You are here

ਸਾਹਿਤ

ਨਿਮਰਤਾ ✍ ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ

(ਕਵਿਤਾ)     ‌‌ਨਿਮਰਤਾ
ਨਿਮਰਤਾ ਨਾਲ ਇਨਸਾਨ
ਮਹਾਨ ਜਾਪੇ
ਨਫਰਤ ਆਵੇ ਨਾ ਨੇੜੇ
ਨੱਸ ਜਾਵੇ ਦੂਰ ਆਪੇ

ਨਿਮਰਤਾ ਨਾਲ ਚਿੱਤ ਨਿਹਾਲ ਹੋਵੇ
ਮਸਤੀ ਦੇ ਸਰੂਰ
ਅੰਦਰ ਰੂਹ ਖੋਵੇ
 ਪੱਲੇ ਹਾਸੇ  ਤੇ
ਹੰਝੂਆਂ ਨਾਲ ਨਾ
ਕੋਈ ਮੁੱਖ ਧੋਵੇ

ਨਿਮਰਤਾ ਨਾਲ  ਕਾਰ ਵਿਹਾਰ
ਵੱਧੇ ਫੁੱਲੇ
ਬਲੁੰਦ ਹੌਸਲੇ ਲੁੱਟੀਏ ਅਸੀਂ ਬੁੱਲੇ
ਸ਼ੁਕਰਾਨਾ ਡਾਢੇ
ਦਾ ਕਰਨਾ ਨਾ ਭੁੱਲੇ

ਨਿਮਰਤਾ  ਨਾਲ ਖੂਬਸੂਰਤ
ਖਿਆਲ  ਆਉਂਦੇ
ਸੁਨਿਹਰੇ ਪਲ   ਨੇ ਰੋਣਕਾਂ ਲਾਉਂਦੇ
ਬਾਣੀ ਰੱਬ ਦੀ
ਸੱਚਮੁੱਚ ਫੇਰ ਧਿਆਉਂਦੇ

ਦਿਲ ਜਿੱਤਣਾਂ ਫੇਰ ਅਸਾਨ ਹੋਵੇ

ਮੇਰੀ ਮੇਰੀ ਪਿੱਛੇ ਨਾ ਘਾਣ ਹੋਵੇ
ਅਸ਼ੋਕ ਨਾਲ ਨਿਮਰਤਾ
ਹੀ ਮਾਣ ਹੋਵੇ 

ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ
9914183731

ਲੇਖ਼ਕ ਪੰਜਾਬੀ ਸੱਥ ਝੱਤਰਾ ਦੇ ਪ੍ਰਧਾਨ ਜਗਜੀਤ ਸਿੰਘ ਝੱਤਰਾ ਨੇਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੁੱਲਿਤ ਕਰਨ ਲਈ ਯਤਨਸ਼ੀਲ

ਅਦਾਰਾ ਪੈਗ਼ਾਮ-ਏ-ਕਲਮ ਦੇ ਮੁੱਖ ਸੰਪਾਦਕ ਦਿਲਸ਼ਾਨ ਨਾਲ਼ ਵਿਸ਼ੇਸ਼ ਮਿਲਣੀਂ ਕੀਤੀ

ਜਗਜੀਤ ਸਿੰਘ ਝੱਤਰਾ ਪ੍ਰਧਾਨ ਲੇਖਕ ਪੰਜਾਬੀ ਸੱਥ ਝੱਤਰਾ ਅਦਾਰਾ ਪੈਗ਼ਾਮ ਏ ਕ਼ਲਮ ਦੇ ਮੁੱਖ ਸੰਪਾਦਕ ਦਿਲਸ਼ਾਨ ਨਾਲ ਵਿਸ਼ੇਸ਼ ਮਿਲਣੀ ਕਰਨ ਲਈ ਉਹਨਾਂ ਦੇ ਦਫ਼ਤਰ ਪਹੁੰਚੇ ਸਾਹਿਤਕ ਮਿਲਣੀ ਦੌਰਾਨ ਦਿਲਸ਼ਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡਾ ਅਦਾਰਾ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਅੱਗੇ ਤੋਂ ਅੱਗੇ ਉਪਰਾਲੇ ਕਰ ਰਿਹਾ ਹੈ ਉਹਨਾਂ ਨੇ ਦੱਸਿਆ ਕਿ  ਸਾਹਿਤਕਾਰਾਂ ਨੂੰ ਉੱਪਰ ਚੁੱਕਣ ਲਈ ਯਤਨਸ਼ੀਲ ਹਾਂ ਜਿਸ ਸਦਕਾ ਪੰਜਾਬੀ ਮਾਂ ਬੋਲੀ ਪ੍ਰਫੁੱਲਿਤ ਕਰਨ ਲਈ ਸਾਡੀ ਮਿਹਨਤ ਸਾਰਥਿਕ ਹੋ ਸਕੇ ਅੱਗੇ ਦਿਲਸ਼ਾਨ ਨੇ ਜਾਣਕਾਰੀ ਦਿੱਤੀ ਕਿ ਜੋ ਵੀ ਕੋਈ ਲੇਖਕ ਪੰਜਾਬੀ ਭਾਸ਼ਾ ਤੇ ਰਚਨਾਵਾਂ ਲਿਖਕੇ ਭੇਜਦਾ ਹੈ ਅਦਾਰਾ ਜਲਦੀ ਛਾਪਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਗਜੀਤ ਸਿੰਘ ਝੱਤਰਾ ਨੇ ਵੀ ਆਪਣੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਖਕ ਪੰਜਾਬੀ ਸੱਥ ਝੱਤਰਾ ਪਿਛਲੇ ਲੰਬੇ ਸਮੇਂ ਤੋਂ  ਸਾਹਿਤਕਾਰਾਂ ਨੂੰ ਸਨਮਾਨ ਚਿੰਨ੍ਹ ਅਦਾ ਕਰਕੇ ਹੌਂਸਲੇ ਬੁਲੰਦ ਕਰਨ ਵਿਚ ਸਫ਼ਲ ਹੋਣ ਦਾ ਮਾਣ ਹਾਸਲ ਕਰ ਰਹੀ ਹੈ। ਦਿਲਸ਼ਾਨ ਨੇ ਜਾਣਕਾਰੀ ਦਿੱਤੀ ਕਿ ਗੁਰਬਤ ਵਿਚ ਜੀ ਰਹੇ ਗਰੀਬ ਵਰਗ ਦੇ ਲੇਖਕ ਨੂੰ ਅਦਾਰਾ ਪੈਗ਼ਾਮ ਏ ਕ਼ਲਮ ਉਹਨਾਂ ਦੀਆਂ ਰਚਨਾਵਾਂ ਛਾਪ ਕੇ ਉਨ੍ਹਾਂ ਨੂੰ ਖੁਸ਼ੀਆਂ ਖੇੜੇ ਸਤਿਕਾਰ ਦੇਣ ਵਿਚ ਸਫ਼ਲ ਹੋ ਰਿਹਾ ਹੈ । ਅੱਗੇ ਦਿਲਸ਼ਾਨ ਨੇ ਆਖਿਆ ਕਿ ਇਸ ਤਰ੍ਹਾਂ ਅੱਗੇ ਅਦਾਰਾ ਪੈਗ਼ਾਮ ਏ ਕ਼ਲਮ ਪੰਜਾਬੀ ਮਾਂ ਬੋਲੀ ਦੀ ਚੜ੍ਹਤ ਕਰਨ ਲਈ ਯਤਨ ਕਰਦਾ ਰਹੇਗਾ। ਅਖ਼ੀਰ ਵਿੱਚ ਦਿਲਸ਼ਾਨ ਨੇ ਝੱਤਰਾ ਜੀ ਨੂੰ ਦਫ਼ਤਰ ਆਉਣ ਤੇ ਜੀ ਆਇਆਂ ਆਖਿਆ ਤੇ ਵੱਧ ਤੋਂ ਵੱਧ ਪਿਆਰ ਦਿੱਤਾ ਇਹ ਮਿਲਣੀ ਸਾਰਥਕ ਹੋ ਨਿੱਬੜੀ।
ਲੇਖ਼ਕ ਜਗਜੀਤ ਸਿੰਘ ਝੱਤਰਾ
ਲੇਖ਼ਕ ਪੰਜਾਬੀ ਸੱਥ ਝੱਤਰਾ
78144/90249

