You are here

ਭਾਰਤ

ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਬੀਬੀ ਨਰਿੰਦਰ ਕੌਰ ਦੀ ਸਿਹਤਯਾਬੀ ਵਾਸਤੇ ਕੀਤੀ ਅਰਦਾ

ਦਿੱਲੀ ਸਾਲਾਨਾ ਸਮਾਗਮ 18 ਤੋਂ 24 ਅਕਤੂਬਰ ਤਕ ਹੋਣਗੇ 

ਨਵੀਂ ਦਿੱਲੀ 15 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਇਤਿਹਾਸਿਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖ਼ੇ ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਹਫ਼ਤਾਵਾਰੀ ਸਮਾਗਮ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਬੀਬੀ ਨਰਿੰਦਰ ਕੌਰ ਦੀ ਸਿਹਤਯਾਬੀ, ਬੰਦੀ ਸਿੰਘਾਂ ਦੀ ਬੰਦਖਲਾਸੀ ਅਤੇ ਚੜ੍ਹਦੀਕਲਾ ਲਈ ਉਚੇਚੇ ਤੌਰ ਤੇ ਅਰਦਾਸ ਕੀਤੀ ਗਈ । ਜ਼ਿਕਰਯੋਗ ਹੈ ਕਿ ਮਾਤਾ ਨਰਿੰਦਰ ਕੌਰ ਬੀਤੇ ਕੁਝ ਸਮੇਂ ਤੋਂ ਸਿਹਤ ਪੱਖੋਂ ਢਿਲੇ ਚਲ ਰਹੇ ਹਨ ਤੇ ਉਨ੍ਹਾਂ ਨੂੰ ਅਸਪਤਾਲ ਵਿਚ ਵੀਂ ਇਲਾਜ ਕਰਵਾਉਣਾ ਪਿਆ ਸੀ । ਸਮਾਗਮ ਵਿਚ ਭਾਈ ਜਸਪ੍ਰੀਤ ਸਿੰਘ ਬਠਿੰਡਾ, ਭਾਈ ਜਸਵਿੰਦਰ ਸਿੰਘ, ਬੀਬੀ ਕ੍ਰਿਪਾ ਕੌਰ ਅਤੇ ਹੋਰ ਕਈ ਕੀਰਤਨੀ ਸਿੰਘ ਸਿੰਘਣੀਆਂ ਨੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਅਰਦਾਸ ਉਪਰੰਤ ਕੜਾਹ ਪ੍ਰਸਾਦਿ ਦੀ ਦੇਗ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ ਸੀ । ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਦਿੱਲੀ ਅਖੰਡ ਕੀਰਤਨੀ ਜੱਥੇ ਦਾ ਸਾਲਾਨਾ ਸਮਾਗਮ ਜੋ ਕਿ ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਵਿਖ਼ੇ ਹੁੰਦਾ ਹੈ ਓਹ 18 ਅਕਤੂਬਰ ਤੋਂ 24 ਅਕਤੂਬਰ ਤਕ ਹੋਏਗਾ, 23 ਅਕਤੂਬਰ ਨੂੰ ਰੈਣ ਸਬਾਈ ਕੀਰਤਨੀ ਅਖਾੜੇ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖ਼ੇ ਹੋਣਗੇ ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਗੁਰੂ ਤੇਗ ਬਹਾਦਰ ਸਕੂਲ ਦੇਵ ਨਗਰ ਵਿਖ਼ੇ ਹੋਵੇਗੀ ।

ਗਿਆਰਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ 'ਚ ਮੋਤੀ ਨਗਰ ਦੇ 8 ਬੱਚੇਆਂ ਨੇ ਜਿੱਤੇ ਮੈਡਲ 

ਨਵੀਂ ਦਿੱਲੀ 15 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਤਾਲਕਟੋਰਾ ਸਟੇਡੀਅਮ ਦਿੱਲੀ ਵਿਖੇ ਬੀਤੇ ਦਿਨੀਂ ਕਰਵਾਈ ਗਈ ਗਿਆਰਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ 'ਚ ਮੋਤੀ ਨਗਰ ਦੇ 8 ਬੱਚੇ ਮੈਡਲ ਜਿੱਤਣ ਵਿਚ ਕਾਮਯਾਬ ਰਹੇ ਹਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵੱਲੋਂ ਚਲਾਏ ਜਾਂਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਖਾੜੇ ਦੇ ਉਸਤਾਦ ਜਗਪ੍ਰੀਤ ਸਿੰਘ ਦੀਆਂ ਅਨਥਕ ਕੋਸ਼ਿਸ਼ਾਂ ਨੂੰ ਇਨ੍ਹਾਂ ਬੱਚਿਆਂ ਨੇ 1 ਚਾਂਦੀ ਅਤੇ 7 ਕਾਂਸ਼ੀ ਦੇ ਮੈਡਲ ਜਿੱਤ ਕੇ ਸਾਰਥਕ ਸਾਬਤ ਕਰ ਦਿੱਤਾ ਹੈ। ਇਸ ਵਿਚ ਵਧੀਆ ਗੱਲ ਇਹ ਹੈ ਕਿ 8 ਬੱਚਿਆਂ ਵਿਚ 3 ਕੁੜੀਆਂ ਵੀ ਸ਼ਾਮਲ ਹਨ। ਨੈਸ਼ਨਲ ਲੈਵਲ ਉਤੇ ਖੇਡਣ ਗਏ ਆਪਣੇ 9 ਬੱਚਿਆਂ ਵਿਚੋਂ 8 ਬੱਚਿਆਂ ਵੱਲੋਂ ਤਮਗੇ ਜਿੱਤਣ ਉਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਦੇ ਪ੍ਰਧਾਨ ਰਵਿੰਦਰ ਸਿੰਘ ਬਿੱਟੂ ਅਤੇ ਜਨਰਲ ਸਕੱਤਰ ਰਾਜਾ ਸਿੰਘ ਨੇ ਖੁਸ਼ੀ ਪ੍ਰਗਟਾਈ ਹੈਂ।
ਦੋਵੇਂ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਤੋਂ ਹੋਰ ਬੱਚੇ ਵੀ ਅੱਗੇ ਪ੍ਰੇਰਨਾ ਲੈਣਗੇ। ਕਿਉਂਕਿ ਦਿੱਲੀ ਲੈਵਲ ਦੀਆਂ ਟੀਮਾਂ ਵਿਚਾਲੇ ਕੜੇ ਮੁਕਾਬਲੇ ਤੋਂ ਬਾਅਦ ਮੋਤੀ ਨਗਰ ਦੇ 9 ਬੱਚੇ ਨੈਸ਼ਨਲ ਲੈਵਲ ਉਤੇ ਖੇਡਣ ਲਈ ਚੁਣੇ ਗਏ ਸਨ। ਇਨ੍ਹਾਂ ਬੱਚਿਆਂ ਦੀ ਹੁਨਰ ਤਰਾਸੀ ਕਰਨ ਵਾਲੇ ਉਸਤਾਦ ਜਗਪ੍ਰੀਤ ਸਿੰਘ ਦੀ ਲਗਨ ਅਤੇ ਮਿਹਨਤ ਸਦਕਾ ਇਹ ਬੱਚੇ ਕਾਮਯਾਬ ਹੋਏ ਹਨ। ਹੁਣ ਸਾਡਾ ਅਗਲਾ ਨਿਸ਼ਾਨਾ ਓਲੰਪਿਕ ਖੇਡਾਂ ਵਿਚ ਗੱਤਕੇ ਦੀ ਸ਼ਮੂਲੀਅਤ ਤੋਂ ਬਾਅਦ ਮੋਤੀ ਨਗਰ ਦੇ ਬੱਚਿਆਂ ਵੱਲੋਂ ਉਥੇ ਤਮਗੇ ਜਿੱਤਣ ਉਤੇ ਲਗਿਆ ਹੋਇਆ ਹੈਂ। ਇਸੇ ਕਰਕੇ ਹਰ ਪ੍ਰਕਾਰ ਦੀ ਸਹੂਲਤਾਂ ਬੱਚਿਆਂ ਨੂੰ ਉਪਲੱਬਧ ਕਰਵਾਉਣ ਪ੍ਰਤੀ ਅਸੀਂ ਵਚਨਬੱਧ ਹਾਂ, ਤਾਂਕਿ ਮੋਤੀ ਨਗਰ ਦਾ ਨਾਮ ਗੱਤਕੇ ਦੀ ਨਰਸਰੀ ਵਜੋਂ ਚਮਕ ਸਕੇਂ।

51 ਮਸ਼ਹੂਰ ਹਸਤੀਆਂ ਨੂੰ ਐਨਏਡੀ ਦਿੱਲੀ ਰਤਨ ਐਵਾਰਡ ਨਾਲ  ਕੀਤਾ ਗਿਆ ਸਨਮਾਨਿਤ

ਨਵੀਂ ਦਿੱਲੀ 9 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਡਾਕਟਰਾਂ, ਸਮਾਜ ਸੇਵਕਾਂ, ਕਲਾਕਾਰਾਂ, ਗਾਇਕਾਂ ਅਤੇ ਵਕੀਲਾਂ ਨੂੰ ਐਨਏਡੀ ਦਿੱਲੀ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।
ਨੈਸ਼ਨਲ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਕੁਲਦੀਪ ਸਿੰਘ ਮਰਵਾਹ ਦੀ ਤਰਫੋਂ ਪੱਛਮੀ ਦਿੱਲੀ ਵਿਖੇ ਗ੍ਰੈਂਡ ਐਂਪਾਇਰ ਬੈਂਕਵੇਟ ਵਿਖੇ ਐਨ.ਏ.ਡੀ ਦਿੱਲੀ ਰਤਨ ਐਵਾਰਡ 2023 ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ, ਡਾ.ਆਰ.ਐਨ ਕਾਲੜਾ ਸੀ.ਈ.ਓ ਅਤੇ ਮੈਡੀਕਲ ਡਾਇਰੈਕਟਰ ਕਾਲੜਾ ਹਸਪਤਾਲ ਸਨ। ਓਬੀਸੀ ਕਮਿਸ਼ਨ ਦਿੱਲੀ ਸਰਕਾਰ ਅਤੇ ਰਾਸ਼ਟਰੀ ਪ੍ਰਧਾਨ ਓਬੀਸੀ ਐਸਸੀ/ਐਸਟੀ ਅਤੇ ਘੱਟ ਗਿਣਤੀਆਂ, ਚੇਅਰਮੈਨ ਜਗਦੀਸ਼ ਯਾਦਵ, ਜੀਕੇ ਭਾਰਤੀ ਐਡਵੋਕੇਟ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਅਤੇ ਦਿੱਲੀ ਹਾਈ ਕੋਰਟ ਡਾ. ਅਚਾਰੀਆ ਜੀਤੂ ਸਿੰਘ ਵੈਦਿਕ ਜੋਤਿਸ਼ ਮਹਿਮਾਨ ਭਾਵਨਾ ਧਵਨ, ਸਤਪਾਲ ਸਿੰਘ ਮੰਗਾ, ਡਾ. ਬੀਨਾ ਗਰੋਵਰ, ਬਿੰਦੀਆ ਮਲਹੋਤਰਾ, ਰਾਜੇਸ਼ ਚੌਹਾਨ, ਜੈ ਸਿੰਘ ਕਟਾਰੀਆ, ਵਿਕਰਾਂਤ ਮੋਹਨ ਸਮੇਤ ਕਈ ਲੋਕ ਮੌਜੂਦ ਸਨ।  ਪ੍ਰੋਗਰਾਮ ਦਾ ਸੰਚਾਲਨ ਜੋਤੀ ਆਹੂਜਾ, ਮੇਨਕਾ ਤੁਸ਼ਾਮਦ ਅਤੇ ਸਲੋਨੀ ਬੇਖੁਦੀ ਨੇ ਕੀਤਾ ਅਤੇ ਸੁਰੇਖਾ ਰੌਬਿਨ ਅਤੇ ਰੋਹਨ ਨੇ ਗੀਤ ਗਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਕੁਲਦੀਪ ਸਿੰਘ ਮਰਵਾਹਾ ਨੇ ਦੱਸਿਆ ਕਿ ਅੱਜ 51 ਸ਼ਖਸੀਅਤਾਂ ਨੂੰ ਐਨਏਡੀ ਦਿੱਲੀ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਸ ਵਿੱਚ ਮੁੱਖ ਤੌਰ ’ਤੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਡਾਕਟਰ, ਸਮਾਜ ਸੇਵਕ, ਕਲਾਕਾਰ, ਗਾਇਕ ਅਤੇ ਵਕੀਲ ਹਨ ।
ਪੰਮਾ ਨੇ ਕਿਹਾ ਕਿ ਨੈਸ਼ਨਲ ਅਕਾਲੀ ਦਲ ਦਾ ਉਦੇਸ਼ ਰਾਜਨੀਤੀ ਨਹੀਂ, ਸਮਾਜ ਨੂੰ ਇਕਜੁੱਟ ਕਰਨਾ ਹੈ।ਧਰਮ-ਪ੍ਰਦਰਸ਼ਨ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਦੇ ਨਾਲ-ਨਾਲ ਉਹ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕਰਦੇ ਹਨ। ਇਸ ਮੌਕੇ ਡਾ: ਕੋਲੜਾ ਨੇ ਕਿਹਾ ਕਿ ਪਰਮਜੀਤ ਸਿੰਘ ਪੰਮਾ ਹਮੇਸ਼ਾ ਲੋਕਾਂ ਦੀ ਮਦਦ ਲਈ ਤਨਦੇਹੀ ਨਾਲ ਕੰਮ ਕਰਦੇ ਹਨ, ਜੋ ਕਿ ਸ਼ਲਾਘਾਯੋਗ ਕਦਮ ਹੈ । ਇਸ ਮੌਕੇ ਜਗਦੀਸ਼ ਯਾਦਵ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਰਮਜੀਤ ਸਿੰਘ ਪੰਮਾ ਨੂੰ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਦੇਖਦੇ ਆ ਰਹੇ ਹਨ, ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ।

ਕੇਂਦਰ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਪੰਜਾਬ ਦੇ ਕਿਸੇ ਜੇਲ੍ਹ ਵਿੱਚ ਕਰੇ ਤਬਦੀਲ-ਸਰਨਾ

