ਪ੍ਰਸਿੱਧ ਵਿਦਵਾਨ ਤੇ ਨਿਸ਼ਕਾਮ ਕੀਰਤਨੀਏ-ਭਾਈ ਜਸਬੀਰ ਸਿੰਘ ਖੰਨੇ ਵਾਲੇ
ਪੰਜਾਬ ਵਿੱਚ ਅਨੇਕਾਂ ਹੀ ਪੰਥ ਪ੍ਰਸਿੱਧ ਕੀਰਤਨੀਏ ਹਨ ਜੋ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਕੀਰਤਨ ਦੀ ਨਿਸ਼ਕਾਮ ਸੇਵਾ ਕਰਨੀ ਕੁਝ ਕੁ ਗੁਰੂ ਘਰ ਦੇ ਕੀਰਤਨੀਆਂ ਦੇ ਹਿੱਸੇ ਆਈ ਹੈ। ਇਹ ਨਿਸ਼ਕਾਮ ਸੇਵਾ ਉਹ ਕੀਰਤਨੀਏ ਕਰਦੇ ਹਨ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਅਜਿਹੇ ਹੀ ਪੰਥ ਪ੍ਰਸਿੱਧ ਤੇ ਰਸ-ਭਿੰਨੇ ਕੀਰਤਨੀਏ ਸਨ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲੇ।
ਭਾਈ ਜਸਬੀਰ ਸਿੰਘ ਖ਼ਾਲਸਾ ਦਾ ਜਨਮ 16 ਅਗਸਤ 1944 ਈ: ਨੂੰ ਪਿਤਾ ਸ੍ਰ: ਇੰਦਰ ਸਿੰਘ ਦੇ ਘਰ ਮਾਤਾ ਪਾਰਵਤੀ ਕੌਰ ਜੀ ਦੀ ਕੁੱਖੋਂ ਪਿੰਡ ਚੱਕਰੀ ਕੈਬਲਪੁਰ (ਪਾਕਿਸਤਾਨ) ਵਿਖੇ ਭਾਦੋਂ ਦੀ ਸੰਗਰਾਂਦ ਦਿਹਾੜੇ ਅੰਮ੍ਰਿਤ ਵੇੇਲੇ ਹੋਇਆ। 1947 ਵਿੱਚ ਹਿੰਦ-ਪਾਕਿ ਦੀ ਵੰਡ ਸਮੇਂ ਭਾਈ ਸਾਹਿਬ ਪਰਿਵਾਰ ਸਮੇਤ ਪਹਿਲਾਂ ਅੰਮ੍ਰਿਤਸਰ ਆਏ ਤੇ ਫਿਰ ਸੰਗਰੂਰ ਚਲੇ ਗਏ। ਸੰਗਰੂਰ ਵਿੱਚ ਭਾਈ ਸਾਹਿਬ ਨੇ ਦਸਵੀਂ ਜਮਾਤ ਤੱਕ ਵਿੱਦਿਆ ਪ੍ਰਾਪਤ ਕੀਤੀ। ਲੁਧਿਆਣਾ ’ਚ ਇੰਜੀਨੀਅਰਿੰਗ ਕਰਨ ਤੋਂ ਬਾਅਦ ਖੰਨੇ ਆ ਗਏ। ਛੋਟੀ ਉਮਰ ਵਿੱਚ ਪਿਤਾ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਪਿਤਾ ਦੇ ਪਿਆਰ ਤੋਂ ਵਾਂਝੇ ਹੋ ਗਏ। ਪਰਿਵਾਰ ਦਾ ਸਾਰਾ ਬੋਝ ਭਾਈ ਸਾਹਿਬ ਦੇ ਸਿਰ ’ਤੇ ਆ ਗਿਆ। ਉਹਨਾਂ ਖੰਨਾ ਵਿਖੇ ਟੈਂਟ ਹਾਉੂਸ ਦਾ ਕਾਰੋਬਾਰ ਆਰੰਭ ਕੀਤਾ।
1967 ਵਿੱਚ 23 ਸਾਲ ਦੀ ਉਮਰ ’ਚ ਭਾਈ ਜਸਬੀਰ ਸਿੰਘ ਦਾ ਵਿਆਹ ਸ੍ਰ: ਅਵਤਾਰ ਸਿੰਘ ਦੀ ਸਪੁੱਤਰੀ ਬੀਬੀ ਦਲਜੀਤ ਕੌਰ ਨਾਲ ਹੋਇਆ। ਉਹਨਾਂ ਦੇ ਗ੍ਰਹਿ ਦੋ ਹੋਣਹਾਰ ਪੁੱਤਰ ਜਗਮੋਹਨ ਸਿੰਘ ਤੇ ਜਤਿੰਦਰਮੋਹਨ ਸਿੰਘ ਨੇ ਜਨਮ ਲਿਆ। ਭਾਈ ਜਸਬੀਰ ਸਿੰਘ ਨੇ 1983 