ਦਾਦੀ ਜੀ, ਦਾਦੀ ਜੀ, ਮੈਨੂੰ ਕਿਸਮਿਸ ਲੈ ਕੇ ਦਿਓ ਨਾ। ਨਾਲ਼ ਤੁਰੇ ਦੀਪਕ ਨੇ ਬਜ਼ਾਰ 'ਚੋਂ ਲੰਘਦਿਆਂ ਬਿਸ਼ਨੀ ਦੀ ਬਾਂਹ ਹਿਲਾਉਂਦਿਆਂ ਕਿਹਾ।
ਵੇ ਓਹ ਕੀ ਹੁੰਦਾ? ਅੱਛਾ-ਅੱਛਾ ਕਿਸ਼ਮਿਸ਼ ਕਹਿੰਦਾ ਏਂ। ਚੱਲ ਲੈ ਦਿੰਦੀ ਆਂ ਹੁਣੇ, ਮੈਂ ਆਪਣੇ ਸੋਹਣੇ ਲਾਲ ਨੂੰ। ਬਿਸ਼ਨੀ ਇੱਕ ਦੁਕਾਨ ਵੱਲ ਤੁਰ ਪਈ।
ਵੇ ਭਾਈ, ਆਹ ਕਿਸ਼ਮਿਸ਼ ਦੇਵੀਂ। ਬਿਸ਼ਨੀ ਨੇ ਕਿਹਾ ਤਾਂ ਦੁਕਾਨਦਾਰ ਨੇ ਕਿਸ਼ਮਿਸ਼ ਦੇ ਦਿੱਤੀ।
ਨਹੀਂ! ਨਹੀਂ!ਇਹ ਨਹੀਂ ਲੈਣੀਆਂ। ਦੀਪਕ ਨੇ ਕਿਸ਼ਮਿਸ਼ ਦੇਖ ਕੇ ਕਿਹਾ।
ਫੋਟ ਵੇ! ਇਹੀ ਤਾਂ ਮੰਗੀ ਸੀ ਤੂੰ। ਬਿਸ਼ਨੀ ਨੇ ਚਿੜ੍ਹਦਿਆਂ ਕਿਹਾ।
ਨਹੀਂ, ਕਿਸਮਿਸ ਤਾਂ ਟੌਫੀ ਹੁੰਦੀ ਆ, ਜੀਹਦੇ ਉੱਪਰ ਇੱਕ ਮੁੰਡਾ ਤੇ ਕੁੜੀ ਕਿਸ ਕਰਦੇ ਹੁੰਦੇ। ਦੀਪਕ ਨੇ ਸਮਝਾਇਆ।
ਵੇ ਕੀ ਕਰਦੇ ਹੁੰਦੈ? ਬਿਸ਼ਨੀ ਨੂੰ ਕੁੱਝ ਸਮਝ ਨਹੀਂ ਆਈ।
ਦਾਦੀ ਕਿਸ ਦਾ ਮਤਲਬ ਚੁੰਮੀ। ਦੀਪਕ ਨੇ ਦੋਵਾਂ ਹੱਥਾਂ ਦੀਆਂ ਉਂਗਲੀਆਂ ਨਾਲ ਇਸ਼ਾਰਾ ਬਣਾ ਕੇ ਦੱਸਿਆ।
ਵੇ ਫਿੱਟੇ ਮੂੰਹ! ਬਿਸ਼ਨੀ ਨੂੰ ਦੁਕਾਨਦਾਰ ਸਾਹਮਣੇ ਸ਼ਰਮ ਆ ਗਈ।
ਪਰ ਦੁਕਾਨਦਾਰ ਸਮਝ ਗਿਆ। ਉਹ ਥੋੜਾ ਜਿਹਾ ਮੁਸਕਾਇਆ ਤੇ ਉਹਨੇ ਟੌਫੀਆਂ ਕੱਢ ਕੇ ਦੀਪਕ ਨੂੰ ਫੜਾਉਂਦਿਆਂ ਕਿਹਾ, ਕਿਉਂ ਬਈ ਸ਼ੇਰਾਂ, ਆਹੀ ਕਹਿੰਦਾ ਸੀ?
ਹਾਂਜੀ! ਦੀਪਕ ਨੇ ਖੁਸ਼ੀ ਵਿੱਚ ਉੱਛਲਦਿਆਂ ਕਿਹਾ।
ਦੇਖੋ ਦਾਦੀ ਜੀ, ਆਹ ਕਹਿੰਦਾ ਸੀ ਮੈਂ। ਦੀਪਕ ਨੇ ਬਿਸ਼ਨੀ ਨੂੰ ਟੌਫੀ ਦਿਖਾਈ।
ਬਿਸ਼ਨੀ ਨੇ ਟੌਫੀ ਤੇ ਨਜ਼ਰ ਮਾਰੀ ਤਾਂ ਸੱਚਮੁੱਚ ਹੀ ਇਸ ਤੇ ਇੱਕ ਭੱਦੀ ਜਿਹੀ ਆਕ੍ਰਿਤੀ ਬਣੀ ਹੋਈ ਸੀ। ਉਹ ਦੁਕਾਨਦਾਰ ਨੂੰ ਪੈਸੇ ਦੇ ਕੇ ਬਾਹਰ ਨਿੱਕਲ਼ ਆਈ।
ਉਹ ਮਨ ਵਿੱਚ ਸੋਚਣ ਲੱਗੀ ਕਿ ਇਹਨਾਂ ਪੈਸੇ ਦੇ ਵਪਾਰੀਆਂ ਨੇ ਬੱਚਿਆਂ ਦੀਆਂ ਚੀਜ਼ਾਂ ਵੀ ਨਹੀਂ ਛੱਡੀਆਂ। ਭਲਾ ਇਸ ਤਸਵੀਰ ਨੂੰ ਦੇਖ ਕੇ ਕੀ ਸਿੱਖਣਗੇ ਸਾਡੇ ਬੱਚੇ? ਸੋਚਦਿਆਂ ਹੋਇਆਂ ਬਿਸ਼ਨੀ ਨੇ ਦੀਪਕ ਦੇ ਹੱਥੋਂ ਟੌਫੀਆਂ ਖੋਹ ਕੇ ਪੈਰਾਂ ਹੇਠ ਮਧੋਲ਼ ਦਿੱਤੀਆਂ ਤੇ ਕਿਹਾ, ਇਹ ਨੀਂ ਖਾਈਦੀਆਂ ਪੁੱਤ, ਇਹ ਗੰਦੀਆਂ ਹੁੰਦੀਆਂ।
ਦੀਪਕ ਹੱਕਾ-ਬੱਕਾ ਬਿਸ਼ਨੀ ਦੇ ਮੂੰਹ ਵੱਲ ਦੇਖਦਾ ਰਹਿ ਗਿਆ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059