ਸੰਵਿਧਾਨ ਦੇ ਆਰਟੀਕਲ 22 ਦੀ ਉਲੰਘਣਾ ਨਾਲ ਪੰਜਾਬ ਸਰਕਾਰ ਇਹਨਾਂ ਦੇ ਅਧਿਕਾਰਾਂ ਨੂੰ ਰਹੀ ਹੈ ਕੁਚਲ 

ਨਵੀਂ ਦਿੱਲੀ 4 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਹਰੇਕ ਨਾਗਰਿਕ ਮੌਲਿਕ ਹੱਕਾਂ ਨੂੰ ਸੁਰੱਖਿਅਤ ਰੱਖਿਆ ਗਿਆ । ਜਦੋੰ ਤੱਕ ਕਿਸੇ ਵੀ ਵਿਅਕਤੀ ਤੇ ਅਦਾਲਤ ਵਿੱਚ ਦੋਸ਼ ਸਾਬਤ ਨਹੀਂ ਹੋ ਜਾਂਦਾ । ਉਦੋਂ ਤੱਕ ਉਸ ਵਿਅਕਤੀ ਨੂੰ ਨਾ ਤੇ ਦੋਸ਼ੀ ਐਲਾਨਿਆ ਜਾ ਸਕਦਾ ਹੈ ਤੇ ਨਾ ਸਮਝਿਆ ਜਾਣਾ ਚਾਹੀਦਾ ਹੈ । ਇਸ ਤਰ੍ਹਾਂ ਹੀ ਸਾਡੇ ਸੰਵਿਧਾਨ ਦੇ ਆਰਟੀਕਲ 22 ਰਾਹੀਂ ਕਿਸੇ ਵੀ ਬੰਦੀ ਨੂੰ ਆਪਣੇ ਵਕੀਲ ਨੂੰ ਮਿਲਣ ਤੇ ਸਲਾਹ ਮਸ਼ਵਰਾ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ । 
ਪਰ ਸਿੱਖ ਨੌਜਵਾਨ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਇਹਨਾਂ ਅਧਿਕਾਰਾਂ ਨੂੰ ਪੰਜਾਬ ਸਰਕਾਰ ਕੁਚਲ ਰਹੀ ਹੈ । ਜੋ ਕਿ ਬੇਹੱਦ ਮੰਦਭਾਗਾ ਹੈ । ਜਿਵੇਂ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੇ ਚਿੱਠੀ ਰਾਹੀਂ ਇਹ ਦੋਸ਼ ਲਗਾਏ ਹਨ ਕਿ ਪੰਜਾਬ ਸਰਕਾਰ ਦੇ ਦਖਲ ਕਾਰਨ ਉਹਨਾਂ ਨੂੰ ਵਕੀਲਾਂ ਨਾਲ ਮਿਲਣ ਨਹੀ ਦਿੱਤਾ ਜਾ ਰਿਹਾ । ਇਹ ਸਿੱਧੇ ਤੇ ਸਪੱਸ਼ਟ ਰੂਪ ਵਿੱਚ ਸੰਵਿਧਾਨ ਦੀ ਉਲੰਘਣਾ ਹੈ । ਜੋ ਪੰਜਾਬ ਸਰਕਾਰ ਆਪਣੇ ਨਿੱਜੀ ਰੰਜਿਸ਼ ਤਹਿਤ ਕਰ ਰਹੀ ਹੈ । 
ਕਿਸੇ ਵੀ ਵਿਅਕਤੀ ਦੀ ਕੋਈ ਵੀ ਵਿਚਾਰਧਾਰਾ ਹੋ ਸਕਦੀ ਹੈ । ਸਾਡਾ ਸੰਵਿਧਾਨ ਹਰ ਕਿਸੇ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ । ਕਿਸੇ ਦੇ ਵੱਖਰੇ ਸਿਆਸੀ ਵਿਚਾਰਾਂ ਕਰਕੇ ਉਸਨੂੰ ਨਿਸ਼ਾਨਾ ਬਣਾਉਣਾ ਬੇਇਨਸਾਫ਼ੀ ਤੇ ਹੈ ਹੀ ਸੰਵਿਧਾਨ ਦੀ ਮੂਲ ਭਾਵਨਾ ਦੇ ਵੀ ਉਲਟ ਹੈ । ਇਹ ਨਿੱਜੀ ਰੰਜਿਸ਼ ਹੀ ਕਹੀ ਜਾ ਸਕਦੀ ਹੈ ਕਿ ਉਹਨਾਂ ਸਾਰੇ ਸਿੱਖ ਨੌਜਵਾਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲਈ ਸਰਕਾਰ ਨੂੰ ਪੰਜਾਬ ਤੋਂ ਬੇਹੱਦ ਦੂਰ ਜੇਲ੍ਹ ਵਿੱਚ ਰੱਖਿਆ ਹੋਇਆ ਹੈ ਤੇ ਹੁਣ ਵਕੀਲਾਂ ਨੂੰ ਵੀ ਮਿਲਣ ਨਹੀ ਦਿੱਤਾ ਜਾ ਰਿਹਾ ਤਾਂ ਜੋ ਉਹ ਆਪਣੇ ਤੇ ਲਗਾਏ ਗਏ ਦੋਸ਼ਾਂ ਦੀ ਸਹੀ ਪੈਰਵੀ ਕਰ ਸਕਣ । ਇਹ ਧੱਕੇਸ਼ਾਹੀ ਬੰਦ ਹੋਣੀ ਚਾਹੀਦੀ ਹੈ । 
ਕੇੰਦਰ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਉਹ ਇਸ ਧੱਕੇਸ਼ਾਹੀ ਵਾਲੀ ਗੌਰ ਕਰਦਿਆਂ ਬਿਨਾ ਕਿਸੇ ਦੇਰੀ ਦੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਪੰਜਾਬ ਦੇ ਕਿਸੇ ਜੇਲ੍ਹ ਵਿੱਚ ਤਬਦੀਲ ਕਰੇ ਅਤੇ ਉਹਨਾਂ ਸਾਰੇ ਨੌਜਵਾਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨਾਲ ਨਿਯਮਾਂ ਅਨੁਸਾਰ ਮੁਲਾਕਾਤ ਯਕੀਨੀ ਬਣਾਵੇ ਤਾਂ ਜੋ ਆਪਣੇ ਆਪਣੇ ਕੇਸਾਂ ਦੀ ਸਹੀ ਰੂਪ ਵਿੱਚ ਪੈਰਵੀ ਕਰ ਸਕਣ । ਜਿੱਥੇ ਇਹ ਇਨਸਾਫ਼ ਲਈ ਵੀ ਜ਼ਰੂਰੀ ਹੈ । ਉੱਥੇ ਹੀ ਇਹ ਸਾਡੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਜਿਉੰਦੇ ਰੱਖਣ ਲਈ ਵੀ ਅਤਿ ਜ਼ਰੂਰੀ ਹੈ ।

ਦਿੱਲੀ ਸ਼ਰਾਬ ਘੁਟਾਲੇ 'ਚ ਈ ਡੀ ਨੇ ਆਪ ਨੇਤਾ ਸੰਜੇ ਸਿੰਘ ਨੂੰ ਕੀਤਾ ਗ੍ਰਿਫਤਾਰ, ਘਰ ਦੀ ਤਲਾਸ਼ੀ ਲਈ ਗਈ

ਨਵੀਂ ਦਿੱਲੀ 4 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸ਼ਰਾਬ ਨੀਤੀ ਮਾਮਲੇ ਨੂੰ ਲੈ ਕੇ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਟੀਮ ਨੇ ਬੁੱਧਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਦੇਰ ਸ਼ਾਮ ਪੁੱਛਗਿੱਛ ਤੋਂ ਬਾਅਦ ਸੰਜੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ ਈਡੀ ਨੇ ਪਹਿਲਾਂ ਸੰਜੇ ਸਿੰਘ ਦੇ ਕਰੀਬੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਸੀ। ਮੰਨਿਆ ਜਾ ਰਿਹਾ ਹੈ ਕਿ ਈਡੀ ਵੀਰਵਾਰ ਨੂੰ ਸੰਜੇ ਸਿੰਘ ਨੂੰ ਅਦਾਲਤ 'ਚ ਪੇਸ਼ ਕਰੇਗੀ। ਕਰੀਬ 10 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਈਡੀ ਨੇ ਇਹ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਵੀ ਇਸੇ ਮਾਮਲੇ ਵਿੱਚ ਸੰਸਦ ਮੈਂਬਰ ਦੇ ਕਰੀਬੀ ਹੋਰ ਕਈ ਲੋਕਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਸੀ।
ਸੰਜੇ ਸਿੰਘ ਦਾ ਨਾਮ ਸ਼ਰਾਬ ਨੀਤੀ ਮਾਮਲੇ ਵਿੱਚ ਦਾਇਰ ਚਾਰਜਸ਼ੀਟ ਵਿੱਚ ਹੈ। ਈਡੀ ਦੀ ਚਾਰਜਸ਼ੀਟ ਮੁਤਾਬਕ ਦਿੱਲੀ ਦੇ ਕਾਰੋਬਾਰੀ ਦਿਨੇਸ਼ ਅਰੋੜਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਸੰਜੇ ਸਿੰਘ ਦੀ ਮੌਜੂਦਗੀ 'ਚ ਮੁਲਾਕਾਤ ਕੀਤੀ ਸੀ। ਦਿਨੇਸ਼ ਅਰੋੜਾ ਸ਼ਰਾਬ ਘੁਟਾਲੇ ਦਾ ਮੁਲਜ਼ਮ ਹੈ।
ਈਡੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਅਰੋੜਾ ਨੇ ਕਿਹਾ ਹੈ ਕਿ ਉਹ ਇੱਕ ਪ੍ਰੋਗਰਾਮ ਵਿੱਚ ਸੰਜੇ ਸਿੰਘ ਨੂੰ ਮਿਲੇ ਸਨ। ਇਸ ਤੋਂ ਬਾਅਦ ਉਹ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸੰਪਰਕ ਵਿੱਚ ਆਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਚੋਣਾਂ ਤੋਂ ਪਹਿਲਾਂ ਫੰਡ ਇਕੱਠਾ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ।
ਚਾਰਜਸ਼ੀਟ ਮੁਤਾਬਕ ਦਿਨੇਸ਼ ਅਰੋੜਾ ਨੇ ਪਹਿਲਾਂ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਹ ਆਪਣੇ ਰੈਸਟੋਰੈਂਟ ਅਨਪਲੱਗਡ ਕੋਰਟਯਾਰਡ ਵਿੱਚ ਇੱਕ ਪਾਰਟੀ ਦੌਰਾਨ ਮਨੀਸ਼ ਸਿਸੋਦੀਆ ਦੇ ਸੰਪਰਕ ਵਿੱਚ ਆਇਆ। ਸੰਜੇ ਸਿੰਘ ਦੇ ਕਹਿਣ 'ਤੇ ਦਿਨੇਸ਼ ਨੇ ਕਈ ਹੋਰ ਰੈਸਟੋਰੈਂਟ ਮਾਲਕਾਂ ਨਾਲ ਗੱਲ ਕੀਤੀ ਅਤੇ 32 ਲੱਖ ਰੁਪਏ ਦੇ ਚੈੱਕ ਦਾ ਇੰਤਜ਼ਾਮ ਕੀਤਾ। ਉਨ੍ਹਾਂ ਨੇ ਇਹ ਚੈੱਕ ਮਨੀਸ਼ ਸਿਸੋਦੀਆ ਨੂੰ ਦਿੱਤਾ। ਇਹ ਪੈਸਾ ਆਉਣ ਵਾਲੀਆਂ ਦਿੱਲੀ ਚੋਣਾਂ ਲਈ ਪਾਰਟੀ ਫੰਡ ਵਜੋਂ ਜਮ੍ਹਾਂ ਕਰਵਾਇਆ ਗਿਆ ਸੀ।
ਈਡੀ ਨੇ ਦੋਸ਼ ਲਗਾਇਆ ਹੈ ਕਿ ਸੰਜੇ ਸਿੰਘ ਨੇ ਸ਼ਰਾਬ ਵਿਭਾਗ ਨਾਲ ਜੁੜੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲੇ ਨੂੰ ਸੁਲਝਾਉਣ 'ਚ ਦਿਨੇਸ਼ ਅਰੋੜਾ ਦੀ ਮਦਦ ਕੀਤੀ ਸੀ। ਮੰਗਲਵਾਰ ਨੂੰ, ਦਿੱਲੀ ਦੀ ਇੱਕ ਅਦਾਲਤ ਨੇ ਵਾਈਐਸਆਰ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਮਗੁੰਟਾ ਸ੍ਰੀਨਿਵਾਸਲ ਰੈਡੀ ਦੇ ਪੁੱਤਰ ਰਾਘਵ ਮਗੁੰਟਾ ਅਤੇ ਦਿਨੇਸ਼ ਅਰੋੜਾ ਨੂੰ ਦਿੱਲੀ ਸ਼ਰਾਬ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਮਨਜ਼ੂਰੀ ਦੇਣ ਦੀ ਇਜਾਜ਼ਤ ਦਿੱਤੀ। ਅਰੋੜਾ ਨੂੰ ਈਡੀ ਅਤੇ ਸੀਬੀਆਈ ਨੇ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਅਰਵਿੰਦ ਕੇਜਰੀਵਾਲ ਨੇ ਕਿਹਾ- 1000 ਤੋਂ ਵੱਧ ਛਾਪੇ ਮਾਰੇ, ਇੱਕ ਪੈਸਾ ਵੀ ਨਹੀਂ ਮਿਲਿਆ ਸੀ.ਐਮ
ਅਰਵਿੰਦ ਕੇਜਰੀਵਾਲ ਨੇ ਸੰਜੇ ਸਿੰਘ ਦੇ ਘਰ ਦੀ ਤਲਾਸ਼ੀ ਨੂੰ ਲੈ ਕੇ ਬੀਜੇਪੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, "ਪਿਛਲੇ ਇੱਕ ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਇਸ ਅਖੌਤੀ ਸ਼ਰਾਬ ਘੁਟਾਲੇ ਨੂੰ ਲੈ ਕੇ ਕਾਫੀ ਰੌਲਾ ਪਾਇਆ ਜਾ ਰਿਹਾ ਸੀ। ਹੁਣ ਤੱਕ ਉਨ੍ਹਾਂ ਕੋਲੋਂ ਇੱਕ ਪੈਸਾ ਵੀ ਨਹੀਂ ਮਿਲਿਆ ਹੈ। ਕਿਹਾ ਜਾਂਦਾ ਹੈ ਕਿ ਇੱਕ ਹਜ਼ਾਰ ਤੋਂ ਵੱਧ ਛਾਪੇਮਾਰੀ ਕੀਤੀ ਗਈ ਹੈ। ਇੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਿਤੇ ਵੀ ਕੋਈ ਬਰਾਮਦਗੀ ਨਹੀਂ ਹੋਈ। ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਸਾਡੇ 'ਤੇ ਕਈ ਇਲਜ਼ਾਮ ਲੱਗੇ, ਕਦੇ ਉਹ ਕਹਿੰਦੇ ਹਨ ਕਿ ਸਕੂਲਾਂ ਵਿੱਚ ਕਲਾਸ ਰੂਮਾਂ ਵਿੱਚ ਘਪਲਾ ਹੋਇਆ ਹੈ। ਕਈ ਵਾਰ ਕਿਹਾ ਕਿ ਸੜਕਾਂ,ਬਿਜਲੀ,ਪਾਣੀ ਵਿੱਚ ਘਪਲਾ ਹੋਇਆ ਹੈ। ਇੰਨੀ ਜਾਂਚ ਹਰ ਗੱਲ ਵਿੱਚ ਕੀਤੀ ਹੈ। ਚੋਣਾਂ ਆ ਰਹੀਆਂ ਹਨ ਤੇ 2024 ਦੀਆਂ ਚੋਣਾਂ ਵਿੱਚ ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਹਾਰਨ ਜਾ ਰਹੇ ਹਨ। ਇਸ ਲਈ ਹਾਰੇ ਹੋਏ ਆਦਮੀ ਦੇ ਇਹ ਆਖਰੀ ਯਤਨ ਹਨ ।"

ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਡਾ. ਸਵਾਮੀਨਾਥਨ ਦੇ ਦਿਹਾਂਤ 'ਤੇ ਉਹਨਾਂ ਦੀ ਦੇਣ ਨੂੰ ਯਾਦ ਕੀਤਾ

 

ਲੁਧਿਆਣਾ 29 ਸਤੰਬਰ (ਟੀ. ਕੇ.) ਸੰਸਾਰ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਦੇਸ਼ ਵਿਚ ਹਰੀ ਕ੍ਰਾਂਤੀ ਦੇ ਪਿਤਾਮਾ ਸਮਝੇ ਜਾਣ ਵਾਲੇ ਡਾ. ਐੱਮ ਐੱਸ ਸਵਾਮੀਨਾਥਨ ਦੇ ਦਿਹਾਂਤ ਤੇ ਉਹਨਾਂ ਦੀਆਂ ਸੇਵਾਵਾਂ ਅਤੇ ਦੇਣ ਨੂੰ ਪੀ.ਏ.ਯੂ. ਵਿਚ ਯਾਦ ਕੀਤਾ ਗਿਆ| ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਉਹਨਾਂ ਨੂੰ ਭਾਰਤ ਵਿਚ ਕਿਸਾਨੀ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹਿਣ ਵਾਲਾ ਸੁਹਿਰਦ ਖੇਤੀ ਵਿਗਿਆਨੀ ਕਿਹਾ| ਉਹਨਾਂ ਕਿਹਾ ਕਿ ਡਾ. ਸਵਾਮੀਨਾਥਨ ਦੀ ਮੌਤ ਨਾਲ ਖੇਤੀ ਖੇਤਰ ਵਿਚ ਕਦੇ ਨਾ ਪੂਰਿਆ ਜਾ ਸਕਣ ਵਾਲਾ ਖਲਾਅ ਪੈਦਾ ਹੋ ਗਿਆ ਹੈ|

 ਡਾ. ਗੋਸਲ ਨੇ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਅਹਿਮ ਪੜਾਅ ਤੇ ਡਾ. ਸਵਾਮੀਨਾਥਨ ਵੱਲੋਂ ਦਿੱਤੇ ਯੋਗਦਾਨ ਨੂੰ ਯਾਦ ਕੀਤਾ| ਉਹਨਾਂ ਕਿਹਾ ਕਿ ਉਹਨਾਂ ਦੇ ਯਤਨ ਦੇਸ਼ ਦੀ ਬਹੁਗਿਣਤੀ ਅਬਾਦੀ ਲਈ ਕੀਤੇ ਗਏ ਸਨ| ਡਾ. ਸਵਾਮੀਨਾਥਨ ਨੇ ਨੌਰਮਨ ਬੋਰਲਾਗ ਨਾਲ ਮਿਲ ਕੇ ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੇ ਨਾਲ-ਨਾਲ ਝੋਨੇ ਦੀਆਂ ਵੱਧ ਉਪਜ ਵਾਲੀਆਂ ਕਿਸਮਾਂ ਦਾ ਵਿਕਾਸ ਕੀਤਾ| ਇਸੇ ਸਦਕਾ ਅਨਾਜ ਦੀ ਤੰਗੀ ਨਾਲ ਜੂਝਦੇ ਅਤੇ ਭੁਖਮਰੀ ਹੰਢਾਉਂਦੇ ਭਾਰਤ ਦੀ ਜਨਤਾ ਅੰਨ ਪੱਖੋਂ ਸਵੈ-ਨਿਰਭਰ ਹੋਈ| ਡਾ. ਗੋਸਲ ਨੇ ਯਾਦ ਕੀਤਾ ਕਿ ਡਾ. ਸਵਾਮੀਨਾਥਨ ਦੀਆਂ ਕੋਸ਼ਿਸ਼ਾਂ ਸਦਕਾ ਖੇਤੀ ਵਿਚ ਉਤਪਾਦਨ ਤਕਨੀਕਾਂ ਦੀ ਵੀ ਕ੍ਰਾਂਤੀ ਦੇਖਣ ਨੂੰ ਮਿਲੀ ਅਤੇ ਭਾਰਤ ਵਾਧੂ ਅਨਾਜ ਵਾਲਾ ਦੇਸ਼ ਬਣਨ ਵੱਲ ਤੁਰਿਆ|

 ਡਾ. ਗੋਸਲ ਨੇ ਪੂਰੀ ਦੁਨੀਆਂ ਲਈ ਸ਼੍ਰੀ ਸਵਾਮੀਨਾਥਨ ਦੀ ਦੇਣ ਨੂੰ ਯਾਦ ਕਰਦਿਆਂ ਉਹਨਾਂ ਨੂੰ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਵੱਲੋਂ ਫਾਦਰ ਆਫ ਇਕਨੋਮਿਕ ਇਕਾਲਜੀ ਵਜੋਂ ਜਾਣੇ ਜਾਣ ਦੀ ਗੱਲ ਕੀਤੀ| ਉਹਨਾਂ ਨੇ ਕਿਹਾ ਹਰੀ ਕ੍ਰਾਂਤੀ ਜੇਕਰ ਆਪਣੇ ਸਾਰਥਕ ਰੂਪ ਵਿਚ ਕਿਸਾਨੀ ਦੇ ਨਾਲ-ਨਾਲ ਦੇਸ਼ ਦੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕੀ ਤਾਂ ਇਸਦਾ ਸਿਹਰਾ ਡਾ. ਸਵਾਮੀਨਾਥਨ ਦੀ ਦੂਰ-ਅੰਦੇਸ਼ੀ ਨੂੰ ਜਾਂਦਾ ਹੈ| ਉਹਨਾਂ ਨੇ ਦਿਖਾਇਆ ਕਿ ਵਿਗਿਆਨਕ ਖੋਜਾਂ ਦੀ ਵਰਤੋਂ ਕਰਕੇ ਕਿਵੇਂ ਲੋਕ ਭਲਾਈ ਲਈ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ|
ਵਾਈਸ ਚਾਂਸਲਰ ਨੇ ਭਾਵਪੂਰਤ ਸ਼ਬਦਾਂ ਨਾਲ ਯਾਦ ਕੀਤਾ ਕਿ ਉਹਨਾਂ ਨੂੰ 1987 ਵਿਚ ਵਿਸ਼ਵ ਭੋਜਨ ਪੁਰਸਕਾਰ ਨਾਲ ਨਿਵਾਜਿਆ ਗਿਆ| ਇਸ ਤੋਂ ਪਹਿਲਾਂ 1986 ਵਿਚ ਅਲਬਰਡ ਆਇਨਸਟਾਈਨ ਵਿਸ਼ਵ ਵਿਗਿਆਨ ਪੁਰਕਸਾਰ ਨਾਲ ਅਤੇ 1971 ਵਿਚ ਰੇਮਾਨ ਮੈਗਸਾਸੇ ਪੁਰਸਕਾਰ ਨਾਲ ਡਾ. ਸਵਾਮੀਨਾਥਨ ਦਾ ਸਨਮਾਨ ਹੋਇਆ| ਵਿਸ਼ਵ ਦੀਆਂ ਚੋਟੀਆਂ ਦੀਆਂ ਸੰਸਥਾਵਾਂ ਵੱਲੋਂ ਇਹ ਪੁਰਸਕਾਰ ਦਿੱਤੇ ਜਾਣਾ ਸਾਬਤ ਕਰਦਾ ਹੈ ਕਿ ਡਾ. ਸਵਾਮੀਨਾਥਨ ਦੁਨੀਆਂ ਭਰ ਵਿਚ ਆਪਣੀ ਵਿਗਿਆਨਕ ਦੇਣ ਲਈ ਕਿੰਨੇ ਸਤਕਾਰੇ ਜਾਣ ਵਾਲੇ ਮਾਹਿਰ ਸਨ ਜਿਨ•ਾਂ ਨੇ ਅੰਤਰਰਾਸ਼ਟਰੀ ਖੇਤੀ ਅਤੇ ਜਲਵਾਯੂ ਨੂੰ ਨਵੀਆਂ ਸਿਖਰਾਂ ਤੱਕ ਪਹੁੰਚਾਇਆ|

 ਡਾ. ਗੋਸਲ ਨੇ ਇਹ ਵੀ ਯਾਦ ਦਿਵਾਇਆ ਕਿ ਡਾ. ਸਵਾਮੀਨਾਥਨ ਸਥਿਰ ਖੇਤੀ ਤਰੀਕਿਆਂ ਨੂੰ ਪ੍ਰਵਾਨ ਕਰਾਉਣ ਲਈ ਨਵੀਆਂ ਖੇਤੀ ਵਿਧੀਆਂ ਬਾਰੇ ਸਮਰਪਿਤ ਮਾਹਿਰ ਸਨ| ਇਸੇ ਲਈ ਚੇਨਈ ਵਿਚ ਐੱਮ ਐੱਸ ਸਵਾਮੀਨਾਥਨ ਖੋਜ ਫਾਊਂਡੇਸ਼ਨ ਦੀ ਸਥਾਪਤੀ ਕੀਤੀ ਗਈ ਅਤੇ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਪਦਮਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਉਹਨਾਂ ਨੂੰ ਪ੍ਰਦਾਨ ਕੀਤੇ ਗਏ|

ਡਾ. ਗੋਸਲ ਨੇ ਡਾ. ਸਵਾਮੀਨਾਥਨ ਨਾਲ ਆਪਣੇ ਨਿੱਜੀ ਸੰਬੰਧਾਂ ਦੀ ਗੱਲ ਕਰਦਿਆਂ ਜ਼ਾਹਿਰ ਕੀਤਾ ਕਿ ਉਹ ਉਹਨਾਂ ਦੀ ਵਿਗਿਆਨਕ ਦ੍ਰਿਸ਼ਟੀ ਤੋਂ ਹਮੇਸ਼ਾਂ ਪ੍ਰਭਾਵਿਤ ਰਹੇ| ਉਹਨਾਂ ਦੀ ਅਣਥੱਕ ਮਿਹਨਤ, ਸਮਰਪਣ ਅਤੇ ਖੇਤੀ ਖੋਜਾਂ ਰਾਹੀਂ ਲੋਕ ਭਲਾਈ ਦੀ ਭਾਵਨਾ ਖੇਤੀ ਖੇਤਰ ਦੇ ਸਾਰੇ ਖੋਜੀਆਂ ਨੂੰ ਮੋਹਦੀ ਰਹੀ ਹੈ| ਡਾ. ਸਵਾਮੀਨਾਥਨ ਨੇ ਇਹ ਸਮਰਪਣ, ਲਗਨ ਅਤੇ ਸਿਦਕ ਆਪਣੀ ਵਿਰਾਸਤ ਦੇ ਤੌਰ ਤੇ ਆਉਣ ਵਾਲੇ ਮਾਹਿਰਾਂ ਲਈ ਛੱਡਿਆ ਹੈ|

 ਭਰੇ ਮਨ ਨਾਲ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਸਵਾਮੀਨਾਥਨ ਦੀ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਆਸ ਪ੍ਰਗਟਾਈ ਕਿ ਉਹਨਾਂ ਦੀ ਸ਼ਖਸੀਅਤ ਯੁੱਗਾਂ-ਯੁੱਗਾਂ ਤੱਕ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਕਾਰਜ ਨਾਲ ਪੂਰੀ ਤਨਦੇਹੀ ਨਾਲ ਜੁੜਨ ਰਹਿਣ ਲਈ ਪ੍ਰੇਰਿਤ ਕਰਦੀ ਰਹੇਗੀ|

ਵਿਸ਼ਵਕਰਮਾ ਯੋਜਨਾ ਭਾਰਤ ਦੀ ਸਮੂਹਿਕ ਤਰੱਕੀ ਵੱਲ ਪ੍ਰਧਾਨ ਮੰਤਰੀ ਦਾ ਇੱਕ ਹੋਰ ਕਦਮ ਹੈ -  ਕੇਂਦਰੀ ਵਿਦੇਸ਼ ਰਾਜ ਮੰਤਰੀ 

ਲੁਧਿਆਣਾ, 17 ਸਤੰਬਰ (ਟੀ. ਕੇ.) ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਤੇਜ਼ੀ ਨਾਲ ਤਰੱਕੀ ਦੀ ਰਾਹ ਉੱਤੇ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕਰਨ ਦਾ ਵਿਚਾਰ ਉਨ੍ਹਾਂ ਵੱਲੋਂ ਦੇਸ਼ ਦੀ ਸਮੂਹਿਕ ਤਰੱਕੀ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਚੁੱਕਿਆ ਗਿਆ ਇੱਕ ਹੋਰ ਸਕਾਰਾਤਮਕ ਕਦਮ ਹੈ।

ਸ੍ਰੀਮਤੀ ਲੇਖੀ ਅੱਜ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਉਦਘਾਟਨੀ ਪ੍ਰੋਗਰਾਮ ਦੌਰਾਨ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸੰਬੋਧਨ ਕਰ ਰਹੇ ਹਨ। ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਤਰ - ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪਯਾਸ - ਤਰੱਕੀ ਦੇ ਰਾਹ 'ਤੇ ਹਰ ਕਿਸੇ ਦੀ ਮਦਦ ਕਰੇਗਾ ਅਤੇ ਖਾਸ ਤੌਰ 'ਤੇ ਲੋਕਾਂ ਦੇ ਉਨ੍ਹਾਂ ਵਰਗਾਂ ਲਈ, ਜਿਨ੍ਹਾਂ ਨੂੰ ਪਹਿਲਾਂ ਅਣਗੌਲਿਆ ਕੀਤਾ ਗਿਆ ਜਾ ਰਿਹਾ ਸੀ। ਪ੍ਰੋਗਰਾਮ ਵਿੱਚ ਅੱਜ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਨਵੀਂ ਦਿੱਲੀ ਤੋਂ ਪ੍ਰਧਾਨ ਮੰਤਰੀ ਵੱਲੋਂ ਯੋਜਨਾ ਦੀ ਰਸਮੀ ਸ਼ੁਰੂਆਤ ਦਾ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ। ਇੱਥੇ ਕਰਵਾਏ ਗਏ ਅੱਜ ਦੇ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ 700 ਤੋਂ ਵੱਧ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੇ ਹਿੱਸਾ ਲਿਆ।

ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਕਿ ਅਸੰਗਠਿਤ ਖੇਤਰ ਦੇ ਅਜਿਹੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਜੀਵਨ ਵਿੱਚ ਤਰੱਕੀ ਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਆਰਥਿਕ ਤੌਰ 'ਤੇ ਲਾਭ ਪਹੁੰਚਾਇਆ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ 18 ਰਵਾਇਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ 18 ਵਰਗਾਂ ਨੂੰ ਲਾਭ ਮਿਲੇਗਾ ਜਿਹੜੇ ਸਵੈ-ਰੁਜ਼ਗਾਰ ਤਹਿਤ ਆਉਂਦੇ ਹਨ ਅਤੇ ਗੈਰ-ਸੰਗਠਿਤ ਖੇਤਰ ਦੇ ਅਧੀਨ ਕੰਮ ਕਰਦੇ ਹਨ। ਉਨ੍ਹਾਂ ਨੇ ਸਾਰੇ ਕਾਰੀਗਰ ਅਤੇ ਸ਼ਿਲਪਕਾਰਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਇੱਕ ਕੇਂਦਰੀ ਸਹਾਇਤਾ ਪ੍ਰਾਪਤ ਯੋਜਨਾ ਹੈ ਜਿਸ ਦੇ ਤਹਿਤ 13000 ਕਰੋੜ ਰੁਪਏ ਦੀ ਵਿੱਤੀ ਵਿਵਸਥਾ ਦਿੱਤੀ ਜਾਵੇਗੀ। ਇਸ ਸਕੀਮ ਦਾ ਮੰਤਵ ਗੁਰੂ-ਚੇਲਾ ਪਰੰਪਰਾ ਜਾਂ ਆਪਣੇ ਹੱਥਾਂ ਅਤੇ ਸੰਦਾਂ ਨਾਲ ਕੰਮ ਕਰਨ ਵਾਲੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਵਲੋਂ ਰਵਾਇਤੀ ਹੁਨਰ ਦੇ ਪਰਿਵਾਰ-ਆਧਾਰਿਤ ਕੰਮਾਂ ਨੂੰ ਮਜ਼ਬੂਤ ਕਰਨ ਅਤੇ ਕਾਮਿਆਂ ਦਾ ਪਾਲਣ ਪੋਸ਼ਣ ਕਰਨਾ ਹੈ। ਇਹ ਪੂਰੇ ਭਾਰਤ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਤੋਂ ਸਹਾਇਤਾ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈਡੀ ਕਾਰਡ ਸਮੇਤ ਵੱਖ-ਵੱਖ ਉਪਰਾਲਿਆਂ ਰਾਹੀਂ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਹਰ ਕਦਮ 'ਤੇ ਸਹਾਇਤਾ ਪ੍ਰਦਾਨ ਕਰਨ ਦੀ ਯੋਜਨਾ ਹੈ। ਇਹ ਸਕੀਮ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਵਿਸ਼ਵਕਰਮਾਂ ਕਾਮਿਆਂ ਵਜੋਂ ਮਾਨਤਾ ਦਿੰਦੀ ਹੈ ਅਤੇ ਉਨ੍ਹਾਂ ਨੂੰ ਹਰ ਕਿਸਮ ਦੇ ਲਾਭ ਲੈਣ ਦੇ ਯੋਗ ਬਣਾਉਂਦੀ ਹੈ। ਇਸ ਤਹਿਤ ਵਿਸ਼ਵਕਰਮਾ ਭਰਾਵਾਂ ਅਤੇ ਭੈਣਾਂ ਲਈ 3 ਲੱਖ ਰੁਪਏ ਤੱਕ ਦਾ ਬਿਨ੍ਹਾਂ ਗਰੰਟੀ ਕਰਜ਼ਾ ਸ਼ਾਮਲ ਹੈ। ਲਾਭਪਾਤਰੀਆਂ ਨੂੰ 15,000 ਰੁਪਏ ਤੱਕ ਦੀਆਂ ਟੂਲ ਕਿੱਟਾਂ, ਹੁਨਰ ਨੂੰ ਅਪਗ੍ਰੇਡ ਕਰਨ ਲਈ ਸਿਖਲਾਈ ਅਤੇ ਪ੍ਰਤੀ ਦਿਨ 500 ਰੁਪਏ ਤੱਕ ਦਾ ਵਜ਼ੀਫ਼ਾ, ਤਿਆਰ ਉਤਪਾਦਾਂ ਲਈ ਗੁਣਵੱਤਾ ਪ੍ਰਮਾਣੀਕਰਣ, ਬ੍ਰਾਂਡਿੰਗ ਅਤੇ ਇਸ਼ਤਿਹਾਰਬਾਜ਼ੀ ਵਰਗੀ ਮਾਰਕੀਟਿੰਗ ਸਹਾਇਤਾ ਦਿੱਤੀ ਜਾਵੇਗੀ।

