You are here

ਬੀਮਾਰ ਪਏ ਪ੍ਰਸਿੱਧ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਹਾਲ ਚਾਲ ਪੁੱਛਿਆ ਉਪ ਮੁੱਖ ਮੰਤਰੀ ਸਃ ਸੁਖਜਿੰਦਰ ਸਿੰਘ ਰੰਧਾਵਾ ਨੇ

ਲੁਧਿਆਣਾਃ 21 ਫਰਵਰੀ ( ਗੁਰਕੀਰਤ ਜਗਰਾਉਂ) ਪਿਛਲੇ ਦੋ ਹਫ਼ਤੇ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਤੇ ਪੰਜਾਬ ਵਿੱਚ ਇਪਟਾ ਲਹਿਰ ਦੇ ਬਾਨੀਆਂ ਵਿੱਚੋਂ ਸਿਰਕੱਢ  ਕਲਾਕਾਰ ਅਮਰਜੀਤ ਗੁਰਦਾਸਪੁਰੀ ਦੀ ਸਿਹਤ ਦਾ ਪਤਾ ਲੈਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸਃ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਉੱਦੋਵਾਲੀ ਪੁੱਜੇ। ਅਮਰਜੀਤ ਗੁਰਦਾਸਪੁਰੀ ਉਨ੍ਹਾਂ ਦੇ ਪਿਤਾ ਜੀ ਸਃ ਸੰਤੋਖ ਸਿੰਘ ਰੰਧਾਵਾ ਜੀ ਦੇ ਵੀ ਨਿਕਟਵਰਤੀ ਸਾਥੀ ਰਹੇ ਹਨ। ਗੁਰਦਾਸਪੁਰੀ ਆਪਣੇ ਜੁਆਨ ਪੁੱਤਰ ਪਰਮ ਸੁਨੀਲ ਸਿੰਘ ਰੰਧਾਵਾ ਦੀ ਦਸੰਬਰ ਮਹੀਨੇ ਚ ਹੋਈ ਮੌਤ ਕਾਰਨ ਦਿਲ ਛੱਡ ਗਏ ਸਨ ਅਤੇ ਲਗਪਗ ਦਸ ਦਿਨ ਅੰਮ੍ਰਿਤਸਰ ਦੇ ਸਿੱਧੀ ਹਸਪਤਾਲ ਚ ਦਾਖ਼ਲ ਰਹਿ ਕੇ ਪਰਸੋਂ ਹੀ ਪਿੰਡ ਪਰਤੇ ਹਨ। ਸਃ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰੀ ਜੀ ਤੋਂ ਜਦ ਹੀਰ ਸੁਣਨ ਦੀ ਇੱਛਾ ਦੱਸੀ ਤਾਂ ਉਹ ਬੋਲ ਤਾਂ ਨਹੀਂ ਸਕੇ ਪਰ ਮੁਸਕਰਾ ਕੇ ਹੱਥਾਂ ਦੇ ਇਸ਼ਾਰੇ ਨਾਲ ਕਹਿ ਗਏ ਕਿ  ਪੁੱਤਰਾ ਦਸ ਮਾਰਚ ਨੂੰ ਸੁਣਾਵਾਂਗਾ, ਜਿਸ ਦਿਨ ਤੇਰਾ ਨਤੀਜਾ ਆਵੇਗਾ।
ਅੱਜ ਉਦੋਵਾਲੀ ਤੋਂ ਪਰਤ ਕੇ ਸਃ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਦੱਸਿਆ ਕਿ ਅਮਰਜੀਤ ਗੁਰਦਾਸਪੁਰੀ ਜੀ ਦੀ ਸਿਹਤ ਭਾਵੇਂ ਬਹੁਤੀ ਠੀਕ ਨਹੀਂ ਪਰ ਮਨੋਬਲ ਪੂਰਾ ਕਾਇਮ ਹੈ।
ਵਰਨਣ ਯੋਗ ਗੱਲ ਇਹ ਹੈ ਸਾਡੇ ਚੋਂ ਬਹੁਤਿਆਂ ਦਾ ਬਚਪਨ ਤੇ ਜਵਾਨੀ ਅਮਰਜੀਤ ਗੁਰਦਾਸਪੁਰੀ ਜੀ ਦੇ ਗੀਤਾਂ ਦੀ ਛਾਵੇਂ ਵਿਕਸਤ ਹੋਈ ਹੈ।