You are here

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ

ਫ਼ਰੀਦਕੋਟ,03 ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ  ) ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੀ ਇੱਕ ਮਹੱਤਵਪੂਰਨ ਮਾਸਿਕ ਇਕੱਤਰਤਾ ਸੰਸਥਾਪਕ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਦੀ ਯੋਗ ਅਗਵਾਈ ਵਿੱਚ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕਲੱਬ, ਫ਼ਰੀਦਕੋਟ ਵਿਖੇ ਕੀਤੀ ਗਈ । ਇਸ ਇਕੱਤਰਤਾ ਵਿੱਚ ਲੱਗਭਗ ਡੇਢ ਦਰਜਨ ਤੋਂ ਵੀ ਵੱਧ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ । ਇਸ ਮੀਟਿੰਗ ਦੌਰਾਨ ਸਭਾ ਦਾ ਵਿਸਥਾਰ ਕਰਨ ਹਿਤ ਸੰਸਥਾਪਕ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਨੂੰ ਮੁੱਖ ਸ੍ਰਪਰਸਤ, ਬਲਵੰਤ ਗੱਖੜ ਨੂੰ ਸਰਪ੍ਰਸਤ, ਡਾ.ਨਿਰਮਲ ਕੌਸ਼ਿਕ ਨੂੰ ਡਾਇਰੈਕਟਰ, ਪ੍ਰੋ.ਬੀਰ ਇੰਦਰ ਸਰਾਂ ਨੂੰ ਚੇਅਰਮੈਨ, ਸ਼ਿਵਨਾਥ ਦਰਦੀ ਨੂੰ ਪ੍ਰਧਾਨ, ਸਰਬਰਿੰਦਰ ਸਿੰਘ ਬੇਦੀ ਨੂੰ ਸੀਨੀਅਰ ਮੀਤ ਪ੍ਰਧਾਨ, ਵਤਨਵੀਰ ਜ਼ਖ਼ਮੀ ਨੂੰ ਮੀਤ ਪ੍ਰਧਾਨ, ਧਰਮ ਪਰਵਾਨਾ ਨੂੰ ਜਨਰਲ ਸਕੱਤਰ, ਰਾਜ ਗਿੱਲ ਭਾਣਾ ਨੂੰ ਸਕੱਤਰ, ਜਤਿੰਦਰ ਪਾਲ ਸਿੰਘ ਟੈਕਨੋ ਨੂੰ ਖ਼ਜ਼ਾਨਚੀ, ਐਡਵੋਕੇਟ ਪ੍ਰਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ ਵਜੋਂ ਚੁਣਿਆ ਗਿਆ । ਇਸ ਤੋਂ ਇਲਾਵਾ ਸਭਾ ਵਿੱਚ ਨਵੇਂ ਸ਼ਾਮਿਲ ਹੋਣ ਵਾਲੇ ਸਾਹਿਤਕਾਰਾਂ ਗੁਰਵਿੰਦਰ ਸਿੰਘ, ਨੰਦ ਮਸੀਹ, ਕਸ਼ਮੀਰ ਸਿੰਘ ਮਾਨਾ, ਗੁਰਮੀਤ ਰਾਜ, ਗੁਰਪ੍ਰੀਤ ਸਿੰਘ ਆਦਿ ਨੂੰ ਸਭਾ ਦੇ ਮੈਂਬਰਾਂ ਵਜੋਂ ਚੁਣਿਆ ਗਿਆ । ਨਵੇਂ ਸ਼ਾਮਿਲ ਹੋਏ ਮੈਂਬਰ ਸਾਹਿਬਾਨ ਤੋਂ ਮੌਕੇ ‘ਤੇ ਮੈਂਬਰਸ਼ਿਪ ਫ਼ਾਰਮ ਵੀ ਭਰਵਾਏ ਗਏ ।  ਇਸ ਮੀਟਿੰਗ ਵਿੱਚ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਦੇ ਵੱਡੇ ਸਪੁੱਤਰ ਰਵੀ ਮਾਨ ਅਤੇ ਅਮਰਜੀਤ ਗੁਰਦਾਸਪੁਰੀ ਦੀ ਬੇਵਕਤੀ ਮੌਤ ‘ਤੇ ਸਭਾ ਵੱਲੋਂ ਡੂੰਘੇ ਦੁੱਖ ਡਾ ਪ੍ਰਗਟਾਵਾ ਕੀਤਾ ਗਿਆ । ਲਗਭਗ 3 ਘੰਟੇ ਚੱਲੀ ਇਸ ਮੀਟਿੰਗ ਦੌਰਾਨ ਸਰਬ-ਸਹਿਮਤੀ ਨਾਲ ਮਤਾ ਪਾ ਕੇ ਸਭਾ ਦਾ ਵਿਸਥਾਰ ਕਰਨ ਅਤੇ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਜਰੂਰੀ ਨਿਯਮਾਂ ਦੇ ਨਾਲ ਕਈ ਹੋਰ ਮਹੱਤਵਪੂਰਨ ਫ਼ੈਸਲਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ । ਹਾਜ਼ਰ ਕਵੀ ਸਾਹਿਬਾਨ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਬੇਹਤਰੀਨ ਰਚਨਾਵਾਂ ਦਾ ਦੌਰ ਚੱਲਿਆ । ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਪ੍ਰੈਸ ਨੂੰ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਪੇਸ਼ ਕੀਤੇ ਗਏ ਮਤਿਆਂ ਨੂੰ ਸਰਬ-ਸਹਿਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਸਭਾ ਦੀ ਹਰੇਕ ਚੌਥੇ ਐਤਵਾਰ ਮਾਸਿਕ ਇਕੱਤਰਤਾ ਕੀਤੀ ਜਾਵੇਗੀ । ਹਰ ਮਹੀਨੇ ਸਭਾ ਵੱਲੋਂ ਸਭਾ ਵਿੱਚ ਸ਼ਾਮਿਲ ਇੱਕ ਸਾਹਿਤਕਾਰ ਨੂੰ  ਸਨਮਾਨਿਤ ਕੀਤਾ ਜਾਵੇਗਾ । ਹਰ ਸਾਲ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਇਮਾਨਦਾਰੀ ਐਵਾਰਡ ਲਈ ਚੁਣਿਆ ਜਾਵੇਗਾ ਅਤੇ ਸਾਲ ਵਿੱਚ ਦੋ ਸਾਹਿਤਕਾਰਾਂ ਦੇ ਰੂ-ਬ-ਰੂ ਪ੍ਰੋਗਰਾਮ ਵੀ ਕਰਵਾਏ ਜਾਣਗੇ । ਸਭਾ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਾਂ-ਬੋਲੀ ਪੰਜਾਬੀ ਪ੍ਰਤੀ ਜਾਗਰੂਕ ਕਰਨ ਲਈ  ਲੇਖ, ਕਹਾਣੀ ਤੇ ਕਵਿਤਾ, ਭਾਸ਼ਣ ਮੁਕਾਬਲੇ ਆਦਿ ਕਰਵਾਏ ਜਾਣਗੇ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।

