You are here

ਭਾਰਤ

ਗੁਰੂ ਹਰ ਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਭਾਸ਼ ਨਗਰ ਦੇ ਗੁਰਦੁਆਰਿਆਂ `ਚ ਸਜਾਏ ਗਏ ਦੀਵਾਨ

ਨਵੀਂ ਦਿੱਲੀ, 19 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਸੱਤਵੀਂ ਪਾਤਸ਼ਾਹੀ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਗਏ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਪ੍ਰੀਤ ਸਿੰਘ ਕੋਛੜ (ਮੌਂਟੀ) ਨੇ ਦਸਿਆ ਕਿ ਸਾਹਿਬ ਸ਼੍ਰੀ ਗੁਰੂ ਹਰ ਰਾਏ ਸਾਹਿਬ  ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਬੀਤੇ ਦਿਨੀਂ ਸੁਭਾਸ਼ ਨਗਰ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਕੀਰਤਨ ਸਮਾਗਮ ਕਰਵਾਏ ਗਏ। ਇੰਦਰਪ੍ਰੀਤ ਸਿੰਘ ਮੌਂਟੀ ਕੋਛੜ ਨੇ ਦਸਿਆ ਕਿ ਸਾਹਿਬ ਸ਼੍ਰੀ ਗੁਰੂ ਹਰ ਰਾਏ ਸਾਹਿਬ  ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ 1-ਬਲਾਕ ਸੁਭਾਸ਼ ਨਗਰ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ 7 ਬਲਾਕ ਸੁਭਾਸ਼ ਨਗਰ ਵਿਖੇ ਭਾਈ ਜਸਕਰਣ ਸਿੰਘ ਪਟਿਆਲੇ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਨਿਹਾਲ ਕੀਤਾ ਗਿਆ ਅਤੇ ਸ਼ਬਦ ਗੁਰੂ ਦੇ ਲੜ੍ਹ ਲੱਗਣ ਦੀ ਤਕੀਦ ਵੀ ਕੀਤੀ ਗਈ।ਇਸ ਮੌਕੇ ਇੰਦਰਪ੍ਰੀਤ ਸਿੰਘ ਮੌਂਟੀ ਕੋਛੜ ਨੇ ਕੀਰਤਨ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਹਰ ਰਾਏ ਸਾਹਿਬ  ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਜੀ ਦੇ ਜੀਵਨੀ ਅਤੇ ਗੁਰ ਇਤਿਹਾਸ ਬਾਰੇ ਚਾਨਣਾ ਪਾਇਆ। ਸ. ਮੌਂਟੀ ਕੋਛੜ ਨੇ ਮਾਤਾਵਾਂ-ਭੈਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣ।ਇੰਦਰਪ੍ਰੀਤ ਸਿੰਘ ਕੋਛੜ (ਮੌਂਟੀ) ਨੇ ਦਸਿਆ ਕਿ ਉਪਰੋਕਤ ਕੀਰਤਨ ਸਮਾਗਮ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ 1-ਬਲਾਕ ਸੁਭਾਸ਼ ਨਗਰ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ 7 ਬਲਾਕ ਸੁਭਾਸ਼ ਨਗਰ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਏ ਗਏ।ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਗੁਰਮਤਿ ਸਮਾਗਮ ਹਰੇਕ ਮਹੀਨੇ ਉਲੀਕੇ ਜਾਣਗੇ ਤਾਂ ਜੋ ਸਿੱਖ ਸੰਗਤਾਂ ਇਸ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਦਿਆਂ ਗੁਰੂ ਦੇ ਭਾਣੇ ਵਿੱਚ ਰਹਿਣ।

ਚੀਮਾ ਵੱਲੋਂ ਪੈਨਸਿਲ ਸ਼ਾਰਪਨਰਾਂ 'ਤੇ ਜੀਐਸਟੀ ਘਟਾਉਣ ਬਾਰੇ ਪੰਜਾਬ ਦੀ ਮੰਗ ਨੂੰ ਸਵੀਕਾਰ ਕਰਨ ਲਈ ਜੀਐਸਟੀ ਕੌਂਸਲ ਦਾ ਧੰਨਵਾਦ

ਨਵੀਂ ਦਿੱਲੀ, 19 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੈਨਸਿਲ ਸ਼ਾਰਪਨਰਾਂ 'ਤੇ ਜੀਐਸਟੀ ਨੂੰ 18 ਪ੍ਰਤੀਸ਼ਤ ਤੋਂ ਘਟਾ ਕੇ 12 ਪ੍ਰਤੀਸ਼ਤ ਕਰਨ ਦੀ ਰਾਜ ਦੀ ਮੰਗ ਨੂੰ ਪ੍ਰਵਾਨ ਕਰਨ ਲਈ ਜੀਐਸਟੀ ਕੌਂਸਲ ਦਾ ਧੰਨਵਾਦ ਕੀਤਾ ਹੈ।

ਨਵੀਂ ਦਿੱਲੀ ਵਿੱਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ 49ਵੀਂ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਫੈਸਲੇ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੁਝ ਰਾਹਤ ਮਿਲੇਗੀ। ਇੱਥੇ ਵਰਣਨਯੋਗ ਹੈ ਕਿ ਸ. ਚੀਮਾ ਨੇ 17 ਦਸੰਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜੀਐਸਟੀ ਕੌਂਸਲ ਦੀ 48ਵੀਂ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ ਪੈਨਸਿਲ ਸ਼ਾਰਪਨਰਾਂ ’ਤੇ ਜੀਐਸਟੀ 12 ਫੀਸਦੀ ਦੀ ਮੌਜੂਦਾ ਸਲੈਬ ਦੀ ਬਜਾਏ 18 ਫੀਸਦੀ ’ਤੇ ਵਿਚਾਰ ਕਰਨ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ।

ਪੰਜਾਬ ਦੇ ਵਿੱਤ ਮੰਤਰੀ ਨੇ ਜੂਨ 2022 ਦੇ ਸਮੁੱਚੇ ਬਕਾਇਆ ਜੀਐਸਟੀ ਮੁਆਵਜ਼ੇ ਨੂੰ ਕਲੀਅਰ ਕਰਨ ਦੇ ਫੈਸਲੇ ਲਈ ਵੀ ਜੀਐਸਟੀ ਕੌਂਸਲ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਠੋਸ ਅਤੇ ਨਿਰੰਤਰ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਸੂਬੇ ਨੂੰ ਜੂਨ 2022 ਲਈ ਬਕਾਇਆ ਜੀਐਸਟੀ ਮੁਆਵਜ਼ੇ ਵਜੋਂ 995 ਕਰੋੜ ਰੁਪਏ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

ਜੀਐਸਟੀ ਟ੍ਰਿਬਿਊਨਲ ਦੇ ਮੁੱਦੇ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੌਮੀ ਪੱਧਰ ’ਤੇ ਅਪੀਲੀ ਟ੍ਰਿਬਿਊਨਲ ਦੀ ਸਥਾਪਨਾ ਦੀ ਬਜਾਏ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਹ ਸ਼ਕਤੀ ਰਾਜਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਵੱਡਾ ਦੇਸ਼ ਹੈ ਅਤੇ ਹਰ ਸੂਬੇ ਦੀਆਂ ਆਪਣੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਕੌਮੀ ਪੱਧਰ 'ਤੇ ਟ੍ਰਿਬਿਊਨਲ ਬਣਾਉਣ ਦੀ ਬਜਾਏ, ਹਰੇਕ ਰਾਜ ਦਾ ਆਪਣਾ ਟ੍ਰਿਬਿਊਨਲ ਹੋਣਾ ਚਾਹੀਦਾ ਹੈ ਤਾਂ ਜੋ ਜੀਐਸਟੀ ਨਾਲ ਸਬੰਧਤ ਮੁੱਦਿਆਂ ਨੂੰ ਬਿਹਤਰ ਅਤੇ ਤੇਜ਼ੀ ਨਾਲ ਹੱਲ ਕੀਤਾ ਜਾ ਸਕੇ।

ਸ. ਚੀਮਾ ਨੇ ਅੱਗੇ ਕਿਹਾ ਕਿ ਟ੍ਰਿਬਿਊਨਲ ਲਈ ਰਾਜ ਮੈਂਬਰ ਦੀ ਚੋਣ ਵੀ ਰਾਜ ਦੁਆਰਾ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੀਆਂ ਟਿੱਪਣੀਆਂ ਲਈ ਜੀਐਸਟੀ ਕਾਨੂੰਨਾਂ ਵਿੱਚ ਸੋਧਾਂ ਦੇ ਅੰਤਿਮ ਖਰੜੇ ਦਾ ਅਧਿਐਨ ਕਰੇਗੀ।

ਭਾਜਪਾ ’ਚ ਸ਼ਾਮਲ ਹੋਏ ਅਕਾਲੀ ਦਲ ਦੇ ਦੋ ਸਾਬਕਾ ਵਿਧਾਇਕ

ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਤੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਭਾਜਪਾ ਵਿੱਚ ਸ਼ਾਮਲ

ਨਵੀਂ ਦਿੱਲੀ, 15 ਫਰਵਰੀ, (ਜਨ ਸ਼ਕਤੀ ਨਿਊਜ਼ ਬਿਊਰੋ )  ਅੱਜ ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਤੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ। ਦੋਵੇਂ ਸਾਬਕਾ ਵਿਧਾਇਕ ਅੱਜ ਦਿੱਲੀ ਵਿਖੇ ਭਾਜਪਾ ਆਗੂਆਂ ਦੀ ਹਾਜ਼ਰੀ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਹਾਜ਼ਰ ਸਨ।  ਅਮਰਪਾਲ ਸਿੰਘ ਬੋਨੀ ਨੇ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਸੀ। ਜਿਸ ਵਿੱਚ ਲਿਖਿਆ ਹੈ ਕਿ ਉਹ ਆਪਣੀ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ। ਬੋਨੀ ਨੇ ਲਿਖਿਆ ਸੀ ਕਿ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਛੱਡਣ ਲਈ ਮਜਬੂਰ ਹਾਂ ਕਿਉਂਕਿ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਨੂੰ ਹਲਕਾ ਇੰਚਾਰਜ ਥਾਪਿਆ ਜਾ ਰਿਹਾ ਹੈ।

ਆਪ ਅਤੇ ਭਾਜਪਾ ਕੌਂਸਲਰਾਂ ਦੇ ਹੰਗਾਮੇ ਕਰਕੇ ਦਿੱਲੀ ਦੇ ਮੇਅਰ ਦੀ ਚੋਣ ਲਗਾਤਾਰ ਤੀਜੀ ਵਾਰ ਹੋਈ ਮੁਲਤਵੀ

ਨਵੀਂ ਦਿੱਲੀ, 06 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਨਗਰ ਨਿਗਮ'ਚ ਮੇਅਰ ਦੀ ਚੋਣ ਪ੍ਰਕਿਰਿਆ ਸੋਮਵਾਰ ਨੂੰ ਲਗਾਤਾਰ ਤੀਜੀ ਵਾਰ ਹੰਗਾਮੇ ਕਾਰਨ ਮੁਲਤਵੀ ਕਰ ਦਿੱਤੀ ਗਈ। ਸੋਮਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਿਵਿਕ ਸੈਂਟਰ ਸਥਿਤ ਐਮਸੀਡੀ ਸਦਨ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਇਸ ਕਾਰਨ ਪਹਿਲਾਂ ਕਾਰਵਾਈ 10 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਬਾਅਦ 'ਚ ਹੰਗਾਮਾ ਰੁਕਦਾ ਨਾ ਹੋਣ 'ਤੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 6 ਅਤੇ 24 ਜਨਵਰੀ ਨੂੰ ਹੋਈ ਐਮਸੀਡੀ ਦੀ ਮੀਟਿੰਗ ਵਿੱਚ ਹੰਗਾਮੇ ਕਾਰਨ ਮੇਅਰ ਦੀ ਚੋਣ ਨਹੀਂ ਹੋ ਸਕੀ ਸੀ। 24 ਜਨਵਰੀ ਨੂੰ ਸਾਰੇ ਕੌਂਸਲਰਾਂ ਨੇ ਸਹੁੰ ਚੁੱਕੀ ਸੀ ਪਰ ਇਸ ਤੋਂ ਬਾਅਦ ਐਮਸੀਡੀ ਹਾਊਸ ਵਿੱਚ ‘ਆਪ’ ਅਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਹੰਗਾਮਾ ਹੋ ਗਿਆ।

ਐਮਸੀਡੀ ਹਾਊਸ ਵਿੱਚ ਦਿੱਲੀ ਦੇ ਮੇਅਰ, ਡਿਪਟੀ ਮੇਅਰ ਅਤੇ ਸਟੈਂਡਿੰਗ ਕਮੇਟੀ ਮੈਂਬਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਲਡਰਮੈਨ ਮੇਅਰ ਲਈ ਨਾਮਜ਼ਦ ਕੌਂਸਲਰਾਂ, ਡਿਪਟੀ ਮੇਅਰ ਸਥਾਈ ਕਮੇਟੀ ਦਾ ਮੈਂਬਰ ਅਤੇ ਮੈਂਬਰ ਵੀ ਚੁਣ ਸਕਦਾ ਹੈ। ਸਤਿਆ ਸ਼ਰਮਾ ਦੇ ਇਸ ਸੰਬੋਧਨ ਤੋਂ ਬਾਅਦ 'ਆਪ' ਅਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਹੰਗਾਮਾ ਸ਼ੁਰੂ ਹੋ ਗਿਆ ਅਤੇ ਪ੍ਰੀਜ਼ਾਈਡਿੰਗ ਅਫਸਰ ਵਲੋਂ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ।

ਐਮਸੀਡੀ ਹਾਊਸ ਦੀਆਂ ਪਿਛਲੀਆਂ ਦੋ ਮੀਟਿੰਗਾਂ ਦੌਰਾਨ ‘ਆਪ’ ਅਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਸੋਮਵਾਰ ਦੀ ਮੀਟਿੰਗ ਵਿੱਚ ਕੋਈ ਹੰਗਾਮਾ ਨਾ ਹੋਵੇ ਇਹ ਯਕੀਨੀ ਬਣਾਉਣ ਲਈ ਐਮਸੀਡੀ ਸਦਨ ਦੇ ਅੰਦਰ ਅਤੇ ਸਿਵਿਕ ਸੈਂਟਰ ਦੇ ਅਹਾਤੇ ਵਿੱਚ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਪਰ ਇਸ ਤੋਂ ਬਾਅਦ ਵੀ 

ਦਾਸਤਾਨ-ਏ-ਗੁਰੂ ਤੇਗ ਬਹਾਦਰ ਦਾ ਪ੍ਰੀਮੀਅਮ ਸ਼ੋਅ ਰਾਜੌਰੀ ਗਾਰਡਨ ਵਿੱਖੇ ਕਰਵਾਇਆ ਗਿਆ

ਨਵੀਂ ਦਿੱਲੀ, 06 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਸਿੱਖ ਯੂਥ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਸਹਿਯੋਗ ਨਾਲ ਕਮਿਊਨਿਟੀ ਹਾਲ ਰਾਜੌਰੀ ਗਾਰਡਨ ਵਿਖੇ ਕੁਲਜੀਤ ਸਿੰਘ ਦੁਆਰਾ ਤਿਆਰ “ਦਾਸਤਾਨ-ਏ-ਗੁਰੂ ਤੇਗ ਬਹਾਦਰ” ਦਾ ਪ੍ਰੀਮੀਅਮ ਸ਼ੋਅ ਕਰਵਾਇਆ ਗਿਆ। ਜਿਸ ਨੂੰ ਵੇਖਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ, ਹਰਬੰਸ ਸਿੰਘ ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਅਕਾਲੀ ਦਲ ਸੰਯੁਕਤ ਦੇ ਆਗੂ ਹਰਪ੍ਰੀਤ ਸਿੰਘ ਬੰਨੀ ਜੌਲੀ, ਜਾਗੋ ਪਾਰਟੀ ਦੇ ਆਗੂ ਅਤੇ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਚੇਅਰਮੈਨ ਬਲਦੀਪ ਸਿੰਘ ਰਾਜਾ , ਮੈਨੇਜਰ ਜਗਜੀਤ ਸਿੰਘ, ਸਥਾਨਕ ਵਿਧਾਇਕ ਧਨਵੰਤੀ ਚੰਦੇਲਾ, ਕੌਂਸਲਰ ਸ਼ਸ਼ੀ ਤਲਵਾੜ ਸਮੇਤ ਕਈ ਪਤਵੰਤੇ ਸ਼ਾਮਲ ਹੋਏ। 

ਸਿੱਖ ਯੂਥ ਫਾਊਂਡੇਸ਼ਨ ਦੇ ਮੁਖੀ ਹਰਨੇਕ ਸਿੰਘ ਸਮੇਤ ਸਮੁੱਚੀ ਟੀਮ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਸ: ਹਰਮੀਤ ਸਿੰਘ ਕਾਲਕਾ ਨੇ ਸਿੱਖ ਯੂਥ ਫਾਊਂਡੇਸ਼ਨ ਦਾ ਦਾਇਰਾ ਪੂਰੀ ਦਿੱਲੀ ਵਿੱਚ ਵਧਾ ਕੇ ਦਾਸਤਾਨ-ਏ-ਗੁਰੂ ਤੇਗ ਬਹਾਦਰ ਸ਼ੋਅ ਵਿਖਾਉਣ ਦੀ ਪੇਸ਼ਕਸ਼ ਕੀਤੀ ਅਤੇ ਕਮੇਟੀ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਸ: ਹਰਮਨਜੀਤ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ: ਕੁਲਜੀਤ ਸਿੰਘ ਨੇ ਪਹਿਲਾਂ “ਦਾਸਤਾਨ ਏ ਗੁਰੂ ਨਾਨਕ ਦੇਵ ਜੀ” ਬਣਾਈ ਸੀ ਅਤੇ ਉਸ ਦਾ ਪਹਿਲਾ ਸ਼ੋਅ ਵੀ ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ 'ਚ ਵਿਖਾਇਆ ਸੀ ਅਤੇ ਹੁਣ “ਦਾਸਤਾਨ ਏ ਗੁਰੂ ਤੇਗ ਬਹਾਦਰ ਜੀ” ਦਾ ਪਹਿਲਾ ਪ੍ਰੀਮੀਅਮ ਸ਼ੋਅ ਰਾਜੌਰੀ ਗਾਰਡਨ ਵਿਖੇ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਇਸ ਤਰ੍ਹਾਂ ਦੇ ਸ਼ੋਅ ਦੀ ਲੋੜ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਦੀ ਜਾਣਕਾਰੀ ਮਿਲ ਸਕੇ ਅਤੇ ਆਸ ਹੈ ਕਿ ਅਜਿਹੇ ਸ਼ੋਅ ਰਾਹੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਜੀਵਨ ਇਤਿਹਾਸ ਦੀ ਜਾਣਕਾਰੀ ਹਰ ਘਰ ਤੱਕ ਪਹੁੰਚੇਗੀ।

ਆਜ਼ਾਦ ਖਾਲਸਾ ਰਾਜ ਦੇ ਸੰਕਲਪ ਨੂੰ ਮੋਰਚੇ ਵਿੱਚੋਂ ਮਨਫੀ ਕਰਕੇ ਕੋਈ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ - ਹਰਦੀਪ ਸਿੰਘ ਨਿੱਝਰ 

ਪੰਥਕ ਨਿਸ਼ਾਨੇ ਤੋਂ ਨੌਜੁਆਨੀ ਨੂੰ ਭਟਕਾਉਣ ਦਾ ਯਤਨ ਕਰਨ ਵਾਲਿਆਂ ਨੂੰ ਕੌਮ ਕਦੀ ਮੁਆਫ ਨਹੀਂ ਕਰੇਗੀ

ਨਵੀਂ ਦਿੱਲੀ 05 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਭਾਰਤ ਦੀਆਂ ਵੱਖੋ ਵੱਖ ਜੇਲਾ ਵਿੱਚ ਬੰਦ ਸਿੱਖ ਆਜ਼ਾਦ ਖਾਲਸਾ ਰਾਜ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਕਰਕੇ ਭਾਰਤ ਦੀ ਸਰਕਾਰ ਵੱਲੋਂ ਜੇਲਾ ਵਿੱਚ ਕੈਦ ਹਨ। ਉਨ੍ਹਾਂ ਨੇ ਇਹ ਕੈਦਾਂ ਅਤੇ ਤਸੀਹੇ ਆਜ਼ਾਦ ਖਾਲਸਾ ਰਾਜ ਦੇ ਸੋਚ ਦੇ ਹਾਮੀ ਹੋਣ ਕਾਰਨ ਸਹਿਣ ਕੀਤੇ ਹਨ। ਜੇਕਰ ਅੱਜ ਕੁਝ ਲੋਕ ਆਜ਼ਾਦ ਖਾਲਸਾ ਰਾਜ ਦੀ ਅਜ਼ਾਦੀ ਦੇ ਸੰਕਲਪ ਨੂੰ ਅੱਖੋਂ ਪਰੋਖੇ ਕਰਕੇ ਸਰਕਾਰ ਨਾਲ ਸਮਝੌਤਾ ਕਰਕੇ ਬੰਦੀ ਸਿੰਘਾਂ ਦਾ ਨਾਮ ਵਰਤਕੇ ਆਪਣੀ ਰਾਜਨੀਤਿਕ ਪੈਂਠ ਬਣਾਉਣਾ ਚਾਹੁੰਦੇ ਹਨ । ਜਿੰਨਾ ਵਿੱਚ ਵਿਦੇਸ਼ਾਂ ਵਿੱਚ ਬੈਠੇ ਕੁਝ ਸਾਬਕਾ ਪੰਥਕ ਕਹਾਉਣ ਵਾਲੇ ਲੋਕ ਵੀ ਸ਼ਾਮਿਲ ਹਨ ਅਜਿਹੇ ਲੋਕਾਂ ਨੂੰ ਪੰਥ ਦੇ ਗ਼ੱਦਾਰ ਮੰਨਿਆ ਜਾਵੇਗਾ ਜੋ ਸਰਕਾਰ ਦੇ ਝੋਲੀਚੁਕ ਹਨ ਤੇ ਹਰ ਸਮੇਂ ਆਪਣੇ ਨਿੱਜੀ ਮੁਫ਼ਾਦਾਂ ਲਈ ਪੰਥ ਨੂ ਢਾਅ ਲਾਉਣ ਦਾ ਯਤਨ ਕਰਦੇ ਹਨ। 

ਸਾਡੀ ਕੌਮ ਦੇ ਬੱਬਰ ਸ਼ੇਰ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਖੁਦ ਵੀ ਆਪਣੇ ਵਕੀਲ ਰਾਹੀ ਬਿਆਨ ਜਾਰੀ ਕਰ ਚੁੱਕੇ ਹਨ ਕਿ ਸਾਡਾ ਜੀਵਨ ਆਜ਼ਾਦ ਖਾਲਸਾ ਰਾਜ ਦੇ ਸੰਘਰਸ਼ ਦੇ ਨਾਮ ਹੈ, ਅਸੀਂ ਭਾਰਤ ਦੀ ਸਰਕਾਰ ਨਾਲ ਕਦੀ ਵੀ ਕਿਸੇ ਤਰਾਂ ਦਾ ਸਮਝੌਤਾ ਕਰਕੇ ਰਿਹਾਈ ਨਹੀਂ ਮੰਗਦੇ। ਪਰ ਉਨ੍ਹਾਂ ਸਿੰਘਾ ਦੇ ਨਾਮ ਤੇ ਕੌਮ ਨੂੰ ਗੁੰਮਰਾਹ ਕਰਨ ਦਾ ਯਤਨ ਕਰਨ ਵਾਲੇ ਆਪਣਾ ਪੜਿਆ ਵਿਚਾਰ ਲੈਣ । ਖਾਲਸਾ ਰਾਜ ਦੀ ਅਜ਼ਾਦੀ ਸਾਡਾ ਕੌੰਮੀ ਨਿਸ਼ਾਨਾ ਹੈ,  ਇਸ ਨਿਸ਼ਾਨੇ ਤੋਂ ਨੌਜੁਆਨੀ ਨੂੰ ਭਟਕਾਉਣ ਦਾ ਯਤਨ ਕਰਨ ਵਾਲਿਆਂ ਨੂੰ ਕੌਮ ਕਦੀ ਮੁਆਫ ਨਹੀਂ ਕਰੇਗੀ। ਕੌਮ ਦੀ ਨੌਜੁਆਨੀ ਸੁਚੇਤ ਹੋ ਚੁੱਕੀ ਹੈ ਸਰਕਾਰ ਦੇ ਝੋਲੀਚੁਕਾਂ ਨੂੰ ਆਪਣੇ ਮਕਸਦ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਗ਼ੱਦਾਰਾਂ ਦਾ ਅੰਤ ਨੂੰ ਖ਼ਾਲਸੇ ਪੰਥ ਨੇ ਸਦਾ ਸੋਧਾ ਲਾਇਆ ਹੈ, ਕੋਮ ਨਾਲ ਗਦਾਰੀ ਕਰਨ ਵਾਲੇ ਕਦੀ ਵੀ ਸੇਫ ਨਹੀਂ ਰਹਿ ਸਕਣਗੇ। ਦਾਸ ਵਲੋਂ ਬੰਦੀ ਸਿੰਘ ਰਿਹਾਈ ਮੋਰਚਾ ਕਮੇਟੀ ਨੂੰ ਬੇਨਤੀ ਹੈ ਕਿ ਆਜ਼ਾਦ ਖਾਲਸਾ ਰਾਜ ਦਾ ਵਿਰੋਧ ਕਰਨ ਵਾਲਿਆਂ ਨੂੰ ਕਮੇਟੀ ਵਾਲੇ ਆਪ ਮੋਰਚੇ ਤੋਂ ਬਾਹਰ ਕਰਨ ਨਹੀਂ ਤਾਂ ਕੱਲ ਨੂੰ ਜੇ ਨੋਜੁਆਨਾ ਨੇ ਇਹਨਾਂ ਦੀ ਡੰਡਾ ਪਰੇਡ ਕਰ ਦਿੱਤੀ, ਫੇਰ ਉਲਾਹਮੇ ਦੇਣਗੇ।

ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ

ਨਵੀਂ ਦਿੱਲੀ, 03 ਫ਼ਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ )  ਗੁਜਰਾਤ ਡੇਅਰੀ ਕੋ-ਆਪਰੇਟਿਵ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਦੁੱਧ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਤੱਕ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ। ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ।ਅਮੁੱਲ ਵੱਲੋਂ ਦਿੱਤੇ ਗਏ ਬਿਆਨ ਦੇ ਅਨੁਸਾਰ, ਇਸ ਸੋਧ ਤੋਂ ਬਾਅਦ, ਅਮੂਲ ਗੋਲਡ ਦੀ ਕੀਮਤ 66 ਰੁਪਏ ਪ੍ਰਤੀ ਲੀਟਰ, ਅਮੂਲ ਤਾਜ਼ਾ ਦੀ ਕੀਮਤ 54 ਰੁਪਏ ਪ੍ਰਤੀ ਲੀਟਰ, ਅਮੂਲ ਗਾਂ ਦੇ ਦੁੱਧ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਏ2 ਮੱਝ ਦੇ ਦੁੱਧ ਦੀ ਕੀਮਤ 70 ਰੁਪਏ ਪ੍ਰਤੀ ਲੀਟਰ ਹੋਵੇਗੀ।ਅਮੂਲ ਦਹੀਂ ਅਤੇ ਹੋਰ ਉਪ-ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਵਧੀਆਂ ਕੀਮਤਾਂ 3 ਫਰਵਰੀ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।ਅਮੂਲ ਤੋਂ ਇਲਾਵਾ ਪਰਾਗ ਅਤੇ ਮਦਰ ਡੇਅਰੀ ਨੇ ਵੀ ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।

ਜਾਤੀ ਸਰਟੀਫਿਕੇਟ ਬਣਾਉਣ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ

ਬਿਹਾਰ ਦੇ ਗਯਾ ਜ਼ਿਲੇ ਦੇ ਗੁਰੂਰੂ ਬਲਾਕ ਦੇ ਸਰਕਲ ਦਫਤਰ 'ਚ ਇਕ ਕੁੱਤੇ ਨੇ ਜਾਤੀ ਦਰਜਾ ਸਰਟੀਫਿਕੇਟ ਲਈ ਅਰਜ਼ੀ ਦਿੱਤੀ

ਨਵੀਂ ਦਿੱਲੀ, 03 ਫਰਵਰੀ -(ਜਨ ਸ਼ਕਤੀ ਨਿਊਜ਼ ਬਿਊਰੋ)  ਹੁਣ ਤੱਕ ਤੁਸੀਂ ਵਿਅਕਤੀ ਨੂੰ ਜਾਤੀ ਸਰਟੀਫਿਕੇਟ ਲਈ ਅਪਲਾਈ ਕਰਦੇ ਦੇਖਿਆ ਅਤੇ ਸੁਣਿਆ ਹੋਵੇਗਾ ਪਰ ਬਿਹਾਰ ਦੇ ਗਯਾ ਜ਼ਿਲੇ ਦੇ ਗੁਰੂਰੂ ਬਲਾਕ ਦੇ ਸਰਕਲ ਦਫਤਰ 'ਚ ਜਾਤੀ ਸਰਟੀਫਿਕੇਟ ਬਣਾਉਣ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਕੁੱਤੇ ਨੇ ਜਾਤੀ ਦਰਜਾ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਹੈ। ਹਾਲਾਂਕਿ ਆਨਲਾਈਨ ਪਾਈ ਗਈ ਇਸ ਐਪਲੀਕੇਸ਼ਨ ਨੂੰ ਜਾਂਚ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ । ਪਰ ਇਸ ਐਪਲੀਕੇਸ਼ਨ ਦੀ ਕਾਫੀ ਚਰਚਾ ਹੋ ਰਹੀ ਹੈ।ਦਰਅਸਲ ਇਹ ਪੂਰਾ ਮਾਮਲਾ ਗਯਾ ਜ਼ਿਲ੍ਹੇ ਦੇ ਗੁਰੂਰੂ ਜ਼ੋਨਲ ਦਫ਼ਤਰ ਦਾ ਹੈ। ਜਿੱਥੇ ਕੁੱਤੇ ਦੀ ਜਾਤ ਲਈ ਆਨਲਾਈਨ ਅਰਜ਼ੀ ਦਿੱਤੀ ਗਈ ਹੈ। ਬਿਨੈਪੱਤਰ ਲਈ ਜਮ੍ਹਾਂ ਕਰਵਾਏ ਆਧਾਰ 'ਤੇ ਕੁੱਤੇ ਦੀ ਤਸਵੀਰ ਲੱਗੀ ਹੋਈ ਹੈ। ਅਰਜ਼ੀ ਵਿੱਚ ਬਿਨੈਕਾਰ ਦਾ ਨਾਮ ਟੌਮੀ, ਪਿਤਾ ਦਾ ਨਾਮ ਸ਼ੇਰੂ, ਮਾਤਾ ਦਾ ਨਾਮ ਗਿੰਨੀ ਜਦਕਿ ਲਿੰਗ ਪੁਰਸ਼ ਦੱਸਿਆ ਗਿਆ ਹੈ। ਬਿਨੈਕਾਰ ਨੇ ਆਪਣੇ ਪਤੇ ਵਿੱਚ ਪਿੰਡ ਪੰਡੇਪੋਖਰ, ਪੰਚਾਇਤ ਰਾਉਣਾ, ਵਾਰਡ ਨੰ: 13, ਸਰਕਲ ਗੁਰੂਰੂ ਅਤੇ ਥਾਣਾ ਕੋਂਚ ਲਿਖਿਆ ਹੈ। ਅਰਜ਼ੀ ਫਾਰਮ ਦੇ ਨਾਲ ਦਿੱਤੇ ਗਏ ਆਧਾਰ ਕਾਰਡ 'ਤੇ ਕੁੱਤੇ ਦੀ ਤਸਵੀਰ ਹੈ ਅਤੇ ਆਧਾਰ ਨੰਬਰ 993460458271 ਹੈ। ਅਰਜ਼ੀ ਵਿੱਚ, ਬਿਨੈਕਾਰ ਨੇ ਪੇਸ਼ੇ ਦਾ ਵਿਦਿਆਰਥੀ, ਜਾਤੀ ਤਰਖਾਣ, ਜਾਤੀ ਲੜੀ ਨੰਬਰ- 113, ਜਨਮ ਮਿਤੀ- 14 ਅਪ੍ਰੈਲ 2022 ਲਿਖਿਆ ਹੈ। ਜਾਤ ਵਿੱਚ ਸ਼੍ਰੇਣੀ ਨੂੰ ਅਤਿ ਪਛੜੀ ਸ਼੍ਰੇਣੀ ਲਿਖਿਆ ਗਿਆ ਹੈ।

