ਕਿਉਂਕਿ ਹੁਕਮਰਾਨ ਜਨਤਾ ਨੂੰ ਅੱਜ ਤੱਕ ਰੋਟੀ, ਕੱਪੜਾ, ਮਕਾਨ ਮੁਹੱਈਆ ਨਹੀਂ ਕਰ ਸਕੇ: ਮਾਨ
ਨਵੀਂ ਦਿੱਲੀ, 24 ਅਗਸਤ (ਮਨਪ੍ਰੀਤ ਸਿੰਘ ਖਾਲਸਾ):- “ਜੋ ਚੰਦਰਮਾ ਉਪਗ੍ਰਹਿ ਉਤੇ ਇੰਡੀਆ ਦੀ ਚੰਦਰਯਾਨ-3 ਪੁਲਾੜ ਯਾਤਰਾ ਪਹੁੰਚੀ ਹੈ ਅਤੇ ਕਾਮਯਾਬੀ ਪ੍ਰਾਪਤ ਕੀਤੀ ਹੈ, ਇਹ ਇਕ ਵੱਡਾ ਉੱਦਮ ਹੈ । ਪਰ ਜੇਕਰ ਕਿਸੇ ਮੁਲਕ ਦੇ ਹੁਕਮਰਾਨ ਅਜਿਹੀਆ ਵੱਡੀਆਂ ਮਹਾਨ ਪੁਲਾਘਾ ਪੁੱਟ ਲੈਣ, ਲੇਕਿਨ ਬੀਤੇ 1947 ਤੋਂ ਲੈਕੇ ਅੱਜ ਤੱਕ ਆਪਣੇ ਮੁਲਕ ਨਿਵਾਸੀਆ ਨਾਲ ਕੀਤੇ ਗਏ ਰੋਟੀ, ਕੱਪੜਾ, ਮਕਾਨ ਆਦਿ ਮੁੱਢਲੀਆ ਸਹੂਲਤਾਂ ਦੇਣ ਦੇ ਵਾਅਦਿਆ ਨੂੰ ਹੀ ਪੂਰਾ ਨਾ ਕਰ ਸਕਣ ਤਾਂ ਅਜਿਹੇ ਵੱਡੇ ਉੱਦਮ ਵੀ, ਗਰੀਬਾਂ, ਲਤਾੜੇ ਮਜਲੂਮ ਵਰਗਾਂ ਤੇ ਘੱਟ ਗਿਣਤੀ ਕੌਮਾਂ ਲਈ ਮਹੱਤਵਹੀਣ ਹੋ ਜਾਂਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਗ੍ਰਹਿ ਚੰਦ ਉਤੇ ਇੰਡੀਆ ਦੀ ਕਾਮਯਾਬ ਪੁਲਾੜ ਯਾਤਰਾ ਦੇ ਪਹੁੰਚਣ ਉਤੇ ਇਸਨੂੰ ਵੱਡਾ ਉੱਦਮ ਕਰਾਰ ਦਿੰਦੇ ਹੋਏ ਪਰ ਆਪਣੇ ਮੁਲਕ ਨਿਵਾਸੀਆ ਦੇ ਹੇਠਲੇ ਜੀਵਨ ਪੱਧਰ ਨੂੰ ਸੁਧਾਰਨ ਵਿਚ ਕੋਈ ਜਿੰਮੇਵਾਰੀ ਨਾ ਨਿਭਾਉਣ ਦੀ ਗੱਲ ਕਰਦੇ ਹੋਏ ਅਜਿਹੇ ਵੱਡੇ ਉੱਦਮ ਹੋਣ ਤੇ ਵੀ ਮਹੱਤਵਹੀਣ ਹੋ ਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੇ ਜਵਾਹਰ ਲਾਲ ਨਹਿਰੂ ਤੋ ਲੈਕੇ ਅੱਜ ਤੱਕ ਦੇ ਹੁਕਮਰਾਨਾਂ ਨੇ ਇਥੋ ਦੇ ਨਿਵਾਸੀਆ ਦੇ ਜੀਵਨ ਪੱਧਰ ਨੂੰ ਸਹੀ ਕਰਨ ਲਈ, ਉਨ੍ਹਾਂ ਨੂੰ ਸਰਕਾਰ ਵੱਲੋ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਜਿਵੇ ਰੋਟੀ, ਕੱਪੜਾਂ, ਮਕਾਨ, ਮੁਫਤ ਵਿਦਿਆ, ਸਿਹਤ ਸਹੂਲਤਾਂ, ਪੀਣ ਵਾਲਾ ਸਾਫ ਪਾਣੀ ਆਦਿ ਦੀ ਜਿੰਮੇਵਾਰੀ ਤਾਂ ਅੱਜ ਤੱਕ ਇਹ ਹੁਕਮਰਾਨ ਪੂਰੇ ਨਹੀਂ ਕਰ ਸਕੇ । ਭਾਵੇਕਿ ਜੰਗੀ ਅਤੇ ਫ਼ੌਜੀ ਪੱਧਰ ਤੇ ਵੱਡੀਆ ਫ਼ੌਜਾਂ ਤੇ ਉਪਕਰਨ ਉਪਲੱਬਧ ਕਰ ਲਏ ਹਨ, ਚੰਦਰਮਾ ਉਤੇ ਪਹੁੰਚ ਗਏ ਹਨ । ਜਦੋ ਤੱਕ ਇਥੋ ਦੇ ਨਿਵਾਸੀਆ ਦੀ ਇਕ ਵੀ ਆਤਮਾ ਭੁੱਖਮਰੀ, ਗਰੀਬੀ, ਲਚਾਰੀ ਤੋ ਬੇਫਿਕਰ ਨਹੀ ਹੋ ਜਾਂਦੀ ਅਤੇ ਕਰੋੜਾਂ ਦੀ ਗਿਣਤੀ ਵਿਚ ਸੜਕਾਂ ਅਤੇ ਫੁੱਟਪਾਥਾਂ ਦੇ ਕਿਨਾਰਿਆ ਤੇ ਗਰਮੀ-ਸਰਦੀ ਵਿਚ ਇਥੋ ਦੇ ਨਿਵਾਸੀ ਭੁੱਖੇ ਸੌਣ ਦੀ ਮਜਬੂਰੀ ਤੋ ਸਰੂਖਰ ਨਹੀ ਹੋ ਜਾਂਦੇ, ਸਾਡੀਆ ਗਊਆ, ਮੱਝਾ ਕੂੜੇ ਕਰਕਟ ਵਿਚੋ ਪਲਾਸਟਿਕ ਖਾਂ ਕੇ ਢਿੱਡ ਭਰਨ ਦੀਆਂ ਕੋਸਿ਼ਸ਼ਾਂ ਕਰ ਰਹੀਆ ਹਨ ਅਤੇ ਅਸੀ ਇਨ੍ਹਾਂ ਗਊਆ ਦੀ ਅੱਜ ਤੱਕ ਸਾਂਭ ਹੀ ਨਹੀ ਕਰ ਸਕੇ ਤਾਂ ਅਜਿਹੀਆ ਵੱਡੀਆ ਉਪਲੱਬਧੀਆਂ ਵੀ ਨਿਰਾਰਥਕ ਹੋ ਕੇ ਰਹਿ ਜਾਂਦੀਆਂ ਹਨ ।
ਉਨ੍ਹਾਂ ਕਿਹਾ ਕਿ ਜਿਵੇ ਹਿਟਲਰ, ਮੋਸੋਲੀਨੀ, ਤੋਜੋ, ਔਰੰਗਜੇਬ ਅਤੇ ਇੰਦਰਾ ਗਾਂਧੀ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਜੁਲਮ ਕਰਦੇ ਰਹੇ ਹਨ, ਉਸੇ ਤਰ੍ਹਾਂ ਦੇ ਜ਼ਬਰ ਇੰਡੀਆ ਦੀ ਮੌਜੂਦਾ ਮੁਤੱਸਵੀ ਮੋਦੀ ਹਕੂਮਤ ਆਉਣ ਵਾਲੇ ਸਮੇ ਵਿਚ ਘੱਟ ਗਿਣਤੀ ਕਬੀਲਿਆ, ਕੌਮਾਂ, ਫਿਰਕਿਆ ਉਤੇ ਕਰੇਗੀ ਅਤੇ ਜੋ 1962, 2020 ਅਤੇ 2022 ਵਿਚ ਇੰਡੀਆ ਨੇ ਲਦਾਖ ਦੀ ਹਜਾਰਾਂ ਸਕੇਅਰ ਵਰਗ ਕਿਲੋਮੀਟਰ ਜਮੀਨ ਚੀਨ ਨੂੰ ਲੁਟਾਈ ਹੈ, ਉਸਦਾ ਸਾਹਮਣਾ ਕਰਨ ਤੇ ਉਹ ਜਮੀਨ ਵਾਪਸ ਲੈਣ ਤੋ ਇਹ ਹੁਕਮਰਾਨ ਕੰਨੀ ਕਤਰਾਉਦੇ ਰਹਿਣਗੇ । ਲਦਾਖ ਦੀ ਗੱਲ ਅਸੀ ਇਸ ਲਈ ਕੀਤੀ ਹੈ ਕਿ ਇਹ ਲਦਾਖ ਦਾ ਇਲਾਕਾ ਸਾਡੇ ਖ਼ਾਲਸਾ ਰਾਜ ਦਰਬਾਰ ਦਾ ਉਹ ਹਿੱਸਾ ਹੈ ਜਿਸਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਖ਼ਾਲਸਾ ਫੌਜਾਂ ਨੇ 1834 ਵਿਚ ਫ਼ਤਹਿ ਕਰਕੇ ਆਪਣੇ ਲਾਹੌਰ ਖਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਸੀ । ਇਹ ਹੋਰ ਵੀ ਅਫ਼ਸੋਸਨਾਕ ਅਤੇ ਦਿਸ਼ਾਹੀਣ ਅਮਲ ਹਨ ਕਿ ਹੁਕਮਰਾਨ 1947 ਤੋ ਬਾਅਦ ਸਾਡੀ ਇਸ ਫ਼ਤਹਿ ਕੀਤੇ ਗਏ ਇਲਾਕਿਆ ਨੂੰ ਇਕ ਨਹੀ ਰੱਖ ਸਕੇ ਅਤੇ ਆਪਣੀਆ ਕੰਮਜੋਰੀਆ ਕਾਰਨ ਲੁੱਟਾ ਦਿੱਤੇ ਗਏ । ਇਹ ਅਤਿ ਸ਼ਰਮਨਾਕ ਭਰੇ ਅਮਲ ਹਨ । ਉਨ੍ਹਾਂ ਕਿਹਾ ਕਿ ਕਿਥੇ ਇੰਡੀਆ ਨੇ ਚੰਦ ਉਤੇ ਛਾਲ ਮਾਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ ਅਤੇ ਕਿਥੇ ਹਜਾਰਾਂ ਸਕੇਅਰ ਵਰਗ ਕਿਲੋਮੀਟਰ ਸਾਡੀ ਸਿੱਖ ਬਾਦਸਾਹੀ ਦੀ ਜਮੀਨ ਚੀਨ ਨੂੰ ਲੁੱਟਾ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾ ਤਾਂ ਕਿਸੇ ਨੂੰ ਚੁਣੋਤੀ ਦਿੰਦੀ ਹੈ, ਨਾ ਡਰਾਉਦੀ ਹੈ ਅਤੇ ਨਾ ਹੀ ਕਿਸੇ ਤੋ ਕਿਸੇ ਤਰ੍ਹਾਂ ਦੇ ਡਰ-ਭੈ ਨੂੰ ਪ੍ਰਵਾਨ ਕਰਦੀ ਹੈ । ਕਿਉਂਕਿ Sikhs never forget, Sikhs never forgive, ਸਿੱਖ ਕੌਮ ਨਾ ਤਾਂ ਆਪਣੇ ਉਤੇ ਹੋਣ ਵਾਲੇ ਕਿਸੇ ਜ਼ਬਰ ਵਧੀਕੀ ਨੂੰ ਭੁੱਲਦੀ ਹੈ ਅਤੇ ਨਾ ਹੀ ਅਜਿਹੇ ਜ਼ਾਬਰਾਂ ਨੂੰ ਕਦੀ ਮੁਆਫ਼ ਕਰਦੀ ਹੈ ।