You are here

ਅੱਜ ਔਰਤ ਦਿਵਸ ਤੇ ✍️ ਰਣਜੀਤ ਸਿੰਘ ਸੋਹੀ

ਕਹਿੰਦੇ ਜੱਗ ਜਨਨੀ ਹੈ ਨਾਰੀ
ਇਸ ਵਰਗਾ ਨਹੀਂ ਤਿਆਗੀ ਕੋਈ
ਨਾ  ਹੀ  ਹੈ  ਕੋਈ  ਪਰ ਉਪਕਾਰੀ
ਕਹਿੰਦੇ ਜੱਗ ਜਨਨੀ ਹੈ ਨਾਰੀ।
   ਭੈਣ ਬਣੇ ਤਾਂ ਵੀਰੇ ਤਾਈਂ
   ਸਾਮ ਸਵੇਰੇ ਪਿਆਰ ਜਤਾਉਂਦੀ
   ਵੀਰੇ  ਉਤੋਂ  ਜਾਨ  ਵਾਰਦੀ
   ਉਸਦੇ  ਸੌ-ਸੌ  ਸ਼ਗਨ ਮਨਾਉਂਦੀ
   ਰੱਖੜੀ, ਸਿਹਰਾ, ਜੌਂ  ਬੰਨਦੀ
   ਵੀਰੇ  ਨੂੰ ਲੱਗਦੀ  ਹੈ  ਪਿਆਰੀ
   ਕਹਿੰਦੇ ਜੱਗ ਜਨਨੀ.............
ਧੀ  ਹੋਵੇ ਤਾਂ  ਮਾਂ  ਬਾਪ ਦੀ
ਸੇਵਾ ਕਰਦੀ  ਚਾਈਂ-ਚਾਈਂ
ਮਾਂ  ਬਾਪ  ਨੂੰ  ਕੰਡਾ  ਵੱਜੇ
ਚੀਸ਼ ਪਵੇ ਧੀ ਦੇ ਦਿਲ ਤਾਈਂ
ਮਾਂ  ਬਾਪ  ਨੂੰ  ਪੀੜ  ਹੋਂਵਦੀ
ਜ਼ੁਲਮ ਸਹੇ ਜਦ ਧੀ ਵਿਚਾਰੀ
ਕਹਿੰਦੇ ਜੱਗ ਜਨਨੀ..........  
 ਪਤਨੀ ਫਣ ਕੇ ਫਰਜ਼ ਨਿਭਾਉਂਦੀ
 ਪਤੀ  ਦੇ  ਮੋਢੇ  ਨਾਲ  ਖੜੋਵੇ
 ਕਿਧਰੇ  ਸ਼ਾਹਣੀ  ਕੌਲਾਂ  ਬਣਕੇ
 ਵਿੱਚ ਪ੍ਰੀਖਿਆ  ਪਾਸ ਵੀ ਹੋਵੇ
 ਚੁੱਲ੍ਹਾ  ਪੈਰਾਂ  ਦਾ  ਬਣਾਕੇ
 ਰੋਟੀ ਲਾਹੁੰਦੀ  ਕਰਮਾ  ਮਾਰੀ
ਕਹਿੰਦੇ ਜੱਗ ਜਨਨੀ..........  
 ਮਾਂ ਦਾ ਰੂਪ ਵੀ ਘੱਟ ਨਾਂ ਕੋਈ
 ਦਿਲ  ਬੋਲਦਾ  ਹੱਥ  ਤੇ  ਧਰਿਆ
 ਤੈਨੂੰ ਪੁਤਰਾ ਸੱਟ ਜੇ ਲੱਗ ਗਈ
 ਇਹ  ਜਾਣਾ ਨਹੀਂ ਮੈਥੋਂ ਜਰਿਆ
  ਮਾਂ ਦਾ ਕੱਢਿਆ ਦਿਲ ਸੀ ਬੇਸ਼ੱਕ
 
ਪੁੱਤਰ  ਤੋਂ  ਜਾਵੇ  ਬਲਿਹਾਰੀ
  ਕਹਿੰਦੇ ਜੱਗ ਜਨਨੀ ..........
  ਕੁੱਖਾਂ  ਦੇ  ਵਿੱਚ  ਮਾਰੀ  ਜਾਂਦੀ
  ਵਿੱਚ   ਤੰਦੂਰਾਂ   ਸਾੜੀ   ਜਾਂਦੀ
  ਦਾਜ  ਦੀ ਖਾਤਰ ਇਹ ਇਸਤਰੀ
  ਬਲੀ  ਦਾਜ  ਦੀ  ਚਾੜ੍ਹੀ  ਜਾਂਦੀ
  ਸ਼ਹਿਰਾਂ ਦੇ ਵਿੱਚ ਹਰ ਪਲ ਵਿਕਦੀ
  ਇਸਦੀ  ਇੱਜ਼ਤ  ਸਰੇ  ਬਜਾਰੀਂ
  ਕਹਿੰਦੇ ਜੱਗ ਜਨਨੀ.............
  ਬਹਿਸਾਂ  ਕਰਦੇ  ਝਗੜੇ  ਕਰਦੇ
  ਜਦੋਂ  ਮਰਦ  ਇੱਕ  ਦੂਜੇ  ਤਾਈਂ
  ਚੌਂਕਾ  ਦੇ  ਵਿੱਚ  ਗਾਲਾਂ  ਕੱਢਦੇ
  ਮਾਵਾਂ  ਧੀਆਂ  ਭੈਣਾਂ  ਤਾਈਂ
  ਕਸੂਰ  ਕੀ  ਕੀਤਾ ਇਸਤਰੀਆਂ ਨੇ
  ਕਦੇ  ਵੀ  ਨਾ ਇਹ ਗੱਲ ਵਿਚਾਰੀ
  ਕਹਿੰਦੇ ਜੱਗ ਜਨਨੀ ਹੈ ............
  ਬੁਰਾ  ਨਾ  ਬੋਲੋ  ਇਸਤਰੀਆਂ ਨੂੰ
  'ਸੋਹੀ'  ਦਾ  ਬੱਸ ਇਹ ਹੀ ਕਹਿਣਾ
  ਦੇਸ਼  ਨਾ  ਚੱਲਣਾ  ਬਿਨ  ਨਾਰੀ ਦੇ
  ਇਹ  ਤਾਂ  ਹੁਣ  ਮੰਨਣਾ  ਹੀ  ਪੈਣਾ
  ਤਾਹੀਉਂ ਤਾਂ ਗੁਰੂ ਨਾਨਕ ਜੀ ਨੇ,
  ਕੀਤਾ ਹੈ ਫੁਰਮਾਨ।
  ਸੋ  ਕਿਉਂ  ਮੰਦਾ  ਆਖੀਐ ,
  ਜਿਤੁ  ਜੰਮੈ  ਰਾਜਾਨ।
  ਇੱਜ਼ਤ  ਦੇ  ਨਾਲ  ਬੋਲੋ  ਇਸਨੂੰ
  ਔਰਤ  ਇੱਜ਼ਤ  ਦੀ  ਅਧਿਕਾਰੀ
  ਕਹਿੰਦੇ  ਜੱਗ  ਜਨਨੀ  ਹੈ  ਨਾਰੀ
  ਇਸ ਵਰਗਾ ਨਹੀਂ ..........

ਲੇਖਕ :-ਰਣਜੀਤ ਸਿੰਘ ਸੋਹੀ