ਲੁਧਿਆਣਾ, 20 ਮਈ (ਰਣਜੀਤ ਸਿੱਧਵਾਂ) : ਪਸ਼ੂ ਪਾਲਣ ਕਿੱਤਿਆਂ ਰਾਹੀਂ ਕਿਸਾਨ ਦੀ ਆਰਥਿਕਤਾ ਨੂੰ ਬਿਹਤਰ ਕੀਤਾ ਜਾ ਸਕਦਾ ਹੈ।ਇਹ ਕਿੱਤੇ ਕਿਸਾਨ ਨੂੰ ਰੋਜ਼ਾਨਾ ਕਮਾਈ ਦੇਣ ਦੇ ਸਮਰੱਥ ਹਨ।ਇਸ ਲਈ ਸਾਨੂੰ ਪਸ਼ੂ ਧਨ ਕਿੱਤਿਆਂ ਦੀ ਬਿਹਤਰੀ ਅਤੇ ਉਨਤੀ ਵਾਸਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਰਗੀ ਸੰਸਥਾ ਤੋਂ ਫਾਇਦਾ ਲੈਣਾ ਚਾਹੀਦਾ ਹੈ। ਇਹ ਵਿਚਾਰ ਸ. ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਰਵਾਸੀ ਭਾਰਤੀ ਮਾਮਲੇ, ਪੰਜਾਬ ਸਰਕਾਰ ਨੇ ਅੱਜ ਯੂਨੀਵਰਸਿਟੀ ਦੇ ਪਲੇਠੇ ਦੌਰੇ ਦੌਰਾਨ ਸਾਂਝੇ ਕੀਤੇ। ਸ. ਧਾਲੀਵਾਲ ਨੇ ਯੂਨੀਵਰਸਿਟੀ ਵਿਖੇ ਜਲਵਾਯੂ ਅਨੁਕੂਲ ਪਸ਼ੂ ਸ਼ੈੱਡ ਅਤੇ ਕਾਲਜ ਆਫ਼ ਫ਼ਿਸ਼ਰੀਜ਼ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਪਸ਼ੂਧਨ ਕਿੱਤਿਆਂ ਵਿਚ ਸਾਲਾਨਾ 8 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਹੋ ਰਿਹਾ ਹੈ ਜਦਕਿ ਖੇਤੀਬਾੜੀ ਵਿੱਚ ਇਹ ਵਾਧਾ ਦਰ 3.4 ਪ੍ਰਤੀਸ਼ਤ ਹੈ, ਇਸ ਲਈ ਸਾਨੂੰ ਪਸ਼ੂਧਨ ਕਿੱਤਿਆਂ ਵਿੱਚ ਬਿਹਤਰ ਨਸਲ ਦੇ ਪਸ਼ੂ ਲਿਆ ਕੇ ਵਧੇਰੇ ਉਤਪਾਦਨ ਲੈਣਾ ਚਾਹੀਦਾ ਹੈ ਅਤੇ ਦੁੱਧ ਅਤੇ ਪਸ਼ੂਧਨ ਉਤਪਾਦਾਂ ਦੀ ਪ੍ਰਾਸੈਸਿੰਗ ਕਰਕੇ ਕਿਸਾਨ ਦਾ ਮੁਨਾਫ਼ਾ ਵਧਾਉਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਪਸ਼ੂ ਧਨ ਖੇਤਰ ਵਿੱਚ ਸਰਕਾਰ ਨੂੰ ਹੋਰ ਸਰਮਾਇਆ ਨਿਵੇਸ਼ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਕਿਸਾਨਾਂ ਦੀ ਬਿਹਤਰੀ ਲਈ ਵਧੇਰੇ ਕੰਮ ਕੀਤਾ ਜਾ ਸਕੇ। ਸ. ਧਾਲੀਵਾਲ ਨੇ 150 ਪਸ਼ੂਆਂ ਦੇ ਜਲਵਾਯੂ ਅਨੁਕੂਲ ਪਸ਼ੂ ਸ਼ੈਡ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਡੇਅਰੀ ਕਿੱਤੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਯੂਨੀਵਰਸਿਟੀ ਵੱਲੋਂ ਇਸ ਕਿਸਮ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਕਿਸਾਨਾਂ ਲਈ ਵੀ ਇਸ ਕਿਸਮ ਦੇ ਨਮੂਨੇ ਦੇ ਸ਼ੈਡ ਬਨਾਉਣ ਲਈ ਯੂਨੀਵਰਸਿਟੀ ਤਕਨੀਕ ਵਿਕਸਤ ਕਰੇ।ਇਹ ਪ੍ਰਾਜੈਕਟ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਵਿਤੀ ਸਹਿਯੋਗ ਨਾਲ ਲਗਾਇਆ ਗਿਆ ਹੈ ਅਤੇ ਇਸ ਵਿਚ ਨਾਬਾਰਡ ਬੈਂਕ ਅਤੇ ਪੰਜਾਬ ਸਟੇਟ ਕਾਊਂਸਲ ਆਫ਼ ਸਾਇੰਸ ਅਤੇ ਤਕਨਾਲੋਜੀ ਵੱਲੋਂ ਯੋਗਦਾਨ ਪਾਇਆ ਗਿਆ ਹੈ।