਬਾਲੀਰਾਮ ਨਾਲ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਦੇ ਸਟਰਾਂਗ ਰੂਮਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਟਰਾਂਗ ਰੂਮਾਂ ਦੇ ਅੰਦਰਲੇ ਘੇਰੇ ਦੀ ਸੁਰੱਖਿਆ ਕੇਂਦਰੀ ਪੈਰਾ ਮਿਲਟਰੀ ਫੋਰਸ, ਦੂਜੇ ਘੇਰੇ ਦੀ ਪੰਜਾਬ ਆਰਮਡ ਪੁਲਿਸ ਵੱਲੋਂ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਸਟਰਾਂਗ ਰੂਮਾਂ ਨੂੰ ਬਾਹਰੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਸੁਰੱਖਿਆ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦੀ ਗਿਣਤੀ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟਰਾਂਗ ਰੂਮਾਂ ਦੀ ਚੌਵੀ ਘੰਟੇ ਈ-ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਲੜ ਰਹੇ ਸਾਰੇ ਉਮੀਦਵਾਰ ਸਟਰਾਂਗ ਰੂਮਾਂ ਦੀ ਸੁਰੱਖਿਆ ਦੇ ਪ੍ਰਬੰਧਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਆਪਣੇ ਨੁਮਾਇੰਦੇ ਤਾਇਨਾਤ ਕਰ ਸਕਦੇ ਹਨ। ਸ੍ਰੀ ਰਾਜੂ ਨੇ ਦੱਸਿਆ ਕਿ ਹਰੇਕ ਰਿਟਰਨਿੰਗ ਅਫ਼ਸਰ ਦਿਨ ਵਿੱਚ ਦੋ ਵਾਰ (ਸਵੇਰੇ ਅਤੇ ਸ਼ਾਮ) ਸਟਰਾਂਗ ਰੂਮਾਂ (ਸਿਰਫ ਅੰਦਰਲੇ ਘੇਰੇ ਤੱਕ) ਦਾ ਦੌਰਾ ਕਰ ਰਿਹਾ ਹੈ ਅਤੇ ਲੌਗ ਬੁੱਕ ਅਤੇ ਵੀਡੀਓਗ੍ਰਾਫੀ ਦੀ ਜਾਂਚ ਕਰਕੇ ਰਿਪੋਰਟ ਭੇਜ ਰਿਹਾ ਹੈ।ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਵੱਖ-ਵੱਖ ਹਲਕਿਆਂ ਲਈ ਸਥਾਪਤ ਸਟਰਾਂਗ ਰੂਮ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਦਾਖਾ ਹਲਕੇ ਲਈ ਸਟਰਾਂਗ ਰੂਮ ਡਾ. ਸੁਖਦੇਵ ਸਿੰਘ ਭਵਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ, ਲੁਧਿਆਣਾ ਉੱਤਰੀ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ., ਲੁਧਿਆਣਾ ਪੱਛਮੀ ਲਈ ਜਿਮਨੇਜ਼ੀਅਮ ਹਾਲ ਪੀ.