ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਣੀ ਹੈ ਵਿੱਤੀ ਸਹਾਇਤਾ - ਮੁੱਖ ਖੇਤੀਬਾੜੀ ਅਫ਼ਸਰ
ਲੁਧਿਆਣਾ, 01 ਜੂਨ (ਰਣਜੀਤ ਸਿੱਧਵਾਂ) : ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਿਕ ਪਾਣੀ ਦੇ ਅਣਮੁੱਲੇ ਸਰੋਤ ਨੂੰ ਬਚਾਉਣ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਰਹਿਨੁਮਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਇਸ ਸਾਲ ਵੱਧ ਤੋਂ ਵੱਧ ਝੋਨੇ ਦਾ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਤਾਂ ਜੋ ਧਰਤੀ ਹੇਠਲਾ ਪਾਣੀ ਦਾ ਪੱਧਰ ਜੋ ਕਿ ਲਗਾਤਾਰ ਥੱਲੇ ਜਾ ਰਿਹਾ ਹੈ, ਉਸ ਨੂੰ ਠੱਲ ਪਾਈ ਜਾ ਸਕੇ। ਇਸ ਮੁਹਿੰਮ ਦੇ ਚਲਦਿਆਂ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ/ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰੇਰਿਤ ਕਰਨ ਲਈ 242 ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ ਹਨ।ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਮਿਤੀ 05-06-2022 ਤੱਕ ਮਿੱਥੀ ਗਈ ਹੈ। ਸੋ ਸਾਰੇ ਕਿਸਾਨ ਉਸ ਤੋਂ ਪਹਿਲਾਂ-ਪਹਿਲਾਂ ਆਪੋ-ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ https://agrimachinerypb.com/home/dsr22 ਪੋਰਟਲ 'ਤੇ ਜਾ ਕੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਡਿਟੇਲ ਅਪਲੋਡ ਕੀਤੀ ਜਾਵੇ ਤਾਂ ਜੋ ਅਗਲੇਰੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਨਾਲ ਹੀ ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ, ਉਹ ਵੀ ਆਪਣੀ ਡਿਟੇਲ ਆਨਲਾਈਨ ਪੋਰਟਲ ਤੇ ਅਪਲੋਡ ਕਰਨ। ਆਧਾਰ ਕਾਰਡ ਦਾ ਨੰਬਰ ਭਰਨ ਉਪਰੰਤ ਜਿਨ੍ਹਾਂ ਕਿਸਾਨਾਂ ਦਾ ਆਧਾਰ ਕਾਰਡ ਪਹਿਲਾਂ ਹੀ ਵਿਭਾਗ ਪਾਸ ਰਜਿਸਟਰਡ ਹੈ, ਉਨ੍ਹਾਂ ਨੂੰ ਸਿਰਫ ਖੇਤ ਦਾ ਖਸਰਾ/ਖੇਵਟ ਨੰਬਰ ਤੇ ਰਕਬਾ ਹੀ ਭਰਨਾ ਪਵੇਗਾ ਅਤੇ ਜਿਨ੍ਹਾਂ ਕਿਸਾਨਾਂ ਦਾ ਆਧਾਰ ਕਾਰਡ ਵਿਭਾਗ ਪਾਸ ਰਜਿਸਟਰਡ ਨਹੀਂ ਹੈ, ਉਨ੍ਹਾਂ ਨੂੰ ਆਪਣਾ ਮੁਕੰਮਲ ਵੇਰਵਾ ਭਰਨਾ ਪਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਖੇਤਰ ਨਾਲ ਸਬੰਧਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਸਾਰੇ ਕਿਸਾਨ ਇਸ ਤਕਨੀਕ ਨਾਲ ਝੋਨੇ ਦੀ ਕਾਸ਼ਤ ਸਫਲਤਾਪੂਰਵਕ ਕਰਦੇ ਆ ਰਹੇ ਹਨ। ਪਰਮਲ ਕਿਸਮਾਂ ਦੀ ਬਿਜਾਈ ਦਾ ਸਮਾਂ 15 ਜੂਨ ਅਤੇ ਬਾਸਮਤੀ ਦਾ ਸਮਾਂ 30 ਜੂਨ ਤੱਕ ਸਿਫਾਰਸ਼ ਕੀਤਾ ਗਿਆ ਹੈ। ਸੋ ਕਿਸਾਨ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਰਕਬਾ ਇਸ ਤਕਨੀਕ ਨਾਲ ਬੀਜਣ ਤਾਂ ਜੋ ਪਾਣੀ ਧਰਤੀ ਹੇਠ ਰੀਚਾਰਜ਼ ਵੀ ਹੁੰਦਾ ਰਹੇ ਅਤੇ ਕੱਦੂ ਦੀ ਤਕਨੀਕ ਨਾਲੋ 15-20 ਫੀਸਦ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕੇ। ਸੋ ਜ਼ਿਲ੍ਹਾ ਲੁਧਿਆਣਾ ਦੇ ਕਿਸਾਨ ਸਰਕਾਰ ਦੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ।