You are here

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਲਕੇ ਔਰਤ ਦਿਵਸ 10 ਜ਼ਿਲ੍ਹਿਆਂ ਵਿੱਚ 11 ਥਾਂਵਾਂ 'ਤੇ ਮਨਾਉਣ ਦੀਆਂ ਤਿਆਰੀਆਂ ਮੁਕੰਮਲ

 ਚੰਡੀਗੜ੍ਹ 7 ਮਾਰਚ ( ਗੁਰਕੀਰਤ ਜਗਰਾਉਂ ) ਦੁਨੀਆਂ ਭਰ ਵਿੱਚ ਔਰਤ ਦਿਵਸ ਵਜੋਂ ਮਨਾਇਆ ਜਾਂਦਾ 8 ਮਾਰਚ ਦਾ ਦਿਹਾੜਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਲਕੇ 10 ਜ਼ਿਲ੍ਹਿਆਂ ਵਿੱਚ 11 ਥਾਂਵਾਂ 'ਤੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਰ ਜ਼ਿਲ੍ਹੇ ਦੇ ਆਗੂਆਂ ਵੱਲੋਂ ਖੇਤ ਮਜ਼ਦੂਰਾਂ ਤੇ ਹੋਰ ਅਗਾਂਹਵਧੂ ਜਥੇਬੰਦੀਆਂ ਦੇ ਆਗੂਆਂ ਨਾਲ ਤਾਲਮੇਲ ਰਾਹੀਂ ਔਰਤਾਂ ਦੇ ਵਿਸ਼ਾਲ ਇਕੱਠ ਕਰਨ ਲਈ ਢੁੱਕਵੀਂਆਂ ਥਾਂਵਾਂ ਦੀ ਚੋਣ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਔਰਤਾਂ ਦੀ ਸਮਾਜਿਕ ਆਰਥਿਕ ਬਰਾਬਰੀ ਅਤੇ ਜਮਹੂਰੀ ਹੱਕਾਂ ਲਈ ਸੰਘਰਸ਼ਾਂ ਦਾ ਝੰਡਾ ਹੋਰ ਉੱਚਾ ਚੁੱਕਣ ਦਾ ਅਹਿਦ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੀਆਂ ਔਰਤਾਂ ਵੱਲੋਂ ਇਹ ਕੌਮਾਂਤਰੀ ਦਿਹਾੜਾ ਬਠਿੰਡਾ ਦਾਣਾ ਮੰਡੀ ਵਿਖੇ, ਸੰਗਰੂਰ (ਸੁਨਾਮ ਦਾਣਾ ਮੰਡੀ), ਬਰਨਾਲਾ (ਸਥਾਨਕ ਦਾਣਾ ਮੰਡੀ), ਮੋਗਾ (ਬਾਘਾਪੁਰਾਣਾ ਦਾਣਾ ਮੰਡੀ), ਮਾਨਸਾ (ਪਿੰਡ ਵਰ੍ਹੇ), ਫਾਜ਼ਿਲਕਾ (ਪਿੰਡ ਚੱਕ ਰੋਹੀਵਾਲਾ), ਪਟਿਆਲਾ (ਪੁਡਾ ਗ੍ਰਾਊਂਡ), ਫਰੀਦਕੋਟ (ਪਿੰਡ ਵਾੜਾ ਭਾਈਕਾ), ਲੁਧਿਆਣਾ (ਗੁੱਜਰਵਾਲ ਪ੍ਰਾਇਮਰੀ ਸਕੂਲ) ਵਿੱਚ 1-1 ਥਾਂ ਅਤੇ ਜ਼ਿਲ੍ਹਾ ਮੁਕਤਸਰ (ਪਿੰਡ ਦੋਦਾ ਤੇ ਕਿਲਿਆਂਵਾਲੀ) 2 ਥਾਂਵਾਂ 'ਤੇ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਔਰਤ ਦਿਵਸ ਦੇ ਇਨ੍ਹਾਂ ਸਮਾਗਮਾਂ ਦਾ ਸੰਚਾਲਨ ਖੁਦ ਔਰਤਾਂ ਵੱਲੋਂ ਹੀ ਕੀਤਾ ਜਾਵੇਗਾ। ਇਹਨਾਂ ਸਮਾਗਮਾਂ ਦੌਰਾਨ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸਵਾ ਸਾਲ ਤੋਂ ਵੱਧ ਸਮਾਂ ਚੱਲੇ ਮੁਲਕ ਪੱਧਰੇ ਜਾਨਹੂਲਵੇਂ ਘੋਲ਼ ਵਿੱਚ ਦਹਿ-ਹਜਾਰਾਂ ਔਰਤਾਂ ਦਾ ਕੁਰਬਾਨੀਆਂ ਭਰਿਆ ਲਾ-ਮਿਸਾਲ ਯੋਗਦਾਨ ਵੀ ਉਚਿਆਇਆ ਜਾਵੇਗਾ। ਬੀਤੇ ਇਤਿਹਾਸ ਅੰਦਰ ਸਮਾਜਿਕ ਆਰਥਿਕ ਬਰਾਬਰੀ ਤੇ ਇਨਸਾਫ਼ ਖ਼ਾਤਰ ਲੋਕ-ਪੱਖੀ ਸੰਘਰਸ਼ਾਂ ਤੇ ਜੰਗੀ ਮੈਦਾਨਾਂ ਵਿੱਚ ਬੇਖੌਫ਼ ਹੋ ਕੇ ਮੂਹਰਲੀਆਂ ਕਤਾਰਾਂ ਵਿੱਚ ਜੂਝਣ ਵਾਲ਼ੀਆਂ ਮਾਈ ਭਾਗੋ, ਗ਼ਦਰੀ ਗੁਲਾਬ ਕੌਰ,ਲੂਈਸ ਮਾਈਕਲ ਤੇ ਕਲਾਰਾ ਜੈਟਕਨ ਵਰਗੀਆਂ ਬਹਾਦਰ ਔਰਤਾਂ ਦੀ ਘਾਲਣਾ ਤੇ ਕੁਰਬਾਨੀਆਂ ਦੀ ਜੈ-ਜੈਕਾਰ ਕੀਤੀ ਜਾਵੇਗੀ। ਅਜਿਹੀ ਆਪਾਵਾਰੂ ਤੇ ਸਿਰੜੀ ਜੁਝਾਰੂ ਭਾਵਨਾ ਤੋਂ ਪ੍ਰੇਰਨਾ ਲੈਣ ਦਾ ਅਹਿਦ ਕੀਤਾ ਜਾਵੇਗਾ। ਇਸ ਮੌਕੇ ਲਟਕ ਰਹੇ ਸਾਰੀਆਂ ਫ਼ਸਲਾਂ ਦੇ ਲਾਭਕਾਰੀ ਐਮ ਐੱਸ ਪੀ 'ਤੇ ਖਰੀਦ ਦੀ ਕਾਨੂੰਨੀ ਗਰੰਟੀ ਸਮੇਤ ਜਗੀਰੂ, ਸਾਮਰਾਜੀ ਤੇ ਸੂਦਖੋਰੀ ਲੁੱਟ ਦੇ ਖਾਤਮੇ ਅਤੇ ਨਿੱਜੀਕਰਨ ਦੀਆਂ ਮਾਰੂ ਨੀਤੀਆਂ ਦੇ ਖਾਤਮੇ ਵਰਗੇ ਅਹਿਮ ਕਿਸਾਨੀ ਮੁੱਦਿਆਂ 'ਤੇ ਆਉਂਦੇ ਸਮੇਂ ਵਿੱਚ ਚੱਲਣ ਵਾਲੇ ਠੋਸ ਪ੍ਰਾਪਤੀਆਂ ਵਾਲੇ ਲੰਮੇ ਜਾਨਹੂਲਵੇਂ ਘੋਲ਼ਾਂ ਵਿੱਚ ਹੋਰ ਵੀ ਵਧੇਰੇ ਧੜੱਲੇ ਨਾਲ ਕੁੱਦਣ ਲਈ ਔਰਤਾਂ ਨੂੰ ਪ੍ਰੇਰਿਆ ਤੇ ਉਤਸ਼ਾਹਿਤ ਕੀਤਾ ਜਾਵੇਗਾ। ਫਿਰਕੂ ਫਾਸ਼ੀਵਾਦੀ, ਜ਼ਾਤਪਾਤੀ ਅਤੇ ਪਿਤਰੀ-ਸੱਤਾ ਵਰਗੇ ਔਰਤਾਂ ਤੇ ਗਰੀਬਾਂ ਨੂੰ ਗੁਲਾਮਾਂ ਵਾਂਗ ਦਬਾਅ ਹੇਠ ਰੱਖਣ ਵਾਲੇ ਸਮਾਜਿਕ ਵਰਤਾਰਿਆਂ ਨੂੰ ਮੁੱਢੋਂ-ਸੁੱਢੋਂ ਬਦਲਣ ਦੇ ਕਾਰਜਾਂ ਦੀ ਪੂਰਤੀ ਵਾਲੇ ਘੋਲ਼ਾਂ ਦਾ ਜ਼ਮੀਨਾਂ ਤੇ ਸਾਰੇ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਤੇ ਸੂਦਖੋਰੀ ਦੇ ਖਾਤਮੇ ਸਣੇ ਸਾਮਰਾਜੀ ਜਗੀਰੂ ਲੁੱਟ ਦੇ ਖਾਤਮੇ ਵਾਲੇ ਫੈਸਲਾਕੁੰਨ ਘੋਲ਼ਾਂ ਨਾਲ ਜੀ-ਜਾਨ ਦਾ ਰਿਸ਼ਤਾ ਜ਼ੋਰ-ਸ਼ੋਰ ਨਾਲ ਉਭਾਰਿਆ ਜਾਵੇਗਾ। ਜਾਰੀ ਕਰਤਾ:- ਸੁਖਦੇਵ ਸਿੰਘ ਕੋਕਰੀ ਕਲਾਂ