 ਜਾਤੀ ਸਰਟੀਫਿਕੇਟ ਲਈ ਇਹ ਆਨਲਾਈਨ ਅਰਜ਼ੀ 24 ਜਨਵਰੀ ਨੂੰ ਕੀਤੀ ਗਈ ਸੀ। ਜਦੋਂ ਇਹ ਦਰਖਾਸਤ ਆਈ ਤਾਂ ਅਧਿਕਾਰੀ ਤੋਂ ਲੈ ਕੇ ਕਰਮਚਾਰੀ ਤੱਕ ਵੀ ਹੈਰਾਨ ਹੋ ਗਏ, ਬਾਅਦ ਵਿੱਚ ਜਾਂਚ ਤੋਂ ਬਾਅਦ ਇਹ ਅਰਜ਼ੀ ਰੱਦ ਕਰ ਦਿੱਤੀ ਗਈ। ਜਾਂਚ ਵਿੱਚ ਆਧਾਰ ਕਾਰਡ ਵੀ ਫਰਜ਼ੀ ਨਿਕਲਿਆ ਹੈ। ਇਸ ਮਾਮਲੇ ਵਿੱਚ ਗੁਰੂਰੂ ਸਰਕਲ ਅਧਿਕਾਰੀ ਸੰਜੀਵ ਕੁਮਾਰ ਤ੍ਰਿਵੇਦੀ ਨੇ ਆਈਏਐਨਐਸ ਨੂੰ ਦੱਸਿਆ ਕਿ ਇਹ ਕਿਸੇ ਦੀ ਸ਼ਰਾਰਤ ਸੀ। ਉਨ੍ਹਾਂ ਦੱਸਿਆ ਕਿ ਐਪਲੀਕੇਸ਼ਨ ਦੇ ਨਾਲ ਦਿੱਤੇ ਗਏ ਮੋਬਾਈਲ ਨੰਬਰ 'ਤੇ ਡਾਇਲ ਕਰਨ 'ਤੇ ਟਰੂਕਾਲਰ 'ਤੇ ਰਾਜਾ ਬਾਬੂ ਦਾ ਨਾਮ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬਿਹਾਰ 'ਚ ਜਾਤੀ ਆਧਾਰਿਤ ਜਨਗਣਨਾ ਵੀ ਸ਼ੁਰੂ ਹੋ ਚੁੱਕੀ ਹੈ।

ਅਡਾਨੀ ਇੰਟਰਪ੍ਰਾਈਜਿਜ਼ ਨੇ 20, 000 ਕਰੋੜ ਰੁਪਏ ਦੇ ਇਕੁਇਟੀ ਸ਼ੇਅਰਾਂ ਦਾ ਐਫਪੀਓ ਰੱਦ

ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨਗੇ ਅਡਾਨੀ

ਨਵੀਂ ਦਿੱਲੀ, 02 ਫ਼ਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ  ) ਅਡਾਨੀ ਇੰਟਰਪ੍ਰਾਈਜਿਜ਼ ਨੇ 20,000 ਕਰੋੜ ਰੁਪਏ ਦੇ ਇਕੁਇਟੀ ਸ਼ੇਅਰਾਂ ਦਾ ਐਫਪੀਓ ਰੱਦ ਕਰ ਦਿੱਤਾ ਹੈ। ਐਫਪੀਓ ਰੱਦ ਹੋਣ ਤੋਂ ਬਾਅਦ ਨਿਵੇਸ਼ਕਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਬੁੱਧਵਾਰ ਰਾਤ ਨੂੰ ਇਹ ਫੈਸਲਾ ਲਿਆ। ਇਹਨਾਂ ਇਕੁਇਟੀ ਸ਼ੇਅਰਾਂ ਦਾ ਫੇਸ ਵੈਲਿਊ ਇੱਕ ਰੁਪਿਆ ਹੈ। ਇਹ ਐਫਪੀਓ ਪੂਰੀ ਤਰ੍ਹਾਂ ਸਬਸਕ੍ਰਾਈਬ ਹੋਇਆ ਸੀ।ਐਫਪੀਓ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦਾ ਧੰਨਵਾਦ ਕਰਦੇ ਹੋਏ, ਗੌਤਮ ਅਡਾਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਸਟਾਕ ਵਿੱਚ ਉਤਰਾਅ-ਚੜ੍ਹਾਅ ਦੇ ਬਾਵਜੂਦ, ਕੰਪਨੀ ਦੇ ਕਾਰੋਬਾਰ ਅਤੇ ਇਸ ਦੇ ਪ੍ਰਬੰਧਨ ਵਿੱਚ ਤੁਹਾਡਾ ਭਰੋਸਾ ਸਾਡੇ ਲਈ ਤਸੱਲੀ ਵਾਲਾ ਹੈ, ਪਰ ਅਸੀਂ ਨਹੀਂ ਚਾਹੁੰਦੇ ਕਿ ਨਿਵੇਸ਼ਕ ਦਾ ਨੁਕਸਾਨ ਹੋਵੇ।ਅਡਾਨੀ ਐਂਟਰਪ੍ਰਾਈਜਿਜ਼ ਨੇ 01 ਫਰਵਰੀ ਨੂੰ ਹੋਈ ਬੋਰਡ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਅਸੀਂ ਐਫਪੀਓ ਨੂੰ ਅੱਗੇ ਨਹੀਂ ਲੈ ਕੇ ਜਾਵਾਂਗੇ। ਮੌਜੂਦਾ ਸਥਿਤੀ ਅਤੇ ਸਟਾਕ ਵਿੱਚ ਅਸਥਿਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਗਾਹਕਾਂ ਦੇ ਹਿੱਤ ਵਿੱਚ ਐਫਪੀਓ ਨਾਲ ਅੱਗੇ ਨਾ ਵਧਣ ਅਤੇ ਲੈਣ-ਦੇਣ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਐਫਪੀਓ ਵਿੱਚ ਹਿੱਸਾ ਲੈਣ ਲਈ ਨਿਵੇਸ਼ਕਾਂ ਦਾ ਧੰਨਵਾਦ ਕਰਦੇ ਹਾਂ। ਇਸ ਐਫਪੀਓ ਦੀ ਗਾਹਕੀ (31 ਜਨਵਰੀ ਨੂੰ) ਸਫਲਤਾਪੂਰਵਕ ਬੰਦ ਹੋ ਗਈ ਹੈ।

ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਖਿਲਾਫ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ

ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ

ਮੁੰਬਈ, 02 ਜਨਵਰੀ (ਜਨ ਸ਼ਕਤੀ ਨਿਊਜ਼ ਬਿਊਰੋ  ) ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਖਿਲਾਫ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਨਿਆਂਪਾਲਿਕਾ 'ਤੇ ਦੋਵਾਂ ਦੇ ਤਾਜ਼ਾ ਬਿਆਨ ਭਾਰਤ ਦੇ ਸੰਵਿਧਾਨ ਵਿਚ ਵਿਸ਼ਵਾਸ ਦੀ ਕਮੀ ਨੂੰ ਦਰਸਾਉਂਦੇ ਹਨ। ਇਸ ਮਾਮਲੇ 'ਚ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ।ਬੰਬੇ ਲਾਇਰਜ਼ ਐਸੋਸੀਏਸ਼ਨ ਦੁਆਰਾ ਦਾਇਰ ਪਟੀਸ਼ਨ ਵਿੱਚ ਮੰਗ ਕੀਤੀ ਗਈ ਕਿ ਹਾਈ ਕੋਰਟ ਉਪ ਰਾਸ਼ਟਰਪਤੀ ਧਨਖੜ ਅਤੇ ਕਾਨੂੰਨ ਮੰਤਰੀ ਰਿਜਿਜੂ ਨੂੰ ਉਨ੍ਹਾਂ ਦੇ ਅਧਿਕਾਰਤ ਫਰਜ਼ ਨਿਭਾਉਣ ਤੋਂ ਰੋਕੇ ਅਤੇ ਐਲਾਨ ਕਰੇ ਕਿ ਦੋਵੇਂ, ਆਪਣੇ ਜਨਤਕ ਵਿਹਾਰ ਅਤੇ ਉਨ੍ਹਾਂ ਦੇ ਬਿਆਨਾਂ ਰਾਹੀਂ, ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਦੀ ਕਮੀ ਰੱਖਦੇ ਹਨ ਅਤੇ ਸੰਵਿਧਾਨਕ ਅਹੁਦਿਆਂ 'ਤੇ ਰਹਿਣ ਤੋਂ ਅਯੋਗ ਕਰਾਰ ਦਿੱਤਾ ਜਾਂਦਾ ਹੈ।

500 ਕੁੜੀਆਂ ’ਚ ਘਬਰਾਇਆ ਇਕੱਲਾ ਮੁੰਡਾ, ਹੋਇਆ ਬੇਹੋਸ਼, ਹਸਪਤਾਲ ਵਿੱਚ ਭਰਤੀ

ਨਵੀਂ ਦਿੱਲੀ, 02 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ  ) ਬੀਤੇ ਦਿਨੀਂ ਬਿਹਾਰ ਵਿੱਚ ਹੋਏ 12ਵੀਂ ਕਲਾਸ ਦੀ ਪ੍ਰੀਖਿਆ ਦੌਰਾਨ ਇਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਲੜਕਾ ਇਕੱਲੀਆਂ ਕੁੜੀਆਂ ਵਿੱਚ ਹੋਣ ਕਾਰਨ ਬੇਹੋਸ਼ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ। ਬਿਹਾਰ ਦੇ ਨਾਲੰਦਾ ਵਿੱਚ 12ਵੀਂ ਕਲਾਸ ਦੀ ਪ੍ਰੀਖਿਆ ਚਲ ਰਹੀ ਸੀ। ਇਕ ਹਾਲ ਵਿੱਚ 500 ਲੜਕੀਆਂ ਪੇਪਰ ਦੇ ਰਹੀਆਂ ਸਨ।  ਇਸ ਦੌਰਾਨ ਬਿਹਾਰ ਸ਼ਰੀਫ ਦੇ ਅਲਾਮਾ ਇਕਬਾਲ ਕਾਲਜ ਦਾ ਵਿਦਿਆਰਥੀ ਮਣੀਸ਼ੰਕਰ ਬ੍ਰਿਲੀਐਂਟ ਸਕੂਲ ਵਿੱਚ 12ਵੀਂ ਕਲਾਸ ਦੀ ਪ੍ਰੀਖਿਆ ਦੇਣ ਆਇਆ ਸੀ। ਜਿੱਥੇ ਉਹ 500 ਲੜਕੀਆਂ ਵਿੱਚ ਇਕੱਲਾ ਲੜਕਾ ਸੀ। ਇਹ ਪਤਾ ਲੱਗਣ ਉਤੇ ਉਹ ਘਬਰਾ ਗਿਆ ਅਤੇ ਫਿਰ ਬੇਹੋਸ਼ ਹੋ ਗਿਆ। ਨੌਬਤ ਇੱਥੋਂ ਤੱਕ ਆ ਗਈ ਕਿ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ। ਵਿਦਿਆਰਥੀ ਦੇ ਘਰ ਵਾਲਿਆ ਦਾ ਕਹਿਣਾ ਹੈ ਕਿ ਘਬਰਾਉਣ ਕਾਰਨ ਉਹ ਬੇਹੋਸ਼ ਹੋ ਗਿਆ ਸੀ, ਉਸ ਨੂੰ ਬੁਖਾਰ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ।