ਏ.ਯੂ., ਸਮਰਾਲਾ ਤੇ ਲੁਧਿਆਣਾ ਪੂਰਬੀ ਲਈ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿਖੇ, ਸਾਹਨੇਵਾਲ ਲਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਾਲਜ ਰੋਡ, ਲੁਧਿਆਣਾ, ਰਾਏਕੋਟ ਲਈ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਖੇ, ਲੁਧਿਆਣਾ ਸੈਂਟਰਲ ਲਈ ਆਰੀਆ ਕਾਲਜ, ਆਡੀਟੋਰੀਅਮ ਹਾਲ ਵਿਖੇ, ਲੁਧਿਆਣਾ ਦੱਖਣੀ ਲਈ ਕੇ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ, ਹਲਕਾ ਗਿੱਲ ਲਈ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ) ਰਿਸ਼ੀ ਨਗਰ, ਪਾਇਲ ਲਈ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ, ਖੰਨਾ ਲਈ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ, ਲੁਧਿਆਣਾ ਵਿਖੇ। (ਅਪਲਾਈਡ ਸਾਇੰਸ ਬਿਲਡਿੰਗ) ਅਤੇ ਆਤਮ ਨਗਰ ਹਲਕੇ ਲਈ ਜੀ.ਐਨ.ਈ. ਪੋਲੀਟੈਕਨਿਕ ਕਾਲਜ, ਗਿੱਲ ਰੋਡ ਲੁਧਿਆਣਾ ਦੀ ਨਵੀਂ ਬਿਲਡਿੰਗ ਵਿਖੇ ਸਟਰਾਂਗ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਸਟਰਾਂਗ ਰੂਮਾਂ ਦੇ ਬਾਹਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ।

ਈਸੇਵਾਲ ਗੈਂਗਰੇਪ ਕੇਸ ਦੇ ਮੁਲਜ਼ਮ ਅਦਾਲਤ ਵੱਲੋਂ ਦੋਸ਼ੀ ਕਰਾਰ - ਐੱਸਐੱਸਪੀ  ਡਾ. ਪਾਟਿਲ ਕੇਤਨ ਬਾਲੀਰਾਮ

ਲੁਧਿਆਣਾ, 28 ਫਰਵਰੀ (ਰਣਜੀਤ ਸਿੱਧਵਾਂ)  ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ.ਐਸ. ਐੱਸਐੱਸਪੀ  ਲੁਧਿਆਣਾ ਦਿਹਾਤੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 09.02.2019 ਨੂੰ ਇੱਕ ਪੀੜਤ ਔਰਤ ਨੇ ਲੁਧਿਆਣਾ ਦਿਹਾਤੀ ਪੁਲਿਸ ਨੂੰ ਰਿਪੋਰਟ ਦਿੱਤੀ ਸੀ ਕਿ ਉਹ ਆਪਣੀ ਕਾਰ ਵਿੱਚ ਆਪਣੀ ਸਹੇਲੀ ਨਾਲ ਲੁਧਿਆਣਾ ਤੋਂ ਪਿੰਡ ਈਸੇਵਾਲ ਵੱਲ ਜਾ ਰਹੀ ਸੀ, ਜਦੋਂ ਚੰਗਨਾ ਨੇੜੇ ਨਹਿਰ ਦੇ ਪੁਲ ਕੋਲ ਇਕ ਮੋਟਰ ਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਕਾਰ ਨੂੰ ਜ਼ਬਰਦਸਤੀ ਰੋਕ ਕੇ ਇੱਟ ਨਾਲ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਪੀੜਤ ਨੂੰ ਇਕ ਖਾਲੀ ਪਲਾਟ 'ਚ ਲੈ ਗਏ ਅਤੇ ਕੁਝ ਹੋਰ ਨੌਜਵਾਨਾਂ ਨੂੰ ਉਥੇ ਬੁਲਾ ਲਿਆ। ਉਨ੍ਹਾਂ ਨੇ ਪੀੜਤਾ ਨਾਲ ਸਮੂਹਿਕ ਬਲਾਤਕਾਰ ਕੀਤਾ। ਸਮੂਹਿਕ ਜਬਰ ਜਨਾਹ ਤੋਂ ਬਾਅਦ ਉਨ੍ਹਾਂ ਨੇ ਰੁਪਏ ਦੀ ਮੰਗ ਕੀਤੀ। ਉਸ ਦੇ ਦੋਸਤ ਤੋਂ ਮੋਬਾਈਲ ਫੋਨ ਰਾਹੀਂ 1 ਲੱਖ ਦੀ ਫਿਰੌਤੀ। ਇਸ ਸਬੰਧੀ ਥਾਣਾ ਦਾਖਾ ਵਿਖੇ ਐਫ.ਆਈ.ਆਰ ਨੰ.17 ਮਿਤੀ 10.02.2019 ਅਧੀਨ 376-ਡੀ, 342, 384 ਆਈ.ਪੀ.ਸੀ. ਦਰਜ ਕੀਤੀ ਗਈ ਸੀ। ਤਫ਼ਤੀਸ਼ ਤਤਕਾਲੀ ਡੀਐਸਪੀ ਦਾਖਾ ਹਰਕਮਲ ਕੌਰ ਪੀ.ਪੀ.ਐਸ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਸੀ। ਪੂਰੀ ਜਾਂਚ ਦੀ ਨਿਗਰਾਨੀ ਵੀ. ਨੀਰਜਾ ਆਈਪੀਐਸ ਏਡੀਜੀਪੀ, ਐਨਆਰਆਈ ਵਿੰਗ, ਪੰਜਾਬ ਦੁਆਰਾ ਕੀਤੀ ਗਈ ਸੀ। ਤਫਤੀਸ਼ ਦੌਰਾਨ ਧਾਰਾ 364ਏ, 354ਬੀ, 379ਬੀ, 397 ਆਈਪੀਸੀ ਅਤੇ 66ਈ ਆਈਟੀ ਐਕਟ ਜੋੜਿਆ ਗਿਆ ਅਤੇ ਡੀਆਈਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖਟੜਾ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ 3 ਦਿਨਾਂ ਵਿੱਚ ਸਾਰੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੇ ਨਾਮ ਜਗਰੂਪ ਸਿੰਘ ਉਰਫ ਰੂਪੀ ਪੁੱਤਰ ਮਲਕੀਤ ਸਿੰਘ ਸਨ। ਆਰ/ਓ ਜਸਪਾਲ ਬੰਗੜ ਜ਼ਿਲ੍ਹਾ ਲੁਧਿਆਣਾ, ਸਾਦਿਕ ਅਲੀ ਉਰਫ ਸਾਦਿਕ ਪੁੱਤਰ ਅਬਦੁਲ ਖ਼ਾਨ ਵਾਸੀ ਰਿੰਪਾ ਥਾਣਾ ਮੁਕੰਦਪੁਰ ਜ਼ਿਲ੍ਹਾ ਐੱਸ.ਬੀ.ਐੱਸ.ਨਗਰ, ਸੈਫ ਅਲੀ ਪੁੱਤਰ ਈਸਾ ਅਲੀ ਵਾਸੀ ਭੱਦਰ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼ ਹੁਣ ਪਿੰਡ ਪੱਦੀ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ। , ਅਜੈ ਉਰਫ਼ ਬ੍ਰਿਜਨੰਦਨ ਪੁੱਤਰ ਰਮਾਕਾਂਤ ਵਾਸੀ ਡੁਬੇਪਰਨਵਤਰਾ ਪੀ.ਐੱਸ. ਪਾਰਸਪੁਰ ਜ਼ਿਲ੍ਹਾ ਗੋਂਡਾ ਉੱਤਰ ਪ੍ਰਦੇਸ਼ ਹੁਣ ਪਿੰਡ ਜੱਸੜ ਪੱਦੀ ਪੀ.ਐੱਸ. ਡੇਹਲੋਂ ਜ਼ਿਲਾ ਲੁਧਿਆਣਾ, ਲਿਆਕਤ ਅਲੀ ਪੁੱਤਰ ਸ਼ੰਬੂਦੀਨ ਵਾਸੀ ਨਿਊ ਗੁੱਜਰ ਬਸਤੀ ਚਾਂਗਰਾਂ ਥਾਣਾ ਕਠੂਆ ਜ਼ਿਲ੍ਹਾ ਕਠੂਆ, ਜੰਮੂ-ਕਸ਼ਮੀਰ ਪੁੱਤਰ ਰੋਸ਼ਨਦੀਨ ਵਾਸੀ ਖਾਨਪੁਰ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਫੋਰੈਂਸਿਕ ਤੌਰ 'ਤੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ, 40 ਦਿਨਾਂ ਵਿੱਚ  ਪੂਰੀ ਜਾਂਚ ਪੂਰੀ ਕੀਤੀ ਗਈ ਅਤੇ ਚਲਾਨ ਮਾਨਯੋਗ ਅਦਾਲਤ ਵਿੱਚ  ਪੇਸ਼ ਕੀਤਾ ਗਿਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਨੇ ਪਹਿਲਾਂ ਵੀ ਕਈ ਪੀੜਤਾਂ ਨਾਲ ਰੇਪ ਕੀਤਾ ਸੀ ਪਰ ਇਸ ਸ਼ਿਕਾਇਤ ਕਰਤਾ ਤੱਕ ਕੋਈ ਵੀ ਪੁਲਸ ਦੇ ਸਾਹਮਣੇ ਨਹੀਂ ਆਇਆ।
ਉਕਤ ਕੇਸ ਦੀ ਸੁਣਵਾਈ ਤੋਂ ਬਾਅਦ, ਸ਼੍ਰੀਮਤੀ ਰਸ਼ਮੀ ਸ਼ਰਮਾ ਵਧੀਕ ਸੈਸ਼ਨ ਜੱਜ, ਲੁਧਿਆਣਾ ਦੀ ਮਾਣਯੋਗ ਅਦਾਲਤ ਨੇ ਮਿਤੀ 28-02-2022 ਨੂੰ ਸਾਰੇ ਛੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਦੀ ਮਾਤਰਾ ਮਾਨਯੋਗ ਅਦਾਲਤ ਦੁਆਰਾ 04/03/2022 ਨੂੰ ਸੁਣਾਈ ਜਾਵੇਗੀ।

ਯੂਕਰੇਨ ਉੱਪਰ ਰੂਸੀ ਹਮਲੇ ਦੇ ਵਿਰੋਧ ਵਿੱਚ ਕੀਤਾ ਰੋਸ  ਮੁਜ਼ਾਹਰਾ

ਸੰਸਾਰ ਅਮਨ ਵਾਸਤੇ ਨਾਟੋ ਸਮੇਤ ਬਾਕੀ ਫੌਜੀ ਗਠਜੋੜ ਭੰਗ ਕੀਤੇ ਜਾਣ ਦੀ ਮੰਗ