ਵਿੱਚ ਮੁਹਾਲੀ ਨੇੜੇ ਪਿੰਡ ਸੁਹਾਣਾ ਵਿਖੇ ਗੁਰਮਤਿ ਦਾ ਪ੍ਰਚਾਰ ਕੇਂਦਰ ਸਥਾਪਿਤ ਕੀਤਾ, ਜਿਸ ਦਾ ਨਾਂ ‘ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ’ ਰੱਖਿਆ ਗਿਆ। ਭਾਈ ਸਾਹਿਬ ਨੇ ਸੰਗਤਾਂ ਦੀ ਪ੍ਰੇਰਨਾ ਦੁਆਰਾ ਸੁੰਦਰ ਇਮਾਰਤ ਦੀ ਉਸਾਰੀ ਕਰਵਾਈ। ਦੀਨ-ਦੁਖੀਆਂ ਦੀ ਸੇਵਾ ਤੇ ਉਹਨਾਂ ਦੇ ਭਲੇ ਵਾਸਤੇ 1984 ਵਿੱਚ ਇੱਕ ਨਿੱਕੀ ਜਿਹੀ ਡਿਸਪੈਂਸਰੀ ਭਾਈ ਸਾਹਿਬ ਨੇ ਖੋਲ੍ਹੀ ਸੀ। 2 ਅਪੈ੍ਰਲ 1995 ਈ: ਨੂੰ ਇਸ ਡਿਸਪੈਂਸਰੀ ਦਾ ਇੱਕ ਵੱਡੇ ਹਸਪਤਾਲ ਦੇ ਰੂਪ ਵਿੱਚ ਨਿਰਮਾਣ ਕੀਤਾ ਗਿਆ। ਅੱਜ ਸ਼੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਟ੍ਰਸਟ ਸੋਹਾਣਾ ਦੇ ਅਧੀਨ ਇਹ ਹਸਪਤਾਲ ਚੱਲ ਰਿਹਾ ਹੈ।
ਭਾਈ ਜਸਬੀਰ ਸਿੰਘ ਭਾਵੇਂ ਖੰਨੇ ਤੋਂ ਸੋਹਾਣਾ (ਮੁਹਾਲੀ) ਵਿਖੇ ਚਲੇ ਗਏ ਸਨ ਪਰ ਗੁਰੂ ਘਰ ਦੀਆਂ ਸੰਗਤਾਂ ਉਹਨਾਂ ਨੂੰ ਭਾਈ ਜਸਬੀਰ ਸਿੰਘ ‘ਜੋਸ਼ੀ’ ਦੀ ਥਾਂ ‘ਖੰਨੇ ਵਾਲੇ’ ਹੀ ਕਹਿਣ ਲੱਗ ਪਈਆਂ, ਕਿਉਂਕਿ ਇੱਥੇ ਹੀ ਉਹਨਾਂ ਦਾ ਜੱਦੀ ਘਰ ਸੀ। ਖ਼ਾਲਸੇ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਸਮੇਂ 1999 ਵਿੱਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਪ੍ਰੇਰਨਾ ਸਦਕਾ 20,000 ਦੇ ਕਰੀਬ ਪ੍ਰਾਣੀ ਇੱਕੋ ਸਮੇਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਭਾਈ ਜਸਬੀਰ ਸਿੰਘ ਨੇ ਛੱਤੀਸਗੜ੍ਹ, ਝਾਰਖੰਡ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਆਦਿ ਵਿੱਚ ਵੱਸਣ ਵਾਲੇ ਕਬੀਲਿਆਂ ਨੂੰ ਦਸਤਾਰਾਂ ਦੇ ਕੇ ਤੇਰਾਂ ਪਿੰਡਾਂ ਵਿੱਚ ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ।