ਹੰਕਾਰ ✍ ਗੁਰਚਰਨ ਸਿੰਘ ਧੰਜੂ

ਹੰਕਾਰ

ਜਦੋਂ ਹੰਕਾਰ ਤੇ ਢਿੱਡ ਲੋੜ ਤੋਂ ਵੱਧ ਜਾਵੇ
 ਆਪਣਿਆਂ ਨੂੰ ਵੀ ਗਲ ਲਾਉਣਾ ਔਖਾ
ਗੰਦੀਆਂ ਸੋਚਾਂ ਚ ਸਮਾਂ ਬਰਬਾਦ ਕਰਿਆ
ਰਾਜ ਕਰਨ  ਦਾ ਇਹਨਾਂ ਨੂੰ  ਦਿੱਤਾ ਮੌਕਾ

ਹੱਕ ਮੰਗਣੇ  ਵੇਖੋ ਕਿਵੇਂ ਗੁਨਾਹ  ਸਮਝਣ
ਵੱਡਿਆਂ ਘਰਾਣਿਆਂ ਨਾਲ  ਯਾਰੀਆਂ ਨੇਂ
ਕਰਨ ਤਸ਼ੱਦਦ ਵੇਖੋ ਆਪਣੇ ਅੰਨ ਦਾਤੇ ਤੇ
ਕਿਵੇਂ ਬਾਡਰਾਂ ਤੇ ਫੌਜਾਂ ਇਹਨਾਂ ਚਾੜੀਆਂ ਨੇਂ 

ਹੰਕਾਰ ਦੀ  ਪੌੜੀ ਬੰਦਾ ਛੇਤੀ  ਚੜ ਜਾਂਦਾ
ਉਪਰਲੇ ਡੰਡੇਂ  ਤੋਂ  ਮੂਧੇ ਮੂੰਹ  ਡਿਗਦਾ ਏ
ਆਪਣਿਆਂ ਨੂੰ ਗਲ ਲਾ  ਲਵੇ ਜੇ ਜਲਦੀ
ਨਹੀਂ ਪਛਤਾਵੇ ਦੀ ਅਗਨੀ ਚ ਰਿੱਝਦਾ ਏ

ਤੱਕੜੀ ਵਿਤਕਰੇ ਦੀ ਹੱਥ ਵਿੱਚ ਫੜੀ ਹੋਈ
ਝੂਠੇ  ਲਾਰਿਆਂ ਦਾ ਸੌਦਾ ਵਿੱਚ  ਤੋਲਦਾ ਏ
ਕਰਨ  ਫੈਰ  ਅੱਥਰੂ ਗੈਸ ਦੇ ਗੋਲੇ  ਸੁੱਟਣ
ਵੇਖੋ ਫੇਰ ਵੀ ਮੀਡੀਆ ਚ ਝੂਠ  ਬੋਲਦਾ ਏ

ਗੁਰਚਰਨ ਸਿੰਘ ਧੰਜੂ

ਗ਼ਜ਼ਲ ✍️ ਮਹਿੰਦਰ ਸਿੰਘ ਮਾਨ

ਗ਼ਜ਼ਲ

ਇਕ ਪਾਸੇ ਖੂਨੀ ਕਾਵਾਂ ਦੀ ਢਾਣੀ ਹੈ, ਰੱਬ ਖ਼ੈਰ ਕਰੇ।

ਦੂਜੇ ਪਾਸੇ ਕੱਲੀ ਕੂੰਜ ਨਿਮਾਣੀ ਹੈ, ਰੱਬ ਖ਼ੈਰ ਕਰੇ।

ਜਿਸ ਨੂੰ ਮਿਲਦੈ ਚੈਨ ਬੜਾ ਭੋਲੇ ਭਾਲੇ ਲੋਕ ਲੜਾ ਕੇ,

ਸਾਡੇ ਪਿੰਡ 'ਚ ਉਸ ਦੀ ਆਣੀ, ਜਾਣੀ ਹੈ, ਰੱਬ ਖ਼ੈਰ ਕਰੇ।

ਹੁਣ ਤਾਂ ਕਰਮਾਂ ਮਾਰੇ ਰੋਗੀ ਦੀ ਇਹ ਹਾਲਤ ਹੈ ਯਾਰੋ,

ਨਾ ਉਹ ਕੁਝ ਖਾਂਦਾ, ਨਾ ਪੀਂਦਾ ਪਾਣੀ ਹੈ, ਰੱਬ ਖ਼ੈਰ ਕਰੇ।

ਇਕ ਇਕ ਕਰਕੇ ਸਾਰੇ ਦੋਸਤ ਛੱਡ ਗਏ ਮੇਰਾ ਦਾਮਨ,

ਹੁਣ ਮੈਂ ਕੱਲੇ ਨੇ ਉਮਰ ਬਿਤਾਣੀ ਹੈ, ਰੱਬ ਖ਼ੈਰ ਕਰੇ।

ਮੇਰੇ ਦਿਲ ਦਾ ਖਿੜਿਆ ਗੁਲਸ਼ਨ ਇਹਨਾਂ ਤੋਂ ਤੱਕ ਨਾ ਹੁੰਦਾ,

ਅੱਜ ਬੇਦਰਦਾਂ ਨੇ ਇਸ ਨੂੰ ਅੱਗ ਲਾਣੀ ਹੈ, ਰੱਬ ਖ਼ੈਰ ਕਰੇ।

ਗ਼ਮ ਦੇ ਖ਼ਾਰਾਂ ਤੋਂ 'ਮਾਨ' ਕਦੇ ਘਬਰਾਇਆ ਨਹੀਂ ਸੀ ਯਾਰੋ,

ਅੱਜ ਉਸ ਦੇ ਨੈਣਾਂ ਵਿੱਚ ਕਾਹਤੋਂ ਪਾਣੀ ਹੈ, ਰੱਬ ਖ਼ੈਰ ਕਰੇ।

ਮਹਿੰਦਰ ਸਿੰਘ ਮਾਨ

ਕੈਨਾਲ ਰੋਡ

ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ

ਨਵਾਂ ਸ਼ਹਿਰ-144514

ਫੋਨ  9915803554

ਆਈ ਰੁੱਤ ਬਸੰਤ ਦੀ ✍ ਰਣਜੀਤ ਆਜ਼ਾਦ ਕਾਂਝਲਾ

 ਆਈ ਰੁੱਤ ਬਸੰਤ ਦੀ 

ਹੈ ਆਈ ਹੁਸੀਨ ਰੁੱਤ ਬਸੰਤ ਦੀ ,ਮਿੱਤਰੋ ਖਿਲੀਆਂ ਗੁਲਜ਼ਾਰਾਂ !

ਮਹਿਕਿਆ ਟਹਿਕਿਆ ਹਰ ਥਾਂ ਦਿਸੇ ਜਿਧਰ ਵੀ ਨਜ਼ਰ ਮਾਰਾਂ !

ਵੰਨ ਸਵੰਨੇ ਰੰਗਾਂ ਵਿਚ ਕੁਦਰਤ ਰਾਣੀ ਮਹਿਕਾਂ ਪਈ ਖਿਲਾਰੇ!

ਰਸ ਭਿੰਨੀ ਖੁਸ਼ਬੋਈ ਦੇ ਚਾਰੇ ਪਾਸੇ ਕਿੰਝ ਵਗਦੇ ਪਏ ਫੁਹਾਰੇ !

ਖੇਤਾਂ 'ਚ ਹਰਿਆਲੀ ਛਾਈ ਖੁਸ਼ਬੋ ਖੁਸ਼ਬੋ ਹੋਇਆ ਸਾਰਾ ਚੁਗਿਰਦਾ।

ਮੱਲੋ ਮੱਲੀ ਮਨ ਟਹਿਕਿਆ ਮਹਿਕਿਆ  ਪ੍ਰਾਣੀ ਭੱਜਿਆ ਫਿਰਦਾ। 

ਪੰਛੀ ਚਹਿਚਹਾਊਂਦੇ ਉੱਡਾਰੀਆਂ ਮਾਰਦੇ ਬੋਲਦੇ ਮਿੱਠੜੀ ਬੋਲੀ।

ਕੁਦਰਤ ਦੇ ਰੰਗਾਂ ਵਿਚ ਰੰਗੀ , ਦੁਨੀਆ ਮਿੱਤਰਾਂ ਨਜ਼ਰੀਂ ਤੋਲੀ। 

ਹਸੂੰ ਹਸੂੰ ਪਏ ਚੇਹਰੇ ਖਿਲਦੇ ,ਬੜੇ ਮਾਣੇ ਨੱਖਰੇ ਨਾਜ਼ ਨਿਆਰੇ। 

ਦਰ 'ਤੇ ਆ ਬਹਾਰਾਂ ਨੱਚਣ ਤੇ ਕੰਨੀਂ ਰਸ ਘੋਲਦੇ ਬੋਲ ਪਿਆਰੇ। 

ਰੰਗ ਬਰੰਗੇ ਫੁੱਲਾਂ 'ਤੇ ਭੌਰ ਪਤੰਗੇ ਮਿੱਠਾ ਸੁਰੀਲਾ ਰਾਗ ਸੁਣਾਉਂਦੇ। 

ਤਿੱਤਲੀਆਂ ਮਸਤ ਹੋਈਆਂ ਉਡਦੀਆਂ ਵਾਯੂਮੰਡਲ ਰੰਗੀਨ ਬਣਾਉਂਦੇ। 

ਹਰ ਸਮੇਂ ਸਭਨਾਂ ਦੇ ਘਰੀਂ ਸਦਾ ਹੀ ਛਾਈ ਰਹੇ ਬਸੰਤ ਬਹਾਰ ਜੀ !

' ਅਜ਼ਾਦ ' ਵੀਰ ਰਲ ਮਿਲ ਕੇ, ਵੰਡੀਏ ਸੁਗੰਧੀ ਪਰੁੱਚਾ ਪਿਆਰ ਜੀ !

* ਰਣਜੀਤ ਆਜ਼ਾਦ ਕਾਂਝਲਾ *(ਫਖਰ ਏ ਕੌਮ ਪੰਥ ਰਤਨ ਗਿ: ਦਿੱਤ ਸਿੰਘ ਐਵਾਰਡੀ, ਸਟੇਟ ਐਵਾਰਡੀ (ਸਿੱਖਿਆ),ਮੋਬਾਇਲ: 09464697781.

ਸੁਪਨਾ ✍ ਸਰਬਜੀਤ ਕੌਰ ਢਿੱਲੋਂ

ਸੁਪਨਾ
ਪਲਕਾਂ ਤੇ ਬਿਠਾਇਆ ਸੀ ਜੋ 
ਦਿਲ ਦੇ ਵਿਚ ਵਸਾਇਆ ਸੀ ਜੋ

ਨਜਰਾਂ ਚੋ ਹੀ ਡਿਗ ਗਿਆ 
ਸੁਪਨਾ ਬਣ ਕੇ ਆਇਆ ਸੀ ਜੋ

ਨਵੀਆਂ ਉਮੀਦਾਂ ਦੇਣ ਆਇਆ ਸੀ
ਤਕਲੀਫਾਂ ਸਾਡੀਆਂ ਲੈਣ ਆਇਆ ਸੀ

ਅੱਜ ਖੰਭ ਸਾਡੇ ਉਹਨੇ ਹੀ ਤੋੜੇ
ਜੋ ਉਡਾਰੀ ਦੇਣ ਆਇਆ ਸੀ

ਅੰਬਰੀ ਉੱਡਦੀ ਪਤੰਗ ਵਾਂਗ ਸੀ
ਉਹ ਜੀਣ ਦੀ ਉਮੰਗ ਵਾਂਗ ਸੀ

ਰੰਗ ਭਰਨ ਦੀ ਗੱਲ ਸੀ ਕਰਦਾ 
ਆਪ ਜੋ ਕਾਲੇ ਰੰਗ ਵਾਂਗ ਸੀ

ਹਕੀਕਤ ਤੋਂ ਜਾਣੂ ਕਰਵਾ ਗਿਆ 
ਢਿੱਲੋਂ ਨੂੰ ਵੀ ਜੀਣਾ ਸਿਖਾ ਗਿਆ 
 ਸਰਬਜੀਤ ਕੌਰ ਢਿੱਲੋਂ

ਸੂਲਾਂ ਦਾ ਸੱਥਰ ✍️ ਗੁਰਚਰਨ ਸਿੰਘ ਧੰਜੂ

ਸੂਲਾਂ ਦਾ ਸੱਥਰ

ਸੌਂ ਗਿਆ ਸੂਲਾਂ ਦਾ ਸੱਥਰ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ
ਸੌਂ ਗਿਆ ਸੀਨੇਂ ਵਿੱਚ ਦਰਦ ਛੁਪਾ ਕੇ
ਜਿਗਰ ਦੇ ਟੋਟੇ ਵਾਰ ਕੇ

ਹੱਸ ਹੱਸ ਪਿਤਾ ਨੂੰ ਤੂੰ
ਦਿੱਲੀ ਵੱਲ ਤੋਰਿਆ
ਕਸ਼ਮੀਰੀ ਪੰਡਿਤਾਂ ਦਾ ਕਿਹਾ
ਇੱਕ ਵਾਰ ਨਾਂ ਤੂੰ ਮੋੜਿਆ
ਧਰਮ ਬਚਾਇਆ ਸੀ ਗਾ
 ਸੀਸ ਨੂੰ ਕਟਾ ਕੇ
ਜਿਗਰ ਦੇ ਟੋਟੇ ਵਾਰ ਕੇ
ਸੌਂ ਗਿਆ ਸੂਲਾਂ ਦੀ ਸੇਜ਼ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ

ਗੜੀ ਚਮਕੌਰ ਦੀ ਅੱਜ
ਰੋਵੇ ਤਾਹਾਂ ਮਾਰ ਵੇ
 ਬਹਾਦਰੀ ਦੇ ਨਾਲ ਕਿਵੇਂ
ਲੜੇ ਅਜੀਤ ਤੇ ਜੁਝਾਰ ਵੇ
ਵੈਰੀ ਵੱਢੇ ਸੀ ਕਿਰਪਾਨਾਂ ਨੂੰ ਘੁੰਮਾਕੇ
ਜਿਗਰ ਦੇ ਟੋਟੇ ਵਾਰ ਕੇ 
ਸੌਂ ਗਿਆ ਸੂਲਾਂ ਦਾ ਸੱਥਰ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ 

ਮਾਤਾ ਗੁਜ਼ਰੀ ਨੇਂ ਕਿਵੇਂ ਮਾਰੀ
ਠੰਡੇਂ ਬੁਰਜ਼ ਉਤੋਂ ਛਾਲ ਵੇ
ਜ਼ਾਲਮ ਨੇਂ ਚਿਣੇ ਕਿਵੇਂ
ਨੀਂਹਾ ਵਿੱਚ ਛੋਟੇ ਲਾਲ ਵੇ
ਜਲਾਦ ਚਿਣਦਾ ਸੀ
ਇੱਟਾਂ ਨੂੰ ਚੂਨਾ ਲਾਕੇ
ਜਿਗਰ ਦੇ ਟੋਟੇ ਵਾਰ ਕੇ
ਸੌਂ ਗਿਆ ਸੂਲਾਂ ਦਾ ਸੱਥਰ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ

ਗੁਰਚਰਨ ਸਿੰਘ ਧੰਜੂ

ਨਵਾਂ ਸਾਲ ਮੁਬਾਰਕ ਹੋਵੇ ✍️ ਪਰਵੀਨ ਕੌਰ ਸਿੱਧੂ

ਨਵਾਂ ਸਾਲ ਮੁਬਾਰਕ ਹੋਵੇ...
ਦਿਨ ਵੀ ਉਹੀ ਤੇ ਰਾਤਾਂ ਵੀ ਉਹੀ,
ਪਰ ਬਦਲ ਗਈਆਂ ਤਰੀਕਾਂ ਨੇ।

ਲੰਘ ਗਿਆ ਇੱਕ ਹੋਰ ਸਾਲ,
ਨਵੇਂ ਦੀਆਂ ਬੜੀਆਂ ਉਡੀਕਾਂ ਨੇ।

ਯਾਦਾਂ ਦਾ ਭੰਡਾਰ ਭਰ ਗਿਆ,
ਬੀਤੇ ਦੀਆਂ ਵੀ ਕਈ ਸਿਫ਼ਤਾਂ ਨੇ।

ਆਉਣਾ ਜਾਣਾ ਬਣਿਆ ਰਹਿੰਦਾ,
ਰਹਿ ਜਾਂਦੇ.. ਕੁਝ ਸੁਫ਼ਨੇ, ਕੁਝ ਆਸਾਂ ਨੇ।

ਨਵੇਂ ਸਾਲ ਦੀਆਂ ਨਵੀਆਂ ਵਿਉਂਤਾਂ,
ਸਭ ਲਈ ਬਹੁਤ ਦੁਆਵਾਂ ਨੇ।

ਸ਼ਾਲਾ! ਵਸਦੇ ਰਹਿਣ ਪਿੰਡ-ਗਰਾਂ,
ਭਰੀਆਂ ਰੱਬ ਨੇ ਕੁਦਰਤੀ ਸੌਗਾਤਾਂ ਨੇ।

ਮਿਲ ਜੁਲ ਕੇ ਰਿਹਾ ਕਰੋ ਸੱਜਣੋ,
ਜ਼ਿੰਦਗੀ ਚਾਰ ਦਿਨਾਂ ਦੀਆਂ ਬਾਤਾਂ ਨੇ।

'ਸਿੱਧੂ' ਦੇਵੇ ਦੁਆਵਾਂ ਸਭ ਨੂੰ,
ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਨੇ।
     ਪਰਵੀਨ ਕੌਰ ਸਿੱਧੂ
     8146536200

ਕਹਾਣੀ ✍ ਦੀਪ ਸੰਧੂ

ਜਾਂਦਾ ਜਾਂਦਾ ਘੁੱਟ ਕੇ ਗੱਲ ਨਾਲ ਲਾਉਣਾ ਆ
ਸਾਲ 2023  ਮੁੜ ਮੁੜ ਚੇਤੇ ਆਉਣਾ ਆ!

ਕੌਣ ਆਖਦਾ ਲੰਘਿਆ ਵਕਤ ਨਹੀਂ ਆਉਂਦਾ 
ਕਿੰਨੀ ਵਾਰ ਤੂੰ ਪਹਿਲਾਂ ਵਾਂਗ ਵਰਾਉਣਾ ਆ! 

ਮੈਨੂੰ ਘੜਿਆ ਪਿੰਝ ਪਿੰਝ ਤੇਰੇ ਸਬਕਾਂ ਨੇ 
ਲੱਪ ਕੁ ਦੇ ਉਧਾਰੀ ਮੈਂ ਦੀਪ ਜਗਾਉਣਾ ਆ!

ਸ਼ਿਕਵਾ ਕੋਈ ਨਹੀਂ ਸ਼ੁਕਰਗੁਜ਼ਾਰ ਹਾਂ ਰਹਿਮਤ ਦੀ
ਫਜ਼ਲ ਤੇਰੇ ਦੇ ਸਦਕੇ  ਮੈਂ ਆਪਾ ਪਾਉਣਾ ਆ

ਮੇਰੀ ਗੋਦ ਸੁਲਖਣ ਰੱਖੀ ਸਮਿਆਂ ਨੇ
ਮੈਂ ਵਕਤਾਂ ਨੂੰ ਨੀਂਉ ਨੀਂਉ ਸੀਸ ਝੁਕਾਉਣਾ ਆ !

ਪੈਰ ਧਰਤ ਤੇ ਰੱਖਾਂ  ਸਬਰ  ਸੰਤੋਖ ਰਹੇ 
ਅਸੀਸ ਨਵੀਂ ਨੂੰ ਚੁੰਮ ਕੇ ਮੱਥੇ ਲਾਉਣਾ ਆ!

 ਦੀਪ ਸੰਧੂ

ਖੋਲ੍ਹ ਕੇ ਰੱਖੀੰ ਅੱਖ ਸੱਜਣਾ! ✍️. ਸਲੇਮਪੁਰੀ ਦੀ ਚੂੰਢੀ

ਖੋਲ੍ਹ ਕੇ ਰੱਖੀੰ ਅੱਖ ਸੱਜਣਾ!
-ਨਵੇਂ ਵਰ੍ਹੇ ਦੀ ਸਰਦਲ ਉੱਤੇ, ਪੈਰ ਟਿਕਾ ਕੇ ਰੱਖ ਸੱਜਣਾ!
ਵਿੰਗੇ-ਟੇਢੇ ਮੋੜ ਆਉਣਗੇ, ਖੋਲ੍ਹ ਕੇ ਰੱਖੀੰ ਅੱਖ ਸੱਜਣਾ!
ਝੱਖੜ ਚੱਲੂ, ਬਿਜਲੀ ਗਰਜੂ, ਬਰਫਾਂ ਦੇ ਤੁਫਾਨ ਆਉਣਗੇ! 
ਟਿੱਬੇ ਆਉਣਗੇ, ਟੋਏ ਆਉਣਗੇ, ਪਰਬਤ ਤੇ ਮੈਦਾਨ ਆਉਣਗੇ!  
ਸਾਧ ਆਉਣਗੇ,ਚੋਰ ਆਉਣਗੇ,ਕਈ ਚੰਗੇ ਇਨਸਾਨ ਆਉਣਗੇ! 
ਤਰ੍ਹਾਂ ਤਰ੍ਹਾਂ ਦੇ ਭੇਸ ਵਟਾ ਕੇ, ਵੇਖੀਂ ਕਈ ਭਗਵਾਨ ਆਉਣਗੇ! 
ਕਈਆਂ ਦਰਦ ਘਟਾਉਣਾ ਤੇਰਾ , ਕਈ ਤਾਂ ਦਰਦ ਵਧਾਣ ਆਉਣਗੇ! 
ਕਈ ਮੰਗਣਗੇ ਖ਼ੈਰ ਤੁਸਾਂ ਦੀ, ਕਈ ਤਾਂ ਲੈ ਕਿਰਪਾਨ ਆਉਣਗੇ! 
ਸ਼ੇਰਾਂ ਵਰਗਾ ਜਿਗਰਾ ਰੱਖੀੰ, ਖਤਰੇ ਦੇ ਨਿਸ਼ਾਨ ਆਉਣਗੇ!
ਜ਼ਿੰਦਗੀ ਐਨੀ ਸਰਲ ਨਹੀਂ ਹੁੰਦੀ, ਕਈ ਤੈਨੂੰ ਸਮਝਾਣ ਆਉਣਗੇ! 
ਸੋਕਿਆਂ ਦੇ ਸੰਗ ਹੜ੍ਹ ਨੇ ਆਉਣਾ , ਕਰਨ ਤੈਨੂੰ ਪ੍ਰੇਸ਼ਾਨ ਆਉਣਗੇ! 
ਪੱਤਝੜ ਪਿਛੋਂ ਬਸੰਤ ਨੇ ਆਉਣਾ, ਦਿਲ ਵਿਚ ਕਈ ਅਰਮਾਨ ਆਉਣਗੇ! 
ਰੋਜ ਬਦਲਦੇ ਰਹਿਣਗੇ ਮੌਸਮ, ਤੈਨੂੰ ਕਰਨ ਹੈਰਾਨ ਆਉਣਗੇ! 
ਰਾਹਾਂ ਦੇ ਵਿਚ ਕੰਡੇ ਆਉਣਗੇ , ਜਿੰਦ ਤੇਰੀ ਮੁਸਕਾਨ ਆਉਣਗੇ! 
ਭੀੜਾਂ ਵਿਚ ਗੁਆਚ ਨਾ ਜਾਵੀਂ, ਹੋਂਦ ਬਣਾਈ ਵੱਖ ਸੱਜਣਾ! 
ਘੋਰ ਹਨੇਰਿਆਂ ਮਰ ਮੁੱਕ ਜਾਣਾ, ਦੀਪ ਜਗਾ ਕੇ ਰੱਖ ਸੱਜਣਾ! 
ਨਵੇਂ ਵਰ੍ਹੇ ਦੀ ਸਰਦਲ ਉੱਤੇ, ਪੈਰ ਟਿਕਾ ਕੇ ਰੱਖ ਸੱਜਣਾ! 
ਵਿੰਗੇ-ਟੇਢੇ ਮੋੜ ਆਉਣਗੇ, ਖੋਲ੍ਹ ਕੇ ਰੱਖੀੰ ਅੱਖ ਸੱਜਣਾ! 
-ਸੁਖਦੇਵ ਸਲੇਮਪੁਰੀ 
ਪਿੰਡ - ਸਲੇਮਪੁਰ 
ਡਾਕਘਰ - ਨੂਰਪੁਰ ਬੇਟ 
ਜਿਲ੍ਹਾ - ਲੁਧਿਆਣਾ 
ਮੋਬਾਈਲ ਨੰਬਰ - 9780620233

ਆਜਾ ਭੁੱਲ ਕੇ ✍️ ਸ਼ਿਵਨਾਥ ਦਰਦੀ

ਆਜਾ ਭੁੱਲ ਕੇ
ਕਿਸਨੇ ਕਿਸਨੂੰ ਲੁੱਟਿਆ ,
ਕਿਸਨੇ ਕੀਹਦਾ ਖਾਦਾ ਮਾਲ ,
ਆਜਾ ਭੁੱਲ ਕੇ ਆਖੀਏ,
ਸਭ ਨੂੰ ਮੁਬਾਰਕ ਨਵਾਂ ਸਾਲ ।
ਥਾਂ ਥਾਂ ਚੁਗਲੀ ਚੱਲਦੀ ,
ਮੌਜਾਂ ਲੁੱਟਦੇ ਨੇ ਚੁਗਲਖੋਰ ,
ਅੰਗ੍ਰੇਜਾਂ ਦਾ ਨਾਮ ਬਦਨਾਮ,
ਘਰ  ਬੈਠੇ ਬਹੁਤ ਨੇ ਚੋਰ ,
ਵਾੜ ਦੇਸ਼ ਨੂੰ ਖਾਈ ਜਾਦੀ,
ਕੀ ਕੀ ਖੇਡਣ ਯਾਰੋ ਚਾਲ ।
ਆਜਾ ਭੁੱਲ ਕੇ ............
ਕਿਥੋ ਆਉਦਾ ਕਿਥੇ ਬਣਦਾ,
ਸਮਝ ਨਹੀ ਪੈਂਦੀ ਚਿੱਟਾ ,
ਸੁਹਾਗਣ ਰੰਡੀ ਹੋ ਰਹੀ ,
ਅੱਗੇ ਕੀ ਨਿਕਲੇਗਾ ਸਿੱਟਾ ,
ਰੰਗਲੇ ਪੰਜਾਬ ਨੂੰ ਲੁੱਟ ਲਿਆ ,
ਗਿੱਧੇ ਭੰਗੜੇ ਦੀ ਖੋਹ ਲਈ ਤਾਲ ।
ਆਜਾ ਭੁੱਲ ਕੇ ...................
ਏਥੇ ਸੜਕਾਂ ਬੰਦੇ ਖਾਣੀਆਂ,
ਕਾਗਜਾਂ ਅੰਦਰ ਬੰਦ ਇਨਸਾਫ ,
ਏਥੇ ਜਮੀਰਾਂ ਮੁੱਲ ਵਿਕਦੀਆਂ,
ਬੰਦੇ ਦਾ ਡਿੱਗ ਗਿਆ ਹੈ ਗ੍ਰਾਫ ,
ਦੇਖ ਡਿਗਰੀਆਂ ਵਾਲੇ ਰੁਲ ਰਹੇ ,
ਕੋਈ ਨਾ ਪੁਛੇ ਕਿਸੇ ਦਾ ਕੋਈ ਹਾਲ ।
ਆਜਾ ਭੁੱਲ ਕੇ .........................
ਹਰ ਚੀਜ ਮਹਿੰਗੀ ਹੋ ਰਹੀ ,
ਭਾਅ ਚੜ੍ਹ ਗਏ ਨੇ ਅਸਮਾਨ,
ਕਿੰਨੇ ਕਿਸਾਨ ਮਜ਼ਦੂਰ ਕਰਜੇ ਹੇਠ,
ਕਿੰਨੇ ਕੁ ਦੇ ਗਏ ਨੇ ਜਾਨ ,
ਜਾਨ ਦਾ ਮੁੱਲ ਕਦੋ ਪਵੇਗਾ ,
'ਦਰਦੀ' ਲਿਆਈ ਨਾ ਰੰਗਲੇ ਖਿਆਲ। 
ਆਜਾ ਭੁੱਲ  ਕੇ .......................
        ਸ਼ਿਵਨਾਥ ਦਰਦੀ ਫ਼ਰੀਦਕੋਟ 
         ਸੰਪਰਕ:- 9855155392

ਗ਼ਜ਼ਲ ✍ ਦੀਪ ਸੰਧੂ

ਇੱਜਤ, ਸਤਿਕਾਰ ਵੀ ਕਿਹੜਾ, ਹਰ ਕਿਸੇ ਨੂੰ ਰਾਸ ਆਉਂਦੇ,
ਤੂੰ ਥੋੜ੍ਹਾ ਦੇਖ ਲਿਆ ਕਰ, ਕੌਣ, ਕਿੱਥੇ, ਤੇ ਕਿਵੇਂ ਬੋਲਦਾ ਆ? 

ਇੱਥੇ ਹਰ ਚੀਜ਼ ਦਾ ਵਿਪਾਰੀ, ਤੇ ਹਰ ਇੱਕ ਚੀਜ਼ ਵਿੱਕਦੀ, 
ਮੁੱਕਦੀ ਗੱਲ, ਕੌਣ ਤੁਲਦਾ, ਤੇ ਕਿਹੜਾ ਕਿਵੇਂ ਤੋਲਦਾ ਆ? 

ਹਿਸਾਬ, ਕਿਤਾਬ ਜਿਹੇ ਨਾਲ, ਜੁਵਾਬ ਦੇ ਛੱਡਿਆ ਕਰ,
ਹਰ ਕੋਈ ਪਤੇ ਦੀ ਗੱਲ ਵੀ, ਕਿਹੜਾ ਗੌਲਦਾ ਆ?

ਨੀਵਾਂ ਹੋ ਕੇ ਤੁਰਿਆ ਰਹਿ, ਬੱਸ ਤੂੰ, ਸਿੱਖਦਾ ਸਿੱਖਦਾ,
ਗੱਲ ਚੁੱਕਣਾ, ਟੁੱਕਣਾ, ਚੁੱਭਣਾ, ਅਸਰ ਮਹੌਲ ਦਾ ਆ! 

ਉਂਝ, ਹਰ ਇੱਕ ਨਾਲ ਤਾਂ, ਆਢਾ ਲਾ ਵੀ ਨਹੀਂ ਹੋਣਾ,
ਫਰੋਲੀ ਜਾਣ ਦੇ ਜਿਹੜ੍ਹਾ, ਜਿਵੇਂ ਦੀ ਖ਼ਾਕ ਫਰੋਲਦਾ ਆ!

ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਜਿੰਨਾ ਹੋ ਸਕੇ,
ਜੇ ਵਾਧੂ ਬੋਲੇਗਾਂ,  ਤਾਂ ਕਹਿਣਗੇ ਹੀ, ਕਿ ਬੋਲਦਾ ਆ! 

ਦੀਪ ਸੰਧੂ
+61 459 966 392

ਵੇ ਸੱਜਣਾ ✍️ ਪਰਵੀਨ ਕੌਰ ਸਿੱਧੂ

ਵੇ ਸੱਜਣਾ...
ਤੂੰ ਮੇਰਾ ਦਿਲਦਾਰ ਵੇ ਸੱਜਣਾ!
ਪੁੱਛ ਲਿਆ ਕਰ ਕਦੇ ਹਾਲ ਵੇ ਸੱਜਣਾ!

ਸਭ ਬਹਾਨੇ ਜਾਇਜ਼ ਨੇ ਤੇਰੇ,
ਮੇਰੀ ਵੀ ਤਾਂ ਗੱਲ ਸੁਣ ਲਿਆ ਕਰ ਵੇ ਸੱਜਣਾ!

ਵਾਂਗ ਪਰਿੰਦਿਆਂ ਸਦਾ ਉਡਦਾ ਰਹਿੰਦਾ,
ਰੱਖੇ ਹਰ ਇਕ ਦਾ ਖ਼ਿਆਲ ਵੇ ਸੱਜਣਾ!

ਤੇਰੀ ਫ਼ਿਕਰ ਮੈਨੂੰ ਦਿਨ-ਰਾਤ ਰਹਿੰਦੀ,,
ਮੇਰੀ ਵੀ ਤਾਂ ਫ਼ਿਕਰ ਕਰ ਲਿਆ ਕਰ ਵੇ ਸੱਜਣਾ!

ਜ਼ਿੰਮੇਵਾਰੀਆਂ ਨਿਭਾਉਂਦਿਆਂ-ਨਿਭਾਉਂਦਿਆਂ,
ਬੀਤ ਨਾ ਜਾਵੇ ਇਹ ਰੁੱਤ ਰੰਗੀਨੀ ਵੇ ਸੱਜਣਾ!

ਮੇਰੀਆਂ ਗੱਲਾਂ ਤਾਂ ਤੈਨੂੰ ਐਵੇਂ ਜਾਪਣ,
ਕਦੀ ਤਾਂ ਕਰ ਲਿਆ ਕਰ ਕੰਨ ਵੇ ਸੱਜਣਾ!

ਆਪਣੀ ਗੱਲ ਮਨਾਵੇ ਹਮੇਸ਼ਾ,
ਮੇਰੀ ਵੀ ਤਾਂ ਗੱਲ ਕਦੇ ਮਨ ਵੇ ਸੱਜਣਾ!
     ਪਰਵੀਨ ਕੌਰ ਸਿੱਧੂ
      8146536200

ਕਵਿਤਾ " ਕਿਤਾਬਾਂ"✍️ ਕੁਲਦੀਪ ਸਿੰਘ ਸਾਹਿਲ

 " ਕਿਤਾਬਾਂ"

ਪਾਪਾ ਜੀ ਨਾ ਪੀਓ ਸ਼ਰਾਬਾਂ,

ਲੈਣ ਦਿਓ ਮੈਨੂੰ ਚਾਰ ਕਿਤਾਬਾ।

ਗ਼ੁਰਬਤ ਦੇ ਵਿੱਚ ਡੂਬੀ ਜੂਨੀ,

ਕਰ ਦੇਣ ਸ਼ਾਇਦ ਪਾਰ ਕਿਤਾਬਾਂ।

ਵਿਦਿਆ ਜੋਤ ਜਗਾ ਦੇਵਣ,

ਅਨਪੜ੍ਹਤਾ ਨੂੰ ਮਾਰ ਕਿਤਾਬਾਂ।

ਮਨ ਵਿੱਚੋ ਜੰਗ ਲਹਿ ਜਾਂਦੀ ਏ,

ਪੜ ਲਈਏ ਜੇ ਚਾਰ ਕਿਤਾਬਾਂ।

ਜਿੱਤਾਂ ਦੇ ਇਹ ਗੱਡਣ ਝੰਡੇ,

ਮੰਨਣ ਕਦੇ ਨਾ ਹਾਰ ਕਿਤਾਬਾਂ।

ਚੰਨ ਤੱਕ ਵੀ ਜਾ ਪਹੁੰਚਿਆ ਏ,

ਪੜ੍ਹ ਪੜ੍ਹ ਕੇ ਸੰਸਾਰ ਕਿਤਾਬਾਂ ।

ਇਨ੍ਹਾਂ ਦੇ ਨਾਲ ਯਾਰੀ ਪਾ ਲੈ,

ਸਭ ਤੋਂ ਚੰਗੀਆਂ ਯਾਰ ਕਿਤਾਬਾਂ।

ਪਿਆਰ ਨਾਲ ਜੇ ਪੜਦੇ ਜਾਇਏ,

ਦਿੰਦੀਆਂ ਸੀਨਾ ਠਾਰ ਕਿਤਾਬਾਂ।

ਗ਼ੁਰਬਤ ਵਿਚੋਂ ਕੱਢ ਲਿਆਵਣ,

ਕੁਲਾਂ ਦੇਵਣ ਤਾਰ ਕਿਤਾਬਾਂ।

ਗਿਆਨ ਕਟੋਰੇ ਭਰ ਭਰ ਵੰਡਣ ,

ਦੇਵਣ ਬੜਾ ਪਿਆਰ ਕਿਤਾਬਾਂ।

ਵਰਕਿਆਂ ਉਪਰ ਕਾਲੇ ਅੱਖਰ,

ਛਪਕੇ ਦੇਣ ਨਿਖਾਰ ਕਿਤਾਬਾਂ ।

ਸੋਚ ਸਮਝ ਕੇ ਵੋਟ ਪਾਉਣਗੇ,

ਪੜੀਆਂ ਹੋਣ ਜੇ ਯਾਰ ਕਿਤਾਬਾਂ।

ਪੜ੍ਹੀਏ ਆਓ ਯਾਰ ਕਿਤਾਬਾਂ ,

ਗਿਆਨ ਦੀਆਂ ਭੰਡਾਰ ਕਿਤਾਬਾਂ,

ਆਓ ਥੋੜਾ ਵਕਤ ਕੱਡੀਏ

ਪੜ੍ਹੀਏ ਇਕਸਾਰ ਕਿਤਾਬਾਂ।

"ਸਾਹਿਲ" ਕਦੇ ਨਾ ਪੜਕੇ ਥੱਕਿਆ,

ਪੜੀਆਂ ਕਈ ਹਜ਼ਾਰ ਕਿਤਾਬਾਂ।

 

ਕੁਲਦੀਪ ਸਿੰਘ ਸਾਹਿਲ

9417990040

 