250 ਫੁੱਟ ਲੰਮਾ ਅਤੇ 85 ਫੁੱਟ ਚੌੜਾ ਇਹ ਸ਼ੈੱਡ ਪਸ਼ੂਆਂ ਲਈ ਬੜਾ ਆਰਾਮਦਾਇਕ ਵਸੇਬਾ ਬਣਦਾ ਹੈ ਜਿਸ ਵਿੱਚ ਪੱਖੇ, ਪਾਣੀ ਫੁਹਾਰੇ ਅਤੇ ਹੋਰ ਤਕਨੀਕਾਂ ਨਾਲ ਅੰਦਰੂਨੀ ਤਾਪਮਾਨ 5 ਤੋਂ 7 ਡਿਗਰੀ ਘਟਾਇਆ ਜਾ ਸਕਦਾ ਹੈ।ਅਜਿਹੇ ਸ਼ੈੱਡ ਵਿੱਚ ਕਾਮਿਆਂ ਦੀ ਲੋੜ ਵੀ ਘੱਟ ਪੈਂਦੀ ਹੈ ਅਤੇ ਸੁਖਾਵੇਂ ਵਾਤਾਵਰਣ ਵਿੱਚ ਪਸ਼ੂ ਵੱਧ ਉਤਪਾਦਨ ਦਿੰਦੇ ਹਨ। ਕਾਲਜ ਆਫ਼ ਫ਼ਿਸ਼ਰੀਜ਼ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸੂਬੇ ਵਿੱਚ ਮੱਛੀ ਉਤਪਾਦਾਂ ਦੀ ਮੰਡਕਾਰੀ ਦੀ ਬਹੁਤ ਸੰਭਾਵਨਾ ਹੈ ਇਸ ਲਈ ਇਸ ਖੇਤਰ ਵਿੱਚ ਹੁਨਰਮੰਦ ਕਿਰਤੀਆਂ ਅਤੇ ਪੇਸ਼ੇਵਰਾਂ ਨੂੰ ਬਿਹਤਰ ਸਿਖਲਾਈ ਦੇਣ ਲਈ ਇਹ ਕਾਲਜ ਹੋਰ ਵਧੇਰੇ ਯੋਗਦਾਨ ਪਾਵੇਗਾ।ਉਨ੍ਹਾਂ ਨੇ ਫ਼ਿਸ਼ਰੀਜ਼ ਕਾਲਜ ਦੇ ਤਜਰਬਾ ਖੇਤਰ ਅਤੇ ਮੱਛੀ ਤਲਾਬਾਂ ਦਾ ਵੀ ਦੌਰਾ ਕੀਤਾ।ਯੂਨੀਵਰਸਿਟੀ ਦਾ ਇਹ ਕਾਲਜ ਮੱਛੀ ਪਾਲਣ ਸੰਬੰਧੀ ਸਿੱਖਿਆ ਦੇਣ ਵਿੱਚ ਇਕ ਮੋਹਰੀ ਸੰਸਥਾ ਬਣ ਕੇ ਉਭਰਿਆ ਹੈ।ਪੰਜਾਬ ਦੇ ਖਾਰੇ ਪਾਣੀ ਵਾਲੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਸੇਮ ਤੋਂ ਪ੍ਰਭਾਵਿਤ ਜ਼ਮੀਨਾਂ ਨੂੰ ਮੱਛੀ ਪਾਲਣ ਲਈ ਵਰਤ ਕੇ ਇਸ ਕਾਲਜ ਨੇ ਇਕ ਨਵੀਂ ਸ਼ੁਰੂਆਤ ਕੀਤੀ ਸੀ।ਇਸ ਕਾਲਜ ਵੱਲੋਂ ਝੀਂਗਾ ਪਾਲਣ ਨੂੰ ਵੀ ਬਹੁਤ ਉੱਚ ਪੱਧਰ ’ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ।ਜਿਸ ਨਾਲ ਹਜ਼ਾਰਾਂ ਏਕੜ ਜ਼ਮੀਨ ਵਰਤੋਂ ਵਿੱਚ ਲਿਆਂਦੀ ਗਈ ਹੈ।
ਸ. ਧਾਲੀਵਾਲ ਨੂੰ ਬਹੁ-ਵਿਸ਼ੇਸ਼ਤਾ ਵੈਟਨਰੀ ਹਸਪਤਾਲ ਦਾ ਵੀ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੂੰ ਜਾਨਵਰਾਂ ਦੇ ਇਲਾਜ ਪ੍ਰਤੀ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਜਿਵੇਂ ਡਾਇਲਸਿਸ ਇਕਾਈ, ਨਿਰੀਖਣ ਵਿਧੀਆਂ ਅਤੇ ਬਾਕੀ ਸੇਵਾਵਾਂ ਬਾਰੇ ਚਾਨਣਾ ਪਾਇਆ ਗਿਆ।ਹਸਪਤਾਲ ਵਿਖੇ ਹੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਚੰਗੀ ਰੁਚੀ ਵਿਖਾਈ ਅਤੇ ਕਾਲਜਾਂ ਨੂੰ ਹੋਰ ਵਧੇਰੇ ਅਤੇ ਬਿਹਤਰ ਉਤਪਾਦ ਬਨਾਉਣ ਲਈ ਪ੍ਰੇਰਿਆ। ਉਨ੍ਹਾਂ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨਾਲ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਵੀ ਕੀਤੀ ਜਿਸ ਵਿੱਚ ਪਸ਼ੂ ਪਾਲਣ ਕਿੱਤਿਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਰਾਹਿਆ ਅਤੇ ਨਿਮਨ ਤੇ ਮੱਧਵਰਗੀ ਕਿਸਾਨਾਂ ਨੂੰ ਵੀ ਉੱਪਰ ਚੁੱਕਣ ਲਈ ਨਵੀਆਂ ਨੀਤੀਆਂ ਤਿਆਰ ਕਰਨ ਲਈ ਕਿਹਾ।