ਨਵੀਂ ਦਿੱਲੀ, 5 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰਿਸ਼ਨਾ ਪਾਰਕ ਐਕਸਟੈਂਸ਼ਨ ਵਿਖੇ ਭਾਈ ਘਨੱਈਆ ਜੀ ਚੈਰੀਟੇਬਲ ਮੈਡੀਕਲ ਸੈਂਟਰ ਦਾ ਉਦਘਾਟਨ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਭਾਈ ਮਨੋਹਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੀਸਗੰਜ ਸਾਹਿਬ ਨੇ ਕੀਤਾ । ਇਸ ਮੌਕੇ ਗਿਆਨੀ ਹਰਨਾਮ ਸਿੰਘ ਜੀ ਅਤੇ ਗਿਆਨੀ ਜੋਗਿੰਦਰ ਸਿੰਘ ਜੀ ਨੇ ਗੁਰੂ ਸਾਹਿਬ ਦੇ ਉਪਦੇਸ਼ ਤੇ ਸੰਦੇਸ਼ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਮੈਡੀਕਲ ਸੈਂਟਰ ਡੇਢ ਦੋ ਸਾਲ ਪਹਿਲਾਂ ਹੀ ਖੁੱਲ੍ਹ ਜਾਣਾ ਸੀ ਪਰ ਕੋਰੋਨਾ ਕਾਲ ਕਾਰਨ ਇਹ ਪ੍ਰੋਗਰਾਮ ਪਛੜ ਗਿਆ ਤੇ ਅੱਜ ਮੈਡੀਕਲ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸੈਂਟਰ ਵਿਚ ਆਲਾ ਮਿਆਰੀ ਡਾਕਟਰ ਲੋਕਾਂ ਦਾ ਇਲਾਜ ਕਰਨਗੇ ਅਤੇ ਹਰ ਤਰ੍ਹਾਂ ਦੇ ਟੈਸਟਾਂ ਕਰਨ ਦਾ ਵੀ ਇਥੇ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਇਸਦੇ ਨਾਲ ਐਮ ਆਰ ਆਈ ਤੇ ਸੀ ਟੀ ਸਕੈਨ ਵਰਗੇ ਟੈਸਟ ਗੁਰਦੁਆਰਾ ਬੰਗਲਾ ਸਾਹਿਬ ਵਿਚ ਪਹਿਲਾਂ ਹੀ 50 ਰੁਪਏ ਵਿਚ ਉਪਲਬਧ ਹਨ ਜੋ ਉਥੇ ਕਰਵਾਏ ਜਾ ਸਕਣਗੇ।
ਉਹਨਾਂ ਇਹ ਵੀ ਦੱਸਿਆ ਕਿ ਇਸ ਮੈਡੀਕਲ ਸੈਂਟਰ ਵਿਚ ਦੰਦਾਂ ਦੇ ਇਲਾਜ ਵਾਸਤੇ ਆਧੁਨਿਕ ਸਹੂਲਤਾਂ ਹਨ, ਆਧੁਨਿਕ ਫਿਜ਼ੀਓਥੈਰੇਪੀ ਮਸ਼ੀਨਾਂ ਲਗਾ ਕੇ ਫਿਜ਼ੀਓਥੈਰੇਪੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਅੱਖਾਂ ਦੇ, ਨੱਕ ਗਲਾ ਕੰਨ, ਮੈਡੀਸਿਨ ਆਦਿ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਉਪਲਬਧ ਹੋਣਗੇ ਜੋ ਲੋਕਾਂ ਦੇ ਇਲਾਜ ਵਿਚ ਸਹਾਈ ਹੋਣਗੇ।
ਉਹਨਾਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ’ਤੇ ਪੁਰਾਣੀ ਡਿਸਪੈਂਸਰੀ ਦੀ ਬਿਲਡਿੰਗ ਤੋੜ ਕੇ 5 ਮੰਜ਼ਿਲਾ ਇਮਾਰਤ ਤਿਆਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੈਡੀਕਲ ਸੈਂਟਰ ਦਾ ਨਾਂ ਭਾਈ ਘਨੱਈਆ ਜੀ ਦੇ ਨਾਂ ’ਤੇ ਇਸ ਕਰ ਕੇ ਰੱਖਿਆ ਹੈ ਕਿਉਂਕਿ ਉਹਨਾਂ ਮਨੁੱਖਤਾ ਦੀ ਸੇਵਾ ਕਰਦਿਆਂ ਇਹ ਨਹੀਂ ਵੇਖਿਆ ਕਿ ਕੌਣ ਆਪਣਾ ਹੈ ਤੇ ਕੌਣ ਬੇਗਾਨਾ ਹੈ ਤੇ ਉਹਨਾਂ ਸਭ ਦੀਸੇਵਾ ਕੀਤੀ । ਉਹਨਾਂ ਕਿਹਾ ਕਿ ਇਸ ਅਸਥਾਨ ’ਤੇ ਵੀ ਮਨੁੱਖਤਾ ਦੀ ਸੇਵਾ ਹੋਣੀ ਹੈ, ਇਸੇ ਲਈ ਇਸ ਅਸਥਾਨ ਦਾ ਨਾਂ ਵੀ ਭਾਈ ਘਨੱਈਆ ਜੀ ਦੇ ਨਾਂ ’ਤੇ ਰੱਖਿਆ ਗਿਆ ਹੈ।
ਇਸ ਮੌਕੇ ਪ੍ਰੋਗਰਾਮ ਵਿਚ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਤੋਂ ਵਰੋਸਾਏ ਮਹਾਂਪੁਰਖ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਗਿਆਨੀ ਹਰਨਾਮ ਸਿੰਘ, ਗਿਆਨੀ ਜੋਗਿੰਦਰ ਸਿੰਘ, ਹਜ਼ੂਰੀ ਰਾਗੀ ਗੁਰਦੁਆਰਾ ਸੀਸਗੰਜ ਸਾਹਿਬ ਭਾਈ ਸਤਿੰਦਰ ਸਿੰਘ ਸਰਤਾਜ ਸਮੇਤ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਹਾਜ਼ਰ ਸਨ।