 ਇੱਥੇ ਇਹ ਜਿਕਰਯੋਗ ਹੈ ਕਿ ਇਸ ਮਹੀਨੇ ਸਭਾ ਦੇ ਸਹਿਯੋਗ ਨਾਲ ਇੱਕ ਸਾਂਝਾ ਕਾਵਿ-ਸੰਗ੍ਰਹਿ ਲੋਕ-ਅਰਪਣ ਕੀਤਾ ਜਾ ਰਿਹਾ ਹੈ, ਜਿਸਦੇ ਮੁੱਖ-ਸੰਪਾਦਕ ਪ੍ਰੋ.ਬੀਰ ਇੰਦਰ ਸਰਾਂ ਹਨ । ਇਸ ਕਾਵਿ-ਸੰਗ੍ਰਹਿ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਥਾਪਿਤ ਅਤੇ ਉੱਭਰਦੇ ਕਵੀ ਸਾਹਿਬਾਨ ਸ਼ਾਮਿਲ ਹਨ । ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦਾ ਇੱਕੋ ਇੱਕ ਉਦੇਸ਼ ਮਾਂ-ਬੋਲੀ ਦੀ ਸੇਵਾ ਕਰਨਾ ਅਤੇ ਮਾਂ-ਬੋਲੀ ਨੂੰ ਸਮਰਪਿਤ ਸਾਹਿਤਕਾਰਾਂ ਦਾ ਸਨਮਾਨ ਕਰਨਾ ਹੈ । ਸਭਾ ਵੱਲੋਂ ਕੋਈ ਵੀ ਸਾਹਿਤਕਾਰ ਆਪਣੀ ਲਿਖੀ ਪੁਸਤਕ ਨੂੰ  ਲੋਕ-ਅਰਪਣ ਕਰਵਾ ਸਕਦਾ ਹੈ । ਜੇਕਰ ਕੋਈ ਸਾਹਿਤਕਾਰ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਜਾਂ ਜੇਕਰ ਕੋਈ ਸਭਾ ਦੇ ਹੋਣ ਵਾਲੇ ਸਮਾਗਮਾਂ ਨੂੰ ਸਪਾਂਸਰ ਕਰਨਾ ਚਾਹੁੰਦਾ ਹੈ ਤਾਂ ਉਹ ਸਭਾ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ ।