ਲੁਧਿਆਣਾ, ਅਕਤੂਬਰ 2020 (ਕੁਲਵਿੰਦਰ ਸਿੰਘ ਚੰਦੀ) :-
ਮਹਾਂਨਗਰ ਲੁਧਿਆਣਾ ‘ਚ ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ ਐੱਫ.ਆਈ.ਆਰ ਦਰਜ ਕਰਵਾਉਣ ਲਈ ਹੁਣ ਤੁਹਾਨੂੰ ਥਾਣਿਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਕਿਉਂਕਿ ਹੁਣ ਤੁਸੀਂ ਈ-ਮੇਲ ਰਾਹੀਂ ਆਪਣੀ ਸ਼ਿਕਾਇਤ ਸਿੱਧੀ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਭੇਜ ਸਕਦੇ ਹੋ ਅਤੇ 24 ਘੰਟਿਆਂ ਦੌਰਾਨ ਐੱਫ. ਆਈ.ਆਰ ਦਰਜ ਕਰਕੇ ਇਸਦੀ ਕਾਪੀ ਤੁਹਾਡੀ ਈ-ਮੇਲ ਤੇ ਵੱਟਸਐਪ ਰਾਹੀਂ ਦੁਰਖਾਸਤ ਕਰਤਾ ਨੂੰ ਵਾਪਸ ਭੇਜ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਆਮ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਸ਼ਿਕਾਇਤਕਰਤਾ ਨੂੰ cp.ldh.police@punjab.gov.in ਆਪਣੀ ਸ਼ਿਕਾਇਤ ਭੇਜਣੀ ਹੋਵੇਗੀ। ਬਿਨ੍ਹਾਂ ਕੋਈ ਸਵਾਲ ਪੁੱਛੇ ਅਤੇ ਤੱਥਾਂ ਦੀ ਜਾਂਚ ਦੇ ਐੱਫ.ਆਈ.ਆਰ ਦਰਜ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਆਮ ਤੌਰ ਤੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਪੁਲਿਸ ਵਾਹਨ ਚੋਰੀ ਦੇ ਮਾਮਲੇ ‘ਚ ਐੱਫ.ਆਈ.ਆਰ ਰਜਿਸਟਰ ਕਰਨ ‘ਚ ਲਾਪਰਵਾਹੀ ਵਰਤੀ ਜਾਂਦੀ ਹੈ ਤੇ ਕਈ-ਕਈ ਦਿਨਾਂ ਤੱਕ ਥਾਣਿਆਂ ਦੇ ਚੱਕਰ ਲਾਉਣ ਦੇ ਬਾਵਜੂਦ ਐੱਫ.ਆਈ.ਆਰ ਦਰਜ ਨਹੀਂ ਹੁੰਦੀ ਹੈ। ਕਈ ਕ੍ਰਾਈਮ ਰੇਟ ਘਟਾਉਣ ਦੇ ਮਕਸਦ ਨਾਲ ਹੀ ਪੁਲਿਸ ਇਸ ਤਰ੍ਹਾਂ ਕਰਦੀ ਹੈ। ਇਸ ਤੋਂ ਇਲਾਵਾ ਘਰਾਂ ‘ਚ ਚੋਰੀ ਦੇ ਮਾਮਲਿਆਂ ‘ਚ ਵੀ ਐੱਫ.ਆਈ.ਆਰ ‘ਚ ਦੇਰੀ ਹੁੰਦੀ ਹੈ। ਅਜਿਹੇ ‘ਚ ਹੁਣ ਲੋਕਾਂ ਨੂੰ ਐੱਫ.ਆਈ.ਆਰ ਦਰਜ ਕਰਵਾਉਣ ਲਈ ਥਾਣਿਆਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਚੋਰੀ, ਲੁੱਟ-ਖੋਹ, ਸੁਨੇਚਿੰਗ ਆਦਿ ਦੀਆਂ ਵਾਰਦਾਤਾਂ ਦੇ ਲਈ ਇਹ
ਯੋਜਨਾ ਲਾਭਦਾਇਕ ਸਾਬਤ ਹੋਵੇਗੀ ਪਰ ਦੂਜੇ ਮਾਮਲਿਆਂ ‘ਚ ਮੌਜੂਦਾ ਤੱਥਾਂ ਦਾ ਪਤਾ ਲਾਉਣ ਅਤੇ ਜਾਂਚ ਤੋਂ ਬਾਅਦ ਹੀ ਐੱਫ.ਆਈ.ਆਰ ਦਰਜ ਕੀਤੀ ਜਾਵੇਗੀ।