ਨਵੀਂ ਦਿੱਲੀ 24 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਐਨਆਈਏ ਮੋਹਾਲੀ ਕੋਰਟ ਨੇ ਖਾਲਿਸਤਾਨੀ ਖਾੜਕੂ ਭਾਈ ਰਣਜੀਤ ਸਿੰਘ ਨੀਟਾ ਨੂੰ ਅਲਟੀਮੇਟਮ ਜਾਰੀ ਕਰਦੇ ਹੋਏ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਹੈ। ਮੁਹਾਲੀ ਸਥਿਤ ਵਿਸ਼ੇਸ਼ ਐਨਆਈਏ ਅਦਾਲਤ ਨੇ ਉਨ੍ਹਾਂ ਨੂੰ ਆਤਮ ਸਮਰਪਣ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ। ਭਾਈ ਰਣਜੀਤ ਸਿੰਘ ਨੀਟਾ, ਖਾਲਿਸਤਾਨੀ ਜਿੰਦਾਬਾਦ ਫੌਰਸ ਦੇ ਮੌਜੂਦਾ ਮੁੱਖੀ ਹਨ, ਤੇ ਇਸ ਸਮੇਂ ਕਥਿਤ ਤੌਰ ਤੇ ਪਾਕਿਸਤਾਨ ਵਿੱਚ ਰਹਿਦੇ ਹੋਣ ਬਾਰੇ ਕਿਹਾ ਜਾ ਰਿਹਾ ਹੈ ।
ਐਨਆਈਏ ਅਦਾਲਤ ਵੱਲੋਂ ਜਾਰੀ ਨੋਟਿਸ ਵਿੱਚ ਲਿਖਿਆ ਗਿਆ ਹੈ, ਕਿ “ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਭਾਈ ਰਣਜੀਤ ਸਿੰਘ ਨੀਟਾ ਪੁੱਤਰ ਦਰਸ਼ਨ ਸਿੰਘ ਵਾਸੀ ਜੰਮੂ ਨੇ ਇਕ ਕੇਸ ਤਹਿਤ ਅਪਰਾਧ ਕੀਤਾ ਹੈ ਅਤੇ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ, ਜਦਕਿ ਭਾਈ ਨੀਟਾ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਭਾਈ ਨੀਟਾ ਦੇ ਫਰਾਰ ਹੋਣ ਨੂੰ ਦੇਖਦੇ ਹੋਏ ਉਸ ਨੂੰ ਮੋਹਾਲੀ ਦੀ ਐਨਆਈਏ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਨੋਟਿਸ ਵਿੱਚ ਕਿਹਾ ਗਿਆ ਹੈ, "ਉਕਤ ਸ਼ਿਕਾਇਤ ਦਾ ਜਵਾਬ 14.09.2023 ਤੱਕ ਜਾਂ ਅਜਿਹੀ ਘੋਸ਼ਣਾ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਪੇਸ਼ ਹੋਣ ਲਈ ਕਿਹਾ ਹੈ । ਭਾਈ ਨੀਟਾ ਦੇ ਖਿਲਾਫ ਜੰਮੂ ਦੇ ਸਿੰਬਲ ਇਲਾਕੇ 'ਚ ਨੋਟਿਸ ਜਾਰੀ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਭਾਈ ਨੀਟਾ ਦਾ ਨਾਂ ਕਈ ਖਾੜਕੂ ਕਾਰਵਾਈਆਂ ਵਿੱਚ ਦਰਜ਼ ਹੋਇਆ ਹੈ। ਇਨ੍ਹਾਂ ਵਿੱਚ ਦਸੰਬਰ 1996 ਵਿੱਚ ਅੰਬਾਲਾ ਨੇੜੇ ਜੇਹਲਮ ਐਕਸਪ੍ਰੈਸ ਵਿੱਚ ਬੰਬ ਧਮਾਕਾ ਅਤੇ ਅਪ੍ਰੈਲ ਅਤੇ ਜੂਨ 1997 ਵਿੱਚ ਪਠਾਨਕੋਟ ਵਿੱਚ ਦੋ ਬੱਸਾਂ ਵਿੱਚ ਬੰਬ ਧਮਾਕੇ, ਕਈ ਬੱਸ ਯਾਤਰੀਆਂ ਦੀ ਮੌਤ ਜਾਂ ਜ਼ਖਮੀ ਹੋਣਾ ਸ਼ਾਮਲ ਹੈ। ਭਾਈ ਨੀਟਾ ਨੂੰ ਜੂਨ 1998 'ਚ ਸ਼ਾਲੀਮਾਰ ਐਕਸਪ੍ਰੈੱਸ 'ਚ ਬੰਬ ਧਮਾਕਾ, ਨਵੰਬਰ 1999 'ਚ ਪਠਾਨਕੋਟ ਨੇੜੇ ਪੂਜਾ ਐਕਸਪ੍ਰੈੱਸ 'ਚ ਧਮਾਕਾ, 14 ਲੋਕਾਂ ਦੀ ਮੌਤ ਅਤੇ 42 ਦੇ ਜ਼ਖਮੀ ਹੋਣ, ਫਰਵਰੀ 2000 'ਚ ਸਿਆਲਦਾਹ ਐਕਸਪ੍ਰੈੱਸ 'ਚ ਹੋਏ ਧਮਾਕੇ 'ਚ ਵੀ ਕਥਿਤ ਤੌਰ 'ਤੇ ਸ਼ਾਮਲ ਦਸਿਆ ਜਾ ਰਿਹਾ ਹੈ, ਜਿਸ 'ਚ ਪੰਜ ਵਿਅਕਤੀ ਮਾਰੇ ਗਏ ਸਨ ਅਤੇ ਚਾਰ ਜ਼ਖਮੀ ਹੋ ਗਏ। ਫਰਵਰੀ 2000 ਵਿੱਚ ਦਿੱਲੀ ਦੇ ਪਹਾੜਗੰਜ ਸਥਿਤ ਕੈਲਾਸ਼ ਗੈਸਟ ਹਾਊਸ ਵਿੱਚ ਹੋਇਆ ਧਮਾਕਾ, ਜਿਸ ਵਿੱਚ ਅੱਠ ਵਿਅਕਤੀ ਜ਼ਖ਼ਮੀ ਹੋਏ ਸਨ, ਨੂੰ ਵੀ ਭਾਈ ਨੀਟਾ ਦਾ ਹੀ ਕੰਮ ਦੱਸਿਆ ਜਾਂਦਾ ਹੈ।