ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਰਨਾ ਭਰਾਵਾਂ ਕਮੇਟੀ ਦਾ ਹਿਸਾਬ ਕਿਤਾਬ ਚੈਕ ਕਰਣ ਦੀ ਸਿੱਧੀ ਚੁਣੌਤੀ
ਨਵੀਂ ਦਿੱਲੀ, 24 ਅਗਸਤ (ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸਰਨਾ ਭਰਾਵਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੂੰ ਸਿੱਧੀ ਚੁਣੌਤੀ ਦਿੰਦਿਆਂ ਅੱਜ ਦਿੱਲੀ ਦੇ ਸਿੱਖ ਆਡੀਟਰਾਂ, ਸੀ ਏ ਤੇ ਅਕਾਊਂਟਸ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਹੋਏ ਕੰਮਾਂ ਦੀ ਘੋਖ ਵਾਸਤੇ ਜਦੋਂ ਮਰਜ਼ੀ ਆ ਕੇ ਘੋਖ ਕਰ ਲੈਣ ਤੇ ਸਾਰੀ ਸੰਗਤ ਦੇ ਸਾਹਮਣੇ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਕਿ ਕਿਸਦੇ ਕਾਰਜਕਾਲ ਵਿਚ ਤਨਖਾਹ ਕਮਿਸ਼ਨ ਨੂੰ ਲੈ ਕੇ ਕੁਤਾਹੀਆਂ ਹੋਈਆਂ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਅੱਜ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਆਖਿਆ ਹੈ ਕਿ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਨੂੰ ਲੈ ਕੇ ਜੋ ਹਾਲਾਤ ਹਨ, ਉਸ ਲਈ ਕੌਣ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਅਸੀਂ ਦਿੱਲੀ ਦੇ ਸਮੁੱਚੇ ਗੁਰਸਿੱਖ ਆਡੀਟਰਾਂ, ਸੀ ਏ ਤੇ ਅਕਾਊਂਟਸ ਦੀ ਜਾਣਕਾਰੀ ਰੱਖਣ ਵਾਲੀਆਂ ਸ਼ਖਸੀਅਤਾਂ ਨੂੰ ਸੱਦਾ ਦਿੰਦੇ ਹਾਂ ਕਿ ਜਦੋਂ 2006 ਵਿਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ ਹੋਏ ਸਾਰੇ ਕੰਮਾਂ ਦੀ ਘੋਖ ਵਾਸਤੇ ਦਿੱਲੀ ਕਮੇਟੀ ਦੇ ਖਾਤਿਆਂ ਦੀ ਘੋਖ ਕਰਨ ਤੇ ਸੰਗਤਾਂ ਨੂੰ ਦੱਸਣ ਕਿ ਕਿਸ ਦੇ ਕਾਰਜਕਾਲ ਵਿਚ ਕੀ ਗੜਬੜ ਹੋਈ।
ਉਹਨਾਂ ਕਿਹਾ ਕਿ 2006 ਵਿਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਮਗਰੋ਼ 2008 ਵਿਚ ਸਰਨਾ ਭਰਾਵਾਂ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਤੋਂ 150 ਕਰੋੜ ਰੁਪਏ ਇਕੱਤਰ ਕਰ ਲਏ ਪਰ ਮੁਲਾਜ਼ਮਾਂ ਨੂੰ ਇਕ ਫੁੱਟੀ ਕੌਡੀ ਵੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਅਦਾਰਿਆਂ ਦਾ ਹਾਲ ਮਾੜਾ ਕਰ ਕੇ ਸਰਨਾ ਭਰਾਵਾਂ ਨੇ ਆਪਣਾ ਇੰਜੀਨੀਅਰਿੰਗ ਕਾਲਜ ਖੋਲ੍ਹਿਆ।
ਉਹਨਾਂ ਕਿਹਾ ਕਿ ਅੱਜ ਕੱਲ੍ਹ ਸਰਦਾਰ ਸਰਨਾ ਦੇ ਨਜ਼ਦੀਕੀ ਮਿੱਤਰ ਬਣੇ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਪ੍ਰਧਾਨ ਬਣਨ ਮਗਰੋਂ ਆਪ ਸੰਗਤ ਨੂੰ ਦੱਸਿਆ ਸੀ ਕਿ ਸਰਨਾ ਭਰਾਵਾਂ ਨੇ ਬਾਲਾ ਸਾਹਿਬ ਹਸਪਤਾਲ ਵੇਚ ਕੇ ਆਪਣਾ ਨਿੱਜੀ ਫਾਰਮ ਹਾਊਸ ਬਣਾਇਆ ਤੇ ਕਿਵੇਂ ਉਹਨਾਂ ਨੇ ਸਟਾਫ ਦੀ ਬਣਦੀ ਤਨਖਾਹ ਕਮਿਸ਼ਨ ਦੀ ਅਦਾਇਗੀ ਨਹੀਂ ਕੀਤੀ ਪਰ ਕਿਉਂਕਿ ਉਹ ਅੱਜ ਕੱਲ੍ਹ ਸਰਨਾ ਭਰਾਵਾਂ ਦੇ ਮਿੱਤਰ ਹਨ, ਇਸ ਲਈ ਇਸ ਬਾਰੇ ਚੁੱਪ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਉਹ ਸਰਨਾ ਭਰਾਵਾਂ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਇਹ ਪੇਸ਼ਕਸ਼ ਕੀਤੀ ਹੈ ਕਿ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਹਨਾਂ ਨੇ ਸਰਨਾ ਭਰਾਵਾਂ ਨੂੰ ਚੇਤੇ ਕਰਵਾਇਆਕਿ ਉਹਨਾਂ ਨੇ ਆਪ ਅਦਾਲਤ ਵਿਚ ਪਟੀਸ਼ਨ ਪਾ ਕੇ ਇਹ ਮੰਗ ਕੀਤੀ ਸੀ ਕਿ ਕਿਸ ਅਹੁਦੇਦਾਰ ਦੇ ਕਾਰਜਕਾਲ ਵਿਚ ਕੀ ਗੜਬੜ ਹੋਈ, ਇਸਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਜਦੋਂ ਸਰਦਾਰ ਮਨਜੀਤ ਸਿੰਘ ਜੀ ਕੇ ਪ੍ਰਧਾਨਗੀ ਤੋਂ ਹਟੇ ਤਾਂ ਕਮੇਟੀ ਸਿਰ 3 ਕਰੋੜ ਰੁਪਿਆ ਕਰਜ਼ਾ ਸੀ ਤੇ ਬੈਂਕ ਖਾਤੇ ਵਿਚ ਸਿਰਫ 10 ਲੱਖ ਰੁਪਏ ਸਨ।
ਉਹਨਾਂ ਕਿਹਾ ਕਿ ਜਦੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਬਣੇ ਤਾਂ ਅਸੀਂ ਸੰਗਤਾਂ ਨੂੰ ਅਪੀਲਾਂ ਕਰ ਕਰ ਕੇ ਫੰਡ ਇਕੱਠੇ ਕੀਤੇ ਤੇ ਕੋਈ ਵੀ ਮੁਲਾਜ਼ਮ ਨਹੀਂ ਕੱਢਿਆ ਜਦੋਂ ਕਿ ਕੋਰੋਨਾ ਵਿਚ ਵੱਖ-ਵੱਖ ਸੰਸਥਾਵਾਂ ਨੇ 60 ਫੀਸਦੀ ਮੁਲਾਜ਼ਮ ਕੱਢ ਦਿੱਤੇ ਸਨ।
ਉਹਨਾਂ ਕਿਹਾ ਕਿ 2022 ਤੋਂ ਜਦੋਂ ਸਾਨੂੰ ਸੇਵਾ ਮਿਲੀ ਹੈ ਹੁਣ ਤੱਕ ਸਾਢੇ 56 ਕਰੋੜ ਰੁਪਏ ਸਕੂਲਾਂ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਿੰਨੀ ਮਿਹਨਤ ਅਸੀਂ ਪੰਥਕ ਸੰਸਥਾਵਾਂ ਵਾਸਤੇ ਕੀਤੀ ਹੈ, ਉਨਾ ਹੀ ਬੇੜਾ ਗਰਕ ਸਰਨਾ ਭਰਾਵਾਂ ਤੇ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਕੀਤਾ ਸੀ।
ਉਹਨਾਂ ਇਹ ਵੀ ਕਿਹਾ ਸਰਦਾਰ ਮਨਜੀਤ ਸਿੰਘ ਜੀ.ਕੇ. ਨੂੰ ਸ਼ਾਇਦ ਕੋਈ ਹੋਰ ਕੰਮ ਨਹੀਂ ਹੈ ਜਿਸ ਕਾਰਨ ਉਹ ਸਾਰਾ ਦਿਨ ਇਲਜ਼ਾਮਬਾਜ਼ੀ ਤੋਂ ਇਲਾਵਾ ਹੋਰ ਕੱਖ ਨਹੀਂ ਕਰਦੇ। ਉਹਨਾਂ ਕਿਹਾ ਕਿ ਸੱਜਣ ਕੁਮਾਰ ਦਾ ਕੇਸ ਵਿਕਾਸ ਪੁਰੀ ਤੇ ਜਨਕ ਪੁਰੀ ਵਿਚ ਹੋਈਆਂ ਐਫ ਆਈ ਆਰਜ਼ ਨਾਲ ਸਬੰਧਤ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੇ ਛੇ ਸਾਲਾਂ ਵਿਚ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਵਾਈ। ਉਹਨਾਂ ਦੇ ਜਾਣ ਤੋਂ ਬਾਅਦ ਕਾਰਵਾਈ ਹੋਈ ਤੇ ਕੇਸ ਵਿਚ ਚਾਰਜਸ਼ੀਟ ਫਾਈਲ ਕਰਵਾਈ ਗਈ ਤੇ ਫਿਰ ਚਾਰਜਿਜ਼ ਫਰੇਮ ਕਰਵਾਏ ਗਏ।
ਉਹਨਾਂ ਕਿਹਾ ਕਿ 302 ਭਾਵੇਂ ਡਰੋਪ ਕੀਤੀ ਹੈ ਪਰ 307 ਇਰਾਦਾ ਕਤਲ ਦੀ ਧਾਰਾ ਲੱਗੀ ਹੈ ਪਰ ਜਿਹੜੀਆਂ ਬਾਕੀ 109 ਆਈ ਪੀ ਸੀ ਧਾਰਾ ਸਭ ਤੋਂ ਵੱਡੀ ਧਾਰਾ ਹੈ ਜੋ ਸੱਜਣ ਕੁਮਾਰ ਭੀੜ ਦੀ ਅਗਵਾਈ ਕਰ ਰਿਹਾ ਸੀ, ਉਸ ਬਾਰੇ ਹੈ। ਉਹਨਾਂ ਕਿਹਾ ਕਿ ਅਸੀਂ 302 ਨੂੰ ਹਟਾਉਣ ਨੂੰ ਵੀ ਚੈਲੰਜ ਕਰਾਂਗੇ।