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਪੰਜਾਬ ਲਈ ਹੋਰ ਬਜਟ ਪ੍ਰਬੰਧਾਂ ਦੀ ਮੰਗ ਕੀਤੀ

ਨਵੀਂ ਦਿੱਲੀ, 01 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਕੇਂਦਰੀ ਬਜਟ 2023-24 ਦੇ ਪ੍ਰਗਤੀਸ਼ੀਲ ਪਹਿਲੂਆਂ ਦੀ ਸ਼ਲਾਘਾ ਕਰਦੇ ਹੋਏ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਨਵੀਂ ਟੈਕਸ ਪ੍ਰਣਾਲੀ ਵਰਗੇ ਕਦਮ, ਜਿਸ ਵਿੱਚ 7 ​​ਲੱਖ ਤੱਕ ਦੀ ਕੁੱਲ ਆਮਦਨ ਵਾਲੇ ਵਿਅਕਤੀਆਂ ਨੂੰ ਆਮਦਨ ਕਰ ਨਹੀਂ ਦੇਣਾ ਪਵੇਗਾ, ਇਸਨੂੰ ਦਰਾਂ ਅਤੇ ਸਲੈਬਾਂ ਵਿਚ ਪ੍ਰਗਤੀਸ਼ੀਲ ਬਣਾਉਂਦਾ ਹੈ, ਜਦਕਿ ਸਪਤਰਿਸ਼ੀ - 7 ਤਰਜੀਹਾਂ ਦਾ ਵਿਚਾਰ ਵੀ ਸੁਧਾਰਵਾਦੀ ਨਜ਼ਰ ਆਉਂਦਾ ਹੈ।  ਪਰ ਅਜੇ ਵੀ ਕਈ ਹੋਰ ਖੇਤਰ ਹਨ ਜਿੱਥੇ ਸਰਕਾਰ ਹੋਰ ਵੀ ਕੰਮ ਕਰ ਸਕਦੀ ਸੀ।

ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਘਟਣ ਦਾ ਜ਼ਿਕਰ ਕਰਦਿਆਂ, ਸਾਹਨੀ ਨੇ ਕਿਹਾ ਕਿ ਕੇਂਦਰੀ ਜ਼ਮੀਨੀ ਜਲ ਬੋਰਡ (ਸੀਜੀਡਬਲਿਊਬੀ) ਅਨੁਸਾਰ ਪੰਜਾਬ ਦਾ ਧਰਤੀ ਹੇਠਲਾ ਪਾਣੀ ਪਹਿਲਾਂ 2029 ਤੱਕ 100 ਮੀਟਰ ਤੱਕ ਪਹੁੰਚ ਜਾਵੇਗਾ ਅਤੇ 2039 ਤੱਕ ਇਹ 300 ਮੀਟਰ ਤੋਂ ਹੇਠਾਂ ਆ ਜਾਵੇਗਾ। ਅਸੀਂ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰਿਤ ਕ੍ਰਾਂਤੀ ਤੋਂ ਬਾਅਦ ਝੋਨੇ ਵਰਗੀਆਂ ਪਾਣੀ ਵਾਲੀਆਂ ਫਸਲਾਂ ਦਾ ਉਤਪਾਦਨ ਕੀਤਾ, ਜਿਸ ਦੇ ਨਤੀਜੇ ਵਜੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਆਈ।  ਕੇਂਦਰ ਸਰਕਾਰ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਨੂੰ ਲੋੜੀਂਦੀ ਵਿੱਤੀ ਸਹਾਇਤਾ ਦੇਣੀ ਚਾਹੀਦੀ ਸੀ।

ਸਾਹਨੀ ਨੇ ਕਿਹਾ ਕਿ ਬਜਟ ਦੀ ਵੰਡ ਵਿੱਚ ਨਾ ਤਾਂ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਅਤੇ ਨਾ ਹੀ ਭੋਜਨ ਦੀ ਸੰਭਾਲ ਅਤੇ ਪ੍ਰੋਸੈਸਿੰਗ ਯੂਨਿਟਾਂ ਲਈ ਵਾਧੇ ਦਾ ਕੋਈ ਜ਼ਿਕਰ ਹੈ।

ਸਾਹਨੀ ਨੇ ਪੰਜਾਬ ਬਾਰੇ ਬੋਲਦਿਆਂ ਕਿਹਾ ਕਿ ਖੇਤੀਬਾੜੀ ਅਤੇ ਸਹਿਕਾਰੀ ਸੰਸਥਾਵਾਂ ਲਈ ਕੀਤੇ ਗਏ ਐਲਾਨਾਂ ਜਿਵੇਂ ਕਿ ਬਾਜਰੇ ਲਈ ਇੰਡੀਆ ਗਲੋਬਲ ਹੱਬ "ਸ਼੍ਰੀ ਅੰਨਾ" ਬਣਾਉਣਾ, ਕਿਸਾਨਾਂ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਤਿਆਰ ਕਰਨਾ, ਸਟਾਰਟਅੱਪਸ ਲਈ ਐਗਰੀਕਲਚਰ ਐਕਸਲੇਟਰ ਫੰਡ ਸਥਾਪਤ ਕਰਨਾ, 20 ਲੱਖ ਕਰੋੜ ਦਾ ਖੇਤੀ ਕਰਜ਼ਾ ਟੀਚਾ, ਵਿਆਪਕ ਤੌਰ 'ਤੇ ਉਪਲਬਧ ਸਟੋਰੇਜ ਸਮਰੱਥਾ ਆਦਿ ਸਥਾਪਤ ਕਰਨਾ ਬਹੁਤ ਆਸ਼ਾਵਾਦੀ ਲੱਗਦਾ ਹੈ, ਪਰ ਸਰਕਾਰ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (ਪੀ.ਐੱਮ.ਜੀ.ਕੇ.ਵਾਈ.) ਵਰਗੀਆਂ ਨੀਤੀਆਂ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਮਿਡ-ਡੇ-ਮੀਲ ਵਿਚ ਬਾਜਰੇ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ, ਤਾਂ ਜੋ ਬਾਜਰੇ ਦੀ ਖਪਤ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਡਿਜੀਟਲ ਜਨਤਕ ਬੁਨਿਆਦੀ ਢਾਂਚਾ ਬਣਾਉਣ ਲਈ ਕਿਸਾਨਾਂ ਦੀ ਡਿਜੀਟਲ ਸਿਖਲਾਈ ਦਾ ਇੱਕ ਵਿਆਪਕ ਪ੍ਰੋਗਰਾਮ ਲਾਗੂ ਕੀਤਾ ਜਾਣਾ ਚਾਹੀਦਾ ਹੈ।  ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਨਾਜ ਦੀ ਭੰਡਾਰਨ ਸਮਰੱਥਾ ਵਿੱਚ ਵਾਧੇ ਦੇ ਨਤੀਜੇ ਵਜੋਂ ਭੰਡਾਰ ਕਰਨ ਵਾਲਿਆਂ ਦੁਆਰਾ ਖਾਧ ਪਦਾਰਥਾਂ ਦੀ ਬੇਲੋੜੀ ਮਹਿੰਗਾਈ ਨਾ ਹੋਵੇ।

ਸਾਹਨੀ ਨੇ ਕਿਹਾ ਕਿ ਹਰਿਆਵਲ ਵਿਕਾਸ ਇਸ ਬਜਟ ਦੀਆਂ ਸਪਤਰਿਸ਼ੀ ਤਰਜੀਹਾਂ ਵਿੱਚੋਂ ਇੱਕ ਹੈ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ 'ਚ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਸੀ, ਪਰ ਹਰ ਤਰ੍ਹਾਂ ਦੇ ਈ-ਵਾਹਨਾਂ ਅਤੇ ਸਾਈਕਲਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਗਈ ਹੈ, ਜਦਕਿ ਅਸੀਂ ਵੈਟ ਨਹੀਂ ਘਟਾ ਰਹੇ ਅਤੇ ਨਾ ਹੀ ਪੈਟਰੋਲ ਅਤੇ ਡੀਜ਼ਲ 'ਤੇ ਕੋਈ ਸਬਸਿਡੀ ਦੇ ਰਹੇ ਹਾਂ, ਅਜਿਹੇ ਵਿਚ ਉਨ੍ਹਾਂ 'ਤੇ ਕਸਟਮ ਡਿਊਟੀ ਵਧਾਉਣਾ ਬਹੁਤ ਵਧੀਆ ਕਦਮ ਨਹੀਂ ਹੈ।

ਸਾਹਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਬਜਟ ਵਿੱਚ ਕੀਤੇ ਸਾਰੇ ਨੀਤੀਗਤ ਐਲਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇ, ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਆਮ ਬਜਟ 2023-24 ਪੇਸ਼

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਭਾਸ਼ਣ

ਨਵੀਂ ਦਿੱਲੀ, 01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਅਰਥਚਾਰੇ ਦਾ ਚਮਕਦਾ ਸਿਤਾਰਾ ਹੈ। ਵਿਸ਼ਵ ਵਿੱਚ ਭਾਰਤ ਦਾ ਕੱਦ ਲਗਾਤਾਰ ਵਧ ਰਿਹਾ ਹੈ ਅਤੇ ਉੱਜਵਲ ਭਵਿੱਖ ਵੱਲ ਵਧ ਰਿਹਾ ਹੈ ।

ਭਾਰਤ ਦੀ ਆਰਥਿਕ ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ ਹੈ। 

ਕੋਰੋਨਾ ਦੌਰਾਨ ਸਰਕਾਰ ਨੇ 28 ਮਹੀਨਿਆਂ ਲਈ 80 ਕਰੋੜ ਲੋਕਾਂ ਲਈ ਮੁਫਤ ਰਾਸ਼ਨ ਦਾ ਪ੍ਰਬੰਧ ਕੀਤਾ ਹੈ। 

ਇਸ ਲਈ ਸਰਕਾਰ ਵੱਲੋਂ ਦੋ ਲੱਖ ਕਰੋੜ ਰੁਪਏ ਖਰਚ ਕੀਤੇ ਹਨ। 

ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਪ੍ਰਤੀ ਵਿਅਕਤੀ ਆਮਦਨ 1.97 ਲੱਖ ਰੁਪਏ ਤੱਕ ਪਹੁੰਚ ਗਈ ਹੈ। 

