ਲੁਧਿਆਣਾ, 15 ਅਕਤੂਬਰ(ਟੀ. ਕੇ.) ਵਾਰਡ ਨੰਬਰ 90 ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਅੱਗੇ ਵਧਦੇ ਹੋਏ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਸਾਬਕਾ ਕੌਂਸਲਰ ਰਾਕੇਸ਼ ਪਰਾਸ਼ਰ ਨੇ ਐਤਵਾਰ ਨੂੰ ਕਰੀਮਪੁਰਾ ਮੇਨ ਸੜਕ ਅਤੇ ਰੇਖੀ/ਨੌਲਖਾ ਸਿਨੇਮਾ ਸੜਕ ਦੇ ਪੁਨਰ ਨਿਰਮਾਣ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਨੁਮਾਇੰਦੇ ਵਿਕਾਸ ਪਰਾਸ਼ਰ ਵੀ ਹਾਜ਼ਰ ਸਨ।
ਰੇਖੀ ਸਿਨੇਮਾ ਸੜਕ ਦੀ 45 ਲੱਖ ਰੁਪਏ ਦੀ ਲਾਗਤ ਨਾਲ ਮੁੜ ਉਸਾਰੀ ਕੀਤੀ ਜਾ ਰਹੀ ਹੈ, ਜਦਕਿ ਕਰੀਮਪੁਰਾ ਮੇਨ ਸੜਕ ਦੀ 44 ਲੱਖ ਰੁਪਏ ਦੀ ਲਾਗਤ ਨਾਲ ਮੁੜ ਉਸਾਰੀ ਕੀਤੀ ਜਾ ਰਹੀ ਹੈ। ਕਰੀਮਪੁਰਾ ਦੇ ਨਾਲ ਲੱਗਦੀਆਂ ਗਲੀਆਂ ਦਾ ਵੀ ਇਸ ਪ੍ਰੋਜੈਕਟ ਤਹਿਤ ਪੁਨਰ ਨਿਰਮਾਣ ਕੀਤਾ ਜਾਵੇਗਾ।
ਵਿਧਾਇਕ ਬੱਗਾ ਅਤੇ ਸਾਬਕਾ ਕੌਂਸਲਰ ਕਮ ਆਪ ਦੇ ਵਾਰਡ ਇੰਚਾਰਜ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਜਲਦੀ ਹੀ ਵਾਰਡ ਨੰਬਰ 90 ਵਿੱਚ ਇੱਕ ਮੁਹੱਲਾ ਕਲੀਨਿਕ ਵੀ ਖੋਲ੍ਹਿਆ ਜਾਵੇਗਾ ਤਾਂ ਜੋ ਨਿਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫਤ ਦਿੱਤੀਆਂ ਜਾ ਸਕਣ।
ਪਰਾਸ਼ਰ ਨੇ ਕਿਹਾ ਕਿ ਪਿਛਲੀਆਂ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਹੁਣ ਪੂਰੇ ਕਰ ਦਿੱਤੇ ਗਏ ਹਨ ਅਤੇ ਉਹ ਲਗਾਤਾਰ ਲੋਕਾਂ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ।
ਇਸ ਦੌਰਾਨ ਵਿਧਾਇਕ ਬੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉੱਤਰੀ ਹਲਕੇ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਹ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹਲਕੇ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ।
ਪਾਲੀ ਪ੍ਰਧਾਨ (ਕਰੀਮਪੁਰਾ), ਦੀਪਕ ਸ਼ਰਮਾ ਦੀਪਾ, ਪਰਵੀਨ ਅਗਰਵਾਲ ਪਿੰਕਾ, ਬਿੱਲਾ ਧਵਨ, ਨੀਟੂ ਲਾਰਕ, ਮਨੂ (ਫਰੈਂਡਜ਼ ਢਾਬਾ), ਪਵਨ ਸੇਠੀ, ਅੰਕਿਤ ਸਿੰਘ, ਕਾਲਾ ਕੁਮਾਰ, ਸਿਮਰਨ ਸਿੰਘ, ਗੈਰੀ ਕੁਮਾਰ, ਵਿਕਰਮ, ਰਮੇਸ਼ ਸ਼ਰਮਾ, ਕੁਲਦੀਪ ਸਿੰਘ, ਅਸ਼ੋਕ ਡੋਗਰਾ, ਦਿਨੇਸ਼ ਆਦਿ ਵੀ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਵਿਧਾਇਕ ਬੱਗਾ ਅਤੇ ਸਾਬਕਾ ਕੌਂਸਲਰ ਪਰਾਸ਼ਰ ਦੀ ਇਹਨਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਲਈ ਸ਼ਲਾਘਾ ਕੀਤੀ।