ਜਿਨ੍ਹਾਂ ਨੂੰ ਇਸ ਤੋਂ ਲਾਭ ਹੋਵੇਗਾ ਉਨ੍ਹਾਂ ਵਿੱਚ ਲੱਕੜ ਅਧਾਰਤ ਵਪਾਰ ਵਿੱਚ ਤਰਖਾਣ, ਕਿਸ਼ਤੀ ਬਣਾਉਣ ਵਾਲੇ, ਲੋਹਾ/ਧਾਤੂ ਅਧਾਰਤ/ਪੱਥਰ ਅਧਾਰਤ ਵਪਾਰ ਵਿੱਚ ਕੰਮ ਕਰਨ ਵਾਲੇ, ਲੋਹਾਰ, ਹਥੌੜੇ ਅਤੇ ਟੂਲ ਕਿੱਟ ਬਣਾਉਣ ਵਾਲੇ, ਤਾਲੇ ਬਣਾਉਣ ਵਾਲੇ, ਮੂਰਤੀਕਾਰ,  ਪੱਥਰ ਨਾਲ ਮੂਰਤੀ ਬਣਾਉਣ ਵਾਲੇ, ਪੱਥਰ ਤੋੜਨ ਵਾਲੇ, ਸੁਨਿਆਰੇ, ਘੁਮਿਆਰ, ਮੋਚੀ, ਟੋਕਰੀ/ਝਾੜੂ/ਚਟਾਈ ਬਣਾਉਣ ਵਾਲੇ, ਨਾਈ, ਮਾਲਾ ਬਣਾਉਣ ਵਾਲੇ, ਦਰਜ਼ੀ, ਧੋਬੀ, ਮੱਛੀ ਫੜਨ ਵਾਲੇ ਜਾਲ ਬਣਾਉਣ ਵਾਲੇ, ਵਰਗਾਂ ਨੂੰ ਫਾਇਦਾ ਦੇਣ ਵੱਲ ਵਿਸ਼ੇਸ਼ ਧਿਆਨ  ਦਿਤਾ ਗਿਆ ਹੈ, ਜਿਹੜੇ ਰਵਾਇਤੀ ਤਕਨੀਕਾਂ ਦੀ ਵਰਤੋਂ ਕਰਕੇ ਅਜਿਹੀ ਸਮੱਗਰੀ ਤਿਆਰ ਕਰਨ ਲਈ ਹੱਥੀਂ ਕੰਮ ਕਰਦੇ ਹਨ। ਗੁੱਡੀ ਅਤੇ ਖਿਡੌਣਾ ਬਣਾਉਣ ਵਾਲੇ (ਰਵਾਇਤੀ) ਕਾਰੀਗਰ ਜਿਹੜੇ ਆਪਣੇ ਹੱਥਾਂ ਅਤੇ ਸੰਦਾਂ ਦੀ ਵਰਤੋਂ ਉੱਨ, ਧਾਗਾ, ਕਪਾਹ, ਲੱਕੜ ਆਦਿ ਵਰਗੀਆਂ ਸਮੱਗਰੀਆਂ ਦੀ ਵਰਤੋਂ ਕਰਕੇ ਗੁੱਡੀਆਂ ਅਤੇ ਖਿਡੌਣੇ ਬਣਾਉਣ ਲਈ ਕਰਦੇ ਹਨ, ਉਹ ਵੀ ਇਸ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਹਿੱਸਾ ਹਨ। ,

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ।।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸੁੰਦਰ ਫੁੱਲਾਂ ਦੀ ਸਜਾਵਟ। ਪਾਵਨ ਗੁਰਬਾਣੀ ਮਨੁੱਖ ਦੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਪ੍ਰੇਰਣਾ ਸਰੋਤ ਹੈ, ਜਿਸ ਦੀ ਰੋਸ਼ਨੀ ਵਿੱਚ ਚੱਲਣਾ ਹਰ ਸਿੱਖ ਦਾ ਫ਼ਰਜ਼ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਈ. ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਮਨੁੱਖਤਾ ਨੂੰ ਸਰਬਸਾਂਝਾ ਪਾਵਨ ਗ੍ਰੰਥ ਬਖ਼ਸ਼ਿਸ਼ ਕੀਤਾ, ਜਿਸ ਦੀਆਂ ਮੁੱਲਵਾਨ ਸਿੱਖਿਆਵਾਂ ਮਨੁੱਖੀ ਜੀਵਨ ਲਈ ਮਾਰਗ ਦਰਸ਼ਨ ਹਨ। ਗੁਰਬਾਣੀ ਮਨੁੱਖ ਨੂੰ ਕੁਰੀਤੀਆਂ ਤੋਂ ਵਰਜਦੀ ਹੈ ਅਤੇ ਸੱਚ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ। ਦੁਨੀਆਂ ਵਿੱਚ ਵਸਦੀਆਂ ਸ੍ਰੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ" ਪਹਿਲੇ ਪ੍ਰਕਾਸ਼ ਪੁਰਬ " ਦੀਆਂ ਬਹੁਤ ਬਹੁਤ ਮੁਬਾਰਕਾਂ .

ਦਿੱਲੀ ਕਮੇਟੀ ਦੇ ਮੌਜੂਦਾ ਹਾਲਾਤ ਇੰਨੇ ਖਰਾਬ ਕਿ ਓਹ ਗਰੀਬ ਲੋਕਾਂ ਨੂੰ ਦਿੱਤੀ ਗਈ ਮਦਦ ਮੰਗ ਰਹੀ ਵਾਪਿਸ : ਬੀਬੀ ਰਣਜੀਤ ਕੌਰ

ਕਾਰਜਕਾਰਨੀ ਚੋਣਾਂ ਦੇ ਮੱਦੇਨਜ਼ਰ ਦਬਾਅ ਬਣਾਉਣ ਦੀ ਕੀਤੀ ਜਾ ਰਹੀ ਹੈ ਅਸਫਲ ਕੋਸ਼ਿਸ਼

ਨਵੀਂ ਦਿੱਲੀ, 3 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਕਾਰਜਕਾਰਨੀ ਮੈਂਬਰ ਬੀਬੀ ਰਣਜੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਦੀ 2017 ਤੋਂ 2021 ਦੀ ਮਿਆਦ ਲਈ ਨੁਮਾਇੰਦਗੀ ਰੱਦ ਕਰਨ ਦੇ ਸਬੰਧ ਵਿੱਚ ਦਿੱਲੀ ਕਮੇਟੀ ਵੱਲੋਂ ਉਨ੍ਹਾਂ ਨੂੰ ਕਰੀਬ 88 ਲੱਖ ਰੁਪਏ ਵਾਪਸ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਬੀਬੀ ਰਣਜੀਤ ਕੌਰ ਨੇ ਸਵਾਲ ਕਰਦਿਆਂ ਕਿਹਾ ਕਿ ਜਨਰਲ ਮੈਨੇਜਰ ਵੱਲੋਂ ਕਾਰਜਕਾਰਨੀ ਕਮੇਟੀ ਦੇ ਮੈਂਬਰ ਨੂੰ ਨੋਟਿਸ ਕਿਸ ਨਿਯਮ ਅਤੇ ਕਾਨੂੰਨ ਤਹਿਤ ਜਾਰੀ ਕੀਤਾ ਗਿਆ ਹੈ..? ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜੇਕਰ ਉਹ ਖੁਦ ਨੋਟਿਸ ਜਾਰੀ ਕਰਦੇ ਹਨ ਤਾਂ ਉਨ੍ਹਾਂ ਵੱਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਦਿੱਤੇ ਫੰਡਾਂ ਦੀ ਪੂਰੀ ਸੂਚੀ ਵੀ ਨੋਟਿਸ ਨਾਲ ਨੱਥੀ ਕਰਨ ਤਾਂ ਜੋ ਉਹ ਉਨ੍ਹਾਂ ਲੋਕਾਂ ਕੋਲ ਜਾ ਕੇ ਮਦਦ ਵਾਪਸ ਮੰਗ ਸਕਣ।
ਉਨ੍ਹਾਂ ਕਿਹਾ ਕਿ ਇਸ ਨੋਟਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਲੋਕਾਂ ਨੂੰ ਦਿੱਤੀ ਗਈ ਮਦਦ ਹੁਣ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਵਾਪਸ ਮੰਗੀ ਜਾ ਰਹੀ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਹੋਰਨਾਂ ਮੈਂਬਰਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਹੈ।  ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕਾਰਜਕਾਰਨੀ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ 'ਤੇ ਦਬਾਅ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਰ ਉਹ ਨਾ ਤਾਂ ਅਜਿਹੇ ਲੋਕਾਂ ਤੋਂ ਡਰਦੀ ਹੈ ਅਤੇ ਨਾ ਹੀ ਕਿਸੇ ਮਨਸੂਬੇ ਨੂੰ ਕਾਮਯਾਬ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀਂ ਦਸਿਆ ਕਿ ਅਦਾਲਤ ਵਲੋਂ ਜੋ ਉਨ੍ਹਾਂ ਨੂੰ ਫ਼ੰਡ ਜਮਾ ਕਰਵਾਉਣ ਲਈ ਕਿਹਾ ਗਿਆ ਸੀ ਓਸਦਾ ਡਰਾਫਟ ਉਨ੍ਹਾਂ ਜਮਾ ਕਰਵਾ ਦਿੱਤਾ ਹੈ ।

 ਪੰਥਕ ਮੁਦਿਆਂ ਤੇ ਲੀਗਲ ਸੈਲ ਪੈਰਵਾਈ ਵਿਚ ਹੋ ਰਿਹਾ ਲਗਾਤਾਰ ਅਸਫਲ 

ਦਿੱਲੀ ਕਮੇਟੀ ਦੇ ਲੀਗਲ ਸੈੱਲ ਦੀ ਨਮੋਸ਼ੀਆਂ ਨੂੰ ਦੇਖਦਿਆਂ ਲੀਗਲ ਸੈੱਲ ਦਾ ਚੇਅਰਮੈਨ ਕੋਈ ਨਿਰਪੱਖ ਤੇ ਸਿਆਣਾ ਇਨਸਾਨ ਲਗਾਉਣਾ ਚਾਹੀਦਾ: ਚਾਵਲਾ 

ਨਵੀਂ ਦਿੱਲੀ 27 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਕਰਤਾਰ ਸਿੰਘ ਚਾਵਲਾ ਨੇ ਦਿੱਲੀ ਕਮੇਟੀ ਦੇ ਲੀਗਲ ਸੈਲ ਦੀ ਪੈਰਵਾਈ ਅੱਧੀਨ ਲਗਾਤਾਰ ਹੋ ਰਹੀਆਂ ਨਾਕਾਮੀਆਂ ਤੇ ਰੋਸ ਪ੍ਰਗਟ ਕਰਦਿਆਂ ਅਹਿਮ ਸੁਆਲ ਚੁੱਕੇ ਹਨ । ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦਾ ਢਾਂਚਾ ਇਸ ਹੱਦ ਤੱਕ ਜਰਜਰਾ ਹੋ ਚੁੱਕਿਆ ਹੈ ਕਿ ਇਹਨਾਂ ਦਾ ਕੋਈ ਵੀ ਕੰਮ ਸਿਰੇ ਨਹੀਂ ਲੱਗ ਰਿਹਾ ਹੈ । ਦਿੱਲੀ ਕਮੇਟੀ ਦਾ ਲੀਗਲ ਸੈੱਲ ਜਾਂ ਪਿਛਲੇ ਸਮੇਂ ਤੋਂ  ਇੱਕ ਇੱਕ ਕਰਕੇ ਹਰ ਕੇਸ ਵਿਚ ਪੰਥ ਨੂੰ ਨਮੋਸ਼ੀ ਦਿਵਾ ਰਿਹਾ ਹੈ ਚਾਹੇ ਟਾਈਟਲਰ ਦੇ ਕੇਸ ਦੀ ਗੱਲ ਕਰ ਲਈਏ, ਸੱਜਣ ਕੁਮਾਰ ਦਾ ਕੇਸ, ਚਾਹੇ ਘੱਟ ਗਿਣਤੀ ਸਰਟੀਫਿਰੇਟ ਦੇਣ ਦੀ ਗੱਲ ਹੋਵੇ, ਚਾਹੇ ਗੁਰਦੁਆਰਾ ਗਿਆਨ ਗੋਦੜੀ ਦਾ ਮਸਲਾ ਹੋਵੇ ਤੇ ਚਾਹੇ ਉਹ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਮਸਲਾ ਹੋਵੇ । ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਅਹੁਦੇਦਾਰ ਦਾ ਸਾਰਾ ਜ਼ੋਰ ਆਪਣੇ ਸੁਪਰ ਬੌਸ ਮਨਜਿੰਦਰ ਸਿੰਘ ਸਿਰਸਾ ਦੀ ਸਿਆਸਤ ਚਮਕਾਉਣ ਤੇ ਸਰਕਾਰਾਂ ਦੀ ਖ਼ਿਦਮਤ ਕਰਨ ਤੇ ਲੱਗਿਆ ਹੋਇਆ ਹੈ ਜਿਸ ਕਰਕੇ ਇਹਨਾਂ ਨੂੰ ਸਿੱਖਾਂ ਦੇ ਅਹਿਮ ਕੇਸਾਂ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਹੈ ਕਿ ਅਸੀ ਅਦਾਲਤ ਅੰਦਰ ਪੰਥ ਦਾ ਪੱਖ ਕਿਸ ਤਰ੍ਹਾਂ ਪੇਸ਼ ਕਰਵਾਣਾ ਹੈ । 
ਸਰਦਾਰ ਚਾਵਲਾ ਨੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਮੀਤ ਸਿੰਘ ਕਾਹਲੋਂ, ਜਿਨ੍ਹਾਂ ਕੋਲ ਲੀਗਲ ਸੈੱਲ ਦੀ ਚੇਅਰਮੈਨੀ ਵੀ ਹੈ, ਨੂੰ ਸਲਾਹ ਦੇਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਨਮੋਸ਼ੀਆਂ ਦੀ ਜਿੰਮੇਵਾਰੀ ਲੈਂਦਿਆਂ ਲੀਗਲ ਸੈੱਲ ਦੀ ਚੇਅਰਮੈਨੀ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ।
ਅਤੇ ਲੀਗਲ ਸੈੱਲ ਦਾ ਚੇਅਰਮੈਨ ਕੋਈ ਨਿਰਪੱਖ ਤੇ ਸਿਆਣਾ ਇਨਸਾਨ ਲਗਾਉਣਾ ਚਾਹੀਦਾ ਹੈ । ਜਿਸਨੂੰ ਕਾਨੂੰਨੀ ਸਮਝ ਵੀ ਹੋਵੇ ਤੇ ਜਿਸਦੇ ਅੰਦਰ ਕੌਮ ਦਾ ਦਰਦ ਵੀ ਹੋਵੇ । ਜਿਸ ਨਾਲ ਕੌਮ ਦੇ ਇਹਨਾਂ ਅਹਿਮ ਕੇਸਾਂ ਦੀ ਸੁਚੱਜੀ ਪੈਰਵੀ ਹੋ ਸਕੇ ।

ਦਿੱਲੀ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ 5 ਤੋਂ ਵੱਧ ਮੈਟਰੋ ਸਟੇਸ਼ਨਾਂ 'ਤੇ ਲਿਖੇ ਗਏ ਖਾਲਿਸਤਾਨੀ ਨਾਹਰੇ 

ਨਵੀਂ ਦਿੱਲੀ 27 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ 5 ਤੋਂ ਵੱਧ ਮੈਟਰੋ ਸਟੇਸ਼ਨਾਂ 'ਤੇ 'ਦਿੱਲੀ ਬਣੇਗਾ ਖਾਲਿਸਤਾਨ' ਅਤੇ 'ਖਾਲਿਸਤਾਨ ਜ਼ਿੰਦਾਬਾਦ' ਲਿਖਿਆ ਗਿਆ ਹੈ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਜੀ-20 ਸੰਮੇਲਨ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਦਿੱਲੀ ਮੈਟਰੋ ਸਟੇਸ਼ਨਾਂ ਦੀ ਫੁਟੇਜ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਏ ਹਨ। ਐਸਐਫਜੇ ਕਾਰਕੁਨਾਂ ਨੂੰ ਦਿੱਲੀ ਦੇ ਸ਼ਿਵਾਜੀ ਪਾਰਕ ਤੋਂ ਪੰਜਾਬੀ ਬਾਗ ਤੱਕ ਕਈ ਮੈਟਰੋ ਸਟੇਸ਼ਨਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਦੇ ਦੇਖਿਆ ਗਿਆ। ਦਿੱਲੀ ਪੁਲਿਸ ਨੇ ਇਨ੍ਹਾਂ ਨਾਅਰਿਆਂ ਨੂੰ ਮਿਟਾਉਣਾ ਸ਼ੁਰੂ ਕਰ ਦਿੱਤਾ ਹੈ।
ਦਿੱਲੀ ਦੇ ਪੰਜਾਬੀ ਬਾਗ, ਸ਼ਿਵਾਜੀ ਪਾਰਕ, ​​ਮਾਦੀਪੁਰ, ਪੱਛਮ ਵਿਹਾਰ, ਉਦਯੋਗ ਨਗਰ ਅਤੇ ਮਹਾਰਾਜਾ ਸੂਰਜਮਲ ਸਟੇਡੀਅਮ ਸਮੇਤ ਪੱਛਮ ਦੇ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ 'ਤੇ 'ਦਿੱਲੀ ਬਨੇਗਾ ਖਾਲਿਸਤਾਨ' ਅਤੇ 'ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ' ਵਰਗੇ ਨਾਅਰੇ ਕਾਲੇ ਰੰਗ 'ਚ ਲਿਖੇ ਹੋਏ ਪਾਏ ਗਏ ਹਨ । ਇਸੇ ਤਰ੍ਹਾਂ ਨਾਂਗਲੋਈ ਇਲਾਕੇ ਦੇ ਸਰਕਾਰੀ ਸਰਵੋਦਿਆ ਬਾਲ ਵਿਦਿਆਲਿਆ ਦੀ ਕੰਧ 'ਤੇ ਵੀ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਪਾਏ ਗਏ ਹਨ ।  ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਹੁਣ ਇਸ ਮਾਮਲੇ ਵਿਚ ਸਰਗਰਮ ਹੈ ਅਤੇ ਉਸਦੇ ਕਾਰਕੁਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ।  ਡੀਸੀਪੀ (ਮੈਟਰੋ) ਅਨੁਸਾਰ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ 'ਤੇ ਲਿਖੇ ਸਾਰੇ ਸਲੋਗਨ ਹਟਾ ਦਿੱਤੇ ਗਏ ਹਨ।

