You are here

ਮਾਮਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਦਾ

ਸਿੱਖ ਜਥੇਬੰਦੀਆਂ ਨੇ ਕਮਲ ਚੌੰਕ ਵਿਖੇ ਲਾਇਆ ਧਰਨਾ  

ਡੀਐੱਸਪੀ ਵਿਰਕ ਵੱਲੋਂ ਕਾਰਵਾਈ ਦੇ ਦਿੱਤੇ ਭਰੋਸੇ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਧਰਨਾ ਚੁੱਕਿਆ  

ਜਗਰਾਉਂ (ਰਣਜੀਤ ਸਿੱਧਵਾਂ) :  ਸ਼ਰਾਰਤੀ ਅਨਸਰਾਂ ਵੱਲੋਂ  ਕਮਲ ਚੌਂਕ ਜਗਰਾਉਂ ਵਿਖੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਨੇ ਦੱਸਿਆ ਕਿ 2 ਜੂਨ ਨੂੰ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਪਿੰਡ ਰੋਡੇ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਨ ਲਈ ਕਮਲ ਚੌਂਕ ਵਿੱਚ ਸੰਤਾਂ ਦੇ ਸਮਾਗਮ ਸਬੰਧੀ ਬੋਰਡ ਲਗਾਇਆ ਗਿਆ ਸੀ। ਪਰ ਕਿਸੇ ਸ਼ਰਾਰਤੀ ਅਨਸਰ ਨੇ ਬੀਤੇ ਕੱਲ੍ਹ ਸੰਤਾਂ ਦੀ ਤਸਵੀਰ ਉੱਤੇ ਜਰਦਾ ਮਲ ਕੇ ਤੇ ਤਸਵੀਰ ਤੇ ਸਿਗਰਟਾਂ ਲਗਾ ਕੇ ਤਸਵੀਰ ਦੀ ਬੇਅਦਬੀ ਕਰ ਦਿੱਤੀ। ਜਿਸ ਬਾਰੇ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਦੀ ਅਗਵਾਈ ਹੇਠ ਕਮਲ ਚੌੰਕ ਜਗਰਾਉਂ ਵਿਖੇ ਧਰਨਾ ਲਗਾ ਦਿੱਤਾ। ਸਿੱਖ ਸੰਗਤਾਂ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕਰ ਰਹੀਆਂ ਸਨ । ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜਸਵੰਤ ਸਿੰਘ ਢੋਲਣ ਤੇ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਬੇਸ਼ੱਕ ਸਰਕਾਰਾਂ ਬਦਲ ਰਹੀਆਂ ਹਨ ਤੇ ਦੋਸ਼ੀਆਂ ਨੂੰ ਇਹ ਪਤਾ ਹੈ ਕਿ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਣੀ ਇਸ ਲਈ ਵਾਰ-ਵਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਉਨ੍ਹਾਂ ਨੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰ ਸਕਣ। ਇਸ ਸਮੇਂ ਮੌਕੇ ਤੇ ਪਹੁੰਚੇ ਡੀਐੱਸਪੀ ਦਲਜੀਤ ਸਿੰਘ ਵਿਰਕ ਨੇ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਤੋ ਇਲਾਵਾ ਜਸਪਾਲ ਸਿੰਘ ਹੇਰਾਂ, ਜਥੇਦਾਰ ਮੋਹਣ ਸਿੰਘ ਬੰਗਸੀਪੁਰਾ, ਜਸਵਿੰਦਰ ਸਿੰਘ ਘੋਲੀਆ, ਪ੍ਰੇਮ ਸਿੰਘ ਜੋਧਾਂ, ਸੁਖਵੀਰ ਸਿੰਘ ਰਤਨਾ, ਸਤਨਾਮ ਸਿੰਘ ਰੰਗਰੇਟਾ, ਰਾਜਵਿੰਦਰ ਸਿੰਘ ਜਗਰਾਉਂ, ਨਿਹਾਲ ਸਿੰਘ, ਗੁਰਦੀਪ ਸਿੰਘ ਮੱਲਾ, ਮਹਿੰਦਰ ਸਿੰਘ ਭੰਮੀਪੁਰਾ, ਬੰਤਾ ਸਿੰਘ ਚਹਿਲ ਡੱਲਾ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ ।