You are here

ਵਿਰਸੇ ਦੀ ਖੁਸ਼ਬੋਈ

ਵਿਆਹ ਤੋਂ ਪਿੱਛੋਂ  ਸਖੀਆਂ ਸਹੇਲੀਆਂ 
ਮੁੜ ਨਾ ਹੋਵਣ ਇਕੱਠੀਆਂ 
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ

ਭੁੱਲਦਾ ਨਹੀ ਅੰਬੀ ਦਾ ਬੂਟਾ
ਜਿਸ ਦੀ ਛਾਂ ਬਹੁਤ ਸੀ ਗੂੜੀ
ਜਿਸ ਦੇ ਹੇਠਾਂ ਬੈਠ ਅਸੀਂ ਸੀ
ਕੀਤੀ ਰੀਝ ਸੀ ਹਰ ਇੱਕ ਪੂਰੀ
ਅੱਜ ਵੀ ਚੇਤਾ ਆਵੇ ਮੈਨੂੰ 
ਛਾਂਵੇ ਕੱਢਦੀ ਰਹੀ ਮੈਂ ਪੱਖੀਆਂ
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ

ਚਾਦਰਾ ਅਤੇ ਸਰਾਹਣੇ ਕੱਢੇ
ਉਤੇ ਪਾਏ ਘੁੱਗੀਆਂ ਦੇ ਜੋੜੇ
ਬਹੁਤ ਢੂੰਢਿਆ ਨਾਂ ਉਹ ਲੱਭੇ
ਵਕਤ ਪਾਏ ਨਾਂ ਮੋੜੇ
ਬਹੁਤ ਕਸੀਦਾ ਕੱਢਿਆ ਸੀ ਮੈਂ 
ਪਾ ਪਾ ਵੇਲਾਂ ਤੋਪੇ ਮੱਖੀਆਂ
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ

ਚਾਰ ਕਿੱਲੇ ਗੱਡ ਤਾਣਾ ਤਣਿਆ 
ਰਾਤਾਂ ਨੂੰ  ਬੁਣੀਆਂ ਦਰੀਆਂ
ਫੱਟੀ ਹੱਥੀਆਂ ਖੂਬ ਚਲਾਈਆਂ
ਖੂਬ ਮੇਹਨਤਾਂ ਸੀ ਕਰੀਆਂ
ਚਿੜੀਆਂ ਤੋਤਿਆਂ ਦੇ ਜੋੜੇ ਪਾਏ
ਲਾ ਰੰਗ ਬਰੰਗੀਆਂ ਅੱਟੀਆਂ
ਵਸਦਾ ਰਹੇ ਬਾਬਲ ਦਾ ਵੇਹੜਾ
ਜਿੱਥੇ ਖਿੜ ਖਿੜ ਕੇ ਸੀ ਹੱਸੀਆਂ 

ਲਾਲ ਸੂਹੀ ਫੁੱਲਕਾਰੀ ਕੱਢੀ
ਵੇਲਾਂ ਬੂਟੀਆਂ ਉਪਰ ਪਾਈਆਂ 
ਇਕੱਠੀਆਂ ਬਹਿਕੇ ਸਹੇਲੀਆਂ ਨੇਂ
 ਸੀ ਪੂਰੀਆਂ ਰੀਝਾਂ ਲਾਈਆਂ 
ਬਾਬਲ ਦੇ ਵੇਹੜੇ ਦਾਜ਼ ਬਣਾਇਆ
ਵਿੱਚ ਸੰਦੂਕ ਦੇ ਤੈਹਾਂ ਲਾ ਲਾ ਰੱਖੀਆਂ
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ 

ਤ੍ਰਿੰਝਣਾਂ ਦੇ ਵਿੱਚ ਚਰਖੇ ਡਾਹੇ
ਬਹੁਤ ਸੂਤ ਸੀ ਕੱਤਿਆ
ਛੱਲੀਆਂ ਲਾਹ ਲਾਹ ਸੂਤ ਟੇਰਕੇ
ਛਿੱਕੂ ਵਿੱਚ ਸੀ ਰੱਖਿਆ 
ਚਰਖੇ ਦੀ ਘੂਕਰ ਘੂੰ ਘੂੰ ਕਰਦੀ
ਟੁੱਟੀਆਂ ਮਾਹਲਾਂ ਵੀ ਸੀ ਕੱਸੀਆਂ 
ਵੱਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ 

ਮਿੱਟੀ ਦਾ ਚੁੱਲਾ ਚੌਂਕਾ ਬਣਾਇਆ
ਉਤੇ ਮੋਰ ਘੁੱਗੀਆਂ ਵੀ ਪਾਏ
ਨਾਲੇ ਭੜੋਲੇ ਭੜੋਲੀਆਂ ਬਣਾਈਆਂ
ਕੋਠੇ ਲਿੱਪਣ ਦੀ ਯਾਦ ਵੀ ਆਵੇ
ਸਾਡਾ ਕਿੰਨਾ ਅਮੀਰ ਸੀ ਵਿਰਸਾ 
ਇਹ ਗੱਲਾਂ ਧੰਜੂ ਨੇਂ ਲਿਖੀਆਂ ਸੱਚੀਆਂ
ਜਿਊਦੀਂ ਵਸਦੀ ਰਹੇ  ਪੰਜਾਬਣ
ਜਿੰਨੇ ਯਾਦਾਂ ਸਾਂਭ  ਦਿਲਾਂ ਵਿੱਚ ਰੱਖੀਆਂ

ਵਿਆਹ ਤੋਂ ਪਿੱਛੋਂ ਸਖੀਆਂ ਸਹੇਲੀਆਂ
ਮੁੜ ਨਾਂ ਹੋਵਣ ਇਕੱਠੀਆਂ 
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ 

ਗੁਰਚਰਨ ਸਿੰਘ ਧੰਜੂ