You are here

ਪੰਜਾਬ

ਬੱਚਿਓ ਆਓ ਜਾਣੀਏ ਪੇਪਰਾਂ ਵੇਲੇ ਆਪਣੇ ਆਪ ਨੂੰ ਕਿਵੇਂ ਕਰੀਏ ਤਿਆਰ ✍️ ਗਗਨਦੀਪ ਕੌਰ ਧਾਲੀਵਾਲ ਝਲੂਰ

ਬੱਚਿਓ ਜਿਵੇਂ ਹੀ ਫ਼ਰਵਰੀ ਮਹੀਨੇ ਦਾ ਅੰਤ ਹੁੰਦਾ ਤਾਂ ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਲੱਗਦੀਆਂ ਹਨ।ਇਹ ਪ੍ਰੀਖਿਆਵਾਂ ਸਕੂਲ ਪੱਧਰ ਤੋਂ ਲੈ ਕੇ ਲਗਪਗ ਉੱਚ ਪੱਧਰ ਦੇ ਕੋਰਸ ਤੱਕ ਹੁੰਦੀਆਂ ਹਨ ਭਾਵ ਮਾਰਚ ਤੋਂ ਲੈ ਕੇ ਇਹ ਪ੍ਰੀਖਿਆਵਾਂ ਮਈ ਤੱਕ ਚਲਦੀਆਂ ਹਨ।ਇਹ ਪ੍ਰੀਖਿਆਵਾਂ ਬੱਚਿਆਂ ਦੀ ਪੂਰੇ ਸਾਲ ਦੀ ਮਿਹਨਤ ਦੇ ਫਲ ਦਾ ਨਤੀਜਾ ਹੁੰਦੀਆਂ ਹਨ।ਪੇਪਰਾਂ ਦਾ ਨਾਮ ਸੁਣ ਕੇ ਹੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਡਰ ਲੱਗਣ ਲੱਗ ਜਾਂਦਾ ਹੈ।ਤਨਾਅ ਵਿੱਚ ਆ ਜਾਦੇ ਹਨ ਜਿਵੇਂ ਕੋਈ ਆਫਤ ਆਉਣ ਵਾਲੀ ਹੋਵੇ। ਚਿੰਤਾ ਵਿੱਚ ਡੁੱਬ ਜਾਂਦੇ ਹਨ ।ਨਾਲ ਹੀ ਮਾਪਿਆ ਨੂੰ ਚਿੰਤਾ ਵਿੱਚ ਪਾ ਦਿੰਦੇ ਹਨ।ਪਰ ਜ਼ਿਆਦਾ ਚਿੰਤਾ ਨਾਲ ਜੋ ਆਉਂਦਾ ਹੁੰਦਾ ਹੈ ਉਹ ਵੀ ਭੁੱਲ ਜਾਂਦੇ ਹਨ।ਕਈ ਬੱਚੇ ਸਾਰਾ ਸਾਲ ਨਹੀਂ ਪੜ੍ਹਦੇ ਫਿਰ ਪੇਪਰ ਆਉਣ ‘ਤੇ ਟਿਊਸ਼ਨਾ ਸ਼ੁਰੂ ਕਰ ਦਿੰਦੇ ਹਨ ਜਿਸ ਤਰ੍ਹਾਂ ਉਹਨਾਂ ਦੇ ਦਿਮਾਗ ‘ਤੇ ਹੋਰ ਵੀ ਜਿਆਦਾ ਬੋਝ ਪੈ ਜਾਂਦਾ ਹੈ ਕਿਉਂਕਿ ਏਨਾ ਜਿਆਦਾ ਕੰਮ ਬਹੁਤ ਥੋੜ੍ਹੇ ਸਮੇਂ ਵਿੱਚ ਪੂਰਾ ਕਰਨਾ ਔਖਾ ਹੋ ਜਾਂਦਾ ਹੈ।ਅਜਿਹੇ ਵਿਦਿਆਰਥੀ ਫਿਰ ਪੇਪਰਾਂ ਸਮੇਂ ਨੀਂਦ ਨਾ ਆਉਣ ਵਾਲੇ ਕਈ ਤਰ੍ਹਾਂ ਦੇ ਸਾਧਨ ਵਰਤਦੇ ਹਨ।ਬੱਚਿਓ ਜੇਕਰ ਸਮੇਂ ਦੀ ਸਹੀ ਵਰਤੋਂ ਕਰਕੇ ਸਹੀ ਸਮਾਂ ਸਾਰਣੀ ਬਣਾਈ ਜਾਵੇ ਤਾਂ ਫਿਰ ਪੇਪਰਾਂ ਦੇ ਸਮੇਂ ਇਹੋ ਜਿਹੀਆਂ ਮੁਸਕਿਲਾ ਦਾ ਸਾਹਮਣਾ ਨਹੀਂ ਕਰਨਾ ਪੈਦਾ ।ਪੇਪਰਾਂ ਦੀ ਤਿਆਰੀ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ———-
ਸਭ ਤੋਂ ਪਹਿਲਾ ਬੱਚਿਓ ਸਿਲੇਬਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਸਾਰੇ ਪਾਠ ਚੰਗੀ ਤਰ੍ਹਾਂ ਦੇਖਣੇ ਚਾਹੀਦੇ ਹਨ ਤਾਂ ਜੋ ਪੇਪਰਾਂ ਦੇ ਸਮੇਂ ਤੁਹਾਨੂੰ ਕੁੱਝ ਵੀ ਲੱਭਣ ਵਿੱਚ ਪਰੇਸ਼ਾਨੀ ਨਾ ਆਵੇ।

1,ਵਿਸ਼ਿਆਂ ਅਨੁਸਾਰ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ ਸਾਰੇ ਵਿਸ਼ਿਆਂ ਨੂੰ ਇੱਕ ਸਮਾਨ ਸਮਾਂ ਦੇ ਦੇ ਕੇ ਵਿਸ਼ਿਆ ਦੀ ਵੰਡ ਕਰਨੀ ਚਾਹੀਦੀ ਹੈ।ਜੋ ਵਿਸ਼ਾ ਔਖਾ ਲੱਗਦਾ ਹੈ ਉਸਨੂੰ ਥੌੜਾ ਜਾ ਜਿਆਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।ਜਾ ਫਿਰ ਔਖੇ ਵਿਸ਼ੇ ਨੂੰ ਸਵੇਰ ਦੇ ਸਮੇਂ ਪੜ੍ਹਿਆ ਜਾਵੇ।ਸਵੇਰ ਸਮੇਂ ਦਿਮਾਗ ਚੁਸਤ ਤੇ ਤਾਜ਼ਾ ਹੁੰਦਾ ਹੈ।

2,ਜੇਕਰ ਤੁਹਾਨੂੰ ਕੋਈ ਵਿਸ਼ਾ ਔਖਾ ਲੱਗਦਾ ਹੈ ਜਾਂ ਕੋਈ ਪ੍ਰਸ਼ਨ ਯਾਦ ਨਹੀਂ ਹੁੰਦਾ ਤਾਂ ਤੁਸੀਂ ਉਸ ਵਿਸ਼ੇ ਨੂੰ ਆਪਣਾ ਮਨ-ਪਸੰਦ ਵਿਸ਼ਾ ਚੁਣ ਲਵੋ ।ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰਕੇ ਪੜਨਾ ਸ਼ੁਰੂ ਕਰੋ ਅਗਰ ਕਈ ਔਖੇ ਸ਼ਬਦ ਯਾਦ ਨਹੀਂ ਹੁੰਦੇ ਤਾਂ ਉਹਨਾਂ ਨੂੰ ਕਿਸੇ ਸਕੈਚ ਜਾਂ ਰੰਗ ਵਾਲੀ ਪੈਨਸਿਲ ਨਾਲ ਰੰਗਦਾਰ ਕਰੋ ਜਾਂ ਉਸਦੇ ਹੇਠਾਂ ਲਕੀਰਾਂ ਲਾ ਦੇਵੋ ਜਦੋਂ ਵੀ ਤੁਸੀਂ ਕਿਤਾਬ ਖੋਲੋਗੇ ਉਹ ਤੁਹਾਡੀਆਂ ਅੱਖਾਂ ਸਾਹਮਣੇ ਆਉਣਗੇ।ਤੁਸੀ ਥੋੜ੍ਹੇ ਸਮੇਂ ਬਾਅਦ ਹੀ ਦੇਖੋਗੇ ਕਿ ਜੋ ਸ਼ਬਦ ਤੁਹਾਡੇ ਯਾਦ ਨਹੀਂ ਹੁੰਦੇ ਸਨ ਉਹ ਤੁਹਾਡੀਆਂ ਉਂਗਲਾਂ ‘ਤੇ ਹੋਣਗੇ।

3,ਔਖੇ ਵਿਸ਼ਿਆਂ ਦੀ ਤਿਆਰੀ ਬੱਚਿਆਂ ਨੂੰ ਲਿਖ ਕੇ ਕਰਨੀ ਚਾਹੀਦੀ ਹੈ ਕਈ ਵਾਰ ਬੱਚਿਆਂ ਨੂੰ ਵਾਰ-ਵਾਰ ਪੜ੍ਹਨ ਨਾਲ ਵੀ ਕੁੱਝ ਯਾਦ ਨਹੀਂ ਹੁੰਦਾ ਤਾਂ ਅਜਿਹੇ ਬੱਚਿਆ ਨੂੰ ਲਿਖ ਕੇ ਯਾਦ ਕਰਨਾ ਚਾਹੀਦਾ ਹੈ ਤਾਂ ਜੋ ਜਲਦੀ ਯਾਦ ਹੋ ਸਕੇ ।

4, ਪੇਪਰਾਂ ਵੇਲੇ ਪੜ੍ਹਾਈ ਕਰਨ ਤੋਂ ਪਹਿਲਾ ਆਪਣੇ ਆਪ ਨੂੰ ਤਿਆਰ ਕਰੋ ਭਾਵ ਇੱਕ ਚੰਗਾ ਨਾਸ਼ਤਾ ਖਾਓ,ਕੁੱਝ ਨੀਂਦ ਲਵੋ, ਤੁਹਾਡੇ ਕੋਲ ਪਹਿਲਾਂ ਤੋਂ ਲੋੜੀਂਦੀਆਂ ਚੀਜ਼ਾਂ ਦੀ ਲੋੜ ਹੈ। ਆਪਣੇ ਆਪ ਨੂੰ ਤਣਾਅ ਮੁਕਤ ਕਰੋ ।

5,ਕਿਤਾਬਾਂ ਨੂੰ ਅੱਖਾਂ ਤੋਂ ਕੁੱਝ ਦੂਰੀ ‘ਤੇ ਰੱਖ ਕੇ ਪੜੋ।ਤਾਂ ਜੋ ਅੱਖਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।ਪੇਪਰਾਂ ਵਿੱਚ ਅੱਖਾਂ ਦਰਦ ਨਾ ਕਰਨ।

6, ਪੇਪਰਾਂ ਦੇ ਸਮੇਂ ਤੁਹਾਡਾ ਧਿਆਨ ਅਤੇ ਮਨ ਸਿਰਫ਼ ਪੜ੍ਹਾਈ ਵੱਲ ਹੋਣਾ ਚਾਹੀਦਾ ਹੈ। ਘਰ ਵਿੱਚ ਕੀ ਹੋ ਰਿਹਾ, ਕੌਣ ਕਿੱਥੇ ਜਾ ਰਿਹਾ ਹੈ, ਟੀ.ਵੀ ਵਿੱਚ ਕੀ ਚੱਲ ਰਿਹਾ ਹੈ ਇਸ ਵਿੱਚ ਤੁਹਾਡਾ ਧਿਆਨ ਨਹੀਂ ਹੋਣਾ ਚਾਹੀਦਾ।

7,ਬੱਚਿਆਂ ਦੀ ਪੜ੍ਹਾਈ ਪ੍ਰਤਿ ਮਾਪਿਆ ਦਾ ਧਿਆਨ ਵੀ ਹੋਣਾ ਚਾਹੀਦਾ ਹੈ।ਉਹ ਬੱਚਿਆਂ ‘ਤੇ ਜਿਆਦਾ ਬੋਝ ਨਾ ਪਾਉਣ।ਜਿੱਥੇ ਬੱਚਾ ਪੜ੍ਹ ਰਿਹਾ ਉਸ ਜਗ੍ਹਾ ਤੇ ਬੱਚੇ ਦੇ ਖਾਣ -ਪੀਣ ਦਾ ਧਿਆਨ ਰੱਖਿਆਂ ਜਾਵੇ।

 8,ਪੇਪਰ ਤੋਂ ਕੁੱਝ ਦਿਨ ਪਹਿਲਾ ਤੁਹਾਨੂੰ ਆਪਣੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।ਉਹ ਸੰਕਲਪਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

9,ਅਧਿਆਪਕ ਨੂੰ ਵੀ ਚਾਹੀਦਾ ਹੈ ਕਿ ਬੱਚਿਆ ਦੀ ਪੜ੍ਹਾਈ ਦਾ ਮੁਲਾਂਕਣ ਚੰਗੀ ਤਰ੍ਹਾਂ ਕੀਤਾ ਜਾਵੇ।ਉਹਨਾਂ ਨੂੰ ਚੰਗੇ ਨੰਬਰ ਲੈਣ ਲਈ ਪ੍ਰੇਰਿਤ ਕੀਤਾ ਜਾਵੇ।

10,ਲੋੜ ਤੋਂ ਜ਼ਿਆਦਾ ਸਮਾਂ ਵੀ ਪੜ੍ਹਨ ਲਈ ਨਹੀਂ ਬੈਠਣਾ ਚਾਹੀਦਾ ।ਭਾਵ ਹਰ ਸਮੇਂ ਕਿਤਾਬੀ ਕੀੜਾ ਨਹੀਂ ਬਣਨਾ ਚਾਹੀਦਾ ।ਇਸ ਦੇ ਨਾਲ ਮਨ ਦੀ ਇਕਾਗਰਤਾ ਭੰਗ ਹੁੰਦੀ ਹੈ ਅਤੇ ਸਰੀਰ ਵੀ ਥਕਾਵਟ ਮਹਿਸੂਸ ਕਰਦਾ ਹੈ। ਇਸ ਲਈ ਥੋੜੇ ਸਮੇਂ ਲਈ ਇੱਧਰ -ਉਧਰ ਘੁੰਮਣਾ ਚਾਹੀਦਾ ਹੈ ।

 11,ਬੈੱਡ ਜਾਂ ਮੰਜੇ ‘ਤੇ ਬੈਠ ਕੇ ਜਾ ਲੇਟ ਕੇ ਨਹੀਂ ਪੜਨਾ ਚਾਹੀਦਾ।ਸਗੋਂ ਮੇਜ਼ ਜਾਂ ਕੁਰਸੀ 'ਤੇ ਸਹੀ ਤਰੀਕੇ ਨਾਲ ਬੈਠ ਕੇ ਪੜ੍ਹਨਾ ਚਾਹੀਦਾ ਹੈ ।

12,ਪੜਾਈ ਦੇ ਨਾਲ- ਨਾਲ ਕੁੱਝ ਸਮਾਂ ਵਿਚਕਾਰ ਦੀ ਖੇਡਣਾ ਵੀ ਚਾਹੀਦਾ ਹੈ ਇਸ ਨਾਲ ਬੱਚੇ ਦਾ ਮਨ ਤਾਜ਼ਾ ਹੋ ਜਾਂਦਾ ਹੈ।ਤੇ ਸਰੀਰ ਦੇ ਸਾਰੇ ਪੱਖਾਂ ਦਾ ਵਿਕਾਸ ਵੀ ਹੁੰਦਾ ਹੈ।

13, ਬੱਚਿਓ ਸਿਲੇਬਸ ਪੇਪਰ ਤੋ ਪਹਿਲਾ ਪੂਰਾ ਕਰਨਾ ਚਾਹੀਦਾ ਹੈ ਤਾ ਜੋ ਜਿਸ ਸਮੇਂ ਪੇਪਰ ਹੋਣ ਉਸ ਦਿਨ ਜੋ ਸਿਲੇਬਸ ਪਹਿਲਾ ਪੜ੍ਹਿਆ ਹੋਵੇ ਉਸਦੀ ਹੀ ਦੁਹਰਾਈ ਕੀਤੀ ਜਾ ਸਕੇ। ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਕੁੱਝ ਬੱਚੇ ਪੇਪਰ ਤੋਂ ਕੁਝ ਮਿੰਟ ਪਹਿਲਾਂ ਵੀ ਪੜ੍ਹਦੇ ਰਹਿੰਦੇ ਹਨ ਅਜਿਹਾ ਕਰਨ ਨਾਲ ਜੋ ਪਹਿਲਾਂ ਯਾਦ ਕੀਤਾ ਹੁੰਦਾ ਹੈ ਉਹ ਵੀ ਭੁੱਲ ਸਕਦੇ ਹਨ।

14,ਬੱਚਿਓ ਕਦੇ ਵੀ ਕਿਸੇ ਪ੍ਰਸ਼ਨ ਨੂੰ ਰੱਟਾ ਨਾ ਲਾਵੋ।ਅਕਸਰ ਪਹਿਲਾਂ ਪੜਿਆ ਹੋਇਆ ,ਕੀਤੀ ਹੋਈ ਦੁਹਰਾਈ ਹੀ ਕੰਮ ਆਉਂਦੀ ਹੈ ।ਦੇਖਣ ਵਿੱਚ ਆਇਆ ਹੈ ਕਿ ਜੋ ਬੱਚੇ ਰੱਟਾ ਲਾਉਂਦੇ ਹਨ ਫਿਰ ਜਲਦੀ ਹੀ ਭੁੱਲ ਜਾਂਦੇ ਹਨ।

15,ਪੇਪਰਾਂ ਸਮੇਂ ਮੋਬਾਇਲ ,ਟੀ.ਵੀ ਨੂੰ ਬੱਚਿਓ ਤੋਂ ਦੂਰ ਰੱਖੋ। ਕਿਉਕਿ ਇਸ ਨਾਲ ਬੱਚੇ ਦਾ ਪੜ੍ਹਾਈ ਤੋਂ ਧਿਆਨ ਭਟਕ ਜਾਂਦਾ ਹੈ।

 16,ਪੇਪਰ ਦੇਣ ਜਾਂਦੇ ਸਮੇਂ ਕਿਤਾਬਾਂ ਕਦੇ ਵੀ ਨਾਲ ਨਾ ਚੁੱਕੋ ,ਸਗੋਂ ਘਰ ਹੀ ਰੱਖ ਕੇ ਜਾਓ।

17,ਸਮੇਂ ਸਿਰ ਪ੍ਰੀਖਿਆ ਕੇਂਦਰ ਵਿੱਚ ਜਾਓ ਤਾਂ ਜੋ ਪੇਪਰ ਤੋ ਪਹਿਲਾ ਅਰਾਮ ਨਾਲ ਆਪਣਾ ਰੋਲ ਨੰਬਰ ਚੈੱਕ ਕਰ ਸਕੋ ਅਤੇ ਬਿਲਕੁਲ ਸ਼ਾਂਤ ਮਨ ਨਾਲ ਬੈਠ ਕੇ ਆਪਣੇ ਆਪ ਨੂੰ ਚੰਗਾ ਮਹਿਸੂਸ ਕਰ ਸਕੋ।

18,ਹਮੇਸ਼ਾ ਪੇਪਰ ਦੇਣ ਜਾਣ ਤੋਂ ਪਹਿਲਾ ਸਵੇਰ ਦਾ ਖਾਣਾ ਖਾ ਕੇ ਜਾਵੋ ਅਤੇ ਹਮੇਸ਼ਾ ਪੂਰੇ ਆਤਮ ਵਿਸ਼ਵਾਸ ਨਾਲ ਭਰਪੂਰ ਹੋ ਕੇ ਜਾਓ।
19,ਜਰੂਰਤਮੰਦ ਵਸਤਾਂ ਹਮੇਸ਼ਾ ਪਹਿਲਾ ਹੀ ਤਿਆਰ ਕਰਕੇ ਰੱਖੋ ਤਾਂ ਜੋ ਪੇਪਰ ਸਮੇਂ ਚੁੱਕਣ ਵਿੱਚ ਅਸਾਨੀ ਹੋਵੇ।ਜਿਵੇਂ ਰੋਲ ਨੰਬਰ,ਪੇਪਰ ਬੋਰਡ ,ਪੈੱਨ,ਪਾਣੀ ਆਦਿ।

20,ਪੇਪਰ ਤੋਂ ਪਹਿਲਾ ਤੁਹਾਨੂੰ ਕੀ ਨਹੀਂ ਆਉਂਦਾ ,ਪੇਪਰ ਕਿਹੋ ਜਿਹੋ ਹੋਵੇਗਾ।ਇਹ ਨਾ ਸੋਚੋ ਸਗੋਂ ਇਹ ਯਾਦ ਰੱਖੋ ਕਿ ਤੁਹਾਨੂੰ ਕੀ ਆਉਂਦਾ ਹੈ। ਪੇਪਰ ਕਰਨ ਤੋਂ ਬਾਅਦ ਅਗਲੇ ਪੇਪਰ ਵੱਲ ਧਿਆਨ ਕੇਂਦਰਤ ਕਰੋ।
ਇਸ ਤਰ੍ਹਾਂ ਬੱਚਿਓ ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਚੰਗੀ ਤਰ੍ਹਾਂ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ।ਤੇ ਵਧੀਆਂ ਨੰਬਰ ਲੈ ਕੇ ਪਾਸ ਹੋ ਸਕਦੇ ਹੋ।

ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ

ਅੰਤਰਰਾਸ਼ਟਰੀ ਮਹਿਲਾ ਦਿਵਸ

ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ ਵਿਖੇ 'ਸਵੈਮਪ੍ਰਭਾ' ਸਮਾਗਮ ਮਨਾਇਆ ਗਿਆ

ਸਮਾਗਮ ਮੌਕੇ ਅੰਗਹੀਣ ਮਹਿਲਾਵਾਂ ਨੂੰ 12 ਸਿਲਾਈ ਮਸ਼ੀਨਾਂ ਦੇ ਨਾਲ ਸਮਾਰਟ ਫੋਨ ਵੀ ਵੰਡੇ
ਲੁਧਿਆਣਾ, 08 ਮਾਰਚ (ਰਣਜੀਤ ਸਿੱਧਵਾਂ) :  ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ (ਅੰਗਹੀਣਾਂ ਲਈ), ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੁਆਰਾ 1973 ਤੋਂ ਅੰਗਹੀਣ ਵਿਅਕਤੀਆਂ ਦੀ ਸਿਖਲਾਈ ਅਤੇ ਰੁਜ਼ਗਾਰ ਲਈ ਸਥਾਪਿਤ ਕੀਤੀ ਗਈ ਇੱਕ ਨਾਮਵਰ ਸੰਸਥਾ ਹੈ। ਇਹ ਕੇਂਦਰ ਅੰਗਹੀਣ ਵਿਅਕਤੀ ਦੀ ਰੁਜ਼ਗਾਰ ਲਈ ਰਜਿਸਟ੍ਰੇਸ਼ਨ, ਸਵੈ-ਰੁਜ਼ਗਾਰ, ਹੁਨਰ ਵਿਕਾਸ ਅਤੇ ਕਿੱਤਾਮੁਖੀ ਮਾਰਗਦਰਸ਼ਨ ਦੀਆਂ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਵੈ-ਨਿਰਭਰ ਬਣਨ ਦੇ ਯੋਗ ਬਣਾਉਂਦਾ ਹੈ ਜਿਸ ਦੇ ਤਹਿਤ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਨਾਏ ਗਏ 'ਸਵੈਮਪ੍ਰਭਾ' ਸਮਾਗਮ ਦੌਰਾਨ ਕਵਾਲਟੀ ਵਾਲਜ਼ (ਐਚ.ਯੂ.ਐਲ), ਸੋਨਾ ਫੈਸ਼ਨ ਅਤੇ ਐਸ.ਕੇ. ਇੰਡਸਟਰੀ ਵੱਲੋਂ ਅੰਗਹੀਣ ਮਹਿਲਾਵਾਂ ਨੂੰ ਮੁਫ਼ਤ 12 ਸਿਲਾਈ ਮਸ਼ੀਨਾਂ ਅਤੇ ਲੇਵਨਾਰਡ ਚੇਸ਼ਾਇਰ ਵੱਲੋਂ ਮੁਫ਼ਤ ਸਮਾਰਟ ਫੋਨ ਪ੍ਰਦਾਨ ਕੀਤੇ ਗਏ।ਸਮਾਗਮ ਮੌਕੇ ਸੀ.ਆਈ.ਆਈ-ਲੁਧਿਆਣਾ ਜੋਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਨਾਗਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅੰਪਗ ਮਹਿਲਾਵਾਂ ਦੇ ਸ਼ਸ਼ਕਤੀਕਰਣ 'ਤੇ ਜੋਰ ਦਿੱਤਾ ਅਤੇ ਸੀ.ਆਈ.ਆਈ. ਵੱਲੋਂ ਸਮਰਥਨ ਦਾ ਵੀ ਭਰੋਸਾ ਦਿੱਤਾ ਗਿਆ। ਸਮਾਗਮ ਮੌਕੇ ਸੋਨਾ ਫੈਸ਼ਨ ਤੋਂ ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ 31 ਤੋਂ ਵੱਧ ਅੰਗਹੀਣ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਅਤੇ ਕੁੱਲ 75 ਦੇ ਕਰੀਬ ਲੋਕ ਸ਼ਾਮਲ ਹੋਏ। ਸਹਾਇਕ ਡਾਇਰੈਕਟਰ ਰੋਜ਼ਗਾਰ ਸ੍ਰੀ ਅਸ਼ੀਸ਼ ਕੁੱਲੂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੇ "ਅੰਤਰਰਾਸ਼ਟਰੀ ਮਹਿਲਾ ਦਿਵਸ" ਮਨਾਇਆ  

ਇਸ ਮੌਕੇ ਲਗਾਏ ਗਏ ਕੈਂਪ 'ਚ 70 ਮਹਿਲਾ ਪੁਲਿਸ ਕਰਮਚਾਰੀਆਂ ਦਾ ਹੋਇਆ ਚੈੱਕਅੱਪ  

ਜਗਰਾਉਂ  (ਰਣਜੀਤ ਸਿੱਧਵਾਂ) ਮਾਨਯੋਗ  ਡਾਇਰੈਕਟਰ ਜਨਰਲ ਪੁਲਿਸ  ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਡਾ. ਪਾਟਿਲ ਕੇਤਨ ਬਾਲੀਰਾਮ ਆਈਪੀਐਸ ਐੱਸਐੱਸਪੀ ਲੁਧਿਆਣਾ ਦਿਹਾਤੀ ਦੀ ਰਹਿਨੁਮਾਈ ਹੇਠ "ਅੰਤਰਰਾਸ਼ਟਰੀ ਮਹਿਲਾ ਦਿਵਸ" ਮਨਾਇਆ ਗਿਆ। ਇਸ ਮੌਕੇ ਸਪੈਸ਼ਲ ਮਹਿਲਾ ਪੁਲਿਸ ਕਰਮਚਾਰੀਆਂ ਲਈ ਮੁਫ਼ਤ ਚੈੱਕਅੱਪ ਕੈਂਪ  ਡਾ. ਅਮਨ ਸ਼ਰਮਾ ਮੈਡੀਕਲ ਅਫ਼ਸਰ ਡਿਸਪੈਂਸਰੀ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਦੀ ਅਗਵਾਈ ਵਿੱਚ ਲਗਾਇਆ ਗਿਆ। ਜਿਸ ਵਿੱਚ ਸਿਵਲ ਹਸਪਤਾਲ ਜਗਰਾਉਂ ਦੇ ਗਾਇਨੀ ਦੇ ਮਾਹਿਰ ਲੇਡੀ ਡਾ. ਮਨੀਤ ਲੂਥਰਾ ਐੱਮਡੀ ਅਤੇ ਡਾ. ਸੰਗੀਨਾ ਗਰਗ ਐੱਮਡੀ ਵੱਲੋਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਦੇ ਬਚਾਅ ਲਈ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਕਰੀਬ 70 ਮਹਿਲਾ ਪੁਲਸ ਕਰਮਚਾਰੀਆਂ ਦਾ ਮੈਡੀਕਲ ਚੈਕਅੱਪ ਕਰਵਾਇਆ ਗਿਆ ਅਤੇ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ "ਅੰਤਰਰਾਸ਼ਟਰੀ  ਮਹਿਲਾ ਦਿਵਸ" ਤੇ ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦੇ ਹੋਏ ਪੰਜਾਬ ਪੁਲਿਸ ਮਹਿਲਾ ਮਿੱਤਰ ਹੈਲਪ ਡੈਸਕ ਦੇ ਕੋਆਰਡੀਨੇਟਰ ਮੈਡਮ ਬਲਜੀਤ ਕੌਰ ਅਤੇ ਮੈਡਮ ਮੀਨਾਕਸ਼ੀ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਕੰਮਕਾਜ ਵਾਲੇ ਸਥਾਨਾਂ ਤੇ ਔਰਤਾਂ ਨਾਲ ਜਿਨਸੀ ਛੇੜਛਾੜ ਕਰਨਾ ਕਾਨੂੰਨ ਅਨੁਸਾਰ ਇੱਕ ਅਪਰਾਧ ਹੈ । ਜਿਨਸੀ ਛੇੜਖਾਨੀ ਬਾਰੇ ਸ਼ਿਕਾਇਤ ਅੰਦਰੂਨੀ ਸ਼ਿਕਾਇਤ ਕਮੇਟੀ ਨੂੰ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਿਨਸੀ ਛੇੜਖਾਨੀ ਦੀ ਰੋਕਥਾਮ ਸਬੰਧੀ ਪੰਜਾਬ ਪੁਲਿਸ ਦੀ ਵੈੱਬਸਾਈਟ ਤੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਡਾਕਟਰਾਂ ਦੀ ਟੀਮ ਅਤੇ ਪੰਜਾਬ ਪੁਲਿਸ ਵੂਮੈਨ ਹੈਲਪ ਡੈਸਕ ਦੇ ਕੋਆਰਡੀਨੇਟਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੀਤ ਕੌਰ ਪੀਪੀਐੱਸ ਐੱਸਪੀ (ਆਪ੍ਰੇਸ਼ਨ ਅਤੇ ਸੀ.ਏ. ਡਬਲਯੂ) ਪ੍ਰਿਥੀਪਾਲ ਸਿੰਘ ਪੀਪੀਐੱਸ  ਕਪਤਾਨ ਪੁਲੀਸ (ਸ), ਗੁਰਦੀਪ ਸਿੰਘ ਪੀਪੀਐੱਸ ਕਪਤਾਨ ਪੁਲਸ (ਡੀ) ਅਤੇ ਦਲਜੀਤ ਸਿੰਘ ਵਿਰਕ ਪੀਪੀਐੱਸ ਡੀਐਸਪੀ ਜਗਰਾਉਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਮਾਗਮ ਦੇ ਅਖੀਰ ਵਿੱਚ ਇੰਸਪੈਕਟਰ ਦਮਨਦੀਪ ਕੌਰ ਵੱਲੋਂ ਮੁੱਖ ਮਹਿਮਾਨ, ਹਾਜ਼ਰ ਅਫ਼ਸਰ ਸਹਿਬਾਨ  ਅਤੇ ਸਾਰੀ ਲੇਡੀ ਪੁਲਿਸ ਦਾ ਧੰਨਵਾਦ ਕੀਤਾ ਗਿਆ ।

10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ: ਡੀਈਓ-ਕਮ-ਡੀਸੀ ਵਰਿੰਦਰ ਕੁਮਾਰ ਸ਼ਰਮਾ

 ਗਿਣਤੀ ਕੇਂਦਰਾਂ ਦੇ ਅੰਦਰ ਕਿਸੇ ਵੀ ਵਿਅਕਤੀ ਨੂੰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ 

10 ਮਾਰਚ ਨੂੰ ਡਰਾਈ ਡੇ ਐਲਾਨਿਆ 

ਲੁਧਿਆਣਾ, 8 ਮਾਰਚ  (ਰਣਜੀਤ ਸਿੱਧਵਾਂ) :   ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਭਰੋਸਾ ਦਿੱਤਾ ਕਿ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਗਿਣਤੀ ਕੇਂਦਰਾਂ 'ਤੇ 10 ਮਾਰਚ 2022 ਨੂੰ ਹੋਣ ਵਾਲੀਆਂ ਵੋਟਾਂ ਦੀ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਸੀ ਨੇ ਕਿਹਾ ਕਿ ਗਿਣਤੀ ਕੇਂਦਰਾਂ ਦੇ ਅੰਦਰ ਅਤੇ ਬਾਹਰ ਅਮਨ- ਕਾਨੂੰਨ  ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਲੋੜੀਂਦੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਸਮੁੱਚੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਤੋਂ ਪੰਜ ਵੋਟਰ-ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਮਸ਼ੀਨਾਂ ਦੀਆਂ ਵੋਟਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਬੇਤਰਤੀਬੇ ਢੰਗ ਨਾਲ ਗਿਣੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਲਗਾਤਾਰ ਸੀ.ਸੀ.ਟੀ.ਵੀ. ਨਿਗਰਾਨੀ ਹੇਠ ਹਨ ਅਤੇ ਸੂਬਾ ਪੁਲਿਸ, ਪੰਜਾਬ ਆਰਮਡ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਤਿੰਨ ਪੱਧਰੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਸਵੇਰੇ 8 ਵਜੇ ਸਾਰੇ 14 ਗਿਣਤੀ ਕੇਂਦਰਾਂ ਵਿੱਚ ਇੱਕੋ ਸਮੇਂ ਹੋਵੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਗਿਣਤੀ ਕੇਂਦਰਾਂ ਦੀ ਹਦੂਦ ਅੰਦਰ ਸਥਾਪਿਤ ਕੀਤੇ ਮੀਡੀਆ ਰੂਮਾਂ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਕਿਸੇ ਨੂੰ ਵੀ ਗਿਣਤੀ ਕੇਂਦਰਾਂ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮੀਡੀਆ ਕਰਮੀਆਂ ਨੂੰ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਫੋਟੋਆਂ ਜਾਂ ਵੀਡੀਓ ਸ਼ੌਟਸ ਕਲਿੱਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਗਿਣਤੀ ਕੇਂਦਰਾਂ ਦੇ ਅੰਦਰ ਸਿਰਫ਼ ਵੀਡੀਓ/ਸਟਿਲ ਕੈਮਰੇ ਦੀ ਇਜਾਜ਼ਤ ਹੈ। ਉਨ੍ਹਾਂ ਕਿਹਾ ਕਿ ਮੀਡੀਆ ਕਰਮੀਆਂ ਲਈ ਗਿਣਤੀ ਕੇਂਦਰਾਂ ਵਿੱਚ ਦਾਖ਼ਲਾ ਸਖ਼ਤੀ ਨਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਨਾਖਤੀ ਕਾਰਡਾਂ ਰਾਹੀਂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗਿਣਤੀ ਅਬਜ਼ਰਵਰ ਤੋਂ ਇਲਾਵਾ ਕਿਸੇ ਨੂੰ ਵੀ (ਉਮੀਦਵਾਰ ਜਾਂ ਆਰ.ਓ./ਏ.ਆਰ.ਓ. ਆਦਿ ਵੀ ਨਹੀਂ) ਕਾਊਂਟਿੰਗ ਹਾਲ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਰੂਮ ਵਿੱਚ ਨਿਰਵਿਘਨ ਗਿਣਤੀ ਲਈ ਕੁੱਲ 14 ਕਾਊਂਟਿੰਗ ਟੇਬਲ (ਹਰੇਕ ਪਾਸੇ 7) ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੋਈ ਵੀ ਜਿੱਤ ਦਾ ਜਲੂਸ ਨਹੀਂ ਕੱਢਣ ਦਿੱਤਾ ਜਾਵੇਗਾ। 14 ਗਿਣਤੀ ਅਬਜ਼ਰਵਰਾਂ ਦੁਆਰਾ ਪੂਰੀ ਗਿਣਤੀ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ। ਦਾਖਾ ਹਲਕੇ ਲਈ ਡਾ. ਸੁਖਦੇਵ ਸਿੰਘ ਭਵਨ ਪੀਏਯੂ ਵਿਖੇ, ਲੁਧਿਆਣਾ ਉੱਤਰੀ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀਏਯੂ ਵਿਖੇ, ਲੁਧਿਆਣਾ ਪੱਛਮੀ ਲਈ ਜਿਮਨੇਜ਼ੀਅਮ ਹਾਲ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਜਗਰਾਉਂ ਲਈ ਪ੍ਰੀਖਿਆ ਹਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਵਿਖੇ ਸਟਰਾਂਗ ਰੂਮ ਬਣਾਏ ਗਏ ਹਨ। ਸਮਰਾਲਾ ਲਈ ਸਤੀਸ਼ ਚੰਦਰ ਧਵਨ ਸਰਕਾਰ ਕਾਲਜ, ਲੁਧਿਆਣਾ ਪੂਰਬੀ ਲਈ ਸਤੀਸ਼ ਚੰਦਰ ਧਵਨ ਸਰਕਾਰ ਵਿਖੇ। ਕਾਲਜ, ਸਾਹਨੇਵਾਲ ਲਈ ਖਾਲਸਾ ਗਰਲਜ਼ ਸੇਨ.ਸੈਕੰਡਰੀ ਸਕੂਲ, ਕਾਲਜ ਰੋਡ, ਲੁਧਿਆਣਾ, ਰਾਏਕੋਟ ਲਈ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਖੇ, ਲੁਧਿਆਣਾ ਸੈਂਟਰਲ ਲਈ ਆਰੀਆ ਕਾਲਜ, ਆਡੀਟੋਰੀਅਮ ਹਾਲ ਵਿਖੇ, ਲੁਧਿਆਣਾ ਦੱਖਣੀ ਲਈ ਕੇ.ਵੀ.ਐਮ ਸੀਨੀਅਰ ਸੈਕੰਡਰੀ ਸਕੂਲ, ਗਿੱਲ ਲਈ। (ਐਸਆਰਐਸ)  'ਤੇ ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਵੂਮੈਨ, ਰਿਸ਼ੀ ਨਗਰ, ਪਾਇਲ ਲਈ ਸਰਕਾਰੀ ਵਿਖੇ ਕਾਲਜ ਫ਼ਾਰ ਵੂਮੈਨ, ਲੁਧਿਆਣਾ, ਖੰਨਾ ਲਈ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ, ਲੁਧਿਆਣਾ ਵਿਖੇ। (ਅਪਲਾਈਡ ਸਾਇੰਸ ਬਿਲਡਿੰਗ) ਅਤੇ ਆਤਮ ਨਗਰ ਹਲਕੇ ਲਈ ਜੀ.ਐਨ.ਈ ਪੋਲੀਟੈਕਨਿਕ ਕਾਲਜ, ਗਿੱਲ ਰੋਡ ਲੁਧਿਆਣਾ ਦੀ ਨਵੀਂ ਬਿਲਡਿੰਗ ਵਿਖੇ ਸਟਰਾਂਗ ਰੂਮ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗਿਣਤੀ ਲਈ ਖੰਨਾ ਹਲਕੇ ਵਿੱਚ 14 ਰਾਊਂਡ, ਸਮਰਾਲਾ ਵਿੱਚ 16 ਰਾਊਂਡ, ਸਾਹਨੇਵਾਲ ਵਿੱਚ 21 ਰਾਊਂਡ, ਲੁਧਿਆਣਾ ਈਸਟ ਵਿੱਚ 17 ਰਾਊਂਡ, ਲੁਧਿਆਣਾ ਸਾਊਥ ਵਿੱਚ 13 ਰਾਊਂਡ, ਆਤਮ ਨਗਰ ਵਿੱਚ 13 ਰਾਊਂਡ, ਲੁਧਿਆਣਾ ਸੈਂਟਰਲ ਵਿੱਚ 13 ਰਾਊਂਡ, ਲੁਧਿਆਣਾ ਪੱਛਮੀ ਵਿੱਚ 15 ਰਾਊਂਡ, ਉੱਤਰੀ ਲੁਧਿਆਣਾ ਵਿੱਚ 15 ਰਾਊਂਡ ਹੋਣਗੇ। , ਗਿੱਲ ਦੇ 22 ਰਾਊਂਡ, ਪਾਇਲ ਦੇ 15 ਰਾਊਂਡ, ਦਾਖਾ ਦੇ 16 ਰਾਊਂਡ, ਰਾਏਕੋਟ ਦੇ 14 ਰਾਊਂਡ ਅਤੇ ਜਗਰਾਉਂ ਹਲਕੇ ਦੇ 15 ਰਾਊਂਡ ਹੋਣਗੇ। ਉਨ੍ਹਾਂ ਦੱਸਿਆ ਕਿ 10 ਮਾਰਚ ਨੂੰ ਗਿਣਤੀ ਹੋਣ ਵਾਲੀ ਸਮੂਹ ਵਿਦਿਅਕ ਸੰਸਥਾਵਾਂ ਵਿੱਚ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ 10 ਮਾਰਚ ਨੂੰ ਡਰਾਈ ਡੇਅ ਦਾ ਵੀ ਐਲਾਨ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਿਣਤੀ ਕੇਂਦਰ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਨੂੰ ਨੋ ਵਹੀਕਲ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਟ੍ਰੈਫਿਕ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਗਿਣਤੀ ਕੇਂਦਰਾਂ ਦੇ ਅੰਦਰ ਅਤੇ ਆਲੇ-ਦੁਆਲੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦੀ ਗਿਣਤੀ ਨੂੰ ਨਿਰਵਿਘਨ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਬੱਚਤ ਭਵਨ ਲੁਧਿਆਣਾ ਵਿਖੇ ਸਮੂਹ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਗਿਣਤੀ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।

ਗਿਣਤੀ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ ਕਾਉਂਟਿੰਗ ਸਟਾਫ਼ ਦੀ ਦੂਜੀ  ਰੈਂਡਮਾਈਜ਼ੇਸ਼ਨ ਕੀਤੀ ਗਈ

10 ਮਾਰਚ ਨੂੰ ਸਵੇਰੇ 5 ਵਜੇ ਹੋਵੇਗੀ ਤੀਜੀ ਅਤੇ ਅੰਤਿਮ ਰੈਂਡਮਾਈਜ਼ੇਸ਼ਨ - ਡੀਈਓ-ਕਮ-ਡੀਸੀ ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ, 8 ਮਾਰਚ   (ਰਣਜੀਤ ਸਿੱਧਵਾਂ)  : ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ 14 ਗਿਣਤੀ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ 10 ਮਾਰਚ, 2022 ਨੂੰ 14 ਵੱਖ-ਵੱਖ ਥਾਵਾਂ 'ਤੇ ਵੋਟਾਂ ਦੀ ਗਿਣਤੀ ਲਈ ਮੈਨਪਾਵਰ ਤਾਇਨਾਤ ਕਰਨ ਲਈ ਦੂਜੀ ਰੈਂਡਮਾਈਜ਼ੇਸ਼ਨ ਕੀਤੀ। ਅੱਜ ਦੀ ਰੈਂਡਮਾਈਜ਼ੇਸ਼ਨ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ, ਕਾਊਂਟਿੰਗ ਆਬਜ਼ਰਵਰ ਪ੍ਰਭਾਸ਼ੂ ਕੁਮਾਰ ਸ੍ਰੀਵਾਸਤਵ, ਮਧੂ ਕੇ, ਮੁਹੰਮਦ ਸ਼ਫੀ ਕੇ.ਏ., ਸ਼ੀਸ਼ ਨਾਥ, ਮੁਹੰਮਦ ਅੰਜ਼ਾਰੀ, ਦੇਵ ਰਾਜ ਦੇਵ, ਨਿਰਮਲ ਕੁਮਾਰ ਜੀ, ਪੀ ਅਨਿਲ, ਦੀ ਹਾਜ਼ਰੀ ਵਿੱਚ ਹੋਈ। ਅੰਨਾਵੀ ਦਿਨੇਸ਼ ਕੁਮਾਰ, ਐਮ.ਐਸ. ਬਿਜੂਕੁਟਨ, ਪ੍ਰਮੋਦ ਵੀਆਰ, ਟੀਐਨ ਵੈਂਕਟੇਸ਼, ਰੰਜੀਤ ਟੀਵੀ, ਰਾਬਰਟ ਫਰਾਂਸਿਸ, ਏਡੀਈਓ- ਕਮ- ਏਡੀਸੀ (ਜਨਰਲ) ਰਾਹੁਲ ਚਾਬਾ।
ਰੈਂਡਮਾਈਜ਼ੇਸ਼ਨ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਰੈਂਡਮਾਈਜ਼ੇਸ਼ਨ ਦਾ ਮਨੋਰਥ 10 ਮਾਰਚ ਨੂੰ ਹੋਣ ਵਾਲੀ ਗਿਣਤੀ ਲਈ ਸਟਾਫ਼ ਤਾਇਨਾਤ ਕਰਨਾ ਹੈ, ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਦੋ ਕਾਊਂਟਿੰਗ ਹਾਲ ਬਣਾਏ ਗਏ ਹਨ। ਹਰੇਕ ਵਿਧਾਨ ਸਭਾ ਹਲਕੇ ਲਈ ਹਰੇਕ ਹਾਲ ਵਿੱਚ ਸੱਤ ਮੇਜ਼ ਹਨ। 14 ਕਾਊਂਟਿੰਗ ਟੇਬਲਾਂ ਤੋਂ ਇਲਾਵਾ,  (ਈ.ਟੀ.ਪੀ.ਬੀ.ਐੱਸ)   ਅਤੇ ਪੋਸਟਲ ਬੈਲਟ ਦੀ ਗਿਣਤੀ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ। ਇੱਕ ਪੋਲਿੰਗ ਪਾਰਟੀ ਵਿੱਚ ਇੱਕ ਕਾਉਂਟਿੰਗ ਸੁਪਰਵਾਈਜ਼ਰ, ਇੱਕ ਕਾਉਂਟਿੰਗ ਸਹਾਇਕ, ਅਤੇ ਇੱਕ ਮਾਈਕ੍ਰੋ ਅਬਜ਼ਰਵਰ ਸ਼ਾਮਲ ਹੁੰਦਾ ਹੈ।

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ

ਹੜਤਾਲ ਦਾ ਸੋਲਵਾਂ ਦਿਨ-- ਮਨਾਂ ਨੂੰ ਸਹੀ ਮਾਰਗ ‘ਤੇ ਲਿਆਉਣ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਵਲੋਂ ਦੇਸ਼-ਕੌਮ ਵਾਸਤੇ ਘਾਲੀਆਂ ਘਾਲਣਾਵਾਂ ਹੀ ਮਾਰਗ ਦਰਸ਼ਨ ਹੋ ਸਕਦੀਆਂ ਹਨ-ਦੇਵ ਸਰਾਭਾ

ਲੁਧਿਆਣਾ/ਸਰਾਭਾ 8 ਮਾਰਚ ( ਸਤਵਿੰਦਰ ਸਿੰਘ ਗਿੱਲ )- ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ‘ਚ ਜੀਵਨ, ਆਦਰਸ਼ ਤੇ ਵਿਚਾਰਧਾਰਾ ਨੂੰ ਬਦਲਣ ਲਈ ਮਿਲੀ ਪ੍ਰੇਰਣਾਂ ਬਦੌਲਤ, ਆਪਣੇ ਪਿੰਡ ਦੇ ਵੱਡ-ਵਡੇਰੇ ਜੰਗ-ਏ-ਅਜ਼ਾਦੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੇ ਬੁੱਤ ਸਾਹਮਣੇ  ਮਨੁੱਖੀ ਹੱਕਾਂ ਲਈ ਫਿਕਰਮੰਦੀ ਅਤੇ ਪੰਥਕ ਸੋਚ ਤਹਿਤ ਦੇਸ਼ ਵਿਚਲੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦੇ ਸੋਲਵੇਂ ਦਿਨ ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਜਥੇਦਾਰ ਨਾਜਰ ਸਿੰਘ ਸਿੱਧੂ ਟੂਸੇ', ਜੰਗ ਸਿੰਘ ਸਿੱਧੂ ਟੂਸੇ, ਜਥੇਦਾਰ ਸ਼ਿੰਗਾਰਾ ਸਿੰਘ ਟੂਸੇ,ਬਲਦੇਵ ਸਿੰਘ ਦੇਵ ਸਰਾਭਾ ਆਪਣੇ ਸਹਿਯਗੀਆਂ ਨਾਲ ਬੈਠੇ ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਕਠੋਰ ਵਿਖਾਈ ਦਿੰਦੇ ਪੱਖਾਂ ਨੂੰ ਖੋਲ੍ਹਦਿਆਂ ਦੱਸਿਆ ਕਿ ਕੋਮਲ ਪਰ ਅਸ਼ਾਂਤ ਤੇ ਕੁਰਾਹੇ ਪਏ ਹੋਏ ਮਨਾਂ ਨੂੰ ਸਹੀ ਮਾਰਗ ‘ਤੇ ਲਿਆਉਣ ਲਈ ਸਾਡੇ ਵੱਡ-ਵਡੇਰ ਬਾਬਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੀਵਨ ਅਤੇ ਉਨ੍ਹਾਂ ਦੀਆਂ ਦੇਸ਼-ਕੌਮ ਵਾਸਤੇ ਘਾਲੀਆਂ ਘਾਲਣਾਵਾਂ ਹੀ ਮਾਰਗ ਦਰਸ਼ਨ ਹੋ ਸਕਦੀਆਂ ਹਨ। ਜਿਨ੍ਹਾਂ ਬਦੌਲਤ ਅਸੀਂ ਆਪ ਖੁਦ ਅੰਤਰੀਵ ਸ਼ਕਤੀਆਂ ਤੇ ਕੌਮੀ ਜਜ਼ਬੇ ਨੂੰ ਜਾਬਤੇ ਰੂਪੀ ਮਰਿਆਦਾ ‘ਚ ਬੰਨ੍ਹ ਕੇ ਮਿਥੇ ਲਖਸ਼ ਨੂੰ ਪ੍ਰਾਪਤ ਕਰ ਸਕਦੇ ਹਾਂ। ਅਫਸੋਸ, ਕਿ ਇਸ ਪੱਖ ਨੂੰ ਸਮਝਿਆ ਨਹੀਂ ਜਾ ਰਿਹਾ, ਸ਼ਾਇਦ ਇਸੇ ਲਈ ਈਰਖਾ ਦੇ ਵੇਗ ‘ਚ ਰੁੜਨ ਵਾਲਿਆਂ ਨੂੰ ਕੌਮੀ ਕਾਰਜ਼ ਰਾਸ ਨਹੀਂ ਆਉਦੇ, ਜਦਕਿ ਉਸਾਰੂ ਸੋਚ ਦੇ ਧਾਰਨੀਆਂ ਵਲੋਂ ਭੁੱਖ ਹੜਤਾਲ ਲਈ ਵਿੱਢੇ ਮੋਰਚੇ ‘ਚ ਹਾਜਰੀ ਭਰੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਭੁੱਖ ਹੜਤਾਲ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਪੱਪੂ ਸਰਾਭਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲਦਾ ਪੰਥਕ ਮੋਰਚਾ ਭੁੱਖ ਹਡ਼ਤਾਲ 'ਚ ਹਾਜ਼ਰੀ ਲਵਾਈ ਉਨ੍ਹਾਂ ਨੇ ਆਖਿਆ ਕਿ ਅਸੀਂ ਇਸ ਮੋਰਚੇ ਲਈ ਹਰ ਸਹਿਯੋਗ ਦੇਵਾਂਗੇ ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ  ਇਸ ਤੋਂ ਇਲਾਵਾ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਅਵਤਾਰ ਸਿੰਘ ਟੂਸੇ,ਬਿੰਦਰ ਸਿੰਘ ਸਰਾਭਾ ਮੁਖਤਿਆਰ ਸਿੰਘ ਟੂਸੇ,ਕੁਲਦੀਪ ਸਿੰਘ ਕਿਲਾ ਰਾਏਪੁਰ, ਬਲੌਰ ਸਿੰਘ ਸਰਾਭਾ ,ਬਲਦੇਵ ਸਿੰਘ ਈਸਨਪੁਰ ,ਨਿਰਭੈ ਸਿੰਘ ਅੱਬੂਵਾਲ,ਗਿਆਨੀ ਭੁਪਿੰਦਰ ਸਿੰਘ ਸਰਾਭਾ,ਲਵਪ੍ਰੀਤ ਸਿੰਘ ਸੋਨੂੰ ਟੂਸੇ,ਪਰਮਿੰਦਰ ਸਿੰਘ ਬਿੱਟੂ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ ,ਜਗਤਾਰ ਸਿੰਘ ਟੂਸੇ,ਪਰਮਜੀਤ ਸਿੰਘ ਬੱਗਡ਼ ਸਰਾਭਾ  ਆਦਿ ਨੇ ਹਾਜ਼ਰੀ ਭਰੀ।

