ਹੰਕਾਰ
ਜਦੋਂ ਹੰਕਾਰ ਤੇ ਢਿੱਡ ਲੋੜ ਤੋਂ ਵੱਧ ਜਾਵੇ
ਆਪਣਿਆਂ ਨੂੰ ਵੀ ਗਲ ਲਾਉਣਾ ਔਖਾ
ਗੰਦੀਆਂ ਸੋਚਾਂ ਚ ਸਮਾਂ ਬਰਬਾਦ ਕਰਿਆ
ਰਾਜ ਕਰਨ ਦਾ ਇਹਨਾਂ ਨੂੰ ਦਿੱਤਾ ਮੌਕਾ
ਹੱਕ ਮੰਗਣੇ ਵੇਖੋ ਕਿਵੇਂ ਗੁਨਾਹ ਸਮਝਣ
ਵੱਡਿਆਂ ਘਰਾਣਿਆਂ ਨਾਲ ਯਾਰੀਆਂ ਨੇਂ
ਕਰਨ ਤਸ਼ੱਦਦ ਵੇਖੋ ਆਪਣੇ ਅੰਨ ਦਾਤੇ ਤੇ
ਕਿਵੇਂ ਬਾਡਰਾਂ ਤੇ ਫੌਜਾਂ ਇਹਨਾਂ ਚਾੜੀਆਂ ਨੇਂ
ਹੰਕਾਰ ਦੀ ਪੌੜੀ ਬੰਦਾ ਛੇਤੀ ਚੜ ਜਾਂਦਾ
ਉਪਰਲੇ ਡੰਡੇਂ ਤੋਂ ਮੂਧੇ ਮੂੰਹ ਡਿਗਦਾ ਏ
ਆਪਣਿਆਂ ਨੂੰ ਗਲ ਲਾ ਲਵੇ ਜੇ ਜਲਦੀ
ਨਹੀਂ ਪਛਤਾਵੇ ਦੀ ਅਗਨੀ ਚ ਰਿੱਝਦਾ ਏ
ਤੱਕੜੀ ਵਿਤਕਰੇ ਦੀ ਹੱਥ ਵਿੱਚ ਫੜੀ ਹੋਈ
ਝੂਠੇ ਲਾਰਿਆਂ ਦਾ ਸੌਦਾ ਵਿੱਚ ਤੋਲਦਾ ਏ
ਕਰਨ ਫੈਰ ਅੱਥਰੂ ਗੈਸ ਦੇ ਗੋਲੇ ਸੁੱਟਣ
ਵੇਖੋ ਫੇਰ ਵੀ ਮੀਡੀਆ ਚ ਝੂਠ ਬੋਲਦਾ ਏ
ਗੁਰਚਰਨ ਸਿੰਘ ਧੰਜੂ