ਐਡਵੋਕੇਟ ਜਨਰਲ ਵੱਲੋਂ ਆਪਣੀ ਤਨਖ਼ਾਹ ਨਸ਼ਾ ਪੀੜਤਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਦਾਨ ਦੇਣ ਦਾ ਅਹਿਦ
ਅੰਮ੍ਰਿਤਸਰ ਦੇ ਪਿੰਡ ਮਕਬੂਲਪੁਰਾ ਤੋਂ ਹੋਵੇਗੀ ਇਸ ਨੇਕ ਕਾਰਜ ਦੀ ਸ਼ੁਰੂਆਤ
ਚੰਡੀਗੜ੍ਹ , 19 ਮਾਰਚ ( ਜਨ ਸ਼ਕਤੀ ਨਿਊਜ਼ ਬਿਊਰੋ ) ਅਨਮੋਲ ਰਤਨ ਸਿੰਘ ਸਿੱਧੂ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣ ਗਏ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ਅਨਮੋਲ ਰਤਨ ਸਿੰਘ ਸਿੱਧੂ (Anmol Rattan Sidhu ) ਨੂੰ ਪੰਜਾਬ ਦਾ ਸਰਵਉੱਚ ਕਾਨੂੰਨ ਅਧਿਕਾਰੀ ਐਡਵੋਕੇਟ ਜਨਰਲ ਨਿਯੁਕਤ ਕੀਤਾ ਜਾ ਚੁੱਕਾ ਹੈ। ਇਸ ਦਾ ਨੋਟੀਫਿਕੇਸ਼ਨ ਵੀ ਸ਼ਨਿਚਰਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਤਨਖ਼ਾਹ ਸਬੰਧੀ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਇਕ ਰੁਪਿਆ ਤਨਖ਼ਾਹ ਲੈਣਗੇ ਤੇ ਬਾਕੀ ਸਾਰੀ ਤਨਖ਼ਾਹ ਦਾਨ ਕਰ ਦੇਣਗੇ। ਇਕ ਅੰਗਰੇਜ਼ੀ ਅਖ਼ਬਾਰ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਪੰਜਾਬ ਦੇ ਨਵ-ਨਿਯੁਕਤ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਉਹ ਕਾਨੂੰਨੀ ਫੀਸ ਵਜੋਂ ਸਿਰਫ 1 ਰੁਪਏ ਲੈਣਗੇ ਤੇ ਸਰਕਾਰ ਨਾਲ ਮਿਲ ਕੇ ਕੰਮ ਕਰਦੇ ਹੋਏ ਅਤੇ ਪੂਰੀ ਪਾਰਦਰਸ਼ਤਾ ਨਾਲ ਕੇਸਾਂ ਦਾ ਨਿਪਟਾਰਾ ਕਰਦੇ ਹੋਏ ਰਾਜ ਦੇ ਖਰਚਿਆਂ ਦਾ ਬੋਝ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਵਜੋਂ ਉਨ੍ਹਾਂ ਨੂੰ ਜਿੰਨੀ ਵੀ ਤਨਖ਼ਾਹ ਮਿਲੇਗੀ ਉਸ ਨੂੰ ਡਰੱਗ ਪੀੜਤਾਂ ਦੇ ਇਲਾਜ 'ਚ ਲਈ ਦਾਨ ਕਰਨਗੇ। ਉਹ ਇਸਦੀ ਸ਼ੁਰੂਆਤ ਮਕਬੂਲਪੁਰਾ ਪਿੰਡ ਤੋਂ ਅੰਮ੍ਰਿਤਸਰ ਪੂਰਬੀ ਹਲਕੇ ਤੋਂਵਿਧਾਇਕਾ ਜੀਵਨ ਜੋਤ ਕੌਰ ਦੀ ਅਗਵਾਈ 'ਚ ਕਰਨਗੇ। ਵਕੀਲ ਵਜੋਂ ਆਪਣੇ ਲੰਬੇ ਤੇ ਸ਼ਾਨਦਾਰ ਕਰੀਅਰ ਦੌਰਾਨ ਅਨਮੋਲ ਰਤਨ ਸਿੱਧੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਸਾਹਮਣੇ ਸੰਵਿਧਾਨਕ, ਫੌਜਦਾਰੀ, ਸਿਵਲ, ਸੇਵਾ ਅਤੇ ਜ਼ਮੀਨੀ ਮਾਮਲਿਆਂ 'ਚ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲਿਆ। 1 ਮਈ, 1958 (ਮਜ਼ਦੂਰ ਦਿਵਸ) ਨੂੰ ਇੱਕ ਕਿਸਾਨ ਪਰਿਵਾਰ ਵਿੱਚ ਜਨਮੇ, ਅਨਮੋਲ ਰਤਨ ਸਿੱਧੂ ਨੇ 1975 ਵਿੱਚ ਚੰਡੀਗੜ੍ਹ ਸ਼ਿਫਟ ਹੋਣ ਤੋਂ ਪਹਿਲਾਂ ਅਤੇ ਸਰਕਾਰੀ ਕਾਲਜ, ਸੈਕਟਰ-11 'ਚ ਦਾਖਲਾ ਲੈਣ ਤੋਂ ਪਹਿਲਾਂ ਇਕ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ।