ਵਿਸਤਾਰਾ ਏਅਰਲਾਈਂਸ ਦੇ ਜਹਾਜ਼ਾਂ ਨੂੰ ਇੱਕੋ ਸਮੇਂ ਮਿਲੀ ਉਡਾਨ ਤੇ ਲੈਂਡਿੰਗ ਦੀ ਇਜਾਜ਼ਤ
ਨਵੀਂ ਦਿੱਲੀ, ਨਵੀਂ ਦਿੱਲੀ 23 ਅਗਸਤ (ਜਨ ਸ਼ਕਤੀ ਨਿਊਜ਼ ਬਿਊਰੋ )ਦਿੱਲੀ ਹਵਾਈ ਅੱਡੇ 'ਤੇ ਅੱਜ ਉਸ ਸਮੇਂ ਹਲਚਲ ਮਚ ਗਈ ਜਦੋਂ ਇੱਕੋ ਸਮੇਂ ਇੱਕੋ ਏਅਰਲਾਈਨਜ਼ ਦੇ ਦੋ ਜਹਾਜ਼ਾਂ ਨੂੰ ਉਡਾਣ ਭਰਨ ਤੇ ਉਤਰਨ ਦੀ ਇਜਾਜ਼ਤ ਮਿਲ ਗਈ। ਹਾਲਾਂਕਿ ਕੰਟਰੋਲ ਰੂਮ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਵਿਸਤਾਰਾ ਏਅਰਲਾਈਨਜ਼ ਦੀ ਇਕ ਫਲਾਈਟ ਨੂੰ ਬੁੱਧਵਾਰ ਸਵੇਰੇ ਏਟੀਸੀ ਤੋਂ ਦਿੱਲੀ ਏਅਰਪੋਰਟ 'ਤੇ ਲੈਂਡ ਕਰਨ ਦੀ ਇਜਾਜ਼ਤ ਮਿਲ ਗਈ, ਇਸ ਦੇ ਨਾਲ ਹੀ ਵਿਸਤਾਰਾ ਦੀ ਇਕ ਹੋਰ ਫਲਾਈਟ ਨੂੰ ਵੀ ਉਡਾਣ ਭਰਨ ਦੀ ਇਜਾਜ਼ਤ ਮਿਲ ਗਈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਏਟੀਸੀ ਵੱਲੋਂ ਸਮੇਂ ਸਿਰ ਹਦਾਇਤਾਂ ਦਿੱਤੀਆਂ ਗਈਆਂ ਤੇ ਉਡਾਣ ਭਰਨ ਵਾਲੀ ਫਲਾਈਟ ਦਾ ਸੰਚਾਲਨ ਰੋਕ ਦਿੱਤਾ ਗਿਆ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਵਿਸਤਾਰਾ ਦੀ ਫਲਾਈਟ UK725 ਦਿੱਲੀ ਤੋਂ ਬਾਗਡੋਗਰਾ ਲਈ ਉਡਾਣ ਭਰਨ ਵਾਲੀ ਸੀ, ਉਸੇ ਸਮੇਂ ਵਿਸਤਾਰਾ ਦੀ ਫਲਾਈਟ ਅਹਿਮਦਾਬਾਦ ਤੋਂ ਦਿੱਲੀ ਲੈਂਡ ਕਰਨ ਜਾ ਰਹੀ ਸੀ। ਇਹ ਦੋਵੇਂ ਉਡਾਣਾਂ ਸਮਾਨਾਂਤਰ ਰਨਵੇਅ 'ਤੇ ਚੱਲ ਰਹੀਆਂ ਸਨ। ਦੋਵੇਂ ਫਲਾਈਟਾਂ ਨੂੰ ਉਸੇ ਸਮੇਂ ਕਲੀਅਰੈਂਸ ਮਿਲ ਗਈ ਪਰ ਏਟੀਸੀ ਨੇ ਕੰਟਰੋਲ ਲੈਂਦੇ ਹੋਏ ਬਾਗਡੋਗਰਾ ਜਾ ਰਹੀ ਫਲਾਈਟ ਦੀ ਉਡਾਣ ਰੋਕ ਲਈ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ ਹੈ।