ਗ਼ਜ਼ਲ
ਇਕ ਪਾਸੇ ਖੂਨੀ ਕਾਵਾਂ ਦੀ ਢਾਣੀ ਹੈ, ਰੱਬ ਖ਼ੈਰ ਕਰੇ।
ਦੂਜੇ ਪਾਸੇ ਕੱਲੀ ਕੂੰਜ ਨਿਮਾਣੀ ਹੈ, ਰੱਬ ਖ਼ੈਰ ਕਰੇ।
ਜਿਸ ਨੂੰ ਮਿਲਦੈ ਚੈਨ ਬੜਾ ਭੋਲੇ ਭਾਲੇ ਲੋਕ ਲੜਾ ਕੇ,
ਸਾਡੇ ਪਿੰਡ 'ਚ ਉਸ ਦੀ ਆਣੀ, ਜਾਣੀ ਹੈ, ਰੱਬ ਖ਼ੈਰ ਕਰੇ।
ਹੁਣ ਤਾਂ ਕਰਮਾਂ ਮਾਰੇ ਰੋਗੀ ਦੀ ਇਹ ਹਾਲਤ ਹੈ ਯਾਰੋ,
ਨਾ ਉਹ ਕੁਝ ਖਾਂਦਾ, ਨਾ ਪੀਂਦਾ ਪਾਣੀ ਹੈ, ਰੱਬ ਖ਼ੈਰ ਕਰੇ।
ਇਕ ਇਕ ਕਰਕੇ ਸਾਰੇ ਦੋਸਤ ਛੱਡ ਗਏ ਮੇਰਾ ਦਾਮਨ,
ਹੁਣ ਮੈਂ ਕੱਲੇ ਨੇ ਉਮਰ ਬਿਤਾਣੀ ਹੈ, ਰੱਬ ਖ਼ੈਰ ਕਰੇ।
ਮੇਰੇ ਦਿਲ ਦਾ ਖਿੜਿਆ ਗੁਲਸ਼ਨ ਇਹਨਾਂ ਤੋਂ ਤੱਕ ਨਾ ਹੁੰਦਾ,
ਅੱਜ ਬੇਦਰਦਾਂ ਨੇ ਇਸ ਨੂੰ ਅੱਗ ਲਾਣੀ ਹੈ, ਰੱਬ ਖ਼ੈਰ ਕਰੇ।
ਗ਼ਮ ਦੇ ਖ਼ਾਰਾਂ ਤੋਂ 'ਮਾਨ' ਕਦੇ ਘਬਰਾਇਆ ਨਹੀਂ ਸੀ ਯਾਰੋ,
ਅੱਜ ਉਸ ਦੇ ਨੈਣਾਂ ਵਿੱਚ ਕਾਹਤੋਂ ਪਾਣੀ ਹੈ, ਰੱਬ ਖ਼ੈਰ ਕਰੇ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554