ਦਿਲਲਗੀ ✍️ ਪਰਵੀਨ ਕੌਰ ਸਿੱਧੂ

ਦਿਲਲਗੀ...
ਨਫ਼ਰਤ ਵੀ ਕਰਦੇ ਹੋ...!
ਤੇ ਦਿਲ ਵਿੱਚ ਵੀ ਰੱਖਦੇ ਹੋ..!
ਵਾਹ ਸੱਜਣੋ..! 
ਬੜੀ ਬੇਈਮਾਨੀ ਕਰਦੇ ਹੋ..!
ਅੱਖ ਵੀ ਰੱਖਦੇ ਹੋ..!
ਤੇ ਨਜ਼ਰਾਂ ਵੀ ਬਚਾਉਂਦੇ ਹੋ..!
ਉੱਤੋਂ - ਉੱਤੋਂ ਬੇਵਫ਼ਾਈ..!
ਪਰ ਦਿਲ ਤੋਂ ਵਫ਼ਾ ਕਰਦੇ ਹੋ..!
ਜ਼ਾਹਿਰ ਨਹੀਂ ਕਰਦੇ..!
ਪਰ ਰੂਹ ਤੋਂ ਪਿਆਰ ਕਰਦੇ ਹੋ..!
ਪਹਿਚਾਣ ਲਿਆ ਅਸੀਂ..!
ਦਿਲ ਲਗੀਆਂ ਹੀ ਕਰਦੇ ਹੋ..!
ਕੋਲ਼ ਵੀ ਬਹਿੰਦੇ ਹੋ..!
ਤੇ ਦੂਰੀਆਂ ਦਿਖਾਉਂਦੇ ਹੋ..!
ਵਾਹ ਸੱਜਣ ਜੀ..!
ਇਤਬਾਰ ਵੀ ਕਰਦੇ ਹੋ..!
    ਪਰਵੀਨ ਕੌਰ ਸਿੱਧੂ

ਪੈਸਾ ✍️ ਮਹਿੰਦਰ ਸਿੰਘ ਮਾਨ

ਪੈਸਾ

ਪੈਸਾ ਹੁੰਦਾ ਹੈ ਜਿਸ ਦੇ ਕੋਲ ਭਰਾਵਾ,

ਉਸ ਦੀ ਹਰ ਗੱਲ ਹੁੰਦੀ ਹੈ ਗੋਲ ਭਰਾਵਾ।

ਬੱਚੇ ਆਪਣੇ ਨਾਂ ਲਗਵਾ ਲੈਂਦੇ ਸਭ ਕੁੱਝ,

ਅੰਤ 'ਚ ਮਾਂ-ਪਿਉ ਰਹਿ ਜਾਂਦੇ ਖੋਲ ਭਰਾਵਾ।

ਉਸ ਤੋਂ ਹਰ ਕੋਈ ਕੰਨੀ ਕਤਰਾਉਂਦਾ ਹੈ,

ਜੋ ਬੰਦਾ ਬੋਲੇ ਕੌੜੇ ਬੋਲ ਭਰਾਵਾ।

ਫਿਰ ਉਸ ਨੂੰ ਹੱਥਾਂ, ਪੈਰਾਂ ਦੀ ਪੈ ਜਾਵੇ,

ਜਦ ਲੀਡਰ ਦੀ ਖੁੱਲ੍ਹ ਜਾਵੇ ਪੋਲ ਭਰਾਵਾ।

ਦਿਲ ਨਾ ਛੱਡ, ਕਰਕੇ ਹਿੰਮਤ ਖੜ੍ਹ ਜਾ ਉੱਠ ਕੇ,

ਤੈਨੂੰ ਜ਼ਾਲਮ ਜੱਗ ਸਕਦਾ ਰੋਲ ਭਰਾਵਾ।

ਤੈਨੂੰ ਖ਼ੁਦ ਹੀ ਮਿਹਨਤ ਕਰਨੀ ਪੈਣੀ ਹੈ,

ਭਰਨ ਲਈ ਆਪਣੀ ਖਾਲੀ ਝੋਲ ਭਰਾਵਾ।

ਜੇ ਇਹ ਸੁਣ ਗੁੱਸਾ ਹੋਵੇ ਸ਼ਾਂਤ ਕਿਸੇ ਦਾ,

ਦੋ ਮਿੱਠੇ ਬੋਲ ਲਿਆ ਕਰ ਬੋਲ ਭਰਾਵਾ।

ਮਹਿੰਦਰ ਸਿੰਘ ਮਾਨ

ਕੈਨਾਲ ਰੋਡ

ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ

ਨਵਾਂ ਸ਼ਹਿਰ-9915803554

 

ਗੀਤ ✍ ਬਲਜਿੰਦਰ ਬਾਲੀ ਰੇਤਗੜ੍ਹ

ਕਦਮ ਕਦਮ ਤੇ ਤਿਲਕਣ ਬਾਜ਼ੀ,

                ਹਰਕਤ,ਜੀਭ ਤੂੰ ਪੈਰ ਸੰਭਾਲ਼ 

ਹੈ ਤੂੰ ਪੁੱਤ ਗੁਰੂ ਦਸ਼ਮੇਸ਼ ਦਾ

                    ਤੇਰਾ ਗੁਰੂ ਏ ਸਾਹਿਬ ਕਮਾਲ਼

ਖਾਲਸਾ ਜੀ, ਤੇਰਾ ਗੁਰੂ ਏ ਸਾਹਿਬ ਕਮਾਲ਼....

 

ਕਹਿਣੀ ਕਰਨੀ ਇਕ ਹੋਵੇ ਤੇਰੀ

                    ਸੂਰਤ ਸਾਬਤ ਸਿਮਰਨ ਅੰਦਰ

ਰਹਿਣੀ, ਬਹਿਣੀ, ਸੰਗਤ ਗੁਰੂ ਦੀ

               ਨਾ ਝੂਠ ਕੋਈ ਭੇਖ਼ ਅਡੰਬਰ

ਨਿਸ਼ਾਨ ਗੁਰੂ ਨੇ ਆਪ ਝੂਲਾਊਣੇ

                ਤੇਰਾ ਹੋਣਾ ਨਹੀਂ ਵਿੰਗਾ ਵਾਲ.......

ਤੇਰਾ ਗੁਰੂ ਹੈ ਸਾਹਿਬ ਕਮਾਲ਼...ਖਾਲਸਾ....

 

ਲੈ ਹੁਕਮਨਾਮਾ ਵਿਚਾਰ ਗੁਰੂ ਦਾ, 

                ਭਰੀਂ ਹਰ ਹੁਕਮ ਵਿੱਚ ਪਰਵਾਜ਼

ਸਵਾ ਲੱਖ ਨਾਲ਼ ਸਾਹਿਬ ਲੜਾਦੇ

                ਚਿੜੀਓਂ ਕਰ ਨਜ਼ਰ ਬਣਾਦੇ ਬਾਜ਼

ਇਤਿਹਾਸ ਸੁਨਿਹਰੀ ਪੜ ਖਾਲਸਾ

                 ਤੁਰ ਨਿਡਰ ਸ਼ੇਰ ਜਿਹੀ ਫਿਰ ਚਾਲ

ਤੇਰਾ ਪਿਤਾ ਏ ਸਾਹਿਬ ਕਮਾਲ਼ ..ਖਾਲਸਾ........

 

ਕੇਸ ਕੰਘਾ ਤੇ ਕੜਾ ਕਛਿਹਰਾ

                  ਕਿਰਪਾ ਦੀ ਧਾਰ ਲਵੀਂ ਕਿਰਪਾਨ

ਫ਼ਤਹਿ ਗੁਰੂ ਦੀ,  ਬੋਲ ਜੈਕਾਰੇ

                 ਤਿਆਗ਼ ਮਾਇਆ ਕਪਟ ਅਭਿਮਾਨ

ਛਕ ਅੰਮ੍ਰਿਤ, ਸਜ ਸਿੰਘ ਗੁਰੂ ਦਾ

                   ਖੁਦ ਬਣ ਜਾਣੈ ਆ ਗੁਰ ਨੇ ਢਾਲ਼

ਤੇਰਾ ਗੁਰੂ ਏ ਸਾਹਿਬ ਕਮਾਲ਼.....