ਸੱਜਣ ਕੁਮਾਰ ਦੇ ਮਾਮਲੇ ਵਿਚ ਹਟਾਈ ਗਈ ਧਾਰਾ 302 ਨੂੰ ਦੇਵਾਂਗੇ ਚੁਣੌਤੀ: ਕਾਲਕਾ/ ਕਾਹਲੋਂ 

 

 ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਰਨਾ ਭਰਾਵਾਂ ਕਮੇਟੀ ਦਾ ਹਿਸਾਬ ਕਿਤਾਬ ਚੈਕ ਕਰਣ ਦੀ ਸਿੱਧੀ ਚੁਣੌਤੀ

ਨਵੀਂ ਦਿੱਲੀ, 24 ਅਗਸਤ (ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸਰਨਾ ਭਰਾਵਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੂੰ ਸਿੱਧੀ ਚੁਣੌਤੀ ਦਿੰਦਿਆਂ ਅੱਜ ਦਿੱਲੀ ਦੇ ਸਿੱਖ ਆਡੀਟਰਾਂ, ਸੀ ਏ ਤੇ ਅਕਾਊਂਟਸ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਹੋਏ ਕੰਮਾਂ ਦੀ ਘੋਖ ਵਾਸਤੇ ਜਦੋਂ ਮਰਜ਼ੀ ਆ ਕੇ ਘੋਖ ਕਰ ਲੈਣ ਤੇ ਸਾਰੀ ਸੰਗਤ ਦੇ ਸਾਹਮਣੇ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਕਿ ਕਿਸਦੇ ਕਾਰਜਕਾਲ ਵਿਚ ਤਨਖਾਹ ਕਮਿਸ਼ਨ ਨੂੰ ਲੈ ਕੇ ਕੁਤਾਹੀਆਂ ਹੋਈਆਂ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਅੱਜ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਆਖਿਆ ਹੈ ਕਿ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਨੂੰ ਲੈ ਕੇ ਜੋ ਹਾਲਾਤ ਹਨ, ਉਸ ਲਈ ਕੌਣ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਅਸੀਂ ਦਿੱਲੀ ਦੇ ਸਮੁੱਚੇ ਗੁਰਸਿੱਖ ਆਡੀਟਰਾਂ, ਸੀ ਏ ਤੇ ਅਕਾਊਂਟਸ ਦੀ ਜਾਣਕਾਰੀ ਰੱਖਣ ਵਾਲੀਆਂ ਸ਼ਖਸੀਅਤਾਂ ਨੂੰ ਸੱਦਾ ਦਿੰਦੇ ਹਾਂ ਕਿ ਜਦੋਂ 2006 ਵਿਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ ਹੋਏ ਸਾਰੇ ਕੰਮਾਂ ਦੀ ਘੋਖ ਵਾਸਤੇ ਦਿੱਲੀ ਕਮੇਟੀ ਦੇ ਖਾਤਿਆਂ ਦੀ ਘੋਖ ਕਰਨ ਤੇ ਸੰਗਤਾਂ ਨੂੰ ਦੱਸਣ ਕਿ ਕਿਸ ਦੇ ਕਾਰਜਕਾਲ ਵਿਚ ਕੀ ਗੜਬੜ ਹੋਈ।
ਉਹਨਾਂ ਕਿਹਾ ਕਿ 2006 ਵਿਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਮਗਰੋ਼ 2008 ਵਿਚ ਸਰਨਾ ਭਰਾਵਾਂ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਤੋਂ 150 ਕਰੋੜ ਰੁਪਏ ਇਕੱਤਰ ਕਰ ਲਏ ਪਰ ਮੁਲਾਜ਼ਮਾਂ ਨੂੰ ਇਕ ਫੁੱਟੀ ਕੌਡੀ ਵੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਅਦਾਰਿਆਂ ਦਾ ਹਾਲ ਮਾੜਾ ਕਰ ਕੇ ਸਰਨਾ ਭਰਾਵਾਂ ਨੇ ਆਪਣਾ ਇੰਜੀਨੀਅਰਿੰਗ ਕਾਲਜ ਖੋਲ੍ਹਿਆ।
ਉਹਨਾਂ ਕਿਹਾ ਕਿ ਅੱਜ ਕੱਲ੍ਹ ਸਰਦਾਰ ਸਰਨਾ ਦੇ ਨਜ਼ਦੀਕੀ ਮਿੱਤਰ ਬਣੇ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਪ੍ਰਧਾਨ ਬਣਨ ਮਗਰੋਂ ਆਪ ਸੰਗਤ ਨੂੰ ਦੱਸਿਆ ਸੀ ਕਿ ਸਰਨਾ ਭਰਾਵਾਂ ਨੇ ਬਾਲਾ ਸਾਹਿਬ ਹਸਪਤਾਲ ਵੇਚ ਕੇ ਆਪਣਾ ਨਿੱਜੀ ਫਾਰਮ ਹਾਊਸ ਬਣਾਇਆ ਤੇ ਕਿਵੇਂ ਉਹਨਾਂ ਨੇ ਸਟਾਫ ਦੀ ਬਣਦੀ ਤਨਖਾਹ ਕਮਿਸ਼ਨ ਦੀ ਅਦਾਇਗੀ ਨਹੀਂ ਕੀਤੀ ਪਰ ਕਿਉਂਕਿ ਉਹ ਅੱਜ ਕੱਲ੍ਹ ਸਰਨਾ ਭਰਾਵਾਂ ਦੇ ਮਿੱਤਰ ਹਨ, ਇਸ ਲਈ ਇਸ ਬਾਰੇ ਚੁੱਪ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਉਹ ਸਰਨਾ ਭਰਾਵਾਂ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਇਹ ਪੇਸ਼ਕਸ਼ ਕੀਤੀ ਹੈ ਕਿ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਹਨਾਂ ਨੇ ਸਰਨਾ ਭਰਾਵਾਂ ਨੂੰ ਚੇਤੇ ਕਰਵਾਇਆਕਿ  ਉਹਨਾਂ ਨੇ ਆਪ ਅਦਾਲਤ ਵਿਚ ਪਟੀਸ਼ਨ ਪਾ ਕੇ ਇਹ ਮੰਗ ਕੀਤੀ ਸੀ ਕਿ ਕਿਸ ਅਹੁਦੇਦਾਰ ਦੇ ਕਾਰਜਕਾਲ ਵਿਚ ਕੀ ਗੜਬੜ ਹੋਈ, ਇਸਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਜਦੋਂ ਸਰਦਾਰ ਮਨਜੀਤ ਸਿੰਘ ਜੀ ਕੇ ਪ੍ਰਧਾਨਗੀ ਤੋਂ ਹਟੇ ਤਾਂ ਕਮੇਟੀ ਸਿਰ 3 ਕਰੋੜ ਰੁਪਿਆ ਕਰਜ਼ਾ ਸੀ ਤੇ ਬੈਂਕ ਖਾਤੇ ਵਿਚ ਸਿਰਫ 10 ਲੱਖ ਰੁਪਏ ਸਨ।
ਉਹਨਾਂ ਕਿਹਾ ਕਿ ਜਦੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਬਣੇ ਤਾਂ ਅਸੀਂ ਸੰਗਤਾਂ ਨੂੰ ਅਪੀਲਾਂ ਕਰ ਕਰ ਕੇ ਫੰਡ ਇਕੱਠੇ ਕੀਤੇ ਤੇ ਕੋਈ ਵੀ ਮੁਲਾਜ਼ਮ ਨਹੀਂ ਕੱਢਿਆ ਜਦੋਂ ਕਿ ਕੋਰੋਨਾ ਵਿਚ ਵੱਖ-ਵੱਖ ਸੰਸਥਾਵਾਂ ਨੇ 60 ਫੀਸਦੀ ਮੁਲਾਜ਼ਮ ਕੱਢ ਦਿੱਤੇ ਸਨ। 
ਉਹਨਾਂ ਕਿਹਾ ਕਿ 2022 ਤੋਂ ਜਦੋਂ ਸਾਨੂੰ ਸੇਵਾ ਮਿਲੀ ਹੈ ਹੁਣ ਤੱਕ ਸਾਢੇ 56 ਕਰੋੜ ਰੁਪਏ ਸਕੂਲਾਂ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਿੰਨੀ ਮਿਹਨਤ ਅਸੀਂ ਪੰਥਕ ਸੰਸਥਾਵਾਂ ਵਾਸਤੇ ਕੀਤੀ ਹੈ, ਉਨਾ ਹੀ ਬੇੜਾ ਗਰਕ ਸਰਨਾ ਭਰਾਵਾਂ ਤੇ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਕੀਤਾ ਸੀ।
ਉਹਨਾਂ ਇਹ ਵੀ ਕਿਹਾ ਸਰਦਾਰ ਮਨਜੀਤ ਸਿੰਘ ਜੀ.ਕੇ. ਨੂੰ ਸ਼ਾਇਦ ਕੋਈ ਹੋਰ ਕੰਮ ਨਹੀਂ ਹੈ ਜਿਸ ਕਾਰਨ ਉਹ ਸਾਰਾ ਦਿਨ ਇਲਜ਼ਾਮਬਾਜ਼ੀ ਤੋਂ ਇਲਾਵਾ ਹੋਰ ਕੱਖ ਨਹੀਂ ਕਰਦੇ। ਉਹਨਾਂ ਕਿਹਾ ਕਿ ਸੱਜਣ ਕੁਮਾਰ ਦਾ ਕੇਸ ਵਿਕਾਸ ਪੁਰੀ ਤੇ ਜਨਕ ਪੁਰੀ ਵਿਚ ਹੋਈਆਂ ਐਫ ਆਈ ਆਰਜ਼ ਨਾਲ ਸਬੰਧਤ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੇ ਛੇ ਸਾਲਾਂ ਵਿਚ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਵਾਈ। ਉਹਨਾਂ ਦੇ ਜਾਣ ਤੋਂ ਬਾਅਦ ਕਾਰਵਾਈ ਹੋਈ ਤੇ ਕੇਸ ਵਿਚ ਚਾਰਜਸ਼ੀਟ ਫਾਈਲ ਕਰਵਾਈ ਗਈ ਤੇ ਫਿਰ ਚਾਰਜਿਜ਼ ਫਰੇਮ ਕਰਵਾਏ ਗਏ।
ਉਹਨਾਂ ਕਿਹਾ ਕਿ 302 ਭਾਵੇਂ ਡਰੋਪ ਕੀਤੀ ਹੈ ਪਰ 307 ਇਰਾਦਾ ਕਤਲ ਦੀ ਧਾਰਾ ਲੱਗੀ ਹੈ ਪਰ ਜਿਹੜੀਆਂ ਬਾਕੀ 109 ਆਈ ਪੀ ਸੀ ਧਾਰਾ ਸਭ ਤੋਂ ਵੱਡੀ ਧਾਰਾ ਹੈ ਜੋ ਸੱਜਣ ਕੁਮਾਰ ਭੀੜ ਦੀ ਅਗਵਾਈ ਕਰ ਰਿਹਾ ਸੀ, ਉਸ ਬਾਰੇ ਹੈ। ਉਹਨਾਂ ਕਿਹਾ ਕਿ ਅਸੀਂ 302 ਨੂੰ ਹਟਾਉਣ ਨੂੰ ਵੀ ਚੈਲੰਜ ਕਰਾਂਗੇ।

