ਪਰਮੇਸ਼ਰ ਦਾ ਨਾਮ ਜਪਣ ਲਈ ਜਤਨ ਕਰਨਾ ਪੈਂਦਾ ਹੈ, ਤਦ ਹੀ ਉਸਦੀ ਪ੍ਰਾਪਤੀ ਹੁੰਦੀ ਹੈ-ਸੰਤ ਅਮੀਰ ਸਿੰਘ
ਲੁਧਿਆਣਾ 13 ਅਗਸਤ ( ਕਰਨੈਲ ਸਿੰਘ ਐੱਮ ਏ )- ਭਵਿੱਖ-ਮੁਖੀ ਸੋਚ ਦੇ ਧਾਰਨੀ, ਸਫਲ ਜੀਵਨ ਲਈ ਸੰਗਤਾਂ ‘ਚ ਗੁਰਮਤਿ ਦੇ ਪ੍ਰਚਾਰ-ਪਸਾਰ ਲਈ ਜੀਵਨ ਭਰ ਕਾਰਜ਼ਸ਼ੀਲ ਰਹਿਣ ਵਾਲੀ ਸਿੱਖ ਸ਼ਖਸ਼ੀਅਤ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਨੇ ਮਨੁੱਖੀ ਜੀਵਨ ਨਾਲ ਸਬੰਧਿਤ, ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਲਈ “ਜਵੱਦੀ ਟਕਸਾਲ” ਦਾ “ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸ਼ਾਹਿਬ” ਨੂੰ ਇਕ ਕੇਂਦਰ ਬਣਾਇਆ।
ਉਪ੍ਰੋਕਤ ਪ੍ਰਵਚਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਹਫਤਾਵਾਰੀ ਨਾਮ-ਸਿਮਰਨ-ਅਭਿਆਸ ਸਮਾਗਮਾਂ ਵਿਚ ਸੰਗਤਾਂ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਜੀਵਨ ਅਧਾਰਿਤ ਉਦਾਹਰਣਾਂ ਦਿੰਦਿਆਂ ਸਮਝਾਇਆ ਕਿ ਉਨ੍ਹਾਂ ਆਪਣਾ ਜੀਵਨ ਸੰਗਤਾਂ ‘ਚ ਅਧਿਆਤਮਿਕ ਸੰਦੇਸ਼ ਸੰਚਾਰਿਤ ਕਰਦਿਆਂ ਗੁਜਾਰਿਆ। ਉਨ੍ਹਾਂ ਮਹਾਪੁਰਸ਼ਾਂ ਦੀਆਂ ਯਾਦਾਂ ਵਿਚੋਂ ਉਨ੍ਹਾਂ ਦੇ ਮੁਖਾਰਬਿੰਦੋਂ ਸਰਵਣ ਕੀਤੇ ਪ੍ਰਵਚਨਾਂ ‘ਚੋਂ ਉਦਾਹਰਣ ਦਿੰਦਿਆਂ ਸਮਝਾਇਆ ਕਿ ਜਿਵੇਂ ਧਰਤੀ ਉੱਤੇ ਬੱਦਲ ਵਰਖਾ ਦੇ ਰੂਪ ‘ਚ ਵਰ੍ਹਦੇ ਨੇ, ਤਾਂ ਧਰਤੀ ਉੱਪਰਲੀ ਬਨਸਪਤੀ ਹਰੀ-ਭਰੀ ਹੋ ਕੇ ਮੌਲਣ ਲੱਗਦੀ ਹੈ। ਮੌਸਮ ਸੁਹਾਵਣਾ ਹੁੰਦਾ ਹੈ, ਤਾਂ ਉਸ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਤ ਨਹੀਂ ਕਰਨੀ ਪੈਂਦੀ। ਇਸੇ ਤਰ੍ਹਾਂ ਧਰਤੀ ‘ਚ ਵੀ ਪਾਣੀ ਹੈ, ਪਰ ਧਰਤੀ ਥੱਲੇ ਤਾਂ ਚਸ਼ਮਿਆਂ ਵਾਂਗੂੰ ਖੁੱਲ੍ਹਾ ਵਗਦਾ ਹੈ, ਬਹੁਤ ਜਿਆਦਾ ਪਾਣੀ ਹੈ। ਉਸ ਪਾਣੀ ਦੀ ਪ੍ਰਾਪਤੀ ਲਈ ਜਤਨ ਕਰਨਾ ਪੈਂਦਾ ਹੈ। ਖੂਹ ਪੁੱਟਣਾ ਪੈਂਦਾ ਹੈ, ਟਿਊਵੈਲ ਲਗਾਉਣਾ ਪੈਂਦਾ ਹੈ ਜਾਂ ਹੋਈ ਹੋਰ ਸਾਧਨ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਣ ਲਈ ਜਤਨ ਕਰਨਾ ਪੈਂਦਾ ਹੈ, ਤਦ ਹੀ ਉਸਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਸੰਤ ਬਾਬਾ ਸੁਚਾ ਸਿੰਘ ਜੀ ਦੀ 21ਵੀ ਸਲਾਨਾਂ ਯਾਦ ‘ਚ 15 ਅਗਸਤ ਤੋਂ 27ਅਗਸਤ ਤੱਕ ਹੋਣ ਵਾਲੇ ਬਰਸੀ ਸਮਾਗਮਾਂ ਵਿਚ ਪੁੱਜਣ ਲਈ ਸੰਗਤਾਂ ਨੂੰ ਪੁਰਜੋਰ ਬੇਨਤੀ ਕੀਤੀ।