            

"ਬਾਲੀ" ਪਾਕਿ ਪਵਿੱਤਰ ਸੂਰੇ ਬਣਦੇ

               ਰੇਤਗੜ ਧਰ ਸੀਸ ਤਲੀ ਤੇ ਲੜਦੇ

ਹੋ ਨਿਮਾਣਾ ਫਿਰ ਕਰ ਅਰਦਾਸਾ

               ਫਿਰ ਦੇਖੀਂ ਰਣ ਵਿੱਚ ਆਹੂ ਝੜਦੇ

ਪੜ ਬਾਣੀ ਲਾ ਸੋਧਾ ਦੁਸ਼ਟ ਨੂੰ , 

                 ਸਿੰਘਾ ਤੂੰ ਬਣ ਮਜ਼ਲੂਮ ਦੀ ਢਾਲ

ਤੇਰਾ ਪਿਤਾ ਏ ਸਾਹਿਬ ਕਮਾਲ਼...ਖਾਲਸਾ...

ਤੇਰਾ ਗੁਰੂ ਏ ਸਾਹਿਬ ਕਮਾਲ਼......

      

          ਬਲਜਿੰਦਰ ਸਿੰਘ "ਬਾਲੀ ਰੇਤਗੜ"

            919465129168

ਕਵਿਤਾ "ਸੱਜਣਾ"✍️ ਕੁਲਦੀਪ ਸਿੰਘ ਸਾਹਿਲ

 "ਸੱਜਣਾ"

 ਕਿਹਦੇ ਹੱਕਾਂ ਦੀ ਗੱਲ ਕਰਦੇ

 ਤੂੰ ਵੀ ਤੇ ਹੱਕਦਾਰ ਏ ਸੱਜਣਾ,

 ਕੋਠੇ ਚੜ ਗਰੀਬੀ ਚੀਕੇ

 ਅੰਨੀ ਬੋਲੀ ਸਰਕਾਰ ਏ ਸੱਜਣਾ,

 ਖੁਦ ਲਿਖ ਕਿਸਮਤ ਆਪਣੀ

 ਰੱਬ ਤੇ ਕੀ ਇਤਬਾਰ ਏ ਸੱਜਣਾ,

 ਲੈ ਚੱਲ ਜਿਥੇ ਲੈ ਕੇ ਜਾਣਾ

 ਸਾਡਾ ਕੀ ਇਨਕਾਰ ਏ ਸੱਜਣਾ ,

 ਸਾਡਾ ਕੀ ਅਖਤਿਆਰ ਏ ਸੱਜਣਾ

 ਤੇਰੇ ਹੱਥ ਮੁਹਾਰ ਏ ਸੱਜਣਾ,

 ਕਾਹਨੂੰ ਸਾਨੂੰ ਨਫਰਤ ਕਰਦੇ

 ਤੂੰ ਵੀ ਸਾਡਾ ਯਾਰ ਏ ਸੱਜਣਾ,

 ਐਵੇਂ ਇਕ ਫਰੇਬ ਜਿਹਾ

 ਕਿਹਨੂੰ ਕਿਸ ਨਾਲ ਪਿਆਰ ਏ ਸੱਜਣਾ

 ਸਾਡੇ ਬਾਰੇ ਜੋ ਵੀ ਆਖੀਂ

 ਫਿਰ ਵੀ ਤੇਰਾ ਸਤਿਕਾਰ ਏ ਸੱਜਣਾ।

 

ਕੁਲਦੀਪ ਸਿੰਘ ਸਾਹਿਲ

9417990040

ਸ਼ੈਤਾਨ! ✍️. ਸਲੇਮਪੁਰੀ ਦੀ ਚੂੰਢੀ

ਸ਼ੈਤਾਨ!
- ਉਹ ਬਹੁਤ ਸ਼ੈਤਾਨ ਹੈ,
ਤਾਹੀਓਂ ਤਾਂ
ਸਿਆਸਤ ਦੇ ਮੇਜ ਉੱਤੇ
ਧਰਮ ਦੀ ਸ਼ਤਰੰਜ
ਖੇਡਦੈ!
ਉਸ ਨੂੰ
ਬੰਦੇ 'ਚੋਂ ਬੰਦਾ ਨਹੀਂ,
ਪਸ਼ੂਆਂ 'ਚੋਂ
ਰੱਬ ਦਿਸਦੈ!
ਉਹ ਸ਼ੈਤਾਨ ਨਹੀਂ,
ਪੁੱਜ ਕੇ ਸ਼ੈਤਾਨ ਹੈ,
ਤਾਹੀਓਂ ਤਾਂ
ਜਾਨਵਰਾਂ ਦੇ ਨਾਂ ਥੱਲੇ
ਨਫ਼ਰਤ ਦੇ
ਬੰਬ ਸੁੱਟਦੈ!
-ਸੁਖਦੇਵ ਸਲੇਮਪੁਰੀ
9780620233.

ਭਾਰਤ ਵੇਚਣ ਵਾਲੇ ਦੋ ਨੇ ✍ ਰਾਜਿੰਦਰ ਸਿੰਘ ਰਾਜਨ

ਭਾਰਤ ਵੇਚਣ ਵਾਲੇ ਦੋ ਨੇ।

 

ਨਾਢੂ ਖਾਂ ਦੇ ਸਾਲੇ ਦੋ ਨੇ।

ਦੇਸ਼ ਨੂੰ ਵੇਚਣ ਵਾਲੇ ਦੋ ਨੇ।

 

ਅਰਕ ਨਿਚੋੜਿਆ ਧਰਮਾਂ ਵਾਲਾ,

ਸੌੜੀਆਂ ਸੋਚਾਂ ਵਾਲੇ ਦੋ ਨੇ।

 

ਅਕਲ ਆਉਣੀ ਤਾਂ ਗੱਲ ਦੂਰ ਦੀ,

ਮੂੰਹ ਤੇ ਲਾਉਂਦੇ ਤਾਲੇ ਦੋ ਨੇ।

 

ਵਿਕ ਰਿਹਾ ਏ ਹੌਲੀ-ਹੌਲੀ ,

ਖਰੀਦਣ ਵਾਲੇ ਲਾਲੇ ਦੋ ਨੇ।

 

ਵਿਸ਼ਵ ਗੁਰੂ ਬਣ ਮੇਲਾ ਲੁੱਟਦੇ,

ਲੋਕਾਂ ਲੀਡਰ ਭਾਲੇ ਦੋ ਨੇ।

 

ਗੁੱਝੀ ਰਮਜ਼ ਨਾ ਪੱਲੇ ਪੈਂਦੀ,

ਨਿੱਤ ਦੇ ਘਾਲੇ ਮਾਲੇ ਦੋ ਨੇ।

 

ਰਾਜੇ ਅੰਨ੍ਹੇ ਗੂੰਗੇ ਬਹਿਰੇ,

ਐਪਰ ਦਿਲ ਦੇ ਕਾਲੇ ਦੋ ਨੇ।

 

ਗੁੰਡਾਗਰਦੀ ਰਹਿਣ ਕਰਾਉਂਦੇ,

ਗੁੰਡੇ ਪਾਲਣ ਵਾਲੇ ਦੋ ਨੇ।

 

ਤੂੰ ਵੀ " ਰਾਜਨ" ਰਹੀਂ  ਚੁਕੰਨਾ ,

ਅਕਲੋਂ ਗੰਜੇ ਹਾਲੇ ਦੋ ਨੇ।

 

ਰਜਿੰਦਰ ਸਿੰਘ ਰਾਜਨ 

ਡੀਸੀ ਕੋਠੀ ਰੋਡ ਸੰਗਰੂਰ 

9876184954