ਚੰਦ ਉਤੇ ਚੰਦਰਯਾਨ ਪੁਲਾੜ ਉਪਕਰਨ ਦੇ ਪਹੁੰਚਣ ਦੀ ਕਾਮਯਾਬੀ ਮਹੱਤਵਹੀਣ

ਕਿਉਂਕਿ ਹੁਕਮਰਾਨ ਜਨਤਾ ਨੂੰ ਅੱਜ ਤੱਕ ਰੋਟੀ, ਕੱਪੜਾ, ਮਕਾਨ ਮੁਹੱਈਆ ਨਹੀਂ ਕਰ ਸਕੇ: ਮਾਨ

ਨਵੀਂ ਦਿੱਲੀ, 24 ਅਗਸਤ (ਮਨਪ੍ਰੀਤ ਸਿੰਘ ਖਾਲਸਾ):- “ਜੋ ਚੰਦਰਮਾ ਉਪਗ੍ਰਹਿ ਉਤੇ ਇੰਡੀਆ ਦੀ ਚੰਦਰਯਾਨ-3 ਪੁਲਾੜ ਯਾਤਰਾ ਪਹੁੰਚੀ ਹੈ ਅਤੇ ਕਾਮਯਾਬੀ ਪ੍ਰਾਪਤ ਕੀਤੀ ਹੈ, ਇਹ ਇਕ ਵੱਡਾ ਉੱਦਮ ਹੈ । ਪਰ ਜੇਕਰ ਕਿਸੇ ਮੁਲਕ ਦੇ ਹੁਕਮਰਾਨ ਅਜਿਹੀਆ ਵੱਡੀਆਂ ਮਹਾਨ ਪੁਲਾਘਾ ਪੁੱਟ ਲੈਣ, ਲੇਕਿਨ ਬੀਤੇ 1947 ਤੋਂ ਲੈਕੇ ਅੱਜ ਤੱਕ ਆਪਣੇ ਮੁਲਕ ਨਿਵਾਸੀਆ ਨਾਲ ਕੀਤੇ ਗਏ ਰੋਟੀ, ਕੱਪੜਾ, ਮਕਾਨ ਆਦਿ ਮੁੱਢਲੀਆ ਸਹੂਲਤਾਂ ਦੇਣ ਦੇ ਵਾਅਦਿਆ ਨੂੰ ਹੀ ਪੂਰਾ ਨਾ ਕਰ ਸਕਣ ਤਾਂ ਅਜਿਹੇ ਵੱਡੇ ਉੱਦਮ ਵੀ, ਗਰੀਬਾਂ, ਲਤਾੜੇ ਮਜਲੂਮ ਵਰਗਾਂ ਤੇ ਘੱਟ ਗਿਣਤੀ ਕੌਮਾਂ ਲਈ ਮਹੱਤਵਹੀਣ ਹੋ ਜਾਂਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਗ੍ਰਹਿ ਚੰਦ ਉਤੇ ਇੰਡੀਆ ਦੀ ਕਾਮਯਾਬ ਪੁਲਾੜ ਯਾਤਰਾ ਦੇ ਪਹੁੰਚਣ ਉਤੇ ਇਸਨੂੰ ਵੱਡਾ ਉੱਦਮ ਕਰਾਰ ਦਿੰਦੇ ਹੋਏ ਪਰ ਆਪਣੇ ਮੁਲਕ ਨਿਵਾਸੀਆ ਦੇ ਹੇਠਲੇ ਜੀਵਨ ਪੱਧਰ ਨੂੰ ਸੁਧਾਰਨ ਵਿਚ ਕੋਈ ਜਿੰਮੇਵਾਰੀ ਨਾ ਨਿਭਾਉਣ ਦੀ ਗੱਲ ਕਰਦੇ ਹੋਏ ਅਜਿਹੇ ਵੱਡੇ ਉੱਦਮ ਹੋਣ ਤੇ ਵੀ ਮਹੱਤਵਹੀਣ ਹੋ ਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੇ ਜਵਾਹਰ ਲਾਲ ਨਹਿਰੂ ਤੋ ਲੈਕੇ ਅੱਜ ਤੱਕ ਦੇ ਹੁਕਮਰਾਨਾਂ ਨੇ ਇਥੋ ਦੇ ਨਿਵਾਸੀਆ ਦੇ ਜੀਵਨ ਪੱਧਰ ਨੂੰ ਸਹੀ ਕਰਨ ਲਈ, ਉਨ੍ਹਾਂ ਨੂੰ ਸਰਕਾਰ ਵੱਲੋ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਜਿਵੇ ਰੋਟੀ, ਕੱਪੜਾਂ, ਮਕਾਨ, ਮੁਫਤ ਵਿਦਿਆ, ਸਿਹਤ ਸਹੂਲਤਾਂ, ਪੀਣ ਵਾਲਾ ਸਾਫ ਪਾਣੀ ਆਦਿ ਦੀ ਜਿੰਮੇਵਾਰੀ ਤਾਂ ਅੱਜ ਤੱਕ ਇਹ ਹੁਕਮਰਾਨ ਪੂਰੇ ਨਹੀਂ ਕਰ ਸਕੇ । ਭਾਵੇਕਿ ਜੰਗੀ ਅਤੇ ਫ਼ੌਜੀ ਪੱਧਰ ਤੇ ਵੱਡੀਆ ਫ਼ੌਜਾਂ ਤੇ ਉਪਕਰਨ ਉਪਲੱਬਧ ਕਰ ਲਏ ਹਨ, ਚੰਦਰਮਾ ਉਤੇ ਪਹੁੰਚ ਗਏ ਹਨ । ਜਦੋ ਤੱਕ ਇਥੋ ਦੇ ਨਿਵਾਸੀਆ ਦੀ ਇਕ ਵੀ ਆਤਮਾ ਭੁੱਖਮਰੀ, ਗਰੀਬੀ, ਲਚਾਰੀ ਤੋ ਬੇਫਿਕਰ ਨਹੀ ਹੋ ਜਾਂਦੀ ਅਤੇ ਕਰੋੜਾਂ ਦੀ ਗਿਣਤੀ ਵਿਚ ਸੜਕਾਂ ਅਤੇ ਫੁੱਟਪਾਥਾਂ ਦੇ ਕਿਨਾਰਿਆ ਤੇ ਗਰਮੀ-ਸਰਦੀ ਵਿਚ ਇਥੋ ਦੇ ਨਿਵਾਸੀ ਭੁੱਖੇ ਸੌਣ ਦੀ ਮਜਬੂਰੀ ਤੋ ਸਰੂਖਰ ਨਹੀ ਹੋ ਜਾਂਦੇ, ਸਾਡੀਆ ਗਊਆ, ਮੱਝਾ ਕੂੜੇ ਕਰਕਟ ਵਿਚੋ ਪਲਾਸਟਿਕ ਖਾਂ ਕੇ ਢਿੱਡ ਭਰਨ ਦੀਆਂ ਕੋਸਿ਼ਸ਼ਾਂ ਕਰ ਰਹੀਆ ਹਨ ਅਤੇ ਅਸੀ ਇਨ੍ਹਾਂ ਗਊਆ ਦੀ ਅੱਜ ਤੱਕ ਸਾਂਭ ਹੀ ਨਹੀ ਕਰ ਸਕੇ ਤਾਂ ਅਜਿਹੀਆ ਵੱਡੀਆ ਉਪਲੱਬਧੀਆਂ ਵੀ ਨਿਰਾਰਥਕ ਹੋ ਕੇ ਰਹਿ ਜਾਂਦੀਆਂ ਹਨ । 
ਉਨ੍ਹਾਂ ਕਿਹਾ ਕਿ ਜਿਵੇ ਹਿਟਲਰ, ਮੋਸੋਲੀਨੀ, ਤੋਜੋ, ਔਰੰਗਜੇਬ ਅਤੇ ਇੰਦਰਾ ਗਾਂਧੀ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਜੁਲਮ ਕਰਦੇ ਰਹੇ ਹਨ, ਉਸੇ ਤਰ੍ਹਾਂ ਦੇ ਜ਼ਬਰ ਇੰਡੀਆ ਦੀ ਮੌਜੂਦਾ ਮੁਤੱਸਵੀ ਮੋਦੀ ਹਕੂਮਤ ਆਉਣ ਵਾਲੇ ਸਮੇ ਵਿਚ ਘੱਟ ਗਿਣਤੀ ਕਬੀਲਿਆ, ਕੌਮਾਂ, ਫਿਰਕਿਆ ਉਤੇ ਕਰੇਗੀ ਅਤੇ ਜੋ 1962, 2020 ਅਤੇ 2022 ਵਿਚ ਇੰਡੀਆ ਨੇ ਲਦਾਖ ਦੀ ਹਜਾਰਾਂ ਸਕੇਅਰ ਵਰਗ ਕਿਲੋਮੀਟਰ ਜਮੀਨ ਚੀਨ ਨੂੰ ਲੁਟਾਈ ਹੈ, ਉਸਦਾ ਸਾਹਮਣਾ ਕਰਨ ਤੇ ਉਹ ਜਮੀਨ ਵਾਪਸ ਲੈਣ ਤੋ ਇਹ ਹੁਕਮਰਾਨ ਕੰਨੀ ਕਤਰਾਉਦੇ ਰਹਿਣਗੇ । ਲਦਾਖ ਦੀ ਗੱਲ ਅਸੀ ਇਸ ਲਈ ਕੀਤੀ ਹੈ ਕਿ ਇਹ ਲਦਾਖ ਦਾ ਇਲਾਕਾ ਸਾਡੇ ਖ਼ਾਲਸਾ ਰਾਜ ਦਰਬਾਰ ਦਾ ਉਹ ਹਿੱਸਾ ਹੈ ਜਿਸਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਖ਼ਾਲਸਾ ਫੌਜਾਂ ਨੇ 1834 ਵਿਚ ਫ਼ਤਹਿ ਕਰਕੇ ਆਪਣੇ ਲਾਹੌਰ ਖਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਸੀ । ਇਹ ਹੋਰ ਵੀ ਅਫ਼ਸੋਸਨਾਕ ਅਤੇ ਦਿਸ਼ਾਹੀਣ ਅਮਲ ਹਨ ਕਿ ਹੁਕਮਰਾਨ 1947 ਤੋ ਬਾਅਦ ਸਾਡੀ ਇਸ ਫ਼ਤਹਿ ਕੀਤੇ ਗਏ ਇਲਾਕਿਆ ਨੂੰ ਇਕ ਨਹੀ ਰੱਖ ਸਕੇ ਅਤੇ ਆਪਣੀਆ ਕੰਮਜੋਰੀਆ ਕਾਰਨ ਲੁੱਟਾ ਦਿੱਤੇ ਗਏ । ਇਹ ਅਤਿ ਸ਼ਰਮਨਾਕ ਭਰੇ ਅਮਲ ਹਨ । ਉਨ੍ਹਾਂ ਕਿਹਾ ਕਿ ਕਿਥੇ ਇੰਡੀਆ ਨੇ ਚੰਦ ਉਤੇ ਛਾਲ ਮਾਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ ਅਤੇ ਕਿਥੇ ਹਜਾਰਾਂ ਸਕੇਅਰ ਵਰਗ ਕਿਲੋਮੀਟਰ ਸਾਡੀ ਸਿੱਖ ਬਾਦਸਾਹੀ ਦੀ ਜਮੀਨ ਚੀਨ ਨੂੰ ਲੁੱਟਾ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾ ਤਾਂ ਕਿਸੇ ਨੂੰ ਚੁਣੋਤੀ ਦਿੰਦੀ ਹੈ, ਨਾ ਡਰਾਉਦੀ ਹੈ ਅਤੇ ਨਾ ਹੀ ਕਿਸੇ ਤੋ ਕਿਸੇ ਤਰ੍ਹਾਂ ਦੇ ਡਰ-ਭੈ ਨੂੰ ਪ੍ਰਵਾਨ ਕਰਦੀ ਹੈ । ਕਿਉਂਕਿ Sikhs never forget, Sikhs never forgive, ਸਿੱਖ ਕੌਮ ਨਾ ਤਾਂ ਆਪਣੇ ਉਤੇ ਹੋਣ ਵਾਲੇ ਕਿਸੇ ਜ਼ਬਰ ਵਧੀਕੀ ਨੂੰ ਭੁੱਲਦੀ ਹੈ ਅਤੇ ਨਾ ਹੀ ਅਜਿਹੇ ਜ਼ਾਬਰਾਂ ਨੂੰ ਕਦੀ ਮੁਆਫ਼ ਕਰਦੀ ਹੈ ।

3 ਅਕਤੂਬਰ ਨੂੰ ਮਨਾਇਆ ਜਾਏਗਾ ਕਾਲਾ ਦਿਹਾੜਾ

ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਨੀਤੀਆਂ ਨੂੰ ਲੈ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਲ ਇੰਡੀਆ ਜੁਆਇੰਟ ਕਨਵੈਨਸ਼ਨ ਦਿੱਲੀ ਵਿੱਚ ਹੋਈ

ਨਵੀਂ ਦਿੱਲੀ 24 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਤਾਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਲ ਇੰਡੀਆ ਸਾਂਝੀ ਕਨਵੈਨਸ਼ਨ ਹੋਈ। ਕਨਵੈਨਸ਼ਨ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਦੁਆਰਾ ਬੁਲਾਈ ਗਈ ਸੀ, ਜਿਸ ਵਿੱਚ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਨੁਮਾਇੰਦਗੀ ਕੀਤੀ ਗਈ ਸੀ।
ਕਨਵੈਨਸ਼ਨ ਦੀ ਸ਼ੁਰੂਆਤ 2014 ਤੋਂ ਕੇਂਦਰ ਸਰਕਾਰ ਵੱਲੋਂ ਅਪਣਾਈਆਂ ਗਈਆਂ ਹਮਲਾਵਰ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਪੈਦਾ ਹੋਈ ਚਿੰਤਾਜਨਕ ਸਥਿਤੀ ਨੂੰ ਸੰਬੋਧਨ ਕਰਦਿਆਂ ਹੋਈ। ਇਹਨਾਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਦੇ ਅਰਥਚਾਰੇ ਲਈ ਕੌਮ ਦੀ ਏਕਤਾ ਅਤੇ ਅਖੰਡਤਾ ਲਈ ਵਿਨਾਸ਼ਕਾਰੀ ਸਿੱਟੇ ਨਿਕਲੇ ਹਨ।
ਕਨਵੈਨਸ਼ਨ ਨੇ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਭਾਰਤ ਵਿੱਚ ਖੇਤੀ ਸੰਕਟ ਨੂੰ ਉਜਾਗਰ ਕੀਤਾ, ਜਿਸ ਦੇ ਸਿੱਟੇ ਵਜੋਂ ਆਮਦਨ ਵਿੱਚ ਗਿਰਾਵਟ ਅਤੇ ਕਿਸਾਨਾਂ ਵਿੱਚ ਵੱਧ ਰਹੇ ਕਰਜ਼ੇ ਅਤੇ ਖੁਦਕੁਸ਼ੀਆਂ ਦਾ ਨਤੀਜਾ ਹੈ। ਕਨਵੈਨਸ਼ਨ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਾਲੇ ਇਤਿਹਾਸਕ 13 ਮਹੀਨਿਆਂ ਦੇ ਲੰਬੇ ਸੰਘਰਸ਼ ਨੂੰ ਮਾਨਤਾ ਦਿੱਤੀ, ਜਿਸ ਨੇ ਅਤਿਆਚਾਰ, ਦੁਰਵਿਵਹਾਰ, ਕਠੋਰ ਮੌਸਮ ਅਤੇ ਕੋਵਿਡ ਮਹਾਂਮਾਰੀ ਸਮੇਤ ਮੁਸੀਬਤਾਂ ਵਿਰੁੱਧ ਕਿਸਾਨ ਦੇ ਸੰਕਲਪ ਦਾ ਪ੍ਰਦਰਸ਼ਨ ਕੀਤਾ। ਕਨਵੈਨਸ਼ਨ ਨੇ ਨੋਟ ਕੀਤਾ ਕਿ ਲਿਖਤੀ ਭਰੋਸੇ ਦੇ ਬਾਵਜੂਦ, ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਅਤੇ ਬਿਜਲੀ (ਸੋਧ) ਬਿੱਲ ਬਾਰੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ।
ਕਨਵੈਨਸ਼ਨ ਨੇ ਵਧਦੀ ਬੇਰੁਜ਼ਗਾਰੀ, ਘਟਦੀ ਨੌਕਰੀ ਦੀ ਸੁਰੱਖਿਆ ਅਤੇ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨਾਲ ਮਜ਼ਦੂਰਾਂ ਅਤੇ ਮਜ਼ਦੂਰਾਂ ਨੂੰ ਦਰਪੇਸ਼ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਨਵੇਂ ਕਿਰਤ ਜ਼ਾਬਤੇ ਰਾਹੀਂ ਮਜ਼ਦੂਰਾਂ ਦੇ ਅਧਿਕਾਰਾਂ ਦੇ ਖੋਰੇ ਜਾਣ ਅਤੇ ਸਮਾਜਿਕ ਸੁਰੱਖਿਆ ਦੀ ਘਾਟ ਵਾਲੇ ਅਤੇ ਗਰੀਬੀ ਵਿੱਚ ਧੱਕੇ ਜਾਣ ਵਾਲੇ ਖੇਤੀਬਾੜੀ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਵਿਗੜਦੀ ਸਥਿਤੀ ਨੂੰ ਵੀ ਉਜਾਗਰ ਕੀਤਾ ਗਿਆ।
ਕਨਵੈਨਸ਼ਨ ਨੇ ਸਰਕਾਰ ਦੀਆਂ ਨਿੱਜੀਕਰਨ ਨੀਤੀਆਂ, ਜਨਤਕ ਖੇਤਰ ਦੇ ਉਦਯੋਗਾਂ ਤੋਂ ਲੈ ਕੇ ਸਿੱਖਿਆ ਅਤੇ ਬੈਂਕਿੰਗ ਤੱਕ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸਖ਼ਤ ਨਿੰਦਾ ਕੀਤੀ। ਆਮ ਨਾਗਰਿਕਾਂ 'ਤੇ ਵੱਧ ਟੈਕਸਾਂ ਦਾ ਬੋਝ ਪਾਉਂਦੇ ਹੋਏ ਕਾਰਪੋਰੇਟਾਂ ਨੂੰ ਦਿੱਤੇ ਗਏ ਟੈਕਸਾਂ ਵਿਚ ਕਟੌਤੀ ਅਤੇ ਕਰਜ਼ਾ ਮੁਆਫੀ ਅਤੇ ਘਟਾਏ ਗਏ ਸਮਾਜ ਭਲਾਈ ਲਾਭਾਂ ਨੂੰ ਉਠਾਇਆ ਗਿਆ ਸੀ। ਰਾਸ਼ਟਰ ਦੇ ਸੰਘੀ ਢਾਂਚੇ ਦੇ ਖਾਤਮੇ, ਵੰਡਣ ਵਾਲੀਆਂ ਫਿਰਕੂ ਨੀਤੀਆਂ ਅਤੇ ਅਸਹਿਮਤੀ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਗਈ।
ਕਨਵੈਨਸ਼ਨ ਮੰਗਾਂ ਦਾ ਰੁਪਰੇਖਾ ਤਿਆਰ ਕਰਨ ਵਿੱਚ ਸਮਾਪਤ ਹੋਈ, ਜਿਸ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਕੇਂਦਰ ਸਰਕਾਰ ਦੁਆਰਾ ਦਿੱਤੇ ਲਿਖਤੀ ਭਰੋਸੇ ਨੂੰ ਲਾਗੂ ਕਰਨ ਵਰਗੇ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ, ਪੀਐਮਐਫਬੀਆਈ ਨੂੰ ਵਾਪਸ ਲੈਣਾ ਅਤੇ ਸਾਰੀਆਂ ਫਸਲਾਂ ਲਈ ਇੱਕ ਵਿਆਪਕ ਜਨਤਕ ਖੇਤਰ ਦੀ ਫਸਲ ਬੀਮਾ ਯੋਜਨਾ ਦੀ ਸਥਾਪਨਾ, ਇੱਕ ਵਿਆਪਕ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ ਕਰਨਾ, ਮਹਿੰਗਾਈ ਨੂੰ ਕੰਟਰੋਲ ਕਰਨਾ ਅਤੇ ਜ਼ਰੂਰੀ ਵਸਤਾਂ 'ਤੇ ਜੀਐਸਟੀ ਨੂੰ ਹਟਾਉਣਾ, ਭੋਜਨ ਸੁਰੱਖਿਆ ਦੀ ਗਰੰਟੀ, ਸਿੱਖਿਆ ਅਤੇ ਸਿਹਤ ਸੰਭਾਲ ਤੱਕ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਣਾ, ਇੱਕ ਰਾਸ਼ਟਰੀ ਘੱਟੋ-ਘੱਟ ਉਜਰਤ ਦੀ ਸ਼ੁਰੂਆਤ, ਨਿੱਜੀਕਰਨ ਅਤੇ ਐਨਐਮਪੀ ਨੂੰ ਖਤਮ ਕਰਨਾ, ਸਾਰੇ ਕਾਮਿਆਂ ਲਈ ਵਿਆਪਕ ਸਮਾਜਿਕ ਸੁਰੱਖਿਆ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਬਹੁਤ ਅਮੀਰਾਂ 'ਤੇ ਟੈਕਸ ਲਗਾਉਣਾ, ਕਾਰਪੋਰੇਟ ਟੈਕਸ ਨੂੰ ਵਧਾਉਣਾ, ਦੌਲਤ ਟੈਕਸ ਅਤੇ ਉਤਰਾਧਿਕਾਰ ਟੈਕਸ, ਆਦਿ ਨੂੰ ਮੁੜ-ਸ਼ੁਰੂ ਕਰਨਾ।
2021 ਵਿੱਚ ਕਿਸਾਨਾਂ ਦੇ ਲਖੀਮਪੁਰ ਖੇੜੀ ਕਤਲੇਆਮ ਨੂੰ ਯਾਦ ਕਰਨ ਲਈ 3 ਅਕਤੂਬਰ ਨੂੰ ਕਾਲੇ ਦਿਵਸ ਵਜੋਂ ਮਨਾਉਣ ਅਤੇ 26 ਤੋਂ 28 ਨਵੰਬਰ ਤੱਕ ਹਰ ਰਾਜ ਦੀ ਰਾਜਧਾਨੀ ਵਿੱਚ ਰਾਜ ਭਵਨ ਦੇ ਸਾਹਮਣੇ ਵਿਰੋਧ ਦਾ ਆਯੋਜਨ ਕਰਨ ਸਮੇਤ ਦੇਸ਼ ਵਿਆਪੀ ਕਾਰਵਾਈ ਦਾ ਐਲਾਨ ਵੀ ਕੀਤਾ ਗਿਆ। ਦਸੰਬਰ 2023 ਅਤੇ ਜਨਵਰੀ 2024 ਲਈ ਵਿਸ਼ਾਲ ਵਿਰੋਧ ਕਾਰਵਾਈਆਂ ਦੀ ਵੀ ਯੋਜਨਾ ਹੈ।