ਮੋਗਾ  (ਰਣਜੀਤ ਸਿੱਧਵਾਂ)  :  ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅੱਜ ਯੂਕਰੇਨ ਉੱਪਰ ਰੂਸ ਦੇ ਫੌਜੀ ਹਮਲੇ ਵਿਰੁੱਧ ਲੋਕ ਰਾਇ ਲਾਮਬੰਦ ਕਰਦਿਆਂ ਸੂਬੇ ਦੇ ਲੋਕਾਂ ਨੂੰ ਜੋਰਦਾਰ ਢੰਗ ਨਾਲ ਅਮਨ-ਅਮਾਨ ਲਈ ਯੂਕਰੇਨ ਉੱਪਰ ਫੌਜੀ ਹਮਲਾ ਤੁਰੰਤ ਰੋਕੇ ਜਾਣ ਅਤੇ ਨਾਟੋ ਦੇ ਫੌਜੀ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜ ਭੰਗ ਕੀਤੇ ਜਾਣ ਦੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਿਆਂ ਮੋਗਾ ਸ਼ਹਿਰ ਵਿੱਚ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ  ਨੌਜਵਾਨ ਭਾਰਤ ਸਭਾ ਦੇ ਇਲਾਕਾ ਪ੍ਰਧਾਨ ਰਜਿੰਦਰ ਸਿੰਘ ਰਾਜੇਆਣਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਪ੍ਰੀਤ ਸਿੰਘ ਰਾਜੇਆਣਾ ਨੇ ਯੂਕਰੇਨ ਦੇ ਪੀੜਤ ਲੋਕਾਂ ਨਾਲ ਇੱਕਮੁੱਠਤਾ ਪ੍ਰਗਟ ਕਰਦੇ ਹੋਏ ਇਸ ਜੰਗ ਨੂੰ ਸਾਮਰਾਜੀ ਹਿੱਤਾਂ ਤੋਂ ਪ੍ਰੇਰਿਤ ਜੰਗ ਦੱਸਿਆ ਹੈ। ਔਰਤ ਵਿੰਗ ਦੇ ਆਗੂ ਜਗਵਿੰਦਰ ਕੌਰ ਰਾਜੇਆਣਾ,  ਯੂਥ ਵਿੰਗ ਦੇ ਆਗੂ ਬਲਕਰਨ ਸਿੰਘ ਵੈਰੋਕੇ ਨੇ ਦੱਸਿਆ ਕਿ ਸਾਮਰਾਜੀ ਸ਼ਕਤੀਆਂ ਵੱਲੋਂ ਦੁਨੀਆਂ ਦੇ ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਕਰਨ ਅਤੇ ਕਰੋੜਾਂ-ਅਰਬਾਂ ਮਿਹਨਤਕਸ਼ ਲੋਕਾਂ ਵਿਰੁੱਧ ਜਾਰੀ ਆਪਣੀਆਂ ਸਾਜਿਸ਼ਾਂ ਦਾ ਨਵਾਂ ਖਾਜਾ ਯੂਕਰੇਨ ਬਣਾਇਆ ਹੈ। ਸਾਮਰਾਜੀ ਤਾਕਤਾਂ ਵੱਲੋਂ ਸੰਸਾਰ ਤਾਕਤ ਦੇ ਸਮਤੋਲ ਨੂੰ ਮੁੜ ਤੋਂ ਪ੍ਰੀਭਾਸ਼ਤ ਕਰਨ ਲਈ ਛੇੜੀ ਇਸ ਨਿਹੱਕੀ ਜੰਗ ਕਾਰਨ ਯੂਕਰੇਨ ਸਮੇਤ ਦੁਨੀਆਂ ਦੇ ਕਰੋੜਾਂ ਲੋਕ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋਣਗੇ।  ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜਸਮੇਲ ਸਿੰਘ ਰਾਜੇਆਣਾ, ਜਸਵੰਤ ਸਿੰਘ ਮੰਗੇਵਾਲਾ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਮਹਿਣਾ, ਸਾਹਿਤਕਾਰ ਮੈਡਮ ਬੇਅੰਤ ਕੌਰ ਨੇ ਦੱਸਿਆ ਕਿ ਜਿੱਥੇ ਰੂਸ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਉਥੇ ਅਮਰੀਕਾ ਦੇ ਨਾਟੋ ਸੰਗਠਨ ਸਮੇਤ ਜਰਮਨੀ-ਫਰਾਂਸ ਵਰਗੀਆਂ ਸਾਮਰਾਜੀ ਤਾਕਤਾਂ ਨੂੰ ਵੀ ਇਸ ਹਮਲੇ ਲਈ ਬਰਾਬਰ ਦੇ ਦੋਸ਼ੀ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਨਾਟੋ ਦੇ ਵਿਸਥਾਰ ਦੀ ਧੁੱਸ, ਜਰਮਨੀ-ਫਰਾਂਸ ਦੀ ਅਗਵਾਈ ਵਾਲੀ ਯੂਰਪੀ-ਯੂਨੀਅਨ ਵੱਲੋਂ ਯੂਕਰੇਨ ’ਤੇ ਆਪਣਾ ਕੰਟਰੋਲ ਵਧਾਉਣ ਦੇ ਯਤਨ ਅਤੇ ਰੂਸ ਵੱਲੋਂ ਯੂਕਰੇਨ ਸਮੇਤ ਪੂਰਬੀ ਯੂਰਪ ਉੱਪਰ ਆਰਥਿਕ-ਸਿਆਸੀ ਸਰਦਾਰੀ ਸਥਾਪਤ ਕਰਨ ਦੇ ਸਾਮਰਾਜੀ ਹਿੱਤਾਂ ਨੂੰ ‘ਜਮਹੂਰੀਅਤ’ ਦੇ ਪਰਦੇ ਹੇਠ ਢੱਕਣ ਦਾ ਪਾਖੰਡ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਯੂਕਰੇਨ ਦੇ ਹੁਕਮਰਾਨਾਂ ਵੱਲੋਂ ਆਪਣੇ ਦੇਸ਼ ਨੂੰ ਸਾਮਰਾਜੀ ਤਾਕਤਾਂ ਦੀ ਖਹਿ ਦਾ ਨਿਸ਼ਾਨਾ ਬਣਾਏ ਜਾਣ ਵਿੱਚ ਨਿਭਾਈ ਭੂਮਿਕਾ ਦੀ ਨਿਖੇਧੀ ਕਰਨ ਦੇ ਨਾਲ-ਨਾਲ ਦੇਸ਼ ਦੀ ਕੇਂਦਰ ਸਰਕਾਰ ਦੀ ਇਸ ਮਸਲੇ ’ਤੇ ਸਾਮਰਾਜੀ ਤਾਕਤਾਂ ਦੀ ਸੇਵਾ ਵਿੱਚ ਭੁਗਤ ਰਹੀ ਕਮਜ਼ੋਰ ਅਤੇ ਅਸਪੱਸ਼ਟ ਵਿਦੇਸ਼ ਨੀਤੀ ਦੀ ਜੋਰਦਾਰ ਨਿਖੇਧੀ ਕੀਤੀ ਹੈ। ਯੂਕਰੇਨ ਉੱਪਰ ਰੂਸੀ ਫੌਜੀ ਹਮਲੇ ਨੂੰ ਤੁਰੰਤ ਰੋਕੇ ਜਾਣ, ਨਾਟੋ ਦੇ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜਾਂ ਨੂੰ ਤੁਰੰਤ ਭੰਗ ਕੀਤੇ ਜਾਣ ਦੀ ਮੰਗ ਦੇ ਹੱਕ ਵਿੱਚ ਲੋਕਾਂ ਨੂੰ ਜੋਰਦਾਰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਹਰ ਸਿੰਘ ਮੰਗੇਵਾਲਾ, ਕੁਲਦੀਪ ਸਿੰਘ ਖੁਖਰਾਣਾ, ਗੁਰਸੇਵਕ ਸਿੰਘੋ ਫੌਜੀ, ਮਲਕੀਤ ਸਿੰਘ ਲੰਡੇ, ਰਜਿੰਦਰ ਸਿੰਘ ਰਿਆੜ, ਮਾਸਟਰ ਸਰਬਜੀਤ ਸਿੰਘ ਦੌਧਰ, ਸਤਨਾਮ ਸਿੰਘ ਡਾਲਾ ਆਦਿ ਹਾਜ਼ਰ ਸਨ।

ਜਿਹੜੇ ਦੇਸ਼ ਦਾ ਕਾਨੂੰਨ ਸਜ਼ਾਵਾਂ ਪੂਰੀਆਂ ਹੋਣ ਤੇ ਨਹੀਂ ਛੱਡਦਾ, ਕਿਵੇਂ ਕਹੀਏ ਅਸੀਂ ਆਜ਼ਾਦ ਹਾਂ : ਸਰਪੰਚ ਜਗਤਾਰ/ ਦੇਵ ਸਰਾਭਾ 

