ਚੰਡੀਗੜ੍ਹ,ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਲੋਕਾਂ, ਕਾਂਗਰਸੀ ਵਰਕਰਾਂ ਤੇ ਸੂਬੇ ਦੀ ਅਫ਼ਸਰਸ਼ਾਹੀ ਵਿਚਾਲੇ ਰਾਜ ਦੀਆਂ ਮੁਸ਼ਕਲਾਂ ਬਾਰੇ ਬਹੁਤ ਵੱਡਾ ਪਾੜਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮੱਸਿਆਵਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਪਾਰਟੀ ਅਤੇ ਲੋਕ ਸਮੱਸਿਆਵਾਂ ਹੱਲ ਨਾ ਹੋਣ ਕਰ ਕੇ ਪ੍ਰੇਸ਼ਾਨ ਹਨ ਪਰ ਸੂਬੇ ਦੀ ਚੰਡੀਗੜ੍ਹ ’ਚ ਬੈਠੀ ਅਫ਼ਸਰਸ਼ਾਹੀ ਇਸ ਦੀ ਸਹੀ ਤਸਵੀਰ ਪੇਸ਼ ਨਹੀਂ ਕਰ ਰਹੀ ਤੇ ਸੂਬੇ ਦੀ ਹਾਲਤ ਨੂੰ ਠੀਕ-ਠਾਕ ਹੀ ਦੱਸਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਸੂਬੇ ਦੇ ਲੋਕਾਂ, ਕਾਂਗਰਸੀ ਵਰਕਰਾਂ ਦੀਆਂ ਸਮੱਸਿਆਵਾਂ ਦੀ ਸ਼ਨਾਖ਼ਤ ਕਰਨ। ਜਾਖੜ ਨੇ ਕਿਹਾ ਕਿ ਮਗਰੋਂ ਹੱਲ ਲਈ ਢੁੱਕਵੇਂ ਕਦਮ ਚੁੱਕੇ ਜਾ ਸਕਦੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਮੁੱਖ ਮੰਤਰੀ ਕਦਮ ਚੁੱਕਣਗੇ ਤਾਂ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਅਕਾਲੀਆਂ ਦੇ ਦਸ ਸਾਲ ਦੇ ਮਾੜੇ ਰਾਜ ਤੋਂ ਨਿਜਾਤ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਸੱਤਾ ਸੌਂਪੀ ਸੀ। ਇਸ ਲਈ ਉਹ ਸਮੱਸਿਆਵਾਂ ਨੂੰ ਜ਼ਰੂਰ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਅਤੇ ਲੋਕ ਵੱਖ-ਵੱਖ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲਾਂ ਕਰਨ ਲੱਗੇ ਹਨ ਤੇ ਵਿਧਾਇਕ ਵੀ ਚਰਚਾ ਕਰਦੇ ਹਨ।