ਦਿੱਲੀ ਏਅਰਪੋਰਟ 'ਤੇ ਟਲ਼ਿਆ ਵੱਡਾ ਹਾਦਸਾ

ਵਿਸਤਾਰਾ ਏਅਰਲਾਈਂਸ ਦੇ ਜਹਾਜ਼ਾਂ ਨੂੰ ਇੱਕੋ ਸਮੇਂ ਮਿਲੀ ਉਡਾਨ ਤੇ ਲੈਂਡਿੰਗ ਦੀ ਇਜਾਜ਼ਤ

ਨਵੀਂ ਦਿੱਲੀ, ਨਵੀਂ ਦਿੱਲੀ 23 ਅਗਸਤ (ਜਨ ਸ਼ਕਤੀ ਨਿਊਜ਼ ਬਿਊਰੋ )ਦਿੱਲੀ ਹਵਾਈ ਅੱਡੇ 'ਤੇ ਅੱਜ ਉਸ ਸਮੇਂ ਹਲਚਲ ਮਚ ਗਈ ਜਦੋਂ ਇੱਕੋ ਸਮੇਂ ਇੱਕੋ ਏਅਰਲਾਈਨਜ਼ ਦੇ ਦੋ ਜਹਾਜ਼ਾਂ ਨੂੰ ਉਡਾਣ ਭਰਨ ਤੇ ਉਤਰਨ ਦੀ ਇਜਾਜ਼ਤ ਮਿਲ ਗਈ। ਹਾਲਾਂਕਿ ਕੰਟਰੋਲ ਰੂਮ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਵਿਸਤਾਰਾ ਏਅਰਲਾਈਨਜ਼ ਦੀ ਇਕ ਫਲਾਈਟ ਨੂੰ ਬੁੱਧਵਾਰ ਸਵੇਰੇ ਏਟੀਸੀ ਤੋਂ ਦਿੱਲੀ ਏਅਰਪੋਰਟ 'ਤੇ ਲੈਂਡ ਕਰਨ ਦੀ ਇਜਾਜ਼ਤ ਮਿਲ ਗਈ, ਇਸ ਦੇ ਨਾਲ ਹੀ ਵਿਸਤਾਰਾ ਦੀ ਇਕ ਹੋਰ ਫਲਾਈਟ ਨੂੰ ਵੀ ਉਡਾਣ ਭਰਨ ਦੀ ਇਜਾਜ਼ਤ ਮਿਲ ਗਈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਏਟੀਸੀ ਵੱਲੋਂ ਸਮੇਂ ਸਿਰ ਹਦਾਇਤਾਂ ਦਿੱਤੀਆਂ ਗਈਆਂ ਤੇ ਉਡਾਣ ਭਰਨ ਵਾਲੀ ਫਲਾਈਟ ਦਾ ਸੰਚਾਲਨ ਰੋਕ ਦਿੱਤਾ ਗਿਆ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਵਿਸਤਾਰਾ ਦੀ ਫਲਾਈਟ UK725 ਦਿੱਲੀ ਤੋਂ ਬਾਗਡੋਗਰਾ ਲਈ ਉਡਾਣ ਭਰਨ ਵਾਲੀ ਸੀ, ਉਸੇ ਸਮੇਂ ਵਿਸਤਾਰਾ ਦੀ ਫਲਾਈਟ ਅਹਿਮਦਾਬਾਦ ਤੋਂ ਦਿੱਲੀ ਲੈਂਡ ਕਰਨ ਜਾ ਰਹੀ ਸੀ। ਇਹ ਦੋਵੇਂ ਉਡਾਣਾਂ ਸਮਾਨਾਂਤਰ ਰਨਵੇਅ 'ਤੇ ਚੱਲ ਰਹੀਆਂ ਸਨ। ਦੋਵੇਂ ਫਲਾਈਟਾਂ ਨੂੰ ਉਸੇ ਸਮੇਂ ਕਲੀਅਰੈਂਸ ਮਿਲ ਗਈ ਪਰ ਏਟੀਸੀ ਨੇ ਕੰਟਰੋਲ ਲੈਂਦੇ ਹੋਏ ਬਾਗਡੋਗਰਾ ਜਾ ਰਹੀ ਫਲਾਈਟ ਦੀ ਉਡਾਣ ਰੋਕ ਲਈ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ ਹੈ।

ਭਾਰਤ ਨੇ ਆਪਣੇ ਚੰਦ ਮਿਸ਼ਨ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਤੋਂ ਬਾਅਦ ਇਤਿਹਾਸ ਰਚ ਦਿੱਤਾ

ਨਵੀਂ ਦਿੱਲੀ 23 ਅਗਸਤ (ਜਨ ਸ਼ਕਤੀ ਨਿਊਜ਼ ਬਿਊਰੋ ) ਭਾਰਤ ਨੇ ਬੁੱਧਵਾਰ ਨੂੰ ਆਪਣੇ ਚੰਦ ਮਿਸ਼ਨ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਤੋਂ ਬਾਅਦ ਇਤਿਹਾਸ ਰਚ ਦਿੱਤਾ। ਇਸਰੋ ਨੇ ਆਪਣੇ ਲਾਈਵ ਪ੍ਰਸਾਰਣ ਵਿੱਚ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਦੇ ਚੰਦਰਯਾਨ-3 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 14 ਜੁਲਾਈ ਨੂੰ ਚੰਦਰਮਾ 'ਤੇ ਸਾਫਟ ਲੈਂਡਿੰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਾਂਚ ਕੀਤਾ ਗਿਆ ਸੀ।

ਚੰਦਰ ਦੇ ਦੱਖਣੀ ਧਰੁਵ ਨੂੰ ਲੈਂਡਿੰਗ ਸਾਈਟ ਵਜੋਂ ਚੁਣਿਆ ਗਿਆ ਸੀ ਕਿਉਂਕਿ ਇਸ ਵਿੱਚ ਪਰਛਾਵੇਂ ਵਾਲੇ ਟੋਇਆਂ ਦੇ ਅੰਦਰ ਪਾਣੀ ਅਤੇ ਬਰਫ਼ ਦੀ ਮੌਜੂਦਗੀ ਹੈ। ਚੰਦਰਯਾਨ 3 ਦੀ ਲੈਂਡਿੰਗ ਤੋਂ ਬਾਅਦ, ਵਿਕਰਮ ਲੈਂਡਰ ਚੰਦਰਮਾ ਦੀ ਸਤਹ ਦੀ ਬਣਤਰ, ਚੰਦਰਮਾ ਦੀ ਮਿੱਟੀ ਵਿੱਚ ਪਾਣੀ ਦੀ ਬਰਫ਼ ਦੀ ਮੌਜੂਦਗੀ, ਚੰਦਰਮਾ ਦੇ ਪ੍ਰਭਾਵਾਂ ਦੇ ਇਤਿਹਾਸ ਅਤੇ ਸਮੇਂ ਦੇ ਨਾਲ ਚੰਦਰਮਾ ਦਾ ਵਾਯੂਮੰਡਲ ਕਿਵੇਂ ਵਿਕਸਿਤ ਹੋਇਆ ਹੈ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਦਾਨ ਕਰੇਗਾ।

ਇਸਰੋ ਦੇ ਇਸ ਮਿਸ਼ਨ ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਆਪਣੇ ਇੱਕ ਸੰਬੋਧਨ ਵਿੱਚ ਕਿਹਾ ਕਿ ਇਸ ਮਿਸ਼ਨ ਤੋਂ ਬਾਅਦ ਹਰ ਭਾਰਤੀ ਦਾ ਸੀਨਾ ਮਾਣ ਨਾਲ ਉੱਚਾ ਹੋ ਗਿਆ ਹੈ।

 

ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਨੀਤੀਆਂ ਕੌਮਘਾਤੀ ਅਤੇ ਸਰਕਾਰ ਪ੍ਰਸਤ: ਜੀਕੇ

ਪੰਥਕ ਅਦਾਰੇ ਖ਼ਤਮ ਹੋਣ ਦੀ ਕਗਾਰ ਤੇ

ਨਵੀਂ ਦਿੱਲੀ 20 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਜਾਗੋ ਪਾਰਟੀ ਵੱਲੋਂ "ਸੰਗਤ ਮਿਲਣੀ" ਪ੍ਰੋਗਰਾਮ ਨਾਮ ਉਤੇ ਲੜੀਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਲੜੀ ਹੇਠ ਜਾਗੋ ਪਾਰਟੀ ਦੇ ਸੀਨੀਅਰ ਆਗੂ ਸ. ਬਖਸ਼ੀਸ਼ ਸਿੰਘ ਵੱਲੋਂ ਚਾਂਦ ਨਗਰ ਵਿਖੇ ਰੱਖੀ ਗਈ "ਸੰਗਤ ਮਿਲਣੀ" ਦੌਰਾਨ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਕਥਿਤ ਕੌਮਘਾਤੀ ਨੀਤੀਆਂ ਬਾਰੇ ਸੰਗਤਾਂ ਨੂੰ ਤਫਸੀਲ ਨਾਲ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਉਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਪੰਥਕ ਮਸਲਿਆਂ ਉਤੇ ਦਿੱਲੀ ਕਮੇਟੀ ਆਗੂਆਂ ਦੇ ਡੰਗ ਟਪਾਊ ਵਤੀਰੇ ਉਤੇ ਬੜੇ ਸਵਾਲ ਚੁੱਕੇ। ਜੀਕੇ ਨੇ ਗੁਰਦੁਆਰਾ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲ ਅੰਦਾਜੀ ਉਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਯਾਰ ਉਹ ਸਾਡੇ ਘਰ 'ਚ ਵੜ ਕੇ ਮਾਰਦੇ ਪਏ ਨੇ, ਪਰ ਦਿੱਲੀ ਕਮੇਟੀ ਬੋਲਦੀ ਨਹੀਂ ਪਈ। ਸ਼੍ਰੋਮਣੀ ਕਮੇਟੀ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਐਕਟ ਕ੍ਰਮਵਾਰ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਐਕਟ ਦੀ ਭੂਗੋਲਿਕ ਸਥਿਤੀ ਨੂੰ ਛਿੱਕੇ ਟੰਗ ਕੇ ਹਰਿਆਣਾ ਕਮੇਟੀ ਬਣਾ ਦਿੱਤੀ ਗਈ ਹੈ। ਇਸੇ ਤਰ੍ਹਾਂ ਹਜ਼ੂਰ ਸਾਹਿਬ ਐਕਟ ਨੂੰ ਮੁਅੱਤਲ ਕਰਕੇ ਸਰਕਾਰੀ ਪ੍ਰਸ਼ਾਸਕ ਨਿਯੁਕਤ ਕੀਤੇ ਜਾ ਰਹੇ ਹਨ। ਦਿੱਲੀ ਕਮੇਟੀ ਐਕਟ ਵਿਚ ਵੀ ਸੋਧ ਦੀ ਕਨਸੋਅ ਹੈ। ਸਰਕਾਰ ਸਿੱਖਾਂ ਕੋਲ ਗੁਰਦੁਆਰਿਆਂ ਦਾ ਪ੍ਰਬੰਧ ਖੋਹ ਕੇ ਆਪਣੇ ਏਜੰਟਾਂ ਕੋਲ ਰੱਖਣ ਦੀ ਜੁਗਤ ਵਿਚ ਲਗੀ ਹੋਈ ਹੈ। ਭਾਖੜਾ ਡੈਮ ਦੇ ਪ੍ਰਬੰਧਕੀ ਬੋਰਡ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦੀ ਹਿੱਸੇਦਾਰੀ ਖੋਹ ਲਈ ਗਈ ਹੈ। ਪੰਜਾਬ ਵਿਚ ਹੁਣ ਆਏ ਹੜ੍ਹਾ ਪਿਛੇ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਾਰਨ ਹਨ। ਯੂਨੀਫ਼ਾਰਮ ਸਿਵਿਲ ਕੋਡ ਉਤੇ ਦਿੱਲੀ ਕਮੇਟੀ ਦਾ ਰਵਈਆ ਸਰਕਾਰ ਪੱਖੀ ਹੈ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਆਰਥਿਕ ਮੰਦਹਾਲੀ ਲਈ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਗਲਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਜੀਕੇ ਨੇ ਕਿਹਾ ਕਿ ਮੇਰੇ ਅਸਤੀਫ਼ਾ ਦੇਣ ਤੋਂ ਬਾਅਦ ਹੁਣ 10000 ਬੱਚਾ ਸਕੂਲ ਛੱਡ ਗਿਆ ਹੈ। ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਤਾਂ ਛਡੋ ਇਹ ਹੁਣ ਤਨਖਾਹਾਂ ਦੇਣ ਲਈ ਮੁਹਤਾਜ ਹਨ। ਕੋਵਿਡ ਦੇ ਸਮੇਂ ਦੀ ਇੱਕ ਸਾਲ ਦੀ 40 ਫੀਸਦੀ ਤਨਖਾਹ ਸਕੂਲ ਸਟਾਫ ਨੂੰ ਮਿਲਣੀ ਬਾਕੀ ਹੈ। ਇਸ ਤੋਂ ਇਲਾਵਾ ਇਸ ਵੇਲੇ 5 ਕਰੋੜ ਰੁਪਏ ਮਹੀਨੇ ਦਾ ਸਕੂਲਾਂ ਦਾ ਘਾਟਾ ਅਤੇ 311 ਕਰੋੜ ਰੁਪਏ ਦੀ ਦੇਣਦਾਰੀ ਖੜ੍ਹੀ ਹੈ। ਮੇਰੇ ਸਮੇਂ ਅਸੀਂ ਤਨਖਾਹਾਂ ਵੀ ਸਮੇਂ ਉਤੇ ਦਿੱਤੀਆਂ ਹਨ, ਛੇਵਾਂ‌ ਤਨਖਾਹ ਕਮਿਸ਼ਨ ਵੀ ਲਾਗੂ ਕੀਤਾ ਸੀ ਅਤੇ ਛੇਵੇਂ ਤਨਖਾਹ ਕਮਿਸ਼ਨ ਦਾ 65 ਕਰੋੜ ਰੁਪਏ ਬਕਾਇਆ ਵੀ ਦਿੱਤਾ ਸੀ। ਜੀਕੇ ਨੇ ਦਾਅਵਾ ਕੀਤਾ ਕਿ 1984 ਦੇ ਇਨਸਾਫ਼ ਦੀ ਲੜਾਈ ਇਸ ਵੇਲੇ ਲੀਹੋਂ ਲੱਥ ਚੁੱਕੀ ਹੈ। ਅਸੀਂ ਜਨੂੰਨ ਨਾਲ ਲੜਾਈ ਲੜ ਕੇ ਸੱਜਣ ਕੁਮਾਰ ਨੂੰ ਜੇਲ੍ਹ ਭਿਜਵਾਇਆ ਸੀ। ਜਿਸ ਕਰਕੇ 5 ਸਾਲ ਤੋਂ ਸੱਜਣ ਕੁਮਾਰ ਜੇਲ੍ਹ ਵਿਚ ਬੰਦ ਹੈ। ਪਰ ਹੁਣ ਅਸੀਂ ਜਿਹੜਾ ਜਗਦੀਸ਼ ਟਾਈਟਲਰ ਨੂੰ ਕਾਨੂੰਨੀ ਘੇਰਾ ਪਾਕੇ ਲੈ ਕੇ ਆਏ ਸੀ, ਇਨ੍ਹਾਂ ਨੇ ਉਸ ਨੂੰ ਵੀ ਵਾਪਸ ਭਜਣ ਦਾ ਰਾਹ ਦੇ ਦਿੱਤਾ ਹੈ। ਪਹਿਲਾਂ ਇਹ ਟਾਈਟਲਰ ਨੂੰ ਜ਼ਮਾਨਤ ਲੈਣ ਤੋਂ ਨਹੀਂ ਰੋਕ ਪਾਏ ਤੇ ਫਿਰ ਹੁਣ ਟਾਈਟਲਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤਣ ਦਾ ਆਦੇਸ਼ ਵੀ ਕੋਰਟ ਤੋਂ ਲੈ ਗਿਆ ਹੈ। ਇਸ ਮੌਕੇ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਸਟੇਜ ਸੰਚਾਲਨ ਕੀਤਾ। ਸਾਬਕਾ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ, ਜਾਗੋ ਪਾਰਟੀ ਆਗੂ ਹਰਵਿੰਦਰ ਸਿੰਘ, ਪਰਮਜੀਤ ਸਿੰਘ ਮੱਕੜ, ਸੁਖਮਨ ਸਿੰਘ, ਚਰਨਪ੍ਰੀਤ ਸਿੰਘ ਭਾਟੀਆ, ਮਨਜੀਤ ਸਿੰਘ, ਤੇਜ਼ ਪ੍ਰਤਾਪ ਸਿੰਘ ਅਤੇ ਓਕਾਂਰਜੋਤ ਸਿੰਘ ਆਦਿਕ ਇਸ ਮੌਕੇ ਮੌਜੂਦ ਸਨ।

ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਸਦਮਾ

ਨਵੀਂ ਦਿੱਲੀ 20 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਮੌਜੂਦਾ ਸਿੱਖ ਸੰਘਰਸ਼ ਅੰਦਰ ਸੇਵਾ ਕਰ ਰਹੇ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ, ਜਦੋ ਓਹਨਾ ਦੇ ਮਾਮਾ ਜੀ ਸਰਦਾਰ ਬਾਰਾ ਸਿੰਘ ਗਿੱਲ ਦੇ ਸਪੁੱਤਰ ਹਰਜੀਤ ਸਿੰਘ ਗਿੱਲ ਇੱਕ ਟਰੱਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ, ਹਰਜੀਤ ਸਿੰਘ 1997 ਕਰੀਬ ਅਮਰੀਕਾ ਚਲੇ ਗਏ ਸਨ, ਉਥੇ ਉਹ ਲੰਮੇ ਸਮੇ ਤੋਂ ਟਰੱਕ ਚਲਾ ਰਹੇ ਸਨ ।
ਜਿਲ੍ਹਾ ਬਰਨਾਲਾ ਦੇ ਪਿੰਡ ਸਹੌਰ ਨਿਵਾਸੀ ਹਰਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਇਲਾਕੇ ਅਤੇ ਪੰਥ ਦੀਆ ਨਾਮਵਰ ਸਖਸੀਅਤਾਂ ਨੇ ਭਾਈ ਠੀਕਰੀਵਾਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁੱਖੀ ਦਮਦਮੀ ਟਕਸਾਲ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਲਖਵਿੰਦਰ ਸਿੰਘ ਨਰੰਗਵਾਲ, ਗਿਆਨੀ ਜੈਮਲ ਸਿੰਘ ਦਮਦਮੀ ਟਕਸਾਲ, ਭਾਈ ਰਵਿੰਦਰ ਸਿੰਘ ਸਟਾਕਟਨ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਸੁਖਚੈਨ ਸਿੰਘ ਅਤਲਾ, ਭਾਈ ਪ੍ਰਗਟ ਸਿੰਘ ਜਰਮਨੀ ਰਬੇਰੋ ਕਾਂਡ, ਭਾਈ ਮਨਦੀਪ ਸਿੰਘ ਪੁਰਤਗਾਲ, ਭਾਈ ਪ੍ਰਗਟ ਸਿੰਘ ਇੰਗਲੈਂਡ, ਪ੍ਰਵੇਸ਼ ਸ਼ਰਮਾ ਨਿਊਜੀਲੈਂਡ, ਭਾਈ ਗੁਰਭੇਜ ਸਿੰਘ ਕਨਾਡਾ, ਸਰਪੰਚ ਨਿਸ਼ਾਨ ਸਿੰਘ ਕਨੇਡਾ, ਭਾਈ ਗੁਰਪਤਾਪ ਸਿੰਘ ਕਨੇਡਾ, ਆਦਿ ਸਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।

ਐਸਜੀਪੀਸੀ ਆਜ਼ਾਦ ਤੇ ਖੁਦਮੁਖਤਿਆਰ ਸੰਸਥਾ, ਅਕਾਲ ਤਖਤ ਸਾਹਿਬ ਅਤੇ ਪੰਥ ਨੂੰ ਜੁਆਬਦੇਹ- ਪੀਤਮਪੁਰਾ

ਲਾਲਪੁਰਾ ਜੀ ਦਿੱਲੀ ਕਮੇਟੀ ਅੱਧੀਨ ਚਲ ਰਹੇ ਸਕੂਲ ਕਾਲਜ ਬਚਾਓ 

ਨਵੀਂ ਦਿੱਲੀ 06 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਯੂਥ ਅਕਾਲੀ ਦਲ ਦੇ ਦਿੱਲੀ ਤੋਂ ਸੀਨੀਅਰ ਆਗੂ ਸ. ਜਸਮੀਤ ਸਿੰਘ ਪੀਤਮਪੁਰਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਖ਼ਰੀਦੀ ਜ਼ਮੀਨ ਬਾਰੇ ਰਿਪੋਰਟ ਮੰਗਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਨੁਮਾਇੰਦਾ ਧਿਰ ਹੋਣ ਦੇ ਨਾਲ ਹੀ ਇਕ ਆਜ਼ਾਦ ਤੇ ਖੁਦਮੁਖਤਿਆਰ ਸੰਸਥਾ ਹੈ । ਜਿਸਦੇ ਨੁਮਾਇੰਦੇ ਸਿੱਖ ਕੌਮ ਦੁਆਰਾ ਚੁਣੇ ਜਾਂਦੇ ਹਨ । ਸ਼੍ਰੋਮਣੀ ਕਮੇਟੀ ਫੈਸਲੇ ਲੈਣ ਲਈ ਸੁਤੰਤਰ ਹੈ । ਜੇਕਰ ਉਹ ਜਵਾਬਦੇਹ ਹੈ ਤਾਂ ਸਿਰਫ ਤੇ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਕੌਮ ਨੂੰ ਹੈ । ਕਿਸੇ ਵੀ ਸਰਕਾਰ ਜਾਂ ਕਮਿਸ਼ਨ ਕੋਲ ਇਹ ਕੋਈ ਅਧਿਕਾਰ ਨਹੀਂ ਕਿ ਉਹ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਤੇ ਕਿੰਤੂ ਜਾਂ ਕੋਈ ਦਖਲਅੰਦਾਜ਼ੀ ਕਰੇ । 
ਸ. ਲਾਲਪੁਰਾ ਜੀ ਨੂੰ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੀ ਤਾਂ ਚਿੰਤਾ ਹੈ ਪਰ ਜੋ ਉਹਨਾਂ ਦੇ ਚਹੇਤਿਆਂ ਸਿਰਸਾ ਤੇ ਕਾਲਕਾ ਜੁੰਡਲੀ ਨੇ ਦਿੱਲੀ ਕਮੇਟੀ ਦੀ ਹਾਲਤ ਕੀਤੀ ਹੈ । ਉਹਦੇ ਬਾਰੇ ਲਾਲਪੁਰਾ ਜੀ ਕਦੋਂ ਬੋਲਣਗੇ ?
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਅੱਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਰਕਾਰੀ ਕੰਟਰੋਲ ‘ਚ ਜਾਣ ਨੂੰ ਤਿਆਰ ਹਨ, ਸਾਡੇ ਕਾਲਜ ਬੰਦ ਹੋਣ ਤੇ ਆ ਗਏ ਹਨ । ਨਿੱਤ ਨਵੇਂ ਘਪਲੇ ਸਾਹਮਣੇ ਆ ਰਹੇ ਹਨ । ਪਰ ਲਾਲਪੁਰਾ ਜੀ ਨੂੰ ਉਹ ਨਜ਼ਰ ਨਹੀਂ ਆ ਰਹੇ । ਕਿਉਂਕਿ ਉਹ ਲੋਕ ਇਹਨਾਂ ਦੇ ਨੇੜਲੇ ਅਤੇ ਚਹੇਤੇ ਹੋਣ ਦੇ ਨਾਲ ਸਰਕਾਰੀ ਭਾਈਵਾਲ ਵੀਂ ਹਨ। 
ਉਨ੍ਹਾਂ ਗੰਭੀਰ ਹੁੰਦਿਆਂ ਕਿਹਾ ਕਿ ਜੇਕਰ ਲਾਲਪੁਰਾ ਜੀ ਸਚਮੁਚ ਸਿੱਖ ਹਿਤਾਂ ਲਈ ਸੁਹਿਰਦ ਹਨ ਤਾਂ ਉਹਨਾਂ ਨੂੰ ਦਿੱਲੀ ਕਮੇਟੀ ‘ਚ ਹੋ ਰਹੀ ਲੁੱਟ ਬਾਰੇ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ ।

ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਭਾਉਪੁਰ ਵਿਖੇ ਹੜ ਪੀੜੀਤਾਂ ਦੀ ਮਦਦ ਲਈ ਲਗਾਇਆ ਗਿਆ ਦਵਾਈਆਂ ਦਾ ਲੰਗਰ

 ਦਿੱਲੀ ਅਖੰਡ ਕੀਰਤਨ ਸਮਾਗਮ 18 ਅਕਤੂਬਰ ਤੋਂ 24 ਅਕਤੂਬਰ ਤਕ

ਨਵੀਂ ਦਿੱਲੀ 06 ਅਗਸਤ (ਮਨਪ੍ਰੀਤ ਸਿੰਘ ਖਾਲਸਾ)- ਸਿੱਖ ਪੰਥ ਦੀ ਅਹਿਮ ਜਥੇਬੰਦੀ ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਪੰਜਾਬ ਹਰਿਆਣਾ ਵਿਖੇ ਆਈ ਹੜ ਵਿਚ ਪੀੜਿਤ ਹੋਏ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ । ਜੱਥੇ ਦੇ ਸਾਬਕਾ ਮੁੱਖ ਸੇਵਾਦਾਰ ਅਤੇ 31 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਰਵਿੰਦਰ ਸਿੰਘ ਰਾਜਾ ਜੀ ਅਤੇ ਉਨ੍ਹਾਂ ਦੀ ਟੀਮ ਵਲੋਂ ਬੀਤੇ ਦਿਨੀਂ ਚੀਕਾ ਦੇ ਭਾਉਪੁਰ ਵਿਖੇ ਜਰੂਰਤਮੰਦ ਪਰਿਵਾਰਾਂ ਨੂੰ ਦਵਾਈਆਂ, ਆਟਾ, ਮਸਾਲੇ, ਬੁਰਸ਼, ਪੇਸਟ, ਸਾਬਣ, ਤੇਲ, ਓਆਰਐਸ, ਆਈ ਫਲੂ ਦੇ ਡਰਾਪਸ, ਪੈਡ ਅਤੇ ਹੋਰ ਜਰੂਰਤ ਦਾ ਸਮਾਣ ਦੇ ਕੇ ਮਦਦ ਕੀਤੀ ਗਈ । ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਦਸਿਆ ਕਿ ਅਖੰਡ ਕੀਰਤਨੀ ਜੱਥੇ ਦੇ ਬਾਨੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਜੱਥੇ ਨੂੰ ਬਣਾਉਂਦਿਆਂ ਕੁਝ ਉਦੇਸ਼ ਵੀਂ ਬਣਾਏ ਸਨ । ਕਿਰਤ ਕਰਣੀ, ਨਿਸ਼ਕਾਮ ਬਾਣੀ ਬਾਣੇ ਦਾ ਪ੍ਰਚਾਰ ਪ੍ਰਸਾਰ ਅਤੇ ਜਰੂਰਤਮੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ । ਅਸੀ ਉਨ੍ਹਾਂ ਵਲੋਂ ਪਾਏ ਪੁਰਨਿਆ ਤੇ ਚੱਲਦੇ ਹੋਏ ਅਕਾਲ ਪੁਰਖ ਜੋ ਸਾਡੇ ਕੋਲੋਂ ਸੇਵਾ ਲੈਂਦੇ ਹਨ ਕਰਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਲੋੜ ਪੈਣ ਤੇ ਅੱਗੇ ਵੀਂ ਪੰਥਕ ਸੇਵਾਵਾਂ ਵਿਚ ਮੋਹਰੀ ਹੋ ਕੇ ਸੇਵਾ ਕਰਦੇ ਰਹਾਂਗੇ । ਉਨ੍ਹਾਂ ਕਿਹਾ ਕਿ ਪੰਥਕ ਸੇਵਾਵਾਂ ਵਿਚ ਜਿਹੜੇ ਵੀਰ ਭੈਣਾਂ ਸਾਡਾ ਸਾਥ ਦੇ ਰਹੇ ਹਨ, ਅਸੀ ਉਨ੍ਹਾਂ ਦੇ ਧੰਨਵਾਦੀ ਹਾਂ ਤੇ ਉਮੀਦ ਕਰਦੇ ਹਾਂ ਕਿ ਓਹ ਅੱਗੇ ਵੀਂ ਸਾਡੇ ਨਾਲ ਹਰ ਦੁੱਖ ਸੁਖ ਦੇ ਸਮੇਂ ਸਾਥ ਦੇਂਦੇ ਰਹਿਣਗੇ । ਪਟਿਆਲਾ ਦੇ ਪਿੰਡ ਆਲੋਵਾਲ ਵਿਖੇ ਯੂਨਾਇਟੇਡ ਸਿਖਸ ਵਲੋਂ ਬਹੁਤ ਵੱਡਾ ਦਵਾਈਆ ਦਾ ਕੈਪ ਲਗਾਇਆ ਗਿਆ ਸੀ ਤੇ ਉਨ੍ਹਾਂ ਵਲੋਂ ਜੱਥੇ ਦੇ ਸਿੰਘਾਂ ਦੀ ਮਦਦ ਕੀਤੀ ਗਈ ਸੀ ਤੇ ਜੱਥੇ ਵਲੋਂ ਉਨ੍ਹਾਂ ਨੂੰ ਵੀਂ ਜਰੂਰਤਮੰਦਾ ਨੂੰ ਦੇਣ ਲਈ ਦਵਾਈਆਂ ਅਤੇ ਹੋਰ ਲੋੜੀਂਦਾ ਸਮਾਣ ਦਿਤਾ ਗਿਆ ਸਨ । ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਅਤੇ ਭਾਈ ਅਰੁਣਪਾਲ ਸਿੰਘ ਨੇ ਦਸਿਆ ਕਿ ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰੇ ਸਾਹਿਬਾਨਾਂ ਵਿਖ਼ੇ ਦੁਸਹਿਰਾ ਦੀ ਛੁੱਟੀਆਂ ਵਿਚ ਹੋਣ ਵਾਲੇ ਅਖੰਡ ਕੀਰਤਨ ਸਮਾਗਮ 18 ਅਕਤੂਬਰ ਤੋਂ 24 ਅਕਤੂਬਰ ਤਕ ਹੋਣਗੇ । ਜਿਕਰਯੋਗ ਹੈ ਕਿ ਭਾਈ ਹਰਜਿੰਦਰ ਸਿੰਘ ਅਤੇ ਭਾਈ ਅਰੁਣਪਾਲ ਸਿੰਘ ਨੂੰ ਬੀਤੇ ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸਾਖੀ ਸਮਾਗਮ ਤੇ ਅਖੰਡ ਕੀਰਤਨੀ ਜੱਥੇ ਦੇ ਪੰਚਾ ਨੇ ਦਿੱਲੀ ਦੇ ਜੱਥੇ ਦੀ ਸਾਰ ਸੰਭਾਲ ਲਈ ਮੁੱਖ ਸੇਵਾਦਾਰ ਦੀ ਸੇਵਾ ਸੋਪੀ ਸੀ ਤਦ ਤੋਂ ਓਹ ਆਪਣੀ ਸੇਵਾ ਨਿਭਾ ਰਹੇ ਹਨ ।