ਮੁੱਲਾਂਪੁਰ ਦਾਖਾ 28ਫਰਵਰੀ ( ਸਤਵਿੰਦਰ ਸਿੰਘ ਗਿੱਲ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਸਰਾਭਾ ਉਹਨਾਂ ਦੇ ਬੁੱਤ ਦੇ ਸਾਹਮਣੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਭੁੱਖ ਹਡ਼ਤਾਲ ਦਾ ਅੱਠਵਾਂ ਦਿਨ ਬੈਠਣ ਵਾਲੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਬਲਦੇਵ ਸਿੰਘ ਦੇਵ ਸਰਾਭਾ,ਤਜਿੰਦਰ ਸਿੰਘ ਖੰਨਾ   ਜੰਡ,ਜਗਦੇਵ ਸਿੰਘ ਦੁੱਗਰੀ, ਕੁਲਦੀਪ ਸਿੰਘ ਦੁਗਰੀ ਸਮੇਤ ਭੁੱਖ ਹਡ਼ਤਾਲ ਤੇ ਬੈਠੇ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ , ਬਲਦੇਵ ਸਿੰਘ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਰੂਸ ਅਤੇ ਯੂਕਰੇਨ ਦੀ ਲੱਗੀ ਜੰਗ ਤੇ ਅਰਦਾਸ ਕਰਦੇ ਹਾਂ ਕਿ ਦੋਹੇਂ ਦੇਸ਼ਾਂ ਦੀ ਜੰਗ ਜਲਦ ਬੰਦ ਹੋਵੇ । ਰੂਸ ਦੀ ਫੌਜ ਵੱਲੋਂ ਨਿਰਦੋਸ਼ ਲੋਕਾਂ ਨੂੰ ਮਾਰ ਦੇਣ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ।ਉੱਥੇ ਹੀ ਅਸੀਂ ਖ਼ਾਲਸਾ ਏਡ ਦੇ ਮੁੱਖ ਸੇਵਾਦਾਰ ਰਵੀ ਸਿੰਘ ਖਾਲਸਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਯੂਕਰੇਨ ਦੇ ਲੋਕਾਂ ਲਈ ਗੁਰੂ ਨਾਨਕ ਦੇਵ ਜੀ ਦੇ ਵੀਹ ਰੁਪਏ ਨਾਲ ਚਲਾਏ ਲੰਗਰ ਅਟੁੱਟ ਵਰਤਾਏ ਜਾ ਰਹੇ ਹਨ । ਬਾਕੀ ਜਿਹੜੇ ਆਰ ਐੱਸ ਐੱਸ ਦੇ ਘੜੱਮ ਚੌਧਰੀ ਸਿੱਖ ਕੌਮ ਨੂੰ 2% ਕੌਮ ਕਹਿ ਕੇ ਇਹ ਆਖਦੇ ਸੀ ਕਿ ਇਨ੍ਹਾਂ ਨੂੰ ਮਸਲ ਦਿਓ ,ਉਹ ਬਾਂਦਰ ਸੈਨਾ ਦੇ ਮੁਖੀ ਅੱਜ ਦਿਖਾਈ ਨਹੀਂ ਦੇ ਰਹੇ ਪਤਾ ਨਹੀਂ ਕਿੱਥੇ ਭੌਰੇ ਲੁਕ ਗਏ। ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਸਾਡੀ ਸਿੱਖ ਕੌਮ ਨੂੰ ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਨਹੀਂ ਛੱਡ ਦੇ , ਭਾਵੇਂ ਸਾਡੀ ਕੌਮ ਦੇ ਸਿੱਖ ਭਰਾ ਬਾਰਡਰਾਂ ਤੇ ਦੇਸ਼ ਦੀ ਰਾਖੀ ਲਈ ਹਿੱਕਾਂ ਤਾਣ ਕੇ ਵੀ ਖੜਦੇ ਨੇ ,ਪਰ ਦੇਸ਼ 'ਚ ਸਭ ਤੋਂ ਵੱਧ ਗੁਲਾਮੀ ਦਾ ਅਹਿਸਾਸ ਸਾਡੀ  ਸਿੱਖ ਕੌਮ ਨੂੰ ਹੀ ਕਰਵਾਇਆ ਜਾਂਦਾ। ਉਨ੍ਹਾਂ ਆਖ਼ਰ ਚ ਆਖਿਆ ਕਿ ਜਦੋਂ ਵੀ ਕਿਤੇ ਕੋਈ ਆਫ਼ਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਸ ਬਾਰੇ ਸਿੱਖ ਕੌਮ ਹੀ ਖੜ੍ਹਦੀ ਹੈ ,ਪਰ ਸਾਡੇ ਦੇਸ਼ ਦਾ ਕਾਨੂੰਨ ਸਾਨੂੰ ਸਜ਼ਾਵਾਂ ਪੂਰੀਆਂ ਹੋਣ ਤੇ ਵੀ ਨਹੀਂ ਛੱਡਦਾ ਏਸ ਕਰਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਅਸੀਂ ਧਰਨੇ ,ਮੁਜ਼ਾਹਰੇ, ਰੋਸ ਰੈਲੀਆਂ, ਭੁੱਖ ਹੜਤਾਲਾਂ ਕਰ ਕੇ ਸੰਘਰਸ਼ ਕਰ ਰਹੇ  ਹਾਂ । ਇਸ ਸਮੇਂ ਇੰਦਰਜੀਤ ਸਿੰਘ ਸਹਿਜਾਦ, ਸਾਬਕਾ ਸਰਪੰਚ ਜਸਵੀਰ  ਸਿੰਘ ਟੂਸੇ, ਰਾਜਦੀਪ ਸਿੰਘ ਆਂਡਲੂ,ਹਰਜੀਤ ਸਿੰਘ ਪੱਪੂ ਸਰਾਭਾ, ਜਗਤਾਰ ਸਿੰਘ ਤਾਰਾ ਤਲਵੰਡੀ ,ਪਹਿਲਵਾਨ ਰਣਜੀਤ ਸਿੰਘ ਲੀਲ, ਪਹਿਲਵਾਨ ਚੰਦਰ ਸ਼ੇਖਰ ,ਅਤਰ ਸਿੰਘ ਸਰਾਭਾ, ਹਰਦੀਪ ਸਿੰਘ ਰੈਂਪੀ ਸਰਾਭਾ , ਜੰਗ ਸਿੰਘ ਟੂਸੇ, ਬਲਦੇਵ ਸਿੰਘ ਏੀਸਨਪਰ ,ਬਿੰਦਰ ਸਰਾਭਾ ,ਕੁਲਜੀਤ ਸਿੰਘ ਭੰਮਰਾ ਸਰਾਭਾ ਆਦਿ ਹਾਜ਼ਰ ਸਨ ।

ਸਲਾਮ ✍️ ਵਤਨਵੀਰ ਜ਼ਖ਼ਮੀ

ਉਹਨਾਂ ਯੋਧਿਆਂ ਨੂੰ ਅਸਾਂ ਸਲਾਮ ਕੀਤਾ 
ਜਿੰਨ੍ਹਾ ਖੁਦ ਨੂੰ ਦੇਸ਼ ਲਈ ਕੁਰਬਾਨ ਕੀਤਾ
ਲਾਜ ਰੱਖ ਲਈ ਉਹਨਾਂ ਆਪਣਿਆਂ ਦੀ 
ਯੁੱਧ ਦਾ ਗੋਰਿਆਂ ਖ਼ਿਲਾਫ਼ ਐਲਾਨ ਕੀਤਾ
ਖਾਤਰ ਵਤਨ ਦੀ ਜੂਝੇ ਨੇ ਖਤਰਿਆਂ ਨਾਲ
ਖ਼ਾਤਮਾ ਵੈਰੀਆਂ ਦਾ ਵਿੱਚ ਮੈਦਾਨ ਕੀਤਾ 
ਦੇਣ ਉਹਨਾਂ ਦੀ ਕਦੇ ਨੀ ਅਸੀਂ ਦੇ ਸਕਦੇ
ਦੇਸ਼ ਵਾਸੀਆਂ ਉਹਨਾਂ ਤੇ ਸਦਾ ਮਾਣ ਕੀਤਾ
ਕੜੀ ਗੁਲਾਮੀ ਦੀ ਨੂੰ ਉਹਨਾਂ ਤੋਂੜਿਆ ਏ
ਉਹਨਾਂ ਜੋ ਵੀ ਕੀਤਾ  ਛਾਤੀ ਤਾਣ ਕੀਤਾ
ਜਿਉਂਦੇ ਰਹਿਣਗੇ ਵਿੱਚ ਦਿਲਾਂ ਦੇ ਸਾਰੇ 
ਜਿਨ੍ਹਾਂ ਦੇਸ਼ ਲਈ ਕਰਮ ਮਹਾਨ ਕੀਤਾ

ਵਤਨਵੀਰ ਜ਼ਖ਼ਮੀ