ਅੱਜ ਔਰਤ ਦਿਵਸ ਤੇ ✍️ ਰਣਜੀਤ ਸਿੰਘ ਸੋਹੀ

ਕਹਿੰਦੇ ਜੱਗ ਜਨਨੀ ਹੈ ਨਾਰੀ
ਇਸ ਵਰਗਾ ਨਹੀਂ ਤਿਆਗੀ ਕੋਈ
ਨਾ  ਹੀ  ਹੈ  ਕੋਈ  ਪਰ ਉਪਕਾਰੀ
ਕਹਿੰਦੇ ਜੱਗ ਜਨਨੀ ਹੈ ਨਾਰੀ।
   ਭੈਣ ਬਣੇ ਤਾਂ ਵੀਰੇ ਤਾਈਂ
   ਸਾਮ ਸਵੇਰੇ ਪਿਆਰ ਜਤਾਉਂਦੀ
   ਵੀਰੇ  ਉਤੋਂ  ਜਾਨ  ਵਾਰਦੀ
   ਉਸਦੇ  ਸੌ-ਸੌ  ਸ਼ਗਨ ਮਨਾਉਂਦੀ
   ਰੱਖੜੀ, ਸਿਹਰਾ, ਜੌਂ  ਬੰਨਦੀ
   ਵੀਰੇ  ਨੂੰ ਲੱਗਦੀ  ਹੈ  ਪਿਆਰੀ
   ਕਹਿੰਦੇ ਜੱਗ ਜਨਨੀ.............
ਧੀ  ਹੋਵੇ ਤਾਂ  ਮਾਂ  ਬਾਪ ਦੀ
ਸੇਵਾ ਕਰਦੀ  ਚਾਈਂ-ਚਾਈਂ
ਮਾਂ  ਬਾਪ  ਨੂੰ  ਕੰਡਾ  ਵੱਜੇ
ਚੀਸ਼ ਪਵੇ ਧੀ ਦੇ ਦਿਲ ਤਾਈਂ
ਮਾਂ  ਬਾਪ  ਨੂੰ  ਪੀੜ  ਹੋਂਵਦੀ
ਜ਼ੁਲਮ ਸਹੇ ਜਦ ਧੀ ਵਿਚਾਰੀ
ਕਹਿੰਦੇ ਜੱਗ ਜਨਨੀ..........  
 ਪਤਨੀ ਫਣ ਕੇ ਫਰਜ਼ ਨਿਭਾਉਂਦੀ
 ਪਤੀ  ਦੇ  ਮੋਢੇ  ਨਾਲ  ਖੜੋਵੇ
 ਕਿਧਰੇ  ਸ਼ਾਹਣੀ  ਕੌਲਾਂ  ਬਣਕੇ
 ਵਿੱਚ ਪ੍ਰੀਖਿਆ  ਪਾਸ ਵੀ ਹੋਵੇ
 ਚੁੱਲ੍ਹਾ  ਪੈਰਾਂ  ਦਾ  ਬਣਾਕੇ
 ਰੋਟੀ ਲਾਹੁੰਦੀ  ਕਰਮਾ  ਮਾਰੀ
ਕਹਿੰਦੇ ਜੱਗ ਜਨਨੀ..........  
 ਮਾਂ ਦਾ ਰੂਪ ਵੀ ਘੱਟ ਨਾਂ ਕੋਈ
 ਦਿਲ  ਬੋਲਦਾ  ਹੱਥ  ਤੇ  ਧਰਿਆ
 ਤੈਨੂੰ ਪੁਤਰਾ ਸੱਟ ਜੇ ਲੱਗ ਗਈ
 ਇਹ  ਜਾਣਾ ਨਹੀਂ ਮੈਥੋਂ ਜਰਿਆ
  ਮਾਂ ਦਾ ਕੱਢਿਆ ਦਿਲ ਸੀ ਬੇਸ਼ੱਕ
 
ਪੁੱਤਰ  ਤੋਂ  ਜਾਵੇ  ਬਲਿਹਾਰੀ
  ਕਹਿੰਦੇ ਜੱਗ ਜਨਨੀ ..........
  ਕੁੱਖਾਂ  ਦੇ  ਵਿੱਚ  ਮਾਰੀ  ਜਾਂਦੀ
  ਵਿੱਚ   ਤੰਦੂਰਾਂ   ਸਾੜੀ   ਜਾਂਦੀ
  ਦਾਜ  ਦੀ ਖਾਤਰ ਇਹ ਇਸਤਰੀ
  ਬਲੀ  ਦਾਜ  ਦੀ  ਚਾੜ੍ਹੀ  ਜਾਂਦੀ
  ਸ਼ਹਿਰਾਂ ਦੇ ਵਿੱਚ ਹਰ ਪਲ ਵਿਕਦੀ
  ਇਸਦੀ  ਇੱਜ਼ਤ  ਸਰੇ  ਬਜਾਰੀਂ
  ਕਹਿੰਦੇ ਜੱਗ ਜਨਨੀ.............
  ਬਹਿਸਾਂ  ਕਰਦੇ  ਝਗੜੇ  ਕਰਦੇ
  ਜਦੋਂ  ਮਰਦ  ਇੱਕ  ਦੂਜੇ  ਤਾਈਂ
  ਚੌਂਕਾ  ਦੇ  ਵਿੱਚ  ਗਾਲਾਂ  ਕੱਢਦੇ
  ਮਾਵਾਂ  ਧੀਆਂ  ਭੈਣਾਂ  ਤਾਈਂ
  ਕਸੂਰ  ਕੀ  ਕੀਤਾ ਇਸਤਰੀਆਂ ਨੇ
  ਕਦੇ  ਵੀ  ਨਾ ਇਹ ਗੱਲ ਵਿਚਾਰੀ
  ਕਹਿੰਦੇ ਜੱਗ ਜਨਨੀ ਹੈ ............
  ਬੁਰਾ  ਨਾ  ਬੋਲੋ  ਇਸਤਰੀਆਂ ਨੂੰ
  'ਸੋਹੀ'  ਦਾ  ਬੱਸ ਇਹ ਹੀ ਕਹਿਣਾ
  ਦੇਸ਼  ਨਾ  ਚੱਲਣਾ  ਬਿਨ  ਨਾਰੀ ਦੇ
  ਇਹ  ਤਾਂ  ਹੁਣ  ਮੰਨਣਾ  ਹੀ  ਪੈਣਾ
  ਤਾਹੀਉਂ ਤਾਂ ਗੁਰੂ ਨਾਨਕ ਜੀ ਨੇ,
  ਕੀਤਾ ਹੈ ਫੁਰਮਾਨ।
  ਸੋ  ਕਿਉਂ  ਮੰਦਾ  ਆਖੀਐ ,
  ਜਿਤੁ  ਜੰਮੈ  ਰਾਜਾਨ।
  ਇੱਜ਼ਤ  ਦੇ  ਨਾਲ  ਬੋਲੋ  ਇਸਨੂੰ
  ਔਰਤ  ਇੱਜ਼ਤ  ਦੀ  ਅਧਿਕਾਰੀ
  ਕਹਿੰਦੇ  ਜੱਗ  ਜਨਨੀ  ਹੈ  ਨਾਰੀ
  ਇਸ ਵਰਗਾ ਨਹੀਂ ..........

ਲੇਖਕ :-ਰਣਜੀਤ ਸਿੰਘ ਸੋਹੀ

 

ਪੰਜਾਬ ਤੋਂ ਚੰਡੀਗੜ੍ਹ ਖੋਹਣ ਦੀ ਸਾਜ਼ਿਸ਼ ਰਚ ਰਹੀ ਕੇਂਦਰ ਸਰਕਾਰ : ਨਿਰਭੈ ਛੀਨੀਵਾਲ        

ਅਵੀਕਰਨ ਬਰਨਾਲਾ ਨੂੰ ਜਥੇਬੰਦੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ             
               ਮਹਿਲ ਕਲਾਂ /ਬਰਨਾਲਾ 8 ਮਾਰਚ (ਗੁਰਸੇਵਕ ਸੋਹੀ) ਕੇਂਦਰ ਸਰਕਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਤੋਂ ਬਾਅਦ ਹੁਣ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੱਕੇ ਤੌਰ 'ਤੇ ਯੂ ਟੀ ਬਣਾਉਣ ਦੀ ਸਾਜ਼ਿਸ਼ਾ ਰੱਜ ਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ । ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨਾਂ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ, ਸਿੱਖ ਹਿਸਟਰੀ ਨੂੰ ਕਿਤਾਬਾਂ ਵਿਚ ਤੋੜ ਮਰੋੜ ਕੇ ਪੇਸ਼ ਕੀਤਾ ਗਿਆ । ਕਿਸਾਨ ਆਗੂ ਨੇ ਕਿਹਾ ਕਿ ਭਾਖੜਾ ਡੈਮ ਪੰਜਾਬ ਦੇ ਪੈਸੇ ਨਾਲ ਉਸਾਰਿਆ ਗਿਆ ਹੈ ਅਤੇ ਕਾਨੂੰਨ ਅਨੁਸਾਰ ਵੀ ਇਸ 'ਤੇ ਸਟੇਟ ਦੀ ਮਾਲਕੀ ਬਣਦੀ ਹੈ। ਉਨਾਂ ਕਿਹਾ ਕਿ ਅੰਗਰੇਜ਼ ਹਕੂਮਤ ਵੇਲੇ ਰਾਜਸਥਾਨ ਨੂੰ ਪਾਣੀ ਮੁੱਲ ਦਿੱਤਾ ਜਾਂਦਾ ਸੀ, ਪਰ ਹੁਣ ਧੱਕੇ ਨਾਲ ਦਿੱਲੀ ਅਤੇ ਰਾਜਸਥਾਨ ਨੂੰ ਮੁਫ਼ਤ ਪਾਣੀ ਦਿੱਤਾ ਜਾ ਰਿਹਾ ਹੈ, ਜਿਹੜਾ ਕਿ ਪੰਜਾਬ ਨਾਲ ਸ਼ਰ੍ਹੇਆਮ ਧੱਕਾ ਤੇ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਵਿਚ ਡੈਮ ਸੇਫਟੀ ਬਿੱਲ ਪਾਸ ਕਰਕੇ ਭਾਖੜਾ ਡੈਮ 'ਤੇ ਕਬਜ਼ੇ ਦੀ ਸਾਜ਼ਸ਼ਿ ਰਚੀ ਹੈ, ਜਿਸ ਨੂੰ ਸੂਬੇ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨਾਂ੍ਹ ਹਿਸਟਰੀ ਦੀਆਂ ਕਿਤਾਬਾਂ ਵਿਚ ਸਿੱਖ ਧਰਮ ਸਬੰਧੀ ਵਰਤੀ ਗਈ ਮਾੜੀ ਸ਼ਬਦਾਵਲੀ ਦੀ ਸਖ਼ਤ ਨਿੰਦਾ ਕਰਦਿਆਂ ਮੰਗ ਕੀਤੀ ਕਿ ਕਿਤਾਬਾਂ ਪ੍ਰਕਾਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਰਾਜੇਵਾਲ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਇੱਥੇ ਪਹਿਲਾਂ 60:40 ਦੀ ਰੇਸ਼ੋ ਨਾਲ ਪੰਜਾਬ ਹਰਿਆਣਾ ਦੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਸਨ, ਪਰ ਹੁਣ ਇੱਥੇ ਪੰਜਾਬ ਦਾ ਕੋਈ ਮੁਲਾਜ਼ਮ ਭਰਤੀ ਨਹੀਂ ਕੀਤਾ ਜਾ ਰਿਹਾ। ਉਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੱਕੇ ਤੌਰ 'ਤੇ ਯੂ ਟੀ ਬਣਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕੀਤਾ ਜਾਵੇ। ਉਨਾਂ ਕਿਹਾ ਕਿ ਜੇਕਰ ਉਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਯੁਕਤ ਸਮਾਜ ਮੋਰਚਾ ਵੱਡਾ ਸੰਘਰਸ਼ ਖੜ੍ਹਾ ਕਰੇਗਾ । ਇਸ ਮੌਕੇ ਹਲਕਾ ਬਰਨਾਲਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਅਵੀਕਰਨ ਬਰਨਾਲਾ ਨੂੰ ਜਥੇਬੰਦੀ ਦੇ ਵਰਕਰਾਂ ਤੇ ਆਗੂਆਂ ਦੀ ਸਹਿਮਤੀ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਬੀ ਕੇ ਯੂ ਰਾਜੇਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ, ਜਰਨਲ ਸਕੱਤਰ ਅਜਮੇਰ ਸਿੰਘ ਹੁੰਦਲ ,ਐਡਵੋਕੇਟ ਜਸਬੀਰ ਸਿੰਘ ਖੇੜੀ ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਮੀਤ ਪ੍ਰਧਾਨ ਹਰਦੇਵ ਸਿੰਘ ਕਾਕਾ ,ਪੰਚ ਨਿਰਭੈ ਸਿੰਘ ਢੀਂਡਸਾ, ਹਾਕਮ ਸਿੰਘ ਕੁਰੜ੍ ,ਜੱਗਾ ਸਿੰਘ ਗਹਿਲ, ਮੁਖਤਿਆਰ ਸਿੰਘ ਬੀਹਲਾ, ਜਗਦੇਵ ਸਿੰਘ ਟੱਲੇਵਾਲ, ਅਮਰਜੀਤ ਸਿੰਘ ਚੰਨਣਵਾਲ ,ਜਗਤਾਰ ਸਿੰਘ ਚੰਨਣਵਾਲ ,ਸਾਹਿਬ ਸਿੰਘ ਵਜੀਦਕੇ ਖੁਰਦ, ਕਰਨੈਲ ਸਿੰਘ ਕੁਰੜ੍, ਗੁਰਬਚਨ ਸਿੰਘ ਛੀਨੀਵਾਲ, ਨੰਬਰਦਾਰ ਸੰਤ ਸਿੰਘ, ਬਹਾਲ ਸਿੰਘ ਕੁਰੜ ,ਜਸਵੰਤ ਸਿੰਘ ਛੀਨੀਵਾਲ ਕਲਾਂ ,ਰਮਨਦੀਪ ਸਿੰਘ ਧਾਲੀਵਾਲ ਆਦਿ ਤੋਂ ਇਲਾਵਾ ਹੋਰ ਵਰਕਰ ਆਗੂ ਵੀ ਹਾਜ਼ਰ ਸਨ।

ਮਹਿਕਮੇ ਦੀ ਅਣਗਹਿਲੀ ਕਾਰਨ ਸੜਕ ਉੱਪਰ ਡਿੱਗ ਰਹੇ ਸੁੱਕੇ ਦਰੱਖਤਾਂ ਕਾਰਨ ਹਾਦਸੇ ਵਾਪਰਨ ਦਾ ਡਰ

ਮਹਿਕਮੇ ਨੇ ਢੁੱਕਵਾਂ ਕਦਮ ਨਾ ਚੁੱਕਿਆ ਤਾਂ ਵੱਖ ਵੱਖ ਜਥੇਬੰਦੀਆਂ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ-ਗਹਿਲ              

 ਮਹਿਲ ਕਲਾਂ /ਬਰਨਾਲਾ 8 ਮਾਰਚ (ਗੁਰਸੇਵਕ ਸੋਹੀ )-  ਪਿੰਡ ਗਹਿਲ ,ਬੀਹਲ੍ਹਾ ਅਤੇ ਟੱਲੇਵਾਲ ਨਾਲ ਸੰਬੰਧਿਤ  ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਸਨੀਕਾਂ ਵੱਲੋਂ ਕਿਸਾਨ ਆਗੂ ਜਗਰੂਪ ਸਿੰਘ ਗਹਿਲ ਦੀ ਅਗਵਾਈ ਹੇਠ ਪਿੰਡ ਗਹਿਲ ਤੋ  ਬੀਹਲਾ ,ਟੱਲੇਵਾਲ ਦੇ ਪੁਲ ਤੱਕ ਨਹਿਰ ਦੀ ਪਟੜੀ ਦੇ ਨਾਲ ਜਾਂਦੀ ਸੜਕ ਦੇ ਕਿਨਾਰਿਆਂ ਤੇ ਸੁੱਕੇ ਖੜ੍ਹੇ ਖਾਸਤਾ ਹਾਲਤ ਵਿਚ ਦਰੱਖਤ ਮਹਿਕਮੇ ਦੀ ਅਣਗਹਿਲੀ ਕਰਕੇ ਲਗਾਤਾਰ ਸੜਕ ਤੇ ਡਿੱਗਣ ਕਾਰਨ ਰੋਹ ਵਿੱਚ ਆਏ ਲੋਕਾਂ ਵੱਲੋਂ ਪੰਜਾਬ ਸਰਕਾਰ ਤੇ ਮਹਿਕਮੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਆਗੂ ਜਗਰੂਪ ਸਿੰਘ ਗਹਿਲ, ਕੁਲਵਿੰਦਰ ਸਿੰਘ, ਵਜ਼ੀਰ ਸਿੰਘ, ਜੋਗਿੰਦਰ ਸਿੰਘ,ਕੇਵਲ ਸਿੰਘ ,ਮਹਿੰਦਰ ਸਿੰਘ,ਬਲਬੀਰ ਸਿੰਘ,ਹਰਦੀਪ ਸਿੰਘ, ਜੱਗਾ ਸਿੰਘ ਨੇ ਕਿਹਾ ਕਿ ਪਿੰਡ ਗਹਿਲ ਤੋ ਬੀਹਲਾ ਅਤੇ ਟੱਲੇਵਾਲ ਦੇ ਨਹਿਰ ਦੀ ਪਟੜੀ ਦੇ ਨਜ਼ਦੀਕ ਦੀ ਜਾਂਦੀ ਸੜਕ ਦੇ ਕਿਨਾਰੇ ਖੜ੍ਹੇ ਸੁੱਕੇ ਦਰੱਖਤਾਂ ਦੇ ਲਗਾਤਾਰ ਡਿੱਗਣ ਕਾਰਨ ਪਿਛਲੇ ਕਈ ਸਾਲਾਂ ਤੋਂ ਹਾਦਸੇ ਵਾਪਰ ਰਹੇ ਹਨ। ਪਰ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸਬੰਧਤ ਮਹਿਕਮੇ ਨੂੰ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੂਦ ਵੀ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਡ਼ਕ ਉੱਪਰ ਪਹਿਲਾਂ ਵੀ ਸੜਕ ਹਾਦਸੇ ਵਾਪਰਨ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।  ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਨਵੀਂ ਬਣਾਈ ਜਾ ਰਹੀ ਸੜਕ ਤੋਂ ਪਹਿਲਾਂ ਸੁੱਕੇ ਖ਼ਸਤਾ ਹਾਲਤ ਵਿੱਚ ਖੜ੍ਹੇ ਦਰੱਖਤਾਂ ਦਾ ਢੁੱਕਵਾਂ ਪ੍ਰਬੰਧ ਕਰਕੇ ਉਸ ਤੋਂ ਬਾਅਦ ਹੀ ਨਵੀਂ ਸੜਕ ਦੀ ਉਸਾਰੀ ਦਾ ਕੰਮ ਚਲਾਇਆ ਜਾਵੇ । ਉਨ੍ਹਾਂ ਕਿਹਾ ਕਿ ਅੱਜ ਜਦੋਂ ਸਡ਼ਕ ਉੱਪਰ ਇਕ ਗੱਡੀ ਜਾ ਰਹੀ ਸੀ ਤਾਂ ਅਚਾਨਕ ਹੀ ਖ਼ਸਤਾ ਹਾਲਤ ਵਿੱਚ ਸੜਕ ਕਿਨਾਰੇ ਖੜ੍ਹੇ ਦਰੱਖਤ ਦੇ ਡਿੱਗਣ ਨਾਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਖੜ੍ਹੇ ਖ਼ਸਤਾ ਹਾਲਤ ਵਿੱਚ ਦਰੱਖਤਾਂ ਦੇ ਲਗਾਤਾਰ ਡਿੱਗਣ ਕਰਕੇ ਆਉਣ ਜਾਣ ਵਾਲੇ ਵ੍ਹੀਕਲਾਂ ਤੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਦੌਰਾ ਕੀਤੇ ਜਾਣ ਦੇ ਬਾਵਜੂਦ ਵੀ ਖਸਤਾ ਹਾਲਤ ਵਿੱਚ ਖੜ੍ਹੇ ਸੁੱਕੇ ਦਰਖ਼ਤਾਂ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ ।ਉਨ੍ਹਾਂ ਮੰਗ ਕੀਤੀ ਨਵੀਂ ਸਡ਼ਕ ਬਣਾਉਣ ਤੋਂ ਪਹਿਲਾਂ ਸੜਕ ਕਿਨਾਰੇ ਵੀ ਖਸਤਾ ਹਾਲਤ ਵਿੱਚ ਖੜ੍ਹੇ ਦਰੱਖਤਾਂ ਦਾ ਢੁੱਕਵਾਂ ਪ੍ਰਬੰਧ ਕਰਕੇ ਉਸ ਤੋਂ ਬਾਅਦ ਹੀ ਨਵੀਂ ਸੜਕ ਦੀ ਉਸਾਰੀ ਕੀਤੀ ਜਾਵੇ ।ਉਕਤ ਆਗੂਆਂ ਨੇ ਚਿਤਾਵਨੀ ਦਿੱਤੀ ਜੇਕਰ ਮਹਿਕਮੇ ਨੇ ਕੁਲ ਢੁੱਕਵਾਂ ਪ੍ਰਬੰਧ ਨਾ ਕੀਤਾ ਜਥੇਬੰਦੀ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਅਗਲਾ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਏਗੀ।

ਕੌਮਾਂਤਰੀ ਔਰਤ ਦਿਵਸ 'ਤੇ ਵਿਸ਼ੇਸ਼ ✍️ ਸਲੇਮਪੁਰੀ ਦੀ ਚੂੰਢੀ

 ਮੇਰੀ ਪੱਗ!
 ਔਰਤ ਦਿਵਸ ਮੌਕੇ ਮੈਨੂੰ ਆਪਣੀ ਮਾਂ ਬਹੁਤ ਯਾਦ ਆਉਂਦੀ ਹੈ, ਪਰ ਉਂਝ ਵੀ ਮੈਨੂੰ ਉਹ ਕਦੇ ਭੁੱਲਦੀ ਨਹੀਂ।ਆਪਣੇ ਕਿੱਤੇ ਪ੍ਰਤੀ ਅਧੂਰੀ ਜਾਣਕਾਰੀ ਰੱਖਦੇ ਹੋਏ ਡਾਕਟਰਾਂ ਦੀ ਵਜ੍ਹਾ ਕਾਰਨ ਉਹ ਆਪਣੀ ਉਮਰ ਤੋਂ ਬਹੁਤ ਪਹਿਲਾਂ ਸਾਨੂੰ ਰੋਂਦਿਆਂ ਕੁਰਲਾਉਂਦਿਆਂ, ਵਿਲਕਦਿਆਂ ਛੱਡ ਕੇ ਤੁਰ ਗਈ ਸੀ। ਉਹ ਸਾਨੂੰ ਪੰਜ ਭਰਾਵਾਂ ਅਤੇ ਇੱਕ ਭੈਣ ਨੂੰ ਪਾਲਣ ਲਈ ਸਾਡੇ ਬਾਪੂ ਜੀ ਨਾਲ ਮੋਢਾ ਨਾਲ ਮੋਢਾ ਲਾ ਕੇ ਕੰਮ ਕਰਦੀ ਸੀ। ਪਿੰਡ ਵਿਚ ਲੋਕਾਂ ਦੇ ਘਰਾਂ ਵਿਚ ਉਹ ਸਫਾਈ ਦਾ ਕੰਮ ਕਰਦੀ ਜਦੋਂ ਦੇਰ ਸ਼ਾਮ ਨੂੰ ਆਉਂਦੀ ਤਾਂ ਉਸ ਦਾ ਸਰੀਰ ਫੋੜੇ ਵਾਗੂੰ ਦਰਦ ਕਰਦਾ ਹੁੰਦਾ ਸੀ, ਫਿਰ ਉਸ ਨੇ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਆਪਣੀਆਂ ਲੱਤਾਂ ਘੁੱਟਣ ਲਈ ਕਹਿਣਾ, ਅਸੀਂ ਘੁੱਟਣੀ ਤਾਂ ਉਸ ਨੂੰ ਦਰਦ ਤੋਂ ਰਾਹਤ ਮਿਲਣੀ। ਕੰਮ ਕਰਦਿਆਂ ਕਰਦਿਆਂ ਉਸ ਦੇ ਸਰੀਰ ਵਿਚ ਖੱਲੀਆਂ ਪੈ ਜਾਂਦੀਆਂ ਸਨ। ਲੋਕਾਂ ਦੇ ਘਰਾਂ ਵਿਚ ਕੀਤੇ ਕੰਮ ਬਦਲੇ ਉਹ ਸ਼ਾਮ ਵੇਲੇ ਆਪਣੀ ਚੁੰਨੀ ਵਿਚ ਤਰ੍ਹਾਂ ਤਰ੍ਹਾਂ ਦੀਆਂ ਰੋਟੀਆਂ ਲਪੇਟ ਕੇ ਅਤੇ ਸਿਲਵਰ ਦੇ ਡੋਲੂ ਵਿਚ ਦਾਲ /ਸਬਜੀ ਇਕੱਠੀ ਕਰਕੇ ਲਿਆਉਂਦੀ, ਉਹ ਅਸੀਂ ਇਕੱਠੇ ਬਹਿ ਕੇ ਖਾਂਦੇ। ਕਈ ਵਾਰ ਤਾਂ ਕਈ ਘਰਾਂ ਵਾਲੇ ਬੇਹੀਆਂ-ਤਬੇਹੀਆਂ ਰੋਟੀਆਂ ਅਤੇ ਦਾਲਾਂ ਸਬਜੀਆਂ ਦਿੰਦੇ ਸਨ ਪਰ ਅਸੀਂ ਉਹ ਵੀ ਬਿਸਕੁਟ ਸਮਝ ਕੇ ਖਾ ਲੈਂਦੇ। ਉਹ ਕਦੀ ਵੀ ਸਾਨੂੰ ਭੁੱਖਾ ਨਹੀਂ ਸੀ ਰੱਖਦੀ। ਸਾਡੀ ਇੱਕ ਵੱਡੀ ਭੈਣ ਸੀ ਕਰਮਜੀਤ ਕੌਰ, ਜਿਸ ਨੂੰ 'ਕਰਮੀ' ਕਹਿ ਕੇ ਬੁਲਾਉਂਦੇ ਸਾਂ, ਉਸ ਦਾ ਨਾਂ ਕਰਮੀ ਸੀ, ਪਰ ਕਰਮ ਮਾੜੇ ਸੀ। ਸ਼ਾਇਦ ਉਹ ਅਜੇ ਪ੍ਰਾਇਮਰੀ ਸਕੂਲ ਵਿਚ ਹੀ ਪੜ੍ਹਦੀ ਸੀ ਕਿ ਉਸ ਦੀਆਂ ਲੱਤਾਂ ਵਿਚ ਚੀਸਾਂ/ ਦਰਦਾਂ ਸ਼ੁਰੂ ਹੋ ਗਈਆਂ, ਸਾਡੀ ਮਾਂ ਅਤੇ ਪਿਓ ਨੇ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋਈ, ਆਖਰ ਮੰਜੇ ਉਪਰ ਡਿੱਗ ਪਈ, ਪਰ ਸਾਡੀ ਭੈਣ ਨੇ ਹੌਸਲਾ ਬੁਲੰਦ ਰੱਖਿਆ। ਉਹ ਮੰਜੇ ਉਪਰ ਬੈਠੀ ਘਰ ਦੇ ਕੰਮ ਕਰਦੀ ਰਹਿੰਦੀ, ਉਹ ਸਵੈਟਰ ਕੋਟੀਆਂ ਬਣਦੀ, ਸਬਜੀਆਂ ਚੀਰਦੀ, ਸਾਡੇ ਘਰ ਦਾ ਸਾਰਾ ਹਿਸਾਬ ਕਿਤਾਬ ਰੱਖਦੀ, ਸਾਨੂੰ ਪੜ੍ਹਾਉਂਦੀ, ਪਹਾੜੇ ਸਿਖਾਉਂਦੀ ਅਤੇ ਅਨੇਕਾਂ ਕੰਮ ਕਰਦੀ। ਡੰਡੇ ਦੇ ਸਹਾਰੇ ਉਹ ਉਹ ਗੁਸਲਖਾਨੇ ਤੱਕ ਚਲੀ ਜਾਂਦੀ ਸੀ। ਅਸੀਂ ਸਾਰਾ ਪਰਿਵਾਰ ਉਸ ਨੂੰ ਕਦੀ ਵੀ ਤੱਤੀ ਵਾ ਨਾ ਲੱਗਣ ਦਿੰਦੇ ਅਤੇ ਉਹ ਵੀ ਸਾਡਾ ਬਹੁਤ ਧਿਆਨ ਰੱਖਦੀ। ਮਾਂ ਦੀ ਮੌਤ ਤੋਂ ਬਾਅਦ ਉਸ ਨੇ ਸਾਡੇ ਬਾਪ ਨਾਲ ਮਿਲ ਕੇ ਆਪਣੇ ਹੱਥੀਂ ਸਾਡੇ ਵਿਆਹ ਕੀਤੇ। ਸਾਡੇ ਵਿੱਚੋਂ ਜੇ ਕੋਈ ਢਿੱਲਾ ਮੱਠਾ ਹੋ ਜਾਂਦਾ ਤਾਂ ਉਹ ਅੱਧੀ ਅੱਧੀ ਰਾਤ ਤੱਕ ਉਸ ਦਾ ਹੱਥਾਂ ਨਾਲ ਸਿਰ ਘੁੱਟਦੀ ਰਹਿੰਦੀ। ਸਾਡੇ ਵਿਚੋਂ ਜੇ ਕਿਸੇ ਨੇ ਘਰ ਤੋਂ ਬਾਹਰ ਜਾਣਾ ਹੁੰਦਾ ਤਾਂ ਉਸ ਨੂੰ ਪੁੱਛ ਕੇ ਜਾਂਦਾ, ਸ਼ਾਮ ਵੇਲੇ ਜੇ ਕਿਤੇ ਦੇਰ-ਸਵੇਰ ਹੋ ਜਾਣੀ ਤਾਂ ਉਸ ਨੇ ਟੈਲੀਫੋਨ ਖੜਕਾਉੰਦੇ ਰਹਿਣਾ। ਰਾਤ ਵੇਲੇ ਜਦੋਂ ਅਸੀਂ ਪੜ੍ਹਦੇ ਹੋਣਾ ਤਾਂ ਉਹ ਨਾਲ ਜਾਗਦੀ ਸੀ। ਸਾਡੇ ਸਾਰੇ ਰਿਸ਼ਤੇਦਾਰਾਂ ਸਮੇਤ ਪਿੰਡ ਦੇ ਸਾਰੇ ਲੋਕ ਅਤੇ ਸਾਡੇ ਮਿੱਤਰ-ਦੋਸਤ ਅਤੇ ਅੱਗਿਓਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੱਭ ਜਣੇ ਉਸ ਦਾ ਬਹੁਤ ਸਤਿਕਾਰ ਕਰਦੇ ਸਨ, ਕਿਉਂਕਿ ਉਹ ਮੰਜੇ ਉਪਰ ਹੋਣ ਦੇ ਬਾਵਜੂਦ ਵੀ ਬਹੁਤ ਹੀ ਨੇਕ ਸੁਭਾਅ ਦੀ ਮਾਲਕਣ ਸੀ। ਘਰ ਆਏ ਮਹਿਮਾਨਾਂ ਦਾ ਬਹੁਤ ਆਓ-ਭਗਤ ਕਰਦੀ ਸੀ। ਇਹੀ ਕਾਰਨ ਸੀ ਕਿ ਉਸ ਦੀ ਜਦੋਂ ਮੌਤ ਹੋਈ ਤਾਂ ਉਸ ਦੀ ਅਰਥੀ ਪਿਛੇ ਘਰ ਤੋਂ ਲੈ ਕੇ ਸਿਵਿਆਂ ਤੱਕ ਇੱਕ ਕਿਲੋਮੀਟਰ ਤੱਕ ਹਮਦਰਦਾਂ ਦੀ ਲੰਬੀ ਕਤਾਰ ਲੱਗੀ ਹੋਈ ਸੀ ਅਤੇ ਫਿਰ ਜਦੋਂ ਉਸ ਦਾ ਭੋਗ ਪਾਇਆ ਤਾਂ ਖੇਤ ਵਿਚ ਪੰਡਾਲ ਲਾਉਣਾ ਪਿਆ। ਉਸ ਦੀ ਮੌਤ ਦਾ ਕਾਰਨ ਛਾਤੀ ਦਾ ਕੈਂਸਰ ਸੀ। ਅਸੀਂ ਉਸ ਦਾ ਬਹੁਤ ਇਲਾਜ ਕਰਵਾਇਆ, ਇਲਾਜ ਪਿਛੋਂ ਕਈ ਸਾਲ ਜਿਉਂਦੀ ਰਹੀ, ਅਖੀਰ ਅਚਾਨਕ ਦਿਲ ਦਾ ਦੌਰਾ ਪਿਆ ਜੋ ਜਾਨ - ਲੇਵਾ ਹੋ ਨਿਬੜਿਆ। ਅੱਜ ਔਰਤ ਦਿਵਸ ਮੌਕੇ ਮੈਂ ਆਪਣੀ ਮਾਂ ਅਤੇ ਭੈਣ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਕਿ ਉਨ੍ਹਾਂ ਦੀ ਬਦੌਲਤ ਸਾਡੇ ਪਰਿਵਾਰ ਸਮਾਜ ਵਿਚ ਅੱਜ ਵਿਲੱਖਣ ਥਾਂ ਬਣਾ ਕੇ ਬੈਠਾ ਹੈ। ਮੇਰੀ ਜੀਵਨ ਸਾਥਣ ਪਰਮਜੀਤ ਕੌਰ ਜੋ ਕੇਂਦਰ ਸਰਕਾਰ ਦੇ ਬਹੁਤ ਹੀ ਮਹੱਤਵਪੂਰਨ ਇੱਕ ਵਿਭਾਗ ਵਿਚ ਐਡਮਿਨ ਅਫਸਰ ਹੈ ਨੂੰ ਮੇਰੀ ਭੈਣ ਨੇ ਹੀ ਚੁਣਿਆ ਸੀ। ਮੇਰੀ ਜੀਵਨ ਸਾਥਣ ਇੱਕ ਉਹ ਇਨਸਾਨ ਹੈ, ਜਿਸ ਵਿਚ ਉਹ ਸਾਰੇ ਗੁਣ ਹਨ, ਜੋ ਇਕ ਨੇਕ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਉਹ ਹਰ ਕੰਮ ਵਿਚ ਇਕ ਨਿਪੁੰਨ ਔਰਤ ਹੈ। ਜਿਥੇ ਉਹ ਇਕ ਸਿਆਣੀ ਪਤਨੀ ਅਤੇ ਬੱਚਿਆਂ ਦੀ ਮਾਂ ਹੈ, ਉਥੇ ਉਹ ਆਪਣੇ ਦਫਤਰ ਦੀ ਇਕ ਨਿਪੁੰਨ ਪ੍ਰਬੰਧਕਾ ਵੀ ਹੈ। ਦਫਤਰੀ ਕੰਮਾਂ ਪ੍ਰਤੀ ਪੂਰੀ ਸੂਝਬੂਝ ਰੱਖਦੀ ਹੈ। ਉਸ ਦੇ ਦਫਤਰ ਵਿਚ ਜਿਨ੍ਹੇ ਵੀ ਅਧਿਕਾਰੀ ਅਤੇ ਕਰਮਚਾਰੀ ਕੰਮ ਕਰਦੇ ਹਨ, ਸਾਰਿਆਂ ਦਾ ਦਿਲੋਂ ਸਤਿਕਾਰ ਕਰਦੀ ਹੈ,, ਇਹ ਹੀ ਕਾਰਨ ਹੈ ਕਿ ਪਿਛਲੇ ਦਿਨੀਂ ਜਦੋਂ ਉਸ ਦੀ ਦੂਜੇ ਦਫਤਰ ਵਿਚ ਜੋ ਬਿਲਕੁਲ ਨਾਲ ਹੀ ਹੈ, ਵਿਚ ਬਦਲੀ ਹੋਈ ਤਾਂ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਹੰਝੂ ਸਨ। ਦਫਤਰ ਦੇ ਮੁਲਾਜ਼ਮਾਂ ਨੇ ਉਸ ਨੂੰ ਢੇਰ ਸਾਰੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਉਹ ਦੁੱਖ ਸੁੱਖ ਵਿੱਚ ਜਿਥੇ ਰਿਸ਼ਤੇਦਾਰਾਂ ਲਈ ਸਹਾਰਾ ਬਣਦੀ ਹੈ,, ਉਹ ਪਿੰਡ ਦੇ ਲੋੜਵੰਦਾਂ ਅਤੇ ਭੈਣਾਂ-ਭਰਾਵਾਂ ਵਰਗੇ ਮਿੱਤਰਾਂ ਦੋਸਤਾਂ ਨੂੰ ਔਖੇ ਸਮੇਂ ਵਿਚ ਸਹਿਯੋਗ ਦੇਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਬਿਨਾਂ ਕਿਸੇ ਲੋਭ ਲਾਲਚ ਤੋਂ ਦੂਜਿਆਂ ਦਾ ਸਤਿਕਾਰ ਕਰਨਾ ਅਤੇ ਸੱਭ ਨੂੰ ਪਿਆਰ ਕਰਨਾ ਉਸ ਦੀ ਜਿੰਦਗੀ ਦਾ ਨਿਯਮ ਹੈ। ਉਹ ਅੰਦਰੋਂ-ਬਾਹਰੋਂ ਇੱਕ ਹੈ। ਉਹ ਦੂਜੇ ਨੂੰ ਨੀਵਾਂ ਦਿਖਾ ਕੇ ਖੁਦ ਉੱਚਾ ਬਣਨ ਦੀ ਕਦੀ ਵੀ ਕੋਸ਼ਿਸ਼ ਨਹੀਂ ਕਰਦੀ। ਉਹ ਵਿਗਿਆਨਿਕ ਸੋਚ ਦੀ ਧਾਰਨੀ ਹੋਣ ਕਰਕੇ ਪਾਖੰਡਵਾਦ ਅਤੇ ਵਹਿਮਾਂ ਭਰਮਾਂ ਤੋਂ ਨਿਰਲੇਪ ਹੈ। ਉਹ ਇੱਕ ਸੰਪੂਰਨ ਔਰਤ ਹੈ, ਜਿਹੜੀ ਪਰਿਵਾਰ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੇ ਦਫਤਰ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਫਰਜ ਅਦਾ ਕਰਦੀ ਹੈ। ਉਹ ਕੇਵਲ ਇਕ ਪ੍ਰਬੰਧ ਅਫਸਰ ਹੀ ਨਹੀਂ ਬਲਕਿ ਰਸੋਈ ਵਿਚ ਵੱਖ ਵੱਖ ਪਕਵਾਨ ਬਣਾਉਣ ਵਿਚ ਮੁਹਾਰਤ ਰੱਖਦੀ ਹੈ, ਕੋਟੀਆਂ, ਸਵੈਟਰ ਬਣਦੀ ਹੈ, ਘਰ ਦੇ ਵਿਸ਼ਾਲ ਵਿਹੜੇ ਵਿਚ ਬਣਾਈ ਕਿਚਨ ਗਾਰਡਨ, ਫੁੱਲਾਂ ਅਤੇ ਫਲਾਂ ਦੇ ਬੂਟਿਆਂ ਦੀ ਕਾਂਟੀ-ਛਾਂਟੀ ਖੁਦ ਕਰਕੇ ਉਸ ਨੂੰ ਸੰਤੁਸ਼ਟੀ ਮਿਲਦੀ ਹੈ। ਦਫਤਰ ਦੇ ਚਪੜਾਸੀ ਜਾਂ  ਆਪਣੇ ਅਧੀਨ ਕੰਮ ਕਰਦੇ ਕਿਸੇ ਮੁਲਾਜ਼ਮ ਤੋਂ ਆਪਣੇ ਘਰ ਦਾ ਕੰਮ ਕਰਵਾਉਣ ਤੋਂ ਉਹ ਬਿਲਕੁਲ ਨਿਰਲੇਪ ਹੈ। ਦੂਜਿਆਂ ਦੇ ਦਰਦ ਉਪਰ ਗਰਮ ਪਾਣੀ ਦੀ ਟਕੋਰ ਕਰਨਾ ਉਸ ਦਾ ਸੁਭਾਅ ਹੈ। ਕਿਸੇ ਨੂੰ  ਪ੍ਰੇਸ਼ਾਨ ਜਾਂ ਜਲੀਲ ਨਾ ਕਰਨਾ ਉਸ ਦੇ ਦਿਲ ਦੀ ਕਿਤਾਬ ਦੇ ਕਿਸੇ ਪੰਨੇ ਉਪਰ ਉੱਕਰਿਆ ਨਹੀਂ ਹੈ।
ਸੱਚ ਮੁੱਚ ਮੇਰੀ ਮਾਂ,ਮੇਰੀ ਭੈਣ ਅਤੇ ਜੀਵਨ ਸਾਥਣ ਮੇਰੀ ਪੱਗ ਹਨ ,
ਮੇਰੀ ਸ਼ਾਨ ਹਨ। ਮੈਂ ਸੋਚਦਾ ਹਾਂ ਕਿ ਹਰ ਪਰਿਵਾਰ ਵਿਚ ਮੇਰੇ ਮਾਂ, ਮੇਰੀ ਭੈਣ ਅਤੇ ਮੇਰੀ ਘਰਵਾਲੀ ਵਰਗੀਆਂ ਔਰਤਾਂ ਹੋਣੀਆਂ ਚਾਹੀਦੀਆਂ ਹਨ। ਮੇਰੀ ਘਰਵਾਲੀ ਦੀ ਕੁੱਖੋਂ ਕੋਈ ਬੇਟੀ ਪੈਦਾ ਨਹੀਂ ਹੋਈ, ਪਰ ਉਹ ਸਮਾਜ ਦੀ ਹਰ ਬੇਟੀ ਨੂੰ ਆਪਣੇ ਦੋਵੇਂ ਬੇਟਿਆਂ ਵਾਗੂੰ ਪਿਆਰ ਲੁਡਾਉੰਦੀ ਨਹੀਂ ਥੱਕਦੀ!
ਕੁਦਰਤ ਅੱਗੇ ਕਾਮਨਾ ਕਰਦਾ ਹਾਂ ਕਿ ਉਹ ਹਮੇਸ਼ਾ ਤੰਦਰੁਸਤ ਰਹੇ!
-ਸੁਖਦੇਵ ਸਲੇਮਪੁਰੀ
09780620233
8 ਮਾਰਚ, 2022

