ਦਿੱਲੀ ਕਮੇਟੀ ਦੇ ਲੀਗਲ ਸੈੱਲ ਦੀ ਨਮੋਸ਼ੀਆਂ ਨੂੰ ਦੇਖਦਿਆਂ ਲੀਗਲ ਸੈੱਲ ਦਾ ਚੇਅਰਮੈਨ ਕੋਈ ਨਿਰਪੱਖ ਤੇ ਸਿਆਣਾ ਇਨਸਾਨ ਲਗਾਉਣਾ ਚਾਹੀਦਾ: ਚਾਵਲਾ
ਨਵੀਂ ਦਿੱਲੀ 27 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਕਰਤਾਰ ਸਿੰਘ ਚਾਵਲਾ ਨੇ ਦਿੱਲੀ ਕਮੇਟੀ ਦੇ ਲੀਗਲ ਸੈਲ ਦੀ ਪੈਰਵਾਈ ਅੱਧੀਨ ਲਗਾਤਾਰ ਹੋ ਰਹੀਆਂ ਨਾਕਾਮੀਆਂ ਤੇ ਰੋਸ ਪ੍ਰਗਟ ਕਰਦਿਆਂ ਅਹਿਮ ਸੁਆਲ ਚੁੱਕੇ ਹਨ । ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦਾ ਢਾਂਚਾ ਇਸ ਹੱਦ ਤੱਕ ਜਰਜਰਾ ਹੋ ਚੁੱਕਿਆ ਹੈ ਕਿ ਇਹਨਾਂ ਦਾ ਕੋਈ ਵੀ ਕੰਮ ਸਿਰੇ ਨਹੀਂ ਲੱਗ ਰਿਹਾ ਹੈ । ਦਿੱਲੀ ਕਮੇਟੀ ਦਾ ਲੀਗਲ ਸੈੱਲ ਜਾਂ ਪਿਛਲੇ ਸਮੇਂ ਤੋਂ ਇੱਕ ਇੱਕ ਕਰਕੇ ਹਰ ਕੇਸ ਵਿਚ ਪੰਥ ਨੂੰ ਨਮੋਸ਼ੀ ਦਿਵਾ ਰਿਹਾ ਹੈ ਚਾਹੇ ਟਾਈਟਲਰ ਦੇ ਕੇਸ ਦੀ ਗੱਲ ਕਰ ਲਈਏ, ਸੱਜਣ ਕੁਮਾਰ ਦਾ ਕੇਸ, ਚਾਹੇ ਘੱਟ ਗਿਣਤੀ ਸਰਟੀਫਿਰੇਟ ਦੇਣ ਦੀ ਗੱਲ ਹੋਵੇ, ਚਾਹੇ ਗੁਰਦੁਆਰਾ ਗਿਆਨ ਗੋਦੜੀ ਦਾ ਮਸਲਾ ਹੋਵੇ ਤੇ ਚਾਹੇ ਉਹ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਮਸਲਾ ਹੋਵੇ । ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਅਹੁਦੇਦਾਰ ਦਾ ਸਾਰਾ ਜ਼ੋਰ ਆਪਣੇ ਸੁਪਰ ਬੌਸ ਮਨਜਿੰਦਰ ਸਿੰਘ ਸਿਰਸਾ ਦੀ ਸਿਆਸਤ ਚਮਕਾਉਣ ਤੇ ਸਰਕਾਰਾਂ ਦੀ ਖ਼ਿਦਮਤ ਕਰਨ ਤੇ ਲੱਗਿਆ ਹੋਇਆ ਹੈ ਜਿਸ ਕਰਕੇ ਇਹਨਾਂ ਨੂੰ ਸਿੱਖਾਂ ਦੇ ਅਹਿਮ ਕੇਸਾਂ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਹੈ ਕਿ ਅਸੀ ਅਦਾਲਤ ਅੰਦਰ ਪੰਥ ਦਾ ਪੱਖ ਕਿਸ ਤਰ੍ਹਾਂ ਪੇਸ਼ ਕਰਵਾਣਾ ਹੈ ।
ਸਰਦਾਰ ਚਾਵਲਾ ਨੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਮੀਤ ਸਿੰਘ ਕਾਹਲੋਂ, ਜਿਨ੍ਹਾਂ ਕੋਲ ਲੀਗਲ ਸੈੱਲ ਦੀ ਚੇਅਰਮੈਨੀ ਵੀ ਹੈ, ਨੂੰ ਸਲਾਹ ਦੇਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਨਮੋਸ਼ੀਆਂ ਦੀ ਜਿੰਮੇਵਾਰੀ ਲੈਂਦਿਆਂ ਲੀਗਲ ਸੈੱਲ ਦੀ ਚੇਅਰਮੈਨੀ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ।
ਅਤੇ ਲੀਗਲ ਸੈੱਲ ਦਾ ਚੇਅਰਮੈਨ ਕੋਈ ਨਿਰਪੱਖ ਤੇ ਸਿਆਣਾ ਇਨਸਾਨ ਲਗਾਉਣਾ ਚਾਹੀਦਾ ਹੈ । ਜਿਸਨੂੰ ਕਾਨੂੰਨੀ ਸਮਝ ਵੀ ਹੋਵੇ ਤੇ ਜਿਸਦੇ ਅੰਦਰ ਕੌਮ ਦਾ ਦਰਦ ਵੀ ਹੋਵੇ । ਜਿਸ ਨਾਲ ਕੌਮ ਦੇ ਇਹਨਾਂ ਅਹਿਮ ਕੇਸਾਂ ਦੀ ਸੁਚੱਜੀ ਪੈਰਵੀ ਹੋ ਸਕੇ ।