ਪ੍ਰਧਾਨ ਮੰਤਰੀ ਆਵਾਸ ਯੋਜਨਾ 'ਤੇ ਖਰਚਾ 66 ਫੀਸਦੀ ਵਧਾਇਆ ਗਿਆ ਹੈ। 

ਅਗਲੇ ਤਿੰਨ ਸਾਲਾਂ 'ਚ ਆਦਿਵਾਸੀ ਬੱਚਿਆਂ ਲਈ 740 ਏਕਲਵਿਆ ਸਕੂਲਾਂ ਵਿੱਚ 38,800 ਅਧਿਆਪਕ ਨਿਯੁਕਤ ਕੀਤੇ ਜਾਣਗੇ ।

ਮੈਡੀਕਲ ਸਿੱਖਿਆ ਨੂੰ ਵਧਾਉਣ ਲਈ 2014 ਤੋਂ ਮੌਜੂਦਾ 157 ਮੈਡੀਕਲ ਕਾਲਜਾਂ ਦੇ ਨਾਲ ਮਿਲ ਕੇ 157 ਨਵੇਂ ਨਰਸਿੰਗ ਕਾਲਜ ਸਥਾਪਿਤ ਕੀਤੇ ਜਾਣਗੇ।

 ਬਜਟ ਵਿੱਚ ਵਿੱਤੀ ਸਾਲ 2023-24 ਲਈ ਰੇਲਵੇ ਨੂੰ 2.40 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ। 

ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਚੌਥੇ ਪੜਾਅ ਦੀ ਸ਼ੁਰੂਆਤ ਕਰੇਗੀ। 

ਇਸ ਤਹਿਤ ਸਰਕਾਰ ਦੇਸ਼ ਵਿੱਚ ਸਾਰੇ 30 ਸਕਿੱਲ ਇੰਟਰਨੈਸ਼ਨਲ ਸੈਂਟਰ ਸਥਾਪਿਤ ਕੀਤੇ ਜਾਣਗੇ।

ਮਹਿਲਾ ਬੱਚਤ ਸਨਮਾਨ ਪੱਤਰ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਵਿੱਚ ਦੋ ਲੱਖ ਤਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। 

ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੀ ਲਿਮਟ ਨੂੰ ਵਧਾ ਕੇ 15 ਤੋਂ 30 ਲੱਖ ਰੁਪਏ ਕੀਤਾ। 

ਬਜਟ 2023 ਵਿੱਚ ਨਵੀਂ ਆਮਦਨ ਟੈਕਸ ਸਲੈਬ ਲਾਗੂ ਕੀਤੀ ਗਈ ਹੈ। 

ਇਸ ਵਿੱਚ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਤਿੰਨ ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ।

 ਇਸ ਦੇ ਨਾਲ ਹੀ 3 ਤੋਂ 6 ਲੱਖ ਤੱਕ ਦੀ ਆਮਦਨ 'ਤੇ 5 ਫੀਸਦੀ ਟੈਕਸ ਲੱਗੇਗਾ। 

6 ਤੋਂ 9 ਲੱਖ ਤੱਕ ਦੀ ਆਮਦਨ 'ਤੇ 10 ਫੀਸਦੀ ਟੈਕਸ ਲੱਗੇਗਾ। 

9 ਤੋਂ 12 ਲੱਖ ਤੱਕ ਦੀ ਆਮਦਨ 'ਤੇ 15 ਫੀਸਦੀ ਟੈਕਸ ਲੱਗੇਗਾ। 

12 ਤੋਂ 15 ਲੱਖ ਤੱਕ ਦੀ ਆਮਦਨ 'ਤੇ 20 ਫੀਸਦੀ ਟੈਕਸ ਲੱਗੇਗਾ। 

15 ਲੱਖ ਤੋਂ ਵੱਧ ਦੀ ਆਮਦਨ 'ਤੇ 30 ਫੀਸਦੀ ਟੈਕਸ ਲੱਗੇਗਾ।

 

ਝਾਰਖੰਡ ਦੇ ਧਨਬਾਦ ਵਿਖੇ ਅਪਾਰਟਮੈਂਟ 'ਚ  ਭਿਆਨਕ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ

ਰਾਂਚੀ, 01 ਫ਼ਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ )ਝਾਰਖੰਡ ਦੇ ਧਨਬਾਦ 'ਚ ਮੰਗਲਵਾਰ ਸ਼ਾਮ ਨੂੰ ਇਕ ਅਪਾਰਟਮੈਂਟ 'ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ 'ਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ। ਧਨਬਾਦ ਦੇ ਡਿਪਟੀ ਕਮਿਸ਼ਨਰ ਸੰਦੀਪ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਜੌੜਾਫਾਟਕ ਇਲਾਕੇ 'ਚ ਆਸ਼ੀਰਵਾਦ ਟਾਵਰ ਦੀ ਦੂਜੀ ਮੰਜ਼ਿਲ 'ਤੇ ਸ਼ਾਮ 6 ਵਜੇ ਅੱਗ ਲੱਗੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 40 ਗੱਡੀਆਂ ਨੂੰ ਕੰਮ 'ਤੇ ਲਗਾਇਆ ਗਿਆ।  ਝਾਰਖੰਡ ਦੇ ਮੁੱਖ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 14 ਹੈ ਅਤੇ 11 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 10 ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ।ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਸ ਭਿਆਨਕ ਅੱਗਨੀ ਕਾਂਡ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਧਨਬਾਦ ਅੱਗਨੀਕਾਂਡ 'ਚ ਲੋਕਾਂ ਦੀ ਮੌਤ ਬੇਹੱਦ ਦਿਲ ਕੰਬਾਊ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਧਨਬਾਦ ਦੇ ਇਕ ਅਪਾਰਟਮੈਂਟ 'ਚ ਭਿਆਨਕ ਅੱਗ 'ਚ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟਾਇਆ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ। ਘਟਨਾ 'ਚ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੀ ਰਾਸ਼ੀ ਵੀ ਮਨਜ਼ੂਰ ਕੀਤੀ ਗਈ ਹੈ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੋਕ ਸਭਾ ਵਿੱਚ ਬਜਟ ਪੇਸ਼ ਕਰਨਗੇ

ਨਵੀਂ ਦਿੱਲੀ, 1 ਫ਼ਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ)  ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੋਕ ਸਭਾ ਵਿੱਚ ਕੇਂਦਰੀ ਬਜਟ 2023 ਪੇਸ਼ ਕਰਨਗੇ। ਅਗਲੇ ਸਾਲ ਗਰਮੀਆਂ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ਦਾ ਇਹ ਆਖ਼ਰੀ ਪੂਰਾ ਬਜਟ ਹੋਵੇਗਾ।ਜਦੋਂ ਵਿੱਤ ਮੰਤਰੀ ਅੱਜ ਸਵੇਰੇ 11 ਵਜੇ ਆਪਣਾ ਸੰਬੋਧਨ ਸ਼ੁਰੂ ਕਰਨਗੇ ਤਾਂ ਭਾਰਤੀ ਮੱਧ ਵਰਗ ਅਤੇ ਭਾਰਤੀ ਕਾਰਪੋਰੇਟ ਜਗਤ ਨੂੰ ਗਲੋਬਲ ਮੰਦੀ ਦੇ ਮੱਦੇਨਜ਼ਰ ਕੁਝ ਰਾਹਤ ਦੀ ਉਡੀਕ ਰਹੇਗੀ।  ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੰਸਦ 'ਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ 'ਚ ਭਾਰਤ ਦੀ ਅਸਲ ਵਿਕਾਸ ਦਰ 6-6.8 ਫੀਸਦੀ ਦੀ ਰੇਂਜ 'ਚ ਹੋਣ ਦਾ ਅੰਦਾਜ਼ਾ ਲਗਾਇਆ ਗਿਆ, ਜਿਸ 'ਚ ਉਤਰਾਅ-ਚੜ੍ਹਾਅ ਵਾਲੇ ਖਤਰੇ ਹਨ। ਸਰਵੇਖਣ ਇਸ ਤੱਥ ਨੂੰ ਉਜਾਗਰ ਕਰਦਾ ਹੈ ਕਿ ਵਿਸ਼ਵਵਿਆਪੀ ਏਜੰਸੀਆਂ ਕੋਵਿਡ-19 ਮਹਾਂਮਾਰੀ, ਰੂਸ-ਯੂਕਰੇਨ ਯੁੱਧ ਅਤੇ ਵਿਸ਼ਵ ਭਰ ਵਿੱਚ ਕੇਂਦਰੀ ਬੈਂਕਾਂ ਦੁਆਰਾ ਨੀਤੀਗਤ ਦਰਾਂ ਵਿੱਚ ਵਾਧੇ ਦੇ ਝਟਕੇ ਦੇ ਬਾਵਜੂਦ ਭਾਰਤ ਨੂੰ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਵਜੋਂ ਪੇਸ਼ ਕਰ ਰਹੀਆਂ ਹਨ।

ਆਸਾਰਾਮ ਬਾਪੂ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ 

ਗਾਂਧੀਨਗਰ ਦੀ ਅਦਾਲਤ ਕੱਲ੍ਹ ਕਰੇਗੀ ਸਜ਼ਾ ਦਾ ਐਲਾਨ

ਗਾਂਧੀਨਗਰ/ਗੁਜਰਾਤ, 30 ਜਨਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਇੱਕ ਵਿਦਿਆਰਥਣ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਕਥਾਵਾਚਕ ਆਸਾਰਾਮ ਬਾਪੂ ਨੂੰ ਗੁਜਰਾਤ ਦੇ ਗਾਂਧੀਨਗਰ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਸਜ਼ਾ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ। ਇਹ ਮਾਮਲਾ ਸਾਲ 2013 ਦਾ ਹੈ, ਜਿਸ 'ਚ ਆਸਾਰਾਮ ਬਾਪੂ 'ਤੇ ਸੂਰਤ ਦੀਆਂ ਦੋ ਭੈਣਾਂ ਨੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ 'ਚ ਆਸਾਰਾਮ ਦਾ ਪੁੱਤਰ ਨਾਰਾਇਣ ਸਾਈਂ ਵੀ ਦੋਸ਼ੀ ਸੀ। ਗਾਂਧੀਨਗਰ ਸੈਸ਼ਨ ਕੋਰਟ ਨੇ ਇਸ ਮਾਮਲੇ 'ਚ ਆਸਾਰਾਮ ਬਾਪੂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਮਲੇ 'ਚ ਆਸਾਰਾਮ ਦੀ ਪਤਨੀ ਲਕਸ਼ਮੀ, ਬੇਟੀ ਭਾਰਤੀ ਅਤੇ ਚਾਰ ਮਹਿਲਾ ਪੈਰੋਕਾਰਾਂ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਪਰ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਬਰੀ ਕਰ ਦਿੱਤਾ।

