ਦਿੱਲੀ ਸਾਲਾਨਾ ਸਮਾਗਮ 18 ਤੋਂ 24 ਅਕਤੂਬਰ ਤਕ ਹੋਣਗੇ
ਨਵੀਂ ਦਿੱਲੀ 15 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਇਤਿਹਾਸਿਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖ਼ੇ ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਹਫ਼ਤਾਵਾਰੀ ਸਮਾਗਮ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਬੀਬੀ ਨਰਿੰਦਰ ਕੌਰ ਦੀ ਸਿਹਤਯਾਬੀ, ਬੰਦੀ ਸਿੰਘਾਂ ਦੀ ਬੰਦਖਲਾਸੀ ਅਤੇ ਚੜ੍ਹਦੀਕਲਾ ਲਈ ਉਚੇਚੇ ਤੌਰ ਤੇ ਅਰਦਾਸ ਕੀਤੀ ਗਈ । ਜ਼ਿਕਰਯੋਗ ਹੈ ਕਿ ਮਾਤਾ ਨਰਿੰਦਰ ਕੌਰ ਬੀਤੇ ਕੁਝ ਸਮੇਂ ਤੋਂ ਸਿਹਤ ਪੱਖੋਂ ਢਿਲੇ ਚਲ ਰਹੇ ਹਨ ਤੇ ਉਨ੍ਹਾਂ ਨੂੰ ਅਸਪਤਾਲ ਵਿਚ ਵੀਂ ਇਲਾਜ ਕਰਵਾਉਣਾ ਪਿਆ ਸੀ । ਸਮਾਗਮ ਵਿਚ ਭਾਈ ਜਸਪ੍ਰੀਤ ਸਿੰਘ ਬਠਿੰਡਾ, ਭਾਈ ਜਸਵਿੰਦਰ ਸਿੰਘ, ਬੀਬੀ ਕ੍ਰਿਪਾ ਕੌਰ ਅਤੇ ਹੋਰ ਕਈ ਕੀਰਤਨੀ ਸਿੰਘ ਸਿੰਘਣੀਆਂ ਨੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਅਰਦਾਸ ਉਪਰੰਤ ਕੜਾਹ ਪ੍ਰਸਾਦਿ ਦੀ ਦੇਗ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ ਸੀ । ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਦਿੱਲੀ ਅਖੰਡ ਕੀਰਤਨੀ ਜੱਥੇ ਦਾ ਸਾਲਾਨਾ ਸਮਾਗਮ ਜੋ ਕਿ ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਵਿਖ਼ੇ ਹੁੰਦਾ ਹੈ ਓਹ 18 ਅਕਤੂਬਰ ਤੋਂ 24 ਅਕਤੂਬਰ ਤਕ ਹੋਏਗਾ, 23 ਅਕਤੂਬਰ ਨੂੰ ਰੈਣ ਸਬਾਈ ਕੀਰਤਨੀ ਅਖਾੜੇ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖ਼ੇ ਹੋਣਗੇ ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਗੁਰੂ ਤੇਗ ਬਹਾਦਰ ਸਕੂਲ ਦੇਵ ਨਗਰ ਵਿਖ਼ੇ ਹੋਵੇਗੀ ।