ਕੰਨਾਂ ਦੀ ਦੇਖ-ਭਾਲ ਸੰਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ - ਡਾ ਔਲ਼ਖ
ਬਰਨਾਲਾ/ ਮਹਿਲ ਕਲਾਂ-03 ਮਾਰਚ - (ਗੁਰਸੇਵਕ ਸੋਹੀ)- ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ “ਵਿਸ਼ਵ ਸੁਣਨ ਸ਼ਕਤੀ ਦਿਵਸ” ਮਨਾਉਣ ਹਿੱਤ ਜਿਲੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ । ਡਾ ਔਲ਼ਖ ਨੇ ਦੱਸਿਆ ਕਿ ਸਿਹਤ ਵਿੱਭਾਗ ਸਮੇਂ ਸਮੇਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਸਿਹਤ ਦਿਨ ਮਨਾਉਂਦਾ ਰਹਿੰਦਾ ਹੈ ਤਾਂ ਜੋ ਲੋਕ ਆਪਣੀ ਸਿਹਤ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਕੰਨਾਂ ਤੋਂ ਘੱਟ ਸੁਣਨਾ ਵੀ ਇਕ ਆਮ ਬਿਮਾਰੀ ਹੈ ਤੇ ਜੇਕਰ ਇਸਦੀ ਸਮੇਂ ਸਿਰ ਪਹਿਚਾਣ ਹੋ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ । ਡਾ ਰਜਿੰਦਰ ਸਿੰਗਲਾ ਜਿਲਾ ਟੀਕਾਕਰਣ ਅਫਸਰ ਕਮ ਅੱਖ ਨੱਕ ਕੰਨ ਗਲੇ ਦੇ ਮਾਹਿਰ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਲਗਾਏ ਕੈਂਪ ਦੌਰਾਨ 60 ਤੋਂ ਵੱਧ ਮਰੀਜਾਂ ਦੇ ਕੰਨਾਂ ਦੀ ਜਾਂਚ ਕੀਤੀ ਗਈ । ਉਨ੍ਹਾਂ ਕਿਹਾ ਕਿ ਹਰ ਇਕ ਨੂੰ ਆਪਣੇ ਕੰਨਾਂ ਦੀ ਦੇਖ-ਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵੱਧਦੀ ਉਮਰ ਵਿੱਚ ਵੀ ਤੁਹਾਡੇ ਕੰਨ ਸਹੀ ਸਲਾਮਤ ਕੰਮ ਕਰਨ । ਕੁਲਦੀਪ ਸਿੰਘ ਮਾਨ ਜਿਲਾ ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਬਾਗੀ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀ “ਵਿਸ਼ਵ ਸੁਣਨ ਸ਼ਕਤੀ ਦਿਵਸ “ ਮੌਕੇ ਸੰਚਾਰ ਸੇ ਵੱਖ ਵੱਖ ਸਾਧਨਾਂ ਰਾਹੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ । ਇਸ ਮੌਕੇ ਡਾ ਜੋਤੀ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ, ਡਾ ਮੋਨਿਕਾ ਜਿਲਾ ਟੀ.ਬੀ. ਅਫਸਰ, ਸਿਹਤ ਕਰਮੀ ਅਤੇ ਆਮ ਲੋਕ ਹਾਜ਼ਰ ਸਨ ।