You are here

ਮਨਜਿੰਦਰ ਸਿੰਘ ਸਿਰਸਾ ਸਿੱਖ ਪੰਥ ਦੀ ਸੇਵਾ ਛੱਡ ਪੀਐਮ ਮੋਦੀ ਦੇ ਗਾ ਰਹੇ ਹਨ ਸੋਹਿਲੇ 

ਨਵੀਂ ਦਿੱਲੀ, 28 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜੋ ਕੰਮ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਿਛਲੇ 9 ਸਾਲਾਂ ਵਿਚ ਸਿੱਖ ਕੌਮ ਵਾਸਤੇ ਕੀਤੇ ਹਨ, ਉਹ ਬਾਕੀ ਸਾਰੇ ਪ੍ਰਧਾਨ ਮੰਤਰੀ ਪਿਛਲੇ 70 ਸਾਲਾਂ ਵਿਚ ਨਹੀਂ ਕਰ ਸਕੇ।
ਅੱਜ ਉੱਤਰ ਪ੍ਰਦੇਸ਼ ਦੇ ਸਿਕੰਦਰਾਬਾਦ, ਬੁਲੰਦਸ਼ਹਿਰ ਤੇ ਅਲੀਗੜ੍ਹ ਸ਼ਹਿਰਾਂ ਵਿਚ ਪ੍ਰਭਾਵਸ਼ਾਲੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿਚ ਸਿੱਖ ਕੌਮ ਨੂੰ 1984 ਦੇ ਸਿੱਖ ਕਤਲੇਆਮ ਸਮੇਤ ਕਈ ਮੁਸ਼ਕਿਲ ਦੌਰਾਂ ਵਿਚੋਂ ਗੁਜ਼ਰਨਾ ਪਿਆ। ਉਹਨਾਂ ਕਿਹਾ ਕਿ ਇਹ ਵੀ ਬਹੁਤ ਪੀੜਾਦਾਇਕ ਸੀ ਕਿ ਦੇਸ਼ ਵਿਚ 1984 ਵਿਚ 8 ਹਜ਼ਾਰ ਸਿੱਖਾਂ ਦੇ ਕਤਲੇਆਮ ਮਗਰੋਂ ਪ੍ਰਧਾਨ ਮੰਤਰੀ ਇਹ ਕਹਿ ਕੇ ਕਤਲੇਆਮ ਨੂੰ ਜਾਇਜ਼ ਠਹਿਰਾਉਂਦਾ ਹੈ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ, ਧਰਤੀ ਹਿਲਦੀ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਹਨ ਜਿਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਨਾ ਸਿਰਫ ਸਿੱਖ ਕੌਮ ਨੂੰ ਵਧਾਈ ਦਿੱਤੀ ਬਲਕਿ ਤਿੰਨ ਖੇਤੀ ਕਾਨੂੰਨਾਂ ਲਈ ਮੁਆਫੀ ਵੀ ਮੰਗੀ ਤੇ ਉਹਨਾਂ ਨੂੰ ਖਾਰਜ ਕਰਨ ਦਾ ਐਲਾਨ ਵੀ ਕੀਤਾ। ਉਹਨਾਂ ਕਿਹਾ ਕਿ ਹੁਣ ਦੇਸ਼ ਦੇ ਸਾਹਮਣੇ ਦੋ ਪ੍ਰਧਾਨ ਮੰਤਰੀ ਹਨ ਇਕ ਜਿਸਨੇ 8 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਇਆ ਤੇ ਦੂਜਾ ਜਿਸਨੇ ਸਿੱਖ ਕੌਮ ਤੋਂ ਮੁਆਫੀ ਮੰਗੀ।
ਭਾਜਪਾ ਦੇ ਕੌਮੀ ਸਕੱਤਰ ਨੇ ਸਿੱਖ ਭਾਈਚਾਰੇ ਨੂੰ ਇਕਜੁੱਟ ਹੋਣ ਦਾ ਵੀ ਸੱਦਾ ਦਿੱਤਾ ਤਾਂ ਜੋ ਦੇਸ਼ ਵਿਚ ਵੱਧ ਸਿਆਸੀ ਤਾਕਤ ਹਾਸਲ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਵੀ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਸੀ ਤਾਂ ਜੋ ਸਿਆਸੀ ਤੌਰ ’ਤੇ ਅਸੀਂ ਤਾਕਤਵਰ ਹੋ ਸਕੀਏ। ਉਹਨਾਂ ਕਿਹਾ ਕਿ ਹੁਣ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਹਮਾਇਤ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਤੇ ਕੌਮ ਨੂੰ ਤਾਕਤਵਰ, ਖੁਸ਼ਹਾਲ ਤੇ ਸੁਪਰ ਪਾਵਰ ਬਣਾਇਆ ਜਾ ਸਕੇ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵੱਲੋਂ ਸਿੱਖਾਂ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਇਸ ਸਰਕਾਰ ਨੇ ਸਿੱਖ ਦੇ ਚਾਰੋਂ ਪਹਿਲੂਆਂ ਸਿੱਖ ਧਰਮ, ਇਤਿਹਾਸ, ਸਭਿਆਚਾਰ ਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਸੰਪੂਰਨ ਸੋਚ ਅਪਣਾਈ ਹੈ।
ਉਹਨਾਂ ਕਿਹਾ ਕਿ 70 ਸਾਲਾਂ ਵਿਚ ਦੇਸ਼ ਨੇ ਪਹਿਲੀ ਵਾਰ ਵੇਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਲਾਲ ਕਿਲ੍ਹੇ ’ਤੇ ਮਨਾਇਆ ਗਿਆ ਹੋਵੇ। ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਦੇਸ਼ ਤੇ ਵਿਦੇਸ਼ ਵਿਚ ਭਾਰਤੀ ਦੂਤਘਰਾਂ ਵਿਚ ਵੀਰ ਬਾਲ ਦਿਵਸ ਮਨਾ ਕੇ ਦੁਨੀਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪਹਿਲੀ ਵਾਰ ਦੇਸ਼ ਵਿਚ ਕੇਂਦਰ ਸਰਕਾਰ ਨੇ ਬੀ ਐਸ ਐਫ, ਸੀ ਆਈ ਐਸ ਐਫ ਸਮੇਤ ਨੀਮ ਫੌਜੀ ਦਸਤਿਆਂ ਵਿਚ ਭਰਤੀ ਵਾਸਤੇ ਅਤੇ ਮੈਡੀਕਲ ਪ੍ਰੀਖਿਆ ਨੀਟ ਤੇ ਇੰਜੀਨੀਅਰਿੰਗ ਪ੍ਰੀਖਿਆ ਜੇ ਈ ਈ ਵਾਸਤੇ ਪੰਜਾਬੀ ਭਾਸ਼ਾ ਵਿਚ ਟੈਸਟ ਦੇਣ ਦੀ ਛੋਟ ਦਿੱਤੀ ਹੈ।
ਭਾਜਪਾ ਦੇ ਕੌਮੀ ਸਕੱਤਰ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ  ਅਨੇਕਾਂ ਵਾਰੀ ਸਿੱਖ ਆਗੂਆਂ ਨੂੰ ਆਪਣੇ ਘਰ ਸੱਦਿਆ ਤੇ ਉਹਨਾਂ ਨਾਲ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਚਰਚਾ ਕੀਤੀ ਤੇ ਉਹਨਾਂ ਨੂੰ ਹੱਲ ਕਰਨ ਵਾਸਤੇ ਕੰਮ ਕੀਤਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਮੋਦੀ ਸਰਕਾਰ ਵੱਲੋਂ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਐਸ ਆਈ ਟੀ ਦਾ ਦੁਬਾਰਾ ਗਠਨ ਕੀਤੇ ਜਾਣ ਮਗਰੋਂ ਸੱਜਣ ਕੁਮਾਰ ਵਰਗੇ ਮੁੱਖ ਦੋਸ਼ੀ ਜੇਲ੍ਹਾਂ ਵਿਚ ਗਏ ਹਨ ਜਿਹਨਾਂ ਨੂੰ ਪਹਿਲੀਆਂ ਕਾਂਗਰਸ ਸਰਕਾਰਾਂ ਨੇ ਕਲੀਨ ਚਿੱਟਾਂ ਦੇ ਦਿੱਤੀਆਂ ਸਨ।
ਸਰਦਾਰ ਸਿਰਸਾ ਨੂੰ ਗੁਰਦੁਆਰਾ ਸਿੰਘ ਸਭਾ ਲਾਲ ਤਲਾਬ ਬੁਲੰਦਸ਼ਹਿਰ ਤੇ ਹੋਰ ਥਾਵਾਂ ’ਤੇ ਵਿਖੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਵਿਧਾਇਕ ਲਕਸ਼ਮੀ ਰਾਜ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਰਿੰਕੀ ਸਿੰਘ ਪ੍ਰਧਾਨ, ਪ੍ਰਦੀਪ ਦੀਕਸ਼ਿਤ, ਭਜਨ ਲਾਲ ਵੋਹਰਾ, ਹਰਿੰਦਰ ਸਿੰਘ, ਪਿੰਕੀ ਵੋਹਰਾ, ਸ਼ੈਂਕੀ ਸਿੰਘ, ਰਾਮ ਚੋਪੜਾ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਦਲਜੀਤ ਸਿੰਘ, ਵਰਿੰਦਰ ਸਿੰਘ, ਕੁਲਜੀਤ ਸਿੰਘ, ਇੰਦਰਜੀਤ ਸਿੰਘ, ਨਵਤੇਜ ਸਿੰਘ, ਹਰਭਜਨ ਸਿੰਘ ਨਿਮਾਣਾ, ਰਾਜਿੰਦਰ ਸਿੰਘ ਘੁੱਗੀ, ਪਰਵਿੰਦਰ ਸਿੰਘ ਲੱਕੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਚੌਹਾਨ ਤੇ ਹੋਰ ਪਤਵੰਤੇ ਹਾਜ਼ਰ ਸਨ।