2013 ਵਿੱਚ ਸੂਰਤ ਦੀਆਂ ਦੋ ਭੈਣਾਂ ਨੇ ਨਰਾਇਣ ਸਾਈਂ ਅਤੇ ਉਸਦੇ ਪਿਤਾ ਆਸਾਰਾਮ ਦੇ ਖ਼ਿਲਾਫ਼ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ। ਛੋਟੀ ਭੈਣ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਨਰਾਇਣ ਸਾਈਂ ਨੇ 2002 ਤੋਂ 2005 ਦਰਮਿਆਨ ਉਸ ਨਾਲ ਵਾਰ-ਵਾਰ ਜਬਰ ਜਨਾਹ ਕੀਤਾ। ਲੜਕੀ ਦੇ ਮੁਤਾਬਕ ਜਦੋਂ ਉਹ ਸੂਰਤ ਵਿੱਚ ਆਸਾਰਾਮ ਦੇ ਆਸ਼ਰਮ ਵਿੱਚ ਰਹਿ ਰਹੀ ਸੀ ਤਾਂ ਉਸ ਨਾਲ ਜਬਰ ਜਨਾਹ ਕੀਤਾ ਗਿਆ। ਉਸ ਦੀ ਵੱਡੀ ਭੈਣ ਨੇ ਕਿਹਾ ਸੀ ਕਿ ਆਸਾਰਾਮ ਨੇ ਅਹਿਮਦਾਬਾਦ ਦੇ ਆਸ਼ਰਮ ਵਿੱਚ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ।

ਆਸਾਰਾਮ ਬਾਪੂ ਇਸ ਸਮੇਂ ਜੋਧਪੁਰ ਦੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ 2013 ਵਿੱਚ ਜੋਧਪੁਰ ਆਸ਼ਰਮ ਵਿੱਚ ਇੱਕ 16 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ ਸੀ। 2018 ਵਿੱਚ, ਜੋਧਪੁਰ ਦੀ ਇੱਕ ਅਦਾਲਤ ਨੇ ਇਸ ਮਾਮਲੇ ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੱਸ ਦੇਈਏ ਕਿ ਆਸਾਰਾਮ 10 ਸਾਲ ਤੋਂ ਜੇਲ੍ਹ ਵਿੱਚ ਹੈ ਅਤੇ ਉਸ ਦੀ ਉਮਰ 80 ਸਾਲ ਤੋਂ ਵੱਧ ਹੈ ।

ਗੁਜਰਾਤ ਦੰਗਿਆਂ ਸੰਬੰਧੀ ਬੀਬੀਸੀ ਦੀ ਡਾਕੂਮੈਂਟਰੀ 'ਤੇ ਪਾਬੰਦੀ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ

 ਸਰਬ-ਉੱਚ ਅਦਾਲਤ ਇਸ ਮਾਮਲੇ ਦੀ ਸੁਣਵਾਈ 6 ਫਰਵਰੀ ਨੂੰ ਕਰੇਗੀ

ਨਵੀਂ ਦਿੱਲੀ, 30 ਜਨਵਰੀ (ਜਨ ਸ਼ਕਤੀ ਨਿਊਜ਼ ਬਿਊਰੋ  ) ਸੁਪਰੀਮ ਕੋਰਟ ਗੁਜਰਾਤ ਦੰਗਿਆਂ 'ਤੇ ਬੀਬੀਸੀ ਦੀ ਡਾਕੂਮੈਂਟਰੀ 'ਤੇ ਪਾਬੰਦੀ ਦੀ ਸੁਣਵਾਈ ਲਈ ਸਹਿਮਤ ਹੋ ਗਿਆ ਹੈ।ਸਰਬ-ਉੱਚ ਅਦਾਲਤ ਇਸ ਮਾਮਲੇ ਦੀ ਸੁਣਵਾਈ 6 ਫਰਵਰੀ ਨੂੰ ਕਰੇਗੀ।ਜ਼ਿਕਰਯੋਗ ਹੈ ਕਿ ਪਟੀਸ਼ਨਕਰਤਾ ਐਮਐਲ ਸ਼ਰਮਾ ਨੇ ਸੋਮਵਾਰ ਨੂੰ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਦੇ ਸਾਹਮਣੇ ਮਾਮਲੇ ਦੀ ਜਲਦੀ ਸੁਣਵਾਈ ਦੀ ਅਪੀਲ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਇਸ ਨੂੰ ਸੂਚੀਬੱਧ ਕਰਨ ਦੇ ਨਿਰਦੇਸ਼ ਦਿੱਤੇ।ਐਡਵੋਕੇਟ ਐਮਐਲ ਸ਼ਰਮਾ ਨੇ ਆਪਣੀ ਜਨਹਿਤ ਪਟੀਸ਼ਨ ਵਿੱਚ ਸੰਵਿਧਾਨਕ ਸਵਾਲ ਉਠਾਇਆ ਹੈ। ਪਟੀਸ਼ਨ ਵਿੱਚ, ਉਸਨੇ ਸੁਪਰੀਮ ਕੋਰਟ ਨੂੰ ਇਹ ਫੈਸਲਾ ਕਰਨ ਦੀ ਅਪੀਲ ਕੀਤੀ ਹੈ ਕਿ ਕੀ ਨਾਗਰਿਕਾਂ ਨੂੰ ਸੰਵਿਧਾਨ ਦੀ ਧਾਰਾ 19 (1) ਅਤੇ (2) ਦੇ ਤਹਿਤ 2002 ਦੇ ਗੁਜਰਾਤ ਦੰਗਿਆਂ ਦੀਆਂ ਖਬਰਾਂ, ਤੱਥਾਂ ਅਤੇ ਰਿਪੋਰਟਾਂ ਨੂੰ ਦੇਖਣ ਦਾ ਅਧਿਕਾਰ ਹੈ ਜਾਂ ਨਹੀਂ ।

ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਵੱਖ ਵੱਖ ਗੁਰਦੁਆਰੇਆਂ ਅੰਦਰ ਚਲੇਗੀ ਦਸਖਤੀ ਮੁਹਿੰਮ- ਮੌਂਟੀ

ਨਵੀਂ ਦਿੱਲੀ 25 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਵੱਖ ਵੱਖ ਗੁਰੂ ਘਰਾਂ ਅੰਦਰ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਦਸਖਤੀ ਮੁਹਿੰਮ ਚਲਾਈ ਜਾਏਗੀ । ਇਸ ਗੱਲ ਦੀ ਜਾਣਕਾਰੀ ਦੇਂਦਿਆਂ ਇੰਦਰਪ੍ਰੀਤ ਸਿੰਘ ਮੌਂਟੀ ਨੇ ਦਸਿਆ ਕਿ ਸਿੱਖ ਪੰਥ ਦੇ ਅਨਮੋਲ ਹੀਰੇ ਜੋ ਕਿ ਬੰਦੀ ਸਿੰਘਾਂ ਦੇ ਨਾਮ ਤੋਂ ਵੀਂ ਜਾਣੇ ਜਾਂਦੇ ਹਨ ਜਿਨ੍ਹਾਂ ਪੰਥ ਦੀ ਆਨ ਬਾਨ ਸ਼ਾਨ ਲਈ ਆਪਣੀ ਜੁਆਨੀ ਜੇਲ੍ਹਾਂ ਅੰਦਰ ਬਤੀਤ ਕਰ ਦਿੱਤੀ ਹੈ, ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਉਨ੍ਹਾਂ ਦੀ ਬਣਦੀ ਸਜ਼ਾ ਤੋਂ ਵੀਂ ਵੱਧ ਸਜ਼ਾ ਭੁਗਤਣ ਉਪਰੰਤ ਵੀਂ ਰਿਹਾਅ ਨਾ ਕੀਤੇ ਜਾਣ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਦੀ ਪਾਲਨਾ ਕਰਦਿਆਂ ਅਸੀਂ ਦਸਖਤੀ ਮੁਹਿੰਮ ਦਿੱਲੀ ਦੇ ਸੁਭਾਸ਼ ਨਗਰ ਇਲਾਕੇ ਤੇ ਵੱਖ ਵੱਖ ਗੁਰੂ ਘਰ ਅੰਦਰ ਸਵੇਰੇ ਅਤੇ ਰਾਤ ਨੂੰ ਸ਼ੁਰੂ ਕਰ ਰਹੇ ਹਾਂ । ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਓਹ ਬੰਦੀ ਸਿੰਘਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਦਸਖਤੀ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਜਿਸ ਨਾਲ ਉਨ੍ਹਾਂ ਦੀ ਅਵਾਜ਼ ਮੌਜੂਦਾ ਸਰਕਾਰਾਂ ਤਕ ਪਹੁੰਚਾਈ ਜਾ ਸਕੇ । ਇੰਦਰਪ੍ਰੀਤ ਸਿੰਘ ਮੌਂਟੀ ਸਰਨਾ ਪਾਰਟੀ ਵਲੋਂ ਦਿੱਲੀ ਕਮੇਟੀ ਦੇ ਨੌਜੁਆਨ ਮੈਂਬਰ ਅਤੇ ਸਮਾਜਿਕ ਕਾਰਕੁਨ ਵੀਂ ਹਨ, ਜੋ ਕਿ ਮਨੁੱਖੀ ਸੇਵਾਵਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ।

ਭਾਜਪਾ ਅਤੇ 'ਆਪ' ਦੇ ਕੌਂਸਲਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ ਕਰਕੇ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਈ ਮੁਲਤਵੀ

ਨਵੀਂ ਦਿੱਲੀ 6 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਅੱਜ ਭਾਜਪਾ ਅਤੇ 'ਆਪ' ਦੇ ਕੌਂਸਲਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ ਅਤੇ ਜ਼ਬਰਦਸਤ ਹੰਗਾਮੇ ਕਾਰਨ ਮੁਲਤਵੀ ਕਰਨੀ ਪਈ। ਹੰਗਾਮੇ ਦੌਰਾਨ ਕੌਂਸਲਰਾਂ ਨੇ ਮਾਈਕ, ਕੁਰਸੀ ਤੇ ਮੇਜ਼ ਵੀ ਤੋੜ ਦਿੱਤੇ। ਮੀਟਿੰਗ ਵਿੱਚ ਹੰਗਾਮੇ ਦੌਰਾਨ ਕੌਂਸਲਰਾਂ ਨੇ ਨਿਗਮ ਸਕੱਤਰ ਤੋਂ ਫਾਈਲ ਵੀ ਖੋਹ ਲਈ ਸੀ । ਮੇਅਰ ਦੀ ਚੋਣ ਵਿੱਚ 250 ਚੁਣੇ ਹੋਏ ਕੌਂਸਲਰਾਂ ਨੇ ਵੋਟ ਪਾਉਣੀ ਸੀ ਤੇ ਇਸ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਸਪੀਕਰ ਦੀ ਸਹਿਮਤੀ 'ਤੇ ਬਣਾਏ ਗਏ ਨਾਮਜ਼ਦ ਲੋਕਾਂ 'ਚ ਦਿੱਲੀ ਦੇ 7 ਲੋਕ ਸਭਾ ਮੈਂਬਰ, 3 ਰਾਜ ਸਭਾ ਮੈਂਬਰ ਅਤੇ 14 ਵਿਧਾਇਕਾ ਨੇ ਵੀ ਵੋਟਿੰਗ 'ਚ ਹਿੱਸਾ ਲੈਣਾ ਸੀ । ਨਗਰ ਨਿਗਮ ਦੇ 250 ਵਾਰਡਾਂ 'ਚ ਹੋਈਆਂ ਚੋਣਾਂ 'ਚ ਅਰਵਿੰਦ ਕੇਜਰੀਵਾਲ ਦੀ 'ਆਪ' ਨੇ 15 ਸਾਲਾਂ ਤੋਂ ਕਾਬਿਜ ਭਾਜਪਾ ਦੇ ਮੈਂਬਰਾਂ ਨੂੰ ਹਰਾ ਕੇ 134 ਵਾਰਡਾਂ 'ਤੇ ਜਿੱਤ ਦਰਜ ਕੀਤੀ ਸੀ ਤੇ ਦੂਜੇ ਪਾਸੇ ਇਸੇ ਚੋਣ ਵਿੱਚ ਭਾਜਪਾ ਨੇ 104 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਸੀ ।

ਭਾਜਪਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਦਿੱਲੀ ਨਗਰ ਨਿਗਮ ਵਿੱਚ ਹੋਣ ਵਾਲੀਆਂ ਮੇਅਰ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ। ਹਾਲਾਂਕਿ, ਬਾਅਦ ਵਿੱਚ ਆਪਣੇ ਪਹਿਲੇ ਐਲਾਨ ਤੋਂ ਯੂ-ਟਰਨ ਲੈਂਦਿਆਂ, ਉਸਨੇ ਚੋਣ ਵਿੱਚ ਸੀਨੀਅਰ ਆਗੂ ਅਤੇ ਸ਼ਾਲੀਮਾਰ ਬਾਗ ਵਾਰਡ ਦੀ ਕੌਂਸਲਰ ਰੇਖਾ ਗੁਪਤਾ ਨੂੰ ਮੇਅਰ ਲਈ ਉਮੀਦਵਾਰ ਖੜ੍ਹਾ ਕੀਤਾ। ਆਮ ਆਦਮੀ ਪਾਰਟੀ ਨੇ ਸ਼ੈਲੀ ਓਬਰਾਏ ਨੂੰ ਮੇਅਰ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਸੀ । ਪ੍ਰੀਜ਼ਾਈਡਿੰਗ ਅਫਸਰ ਸੱਤਿਆ ਸ਼ਰਮਾ ਦੇ ਫੈਸਲੇ ਨੂੰ ਲੈ ਕੇ ਹੰਗਾਮਾ ਹੋ ਗਿਆ। 10 ਨਾਮਜ਼ਦ ਕੌਂਸਲਰਾਂ ਨੂੰ ਪਹਿਲੀ ਵਾਰ ਸਹੁੰ ਚੁਕਾਉਣ ਨੂੰ ਲੈ ਕੇ ਭਾਜਪਾ ਅਤੇ 'ਆਪ' ਵਿਚਾਲੇ ਤਕਰਾਰ ਹੋ ਗਈ। ਹੁਣ ਅਗਲੀ ਮੀਟਿੰਗ ਕਦੋਂ ਹੋਵੇਗੀ ਇਸ ਦਾ ਫੈਸਲਾ ਐੱਲ.ਜੀ. ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਉਪਰੰਤ ਸੋਮਵਾਰ ਨੂੰ ਦੁਬਾਰਾ ਸਦਨ ​​ਦੀ ਬੈਠਕ ਵਿਚ ਹੋ ਸਕਦਾ ਹੈ।

ਸਿੱਖ ਵਿਰੋਧੀ ਦੰਗਿਆਂ ’ਚ ਸਾਬਕਾ ਕੌਂਸਲਰ ਦੀ ਜ਼ਮਾਨਤ ਲਈ ਸੀਬੀਆਈ ਤੋਂ ਜਵਾਬ ਮੰਗਿਆ

ਨਵੀਂ ਦਿੱਲੀ ,03 ਜਨਵਰੀ (ਜਨ ਸ਼ਕਤੀ ਨਿਊਜ਼ ਬਿਊਰੋ )   ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਹਾਸਲ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ ਦੀ ਜ਼ਮਾਨਤ ਪਟੀਸ਼ਨ ’ਤੇ ਮੰਗਲਵਾਰ ਨੂੰ ਸੀਬੀਆਈ ਤੋਂ ਜਵਾਬ ਮੰਗਿਆ ਹੈ। ਖੋਖਰ ਨੇ ਜੇਲ੍ਹ ’ਚ ਕਰੀਬ ਨੌਂ ਸਾਲ ਗੁਜ਼ਾਰਨ ਸਮੇਤ ਵੱਖ-ਵੱਖ ਆਧਾਰਾਂ ’ਤੇ ਜ਼ਮਾਨਤ ਦੀ ਅਪੀਲ ਕੀਤੀ ਹੈ। ਖੋਖਰ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਤੇ ਸਾਬਕਾ ਵਿਧਾਇਕ ਮਹੇਂਦਰ ਯਾਦਵ ਇਸੇ ਮਾਮਲੇ ’ਚ ਉਮਰ ਕੈਦ ਤੇ 10 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ।  ਜਸਟਿਸ ਐੱਸਕੇ ਕੌਲ ਤੇ ਜਸਟਿਸ ਅਭੈ ਐੱਸ ਓਕਾ ਦੇ ਬੈਂਚ ਨੇ ਇਸ ਦਲੀਲ ’ਤੇ ਗ਼ੌਰ ਕੀਤੀ ਕਿ ਖੋਖਰ 50 ਫ਼ੀਸਦੀ ਦਿਵਿਆਂਗ ਹੋਣ ਤੋਂ ਇਲਾਵਾ ਮਾਮਲੇ ’ਚ ਹੁਣ ਤੱਕ ਅੱਠ ਸਾਲ ਤੇ 10 ਮਹੀਨੇ ਦੀ ਜੇਲ੍ਹ ਦੀ ਸਜ਼ਾ ਕੱਟ ਚੁੱਕਿਆ ਹੈ। ਬੈਂਚ ਨੇ ਇਸ ਸਬੰਧੀ ਸੀਬੀਆਈ ਨੂੰ ਨੋਟਿਸ ਜਾਰੀ ਕਰਨ ਤੇ ਚਾਰ ਹਫ਼ਤਿਆਂ ਬਾਅਦ ਆਪਣਾ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਮਈ 2020 ’ਚ ਸਿਖਰਲੀ ਅਦਾਲਤ ਨੇ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ ਸਿਹਤ ਦੇ ਆਧਾਰ ’ਤੇ ਅੰਤ੍ਰਿਮ ਜ਼ਮਾਨਤ ਜਾਂ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੱਜਣ ਕੁਮਾਰ ਤੇ ਬਲਵਾਨ ਖੋਖਰ ਦਿੱਲੀ ਹਾਈ ਕੋਰਟ ਵੱਲੋਂ 17 ਦਸੰਬਰ, 2018 ਨੂੰ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤਿਹਾੜ ਜੇਲ੍ਹ ’ਚ ਬੰਦ ਹਨ।ਖੋਖਰ ਦੀ ਉਮਰ ਕੈਦ ਦੀ ਸਜ਼ਾ ਨੂੰ ਦਿੱਲੀ ਹਾਈ ਕੋਰਟ ਨੇ 2018 ’ਚ ਕਾਇਮ ਰੱਖਿਆ ਸੀ, ਜਦਕਿ ਉਸ ਨੇ ਕੁਮਾਰ ਨੂੰ 2013 ’ਚ ਹੇਠਲੀ ਅਦਾਲਤ ਵੱਲੋਂ ਦੱਖਣ-ਪੱਛਮ ਦਿੱਲੀ ’ਚ ਪਾਲਮ ਕਾਲੋਨੀ ’ਚ 1-2 ਨਵੰਬਰ, 1084 ਨੂੰ ਰਾਜ ਨਗਰ ਪਾਰਟ-1 ’ਚ ਪੰਜ ਸਿੱਖਾਂ ਦੀ ਹੱਤਿਆ ਤੇ ਰਾਜ ਨਗਰ ਪਾਰਟ-2 ’ਚ ਇਕ ਗੁਰਦੁਆਰੇ ਨੂੰ ਅੱਗ ਲਗਾਉਣ ਨਾਲ ਸਬੰਧਤ ਮਾਮਲੇ ’ਚ ਬਰੀ ਕਰਨ ਦੇ ਫ਼ੈਸਲੇ ਨੂੰ ਪਲਟ ਦਿੱਤਾ ਸੀ। ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਦੋ ਸਿੱਖ ਸੁਰੱਖਿਆ ਮੁਲਾਜ਼ਮਾਂ ਵੱਲੋਂ 31 ਅਕਤੂਬਰ, 1984 ਨੂੰ ਹੱਤਿਆ ਤੋਂ ਬਾਅਦ ਸਿੱਖ ਵਿਰੋਧੀ ਦੰਗੇ ਭੜਕ ਉੱਠੇ ਸਨ।ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਸੇਵਾ ਮੁਕਤ ਨੇਵੀ ਅਧਿਕਾਰੀ ਕੈਪਟਨ ਭਾਗਮਲ, ਗਿਰਧਾਰੀ ਲਾਲ ਤੇ ਸਾਬਕਾ ਵਿਧਾਇਕ ਮਹੇਂਦਰ ਯਾਦਵ ਤੇ ਕਿਸ਼ਨ ਖੋਖਰ ਦੀ ਦੋਸ਼ ਸਿੱਧੀ ਤੇ ਵੱਖ-ਵੱਖ ਸਜ਼ਾਵਾਂ ਵੀ ਕਾਇਮ ਰੱਖੀਆਂ ਸਨ। ਅਦਾਲਤ ਨੇ ਉਨ੍ਹਾਂ ਨੂੰ ਦੰਗਿਆਂ ਦੌਰਾਨ ਇਲਾਕੇ ’ਚ ਸਿੱਖ ਪਰਿਵਾਰਾਂ ਦੇ ਘਰਾਂ ਤੇ ਇਕ ਗੁਰਦੁਆਰੇ ਨੂੰ ਸਾੜਨ ਦੀ ਅਪਰਾਧਿਕ ਸਾਜ਼ਿਸ਼ ਦਾ ਵੀ ਦੋਸ਼ੀ ਠਹਿਰਾਇਆ ਸੀ। ਹੇਠਲੀ ਅਦਾਲਤ ਨੇ 2013 ’ਚ ਬਲਵਾਨ ਖੋਖਰ, ਭਾਗਮਲ ਤੇ ਲਾਲ ਨੂੰ ਉਮਰ ਕੈਦ ਤੇ ਯਾਦਵ ਤੇ ਕਿਸ਼ਨ ਖੋਖਰ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।