You are here

ਸੀ ਪੀ ਆਈ ਨੇ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਸੈਂਕੜੇ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ

ਮੋਗਾ, ਦਸੰਬਰ 2019- (ਗੁਰਦੇਵ ਸਿੰਘ ਗਾਲਿਬ /ਮਨਜਿੰਦਰ ਗਿੱਲ )-
ਇਥੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸੱਦੇ ’ਤੇ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਸੈਂਕੜੇ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਰੀ ਭਵਨ ਵਿੱਚ ਵਰਕਰਾਂ ਨੇ ਮੀਟਿੰਗ ਕਰਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਅਕਾਲੀ ਦਲ ਉੱਤੇ ਧਰੋਹ ਕਮਾਉਣ ਦਾ ਦੋਸ਼ ਲਾਇਆ।
ਇਸ ਮੌਕੇ ਸੀਪੀਆਈ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ ਤੇ ਬਲਾਕ ਸਕੱਤਰ ਕਾਮਰੇਡ ਸਬਰਾਜ ਢੁੱਡੀਕੇ ਨੇ ਕਿਹਾ ਕਿ ਦੇਸ਼ ਅੰਦਰ ਵਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਸਨਅਤੀ ਉਤਪਾਦਨ ਦਿਨੋ ਦਿਨ ਡਿੱਗ ਰਿਹਾ ਹੈ ਤੇ ਕੱਚੇ ਮਾਲ ਦਾ ਉਤਪਾਦਕ ਕਿਸਾਨ ਕਰਜ਼ੇ ਦੀ ਪੰਡ ਹੇਠ ਆਉਣ ਨਾਲ ਖੁਦਕਸ਼ੀਆਂ ਦੇ ਰਾਹ ਤੁਰਨ ਲਈ ਮਜ਼ਬੂਰ ਹੈ। ਉਨ੍ਹਾਂ ਕਿਹਾ ਕਿ ਧੱਕੜਸ਼ਾਹੀ ਨਾਲ ਠੋਸੇ ਗਏ ਨੋਟਬੰਦੀ ਤੇ ਜੀਐੱਸਟੀ ਵਰਗੇ ਲੋਕ ਵਿਰੋਧੀ ਫੈਸਲਿਆਂ ਕਾਰਨ ਕਾਰੋਬਾਰੀ ਲੋਕਾਂ ਦੇ ਕੰਮ-ਧੰਦੇ ਉੱਜੜ ਗਏ ਹਨ ਪਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕਾਂ ਦੀ ਰੋਜ਼ੀ ਰੋਟੀ ਦੇ ਮਸਲਿਆਂ ਨੂੰ ਦਰਕਿਨਾਰ ਕਰਦਿਆਂ ਦੇਸ਼ ਨੂੰ ਵੰਡਣ ਵਾਲੇ ਫੈਸਲੇ ਕਰ ਰਹੀ ਹੈ। ਕੇਦਰੀਂ ਸਰਕਾਰ ਦੀ ਲੁਕਵੀਂ ਹੱਲਾਸ਼ੇਰੀ ਰਾਹੀਂ ਯੋਜਨਾਬੱਧ ਢੰਗ ਨਾਲ ਘੱਟ ਗਿਣਤੀ ਤੇ ਅਨਸੂਚਿਤ ਜਾਤੀ ਤੇ ਹੋਰ ਲੋਕਾਂ ਤੇ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲੋਕ ਮਸਲਿਆਂ ਤੋਂ ਅਵਾਮ ਦਾ ਧਿਆਨ ਭਟਕਾਉਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ।
ਇਸ ਮੌਕੇ ਪਾਰਟੀ ਦੇ ਕੌਮੀ ਆਗੂ ਸਾਥੀ ਵਿੱਕੀ ਮਹੇਸ਼ਰੀ ਨੇ ਕਿਹਾ ਕਿ ਅਕਾਲੀ ਪਾਰਟੀ ਵੱਲੋਂ ਪਹਿਲਾਂ ਧਾਰਾ 370 ਤੋੜਨ ਤੇ ਹੁਣ ਨਾਗਰਿਕਤਾ ਸੋਧ ਬਿੱਲ‘ ਦੀ ਹਮਾਇਤ ਕਰਕੇ ਪੰਜਾਬੀ ਭਾਈਚਾਰੇ ਤੇ ਗੁਰਬਾਣੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨਾਲ ਧਰੋਹ ਕਮਾਇਆ ਗਿਆ ਹੈ। ਪੰਜਾਬੀਆਂ ਨੂੰ ਇਸ ਫਿਰਕੂ ਤੇ ਮੌਕਾਪ੍ਰਸਤ ਪਾਰਟੀ ਤੋਂ ਸੁਚੇਤ ਹੋਣ ਦੀ ਲੋੜ ਹੈ।
ਇਸ ਮੌਕੇ ਪਾਰਟੀ ਦੀ ਸੁਬਾਈ ਕਮੇਟੀ ਮੈਂਬਰ ਸੁਖਜਿੰਦਰ ਮਹੇਸ਼ਰੀ ਤੇ ਨਰੇਗਾ ਆਗੂ ਜਗਸੀਰ ਸਿੰਘ ਖੋਸਾ ਨੇ ਕਿਹਾ ਕਿ ਲੋਕਾਂ ਨੂੰ ਸਰਕਾਰਾਂ ਦੀਆਂ ਵੱਖਵਾਦੀ ਨੀਤੀਆਂ ਵਿਰੁੱਧ ਲੜਦਿਆਂ ਰੁਜ਼ਗਾਰ, ਵਿੱਦਿਆ ਤੇ ਸਿਹਤ ਸਹੂਲਤਾਂ ਆਦਿ ਬੁਨਿਆਦੀ ਮਸਲਿਆਂ ਲਈ ਝੰਡਾ ਬੁਲੰਦ ਕਰਨਾ ਹੋਵੇਗਾ। ਇਸ ਮੌਕੇ ਜਸਪਾਲ ਸਿੰਘ ਘਾਰੂ, ਹਰਪ੍ਰੀਤ ਬਾਵਾ, ਭੁਪਿੰਦਰ ਸਿੰਘ ਸੇਖੋਂ, ਪੋਹਲਾ ਸਿੰਘ ਬਰਾੜ, ਮੁਖਤਿਆਰ ਸਿੰਘ ਮੋਗਾ, ਮੰਗਤ ਸਿੰਘ ਬੁੱਟਰ, ਵੀਰ ਸਿੰਘ ਬਹੋਨਾ, ਸੁਰਿੰਦਰ ਮੋਗਾ, ਅਮਰਜੀਤ ਕੌਰ ਮਹਿਣਾ ਆਦਿ ਹਾਜ਼ਰ ਸਨ।