ਭਾਈ ਜਸਬੀਰ ਸਿੰਘ ਦੀ ਕਥਾ, ਕੀਰਤਨ, ਵਿਖਿਆਨ ਸੁਣ ਕੇ ਸੰਗਤਾਂ ਦੇ ਕਪਾਟ ਖੁੱਲ੍ਹ ਜਾਂਦੇ ਸਨ। ਭਾਈ ਸਾਹਿਬ ਦੇ ਕੀਰਤਨ ਸਮੇਂ ਅਸਥਾਨ ਖਚਾ-ਖਚ ਭਰੇ ਹੁੰਦੇ ਸਨ ਅਤੇ ਦੂਰ-ਦੂਰ ਤੱਕ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਸਨ। ਜਿਹੜਾ ਵੀ ਉਹਨਾਂ ਦਾ ਇੱਕ ਵਾਰ ਕੀਰਤਨ ਸੁਣਦਾ, ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਮਨਾਈਆਂ ਸਾਰੀਆਂ ਸ਼ਤਾਬਦੀਆਂ ਦੇ ਸਮਾਗਮਾਂ ਵਿੱਚ ਭਾਈ ਜਸਬੀਰ ਸਿੰਘ ਸ਼ਾਮਲ ਹੋਏ ਤੇ ਗੁਰਬਾਣੀ ਦੀ ਵਿਆਖਿਆ ਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਹਨਾਂ ਪੰਜਾਬ, ਹਰਿਆਣਾ, ਹਿਮਾਚਲ, ਮੁੰਬਈ ਭਾਵ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਤੇ ਵਿਦੇਸ਼ਾਂ ਅਮਰੀਕਾ, ਕੈਨੇਡਾ, ਇੰਗਲੈਂਡ ਵਿੱਚ ਅਨੇਕਾਂ ਵਾਰ ਜਾ ਕੇ ਗੁਰਬਾਣੀ ਕੀਰਤਨ ਤੇ ਗੁਰਬਾਣੀ ਵਿਆਖਿਆ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਭਾਈ ਜਸਬੀਰ ਸਿੰਘ ਨੇ ‘ਭਾਈ ਵੀਰ ਸਿੰਘ ਅਕੈਡਮੀ’ ਦੀ ਸਥਾਪਨਾ ਕਰਕੇ ਗੁਰਸਿੱਖ ਬੱਚਿਆਂ ਹੱਥੋਂ ਹੀ ਪਤਿਤ ਬੱਚਿਆਂ ਨੂੰ ਪੇ੍ਰਨ ਦਾ ਕਾਰਜ ਵੀ ਆਰੰਭ ਕੀਤਾ। ਉਹਨਾਂ ਜਲੰਧਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ‘ਗੁਰਸਿੱਖ ਜੀਵਨ ਜੁਗਤਿ’ ਪ੍ਰਚਾਰਨ ਹਿੱਤ ਇੱਕ ਮਹਾਨ ਗੁਰਮਤਿ ਮਾਰਚ ਦਾ ਆਯੋਜਨ ਵੀ ਕੀਤਾ ਸੀ। ਭਾਈ ਜਸਬੀਰ ਸਿੰਘ ਕੌਮ ਦੇ ਅਨਮੋਲ ਰਤਨ ਸਨ। ਜਿਨ੍ਹਾਂ ਨੇ ਸਾਰੀ ਉਮਰ ਨਿਸ਼ਕਾਮ ਕੀਰਤਨ ਤੇ ਗੁਰਮਤਿ ਦਾ ਪ੍ਰਚਾਰ ਕੀਤਾ।
ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਨੂੰ 1996 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ‘ਨਿਸ਼ਕਾਮ ਕੀਰਤਨੀਏ’ ਵਜੋਂ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੀ ਤੀਜੀ ਸ਼ਤਾਬਦੀ ਮੌਕੇ ‘ਸ਼੍ਰੋਮਣੀ ਰਾਗੀ’ ਵਜੋਂ ਸਨਮਾਨਿਤ ਕੀਤਾ ਗਿਆ। 