ਪੁਲੀਸ ਤਸ਼ੱਦਦ ਦਾ ਸ਼ਿਕਾਰ ਧੀ ਨੂੰ ਮੌਤ ਤੋਂ ਬਾਅਦ ਵੀ ਨਾ ਮਿਲਿਆ ਇਨਸਾਫ਼

ਪੁਲਸਿ ਅਫਸਰਾਂ 'ਤੇ ਲਗਾਏ ਵਾਅਦਾ ਖ਼ਿਲਾਫ਼ ਦੋਸ਼

ਥਾਣੇ ਵਿਚ ਕਰੰਟ ਲਗਾ ਕੇ ਨਕਾਰਾ ਕੀਤੀ ਧੀ ਨੂੰ ਕਦੋਂ ਮਿਲੂ ਇਨਸਾਫ
ਬਿਨਾਂ ਅਦਾਲਤੀ ਹੁਕਮਾਂ ਦੇ ਗੈਰ ਜ਼ਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਜਾਣਬੁੱਝ ਕੇ ਛੱਡਿਆ ਖੁੱਲ੍ਹਾ

ਜਗਰਾਓ,ਹਠੂਰ,8,ਮਾਰਚ-(ਕੌਸ਼ਲ ਮੱਲ੍ਹਾ)-ਸਥਾਨਕ ਥਾਣੇ 'ਚ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਕੁੱਟਮਾਰ ਕਰਨ ਅਤੇ ਕਰੰਟ ਲਗਾ ਕੇ ਨਾਕਾਰਾ ਕੀਤੀ ਗਰੀਬ ਧੀ ਕੁਲਵੰਤ ਕੌਰ ਰਸੂਲਪੁਰ ਦੀ ਮੌਤ ਲਈ ਅਤੇ ਝੂਠਾ ਕੇਸ ਬਣਾਉਣ ਲਈ ਜ਼ੰਿਮੇਵਾਰ ਸੰਗੀਨ ਧਾਰਾਵਾਂ ਤਹਤਿ ਦਰਜ ਮਕੱਦਮਾ ਨੰਬਰ 274/21 ਦੇ ਮੁੱਖ ਦੋਸ਼ੀ ਡੀ ਐਸ ਪੀ ਗੁਰੰਿਦਰ ਬੱਲ ਦੀ ਗ੍ਰਫਿਤਾਰੀ ਲਈ ਇਲਾਕੇ ਦੀਆਂ  ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ ਤੇ ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ ਦੀਆਂ ਅਗਵਾਈ 'ਚ ਏ.ਡੀ.ਸੀ. ਜਗਰਾਉਂ ਮੈਡਮ ਨਯਨ ਜੱਸਲ ਆਈ.ਏ.ਐਸ. ਨੂੰ ਗਵਰਨਰ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਕਮ ਨੋਟਸਿ ਸੌਂਪ ਕੇ ਧਆਿਨ 'ਚ ਲਆਿਂਦਾ ਕ ਿਬਨਿਾਂ ਅਦਾਲਤੀ ਹੁਕਮਾਂ/ਜ਼ਮਾਨਤ ਦੇ ਜਾਂ 'ਅਰੈਸਟ ਸਟੇ' ਦੇ, ਗੈਰਜ਼ਮਾਨਤੀ ਧਾਰਾਵਾਂ ਦੇ ਦੋਸ਼ੀ ਨੂੰ ਜਾਣਬੁੱਝ ਕੇ ਗ੍ਰਫਿਤਾਰ ਨਾਂ ਕਰਨਾ ਸਥਾਨਕ ਪੁਲਸਿ ਅਧਕਿਾਰੀਆਂ ਦਾ ਪੱਖਪਾਤੀ ਵਤੀਰਾ ਹੀ ਨਹੀਂ ਸਗੋਂ ਸਥਾਪਤ ਕਾਨੂੰਨ ਦੀਆਂ ਸ਼ਰੇਆਮ ਧੱਜ਼ੀਆਂ ਉਡਾਉਣ ਵਾਲਾ ਵਤੀਰਾ ਵੀ ਹੈ। ਕਸਿਾਨ ਆਗੂਆਂ ਨੇ ਦੋਸ਼ ਲਗਾਇਆ ਕ ਿਪੁਲਸਿ ਆਮ ਬੰਦੇ ਨੂੰ ਤਾਂ ਧਾਰਾ 7-51 ਦੇ ਦੋਸ਼ਾਂ ਤਹਤਿ ਵੀ ਤੁਰੰਤ ਫੜ ਕੇ 6 ਮਹੀਨੇ ਲਈ ਜੇਲ਼ 'ਚ ਸੁੱਟ ਦੰਿਦੀ ਏ, ਪਰ ਇਥੇ ਸੰਗੀਨ ਧਾਰਾ 304 ਤੇ ਐਸ ਸੀ ਐਸ ਟੀ ਐਕਟ ਦੇ ਮੁੱਖ ਦੋਸ਼ੀ ਨੂੰ ਸ਼ਰੇਆਮ  ਇਸ ਲਈ ਖੁੱਲ੍ਹਾ ਛੱਡਆਿ ਹੋਇਆ ਏ ਕ ਿਉਹ ਪੁਲਸਿ ਅਧਕਿਾਰੀਆਂ ਦਾ ਚਹੇਤਾ ਹੈ। ਉਨ੍ਹਾਂ ਵਧੀਕ ਡਪਿਟੀ ਕਮਸਿ਼ਨਰ ਦੇ ਧਆਿਨ 'ਚ ਲਆਿਂਦਾ ਕ ਿਸਥਾਨਕ ਜਲਿ੍ਹਾ ਪੁਲਸਿ ਮੁਖੀ ਦੇ ਇਸ ਪੱਖਪਾਤੀ ਵਤੀਰੇ ਖਲਿਾਫ਼ ਹੀ ਮਜ਼ਬੂਰੀ ਬੱਸ ਕਸਿਾਨ-ਮਜ਼ਦੂਰ ਜੱਥੇਬੰਦੀਆਂ ਨੇ ਸਟਿੀ ਥਾਣੇ ਮੂਹਰੇ ਪੱਕੇ ਧਰਨੇ 'ਤੇ ਬੈਠਣ ਲਈ ਪ੍ਰੋਗਰਾਮ 11 ਮਾਰਚ ਨੂੰ ਸਾਂਝੀ ਮੀਟੰਿਗ ਬੁਲਾਈ ਹੈ। ਉਨ੍ਹਾਂ ਚਤਿਾਵਨੀ ਵੀ ਦੱਿਤੀ ਕ ਿਧਰਨੇ ਕਾਰਨ ਪੈਦਾ ਹੋਣ ਵਾਲੇ ਹਰ ਕਸਿਮ ਦੇ ਹਾਲਾਤਾਂ ਲ਼ਈ ਮੁੱਖ ਦੋਸ਼ੀ ਡੀ ਐਸ ਪੀ ਨੂੰ ਗ੍ਰਫਿ਼ਤਾਰ ਨਾਂ ਕਰਨ ਵਾਲੇ ਸਥਾਨਕ ਪੁਲਸਿ ਅਧਕਿਾਰੀ ਜ਼ੰਿਮੇਵਾਰ ਹੋਣਗੇ। ਕਸਿਾਨ ਆਗੂਆਂ ਨੇ ਪੁਲਸਿ 'ਤੇ ਇਕ ਮਹੀਨੇ 'ਚ ਦੋਸ਼ੀਆਂ ਨੂੰ ਗ੍ਰਫਿਤਾਰ ਕਰਨ ਦੇ ਵਾਅਦੇ ਤੋਂ ਮੁਨਕਰ ਹੋਣ ਦੇ ਗੰਭੀਰ ਦੋਸ਼ ਵੀ ਲਗਾਏ ਹਨ।
ਫੋਟੋ ਕੈਪਸਨ:-ਏ.ਡੀ.ਸੀ. ਜਗਰਾਉਂ ਮੈਡਮ ਨਯਨ ਜੱਸਲ ਨੂੰ ਮੰਗ ਪੱਤਰ ਦਿੰਦੇ ਹੋਏ ਵੱਖ-ਵੱਖ ਆਗੂ

ਅਨੇਕਾ ਭਿਆਨਿਕ ਬਿਮਾਰੀਆ ਨੂੰ ਸੱਦਾ ਦੇ ਰਿਹਾ ਹੈ ਹਠੂਰ ਦਾ ਛੱਪੜ

ਹਠੂਰ,8 ਮਾਰਚ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਹਠੂਰ ਦੇ ਛੱਪੜ ਦੀ ਸਫਾਈ ਨਾ ਹੋਣ ਕਾਰਨ ਛੱਪੜ ਦੇ ਪਾਣੀ ਵਿਚੋ ਗੰਦੀ ਬਦਬੂ ਆ ਰਹੀ ਹੈ ਜਿਸ ਕਾਰਨ ਇਹ ਛੱਪੜ ਅਨੇਕਾ ਭਿਆਨਿਕ ਬਿਮਾਰੀਆ ਨੂੰ ਸੱਦਾ ਦੇ ਰਿਹਾ ਹੈ।ਇਸ ਸਬੰਧੀ ‘ਆਪ’ ਆਗੂਆ ਨੇ ਦੱਸਿਆ ਕਿ ਛੱਪੜ ਦੇ ਇੱਕ ਪਾਸੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀ,ਦੂਜੇ ਪਾਸੇ ਮਾਸਟਰ ਵਰਿੰਦਰ ਯਾਦਗਾਰੀ ਲਾਇਬ੍ਰੇਰੀ ਅਤੇ ਪਿਛਲੇ ਪਾਸੇ ਸਰਕਾਰੀ ਹਸਪਤਾਲ ਹਠੂਰ ਦੀ ਇਮਾਰਤ ਹੈ।ਉਨ੍ਹਾ ਦੱਸਿਆ ਕਿ ਸਮੇਂ-ਸਮੇਂ ਦੀਆ ਸਰਕਾਰਾ ਨੇ ਛੱਪੜ ਦੀ ਸਫਾਈ ਵੱਲ ਕੋਈ ਧਿਆਨ ਨਹੀ ਦਿੱਤਾ ਅਤੇ ਕਈ ਵਾਰ ਬਰਸਾਤ ਦੇ ਮੌਸਮ ਵਿਚ ਓਵਰਫਲੋ ਹੋ ਕੇ ਛੱਪੜ ਦਾ ਗੰਦਾ ਪਾਣੀ ਨੇੜਲੇ ਘਰਾ ਵਿਚ ਵੀ ਆ ਜਾਦਾ ਹੈ।ਉਨ੍ਹਾ ਦੱਸਿਆ ਕਿ ਚੋਣਾ ਸਮੇਂ ਛੱਪੜ ਦੀ ਸਫਾਈ ਕਰਵਾਉਣ ਦਾ ਮੁੱਦਾ ਚੁੱਕਿਆ ਜਾਦਾ ਹੈ ਪਰ ਚੋਣਾ ਜਿੱਤਣ ਤੋ ਬਾਅਦ ਕੋਈ ਸਾਡੀ ਸਾਰ ਨਹੀ ਲੈਦਾ।ਉਨ੍ਹਾ ਕਿਹਾ ਕਿ ਹਠੂਰ ਦੇ ਲੋਕਾ ਦੀ ਮੁੱਖ ਮੰਗ ਹੈ ਕਿ ਛੱਪੜ ਦੀ ਸਫਾਈ ਜਲਦੀ ਕੀਤੀ ਜਾਵੇ ਤਾਂ ਜੋ ਪਾਣੀ ਵਿਚੋ ਆ ਰਹੀ ਗੰਦਗੀ ਦੀ ਬਦਬੋ ਤੋ ਰਾਹਤ ਮਿਲ ਸਕੇ।ਇਸ ਸਬੰਧੀ ਜਦੋ ਸਰਪੰਚ ਮਲਕੀਤ ਸਿੰਘ ਹਠੂਰ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਆਪਣਾ ਫੋਨ ਨਹੀ ਚੁੱਕਿਆ।ਇਸ ਸਬੰਧੀ ਜਦੋ ਪੰਚਾਇਤ ਸੈਕਟਰੀ ਬਲਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਛੱਪੜ ਦੀ ਸਫਾਈ ਲਗਭਗ ਛੇ ਸਾਲ ਪਹਿਲਾ ਹੋਈ ਸੀ ਹੁਣ ਗ੍ਰਾਮ ਪੰਚਾਇਤ ਹਠੂਰ ਕੋਲ ਦਸ-ਬਾਰਾ ਲੱਖ ਰੁਪਏ ਪੰਚਾਇਤੀ ਫੰਡ ਪਿਆ ਹੈ।ਉਸ ਫੰਡ ਵਿਚੋ ਹੀ ਗ੍ਰਾਮ ਪੰਚਾਇਤ ਛੱਪੜ ਦੀ ਸਫਾਈ ਕਰਵਾ ਸਕਦੇ ਹਨ।  
ਫੋਟੋ ਕੈਪਸ਼ਨ:-ਗੰਦਗੀ ਨਾਲ ਭਰੇ ਹਠੂਰ ਦੇ ਛੱਪੜ ਦੀ ਮੂੰਹ ਬੋਲਦੀ ਤਸਵੀਰ
 

ਪੰਜਾਬੀ ਲੋਕਧਾਰਾ ਮੇਲਾ 2022 ਵਿੱਚ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ‘ਵਿਰਸੇ ਦਾ ਚਾਨਣ’ ਕੀਤੀ ਗਈ ਲੋਕ ਅਰਪਨ 

ਬਰਨਾਲਾ  (ਗੁਰਸੇਵਕ ਸੋਹੀ )  ਨੇੜਲੇ ਪਿੰਡ ਝਲੂਰ ਬਰਨਾਲਾ ਦੀ ਉੱਘੀ ਕਵਿੱਤਰੀ ਗਗਨਦੀਪ ਕੌਰ ਧਾਲੀਵਾਲ ਨੇ ਜਿੱਥੇ ਅਨੇਕਾਂ ਪੁਸਤਕਾਂ ਸੰਪਾਦਿਤ ਕਰਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਉੱਥੇ ਆਏ ਦਿਨ ਵੱਖ-ਵੱਖ ਵਿਸ਼ਿਆ ਨੂੰ ਛੂਹਦੀਆਂ ਰਚਨਾਵਾਂ ਅਖਬਾਰਾਂ, ਰਸਾਲਿਆਂ 'ਚ ਪ੍ਰਕਾਸ਼ਿਤ ਹੋਣ ਕਾਰਨ ਧਾਲੀਵਾਲ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਰਹੀ | ਪਿਛਲੇ ਦਿਨੀਂ ਗਗਨਦੀਪ ਕੌਰ ਧਾਲੀਵਾਲ ਨੇ ਗੀਤਕਾਰ ਸ. ਸੁਖਚੈਨ ਸਿੰਘ ਕੁਰੜ ਨਾਲ ਵਿਆਹ ਬੰਧਨ 'ਚ ਬੱਜਣ ਮੌਕੇ ਆਪਣਾ ਨਵ ਪ੍ਰਕਾਸ਼ਿਤ ਕਵਿ&ਸੰਗ੍ਰਹਿ " ਵਿਰਸੇ ਦਾ ਚਾਨਣ " ਕਿਤਾਬ ਲੋਕ ਅਰਪਨ ਕਰਕੇ ਸਮਾਜ 'ਚ ਨਵੀਂ ਪਿਰਤ ਪਾਈ ਹੈ| ਕੱਲ੍ਹ ਹੀ ਪੰਜਾਬੀ ਲੋਕ ਧਾਰਾ ਸਮਾਗਮ 2022 ਵਿੱਚ ਲੋਕ ਧਾਰਾ ਪ੍ਰਬੰਧਕੀ ਕਮੇਟੀ ਵੱਲੋਂ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ‘ਵਿਰਸੇ ਦਾ ਚਾਨਣ’ਲੋਕ ਅਰਪਨ ਕੀਤੀ ਗਈ ।ਲੋਕ-ਧਾਰਾ ਪ੍ਰਬੰਧਕੀ ਕਮੇਟੀ ਗੁਰਸੇਵਕ ਸਿੰਘ ਧੌਲਾ, ਸੁਖਪਾਲ ਸਿੰਘ ਜੱਸਲ ਬੰਧਨਤੋੜ ਸਿੰਘ ਲਖਵੀਰ ਸਿੰਘ ਚੀਮਾ, ਮਨਜੀਤ ਸਿੰਘ ਮਨੀ ਆਦਿ ਦੀ ਰਹਿਮਨੁਾਈ ਹੇਠ ਕਿਤਾਬ ਲੋਕ ਅਰਪਨ ਕੀਤੀ ਗਈ ।ਇਸ ਤੋਂ ਇਲਾਵਾ ਮੌਕੇ ‘ਤੇ ਸੁਖਵਿੰਦਰ ਸਿੰਘ ( ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ), ਬਿੰਦਰ ਸਿੰਘ ਖੁੱਡੀ ਕਲਾਂ, ਗੁਰਪ੍ਰੀਤ ਸਿੰਘ ਚੀਮਾ,ਸਿਮਰਜੀਤ ਸਿੰਘ ਸੇਖਾ, ਅਵਤਾਰ ਸਿੰਘ, ਬਲਦੇਵ ਭੱਠਲ, ਜਸਵਿੰਦਰ ਸਿੰਘ ਰਾਏ ਭੱਠਲ,ਲਿਆਕਤ ਅਲੀ ਹੰਡਿਆਇਆ, ਸੰਦੀਪ ਬਾਵਾ,ਡਾ.ਵੀਰਪਾਲ ਕੌਰ ਕਮਲ ,ਮੀਨੂੰ ਸਿੰਘ ,ਗੁਰਲਗਨ,ਸੁਖਵਿੰਦਰ ਸਿੰਘ ਢਿੱਲਵਾ,ਦਵਿੰਦਰ ਦੀਪ,ਸੁਖਚੈਨ ਸਿੰਘ ਕੁਰੜ ,ਗੋਲਡੀ ਕੁਰੜ, ਜਸਮੀਤ ਸਿੰਘ ਠੁੱਲੇਵਾਲ,ਰਾਕੇਸ਼ਪ੍ਰੀਤ ਰਿਸ਼ੀ ,ਅਜਮੇਰ ਸਿੰਘ ਝਲੂਰ ਆਦਿ ਸ਼ਾਮਿਲ ਸਨ । ਗਗਨਦੀਪ ਕੌਰ ਧਾਲੀਵਾਲ ਨੂੰ ਜਨ ਸ਼ਕਤੀ ਨਿਊਜ਼ ਅਦਾਰੇ ਵੱਲੋਂ ਵਿਰਸੇ ਦਾ ਚਾਨਣ ਕਾਵਿ ਸੰਗ੍ਰਹਿ ਲੋਕ ਅਰਪਣ ਕਰਨ ਤੇ ਬਹੁਤ ਬਹੁਤ ਮੁਬਾਰਕਾਂ।


ਫੋਟੋ - ਗਗਨਦੀਪ ਕੌਰ ਧਾਲੀਵਾਲ ਦਾ ਕਵਿ ਸੰਗ੍ਰਹਿ " ਵਿਰਸੇ ਦਾ ਚਾਨਣ " ਕਿਤਾਬ ਲੋਕ ਅਰਪਨ ਕਰਦੇ ਹੋਏ ਲੇਖਕ

 

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਲਕੇ ਔਰਤ ਦਿਵਸ 10 ਜ਼ਿਲ੍ਹਿਆਂ ਵਿੱਚ 11 ਥਾਂਵਾਂ 'ਤੇ ਮਨਾਉਣ ਦੀਆਂ ਤਿਆਰੀਆਂ ਮੁਕੰਮਲ

 ਚੰਡੀਗੜ੍ਹ 7 ਮਾਰਚ ( ਗੁਰਕੀਰਤ ਜਗਰਾਉਂ ) ਦੁਨੀਆਂ ਭਰ ਵਿੱਚ ਔਰਤ ਦਿਵਸ ਵਜੋਂ ਮਨਾਇਆ ਜਾਂਦਾ 8 ਮਾਰਚ ਦਾ ਦਿਹਾੜਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਲਕੇ 10 ਜ਼ਿਲ੍ਹਿਆਂ ਵਿੱਚ 11 ਥਾਂਵਾਂ 'ਤੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਰ ਜ਼ਿਲ੍ਹੇ ਦੇ ਆਗੂਆਂ ਵੱਲੋਂ ਖੇਤ ਮਜ਼ਦੂਰਾਂ ਤੇ ਹੋਰ ਅਗਾਂਹਵਧੂ ਜਥੇਬੰਦੀਆਂ ਦੇ ਆਗੂਆਂ ਨਾਲ ਤਾਲਮੇਲ ਰਾਹੀਂ ਔਰਤਾਂ ਦੇ ਵਿਸ਼ਾਲ ਇਕੱਠ ਕਰਨ ਲਈ ਢੁੱਕਵੀਂਆਂ ਥਾਂਵਾਂ ਦੀ ਚੋਣ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਔਰਤਾਂ ਦੀ ਸਮਾਜਿਕ ਆਰਥਿਕ ਬਰਾਬਰੀ ਅਤੇ ਜਮਹੂਰੀ ਹੱਕਾਂ ਲਈ ਸੰਘਰਸ਼ਾਂ ਦਾ ਝੰਡਾ ਹੋਰ ਉੱਚਾ ਚੁੱਕਣ ਦਾ ਅਹਿਦ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੀਆਂ ਔਰਤਾਂ ਵੱਲੋਂ ਇਹ ਕੌਮਾਂਤਰੀ ਦਿਹਾੜਾ ਬਠਿੰਡਾ ਦਾਣਾ ਮੰਡੀ ਵਿਖੇ, ਸੰਗਰੂਰ (ਸੁਨਾਮ ਦਾਣਾ ਮੰਡੀ), ਬਰਨਾਲਾ (ਸਥਾਨਕ ਦਾਣਾ ਮੰਡੀ), ਮੋਗਾ (ਬਾਘਾਪੁਰਾਣਾ ਦਾਣਾ ਮੰਡੀ), ਮਾਨਸਾ (ਪਿੰਡ ਵਰ੍ਹੇ), ਫਾਜ਼ਿਲਕਾ (ਪਿੰਡ ਚੱਕ ਰੋਹੀਵਾਲਾ), ਪਟਿਆਲਾ (ਪੁਡਾ ਗ੍ਰਾਊਂਡ), ਫਰੀਦਕੋਟ (ਪਿੰਡ ਵਾੜਾ ਭਾਈਕਾ), ਲੁਧਿਆਣਾ (ਗੁੱਜਰਵਾਲ ਪ੍ਰਾਇਮਰੀ ਸਕੂਲ) ਵਿੱਚ 1-1 ਥਾਂ ਅਤੇ ਜ਼ਿਲ੍ਹਾ ਮੁਕਤਸਰ (ਪਿੰਡ ਦੋਦਾ ਤੇ ਕਿਲਿਆਂਵਾਲੀ) 2 ਥਾਂਵਾਂ 'ਤੇ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਔਰਤ ਦਿਵਸ ਦੇ ਇਨ੍ਹਾਂ ਸਮਾਗਮਾਂ ਦਾ ਸੰਚਾਲਨ ਖੁਦ ਔਰਤਾਂ ਵੱਲੋਂ ਹੀ ਕੀਤਾ ਜਾਵੇਗਾ। ਇਹਨਾਂ ਸਮਾਗਮਾਂ ਦੌਰਾਨ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸਵਾ ਸਾਲ ਤੋਂ ਵੱਧ ਸਮਾਂ ਚੱਲੇ ਮੁਲਕ ਪੱਧਰੇ ਜਾਨਹੂਲਵੇਂ ਘੋਲ਼ ਵਿੱਚ ਦਹਿ-ਹਜਾਰਾਂ ਔਰਤਾਂ ਦਾ ਕੁਰਬਾਨੀਆਂ ਭਰਿਆ ਲਾ-ਮਿਸਾਲ ਯੋਗਦਾਨ ਵੀ ਉਚਿਆਇਆ ਜਾਵੇਗਾ। ਬੀਤੇ ਇਤਿਹਾਸ ਅੰਦਰ ਸਮਾਜਿਕ ਆਰਥਿਕ ਬਰਾਬਰੀ ਤੇ ਇਨਸਾਫ਼ ਖ਼ਾਤਰ ਲੋਕ-ਪੱਖੀ ਸੰਘਰਸ਼ਾਂ ਤੇ ਜੰਗੀ ਮੈਦਾਨਾਂ ਵਿੱਚ ਬੇਖੌਫ਼ ਹੋ ਕੇ ਮੂਹਰਲੀਆਂ ਕਤਾਰਾਂ ਵਿੱਚ ਜੂਝਣ ਵਾਲ਼ੀਆਂ ਮਾਈ ਭਾਗੋ, ਗ਼ਦਰੀ ਗੁਲਾਬ ਕੌਰ,ਲੂਈਸ ਮਾਈਕਲ ਤੇ ਕਲਾਰਾ ਜੈਟਕਨ ਵਰਗੀਆਂ ਬਹਾਦਰ ਔਰਤਾਂ ਦੀ ਘਾਲਣਾ ਤੇ ਕੁਰਬਾਨੀਆਂ ਦੀ ਜੈ-ਜੈਕਾਰ ਕੀਤੀ ਜਾਵੇਗੀ। ਅਜਿਹੀ ਆਪਾਵਾਰੂ ਤੇ ਸਿਰੜੀ ਜੁਝਾਰੂ ਭਾਵਨਾ ਤੋਂ ਪ੍ਰੇਰਨਾ ਲੈਣ ਦਾ ਅਹਿਦ ਕੀਤਾ ਜਾਵੇਗਾ। ਇਸ ਮੌਕੇ ਲਟਕ ਰਹੇ ਸਾਰੀਆਂ ਫ਼ਸਲਾਂ ਦੇ ਲਾਭਕਾਰੀ ਐਮ ਐੱਸ ਪੀ 'ਤੇ ਖਰੀਦ ਦੀ ਕਾਨੂੰਨੀ ਗਰੰਟੀ ਸਮੇਤ ਜਗੀਰੂ, ਸਾਮਰਾਜੀ ਤੇ ਸੂਦਖੋਰੀ ਲੁੱਟ ਦੇ ਖਾਤਮੇ ਅਤੇ ਨਿੱਜੀਕਰਨ ਦੀਆਂ ਮਾਰੂ ਨੀਤੀਆਂ ਦੇ ਖਾਤਮੇ ਵਰਗੇ ਅਹਿਮ ਕਿਸਾਨੀ ਮੁੱਦਿਆਂ 'ਤੇ ਆਉਂਦੇ ਸਮੇਂ ਵਿੱਚ ਚੱਲਣ ਵਾਲੇ ਠੋਸ ਪ੍ਰਾਪਤੀਆਂ ਵਾਲੇ ਲੰਮੇ ਜਾਨਹੂਲਵੇਂ ਘੋਲ਼ਾਂ ਵਿੱਚ ਹੋਰ ਵੀ ਵਧੇਰੇ ਧੜੱਲੇ ਨਾਲ ਕੁੱਦਣ ਲਈ ਔਰਤਾਂ ਨੂੰ ਪ੍ਰੇਰਿਆ ਤੇ ਉਤਸ਼ਾਹਿਤ ਕੀਤਾ ਜਾਵੇਗਾ। ਫਿਰਕੂ ਫਾਸ਼ੀਵਾਦੀ, ਜ਼ਾਤਪਾਤੀ ਅਤੇ ਪਿਤਰੀ-ਸੱਤਾ ਵਰਗੇ ਔਰਤਾਂ ਤੇ ਗਰੀਬਾਂ ਨੂੰ ਗੁਲਾਮਾਂ ਵਾਂਗ ਦਬਾਅ ਹੇਠ ਰੱਖਣ ਵਾਲੇ ਸਮਾਜਿਕ ਵਰਤਾਰਿਆਂ ਨੂੰ ਮੁੱਢੋਂ-ਸੁੱਢੋਂ ਬਦਲਣ ਦੇ ਕਾਰਜਾਂ ਦੀ ਪੂਰਤੀ ਵਾਲੇ ਘੋਲ਼ਾਂ ਦਾ ਜ਼ਮੀਨਾਂ ਤੇ ਸਾਰੇ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਤੇ ਸੂਦਖੋਰੀ ਦੇ ਖਾਤਮੇ ਸਣੇ ਸਾਮਰਾਜੀ ਜਗੀਰੂ ਲੁੱਟ ਦੇ ਖਾਤਮੇ ਵਾਲੇ ਫੈਸਲਾਕੁੰਨ ਘੋਲ਼ਾਂ ਨਾਲ ਜੀ-ਜਾਨ ਦਾ ਰਿਸ਼ਤਾ ਜ਼ੋਰ-ਸ਼ੋਰ ਨਾਲ ਉਭਾਰਿਆ ਜਾਵੇਗਾ। ਜਾਰੀ ਕਰਤਾ:- ਸੁਖਦੇਵ ਸਿੰਘ ਕੋਕਰੀ ਕਲਾਂ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ 295) ਵਲੋਂ ਖੂਨਦਾਨ ਕੈਂਪ ਵਿੱਚ ਭਰਵਾਂ ਸਹਿਯੋਗ

ਡਾ ਕਾਲਖ ਦੇ ਪਰਿਵਾਰ ਵਲੋਂ ਇਕੱਠਿਆਂ ਕੀਤਾ ਖੂਨਦਾਨ  : ਡਾ ਸੁਨੀਤ ਹਿੰਦ
ਮਹਿਲ ਕਲਾਂ /ਬਰਨਾਲਾ 7 ਮਾਰਚ - ( ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਅਤੇ ਸੋਸਲ ਵੈਲਫੇਅਰ ਸੁਸਾਇਟੀ ਅਹਿਮਦਗੜ੍ਹ ਵੱਲੋਂ ਲਗਾਏ ਗਏ 15 ਵੇਂ ਖੂਨਦਾਨ ਕੈਂਪ ਵਿੱਚ ਭਰਵਾਂ ਸਹਿਯੋਗ ਦਿੱਤਾ ਗਿਆ।ਮੈਡੀਕਲ  ਐਸੋਸੀਏਸ਼ਨ ਵਲੋਂ ਬਲਾਕ ਪੱਧਰ ਤੇ 20 ਮੈਬਰਾਂ ਅਤੇ ਸੁਸਾਇਟੀ ਮੈਂਬਰਾਂ ਸਮੇਤ  ਪੰਜਾਹ ਦੇ ਕਰੀਬ ਯੂਨਿਟ ਖੂਨਦਾਨ ਕੀਤਾ ।
   ਇਸ ਮੌਕੇ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਤੇ ਉਹਨਾਂ ਦੇ ਸਪੁੱਤਰ ਅਕਾਸਦੀਪ ਕਾਲਖ ਤੇ ਅਮਨਦੀਪ ਕਾਲਖ  ਨੇ ਇਕੱਠਿਆਂ ਖੂਨਦਾਨ ਕੀਤਾ। ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ ਦੇ ਸਪੁੱਤਰ ਰਵਿੰਦਰ ਬੜੂੰਦੀ ਵਲੋਂ ਵੀ ਖੂਨਦਾਨ ਕੀਤਾ ਗਿਆ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਡਾ ਸੁਨੀਤ ਹਿੰਦ ਪ੍ਰਧਾਨ ਸੋਸਲ ਵੈਲਫੇਅਰ ਆਰਗੇਨਾਈਜੇਸ਼ਨ ਸੁਸਾਇਟੀ ਅਹਿਮਦਗੜ੍ਹ ਵੱਲੋਂ ਕਿਹਾ ਕਿ ਸਾਡੀ ਸੁਸਾਇਟੀ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼  ਐਸੋਸੀਏਸ਼ਨ ਰਜਿ (295)ਪੰਜਾਬ ਵਲੋਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭਰਵਾਂ ਸਹਿਯੋਗ ਦਿੱਤਾ ਗਿਆ ਹੈ । ਜਿਸ ਲਈ ਅਸੀਂ ਹਮੇਸ਼ਾ ਜਥੇਬੰਦੀ ਦੇ ਰਿਣੀ ਰਹਾਂਗੇ ।
  ਇਸ ਮੌਕੇ ਡਾਕਟਰ ਮਨਜੀਤ ਸਿੰਘ ਜੀ ਧੂਰਕੋਟ ਸਾਬਕਾ ਜਿਲ੍ਹਾ ਕਮੇਟੀ ਮੈਂਬਰ ਲੁਧਿਆਣਾ, ਡਾ ਅਜੈਬ ਸਿੰਘ ਧੂਲਕੋਟ, ਲਖਵੀਰ ਸਿੰਘ ਕਾਲਖ' ਅਮਨਦੀਪ ਕਾਲਖ ,ਅਕਾਸਦੀਪ, ਬੌਬੀ ਕਾਲਖ, ਜਸਵੀਰ ਸਿੰਘ ਕਾਲਖ, ਗੁਰਮੀਤ ਅਹਿਮਦਗੜ੍ਹ ,ਜਸਵੀਰ ਬੜੂੰਦੀ, ਮੰਗਤ ਸਿੰਘ ਕਾਲਖ, ਸੁੱਖਾ ਬੜੂੰਦੀ, ਪੀ ਆਰ ਓ ਹਿੰਦ ਹਸਪਤਾਲ ਤੋ ਇਲਾਵਾ ਵੱਡੀ  ਗਿਣਤੀ ਵਿੱਚ ਡਾਕਟਰੀ ਟੀਮ ਸਮੇਤ  ਖੂਨਦਾਨੀ ਹਾਜਰ ਸਨ।

