You are here

ਸ਼੍ਰੋਮਣੀ ਅਕਾਲੀ ਦਲ ਆਪਣੇ ਸਰੂਪ ਨੂੰ ਗੁਆ ਚੁੱਕਾ ਹੈ- ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਥਕ ਤਾਲਮੇਲ ਸੰਗਠਨ ਨੇ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਆਖਿਆ ਕਿ 1920 ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਤਾਲਮੇਲ ਲਈ ਬਣਿਆ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੇ ਸਰੂਪ ਨੂੰ ਗੁਆ ਚੁੱਕਾ ਹੈ। ਸੰਗਠਨ ਦੇ ਚੇਅਰਮੈਨ ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਲਗਪਗ 100 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਸੁਧਾਰ ਲਹਿਰ ਦੇ ਤਾਲਮੇਲ ਲਈ ਹੋਂਦ ਵਿਚ ਆਇਆ ਸੀ। ਇਸ ਲਹਿਰ ਨੇ ਗੁਰਧਾਮਾਂ ਦੀ ਵਿਗੜ ਚੁੱਕੀ ਮਰਿਆਦਾ ਨੂੰ ਮੁੜ ਬਹਾਲ ਕੀਤਾ ਸੀ। ਉਸ ਵੇਲੇ ਇਨ੍ਹਾਂ ਕਾਰਜਾਂ ਵਾਸਤੇ ਇਕ ਪੰਥਕ ਕਮੇਟੀ ਬਣਾਈ ਗਈ ਸੀ, ਜਿਸ ਨੂੰ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਇਸ ਜਥੇਬੰਦੀ ਨੇ ਰਾਜਸੀ ਪਾਰਟੀ ਦਾ ਰੂਪ ਲੈ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਜਥੇਬੰਦੀ ਨੂੰ ਸਥਾਪਤ ਹੋਇਆਂ 99ਵੇਂ ਸਾਲ ਹੋ ਗਏ ਹਨ ਪਰ ਇਸ ਵੇਲੇ ਕੌਮ ਜਥੇਬੰਦੀ ਨੂੰ ਲੈ ਕੇ ਸਦਮੇ ਵਿਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਜਥੇਬੰਦੀ ਸਿਧਾਂਤਾਂ ਤੋਂ ਭਟਕ ਚੁੱਕੀ ਹੈ।