4 ਅਗਸਤ 2007 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਮਰਹੂਮ ਭਾਈ ਜਸਬੀਰ ਸਿੰਘ ਖ਼ਾਲਸਾ ਨੂੰ ‘ਪੰਥ ਰਤਨ’ ਦੀ ਉਪਾਧੀ ਦਿੱਤੀ ਗਈ। ਭਾਈ ਸਾਹਿਬ ਦੀ ਪਤਨੀ ਬੀਬੀ ਦਲਜੀਤ ਕੌਰ ਨੂੰ ਚਾਂਦੀ ਦੀ ਤਸ਼ਤਰੀ, ਸ੍ਰੀ ਸਾਹਿਬ, ਸਿਰੋਪਾਓ ਅਤੇ ਪੰਜ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਹ ਸਨਮਾਨ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਤਾ।
ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲੇ ਅਕਾਲ ਪੁਰਖ ਦੇ ਹੁਕਮ ਅਨੁਸਾਰ 14 ਅਕਤੂਬਰ 2006 ਈ: ਦਿਨ ਸ਼ਨੀਵਾਰ ਨੂੰ 62 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ ਵਿੱਚ ਭਾਈ ਜਸਬੀਰ ਸਿੰਘ ਜੀ (ਖੰਨੇ ਵਾਲੇ) ਚੈਰੀਟੇਬਲ ਟ੍ਰਸਟ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਮਾਡਲ ਟਾਉੂਨ ਐਕਸਟੈਂਸ਼ਨ ਲੁਧਿਆਣਾ ਵਿਖੇ ਸਾਲਾਨਾ ਗੁਰਮਤਿ ਸਮਾਗਮ 14 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਾਮ 7:30 ਵਜੇ ਤੋਂ 10:30 ਵਜੇ ਤੱਕ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਭਾਈ ਸੰਜਮਪ੍ਰੀਤ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗਿਆਨੀ ਪਿੰਦਰਪਾਲ ਸਿੰਘ ਜੀ ਪ੍ਰਸਿੱਧ ਵਿਦਵਾਨ ਗੁਰਮਤਿ ਵਿਚਾਰਾਂ ਤੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰਮਤਿ ਸਮਾਗਮ ਦਾ ਸਿੱਧਾ ਪ੍ਰਸਾਰਣ ਫਤਿਹ ਟੀ.ਵੀ., ਫਾਸਟ-ਵੇ ਗੁਰਬਾਣੀ ਚੈਨਲ ਨੰਬਰ 562, ਯੂ-ਟਿਉੂਬ, ਫੇਸਬੁੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਉੂਨ ਐਕਸਟੈਨਸ਼ਨ ਤੇ ਹੋਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ
ਕਰਨੈਲ ਸਿੰਘ ਐੱਮ.ਏ.ਲੁਧਿਆਣਾ