ਕਸਬਾ ਮਹਿਲ ਕਲਾਂ ਦੇ ਇੱਕ ਨੌਜਵਾਨ ਦੀ ਦੁਖਦਾਈ ਮੌਤ  

ਮਹਿਲ ਕਲਾਂ ,ਬਰਨਾਲਾ 7 ਮਾਰਚ- ( ਗੁਰਸੇਵਕ ਸਿੰਘ ਸੋਹੀ ) -ਕਸਬਾ ਮਹਿਲ ਕਲਾਂ ਦੇ ਇਕ ਨੌਜਵਾਨ ਦੀ ਦੁਖਦਾਈ ਮੌਤ ਹੋ ਜਾਣ ਦੀ ਖਬਰ ਮਿਲੀ ਹੈ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਹਰਬੰਸ ਸਿੰਘ (ਕਾਕਾ) ਜੋ ਕਿ ਰੋਜ਼ਾਨਾ ਦੀ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਵਿਖੇ ਕਸਰਤ ਕਰਨ ਦੇ ਲਈ ਜਾਂਦਾ ਸੀ। ਕੱਲ੍ਹ ਜਦੋਂ ਉਹ ਸਕੂਲ ਦੇ ਗਰਾਊਂਡ ਵਿੱਚ ਕਸਰਤ ਕਰ ਰਿਹਾ ਸੀ ਤਾਂ ਉਸ ਦੌਰਾਨ ਉਸ ਉੱਪਰ ਇੱਕ ਪੋਲ ਡਿੱਗ ਪਿਆ।ਜਿਸ ਨਾਲ ਉਸ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗ ਗਈ ਅਤੇ ਖ਼ੂਨ ਨਿਕਲ ਗਿਆ। ਜਿਸ ਦਾ ਪਤਾ ਲੱਗਦਿਆਂ ਹੀ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਮਹਿਲ ਕਲਾਂ ਜਿੱਥੇ ਡਾਕਟਰਾਂ ਨੇ ਉਸ ਨੂੰ ਬਰਨਾਲਾ ਵਿਖੇ ਰੈਫਰ ਕੀਤਾ ਗਿਆ।ਬਰਨਾਲਾ ਵਿਖੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫ਼ਰੀਦਕੋਟ ਦੇ ਇਕ ਹਸਪਤਾਲ ਵਿਖੇ ਰੈਫਰ ਕੀਤਾ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਉਕਤ ਨੌਜਵਾਨ ਦਾ ਸੰਸਕਾਰ ਅੱਜ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ ਵਿਚ ਕਸਬਾ ਮਹਿਲ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਇੱਕ ਗ਼ਰੀਬ ਪਰਿਵਾਰ ਨਾਲ ਸੰਬੰਧਤ ਰੱਖਦਾ ਸੀ ਅਤੇ ਉਸਦਾ ਪਿਤਾ ਬੱਸ ਸਟੈਂਡ ਮਹਿਲ ਕਲਾਂ ਵਿਖੇ ਲੇਬਰ ਦਾ ਕੰਮ ਕਰਦਾ ਸੀ।ਨੌਜਵਾਨ ਦੇ ਸੰਸਕਾਰ ਸਮੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ,ਨੰਬਰਦਾਰ ਗੁਰਪ੍ਰੀਤ ਸਿੰਘ ਚੀਨਾ ,ਮਾਸਟਰ ਵਰਿੰਦਰ ਪੱਪੂ ,ਰਵੀਦੀਪ ਸਿੰਘ ਅਤੇ ਪੰਜਾਬ ਪੱਲੇਦਾਰ ਯੂਨੀਅਨ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਰਕਾਰ ਤੋਂ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਹੈ।ਉਕਤ ਨੌਜਵਾਨ ਦੀ ਮੌਤ ਨਾਲ ਕਸਬੇ ਅੰਦਰ ਸੋਗ ਦੀ ਲਹਿਰ ਦੌੜ ਗਈ।

ਮੋਦੀ ਸਰਕਾਰ ਦੀਆਂ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ- ਰਾਜੇਵਾਲ  

ਐਸ ਕੇ ਐਮ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਗਿਆ ਮੰਗ ਪੱਤਰ*

ਲੁਧਿਆਣਾ , 07 ਮਾਰਚ- (ਗੁਰਸੇਵਕ ਸੋਹੀ)-  ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ  ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਚੰਡੀਗੜ੍ਹ ਬਿੱਜਲੀ ਬੋਰਡ ਦੇ ਨਿੱਜੀਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਮੋਰਚੇ ਦੀ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਜ਼ਿਲ੍ਹਾ ਪੱਧਰੀ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਸਵੇਰ ਤੋਂ ਹੀ ਜ਼ਿਲ੍ਹੇ ਦੇ ਵੱਖ ਵੱਖ ਥਾਂਵਾਂ ਤੋਂ ਸਾਥੀ ਟਰੈਕਟਰਾਂ ਟਰਾਲੀਆਂ ਵਿੱਚ  ਭਾਰਤ ਨਗਰ ਚੌਕ ਦੇ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿੱਥੇ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਨੇ ਮੋਦੀ ਵੱਲੋਂ ਮੰਗਾਂ ਨਾ ਮੰਨੇ ਜਾਣ ਲਈ ਉਸ ਦੀ  ਨਿਖੇਧੀ ਕੀਤੀ।  ਬੁਲਾਰਿਆਂ ਨੇ ਕਿਹਾ ਕਿ ਸੂਬਿਆਂ   ਦੇ ਅਧਿਕਾਰਾਂ ਤੇ ਹਮਲਾ ਬੋਲਦਿਆਂ ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਅਤੇ ਹਰਿਆਣਾ ਦੀ ਨੁਮਾਇੰਦਗੀ ਦਾ ਹੱਕ ਖੋਹ ਕੇ ਆਪਣੇ ਕੋਲ ਲੈ ਲਿਆ ਹੈ ਜਿਸ ਦਾ ਨੁਕਸਾਨ ਸੂਬੇ ਨੂੰ  ਹੋਵੇਗਾ । ਕੇਂਦਰ ਸਰਕਾਰ ਰਾਜਾਂ ਤੋਂ ਡੈਮ ਅਤੇ  ਉਨ੍ਹਾਂ ਦੇ ਕੁਦਰਤੀ ਵਸੀਲੇ ਖੋਹ ਕੇ ਵੱਡੀਆਂ ਕਾਰਪੋਰੇਟ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ ।ਆਗੂਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਵਿੱਚ ਇਤਿਹਾਸ ਬਦਲੇ ਜਾਣ ਅਤੇ ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਧਾਰਮਿਕ ਪਹਿਰਾਵੇ ਹਿਜਾਬ ਅਤੇ ਦਸਤਾਰ ਤੇ ਪਾਬੰਦੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਧਰਨੇ ਅਤੇ ਰੈਲੀ   ਤੋਂ ਉਪਰੰਤ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਗਿਆ । ਰੈਲੀ ਦੇ ਪ੍ਰਧਾਨਗੀ ਮੰਡਲ ਵਿੱਚ ਭਾਰਤੀ ਕਿਸਾਨ ਯੂਨੀਅਨ- ਡਕੌਂਦਾ ਵੱਲੋਂ  ਮਹਿੰਦਰ ਸਿੰਘ ਕਮਾਲਪੁਰਾ, ਭਾਰਤੀ ਕਿਸਾਨ ਯੂਨੀਅਨ -ਕਾਦੀਆ ਵੱਲੋਂ ਹਰਦੀਪ ਸਿੰਘ ਗਿਆਸਪੁਰਾ, ਜਮਹੂਰੀ ਕਿਸਾਨ ਸਭਾ ਵਲੋਂ ਬਲਰਾਜ ਸਿੰਘ ਕੋਟ ਉਮਰਾਂ ,ਕੁੱਲ ਹਿੰਦ ਕਿਸਾਨ ਸਭਾ (1936) ਵੱਲੋਂ ਸੁਰਿੰਦਰ ਸਿੰਘ ਜਲਾਲਦੀਵਾਲ ਭਾਰਤੀ ਕਿਸਾਨ ਯੂਨੀਅਨ -ਪੰਜਾਬ ਕਿਸਾਨ ਯੂਨੀਅਨ ਵਲੋਂ ਬੂਟਾ ਸਿੰਘ ਚਕਰ, ਕਿਰਤੀ ਕਿਸਾਨ ਯੂਨੀਅਨ ਵੱਲੋਂ ਤਰਲੋਚਨ ਸਿੰਘ ਝੋਰੜਾਂ , ਅਤੇ ਏ.ਆਈ.ਕੇ ਐਫ.ਵੱਲੋਂ ਸੁਖਦੇਵ ਸਿੰਘ ਕਿਲਾ ਰਾਏਪੁਰ ਸ਼ਾਮਿਲ ਸਨ। ਜਿਹੜੇ ਸਾਥੀਆਂ ਨੇ ਵਿਚਾਰ ਪ੍ਰਗਟ ਕੀਤੇ  ਉਨ੍ਹਾਂ ਵਿੱਚ ਬਲਬੀਰ ਸਿੰਘ ਰਾਜੇਵਾਲ , ਰਘਬੀਰ ਸਿੰਘ ਬੈਨੀਪਾਲ, ਚਮਕੌਰ ਸਿੰਘ ,ਸਾਧੂ ਸਿੰਘ ਅੱਚਰਵਾਲ, ਇੰਦਰਜੀਤ ਸਿੰਘ ਧਾਲੀਵਾਲ ,ਚਰਨ ਸਰਾਭਾ ,ਮਨਪ੍ਰੀਤ ਸਿੰਘ ਘੁਲਾਲ ,ਡਾ  ਗੁਰਚਰਨ ਸਿੰਘ ,ਪ੍ਰਗਟ ਸਿੰਘ  ਕੋਟਪਨੈਚ ਅਤੇ ਐਡਵੋਕੇਟ ਕੁਲਦੀਪ ਸਿੰਘ ਗ੍ਰੇਵਾਲ ਸ਼ਾਮਲ ਸਨ ।   
ਸਟੇਜ ਸਕੱਤਰ ਦੀ ਭੂਮਿਕਾ ਪ੍ਰੋ ਜੈਪਾਲ ਸਿੰਘ ਨੇ ਨਿਭਾਈ । ਪ੍ਰੈੱਸ ਦੇ ਨਾਂ ਜਾਰੀ ਬਿਆਨ ਵਿਚ ਐਸ.ਕੇ. ਐਮ ਦੇ ਬੁਲਾਰੇ ਮਨਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਅੱਜ ਦਾ ਧਰਨਾ ਅਤੇ ਰੈਲੀ ਪੂਰੀ ਤਰ੍ਹਾਂ ਕਾਮਯਾਬ ਰਹੀ । 
ਜਾਰੀ ਕਰਤਾ:
ਮਨਿੰਦਰ ਸਿੰਘ ਭਾਟੀਆ 
 

ਮਹਾਪੁਰਸ਼ਾਂ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ 

ਹਠੂਰ,7,ਮਾਰਚ-(ਕੌਸ਼ਲ ਮੱਲ੍ਹਾ)-ਸੰਤ ਬਾਬਾ ਭਾਗ ਸਿੰਘ ਭੋਰੇ ਵਾਲੇ,ਬਾਬਾ ਧਿਆਨਾਨੰਦ ਵਿਰੱਕਤ ਅਤੇ ਸੰਤ ਬਾਬਾ ਰਾਮਾਨੰਦ ਤਿਆਗੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮੂਹ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਸੰਤ ਬਾਬਾ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਵੇਦਾਂਤਾਚਾਰੀਆ ਸੁਖਾਨੰਦ ਵਾਲਿਆ ਦੀ ਅਗਵਾਈ ਹੇਠ ਨਿਰਮਲ ਆਸ਼ਰਮ ਡੇਰਾ ਭੋਰੇ ਵਾਲਾ ਪਿੰਡ ਰਸੂਲਪੁਰ (ਮੱਲ੍ਹਾ)ਵਿਖੇ 18 ਰੋਜਾ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸ੍ਰੀ ਆਖੰਡ ਪਾਠਾ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਵੱਖ-ਵੱਖ ਕੀਰਤਨੀ ਜੱਥਿਆ ਨੇ ਸੰਤਾ-ਮਹਾਪੁਰਸਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਬਾਬਾ ਬਲਵੀਰ ਸਿੰਘ ਭੋਰੇ ਵਾਲੇ ਅਤੇ ਮਹੰਤ ਕਮਲਜੀਤ ਸਿੰਘ ਨੇ ਵੱਡੀ ਗਿਣਤੀ ਵਿਚ ਪਹੁੰਚੀਆ ਸੰਗਤਾ ਨਾਲ ਪ੍ਰਵਚਨ ਕਰਦਿਆ ਕਿਹਾ ਕਿ ਸਾਨੂੰ ਦਸਾ ਨਹੁੰਆ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਅਤੇ ਗੁਰੂ ਸਾਹਿਬਾ ਦੇ ਦਰਸਾਏ ਮਾਰਗ ਤੇ ਚੱਲਣਾ ਸਮੇ ਦੀ ਮੁੱਖ ਲੋੜ ਹੈ।ਇਸ ਮੌਕੇ ਪਾਠੀ ਸਿੰਘਾ,ਰਾਗੀ ਸਿੰਘਾ ਅਤੇ ਸੇਵਾਦਾਰਾ ਨੂੰ ਬਾਬਾ ਕਮਲਜੀਤ ਸਿੰਘ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਗੁਰਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰੂ ਕਾ ਲੰਗਰ ਅਟੁੱਤ ਵਰਤਿਆ ਗਿਆ।ਇਸ ਮੌਕੇ ਉਨ੍ਹਾ ਨਾਲ ਸਮੂਹ ਪਿੰਡ ਵਾਸੀ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੀਆ ਸੰਗਤਾ ਹਾਜ਼ਰ ਸਨ।

ਫੋਟੋ ਕੈਪਸਨ:– ਸੰਤ ਬਾਬਾ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਵੇਦਾਂਤਾਚਾਰੀਆ ਸੰਗਤਾ ਨਾਲ ਪ੍ਰਵਚਨ ਕਰਦੇ ਹੋਏ

ਰੂਸ ਯੂਕਰੇਨ ਦੀ ਲੜਾਈ ✍️ ਜਸਵੀਰ ਸ਼ਰਮਾਂ ਦੱਦਾਹੂਰ

ਗੋਲਿਆਂ ਤੇ ਤੋਪਾਂ ਨਾਲ ਮਸਲਾ ਉਲਝ ਜਾਏ,

ਗੱਲ ਬਾਤ ਨਾਲ ਹੋਣਾ ਬੈਠ ਕੇ ਹੀ ਹੱਲ ਜੀ।

ਇਨਸਾਨੀਅਤ ਦੇ ਕਾਤਲ ਬਣੀ ਜਾਂਦੇ ਹਨ ਦੇਸ਼ ਦੋਵੇਂ,

ਬਣਾਉਣੀ ਚਾਹੁੰਦੇ ਦੁਨੀਆਂ ਚ ਫੋਕੀ ਐਵੇਂ ਭੱਲ ਜੀ।

ਦੋਹਾਂ ਦੀ ਹੀ ਆਕੜ ਚ ਨਹੁੰ ਨਹੀਂਓਂ ਖੁੱਭਦਾ ਹੈ,

ਇੱਕ ਧਿਰ ਨਿਉਂ ਜਾਏ ਤਾਂ ਬਣ ਜਾਣੀ ਗੱਲ ਜੀ।

ਵੱਡਿਆਂ ਦੇ ਨਾਲ ਨਾਲ ਮਾਸੂਮੀਅਤ ਵੀ ਵੀ ਮਰੀ ਜਾਂਦੀ,

ਚਾਰੇ ਪਾਸੇ ਦੁਨੀਆਂ ਚ ਮੱਚੀ ਪਈ ਤਰਥੱਲ ਜੀ।

ਤੀਜੀ ਵਰਲਡ ਵਾਰ ਨਾ ਬਣ ਜਾਏ ਲੜਾਈ ਇਹੇ,

ਆਓ ਸੱਚੇ ਪਾਤਸ਼ਾਹ ਨੂੰ ਕਰੀਏ ਦੁਆਵਾਂ ਜੀ।

ਸੁੱਖ ਸ਼ਾਂਤੀ ਰਹੇ ਭਾਈਚਾਰਕ ਵੀ ਸਾਂਝ ਬਣੇ,

ਮਿਠਤੁ ਪਿਆਰ ਵਾਲੀਆਂ ਗੂੰਜਣ ਫਿਜ਼ਾਵਾਂ ਜੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556